ਕੈਨੇਡਾ ਦੇ ਇਤਿਹਾਸ ਦੀ 'ਸਭ ਤੋਂ ਵੱਡੀ ਸੋਨੇ ਦੀ ਲੁੱਟ' 'ਚ ਹੋਈ ਅਹਿਮ ਗ੍ਰਿਫ਼ਤਾਰੀ ਪਰ ਜਾਣੋ ਅਜੇ ਕਿਹੜੇ ਪੰਜਾਬੀ ਦੀ ਭਾਲ ਕਰ ਰਹੀ ਹੈ ਪੁਲਿਸ

ਪੀਲ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਜ਼ਮ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Peel Regional Police

ਤਸਵੀਰ ਕੈਪਸ਼ਨ, ਪੁਲਿਸ ਨੇ ਫ਼ਰਾਰ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਅਰਸਲਾਨ ਚੌਧਰੀ ਵਜੋਂ ਹੋਈ

17 ਅਪ੍ਰੈਲ 2023 ਨੂੰ ਟੋਰਾਂਟੋ ਦੇ ਪੀਅਰ ਕੌਮਾਂਤਰੀ ਹਵਾਈ ਅੱਡੇ ਦੇ ਕਾਰਗੋ ਸੈਕਸ਼ਨ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਚੋਰੀ ਹੋਈ ਸੀ, ਕਰੀਬ ਚਾਰ ਕੁਇੰਟਲ ਸੋਨੇ ਅਤੇ 2.5 ਮਿਲੀਅਨ ਕੈਨੇਡੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਅਹਿਮ ਗ੍ਰਿਫ਼ਤਾਰੀ ਕੀਤੀ ਹੈ।

ਪੀਲ ਪੁਲਿਸ ਨੇ ਫ਼ਰਾਰ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਅਰਸਲਾਨ ਚੌਧਰੀ ਵਜੋਂ ਹੋਈ ਹੈ।

ਪੀਲ ਪੁਲਿਸ ਨੇ ਪ੍ਰੈਸ ਨੋਟ ਰਾਹੀਂ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ 43 ਸਾਲਾ ਅਰਸਲਾਨ ਚੌਧਰੀ ਦਾ ਕੋਈ ਸਥਿਰ ਪਤਾ ਨਹੀਂ ਹੈ ਅਤੇ ਉਸ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਦੁਬਈ ਤੋਂ ਇੱਥੇ ਪਹੁੰਚਿਆ ਸੀ।

ਚੌਧਰੀ ਉੱਤੇ 5000 ਡਾਲਰ ਤੋਂ ਵੱਧ ਦੀ ਚੋਰੀ, ਅਪਰਾਧ ਨਾਲ ਪ੍ਰਾਪਤ ਜਾਇਦਾਦ ਉੱਤੇ ਕਬਜ਼ਾ ਅਤੇ ਗੰਭੀਰ ਅਪਰਾਧ ਕਰਨ ਦੀ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਯਾਦ ਰਹੇ ਕਿ ਇਸ ਚੋਰੀ ਵਿੱਚ ਭਾਰਤੀ ਮੂਲ ਦੇ ਕੈਨੇਡੀਅਨ ਨਾਗਿਰਕ ਉੱਤੇ ਵੀ ਇਲਜ਼ਾਮ ਹਨ।

