ਕੌਣ ਸੀ ਰਾਣਾ ਬਲਾਚੌਰੀਆ, ਮੂਸੇਵਾਲਾ ਦੇ ਕਤਲ ਕੇਸ 'ਚ ਉਸ ਦੀ ਸ਼ਮੂਲੀਅਤ ਦੇ ਦਾਅਵਿਆਂ ਬਾਰੇ ਪੁਲਿਸ ਕੀ ਕਹਿੰਦੀ

ਤਸਵੀਰ ਸਰੋਤ, Insta/ranabalachaur777
15 ਦਸੰਬਰ ਸ਼ਾਮ ਨੂੰ ਮੁਹਾਲੀ ਦੇ ਸੋਹਾਣਾ ਵਿੱਚ ਟੂਰਨਾਮੈਂਟ ਦੌਰਾਨ ਮਾਰੇ ਗਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਾਤਲਾਂ ਅਤੇ ਕਤਲ ਦੇ ਕਾਰਨਾਂ ਬਾਰੇ ਪੁਲਿਸ ਨੇ ਅਹਿਮ ਦਾਅਵੇ ਕੀਤੇ ਹਨ।
ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ, "ਇਹ ਕਤਲ ਕਬੱਡੀ ਨੂੰ ਕਾਬੂ ਕਰਨ ਅਤੇ ਇਸ ਉੱਤੇ ਦਬਦਬੇ ਨਾਲ ਜੁੜਿਆ ਹੋਇਆ ਹੈ, ਇਸ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜਿਆ ਕੋਈ ਐਂਗਲ ਨਹੀਂ ਹੈ।"
ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਘੁੰਮ ਰਹੀ ਸੀ ਜਿਸ ਵਿੱਚ ਇੱਕ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।
ਐੱਸਐੱਸਪੀ ਹਰਮਨਦੀਪ ਸਿੰਘ ਨੇ ਕਿਹਾ, "ਹੁਣ ਤੱਕ ਸਪਸ਼ਟ ਹੋ ਰਿਹਾ ਹੈ ਕਿ ਰਾਣਾ ਬਲਾਚੌਰੀਆ ਨੂੰ ਜੱਗੂ ਭਗਵਾਨਪੁਰੀਆ ਦੇ ਨਾਲ ਜੋੜਿਆ ਜਾਂਦਾ ਹੈ ਜਾਂ ਕਬੱਡੀ ਵਿੱਚ ਉਸ ਨਾਲ ਇਨ੍ਹਾਂ ਦਾ ਟਾਈਅੱਪ ਸੀ। ਡੌਨੀ ਬੱਲ ਅਤੇ ਲੱਕੀ ਪਟਿਆਲ ਦੋਵੇਂ ਅਲਾਈਡ (ਸਹਿਯੋਗੀ) ਗੈਂਗ ਹਨ, ਉਨ੍ਹਾਂ ਵੱਲੋਂ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਉਨ੍ਹਾਂ ਦੇ ਸ਼ੂਟਰਜ਼ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।"
ਜੱਗੂ ਭਗਵਾਨਪੁਰੀਆ ਵੱਖ-ਵੱਖ ਮਾਮਲਿਆਂ ਤਹਿਤ ਅਸਾਮ ਦੇ ਸਿਲਚਰ ਵਿਚਲੀ ਜੇਲ੍ਹ ਵਿੱਚ ਬੰਦ ਹੈ, ਉਸ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਮੂਲੀਅਤ ਦੇ ਵੀ ਇਲਜ਼ਾਮ ਹਨ।
ਅਪਰਾਧ ਦੇ ਕੇਸਾਂ ਵਿੱਚ ਨਾਮ ਆਉਣ ਤੋਂ ਪਹਿਲਾਂ ਜੱਗੂ ਭਗਵਾਨਪੁਰੀਆ ਕਬੱਡੀ ਖਿਡਾਰੀ ਸੀ।

ਤਸਵੀਰ ਸਰੋਤ, ANI
ਮੁਹਾਲੀ ਪੁਲਿਸ ਮੁਤਾਬਕ ਦੋ ਸ਼ੂਟਰਾਂ ਦੀ ਪਛਾਣ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਅੰਮ੍ਰਿਤਸਰ ਦੇ ਕਰਨ ਪਾਠਕ ਵਜੋਂ ਹੋਈ ਹੈ ਜੋ ਕਿ ਡੌਨੀ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ। ਪੁਲਿਸ ਮੁਤਾਬਕ ਵਾਰਦਾਤ ਵਿੱਚ ਦੋ ਸ਼ੂਟਰਾਂ ਸਣੇ ਕੁਲ 3 ਜਣੇ ਸ਼ਾਮਲ ਸਨ।
ਪੁਲਿਸ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ਉੱਤੇ ਆਏ ਸਨ, ਉਨ੍ਹਾਂ ਨੇ ਰਾਣਾ ਨੂੰ ਸੈਲਫੀ ਲੈਣ ਲਈ ਰੋਕਿਆ ਸੀ, ਜਿਵੇਂ ਹੀ ਉਹ ਰੁਕਿਆ ਉਸ ਉੱਤੇ ਨੇੜਿਓਂ ਫਾਇਰ ਕੀਤੇ ਗਏ ਅਤੇ ਹਮਲਾਵਰ ਮੋਟਰਸਾਈਕਲਾਂ ਉੱਤੇ ਫ਼ਰਾਰ ਹੋ ਗਏ।

