ISWOTY: ਭਾਰਤੀ ਖਿਡਾਰਨਾਂ ਬਾਰੇ ਵਿਕੀਪੀਡੀਆ 'ਤੇ ਹੋਰ ਜਾਣਕਾਰੀ ਦਰਜ ਕਰਨਾ

ISWOTY

ਬੀਬੀਸੀ ਨੇ ਭਾਰਤ ਵਿੱਚ ਵਿਦਿਆਰਥੀਆਂ ਨਾਲ ਛੇ ਭਾਰਤੀ ਭਾਸ਼ਾਵਾਂ ਵਿੱਚ 50 ਹੁਨਰਮੰਦ ਅਤੇ ਉਭਰਦੀਆਂ ਭਾਰਤੀ ਖਿਡਾਰਨਾਂ, ਜਿੰਨ੍ਹਾਂ ਬਾਰੇ ਵਿਕੀਪੀਡੀਆ 'ਤੇ ਨਾਮਾਤਰ ਜਾਂ ਫਿਰ ਬਿਲਕੁਲ ਹੀ ਜਾਣਕਾਰੀ ਮੌਜੂਦ ਨਹੀਂ ਹੈ, ਬਾਰੇ ਇਸ ਮਾਧਿਅਮ 'ਤੇ ਜਾਣਕਾਰੀ ਪਾਉਣ ਲਈ ਸਾਂਝੇਦਾਰੀ ਕੀਤੀ ਹੈ।

ਉਨ੍ਹਾਂ ਨੇ ਕੌਮਾਂਤਰੀ ਤਗਮੇ ਜਿੱਤੇ, ਕੌਮੀ ਰਿਕਾਰਡ ਤੋੜੇ ਅਤੇ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਲਈ ਕੁਆਲੀਫ਼ਾਈ ਕੀਤਾ ਪਰ ਉਨ੍ਹਾਂ ਬਾਰੇ ਵਿਕੀਪੀਡੀਆ 'ਤੇ ਨਾਮਾਤਰ ਜਾਂ ਫ਼ਿਰ ਕੋਈ ਵੀ ਜਾਣਕਾਰੀ ਮੋਜੂਦ ਨਹੀਂ ਹੈ। ਅਜਿਹਾ ਹੁਣ ਹੋਰ ਨਹੀਂ ਰਹੇਗਾ।

ਬੀਬੀਸੀ ਵਲੋਂ ਮਹੀਨਿਆਂ ਦੀ ਖੋਜ ਅਤੇ ਅਸਲ ਇੰਟਰਵਿਊਜ਼ ਤੋਂ ਬਾਅਦ 50 ਖਿਡਾਰਨਾਂ ਦੇ ਨਿੱਜੀ ਅਤੇ ਪੇਸ਼ੇਵਰ ਸਫ਼ਰ ਬਾਰੇ ਲੇਖ ਵਿਕੀਪੀਡੀਆ 'ਤੇ ਦਰਜ ਕੀਤੇ ਗਏ ਹਨ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਇਹ ਵੀ ਪੜ੍ਹੋ

ਭਾਰਤੀ ਖਿਡਾਰਨਾ ਦੀ ਸੂਚੀ

  • ਯਸ਼ਸਵਿਨੀ ਦੇਸਵਾਲ

    ਦਿੱਲੀਨਿਸ਼ਾਨੇਬਾਜ਼ੀ

    23 ਸਾਲਾ ਮਹਿਲਾ ਨਿਸ਼ਾਨੇਬਾਜ਼, ਯਸ਼ਸਵਿਨੀ ਦੇਸਵਾਲ ਦਿੱਲੀ ਦੇ ਰਹਿਣ ਵਾਲੇ ਹਨ। ਉਹ 10 ਮੀਟਰ ਏਅਰ ਪਿਸਟਲ ਸ਼੍ਰੇਣੀ ਵਿੱਚ ਮੁਕਾਬਲਾ ਕਰਦੇ ਹਨ। ਦੇਸਵਾਲ ਨੇ ਆਈਐੱਸਐੱਸਐੱਫ਼ ਵਿੱਚ ਸੋਨ ਤਗਮਾ ਜਿੱਤਿਆ। ਇਸ ਜਿੱਤ ਨੇ ਉਨ੍ਹਾਂ ਦਾ ਟੋਕਿਓ ਉਲੰਪਿਕ ਵਿੱਚ ਖੇਡਣਾ ਯਕੀਨੀ ਬਣਾ ਦਿੱਤਾ।

    ਸਾਲ 2017 ਵਿੱਚ ਉਨ੍ਹਾਂ ਨੇ ਵਰਲਡ ਜੂਨੀਅਰ ਰਿਕਾਰਡ ਦੀ ਬਰਾਬਰੀ ਕਰਦਿਆਂ ਨਿਸ਼ਾਨੇਬਾਜ਼ੀ ਵਿੱਚ ਆਈਐੱਸਐੱਸਐੱਫ਼ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਦੇਸਵਾਲ ਨੇ ਆਈਐੱਸਐੱਸਐੱਫ਼ ਜੂਨੀਅਰ ਵਰਲਡ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਾਲ 2016 ਵਿੱਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਟੀਮ ਅਤੇ ਸਿੰਗਲ ਮੁਕਬਾਲਿਆਂ ਵਿੱਚ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।

  • ਵੀਕੇ ਵਿਸਮਿਆ

    ਕੇਰਲਾਅਥਲੈਟਿਕਸ

    ਤੇਜ਼ ਦੌੜਾਕ, 23 ਸਾਲਾ ਵੇਲੁੱਵਾ ਕੋਰੋਥ ਵਿਸਮਿਆ ਕੇਰਲਾ ਦੇ ਜ਼ਿਲ੍ਹੇ ਕਨੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ 400 ਮੀਟਰ ਤੇਜ਼ ਦੌੜ ਵਿੱਚ ਮੁਹਾਰਤ ਹਾਸਿਲ ਹੈ। ਉਹ ਨੈਸ਼ਨਲ ਰਿਲੇ ਟੀਮ ਦੀ ਨੁਮਾਇੰਦਗੀ ਕਰਦੇ ਹਨ।

    2019 ਵਿੱਚ ਹੋਈ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਭਾਰਤ ਦੀ ਉਸ ਮਿਕਸਡ ਰਿਲੇ ਟੀਮ ਦਾ ਹਿੱਸਾ ਸਨ, ਜਿਸਨੇ ਫ਼ਾਈਨਲ ਦੌੜ ਵਿੱਚ ਹਿੱਸਾ ਲਿਆ ਅਤੇ ਟੋਕੀਓ ਉਲੰਪਿਕ ਦੀ ਟਿਕਟ ਹਾਸਿਲ ਕੀਤੀ ਸੀ। ਵਿਸਮਿਆ ਨੇ ਸਾਲ 2019 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।

  • ਵਿਨੇਸ਼ ਫ਼ੋਗਾਟ

    ਹਰਿਆਣਾਕੁਸ਼ਤੀ

    26 ਸਾਲਾ ਪਹਿਲਵਾਨ, ਵਿਨੇੇਸ਼ ਫ਼ੋਗਾਟ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ। ਹੁਣ ਉਹ 51 ਕਿਲੋ ਭਾਰ ਵਰਗ ਵਿੱਚ ਮੁਕਾਬਲਾ ਕਰਦੇ ਹਨ। ਸਾਲ 2018 ਵਿੱਚ ਉਹ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਪਹਿਲਵਾਨ ਬਣੇ।

    ਉਸੇ ਸਾਲ ਫ਼ੋਗਾਟ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਬਾਅਦ ਸਾਲ 2019 ਵਿੱਚ ਉਨ੍ਹਾਂ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੂੰ ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

  • ਸਵਪਨਾ ਬਰਮਨ

    ਪੱਛਮੀ ਬੰਗਾਲਅਥਲੈਟਿਕਸ

    24 ਸਾਲਾ ਸਵਪਰਾ ਬਰਮਨ ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਹੈਪਟਾਥਲੀਟ ਹਨ। ਸਾਲ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਹੈਪਟਾਥਲੀਟ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਖਿਡਾਰੀ ਬਣੇ। ਬਰਮਨ ਨੇ 2017 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗਮਾ ਜਿੱਤਿਆ।

    ਪੈਦਾ ਹੋਣ ਸਮੇਂ ਸਵਰਪਾ ਦੇ ਦੋਵਾਂ ਪੈਰਾਂ ਦੀਆਂ ਛੇ ਉਂਗਲੀਆਂ ਸਨ। ਇੱਕ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧਿਤ ਸਨ। ਉਨ੍ਹਾਂ ਦੇ ਪਰਿਵਾਰ ਕੋਲ ਇੰਨੇ ਵਸੀਲੇ ਨਹੀਂ ਸਨ ਕਿ ਸਵਰਪਾ ਲਈ ਉਨ੍ਹਾਂ ਦੀ ਲੋੜ ਮੁਤਾਬਕ ਖ਼ਾਸ ਜੁੱਤੀ ਤਿਆਰ ਕਰਵਾ ਸਕਦੇ। ਬਹੁਤ ਸਾਲਾਂ ਤੱਕ ਬਰਮਨ ਨੇ ਦਰਦ ਝੱਲਦਿਆਂ ਹੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਾਲ 2019 ਵਿੱਚ ਉਨ੍ਹਾਂ ਨੂੰ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

  • ਸੁਸ਼੍ਰੀ ਦਿਬਿਆਦਰਸ਼ਿਨੀ

    ਉਡੀਸ਼ਾਕ੍ਰਿਕੇਟ

    23 ਸਾਲਾ ਦਿਬਿਆਦਰਸ਼ਨੀ ਪ੍ਰਧਾਨ ਉਡੀਸ਼ਾ ਦੇ ਧੇਂਕਾਨਾਲ ਤੋਂ ਇੱਕ ਕ੍ਰਿਕੇਟ ਖਿਡਾਰਨ ਹਨ। ਉਹ ਉਡੀਸ਼ਾ ਦੀ ਅੰਡਰ-23 ਮਹਿਲਾ ਟੀਮ ਦੇ ਕਪਤਾਨ ਹਨ।

    ਸਾਲ 2019 ਵਿੱਚ ਦਿਬਿਆਦਰਸ਼ਨੀ ਏਸ਼ੀਅਨ ਕ੍ਰਿਕੇਟ ਕਾਉਂਸਲ (ਏਸੀਸੀ) ਵਲੋਂ ਉੱਭਰਦੀਆਂ ਟੀਮਾਂ ਦੇ ਕਰਵਾਏ ਗਏ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਕ੍ਰਿਕੇਟ ਖਿਡਾਰਨ ਸਨ। 2019 ਵਿੱਚ ਅੰਡਰ-23 ਵੂਮੈਨਜ਼ ਚੈਲੇਂਜਰ ਟਰਾਫ਼ੀ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਰਤ ਦੀ ਗਰੀਨ ਟੀਮ ਦੀ ਕਪਤਾਨੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਟੀਮ ਉਹ ਮੈਚ ਨਹੀਂ ਸੀ ਜਿੱਤ ਸਕੀ।