ਪੀਲ ਪੁਲਿਸ ਨੇ ਬਿਆਨ ਵਿੱਚ ਆਖਿਆ ਹੈ ਕਿ ਹੁਣ ਤੱਕ ਪੁਲਿਸ ਨੇ ਚੋਰੀ ਨਾਲ ਜੁੜੇ ਦਸ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਉੱਤੇ 21 ਤੋਂ ਵੱਧ ਇਲਜ਼ਾਮ ਲਗਾਏ ਗਏ ਹਨ ਅਤੇ ਦੋ ਵਿਅਕਤੀ ਅਜੇ ਵੀ ਫ਼ਰਾਰ ਹਨ ਜਿੰਨਾ ਵਿੱਚੋਂ ਇੱਕ ਪੰਜਾਬੀ ਮੂਲ ਦਾ ਨੌਜਵਾਨ ਹੈ। ਪੀਲ ਪੁਲਿਸ ਨੇ ਚੋਰੀ ਹੋਏ ਸੋਨੇ ਦੀ ਭਾਲ ਵਿੱਚ ਬਕਾਇਦਾ ਅਪਰੇਸ਼ਨ 24 ਕੈਰੇਟ 2023 ਤੋਂ ਸ਼ੁਰੂ ਕੀਤਾ ਹੋਇਆ ਹੈ।

ਮੁਲਜ਼ਮਾਂ ਦੀ ਜਾਰੀ ਕੀਤੀ ਗਈ ਤਸਵੀਰ

ਤਸਵੀਰ ਸਰੋਤ, Peel Regional Police

ਤਸਵੀਰ ਕੈਪਸ਼ਨ, ਚੌਧਰੀ ਉੱਤੇ 5000 ਡਾਲਰ ਤੋਂ ਵੱਧ ਦੀ ਚੋਰੀ ਸਣੇ ਗੰਭੀਰ ਅਪਰਾਧ ਦੀ ਸਾਜਿਸ਼ ਰਚਣ ਤਹਿਤ ਕੇਸ ਦਰਜ ਕੀਤਾ ਗਿਆ

ਫ਼ਿਲਮੀ ਅੰਦਾਜ਼ ਵਿੱਚ ਹੋਈ ਸੀ ਚੋਰੀ

ਕੈਨੇਡਾ ਪੁਲਿਸ ਨੇ ਦੇਸ਼ ਦੇ ਇਤਿਹਾਸ ਵਿੱਚ ਇਸ ਨੂੰ ਵੱਡੀਆਂ ਚੋਰੀਆਂ ਵਿੱਚੋਂ ਇੱਕ ਦੱਸਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਕੈਨੇਡਾ ਦੇ ਪੀਲ ਖੇਤਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਸੀ।

ਪੀਲ ਪੁਲਿਸ ਮੁਤਾਬਕ 17 ਅਪ੍ਰੈਲ 2023 ਨੂੰ ਕੈਨੇਡਾ ਦੀ ਇੱਕ ਨਿੱਜੀ ਕੰਪਨੀ ਨੇ ਇਹ ਸੋਨਾ ਅਤੇ ਨਗਦੀ ਹਵਾਈ ਅੱਡੇ ਤੋਂ ਲੈ ਕੇ ਜਾਣਾ ਸੀ।

ਪੁਲਿਸ ਮੁਤਾਬਕ ਜਿਉਂ ਹੀ ਇੱਕ ਕਾਰਗੋ ਜਹਾਜ਼ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸ਼ੁੱਧ ਸੋਨਾ ਜਿਸਦਾ ਵਜ਼ਨ ਚਾਰ ਕੁਇੰਟਲ ਸੀ, ਅਤੇ ਕਰੀਬ 25 ਲੱਖ ਦੀ ਵਿਦੇਸ਼ੀ ਕਰੰਸੀ ਕਾਰਗੋ ਜਹਾਜ਼ ਰਾਹੀਂ ਟੋਰਾਂਟੋ ਪੀਅਰਸਨ ਹਵਾਈ ਅੱਡੇ ਉੱਤੇ ਪਹੁੰਚੀ ਤਾਂ ਕਾਰਗੋ ਕੰਪਾਊਡ ਤੋਂ ਇਸ ਨੂੰ ਚੋਰੀ ਕਰ ਲਿਆ ਗਿਆ।

