ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਪੁਲਿਸ ਮੁਕਾਬਲੇ ਵਿੱਚ ਮੌਤ

ਰਾਣਾ ਬਲਾਚੌਰੀਆ

ਤਸਵੀਰ ਸਰੋਤ, Insta/ranabalachaur777

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਮੁਲਜ਼ਮ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ , ਜਿਸ ਨੂੰ ਸਵੇਰੇ ਟੀਮਾਂ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ

ਰਾਣਾ ਬਲਾਚੌਰੀਆ ਕਤਲ ਕੇਸ ਮਾਮਲੇ 'ਚ ਮੁੱਖ ਮੁਲਜ਼ਮ ਕਰਨ ਪਾਠਕ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਭੱਜਣ 'ਚ ਕਾਮਯਾਬ ਹੋ ਗਿਆ ਸੀ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਐਸਅਸੀਂਪੀ ਮੋਹਾਲੀ, ਹਰਮਨਦੀਪ ਸਿੰਘ ਨੇ ਦੱਸਿਆ ਕਿ "ਰਾਣਾ ਬਲਾਚੌਰੀਆ ਕਤਲ ਕੇਸ ਦੇ ਮੁੱਖ ਸ਼ੂਟਰ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਸੀਆਈਏ ਖਰੜ ਵਿੱਚ ਜੇਲ੍ਹ ਵਿੱਚ ਬੰਦ ਸੀ।"

"ਉਸ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਸ ਨੂੰ ਕੱਲ੍ਹ ਰਾਤ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜ਼ਿਆਦਾ ਧੁੰਦ ਅਤੇ ਹਨ੍ਹੇਰੇ ਕਾਰਨ, ਗੱਡੀ ਡਿਵਾਈਡਰ ਨਾਲ ਟਕਰਾ ਗਈ। ਜਦੋਂ ਗੱਡੀ ਰੁਕੀ ਤਾਂ ਉਸ ਨੇ ਇੱਕ ਪੁਲਿਸ ਕਰਮੀ 'ਤੇ ਹੱਥਕੜੀਆਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ।"

"ਸਵੇਰੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਸਵੇਰੇ ਕਰੀਬ 6 ਤੋਂ 7 ਵਜੇ ਦੇ ਦਰਮਿਆਨ ਇਸ ਇਲਾਕੇ ਵਿੱਚ ਇਸ ਸ਼ਖ਼ਸ ਨੂੰ ਦੇਖਿਆ ਗਿਆ। ਜਿਸ ਨੂੰ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਿਸ ਉੱਤੇ ਫਾਈਰਿੰਗ ਕੀਤੀ। ਉਸ ਉੱਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ,ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ।"

ਰਾਣਾ ਬਲਾਚੌਰੀਆ

ਤਸਵੀਰ ਸਰੋਤ, Insta/ranabalachaur777

ਤਸਵੀਰ ਕੈਪਸ਼ਨ, ਪਹਿਲਾਂ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।

ਇਸ ਤੋਂ ਪਹਿਲਾਂ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।

ਇਹ ਜਾਣਕਾਰੀ ਸੋਮਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸਾਂਝੀ ਕੀਤੀ ਸੀ।