  • ਸੁਮਿਤਰਾ ਨਾਇਕ

    ਉਡੀਸ਼ਾਰਗਬੀ

    20 ਸਾਲਾ ਰਗਬੀ ਖਿਡਾਰਨ, ਸੁਮਿਤਰਾ ਨਾਇਕ ਉਡੀਸ਼ਾ ਦੇ ਜਜਪੁਰ ਜ਼ਿਲ੍ਹੇ ਤੋਂ ਹਨ। ਉਹ ਭਾਰਤ ਦੀ ਸੀਨੀਅਰ ਟੀਮ ਲਈ ਖੇਡੇ ਅਤੇ ਏਸ਼ੀਅਨ ਵੂਮੈਨ ਰਗਬੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਉਨ੍ਹਾਂ ਨੇ 2019 ਵਿੱਚ ਹੋਈ ਏਸ਼ੀਆ ਰਗਬੀ ਸੈਵਨਜ਼ ਟਰਾਫ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

    ਸੁਮਿਤਰਾ ਨਾਇਕ ਨੇ 2019 ਵਿੱਚ ਭਾਰਤ ਦੀ ਅੰਡਰ-18 ਰਗਬੀ ਟੀਮ ਅਤੇ 2019 ਵਿੱਚ ਅੰਡਰ-19 ਟੀਮ ਦੀ ਕਪਤਾਨੀ ਕੀਤੀ ਸੀ। 2016 ਵਿੱਚ ਏਸ਼ੀਆਈ ਗਰਲਸ ਰਗਬੀ ਸੈਵੇਨਜ਼ ਵਿੱਚ ਭਾਰਤ ਨੂੰ ਕਾਂਸੀ ਦਾ ਤਗਮਾ ਜਿਤਾਉਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

  • ਸੋਨਮ ਮਲਿਕ

    ਹਰਿਆਣਾਕੁਸ਼ਤੀ

    18 ਸਾਲਾ ਸੋਨਮ ਮਹਿਲ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਮਹਿਲਾ ਪਹਿਲਵਾਨ ਹਨ। ਉਨ੍ਹਾਂ ਨੇ 56 ਕਿਲੋ ਭਾਰ ਵਰਗ ਮੁਕਾਬਲਿਆਂ ਨਾਲ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ। ਹਾਲਾਂ ਕਿ ਹੁਣ ਉਹ 65 ਕਿਲੋ ਭਾਰ ਵਰਗ ਦੇ ਮੁਕਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਸਾਲ 2017 ਵਿੱਚ ਕੈਡੇਟ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਅਤੇ ਵਰਲਡ ਸਕੂਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਸੱਟ ਲੱਗ ਗਈ ਅਤੇ ਮਲਿਕ ਨੂੰ ਤੰਦਰੁਸਤ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗਿਆ।

    ਸਾਲ 2019 ਵਿੱਚ ਸੋਨਮ ਮਲਿਕ ਨੇ ਦੁਬਾਰਾ ਕੈਡੇਟ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।

  • ਸੋਨਾਲੀ ਸ਼ਿੰਗਾਟੇ

    ਮਹਾਂਰਾਸ਼ਟਰਕਬੱਡੀ

    25 ਸਾਲਾ ਸੋਨਾਲੀ ਵਿਸ਼ਨੂੰ ਸ਼ਿੰਗਾਟੇ ਮੁੰਬਈ ਦੇ ਰਹਿਣ ਵਾਲੇ ਪੇਸ਼ੇਵਰ ਕਬੱਡੀ ਖਿਡਾਰਨ ਹਨ। ਉਹ 2019 ਦੀਆਂ ਦੱਖਣ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਸੋਨਾਲੀ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ।

    2014-15 ਵਿੱਚ ਉਨ੍ਹਾਂ ਨੇ ਆਪਣੇ ਸੂਬੇ ਦੀ ਟੀਮ ਦੀ ਕਪਤਾਨੀ ਕੀਤੀ ਅਤੇ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

    2020 ਵਿੱਚ ਸੋਨਾਲੀ ਸ਼ਿੰਗਾਟੇ ਨੂੰ ਮਹਾਂਰਾਸ਼ਟਰ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਸ਼ਿਵ ਛੱਤਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  • ਸਿਮਰਨਜੀਤ ਕੌਰ

    ਪੰਜਾਬਬਾਕਸਿੰਗ

    ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਪਿੰਡ ਦੀ ਰਹਿਣ ਵਾਲੇ 25 ਸਾਲਾ ਸਿਰਮਨਜੀਤ ਕੌਰ ਬਾਥ ਇੱਕ ਗ਼ੈਰ-ਪੇਸ਼ੇਵਰ ਮੁੱਕੇਬਾਜ਼ ਹਨ। ਉਹ 60 ਅਤੇ 64 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਸਿਮਰਨਜੀਤ ਨੇ 2019 ਵਿੱਚ 23ਵੇਂ ਪ੍ਰੈਜ਼ੀਡੈਂਟਜ਼ ਕੱਪ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ ਅਤੇ ਸਾਲ 2018 ਵਿੱਚ ਹੋਈ ਏਆਈਬੀਏ ਵੂਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

    2016 ਦੀ ਨੈਸ਼ਨਲ ਚੈਂਪੀਅਨ ਸਿਮਰਜੀਤ ਨੇ ਟੋਕੀਓ ਉਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਕੁਆਲੀਫ਼ਾਈ ਕੀਤਾ ਸੀ।

  • ਸ਼ਿਵਾਨੀ ਕਟਾਰੀਆ

    ਹਰਿਆਣਾਤੈਰਾਕੀ

    23 ਸਾਲਾ ਫ਼ਰੀ ਸਟਾਈਲ ਤੈਰਾਕ, ਸ਼ਿਵਾਨੀ ਕਟਾਰੀਆ ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਹਨ।

    2019 ਵਿੱਚ ਸ਼ਿਵਾਨੀ ਨੇ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ। ਸਾਲ 2016 ਦੀਆਂ ਉਲੰਪਿਕ ਖੇਡਾਂ ਦੇ ਤੈਰਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਕਟਾਰੀਆ 2004 ਤੋਂ ਬਾਅਦ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ।

    ਉਸੇ ਸਾਲ ਉਨ੍ਹਾਂ ਨੇ ਦੱਖਣ ਏਸ਼ੀਅਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। 2017 ਵਿੱਚ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਿਵਾਨੀ ਨੂੰ ਹਰਿਆਣਾ ਦਾ ਭੀਮ ਪੁਰਸਕਾਰ ਦਿੱਤਾ ਗਿਆ।

  • ਸ਼ੈਲੀ ਸਿੰਘ

    ਉੱਤਰ ਪ੍ਰਦੇਸ਼ਅਥਲੈਟਿਕਸ

    17 ਸਾਲਾ ਅਥਲੀਟ, ਸ਼ੈਲੀ ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਰਹਿਣ ਵਾਲੇ ਹਨ। ਉਹ ਲੰਬੀ ਛਾਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸ਼ੈਲੀ ਜੂਨੀਅਰ ਨੈਸ਼ਨਲ ਲੌਂਗ ਜੰਪ ਚੈਂਪੀਅਨ ਵੀ ਹਨ।

    ਸ਼ੈਲੀ ਨੇ 2018 ਵਿੱਚ ਅੰਡਰ-16 ਵਰਗ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਸਾਲ 2019 ਵਿੱਚ ਅੰਡਰ-18 ਮੁਕਾਬਲਿਆਂ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ ਸੀ।

    ਸ਼ੈਲੀ ਸਿੰਘ ਨੇ ਅਗਲੀ ਅੰਡਰ-20 ਵਰਲਡ ਅਥਲੈਟੀਕ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ।

  • ਸ਼ੇਫ਼ਾਲੀ ਵਰਮਾ

    ਹਰਿਆਣਾਕ੍ਰਿਕਟ

    17 ਸਾਲਾ ਕ੍ਰਿਕਟਰ, ਸ਼ੇਫ਼ਾਲੀ ਵਰਮਾ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਨਾਲ ਸਬੰਧਿਤ ਹਨ। 15 ਸਾਲ ਦੀ ਉਮਰ ਵਿੱਚ ਭਾਰਤ ਦੀ ਟੀ 20 ਕੌਮਾਂਤਰੀ ਮੈਚ ਵਿੱਚ ਨੁਮਾਇੰਦਗੀ ਕਰਨ ਵਾਲੀ ਉਹ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ।

    ਉਸੇ ਸਾਲ ਸ਼ੇਫ਼ਾਲੀ ਵਰਮਾ ਨੇ ਕੌਮਾਂਤਰੀ ਪੱਧਰ 'ਤੇ ਆਪਣਾ ਪਹਿਲਾ ਅੱਧਾ ਸੈਂਕੜਾ ਬਣਾਇਆ, ਅਤੇ ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣੀ।

    ਮੋਜੂਦਾ ਸਮੇਂ ਵਿੱਚ ਇੰਟਰਨੈਸ਼ਨਲ ਕ੍ਰਿਕੇਟ ਕਾਉਂਸਲ ਦੀ ਮਹਿਲਾ ਟੀ 20 ਖਿਡਾਰੀ ਰੈਂਕਿੰਗ ਵਿੱਚ ਉਹ ਤੀਜੇ ਸਥਾਨ 'ਤੇ ਹਨ। ਇੱਕ ਵਾਰ ਸ਼ੇਫ਼ਾਲੀ ਦੇ ਪਿਤਾ ਨੇ ਉਸ ਦੇ ਵਾਲ ਇਸ ਲਈ ਕੱਟ ਦਿੱਤੇ ਕਿ ਉਹ ਲੜਕਿਆਂ ਵਰਗੀ ਨਜ਼ਰ ਆਉਣ ਲੱਗੇ ਅਤੇ ਸਥਾਨਕ ਕ੍ਰਿਕਟ ਕਲੱਬ ਵਿੱਚ ਆਪਣੇ ਭਰਾ ਦੀ ਜਗ੍ਹਾ 'ਤੇ ਖੇਡ ਸਕੇ।

  • ਸੰਧਿਆ ਰੰਗਨਾਥਨ

    ਤਾਮਿਲਨਾਡੂਫ਼ੁੱਟਬਾਲ

    22 ਸਾਲਾ ਫੁੱਟਬਾਲ ਖ਼ਿਡਾਰਨ, ਸੰਧਿਆ ਰੰਗਨਾਥਨ ਤਾਮਿਲਨਾਡੂ ਦੇ ਕੁਡਾਲੋਰ ਦੇ ਰਹਿਣ ਵਾਲੇ ਹਨ। ਉਹ ਨੈਸ਼ਨਲ ਫੁੱਟਬਾਲ ਟੀਮ ਵਿੱਚ ਮਿਡ-ਫ਼ੀਲਡਰ ਵਜੋਂ ਖੇਡਦੇ ਹਨ। ਸੰਧਿਆ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸਨੇ ਐੱਸਏਐੱਫ਼ਐੱਫ਼ ਮਹਿਲਾ ਚੈਂਪੀਅਨਸ਼ਿਪ ਵਿੱਚ ਅਤੇ 2019 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇੱਕ ਹਨ।