ਪੁਲਿਸ ਮੁਤਾਬਕ ਇੱਕ ਬੰਦਾ ਟਰੱਕ ਲੈ ਕੇ ਹਵਾਈ ਅੱਡੇ ਦੇ ਕਾਰਗੋ ਇਲਾਕੇ ਵਿੱਚ ਪਹੁੰਚਿਆ ਅਤੇ ਉਸ ਨੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਏਅਰਵੇਜ਼ ਬਿਲ ਦਿਖਾਏ। ਏਅਰਵੇਜ਼ ਬਿਲ ਇੱਕ ਦਸਤਾਵੇਜ਼ ਹੁੰਦਾ ਹੈ ਜੋ ਕੋਰੀਅਰ ਕੰਪਨੀ ਵੱਲੋਂ ਖੇਪ ਦੇ ਵੇਰਵਿਆਂ ਸਮੇਤ ਜਾਰੀ ਕੀਤਾ ਜਾਂਦਾ ਹੈ।

ਅਧਿਕਾਰੀਆਂ ਨੇ ਬਿਲ ਦੇ ਆਧਾਰ ਉੱਤੇ ਸਾਰਾ ਸੋਨਾ ਅਤੇ ਨਗਦੀ ਟਰੱਕ ਵਿੱਚ ਲੱਦ ਦਿੱਤੀ ਅਤੇ ਡਰਾਈਵਰ ਟਰੱਕ ਲੈ ਕੇ ਕੰਪਾਊਡ ਤੋਂ ਬਾਹਰ ਨਿਕਲ ਗਿਆ।

ਪੁਲਿਸ ਨੂੰ ਬਾਅਦ ਵਿੱਚ ਜਾਂਚ ਤੋਂ ਪਤਾ ਲੱਗਿਆ ਕਿ ਡਰਾਈਵਰ ਵੱਲੋਂ ਦਿਖਾਇਆ ਗਿਆ ਬਿਲ ਨਕਲੀ ਸੀ।

 ਇਸ ਟਰੱਕ ਸੋਨਾ ਅਤੇ ਨਗਦੀ ਲੱਦੀ ਗਈ

ਤਸਵੀਰ ਸਰੋਤ, Peel Regional Police/YT

ਤਸਵੀਰ ਕੈਪਸ਼ਨ, ਸੋਨਾ ਅਤੇ ਨਗਦੀ ਇਸ ਟਰੱਕ ਵਿੱਚ ਲੋਡ ਕਰਕੇ ਏਅਰਪੋਰਟ ਤੋਂ ਬਾਹਰ ਲਿਆਂਦੀ ਗਈ ਸੀ (ਪੁਰਾਣੀ ਤਸਵੀਰ)

ਕਿੱਥੇ ਗਿਆ ਚੋਰੀ ਹੋਇਆ ਸੋਨਾ

ਪੀਲ ਪੁਲਿਸ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਜਾਂਚ ਲਈ ਪ੍ਰੋਜੈਕਟ 24 ਕੇ ਸ਼ੁਰੂ ਕੀਤਾ ਹੋਇਆ ਹੈ ਅਤੇ ਮਾਮਲੇ ਵਿੱਚ ਦੋ ਵਿਅਕਤੀ ਅਜੇ ਵੀ ਫ਼ਰਾਰ ਹਨ। ਵੈਸੇ ਕੈਨੇਡਾ ਪੁਲਿਸ ਨੇ ਚੋਰੀ ਹੋਏ ਸੋਨੇ ਵਿੱਚੋਂ ਕੁਝ ਹਿੱਸਾ ਹੀ ਬਰਾਮਦ ਕੀਤਾ ਹੈ।

ਕੈਨੇਡੀਅਨ ਮੀਡੀਆ ਦੀ ਰਿਪੋਰਟਾਂ ਮੁਤਾਬਕ ਚੋਰੀ ਹੋਏ ਸੋਨੇ ਵਿੱਚ ਕੁਝ ਪਿਘਲਾਇਆ ਜਾ ਚੁੱਕਾ ਹੈ ਅਤੇ ਕੁਝ ਕੈਨੇਡਾ ਤੋਂ ਬਾਹਰ ਜਾ ਚੁੱਕਾ ਹੈ ਜਿਸ ਨੂੰ ਲੱਭਣਾ ਫ਼ਿਲਹਾਲ ਪੀਲ ਪੁਲਿਸ ਲਈ ਕਾਫ਼ੀ ਔਖਾ ਹੈ।