ਐੱਸਐੱਸਪੀ ਨੇ ਕਿਹਾ ਆਦਿੱਤਿਆ ਕਪੂਰ ਉੱਤੇ 13 ਕੇਸ ਦਰਜ ਹਨ ਅਤੇ ਕਰਨ ਪਾਠਕ ਉੱਤੇ 2 ਕੇਸ ਦਰਜ ਹਨ।
ਪੁਲਿਸ ਨੇ ਕਿਹਾ ਕਿ ਮੁਹਾਲੀ ਪੁਲਿਸ ਦੀਆਂ ਟੀਮਾਂ ਅੰਮ੍ਰਿਤਸਰ ਅਤੇ ਦਿੱਲੀ ਵਿੱਚ ਕੰਮ ਕਰ ਰਹੀਆਂ ਹਨ ਅਤੇ ਇਸ ਅਪਰਾਧ ਵਿੱਚ ਸ਼ਾਮਲ ਹੋਰ ਜਣਿਆਂ ਅਤੇ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬੁੱਧਵਾਰ ਨੂੰ ਹਾਲਾਂਕਿ ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਦੇ ਸਬੰਧ ਵਿੱਚ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਹਰਪਿੰਦਰ ਉਰਫ਼ ਮਿੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਗਿਆ ਕਿ ਮੁਲਜ਼ਮ ਨੂੰ ਪੁਲਿਸ ਟੀਮ ਨਾਲ ਹੋਏ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ।
ਪੋਸਟ ਵਿੱਚ ਲਿਖਿਆ ਗਿਆ, "ਇਸ ਕਾਰਵਾਈ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦਾ ਪਿੱਛਾ ਕਰਨ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"
"ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਕਈ ਅਪਰਾਧਾਂ ਵਿੱਚ ਸ਼ਾਮਲ ਹੈ ਅਤੇ ਉਸ ਦਾ ਪਿਛੋਕੜ ਗੰਭੀਰ ਅਪਰਾਧਿਕ ਰਿਹਾ ਹੈ।" ਹਾਲਾਂਕਿ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਇਸ ਕੇਸ ਵਿੱਚ ਉਸ ਦੀ ਕੀ ਸ਼ਮੂਲੀਅਤ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਰਾਣਾ ਬਲਾਚੌਰੀਆ ਦੇ ਕਤਲ ਦਾ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਲਿੰਕ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਐੱਸਐੱਸਪੀ ਨੇ ਕਿਹਾ ਸੀ, "ਹੁਣ ਤੱਕ ਦੀ ਜਾਂਚ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕਦੇ ਵੀ ਰਾਣਾ ਬਲਾਚੌਰੀਆ ਦਾ ਨਾਮ ਨਹੀਂ ਆਇਆ।"
ਪੁਲਿਸ ਨੇ ਕਿਹਾ ਕਿ ਰਾਣਾ ਬਲਾਚੌਰੀਆ ਦਾ ਕੋਈ ਵੀ ਅਪਰਾਧਕ ਪਿਛੋਕੜ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਉਸ ਨੂੰ ਕਬੱਡੀ ਦੇ ਸੰਦਰਭ ਵਿੱਚ ਜੱਗੂ ਭਗਵਾਨਪੁਰੀਆ ਨਾਲ ਜ਼ਰੂਰ ਜੋੜਿਆ ਜਾਂਦਾ ਹੈ।
ਪੁਲਿਸ ਨੇ ਕਿਹਾ ਕਿ ਹਮਲਾਵਰ ਇਸੇ ਸ਼ਖ਼ਸ ਨੂੰ ਹੀ 'ਟਾਰਗੇਟ' ਕਰਨ ਲਈ ਆਏ ਸਨ।
ਦਿਗਵਿਜੈ ਉਰਫ਼ ਰਾਣਾ ਬਲਾਚੌਰੀਆ ਕੌਣ ਸੀ?