    ਸੰਧਿਆ ਸੇਥੂ ਐੱਫ਼ਸੀ ਦੇ ਉਸ ਕਲੱਬ ਲਈ ਵੀ ਖੇਡਦੇ ਹਨ, ਜਿਸਨੇ 2019 ਵਿੱਚ ਭਾਰਤੀ ਮਹਿਲਾ ਲੀਗ਼ ਜਿੱਤੀ ਸੀ। ਉਨ੍ਹਾਂ ਨੂੰ ਉਸ ਟੂਰਨਾਮੈਂਟ ਦੀ ਸਭ ਤੋਂ ਮੁੱਲਵਾਨ ਖਿਡਾਰਨ ਐਲਾਨਿਆ ਗਿਆ ਸੀ।

  • ਐੱਸ ਕਲਾਈਵਾਨੀ

    ਤਾਮਿਲਨਾਡੂਬਾਕਸਿੰਗ

    21 ਸਾਲਾ ਮੁੱਕੇਬਾਜ਼, ਕਲਾਈਵਾਨੀ ਸ੍ਰੀਨਿਵਾਸਨ, ਤਾਮਿਲਨਾਡੂ ਦੇ ਚੇਨਈ ਦੇ ਰਹਿਣ ਵਾਲੇ ਹਨ। ਉਹ 48 ਕਿਲੋ ਵਰਗ ਮੁਕਾਲਿਆਂ ਵਿੱਚ ਹਿੱਸਾ ਲੈਂਦੇ ਹਨ। 48 ਕਿਲੋ ਵਰਗ ਦੇ ਮੁਕਾਬਲੇ ਉਲੰਪਿਕ ਖੇਡਾਂ ਦਾ ਹਿੱਸਾ ਨਹੀਂ ਹਨ।

    ਸਾਲ 2019 ਵਿੱਚ ਕਲਾਈਵਾਨੀ ਨੇ ਦੱਖਣ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਸਾਲ ਉਨ੍ਹਾਂ ਨੂੰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ 'ਸਭ ਤੋਂ ਵੱਧ ਹੋਣਹਾਰ ਮੁੱਕੇਬਾਜ਼' ਐਲਾਨਿਆ ਗਿਆ ਸੀ।

    ਸਾਲ 2012 ਵਿੱਚ ਜਦੋਂ ਕਲਾਈਵਾਨੀ ਮਹਿਜ਼ 12 ਸਾਲਾਂ ਦੀ ਸੀ, ਉਸਨੇ ਸਬ-ਜੂਨੀਅਰ ਵੂਮੈਨਜ਼ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

  • ਰਤਨਬਾਲਾ ਦੇਵੀ

    ਮਣੀਪੁਰਫ਼ੁੱਟਬਾਲ

    22 ਸਾਲਾ ਫੁੱਟਬਾਲ ਖਿਡਾਰਨ ਨੋਂਗਮੈਥੇਨ ਰਤਨਬਾਲਾ ਦੇਵੀ ਮਣੀਪੁਰ ਦੇ ਬਿਸੁਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਫ਼ਾਰਵਰਡ ਅਤੇ ਮਿਡ-ਫ਼ੀਲਡਰ ਵਜੋਂ ਖੇਡਦੇ ਹਨ।

    2017 ਵਿੱਚ ਰਤਨਬਾਲਾ ਦੇਵੀ ਦੀ ਕੌਮੀ ਟੀਮ ਲਈ ਚੋਣ ਹੋਈ ਸੀ ਅਤੇ ਉਨ੍ਹਾਂ ਨੇ 2019 ਵਿੱਚ ਹੋਈਆਂ ਦੱਖਣ ਏਸ਼ਿਆਈ ਖੇਡਾਂ ਵਿੱਚ ਟੀਮ ਦੇ ਸੋਨ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

    ਰਤਨਬਾਲਾ KRYPHSA FC ਨਾਮ ਦੇ ਕਲੱਬ ਲਈ ਖੇਡਦੇ ਹਨ। ਉਨ੍ਹਾਂ ਨੇ ਸਾਲ 2020 ਦੀ ਇੰਡੀਅਨ ਵੂਮੈਨ ਲੀਗ਼ ਵਿੱਚ ਟੀਮ ਦੀ ਕਪਤਾਨੀ ਕੀਤੀ ਸੀ,ਹਾਲਾਂਕਿ ਟੀਮ ਇਹ ਮੈਚ ਹਾਰ ਗਈ ਸੀ। ਦੇਵੀ ਨੇ ਮਣੀਪੁਰ ਦੀ ਸੂਬਾ ਟੀਮ ਦੀ ਵੀ ਕਪਤਾਨੀ ਕੀਤੀ ਹੈ।

  • ਰਾਣੀ

    ਹਰਿਆਣਾਹਾਕੀ

    26 ਸਾਲਾ ਹਾਕੀ ਖਿਡਾਰਨ ਰਾਣੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਹਨ। ਉਹ ਭਾਰਤੀ ਹਾਕੀ ਟੀਮ ਵਿੱਚ ਸਟ੍ਰਾਈਕਰ ਅਤੇ ਮਿਡ-ਫ਼ੀਲਡਰ ਵਜੋਂ ਖੇਡਦੇ ਹਨ।

    ਸਾਲ 2018 ਵਿੱਚ ਰਾਣੀ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਭਾਰਤ ਦੀ ਮਹਿਲਾ ਟੀਮ ਨੇ ਰਾਣੀ ਦੀ ਅਗਵਾਈ ਵਿੱਚ ਟੋਕੀਓ ਉਲੰਪਿਕ ਵਿੱਚ ਖੇਡਣ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ।

    ਰਾਣੀ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਸਾਲ 2019 ਦਾ ਵਰਲਡ ਗ਼ੇਮਜ਼ ਅਥਲੀਟ ਐਲਾਨਿਆ ਗਿਆ ਸੀ। ਸਾਲ 2020 ਵਿੱਚ ਉਨ੍ਹਾਂ ਨੂੰ ਦੇਸ ਦੇ ਵੱਕਾਰੀ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

  • ਰਾਹੀ ਸਰਨੋਬਤ

    ਮਹਾਂਰਾਸ਼ਟਰਨਿਸ਼ਾਨੇਬਾਜ਼ੀ

    30 ਸਾਲਾ ਨਿਸ਼ਾਨੇਬਾਜ਼, ਰਾਹੀ ਸਨੋਬਤ ਮਹਾਂਰਾਸ਼ਟਰ ਦੇ ਕੋਹਲਾਪੁਰ ਦੇ ਰਹਿਣ ਵਾਲੇ ਹਨ। ਉਹ 25 ਮੀਟਰ ਕੈਟੇਗਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸਾਲ 2019 ਵਿੱਚ ਉਨ੍ਹਾਂ ਨੇ ਆਈਐੱਸਐੱਸਐੱਫ਼ ਵਰਲਡ ਕੱਪ ਵਿੱਚ ਆਪਣਾ ਦੂਸਰਾ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਪਹਿਲਾ ਸੋਨ ਤਗਮਾ ਸਾਲ 2013 ਵਿੱਚ ਜਿੱਤਿਆ ਸੀ।

    ਸਾਲ 2019 ਵਿੱਚ ਜਿੱਤੇ ਸੋਨ ਤਗਮੇ ਨੇ ਉਨ੍ਹਾਂ ਦੀ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਲਈ ਜਗ੍ਹਾ ਪੱਕੀ ਕਰਵਾ ਦਿੱਤੀ। ਸਾਲ 2018 ਵਿੱਚ ਸਰਨੋਬਤ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਉਸੇ ਸਾਲ ਉਨ੍ਹਾਂ ਨੂੰ ਵੱਕਾਰੀ ਪੁਰਸਕਾਰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  • ਆਰ ਵੈਸ਼ਾਲੀ

    ਤਾਮਿਲਨਾਇਡੂਸ਼ਤਰੰਜ

    19 ਸਾਲਾ ਸ਼ਤਰੰਜ ਖਿਡਾਰਨ, ਵੈੈਸ਼ਾਲੀ ਰਮੇਸ਼ਬਾਬੂ ਤਾਮਿਲਨਾਡੂ ਦੇ ਚੇਨਈ ਤੋਂ ਹਨ। ਉਹ ਕੋਨੇਰੂ ਹੰਪੀ ਅਤੇ ਵਿਸ਼ਵਨਾਥਨ ਆਨੰਦ ਦੇ ਨਾਲ ਉਸ ਟੀਮ ਦਾ ਹਿੱਸਾ ਸਨ ਜਿਸਨੇ 2020 ਵਿੱਚ ਐੱਫ਼ਆਈਡੀਈ ਆਨਲਾਈਨ ਚੈਸ ਉਲੰਪੀਆਡ ਰੂਸ ਦੇ ਨਾਲ ਸਾਂਝੇ ਤੌਰ 'ਤੇ ਜਿੱਤਿਆ ਸੀ।

    ਵੈੈਸ਼ਾਲੀ ਨੇ 2012 ਵਿੱਚ ਅੰਡਰ-13 ਗਰਲਜ਼ ਵਰਲਡ ਚੈਸ ਚੈਂਪੀਅਨਸ਼ਿਪ ਵਿੱਚ, ਸਾਲ 2017 ਵਿੱਚ ਅੰਡਰ-14 ਗਰਲਜ਼ ਵਰਲਡ ਚੈਸ ਚੈਂਪੀਅਨਸ਼ਿਪ ਵਿੱਚ ਅਤੇ 2017 ਦੀਆਂ ਏਸ਼ੀਅਨ ਇੰਡੀਵੀਜ਼ੂਅਲ ਬਲਿਟਜ਼ ਚੈਸ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ ਸਨ। ਉਹ 2018 ਵਿੱਚ ਵੂਮੈਨ ਗਰੈਂਡ ਮਾਸਟਰ ਬਣ ਗਏ ਸਨ।

  • ਪੀਯੂ ਚਿਤਰਾ

    ਕੇਰਲਾਅਥਲੈਟਿਕਸ

    25 ਸਾਲਾ ਅਥਲੀਟ, ਪਲਾਕੀਝਿਲ ਊਨੀਕ੍ਰਿਸ਼ਨਨ ਚਿਤਰਾ ਕੇਰਲਾ ਦੇ ਜ਼ਿਲ੍ਹੇ ਪਾਲਕੱਡ ਦੇ ਰਹਿਣ ਵਾਲੇ ਹਨ।

    ਉਹ ਮੱਧ ਦੂਰੀ ਦੇ ਦੌੜਾਕ ਹਨ ਅਤੇ 1500 ਮੀਟਰ ਕੈਟੇਗਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਚਿਤਰਾ ਨੇ 2017 ਅਤੇ 2019 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ ਸਨ। ਉਨ੍ਹਾਂ ਨੇ 2019 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

    ਸਾਲ 2017 ਏਸ਼ੀਅਨ ਇੰਨਡੋਰ ਅਤੇ ਮਾਰਸ਼ਲ ਆਰਟਸ ਗ਼ੇਮਜ਼ ਵਿੱਚ ਅਤੇ 2016 ਦੀਆਂ ਦੱਖਣ ਏਸ਼ਿਆਈ ਖੇਡਾਂ ਵਿੱਚ ਵੀ ਉਨ੍ਹਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ।