ਅਰਸਲਾਨ ਚੌਧਰੀ ਦੀ ਤਾਜ਼ਾ ਗ੍ਰਿਫਤਾਰੀ ਤੋਂ ਬਾਅਦ ਵੀ ਕੋਈ ਵੱਡੀ ਰਕਮ ਵਾਪਸ ਨਹੀਂ ਮਿਲੀ ਹੈ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਜਿਹੜੇ ਦੋ ਵਿਅਕਤੀਆਂ ਦੀ ਪੁਲਿਸ ਨੂੰ ਭਾਲ ਹੈ ਉਹਨਾਂ ਵਿਚੋਂ ਇੱਕ ਪੰਜਾਬੀ ਮੂਲ ਦਾ 33 ਸਾਲਾ ਨੌਜਵਾਨ ਸਿਮਰਨ ਪ੍ਰੀਤ ਪਨੇਸਰ ਅਤੇ ਇੱਕ ਹੋਰ 36 ਸਾਲਾ ਪ੍ਰਸਾਥ ਪਰਮਲਿੰਗਮ ਹੈ ਅਤੇ ਦੋਵਾਂ ਦਾ ਸਬੰਧ ਬਰੈਂਪਟਨ ਨਾਲ ਹੈ।

ਪੀਲ ਪੁਲਿਸ ਦਾ ਖ਼ਦਸ਼ਾ ਹੈ ਕਿ ਸਿਮਰਨ ਪ੍ਰੀਤ ਪਨੇਸਰ ਇਸ ਸਮੇਂ ਭਾਰਤ ਦੇ ਪੰਜਾਬ ਸੂਬੇ ਵਿੱਚ ਰਹਿ ਰਿਹਾ ਹੈ। ਪੁਲਿਸ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਸਿਮਰਨ ਪ੍ਰੀਤ ਸਿੰਘ ਪਨੇਸਰ ਏਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਹੈ ਅਤੇ ਇਸ ਚੋਰੀ ਵਿੱਚ ਉਸ ਦਾ ਵੀ ਵੱਡਾ ਹੱਥ ਸੀ। ਪੀਲ ਪੁਲਿਸ ਮੁਤਾਬਕ ਜਿਸ ਕਾਰਗੋ ਸੈਕਸ਼ਨ ਵਿਚੋਂ ਸੋਨਾ ਅਤੇ ਨਕਦੀ ਚੋਰੀ ਹੋਈ ਸੀ ਪਨੇਸਰ ਉੱਥੇ ਮੈਨੇਜਰ ਸੀ ਅਤੇ ਚੋਰੀ ਦੀ ਵਾਰਦਾਤ ਤੋਂ ਬਾਅਦ ਉਹ ਕੈਨੇਡਾ ਤੋਂ ਫ਼ਰਾਰ ਹੋ ਗਿਆ ਸੀ ਅਤੇ ਜਿਸ ਦੀ ਭਾਲ ਅਜੇ ਤੱਕ ਜਾਰੀ ਹੈ।

54 ਸਾਲਾ ਬਰੈਂਪਟਨ ਵਾਸੀ ਪਰਮਪਾਲ ਸਿੱਧੂ (54), ਜੋ ਕਿ ਕਾਰਗੋ ਸੈਕਸ਼ਨ ਵਿੱਚ ਕੰਮ ਕਰਦੇ ਸੀ, ਉਸ ਨੂੰ ਚੋਰੀ ਦੀ ਵਾਰਦਾਤ ਤੋਂ ਕੁਝ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਪੀਲ ਪੁਲਿਸ