ਤਸਵੀਰ ਸਰੋਤ, Insta/ranabalachaur777
ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਤੋਂ ਕਰੀਬ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਪੈਂਦੇ ਬਲਾਚੌਰ ਦੇ ਪਿੰਡ ਚਣਕੋਆ ਨਾਲ ਸਬੰਧ ਰੱਖਦੇ ਰਾਣਾ ਦਾ ਪੂਰਾ ਨਾਮ ਕੰਵਰ ਦਿਗਵਿਜੈ ਸਿੰਘ ਰਾਣਾ ਸੀ।
30 ਸਾਲਾ ਕੰਵਰ ਦਿਗਵਿਜੈ ਕਬੱਡੀ ਪ੍ਰਮੋਟਰ ਬਣਨ ਤੋਂ ਪਹਿਲਾਂ ਕਬੱਡੀ ਖਿਡਾਰੀ ਸਨ।
ਰਾਣਾ ਬਲਾਚੌਰੀਆ ਦੇ ਤਾਇਆ ਸੰਜੀਵ ਨੇ ਕਿਹਾ, "ਉਸ ਨੂੰ ਅੱਜ ਤੱਕ ਕੋਈ ਧਮਕੀ ਨਹੀਂ ਆਈ, ਅਜਿਹਾ ਉਸ ਨੇ ਕੁਝ ਨਹੀਂ ਦੱਸਿਆ ਤੇ ਨਾ ਹੀ ਉਸ ਦਾ ਕਿਸੇ ਗੈਂਗਸਟਰ ਨਾਲ ਸਬੰਧ ਸੀ।"
ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਉੱਭਰਦਾ ਸਿਤਾਰਾ ਹੋਣ ਕਰਕੇ ਉਹ ਕਿਸੇ ਦੀਆਂ ਅੱਖਾਂ ਵਿੱਚ ਰੜਕਦਾ ਹੋਵੇਗਾ।"
ਚਣਕੋਆ ਪਿੰਡ ਦੇ ਵਸਨੀਕ ਜਸਬੀਰ ਦੱਸਦੇ ਹਨ ਕਿ ਉਹ ਸ਼ੁਰੂਆਤ ਵਿੱਚ ਬਲਾਚੌਰ ਵਿੱਚ ਹੀ ਕਬੱਡੀ ਖੇਡਦਾ ਸੀ ਅਤੇ ਫਿਰ ਚੰਗਾ ਖਿਡਾਰੀ ਬਣਨ ਤੋਂ ਬਾਅਦ ਪ੍ਰੋਮੋਟਰ ਬਣ ਗਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪਿੰਡ ਵਾਲੇ ਉਸ ਨੂੰ ਪਿਆਰ ਨਾਲ 'ਦਿੱਗੂ' ਆਖ ਕੇ ਬੁਲਾਉਂਦੇ ਸਨ, "ਉਹ ਸਾਰਿਆਂ ਨੂੰ ਹੱਸ ਕੇ ਬੁਲਾਉਂਦਾ ਸੀ।"

ਚਣਕੋਆ ਪਿੰਡ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੱਸਦੇ ਹਨ ਕਿ ਉਹ ਰਾਣਾ ਬਲਾਚੌਰੀਆ ਦੇ ਨਜ਼ਦੀਕੀ ਰਹੇ ਹਨ।
ਉਨ੍ਹਾਂ ਨੇ ਦੱਸਿਆ, "ਪੜ੍ਹਾਈ ਤੋਂ ਬਾਅਦ ਉਸ ਦੀ ਕਬੱਡੀ ਵਿੱਚ ਦਿਲਚਸਪੀ ਸੀ, ਦਿਗਵਿਜੈ 2017 ਤੋਂ 2019 ਤੱਕ ਕਬੱਡੀ ਖੇਡਦਾ ਰਿਹਾ ਸੀ ਅਤੇ ਫਿਰ ਕਬੱਡੀ ਵਾਲਿਆਂ ਨਾਲ ਜਾਣ ਲੱਗ ਪਿਆ ਅਤੇ ਪ੍ਰੋਮੋਟਰ ਬਣ ਗਿਆ, ਉਸ ਵੱਲੋਂ ਕਬੱਡੀ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਅਤੇ ਖਿਡਾਈਆਂ ਜਾਂਦੀਆਂ ਸਨ।"