  • ਪੂਨਮ ਯਾਦਵ

    ਉੱਤਰ ਪ੍ਰਦੇਸ਼ਕ੍ਰਿਕਟ

    29 ਸਾਲਾ ਕ੍ਰਿਕਟਰ, ਪੂਨਮ ਯਾਦਵ ਆਗਰਾ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਪਹਿਲੀ ਵਾਰੀ ਭਾਰਤੀ ਮਹਿਲਾ ਟੀਮ ਲਈ ਸਾਲ 2013 ਵਿੱਚ ਖੇਡੇ। ਯਾਦਵ ਕੌਮਾਂਤਰੀ ਟੀ 20 ਮੈਂਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਖਿਡਾਰਨ ਹਨ। ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੀ ਵੂਮੈਨਜ਼ ਟੀ 20 ਵਿਸ਼ਵ ਕੱਪ ਦੀ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਵਿੱਚ ਪੂਨਮ ਯਾਦਵ ਨੂੰ ਸੱਤਵਾਂ ਸਥਾਨ ਪ੍ਰਾਪਤ ਹੈ।

    ਭਾਰਤੀ ਕ੍ਰਿਕਟ ਕਾਉਂਸਲ ਬੋਰਡ ਨੇ ਉਨ੍ਹਾਂ ਨੂੰ 2019 ਦੀ ਬਿਹਤਰੀਨ ਵੂਮੈਨ ਕ੍ਰਿਕਟਰ ਐਲਾਨਿਆ ਸੀ। ਉਸੇ ਸਾਲ ਯਾਦਵ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  • ਪੂਜਾ ਗਹਿਲੋਤ

    ਦਿੱਲੀਕੁਸ਼ਤੀ

    23 ਸਾਲਾ ਪਹਿਲਵਾਨ, ਪੂਜਾ ਗਹਿਲੋਤ ਦਿੱਲੀ ਦੇ ਰਹਿਣ ਵਾਲੇ ਹਨ। ਉਹ 51 ਕਿਲੋ ਭਾਰ ਵਰਗ ਵਿੱਚ ਫ੍ਰੀ-ਸਟਾਈਲ ਕੁਸ਼ਤੀਆਂ ਵਿੱਚ ਹਿੱਸਾ ਲੈਂਦੇ ਹਨ। ਗਹਿਲੋਤ ਨੂੰ ਕੌਮਾਤਰੀ ਪੱਧਰ 'ਤੇ ਪਹਿਲੀ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਨ੍ਹਾਂ ਨੇ 2017 ਦੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।

    ਦੋ ਸਾਲ ਬਾਅਦ, ਗਹਿਲੋਤ ਨੇ 2019 ਵਿੱਚ ਉਨ੍ਹਾਂ ਨੇ ਅੰਡਰ-23 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਗਹਿਲੋਤ ਨੂੰ ਰੂੜੀਵਾਦੀ ਵਿਚਾਰਾਂ ਖ਼ਿਲਾਫ਼ ਵੀ ਜੰਗ ਲੜਨੀ ਪਈ, ਜਿਨ੍ਹਾਂ ਮੁਤਾਬਕ ਕੁਸ਼ਤੀ ਨੂੰ ਸਿਰਫ਼ ਮਰਦਾਂ ਦੀ ਖੇਡ ਮੰਨਿਆਂ ਜਾਂਦੀ ਸੀ।

    ਆਖ਼ਰਕਾਰ ਪੂਜਾ ਆਪਣੀ ਲਗਨ ਨਾਲ ਪਰਿਵਾਰ ਦਾ ਸਹਿਯੋਗ ਹਾਸਿਲ ਕਰਨ ਵਿੱਚ ਕਾਮਯਾਬ ਹੋਏ, ਇਥੋਂ ਤੱਕ ਕਿ ਪੂਜਾ ਦੀ ਸਿਖਲਾਈ ਲਈ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਵਸਿਆ।

  • ਪੂਜਾ ਢਾਂਡਾ

    ਹਰਿਆਣਾਕੁਸ਼ਤੀ

    27 ਸਾਲਾ ਮਹਿਲਾ ਪਹਿਲਵਾਨ, ਪੂਜਾ ਢਾਂਡਾ ਹਰਿਆਣਾ ਦੇ ਜ਼ਿਲ੍ਹੇ ਹਿਸਾਰ ਦੇ ਰਹਿਣ ਵਾਲੇ ਹਨ। ਉਹ 57 ਕਿਲੋ ਅਤੇ 60 ਕਿਲੋ ਭਾਰ ਵਰਗ ਦੇ ਫ੍ਰੀ-ਸਟਾਈਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    2018 ਵਿੱਚ ਪੂਜਾ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਨ੍ਹਾਂ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ ਸੀ।

    ਇਸ ਤੋਂ ਪਹਿਲਾਂ ਸਾਲ 2010 ਹੋਏ ਸਮਰ ਯੂਥ ਉਲੰਪਿਕਸ ਵਿੱਚ ਪੂਜਾ ਨੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ ਅਤੇ 2014 ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੂੰ ਸਾਲ 2019 ਵਿੱਚ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

  • ਪਾਰੁਲ ਪਰਮਾਰ

    ਗੁਜਰਾਤਬੈਡਮਿੰਟਨ

    47 ਸਾਲਾ ਪੈਰਾ-ਬੈਡਮਿੰਟਨ, ਖਿਡਾਰਨ ਪਾਰੁਲ ਦਲਸੁਖਭਾਈ ਪਰਮਾਰ ਗੁਜਰਾਤ ਦੇ ਗਾਂਧੀਨਗਰ ਦੇ ਰਹਿਣ ਵਾਲੇ ਹਨ। ਮੋਜੂਦਾ ਪੈਰਾ-ਬੈਡਮਿੰਟਨ ਰੈਂਕਿੰਗ ਮੁਤਾਬਕ ਉਹ ਦੁਨੀਆਂ ਭਰ 'ਚ ਪਹਿਲੇ ਨੰਬਰ 'ਤੇ ਹਨ।

    ਪਰਮਾਰ ਨੇ 2017 BWF ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਸਿੰਗਲਜ਼ ਅਤੇ ਡਲਬਜ਼ ਦੋਵਾਂ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ ਸਨ।

    ਜਦੋਂ ਪਾਰੁਲ ਮਹਿਜ਼ ਤਿੰਨ ਸਾਲਾਂ ਦੇ ਸਨ ਉਹ ਪੋਲੀਓ ਪ੍ਰਭਾਵਿਤ ਹੋ ਗਏ ਅਤੇ ਇੱਕ ਹਾਦਸੇ ਦਾ ਵੀ ਸ਼ਿਕਾਰ ਹੋਏ, ਫ਼ਿਰ ਵੀ ਪਾਰੁਲ ਨੇ ਖੇਡ ਨੂੰ ਕਰੀਅਰ ਵਜੋਂ ਚੁਣਿਆ। ਪਰਮਾਰ ਨੂੰ ਸਾਲ 2009 ਵਿੱਚ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  • ਨਿਖਤ ਜ਼ਾਰੀਨ

    ਤੇਲੰਗਾਨਾਬਾਕਸਿੰਗ

    24 ਸਾਲਾ ਨਿਖਤ ਜ਼ਾਰੀਨ ਨਿਜ਼ਾਮਾਬਾਦ, ਤੇਲੰਗਾਨਾ ਦੇ ਦੇ ਰਹਿਣ ਵਾਲੇ ਇੱਕ ਗ਼ੈਰ-ਪੇਸ਼ੇਵਰ ਮੁੱਕੇਬਾਜ਼ ਹਨ। ਉਹ 51 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸਾਲ 2019 ਵਿੱਚ ਜ਼ਾਰੀਨ ਨੇ ਥਾਈਲੈਂਡ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

    ਨਿਖਤ ਨੇ ਕੌਮਾਂਤਰੀ ਪੱਧਰ 'ਤੇ ਆਪਣਾ ਪਹਿਲਾ ਸੋਨ ਤਗਮਾ ਸਾਲ 2011 ਵਿੱਚ ਏਆਈਬੀਏ ਵੂਮੈਨਜ਼ ਯੂਥ ਐਂਡ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੀ।

    ਸਾਲ 2015 ਵਿੱਚ ਜ਼ਾਰੀਨ ਨੇ ਸੀਨੀਅਰ ਵੂਮੈਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਉਹ ਆਪਣੇ ਰਿਹਾਇਸ਼ੀ ਕਸਬੇ ਨਿਜ਼ਾਮਾਬਾਦ ਦੇ ਅਧਿਕਾਰਿਤ ਬ੍ਰਾਂਡ ਅੰਬੈਸਡਰ ਹਨ।

  • ਨਗਾਂਗੋਮ ਦੇਵੀ

    ਮਣੀਪੁਰਫੁੱਟਬਾਲ

    31 ਸਾਲਾ ਫੁੱਟਬਾਲ ਖਿਡਾਰਨ ਨਗਾਂਗੋਮ ਬਾਲਾ ਦੇਵੀ ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ। ਉਹ ਕੌਮੀ ਫੁੱਟਬਾਲ ਟੀਮ ਵਿੱਚ ਫ਼ਾਰਵਰਡ ਦੇ ਤੌਰ 'ਤੇ ਖੇਡਦੇ ਹਨ।

    ਨਗਾਂਗੋਮ ਬਾਲਾ ਦੇਵੀ ਭਾਰਤ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲ ਖਿਡਾਰਨ ਹਨ। ਉਨ੍ਹਾਂ ਨੇ ਪੰਜ ਸਾਲਾਂ ਤੱਕ ਕੌਮੀ ਫੁੱਟਬਾਲ ਟੀਮ ਦੀ ਕਪਤਾਨੀ ਵੀ ਕੀਤੀ ਹੈ। ਸਾਲ 2020 ਵਿੱਚ ਰੇਂਜਰਸ ਐੱਫ਼ਸੀ ਨਾਲ ਇੱਕ ਸਮਝੌਤਾ ਕਰਕੇ, ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਪੇਸ਼ੇਵਰ ਫੁੱਟਬਾਲ ਖਿਡਾਰਨ ਬਣ ਗਈ ਸੀ।

    ਨਗਾਂਗੋਮ ਬਾਲਾ ਦੇੇਵੀ ਨੂੰ ਆਲ ਇੰਡੀਆ ਫੁੱਟਬਾਲ ਫ਼ੈਡਰੇਸ਼ਨ ਵਲੋਂ ਲਗਾਤਾਰ ਦੋ ਸਾਲ 2015 ਅਤੇ 2016 ਵਿੱਚ ਸਾਲ ਦੀ ਬਿਹਤਰੀਨ ਖਿਡਾਰਨ ਐਲਾਨਿਆ ਸੀ।

  • ਮੇਹੁਲੀ ਗੋਸ਼

    ਪੱਛਮੀ ਬੰਗਾਲਨਿਸ਼ਾਨੇਬਾਜ਼ੀ

    20 ਸਾਲਾ ਨਿਸ਼ਾਨੇਬਾਜ਼ ਮੇਹੁੁਲੀ ਪੱਛਮ ਬੰਗਾਲ ਦੇ ਜ਼ਿਲ੍ਹੇ ਨਾਦੀਆ ਦੇ ਰਹਿਣ ਵਾਲੇ ਹਨ। ਉਹ 10 ਮੀਟਰ ਏਅਰ ਰਾਈਫ਼ਲ ਅਤੇ ਮਿਕਸਡ ਟੀਮ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਸਾਲ 2019 ਵਿੱਚ ਮੇਹੁਲੀ ਨੇ ਦੱਖਣ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ 2018 ਵਿੱਚ ਵਿਸ਼ਵ ਕੱਪ ਲਈ ਹੋਏ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮੇਹੁਲੀ ਨੇ ਆਪਣਾ ਪਹਿਲਾ ਕੌਮਾਂਤਰੀ ਸੋਨ ਤਗਮਾ ਸਾਲ 2017 ਦੀ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਜਿੱਤਿੱਆ ਸੀ।