ਤਸਵੀਰ ਸਰੋਤ, Richard Lautens/Toronto Star via Getty Images

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਪੰਜਾਬੀ ਮੂਲ ਦੇ ਸਿਮਰਨ ਪ੍ਰੀਤ ਪਨੇਸਰ ਅਤੇ ਪ੍ਰਸਾਥ ਪਰਮਲਿੰਗਮ ਦੀ ਪੁਲਿਸ ਭਾਲ ਕਰ ਰਹੀ ਹੈ(ਪੁਰਾਣੀ ਤਸਵੀਰ)

ਸਦੀ ਦੀ ਸਭ ਤੋਂ ਵੱਡੀ ਡਿਕੈਤੀ

ਲੰਡਨ ਦੇ ਹੀਥਰੋ ਏਅਰਪੋਰਟ ਦੇ ਨੇੜੇ ਸਥਿਤ ਬ੍ਰਿੰਕਸ-ਮੈਟ ਡਿਪੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਡਨ ਦੇ ਹੀਥਰੋ ਏਅਰਪੋਰਟ ਦੇ ਨੇੜੇ ਸਥਿਤ ਬ੍ਰਿੰਕਸ-ਮੈਟ ਡਿਪੋ ਉੱਤੇ ਹੋਈ ਡਿਕੈਤੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸੋਨੇ ਦੀਆਂ ਡਕੈਤੀਆਂ ਵਿੱਚੋਂ ਇੱਕ ਸੀ।

ਬੀਬੀਸੀ ਪੱਤਰਕਾਰ ਨਾਦੀਨ ਯੂਸਿਫ ਦੀ ਸਾਲ 2023 ਦੀ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਸੋਨੇ ਦੀਆਂ ਚੋਰੀਆਂ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ ਪਰ ਕੋਈ ਵੀ ਚੋਰੀ ਯੂਕੇ ਵਿੱਚ "ਸਦੀ ਦੇ ਅਪਰਾਧ" ਵਜੋਂ ਜਾਣੀ ਜਾਣ ਵਾਲੀ ਉਸ ਘਟਨਾ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਦੀ, ਜਿਸ ਵਿੱਚ ਨਵੰਬਰ 1983 ਵਿੱਚ ਸੋਨੇ ਦੀਆਂ ਇੱਟਾਂ ਦੀ ਚੋਰੀ ਹੋਈ ਸੀ। ਉਸ ਸਮੇਂ ਇਸ ਦੀ ਕੀਮਤ 2.6 ਕਰੋੜ ਪੌਂਡ ਸੀ।

ਮੌਜੂਦਾ ਕਰੰਸੀ ਦੇ ਹਿਸਾਬ ਨਾਲ ਇਹ ਰਕਮ ਲਗਭਗ 11.2 ਕਰੋੜ ਪੌਂਡ ਜਾਂ 18.8 ਕਰੋੜ ਕੈਨੇਡੀਅਨ ਡਾਲਰ ਦੇ ਬਰਾਬਰ ਹੈ।

ਇਹ ਲੁੱਟ ਉਦੋਂ ਹੋਈ ਜਦੋਂ ਛੇ ਹਥਿਆਰਬੰਦ ਵਿਅਕਤੀ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਨੇੜੇ ਬ੍ਰਿੰਕਸ-ਮੈਟ ਡਿਪੋ ਵਿੱਚ ਦਾਖ਼ਲ ਹੋਏ। ਉਨ੍ਹਾਂ ਦੀ ਮਦਦ ਇੱਕ ਸੁਰੱਖਿਆ ਗਾਰਡ ਨੇ ਕੀਤੀ ਸੀ ਜੋ ਇਸ ਚੋਰੀ ਵਿੱਚ ਸ਼ਾਮਲ ਸੀ।