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦਿਗਵਿਜੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਦਾ ਸੀ ਅਤੇ ਖੇਡਾਂ ਵਾਲੇ ਪਾਸੇ ਤੋਰਦਾ ਸੀ।
ਰਾਣਾ ਬਲਾਚੌਰੀਆ ਦੇ ਰਿਸ਼ਤੇਦਾਰ ਪਵਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਮਾਪੇ ਅਤੇ ਛੋਟੇ ਭੈਣ-ਭਰਾ ਹਨ।
ਪਵਨ ਮੁਤਾਬਕ ਰਾਣਾ ਵੱਲੋਂ 'ਸ਼ਕਰਪੁਰੀਆ' ਟੀਮ ਬਣਾਈ ਗਈ ਸੀ ਜਿਸ ਨੂੰ ਪੰਜਾਬ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਲੈ ਕੇ ਜਾਂਦੇ ਸਨ।

ਤਸਵੀਰ ਸਰੋਤ, BBC/Pardeep Sharma
ਐਕਟਿੰਗ ਅਤੇ ਮਾਡਲਿੰਗ ਦਾ ਵੀ ਸ਼ੌਂਕ ਸੀ

ਤਸਵੀਰ ਸਰੋਤ, Sourced by Pardeep Sharma
ਕਬੱਡੀ ਤੋਂ ਇਲਾਵਾ ਰਾਣਾ ਬਲਾਚੌਰੀਆ ਪੰਜਾਬੀ ਗਾਣਿਆਂ ਵਿੱਚ ਮੌਡਲਿੰਗ ਦਾ ਵੀ ਸ਼ੌਕੀਨ ਸੀ, ਉਹ ਅਕਸਰ ਕਸਰਤ ਕਰਦਿਆਂ ਦੀਆਂ ਆਪਣੀ ਵੀਡੀਓਜ਼ ਜਾਂ ਵੱਖ-ਵੱਖ ਸ਼ਖ਼ਸੀਅਤਾਂ ਨਾਲ ਆਪਣੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕਰਦੇ ਸਨ।
ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ 29 ਹਜ਼ਾਰ ਤੋਂ ਵੱਧ ਫੋਲੋਅਰਜ਼ ਹਨ।
ਚਣਕੋਆ ਪਿੰਡ ਨਾਲ ਸਬੰਧ ਰੱਖਦੇ ਨਵਰਾਜ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਕੰਵਰ ਦਿਗਵਿਜੈ ਸਿੰਘ ਬੀਤੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿੰਦੇ ਸਨ ਅਤੇ ਕਬੱਡੀ ਟੀਮ ਨੂੰ ਪ੍ਰਮੋਟ ਕਰਨਾ ਹੀ ਉਨ੍ਹਾਂ ਦਾ ਮੁੱਖ ਕੰਮ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਰਾਣਾ ਦੀ ਕਿਸੇ ਨਾਲ ਦੁਸ਼ਮਣੀ ਹੋਣ ਬਾਰੇ ਜਾਣਕਾਰੀ ਨਹੀਂ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਣੇ ਦੇ ਸਬੰਧ ਹਿਮਾਚਲ ਪ੍ਰਦੇਸ਼ ਦੇ ਊਨਾ ਕਸਬੇ ਨਾਲ ਸੀ ਪਰ ਕਾਫ਼ੀ ਸਮਾਂ ਪਹਿਲਾਂ ਉਸ ਦੇ ਬਜ਼ੁਰਗ ਪੰਜਾਬ ਵਿੱਚ ਆ ਕੇ ਰਹਿਣ ਲੱਗ ਪਏ ਸਨ।