ਪੰਜਾਬ ਪੁਲਿਸ ਦੇ ਇੱਕ ਪ੍ਰੈੱਸ ਰਿਲੀਜ਼ ਮੁਤਾਬਕ, ਪੰਜਾਬ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਫੈਲੀ ਖ਼ੂਫੀਆ ਜਾਣਕਾਰੀ ਆਧਾਰਿਤ ਕਾਰਵਾਈ ਦੇ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਟੀਮ ਨੇ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰਾਂ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ, ਮੁਲਜ਼ਮਾਂ ਦੀ ਪਛਾਣ ਕਰਨ ਪਾਠਕ ਉਰਫ਼ ਕਰਨ ਡਿਫਾਲਟਰ, ਵਾਸੀ ਅੰਮ੍ਰਿਤਸਰ, ਤਰਨਦੀਪ ਸਿੰਘ, ਵਾਸੀ ਬੜੇਵਾਲ ਲੁਧਿਆਣਾ ਅਤੇ ਆਕਾਸ਼ਦੀਪ, ਵਾਸੀ ਉਪਾਲਾ ਤਰਨ ਤਾਰਨ ਵਜੋਂ ਹੋਈ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ ਐੱਸਟੀਐੱਫ, ਕੇਂਦਰੀ ਏਜੰਸੀਆਂ ਅਤੇ ਸਥਾਨਕ ਹਾਵੜਾ ਪੁਲਿਸ ਦੀ ਮਦਦ ਨਾਲ ਕੀਤੀ ਗਈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਰਨ ਪਾਠਕ ਅਤੇ ਤਰਨਦੀਪ ਸਿੰਘ ਸ਼ੂਟਰ ਹਨ, ਜਦਕਿ ਆਕਾਸ਼ਦੀਪ, ਜੋ ਵਿਦੇਸ਼ ਬੈਠੇ ਹੈਂਡਲਰ ਅਮਰ ਖੱਬੇ ਰਾਜਪੂਤਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਨੂੰ ਸ਼ੂਟਰਾਂ ਨੂੰ ਸ਼ਰਨ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅੱਗੇ ਦੀ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।

ਕਤਲ ਵੇਲੇ ਕੀ ਹੋਇਆ ਸੀ

ਰਾਣਾ ਬਲਾਚੌਰੀਆ ਨੂੰ 15 ਦਸੰਬਰ 2025 ਨੂੰ ਐੱਸਏਐੱਸ ਨਗਰ ਦੇ ਸੋਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਐਸ਼ਦੀਪ ਸਿੰਘ ਅਤੇ ਦਵਿੰਦਰ ਨਾਮਕ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀਜੀਪੀ ਨੇ ਕਿਹਾ ਕਿ ਮਾਮਲੇ ਨਾਲ ਜੁੜੇ ਬਾਕੀ ਸਾਥੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ ਤਾਂ ਜੋ ਪੂਰੇ ਕੇਸ ਦੀ ਗੁੱਥੀ ਸੁਲਝਾਈ ਜਾ ਸਕੇ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਏਜੀਟੀਐਫ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੋਵੇਂ ਗ੍ਰਿਫ਼ਤਾਰ ਸ਼ੂਟਰਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਰਾਣਾ

ਤਸਵੀਰ ਸਰੋਤ, ranabalachaur777/insta

ਤਸਵੀਰ ਕੈਪਸ਼ਨ, ਰਾਣਾ ਦਾ ਵਿਆਹ 5 ਦਸੰਬਰ ਨੂੰ ਹੋਇਆ ਸੀ

ਕੌਣ ਹੈ ਰਾਣਾ ਬਲਾਚੌਰੀਆ

ਰਾਣਾ ਬਲਾਚੌਰੀਆ ਦੇ ਪਰਿਵਾਰਕ ਮੈਂਬਰ ਵੱਲੋਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦਿੱਤੀ ਜਾਣਕਾਰੀ ਮੁਤਾਬਕ ਰਾਣਾ ਦਾ ਪੂਰਾ ਨਾਮ ਕੰਵਰ ਦਿਗਵਿਜੇ ਰਾਣਾ ਸੀ ਪਰ ਕਬੱਡੀ ਜਗਤ ਵਿੱਚ ਉਸ ਨੂੰ 'ਰਾਣਾ ਬਲਾਚੌਰੀਆ' ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਪਵਨ ਮੁਤਾਬਕ ਰਾਣਾ ਦਾ ਸਬੰਧ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਚਣਕੋਆ ਪਿੰਡ ਨਾਲ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੇ ਸੀ ਅਤੇ ਕਬੱਡੀ ਦੇ ਪ੍ਰਮੋਟਰ ਵਜੋਂ ਕੰਮ ਕਰਦੇ ਸੀ।

ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਪਵਨ ਨੇ ਦੱਸਿਆ ਕਿ ਰਾਣਾ ਦੀ ਪਤਨੀ ਤੋਂ ਇਲਾਵਾ ਘਰ ਵਿੱਚ ਮਾਤਾ-ਪਿਤਾ ਅਤੇ ਰਾਣਾ ਦੇ ਛੋਟੇ ਭਰਾ ਅਤੇ ਭੈਣ ਹਨ। ਪਵਨ ਮੁਤਾਬਕ ਰਾਣਾ ਦਾ ਵਿਆਹ 5 ਦਸੰਬਰ ਨੂੰ ਉੱਤਰਾਖੰਡ ਦੀ ਕੁੜੀ ਨਾਲ ਹੋਇਆ ਸੀ।

ਪਵਨ ਨੇ ਦੱਸਿਆ ਕਿ ਪਹਿਲਾਂ ਰਾਣਾ ਕੁਸ਼ਤੀ ਕਰਦੇ ਸੀ ਅਤੇ ਫਿਰ ਉਨ੍ਹਾਂ ਨੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਰਾਣਾ ਪਿਛਲੇ ਕਾਫ਼ੀ ਸਮੇਂ ਤੋਂ ਕਬੱਡੀ ਦੇ ਪ੍ਰਮੋਟਰ ਵਜੋਂ ਕੰਮ ਕਰਦੇ ਸੀ ਅਤੇ ਉਨ੍ਹਾਂ ਨੇ 'ਸ਼ੱਕਰਪੁਰੀਆ' ਦੇ ਨਾਮ ਨਾਲ ਆਪਣੀ ਟੀਮ ਬਣਾਈ ਹੋਈ ਸੀ ਅਤੇ ਇਸ ਨੂੰ ਉਹ ਪੰਜਾਬ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਲੈ ਕੇ ਜਾਂਦੇ ਸੀ।

ਕਬੱਡੀ ਤੋਂ ਇਲਾਵਾ ਰਾਣਾ ਨੂੰ ਪੰਜਾਬੀ ਗਾਣਿਆਂ ਵਿੱਚ ਮਾਡਲਿੰਗ ਕਰਨ ਦਾ ਸ਼ੌਕ ਵੀ ਸੀ।

ਰਾਣਾ

ਤਸਵੀਰ ਸਰੋਤ, ranabalachaur777/insta

ਤਸਵੀਰ ਕੈਪਸ਼ਨ, ਰਾਣਾ ਬਲਾਚੌਰੀਆ ਉਨ੍ਹਾਂ ਨੂੰ ਮਿਲੇ ਸਨਮਾਨ ਨਾਲ

ਰਾਣਾ ਬਲਾਚੌਰੀਆਂ ਦੇ ਇੱਕ ਹੋਰ ਦੋਸਤ ਨੇ ਦੱਸਿਆ ਕਿ ਅਕਸਰ ਉਹ ਉਸ ਨਾਲ ਹੀ ਜਿੰਮ ਵਿੱਚ ਕਸਰਤ ਕਰਦੇ ਸੀ ਅਤੇ ਨਸ਼ਿਆਂ ਤੋਂ ਵੀ ਪੂਰੀ ਤਰ੍ਹਾਂ ਦੂਰ ਸੀ।

ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਮੋਹਾਲੀ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ।

ਚਣਕੋਆ ਪਿੰਡ ਦੇ ਨਵਰਾਜ ਸਿੰਘ ਨੇ ਦੱਸਿਆ ਕਿ ਰਾਣੇ ਦੀ ਉਮਰ ਮਹਿਜ਼ 30 ਸਾਲ ਦੀ ਸੀ ਅਤੇ ਪਿੰਡ ਵਿੱਚ ਕਿਸੇ ਨਾਲ ਕੋਈ ਵੈਰ ਨਹੀਂ ਸੀ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿੰਦੇ ਸੀ ਅਤੇ ਪੱਕੇ ਤੌਰ ਉੱਤੇ ਕਬੱਡੀ ਨਾਲ ਜੁੜੇ ਸੀ।

ਉਨ੍ਹਾਂ ਦੱਸਿਆ ਕਿ ਉਂਝ ਰਾਣਾ ਦਾ ਸਬੰਧ ਹਿਮਾਚਲ ਪ੍ਰਦੇਸ਼ ਦੇ ਊਨਾ ਕਸਬੇ ਨਾਲ ਸੀ ਪਰ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਦੇ ਬਜ਼ੁਰਗ ਪੰਜਾਬ ਵਿੱਚ ਆ ਕੇ ਰਹਿਣ ਲੱਗ ਪਏ ਸਨ।