    ਮੇੇਹੁਲੀ ਘੋਸ਼ ਨੇ 2016 ਦੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ 9 ਤਗਮੇ ਜਿੱਤੇ ਸਨ। ਉਹ ਭਾਰਤ ਦੀ ਨਿਸ਼ਾਨੇਬਾਜ਼ੀ ਟੀਮ ਵਿੱਚ ਸਭ ਤੋਂ ਛੋਟੀ ਉਮਰ ਦੇ ਹਨ।

  • ਮਨੂੰ ਭਾਕਰ

    ਹਰਿਆਣਾਨਿਸ਼ਾਨੇਬਾਜ਼ੀ

    19 ਸਾਲਾ ਨਿਸ਼ਾਨੇਬਾਜ਼, ਮਨੂੰ ਭਾਕਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਕੈਟਾਗਰੀ ਵਿੱਚ ਖੇਡਦੇ ਹਨ। ਸਾਲ 2018 ਵਿੱਚ ਅੰਤਰਰਾਸ਼ਟਰੀ ਸਪੋਰਟਸ ਸ਼ੂਟਿੰਗ ਵਰਲਡ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਮਹਿਲਾ ਨਿਸ਼ਾਨੇਬਾਜ਼ ਬਣੇ।

    ਉਸੇ ਸਾਲ ਮਨੂੰ ਨੇ ਆਈਐੱਸਐੱਸਐੱਫ਼ ਜੂਨੀਅਰ ਵਰਲਡ ਕੱਪ ਵਿੱਚ ਦੋ ਸੋਨ ਤਗਮੇ ਜਿੱਤੇ। ਸਾਲ 2019 ਵਿੱਚ ਮਨੂੰ ਨੇ ਟੋਕੀਓ ਉਲੰਪਿਕ ਵਿੱਚ ਭਾਰਤ ਵਲੋਂ ਖੇਡਣ ਲਈ ਕੁਆਲੀਫ਼ਾਈ ਵੀ ਕੀਤਾ।

    ਉਨ੍ਹਾਂ ਨੂੰ 2020 ਵਿੱਚ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  • ਮੰਜੂ ਰਾਣੀ

    ਹਰਿਆਣਾਬਾਕਸਿੰਗ

    21 ਸਾਲਾ, ਮੰਜੂ ਰਾਣੀ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹਨ। ਉਹ ਗ਼ੈਰ-ਪੇਸ਼ੇਵਰ ਮੁੱਕੇਬਾਜ਼ ਹਨ। ਉਹ 48 ਕਿਲੋ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸਾਲ 2019 ਵਿੱਚ ਮੰਜੂ ਰਾਣੀ ਨੇ ਏਆਈਬੀਏ ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਅਤੇ ਸਟ੍ਰੈਂਡਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ।

    ਇਸੇ ਸਾਲ 2019 ਵਿੱਚ ਮੰਜੂ ਨੇ ਥਾਈਲੈਂਡ ਓਪਨ ਅਤੇ ਇੰਡੀਆ ਓਪਨ ਦੋਵਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ।

    ਮੰਜੂ ਰਾਣੀ ਜਦੋਂ ਮਹਿਜ਼ 11 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਨੂੰ ਦਸਤਾਨਿਆਂ ਦਾ ਇੱਕ ਜੋੜਾ ਖ਼ਰੀਦਨ ਲਈ ਵੀ ਕਾਫ਼ੀ ਮਿਹਨਤ ਮੁਸ਼ੱਕਤ ਕਰਨੀ ਪਈ ਕਿਉਂਜੋ ਉਨ੍ਹਾਂ ਦੀ ਮਾਂ ਇੱਕਲਿਆਂ ਸੱਤ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਸਨ।

  • ਮਾਨਸੀ ਜੋਸ਼ੀ

    ਗੁਜਰਾਤਬੈਡਮਿੰਟਨ

    31 ਸਾਲਾ ਪੈਰਾ ਬੈਡਮਿੰਟਨ ਖਿਡਾਰਨ, ਮਾਨਸੀ ਜੋਸ਼ੀ ਰਾਜਕੋਟ, ਗੁਜਰਾਤ ਤੋਂ ਹਨ। ਸਾਲ 2019 ਦੀ ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਸੋਨ ਤਗਮਾ ਜਿੱਤਿਆ।

    ਜੋਸ਼ੀ ਨੇ ਸਾਲ 2017 ਦੀ ਚੈਂਪੀਅਨਸ਼ਿਪ ਵਿੱਚ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 2015 ਦੀ ਚੈਂਪੀਅਨਸ਼ਿਪ ਦੌਰਾਨ ਮਿਕਸਡ ਡਲਬਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

    ਮਾਨਸੀ ਜੋਸ਼ੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ 2011 ਵਿੱਚ ਇੱਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂ ਨੇ ਬੈਡਮਿੰਟਨ ਖੇਡਣ ਦਾ ਫ਼ੈਸਲਾ ਕੀਤਾ। ਆਖ਼ਰਕਾਰ ਸਿਖਲਾਈ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਖੇਡਣ ਲੱਗੇ।

  • ਮਾਲਵਿਕਾ ਬਨਸੋੜ

    ਮਹਾਂਰਾਸ਼ਟਰਬੈਡਮਿੰਟਨ

    19 ਸਾਲਾ ਬੈਡਮਿੰਟਨ ਖਿਡਾਰਨ, ਮਾਲਵਿਕਾ ਬਨਸੋੜ ਮਹਾਂਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਹਨ। ਖੱਬੇ ਹੱਥੀ ਖਿਡਾਰਨ ਨੇ ਸਾਲ 2018 ਵਿੱਚ ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

    2019 ਵਿੱਚ ਉਨ੍ਹਾ ਨੇ ਮਾਲਦੀਵਜ਼ ਇੰਟਰਨੈਸ਼ਨਲ ਫ਼ਿਊਚਰ ਸੀਰੀਜ਼ ਅਤੇ ਅਨਪੂਰਨਾ ਪੋਸਟ ਇੰਟਰਨੈਸ਼ਨਲ ਸੀਰੀਜ਼ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਦੁਨੀਆਂ ਦੇ ਚੋਟੀ ਦੇ 200 ਖਿਡਾਰੀਆਂ ਵਿੱਚ ਆਪਣੀ ਜਗ੍ਹਾ ਬਣਾਈ।

    ਉਸੇ ਸਾਲ ਉਨ੍ਹਾਂ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਟੂਰਨਾਮੈਂਟ ਅਤੇ ਨਾਲ ਹੀ ਆਲ ਇੰਡੀਆ ਜੂਨੀਅਰ ਰੈਂਕਿੰਗ ਟੂਰਨਾਮੈਂਟ ਜਿੱਤਿਆ।

  • ਲਵਲੀਨਾ ਬੋਰਗੋਹਾਈਂ

    ਅਸਾਮਬਾਕਸਿੰਗ

    23 ਸਾਲਾ ਲਵਲੀਨਾ ਬੋਰਗੋਹਾਈਂ ਅਸਾਮ ਦੇ ਗੋਲਾਘਾਟ ਦੇ ਰਹਿਣ ਵਾਲੇ, ਇੱਕ ਗ਼ੈਰ-ਪੇਸ਼ੇਵਰ ਮੁੱਕੇਬਾਜ਼ ਹਨ। ਉਹ 69 ਕਿਲੋ ਵਰਗ ਕੈਟਾਗਰੀ ਵਿੱਚ ਮੁਕਾਲਬਾ ਕਰਦੇ ਹਨ। ਲਵਲੀਨਾ ਨੇ ਸਾਲ 2018 ਅਤੇ 2019 ਦੀ ਵੂਮੈਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ 2017 ਵਿੱਚ ਹੋਈ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।

    2020 ਵਿੱਚ ਭਾਰਤ ਸਰਕਾਰ ਨੇ ਲਵਲੀਨਾ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਉਹ ਅਸਾਮ ਦੀ ਰਹਿਣ ਵਾਲੀ ਪਹਿਲੀ ਮਹਿਲਾ ਹੈ ਜਿਸ ਨੇ ਉਲੰਪਿਕ ਵਿੱਚ ਖੇਡਣ ਲਈ ਕੁਆਲੀਫ਼ਾਈ ਕੀਤਾ ਹੋਵੇ।

  • ਲਾਲਰੇਮਸਿਆਮੀ

    ਮਿਜ਼ੋਰਮਹਾਕੀ

    20 ਸਾਲਾ ਲਾਲਰੇਮਸਿਆਮੀ ਮਿਜ਼ੋਰਮ ਦੇ ਕੋਲਾਸਿਬ ਕਸਬੇ ਦੇ ਰਹਿਣ ਵਾਲੇ ਹਨ। ਉਹ ਪੇਸ਼ੇਵਰ ਹਾਕੀ ਖਿਡਾਰਨ ਹਨ। ਲਾਲਰੇਮਸਿਆਮੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਫ਼ਾਰਵਰਡ ਖੇਡਦੇ ਹਨ। ਲਾਲਰੇਮਸਿਆਮੀ ਮਿਜ਼ੋਰਮ ਦੀ ਪਹਿਲੀ ਖਿਡਾਰਨ ਹੈ ਜਿਸ ਨੇ ਏਸ਼ੀਆਡ ਮੈਡਲ ਜਿੱਤਿਆ। ਉਨ੍ਹਾਂ ਇਹ ਮੈਡਲ ਉਸ ਸਮੇਂ ਜਿੱਤਿਆ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

    ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ ਵਲੋਂ ਉਨ੍ਹਾਂ ਨੂੰ ਸਾਲ 2019 ਦੀ ਉੱਭਰਦੀ ਸਟਾਰ ਐਲਾਨਿਆ ਗਿਆ ਸੀ।

    ਲਾਲਰੇਮਸਿਆਮੀ ਉਸ ਭਾਰਤੀ ਟੀਮ ਦਾ ਵੀ ਹਿੱਸਾ ਹਨ, ਜਿਸ ਨੇ ਟੋਕੀਓ ਉਲੰਪਿਕ ਲਈ ਕੁਆਲੀਫ਼ਾਈ ਕੀਤਾ ਹੈ।

  • ਕੇਵੀਐੱਲ ਪਵਨੀ ਕੁਮਾਰੀ

    ਆਂਧਰਾ ਪ੍ਰਦੇਸ਼ਵੇਟਲਿਫ਼ਟਿੰਗ

    17 ਸਾਲਾ ਵੇਟਲਿਫ਼ਟਰ ਕੋਲ਼ੀ ਵਰਲਕਸ਼ਮੀ ਪਵਨੀ ਕੁਮਾਰ ਆਂਧਰਾ ਪ੍ਰਧੇਸ਼ ਦੇ ਜ਼ਿਲ੍ਹੇ ਵਿਸ਼ਾਖਾਪਟਨਮ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ। ਉਹ 45 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    2020 ਵਿੱਚ ਪਵਨੀ ਕੁਮਾਨ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫ਼ਟਿੰਗ ਚੈਂਪੀਅਨਸ਼ਿਪਾਂ ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ।