ਉਨ੍ਹਾਂ ਨੂੰ ਉਮੀਦ ਸੀ ਕਿ ਉੱਥੇ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਮਿਲੇਗੀ। ਇਸ ਦੀ ਬਜਾਏ, ਉਨ੍ਹਾਂ ਦੇ ਹੱਥ ਕੀਮਤੀ ਸੋਨਾ, ਹੀਰੇ ਅਤੇ ਨਕਦੀ ਲੱਗ ਗਈ।

ਇਸ ਚੋਰੀ ਤੋਂ ਬਾਅਦ ਪੁਲਿਸ ਨੂੰ ਸ਼ਾਮਲ ਸਾਰੇ ਲੋਕਾਂ ਨੂੰ ਲੱਭਣ ਲਈ ਲੰਬੀ ਭੱਜ-ਦੌੜ ਕਰਨੀ ਪਈ, ਕਿਉਂਕਿ ਅਪਰਾਧੀਆਂ ਨੇ ਸੋਨੇ ਨੂੰ ਨਕਦੀ ਵਿੱਚ ਬਦਲਣ ਲਈ ਹੋਰ ਲੋਕਾਂ ਦੀ ਮਦਦ ਲਈ ਸੀ।

ਸਾਲਾਂ ਦੌਰਾਨ ਹੋਏ ਕਈ ਕਤਲਾਂ ਅਤੇ ਕੁਝ ਖੁਦਕੁਸ਼ੀਆਂ ਨੂੰ ਵੀ ਇਸੇ ਲੁੱਟ ਨਾਲ ਜੋੜ ਕੇ ਦੇਖਿਆ ਗਿਆ ਹੈ। ਬਹੁਤਾ ਸੋਨਾ ਕਦੇ ਵੀ ਬਰਾਮਦ ਨਹੀਂ ਹੋ ਸਕਿਆ ਅਤੇ ਅਸਲ ਛੇ ਮੁਲਜ਼ਮਾਂ ਵਿੱਚੋਂ ਚਾਰ ਨੂੰ ਕਦੇ ਸਜ਼ਾ ਨਹੀਂ ਹੋਈ।

ਇਹ ਲੁੱਟ ਉਸ ਸਮੇਂ ਵਿਸ਼ਵ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੁੱਟਾਂ ਵਿੱਚੋਂ ਇੱਕ ਸੀ ਅਤੇ ਇਸ ਦਾ ਬ੍ਰਿਟਿਸ਼ ਜਨਤਾ ਅਤੇ ਪੁਲਿਸ ਦੋਵਾਂ 'ਤੇ ਸਥਾਈ ਪ੍ਰਭਾਵ ਪਿਆ।

ਇਸ ਲੁੱਟ ਅਤੇ ਇਸ ਦੇ ਨਤੀਜਿਆਂ ਨੂੰ ਦਰਸਾਉਣ ਵਾਲੇ ਇੱਕ ਬੀਬੀਸੀ ਟੀਵੀ ਡਰਾਮੇ ਵਿੱਚ ਕਿਹਾ ਗਿਆ ਸੀ ਕਿ "ਜੇਕਰ ਤੁਸੀਂ 1984 ਤੋਂ ਬਾਅਦ ਬ੍ਰਿਟੇਨ ਵਿੱਚ ਸੋਨੇ ਦੇ ਗਹਿਣੇ ਖਰੀਦੇ ਹਨ ਤਾਂ ਸੰਭਾਵਨਾ ਹੈ ਕਿ ਉਨ੍ਹਾਂ ਵਿੱਚ ਬ੍ਰਿੰਕਸ-ਮੈਟ ਸੋਨੇ ਦੇ ਅੰਸ਼ ਸ਼ਾਮਲ ਹੋਣਗੇ।"

(ਨਾਦੀਨ ਯੂਸਿਫ ਬੀਬੀਸੀ ਨਿਊਜ਼ ਟੋਰਾਂਟੋ ਦੇ ਸੀਨੀਆਰ ਪੱਤਰਕਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)