ਉਨ੍ਹਾਂ ਦੱਸਿਆ, "ਦਸ ਦਿਨ ਪਹਿਲਾਂ ਰਾਣੇ ਦਾ ਵਿਆਹ ਸੀ ਹਰ ਕੋਈ ਖ਼ੁਸ਼ ਸੀ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਕਤਲ ਕਰ ਦਿੱਤਾ ਜਾਵੇਗਾ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਉਸ ਨੇ ਕਬੱਡੀ ਵਿੱਚ ਨਾਮ ਬਣਾ ਕੇ ਬਲਾਚੌਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ ਪਰ ਹੁਣ ਲੱਗਦਾ ਹੈ ਕਿ ਉਸ ਦਾ ਨਾਮ ਹੀ ਉਸ ਦੇ ਕਤਲ ਦੀ ਵਜ੍ਹਾ ਬਣ ਗਿਆ।"ਟ
ਸੀਐੱਮ ਮਾਨ ਨੇ ਕੀ ਕਿਹਾ

ਤਸਵੀਰ ਸਰੋਤ, YT/Bhagwant Mann
ਰਾਣਾ ਬਲਾਚੌਰੀਆ ਦੇ ਕਤਲ ਬਾਰੇ ਪੁੱਛੇ ਗਏ ਸਵਾਲ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਜਵਾਬ ਦਿੱਤਾ।
ਉਨ੍ਹਾਂ ਨੇ ਕਿਹਾ, "ਸਾਡੇ ਵੱਲੋਂ ਕੋਈ ਘਾਟ ਨਹੀਂ, ਅਸੀਂ ਕਿਸੇ ਨੂੰ ਸ਼ਹਿ ਨਹੀਂ ਦਿੰਦੇ।" ਉਨ੍ਹਾਂ ਨੇ ਗੈਂਗਸਟਰਾਂ ਨੂੰ ਪਿਛਲੀਆਂ ਸਰਕਾਰਾਂ ਦੀ ਪੈਦਾਵਾਰ ਦੱਸਿਆ।
ਮੁੱਖ ਮੰਤਰੀ ਨੇ ਕਿਹਾ, "ਅਸੀਂ ਆਉਣ ਵਾਲੇ ਦਿਨਾਂ ਵਿੱਚ ਇੱਕ ਰੋਡਮੈਪ ਦੇਵਾਂਗੇ, ਅਸੀਂ ਕਿਸੇ ਨੂੰ ਵੀ ਕਾਨੂੰਨ ਪ੍ਰਬੰਧ ਨੂੰ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ।"
ਕੌਣ ਹੈ ਜੱਗੂ ਭਗਵਾਨਪੁਰੀਆ

ਤਸਵੀਰ ਸਰੋਤ, Getty Images
ਜੱਗੂ ਭਗਵਾਨਪੁਰੀਆ ਦਾ ਪਿਛੋਕੜ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਨਾਲ ਹੈ। ਇਹ ਪਿੰਡ ਬਟਾਲਾ-ਡੇਰਾ ਬਾਬਾ ਨਾਨਕ ਸੜਕ ਉੱਤੇ ਪੈਂਦਾ ਹੈ।
ਭਗਵਾਨਪੁਰ ਪਿੰਡ ਵਿੱਚ ਕੋਈ ਵੀ ਜਨਤਕ ਤੌਰ ਉੱਤੇ ਜੱਗੂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ। ਉਨ੍ਹਾਂ ਦੀ ਮਾਂ ਇਸੇ ਪਿੰਡ ਵਿੱਚ ਰਹਿੰਦੀ ਸੀ। ਉਸ ਦਾ ਭਰਾ ਮਨੂੰ ਭਗਵਾਨਪੁਰੀਆ ਆਸਟ੍ਰੇਲੀਆ ਵਿੱਚ ਰਹਿੰਦਾ ਹੈ।
ਇਸੇ ਸਾਲ ਜੂਨ ਮਹੀਨੇ ਬਟਾਲਾ ਦੇ ਕਾਦੀਆ ਚੁੰਗੀ 'ਤੇ ਹੋਈ ਇੱਕ ਵਾਰਦਾਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਮ੍ਰਿਤਕ ਮਹਿਲਾ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜੱਗੂ ਭਗਵਾਨਪੁਰੀਆ ਦੇ ਮਾਤਾ ਹਰਜੀਤ ਕੌਰ ਦੱਸੇ ਗਏ ਸਨ।
ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਵੀ ਕੁਝ ਸਾਲ ਪਹਿਲਾਂ ਆਪਣੇ ਘਰ ਵਿੱਚ ਹੀ ਮੌਤ ਹੋ ਗਈ ਸੀ। ਉਦੋਂ ਪਰਿਵਾਰ ਨੇ ਉਸ ਦੀ ਮੌਤ ਦਾ ਕਾਰਨ ਬਰੇਨ ਹੈਮਰੇਜ਼ ਦੱਸਿਆ ਸੀ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਭਗਵਾਨਪੁਰ ਦੇ ਇੱਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਸੀ ਕਿ ਜਗਦੀਪ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਦਾ ਸੀ। ਉਸ ਤੋਂ ਬਾਅਦ ਉਸ ਨੇ ਬਟਾਲਾ ਦੇ ਗੁਰੂ ਨਾਨਕ ਕਾਲਜ ਵਿੱਚ ਦਾਖਲਾ ਲਿਆ।
ਦੱਸਿਆ ਗਿਆ ਕਿ ਉਹ ਕਾਲਜ ਪੜ੍ਹਨ ਸਮੇਂ ਤੱਕ ਕਬੱਡੀ ਦਾ ਚੰਗਾ ਖਿਡਾਰੀ ਬਣ ਗਿਆ ਅਤੇ ਇਸੇ ਦੌਰਾਨ ਉਹ ਕੁਝ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆ ਗਿਆ ਜੋ ਕਬੱਡੀ ਦੇ ਖਿਡਾਰੀ ਸਨ, ਪਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਇਸ ਤੋਂ ਬਾਅਦ ਸਥਾਨਕ ਧਿਆਨਪੁਰ ਪਿੰਡ ਵਿੱਚ ਦਿਵਾਲੀ ਦੀ ਰਾਤ ਇੱਕ ਘਟਨਾ ਵਾਪਰਦੀ ਹੈ ਜਿਸ ਦੌਰਾਨ ਜੂਆ ਖੇਡਦੇ ਲੋਕਾਂ ਉੱਤੇ ਹਮਲਾ ਕਰਕੇ ਪੈਸੇ ਲੁੱਟੇ ਜਾਂਦੇ ਹਨ। ਵਾਰਦਾਤ ਦੌਰਾਨ ਹੋਈ ਗੋਲ਼ੀਬਾਰੀ ਦੌਰਾਨ ਇੱਕ ਕਤਲ ਹੋ ਜਾਂਦਾ ਹੈ। ਇਹ ਪਹਿਲਾ ਕੇਸ ਸੀ ਜਿਸ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਂ ਆਉਂਦਾ ਹੈ।
ਇਹ ਪਹਿਲੀ ਘਟਨਾ ਹੈ, ਜਦੋਂ ਜੱਗੂ ਭਗਵਾਨਪੁਰੀਆ ਦਾ ਪੁਲਿਸ ਰਿਪੋਰਟ ਵਿੱਚ ਨਾਮ ਦਰਜ ਹੁੰਦਾ ਹੈ। ਇਸ ਕੇਸ ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਉਹ ਜੇਲ੍ਹ ਜਾਂਦਾ ਹੈ ਜਿੱਥੇ ਉਸਦਾ ਸੰਪਰਕ ਸੁੱਖਾ ਕਾਹਲਵਾ ਅਤੇ ਲਾਰੈਂਸ ਬਿਸ਼ਨੋਈ ਵਰਗੇ ਲੋਕਾਂ ਨਾਲ ਹੋ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