    ਇਹ ਜਿੱਤਾਂ ਉਨ੍ਹਾਂ ਦੇ ਟੋਕੀਓ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਿੱਚ ਸਹਾਈ ਹੋਈਆਂ। ਸਾਲ 2019 ਵਿੱਚ ਉਨ੍ਹਾਂ ਨੇ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਬੈਸਟ ਲਿਫ਼ਟਰ ਦਾ ਖਿਤਾਬ ਜਿੱਤਿਆ ਸੀ।

  • ਕੋਨੇਰੂ ਹੰਪੀ

    ਆਂਧਰਾ ਪ੍ਰਦੇਸ਼ਸ਼ਤਰੰਜ

    33 ਸਾਲਾ ਸ਼ਤਰੰਜ ਖਿਡਾਰਨ, ਕੋਨੇਰੂ ਹੰਪੀ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਰਹਿਣ ਵਾਲੇ ਹਨ। ਉਹ ਇਸ ਖੇਡ ਵਿੱਚ ਤੇਜ਼ ਚਾਲ ਦੇ ਮੁਕਾਬਲਿਆਂ ਦੇ ਮੌਜੂਦਾ ਵਿਸ਼ਵ ਚੈਂਪੀਅਨ ਹਨ।

    2002 ਵਿੱਚ ਕੋਨੇਰੂ ਮਹਿਜ਼ 15 ਸਾਲ ਦੀ ਉਮਰ ਵਿੱਚ ਗ੍ਰੈਂਡ ਮਾਸਟਰ ਬਣੇ, ਉਹ ਇਹ ਮਾਣ ਹਾਸਿਲ ਕਰਨ ਵਾਲੇ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਖਿਡਾਰਨ ਹਨ।

    ਕੋਨੇਰੂ ਹੰਪੀ ਪਹਿਲੀ ਭਾਰਤੀ ਖਿਡਾਰਨ ਹੈ ਜਿਸ ਨੇ ਮਰਦਾਂ ਦਾ ਗ੍ਰੈਂਡ ਮਾਸਟਰ ਖਿਤਾਬ ਵੀ ਹਾਸਿਲ ਕੀਤਾ। ਉਨ੍ਹਾਂ ਨੂੰ ਸਾਲ 2003 ਵਿੱਚ ਵੱਕਾਰੀ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ। ਸਾਲ 2007 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

  • ਜਮੁਨਾ ਬੋਰੋ

    ਅਸਾਮਬਾਕਸਿੰਗ

    23 ਸਾਲਾ ਜਮੁਨਾ ਬੋਰੋ, ਅਸਾਮ ਦੇ ਡੋਕਿਆਜੁਲੀ ਕਸਬੇ ਦੇ ਰਹਿਣ ਵਾਲੇ ਇੱਕ ਪੇਸ਼ੇਵਰ ਮੁੱਕੇਬਾਜ਼ ਹਨ। ਜਮੁਨਾ ਨੇ ਆਪਣਾ ਕਰੀਅਰ 52 ਕਿਲੋ ਭਾਰ ਵਰਗ ਕੈਟਾਗਰੀ ਵਿੱਚ ਸ਼ਰੂ ਕੀਤਾ ਅਤੇ 2010 ਵਿੱਚ ਕੌਮੀ ਸੋਨ ਤਗਮਾ ਜਿੱਤਿਆ। ਹੁਣ ਉਹ 57 ਕਿਲੋ ਭਾਰ ਵਰਗ ਕੈਟਾਗਰੀ ਵਿੱਚ ਖੇਡਦੇ ਹਨ।

    2019 ਵਿੱਚ ਜਮੁਨਾ ਬੋਰੋ ਨੇ ਏਆਈਬੀਏ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

    ਜਮੁਨਾ ਨੇ ਉਸੇ ਸਾਲ 2019 ਵਿੱਚ ਹੀ ਇੰਡੀਅਨ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਅਤੇ 23ਵੇਂ ਪ੍ਰੈਜ਼ੀਡੈਂਟ ਕੱਪ ਬਾਕਸਿੰਗ ਇੰਟਰਨੈਸ਼ਨਲ ਓਪਨ ਟੂਰਨਾਮੈਂਟ ਦੋਵਾਂ ਵਿੱਚ ਸੋਨ ਤਗਮੇ ਜਿੱਤੇ ਸਨ।

  • ਈਸ਼ਾ ਸਿੰਘ

    ਤੇਲੰਗਾਨਾਨਿਸ਼ਾਨੇਬਾਜ਼ੀ

    16 ਸਾਲਾ ਨਿਸ਼ਾਨੇਬਾਜ਼, ਈਸ਼ਾ ਸਿੰਘ ਤੇਲੰਗਾਨਾ ਦੇ ਹੈਦਰਾਬਾਦ ਦੇ ਰਹਿਣ ਵਾਲੇ ਹਨ। ਉਹ 10 ਮੀਟਰ ਏਅਰ ਪਿਸਟਲ, 25 ਮੀਟਰ ਸਟੈਂਡਰਡ ਪਿਸਟਲ ਅਤੇ 25 ਮੀਟਰ ਪਿਸਟਲ ਕੈਟਾਗਰੀਆਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    2019 ਵਿੱਚ ਈਸ਼ਾ ਨੇ ਜੂਨੀਅਰ ਵਰਲਡ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸੇ ਸਾਲ ਉਨ੍ਹਾਂ ਨੇ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ।

    2018 ਵਿੱਚ ਮਹਿਜ਼ 13 ਸਾਲ ਦੀ ਉਮਰ ਵਿੱਚ, ਈਸ਼ਾ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਦੇ ਕੌਮੀ ਚੈਂਪੀਅਨ ਬਣ ਗਏ।

  • ਏਲਾਵੇਨਿਲ ਵਲਾਰਿਵਾਨ

    ਤਾਮਿਲਨਾਡੂਨਿਸ਼ਾਨੇਬਾਜ਼ੀ

    21 ਸਾਲਾ ਨਿਸ਼ਾਨੇਬਾਜ਼, ਏਲਾਵੇਨਿਲ ਵਲਾਰਿਵਾਨ ਤਾਮਿਲਨਾਡੂ ਦੇ ਕੁਡਲੋਰ ਤੋਂ ਹਨ ਪਰ ਉਨ੍ਹਾਂ ਦਾ ਪਾਲਣ ਪੋਸ਼ਣ ਗੁਜਰਾਤ ਵਿੱਚ ਹੋਇਆ। ਉਹ 10 ਮੀਟਰ ਏਅਰ ਰਾਈਫ਼ਲ ਕੈਟਾਗਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਏਲਾਵੇੇਨਿਲ ਨੇ 2019 ਦੀ ਆਈਐੱਸਐੱਸਐੱਫ਼ ਵਰਲਡ ਚੈਂਪੀਅਨਸ਼ਿਪ ਵਿੱਚ ਅਤੇ ਵਰਲਡ ਕੱਪ ਵਿੱਚ ਦੋ ਸੋਨ ਤਗਮੇ ਜਿੱਤੇ। ਇਨ੍ਹਾਂ ਜਿੱਤਾਂ ਸਦਕਾ ਉਨ੍ਹਾਂ ਨੂੰ ਆਪਣੀ ਖੇਡ ਵਿੱਚ ਨੰਬਰ ਇੱਕ ਖਿਡਾਰਨ ਦਾ ਦਰਜਾ ਹਾਸਿਲ ਹੋਇਆ।

    ਏਲਾਵੇਨਿਲ ਨੇ ਆਪਣਾ ਪਹਿਲਾ ਕੌਮਾਂਤਰੀ ਤਗਮਾ 2018 ਵਿੱਚ ਜੂਨੀਅਰ ਵਰਲਡ ਕੱਪ ਵਿੱਚ ਸੋਨ ਤਗਮਾ ਜਿੱਤ ਕੇ ਹਾਸਿਲ ਕੀਤਾ ਸੀ। ਉਹ ਟੋਕੀਓ ਉਲੰਪਿਕ ਵਿੱਚ ਖੇਡਣ ਲਈ ਵੀ ਕੁਆਲੀਫ਼ਾਈ ਕਰ ਚੁੱਕੇ ਹਨ।

  • ਏਕਤਾ ਭਿਆਨ

    ਹਰਿਆਣਾਅਥਲੈਟਿਕਸ

    35 ਸਾਲਾ ਪੈਰਾ ਅਥਲੀਟ ਏਕਤਾ ਭਿਆਨ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਹਨ। ਉਹ ਕਲੱਬ ਅਤੇ ਡਿਸਕਸ ਥ੍ਰੋਅ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਏਕਤਾ ਨੇ 2018 ਵਿੱਚ ਏਸ਼ੀਆਈ ਪੈਰਾ ਖੇਡਾਂ ਵਿੱਚ ਕਲੱਬ ਥ੍ਰੋਅ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ 2016, 2017 ਅਤੇ 2018 ਤਿੰਨਾਂ ਸਾਲਾਂ ਦੇ ਨੈਸ਼ਨਲ ਪੈਰਾ ਅਥਲੈਟਿਕ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤੇ।

    ਏਕਤਾ ਨੇੇ ਪੈਰਾ ਉਲੰਪਿਕ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਉਨ੍ਹਾਂ ਨੂੰ ਸਾਲ 2018 ਵਿੱਚ ਨੈਸ਼ਨਲ ਐਵਾਰਡ ਫ਼ਾਰ ਇੰਮਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਅਬਿਲੀਟੀਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।

  • ਦੂਤੀ ਚੰਦ

    ਉਡੀਸ਼ਾਅਥਲੈਟਿਕਸ

    25 ਸਾਲਾ ਤੇਜ਼ ਦੌੜਾਕ, ਦੂਤੀ ਚੰਦ ਉਡੀਸ਼ਾ ਦੇ ਜਜਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ 100 ਮੀਟਰ ਕੈਟਾਗਰੀ ਵਿੱਚ ਹਿੱਸਾ ਲੈਂਦੇ ਹਨ। ਦੂਤੀ ਨੇ 2019 ਵਿੱਚ ਹੋਏ ਵਰਲਡ ਯੂਨੀਵਰਸੀਆਡ ਦੌਰਾਨ 100 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ ਅਤੇ ਇਸ ਖੇਡ ਵਿੱਚ ਕੋਈ ਕੌਮਾਂਤਰੀ ਮੈਡਲ ਹਾਸਿਲ ਕਰਨ ਵਾਲੀ ਪਹਿਲੇ ਭਾਰਤੀ ਖਿਡਾਰਨ ਬਣ ਗਏ।

    ਮੋਜੂਦਾ ਕੌਮੀ ਚੈਂਪੀਅਨ ਦੂਤੀ ਨੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਅਥਲੈਟਿਕਸ ਦੁਆਰਾ ਲਗਾਏ ਗਏ ਹਾਈਪਰਏਂਡ੍ਰੋਜੇਨਿਜ਼ਮ ਦੇ ਇਲਾਜ਼ਾਮਾਂ ਦਾ ਨਾ ਸਿਰਫ਼ ਡੱਟ ਕੇ ਮੁਕਾਲਬਾ ਕੀਤਾ ਬਲਕਿ ਇਸ ਮਾਮਲੇ ਵਿੱਚ ਜਿੱਤ ਵੀ ਹਾਸਿਲ ਕੀਤੀ। ਇਸ ਤੋਂ ਬਾਅਦ ਦੂਤੀ ਨੇ 2016 ਰੀਓ ਉਲੰਪਿਕ ਲਈ ਕੁਆਲੀਫ਼ਾਈ ਕੀਤਾ।

    2019 ਵਿੱਚ ਦੂਤੀ ਨੇ ਇਹ ਗੱਲ ਜੱਗ ਜ਼ਾਹਰ ਕੀਤੀ ਕਿ ਉਹ ਸਮਲਿੰਗਕ ਰਿਸ਼ਤੇ ਵਿੱਚ ਹਨ। ਉਹ ਸਮਲਿੰਗਕ ਸਬੰਧਾ ਨੂੰ ਖੁੱਲ੍ਹ ਕੇ ਸਵਿਕਾਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ।

  • ਦਿਵਿਆ ਕਾਕਰਨ

    ਉੱਤਰ ਪ੍ਰਦੇਸ਼ਕੁਸ਼ਤੀ

    22 ਸਾਲਾ, ਦਿਵਿਆ ਕਾਕਰਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਤੋਂ ਹਨ। ਉਹ ਫ਼ਰੀ ਸਟਾਈਲ ਪਹਿਲਵਾਨ ਹਨ।

    2020 ਵਿੱਚ ਏਸ਼ੀਆਈ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਦਿਵਿਆ 68 ਕਿਲੋ ਵਰਗ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਜਿੱਤਕੇ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਮਹਿਲਾ ਖਿਡਾਰੀ ਬਣੇ।

    2020 ਵਿੱਚ ਹੀ ਦਿਵਿਆ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 2017 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਦਿਵਿਆ ਨੇ ਰਾਸ਼ਟਰਮੰਡਲ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਗਮਾ ਜਿੱਤਿਆ।

  • ਦੀਕਸ਼ਾ ਡਾਗਰ

    ਹਰਿਆਣਾਗੋਲਫ਼

    20 ਸਾਲਾ, ਦੀਕਸ਼ਾ ਡਾਗਰ ਹਰਿਆਣਾ ਦੇ ਝੱਜਰ ਤੋਂ ਹਨ। ਉਹ ਪੇਸ਼ੇਵਰ ਗੋਲਫ਼ ਖਿਡਾਰਨ ਹਨ। 2018 ਵਿੱਚ ਉਹ ਲੇਡੀਜ਼ ਯੂਰਪੀਅਨ ਟੂਰ ਵਿੱਚ ਖ਼ਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਬਣੀ।

    ਦੀਕਸ਼ਾ ਨੂੰ ਜਨਮ ਤੋਂ ਹੀ ਸੁਣਨ ਵਿੱਚ ਸਮੱਸਿਆ ਸੀ। ਆਪਣੀ ਸੁਣਨ ਦੀ ਸਮਰੱਥਾ ਨੂੰ ਵਧਾਉਣ ਲਈ ਦੀਕਸ਼ਾ ਨੂੰ ਕੌਕਲੀਅਰ ਇੰਪਲਾਂਟ ਕਰਵਾਉਣ ਦੇ ਨਾਲ ਨਾਲ ਸਪੀਚ ਥੈਰੇਪੀ ਵੀ ਲੈਣੀ ਪਈ।

    2017 ਵਿੱਚ ਦੀਕਸ਼ਾ ਨੇ ਡੈੱਫ਼ ਉਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਇਹ ਮੈਡਲ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਡਾਗਰ ਖੱਬੇ ਹੱਥ ਨਾਲ ਗੋਲਫ਼ ਖੇਡਣ ਵਾਲੇ ਗਿਣੇ ਚੁਣੇ ਖਿਡਾਰੀਆਂ ਵਿੱਚੋਂ ਇੱਕ ਹੈ।

  • ਸੀਏ ਭਵਾਨੀ ਦੇਵੀ

    ਤਾਮਿਲਨਾਡੂਫ਼ੈਂਸਿੰਗ (ਤਲਵਾਰਬਾਜ਼ੀ)

    27 ਸਾਲਾ ਤਲਵਾਰਬਾਜ਼, ਚੰਦਾਲਾਵੜਾ ਆਨੰਦਾ ਸੁੰਦਰਾਰਮਨ ਭਵਾਨੀ ਦੇਵੀ, ਜਿਨ੍ਹਾਂ ਨੂੰ ਭਵਾਨੀ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤਾਮਿਲਨਾਡੂ ਦੇ ਚੇਨਈ ਦੇ ਰਹਿਣ ਵਾਲੇ ਹਨ। ਉਹ ਤਲਵਾਰਬਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤ ਕੇ ਭਵਾਨੀ ਦੇਵੀ ਤਲਵਾਰਬਾਜ਼ੀ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ।

    ਭਵਾਨੀ ਦੇਵੀ ਨੇ 2015 ਵਿੱਚ ਏਸ਼ੀਆਈ ਚੈਂਪੀਅਨਸ਼ਿਪ ਦੇ ਅੰਡਰ-23 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਤੇ 2014 ਵਿੱਚ ਉਨ੍ਹਾਂ ਨੇ ਇਸੇ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਹ ਕਈ ਹੋਰ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਤਗਮੇ ਜਿੱਤ ਚੁੱਕੇ ਹਨ।

  • ਭਾਵਨਾ ਜਾਟ

    ਰਾਜਸਥਾਨਅਥਲੈਟਿਕਸ

    24 ਸਾਲਾ ਅਥਲੀਟ, ਭਾਵਨਾ ਜਾਟ ਰਾਜਸਥਾਨ ਦੇ ਜ਼ਿਲ੍ਹੇ ਅਜਮੇਰ ਦੇ ਇੱਕ ਪਿੰਡ ਤੋਂ ਹਨ। ਉਹ ਰੇਸਵਾਕਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। 2020 ਦੀ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਕੌਮੀ ਰਿਕਾਰਡ ਵੀ ਬਣਾਇਆ।

    ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਨਾਲ ਉਨ੍ਹਾਂ ਦਾ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣਾ ਵੀ ਪੱਕਾ ਹੋ ਗਿਆ। ਜਾਟ ਨੇ 2016 ਦੀ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

    ਆਪਣੇ ਸ਼ੁਰੂਆਤੀ ਦਿਨਾਂ ਵਿੱਚ ਭਾਵਨਾ ਨੇ ਸਹੂਲਤਾਂ ਦੀ ਘਾਟ ਦਾ ਵੀ ਸਾਹਮਣਾ ਕੀਤਾ। ਉਹ ਟਰੈਫ਼ਿਕ ਤੋਂ ਬਚਣ ਲਈ ਪਿੰਡ ਦੁਆਲੇ ਬਣੇ ਰਾਹ 'ਤੇ ਸਵੇਰੇ ਤੜਕੇ ਅਭਿਆਸ ਕਰਦੇ ਸਨ।

  • ਅਰਚਨਾ ਕਾਮਥ

    ਕਰਨਾਟਕਟੇਬਲ ਟੈਨਿਸ

    20 ਸਾਲਾ ਟੇਬਲ ਟੈਨਿਸ ਖਿਡਾਰਨ, ਅਰਚਨਾ ਗਿਰੀਸ਼ ਕਾਮਥ ਕਰਨਾਟਕ ਦੇ ਬੈਂਗਲੁਰੂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 2019 ਵਿੱਚ ਸੀਨੀਅਰ ਵੂਮੈਨਜ਼ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ ਅਤੇ ਭਾਰਤ ਦੀ ਨੈਸ਼ਨਲ ਟੇਬਲ ਟੈਨਿਸ ਟੀਮ ਵਿੱਚ ਆਪਣੀ ਜਗ੍ਹਾ ਬਣਾਈ।

    ਪਿਛਲੇ ਸਾਲ ਅਰਚਨਾ ਨੇ ਕੌਮਨਵੈਲਥ ਟੇਬਲਟੈਨਿਸ ਚੈਂਪੀਅਨਸ਼ਿਪ ਦੇ ਡਬਲਜ਼ ਮੁਕਾਬਿਲਆਂ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ।

    2018 ਵਿੱਚ ਅਰਚਨਾ ਨੇ ਯੂਥ ਉਲੰਪਿਕ ਲਈ ਕੁਆਲੀਫ਼ਾਈ ਕੀਤਾ ਅਤੇ ਸੈਮੀਫ਼ਾਈਨਲ ਤੱਕ ਪਹੁੰਚ ਕੇ ਚੌਥੇ ਸਥਾਨ 'ਤੇ ਰਹੇ।

  • ਅਪੂਰਵੀ ਚੰਡੇਲਾ

    ਰਾਜਸਥਾਨਨਿਸ਼ਾਨੇਬਾਜ਼ੀ

    28 ਸਾਲਾ ਨਿਸ਼ਾਨੇਬਾਜ਼ ਅਪੂਰਵੀ ਚੰਡੇਲਾ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਹਨ। ਉਹ 10 ਮੀਟਰ ਏਅਰ ਰਾਈਫ਼ਲ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    2019 ਵਿੱਚ ਅਪੂਰਵੀ ਨੇ ਆਈਐੱਸਐੱਸਐੱਫ਼ ਵਰਲਡ ਕੱਪ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ। ਇਸੇ ਸਾਲ ਉਨ੍ਹਾਂ ਦੀ ਟੋਕੀਓ ਉਲੰਪਿਕ ਵਿੱਚ ਵੀ ਜਗ੍ਹਾ ਪੱਕੀ ਹੋ ਗਈ।

    ਅਪੂੂਰਵੀ ਨੇ ਆਪਣਾ ਪਹਿਲਾ ਅਹਿਮ ਕੌਮਾਤਰੀ ਤਗਮਾ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਕੇ ਹਾਸਿਲ ਕੀਤਾ। ਉਨ੍ਹਾਂ ਨੇ 2015 ਦੇ ਵਰਲਡ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਚੰਡੇਲਾ ਨੂੰ 2016 ਵਿੱਚ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

  • ਅਨੂੰ ਰਾਣੀ

    ਉੱਤਰ ਪ੍ਰਦੇਸ਼ਅਥਲੈਟਿਕਸ

    28 ਸਾਲਾ ਅਥਲੀਟ ਅਨੂੰ ਰਾਣੀ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹਨ। ਉਹ ਜੈਵਲਿਨ ਥ੍ਰੋਅ (ਭਾਲਾ ਸੁੱਟਣ) ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸਾਲ 2019 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਅਨੂੰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ।

    2017 ਵਿੱਚ ਅਨੂੰ ਰਾਣੀ ਨੇ ਇਸੇ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਵਿੱਚ ਭਾਲਾ ਸੁੱਟਣ ਦਾ ਕੌਮੀ ਰਿਕਾਰਡ ਉਨ੍ਹਾਂ ਦੇ ਨਾਮ ਹੈ। ਬਚਪਨ ਵਿੱਚ ਅਨੂੰ ਦੇ ਮਾਤਾ ਪਿਤਾ ਕੋਲ ਉਨ੍ਹਾਂ ਨੂੰ ਅਭਿਆਸ ਲਈ ਇੱਕ ਚੰਗਾ ਭਾਲਾ ਖਰੀਦਕੇ ਦੇਣ ਲਈ ਲੋੜੀਂਦੇ ਵਸੀਲੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਲਈ ਬਾਂਸ ਦਾ ਇੱਕ ਭਾਲਾ ਬਣਾਇਆ ਸੀ।

  • ਅੰਕਿਤਾ ਰੈਣਾ

    ਗੁਜਰਾਤਟੈਨਿਸ

    28 ਸਾਲਾ ਅੰਕਿਤਾ ਰਵਿੰਦਰਕ੍ਰਿਸ਼ਨ ਰੈਣਾ ਗੁਜਰਾਤ ਦੇ ਅਹਿਮਦਾਬਾਦ ਤੋਂ ਹਨ। ਰੈਣਾ ਇੱਕ ਪੇਸ਼ੇਵਰ ਟੈਨਿਸ ਖਿਡਾਰਨ ਹੈ। ਉਹ ਭਾਰਤ ਦੀ ਮਹਿਲਾ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਨਗੀਆਂ ਵਿੱਚ ਮੌਜੂਦਾ ਪਹਿਲੇ ਨੰਬਰ ਦੀ ਖਿਡਾਰਨ ਹੈ।

    2018 ਵਿੱਚ ਅੰਕਿਤਾ ਨੇ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਜਿੱਤ ਨਾਲ ਸਾਨੀਆ ਮਿਰਜ਼ਾ ਤੋਂ ਬਾਅਦ ਉਹ ਦੂਸਰੀ ਭਾਰਤੀ ਖਿਡਾਰਨ ਬਣ ਗਈ ਜਿਸ ਨੇ ਏਸ਼ੀਆਈ ਖੇਡਾਂ ਵਿੱਚ ਸਿੰਗਲਜ਼ ਮੁਕਾਬਲਿਆਂ ਵਿੱਚ ਕੋਈ ਤਗਮਾ ਜਿੱਤਿਆ ਹੋਵੇ।

    2018 ਵਿੱਚ ਹੀ ਅੰਕਿਤਾ ਨੇ ਵਿਸ਼ਵ ਦੀਆਂ ਚੋਟੀ ਦੀਆਂ 200 ਵੂਮੈਨਜ਼ ਸਿੰਗਲ ਟੇਬਲ ਟੈਨਿਸ ਖਿਡਾਰਨਾਂ ਦੀ ਰੈਂਕਿੰਗ ਵਿੱਚ ਆਪਣੀ ਜਗ੍ਹਾ ਬਣਾਈ। ਇਹ ਦਰਜਾ ਹਾਸਿਲ ਕਰਨ ਵਾਲੀ ਉਹ ਪੰਜਵੀਂ ਭਾਰਤੀ ਖਿਡਾਰਨ ਹੈ।

  • ਅਨੀਤਾ ਦੇਵੀ

    ਹਰਿਆਣਾਨਿਸ਼ਾਨੇਬਾਜ਼ੀ

    36 ਸਾਲਾ ਨਿਸ਼ਾਨੇਬਾਜ਼, ਅਨੀਤਾ ਦੇਵੀ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਤੋਂ ਹਨ। ਉਹ 10 ਮੀਟਰ ਅਤੇ 25 ਮੀਟਰ ਏਅਰ ਪਿਸਟਲ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ।

    ਸਾਲ 2016 ਵਿੱਚ ਹੋਏ ਕੌਮਾਂਤਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਕੈਟਾਗਰੀ ਵਿੱਚ ਚਾਂਦੀ ਦਾ ਤਗਮਾ ਅਤੇ 25 ਮੀਟਰ ਏਅਰ ਪਿਸਟਲ ਕੈਟਾਗਰੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

    ਦੇਵੀ ਨੇ 2015 ਦੀਆਂ ਨੈਸ਼ਨਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ 2013 ਦੀ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਹੁਣ ਉਨ੍ਹਾਂ ਦਾ ਬੇਟਾ ਖੇਡ ਦੀ ਸਿਖਲਾਈ ਲੈ ਰਿਹਾ ਹੈ।

  • ਐਸ਼ਵਰਿਆ ਪਿਸੇ

    ਕਰਨਾਟਕਮੋਟਰਸਪੋਰਟ

    25 ਸਾਲਾ ਮੋਟਰਸਾਈਕਲ ਰੇਸਰ, ਐਸ਼ਵਰਿਆ ਪਿਸੇ ਬੈਂਗਲੁਰੂ ਤੋਂ ਹਨ। ਉਹ ਐੱਫ਼ਆਈਐੱਮ ਵਰਲਡ ਕੱਪ ਜਿੱਤਕੇ ਮੋਟਰਸਪੋਰਟਸ ਵਿੱਚ ਕੋਈ ਕੌਮਾਂਤਰੀ ਖ਼ਿਤਾਬ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ।

    ਪਿਸੇੇ ਨੂੰ ਫ਼ੈਡਰੇਸ਼ਨ ਆਫ਼ ਮੋਟਰਸਪੋਰਟਸ ਕਲੱਬਜ਼ ਆਫ਼ ਇੰਡੀਆ ਵਲੋਂ 2016, 2017 ਅਤੇ 2019 ਵਿੱਚ ਆਉਟਸਟੈਂਡਿੰਗ ਵੂਮੈਨ ਇੰਨ ਮੋਟਰਸਪੋਰਟਸ ਐਵਾਰਡ ਦਿੱਤਾ ਗਿਆ।

    ਉਨ੍ਹਾਂ ਨੇ ਨੈਸ਼ਨਲ ਰੋਡ ਰੇਸਿੰਗ ਅਤੇ ਰੈਲੀ ਚੈਂਪੀਅਨਸ਼ਿਪਾਂ ਵਿੱਚ ਛੇ ਖ਼ਿਤਾਬ ਜਿੱਤੇ ਹਨ।

  • ਅਦਿਤੀ ਅਸ਼ੋਕ

    ਕਰਨਾਟਕਗੋਲਫ਼

    22 ਸਾਲਾ ਗੋਲਫ਼ ਖਿਡਾਰਨ, ਅਦਿਤੀ ਅਸ਼ੋਕ, ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਹੈ। ਸਾਲ 2016 ਵਿੱਚ ਉਹ ਲੇਡੀਜ਼ ਯੂਰਪੀਅਨ ਟੂਰ ਜਿੱਤਣ ਵਾਲੀ ਪਹਿਲੀ ਭਾਰਤੀ ਗੋਲਫ਼ਰ ਬਣੀ ਅਤੇ ਉਸ ਨੂੰ 'ਰੁਕੀ ਆਫ਼ ਦਿ ਈਅਰ' ਨਾਮ ਦਿੱਤਾ ਗਿਆ।

    18 ਸਾਲ ਦੀ ਉਮਰ ਵਿੱਚ 2016 ਦੇ ਰੀਓ ਉਲੰਪਿਕ ਵਿੱਚ ਹਿੱਸਾ ਲੈ ਕੇ ਇਸ ਖੇਡ ਦੇ ਕਿਸੇ ਕੌਮਾਂਤਰੀ ਮੁਕਾਲਬੇ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਅਤੇ ਸਭ ਤੋਂ ਛੋਟੀ ਉਮਰ ਦੀ ਗੋਲਫ਼ਰ ਬਣੀ।

    ਸਾਲ 2017 ਵਿੱਚ ਉਹ ਲੇਡੀਜ਼ ਗੋਲਫ਼ ਐਸੋਸੀਏਸ਼ਨ ਟੂਰ ਕਾਰਡ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਬਣੀ।

ਬੀਬੀਸੀ ਨੇ ਪਾਇਆ ਹੈ ਕਿ ਜਨਤਕ ਹਸਤੀਆਂ ਦੇ ਬਾਰੇ ’ਚ ਜਾਣਕਾਰੀ ਪ੍ਰਾਪਤ ਕਰਨ ਲਈ ਬੇਹਤਰ ਮਾਧਿਅਮ ਵਿਕੀਪੀਡੀਆ ਵਿੱਚ ਇਨ੍ਹਾਂ ਮਹਿਲਾ ਖਿਡਾਰੀਆਂ ਦੇ ਬਾਰੇ ’ਚ ਭਾਰਤੀ ਭਾਸ਼ਾਵਾਂ ’ਚ ਜਾਣਕਾਰੀ ਉਪਲਬਧ ਨਹੀਂ ਸੀ।

ਦੇਸ ਭਰ ਦੀਆਂ 12 ਸੰਸਥਾਵਾਂ ਦੇ 300 ਪੱਤਰਕਾਰਤਾ ਦੇ ਵਿਦਿਆਰਥੀਆਂ ਦੀ ਸਾਂਝੇਦਾਰੀ ਨਾਲ, 50 ਭਾਰਤੀ ਖਿਡਾਰਨਾਂ ਜਿਨ੍ਹਾਂ ਦੇ ਵੇਰਵੇ ਵਿਕੀਪੀਡੀਆ 'ਤੇ ਮੌਜੂਦ ਨਹੀਂ ਸਨ ਨੂੰ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਤੇਲੁਗੂ, ਤਾਮਿਲ ਅਤੇ ਅੰਗਰੇਜ਼ੀ ਵਿੱਚ ਇਸ ਮਾਧਿਅਮ 'ਤੇ ਦਰਜ ਕਰਵਾਇਆ ਗਿਆ। ਇਹ ਹੈ ਇਸਦਾ ਸਨੈਪਸ਼ੌਟ।

50 ਖਿਡਾਰਨਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਗਈ?

ਬੀਬੀਸੀ ਨੇ 50 ਭਾਰਤੀ ਖਿਡਾਰਨਾਂ ਦੀ ਚੋਣ 40 ਮੈਂਬਰੀ ਜਿਊਰੀ ਦੀ ਮਦਦ ਨਾਲ ਕੀਤੀ ਜਿਸ ਵਿੱਚ ਭਾਰਤ ਭਰ ਤੋਂ ਖੇਡ ਪੱਤਰਕਾਰ, ਕੁਮੈਂਟੇਟਰ ਅਤੇ ਲੇਖਕ ਸ਼ਾਮਿਲ ਸਨ।

ਉਨ੍ਹਾਂ ਨੇ ਖਿਡਾਰਨਾਂ ਦੇ 2019 ਅਤੇ 2020 ਦੇ ਪ੍ਰਦਰਸ਼ਨ ਦੇ ਆਧਾਰ 'ਤੇ ਆਪਣੇ ਵਲੋਂ ਸਿਫ਼ਾਰਸ਼ਾਂ ਕੀਤੀਆਂ। ਖਿਡਾਰਨਾਂ ਦੇ ਨਾਮ ਅੰਗਰੇਜ਼ੀ ਅੱਖਰ ਸਾਰਣੀ ਮੁਤਾਬਕ ਦਰਜ ਕੀਤੇ ਗਏ ਹਨ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)