ਉਨ੍ਹਾਂ ਦੱਸਿਆ ਕਿ ਦੱਸ ਦਿਨ ਪਹਿਲਾਂ ਰਾਣਾ ਦਾ ਵਿਆਹ ਸੀ, ਹਰ ਕੋਈ ਖ਼ੁਸ਼ ਸੀ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ।

ਸਿਆਸੀ ਪ੍ਰਤੀਕਿਰਿਆਵਾਂ

ਕਬੱਡੀ ਟੂਰਨਾਮੈਂਟ ਦੌਰਾਨ ਹੋਏ ਹਮਲੇ ਮਗਰੋਂ ਸਿਆਸੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਕਰਦਿਆਂ ਲਿਖਿਆ ਹੈ, "ਸੂਬੇ ਦੀ ਮਾੜੀ ਸਰਕਾਰ ਦੌਰਾਨ ਅਪਰਾਧੀ ਤੱਤਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਚੱਲਦੇ ਮੈਚ ਦੌਰਾਨ ਪੂਰੀ ਭੀੜ ਵਿਚਕਾਰ ਵੀ ਗੋਲੀਆਂ ਚਲਾਉਣ ਤੋਂ ਨਹੀਂ ਡਰਦੇ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਹੈ ਕਿ ਪੰਜਾਬ ਅੰਦਰ ਕਤਲ, ਫਿਰੌਤੀਆਂ ਅਤੇ ਅਨੇਕਾਂ ਹੋਰ ਦਹਿਸ਼ਤਗਰਦ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ।"

"ਪਰ ਪੁਲਿਸ ਕਾਨੂੰਨ ਵਿਵਸਥਾ ਦੀ ਥਾਂ ਸਿਆਸੀ ਬਦਲਾਖ਼ੋਰੀ ਵਾਲੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ 'ਤੇ ਲੱਗੀ ਹੋਈ ਹੈ। ਮੈਂ ਜਿੱਥੇ ਅੱਜ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਉੱਥੇ ਹੀ ਇਸ ਤੋਂ ਪਹਿਲਾਂ ਹੋਏ ਕਤਲਾਂ (ਜਿਨ੍ਹਾਂ ਵਿੱਚ ਕਈ ਕਬੱਡੀ ਖਿਡਾਰੀ ਵੀ ਸਨ) ਦੇ ਇਨਸਾਫ਼ ਦੀ ਵੀ ਮੰਗ ਦੁਹਰਾਉਂਦਾ ਹਾਂ।"

ਕਬੱਡੀ ਟੂਰਨਾਮੈਂਟ
ਤਸਵੀਰ ਕੈਪਸ਼ਨ, ਮੁਹਾਲੀ ਦੇ ਸੋਹਾਣਾ ਵਿੱਚ ਰੱਖਿਆ ਗਿਆ ਸੀ ਟੂਰਨਾਮੈਂਟ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਘਟਨਾ ਬਾਰੇ ਐਕਸ 'ਤੇ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ, "ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਖੁੱਲ੍ਹੀ ਗੋਲੀਬਾਰੀ ਹੋਈ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਦੀ ਬੇਹੱਦ ਅਸਫ਼ਲਤਾ ਦੀ ਇੱਕ ਭਿਆਨਕ ਯਾਦ ਦਿਵਾਉਂਦੀ ਹੈ। ਜਨਤਕ ਸਮਾਗਮਾਂ 'ਤੇ ਚੱਲ ਰਹੀਆਂ ਗੋਲੀਆਂ ਸ਼ਾਸਨ ਦੇ ਪਤਨ ਦਾ ਸਬੂਤ ਹਨ। ਪੰਜਾਬੀ ਡਰ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ।"

ਉੱਧਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਲਿਖਿਆ, "ਮੋਹਾਲੀ ਕਬੱਡੀ ਕੱਪ 'ਤੇ ਸੋਹਾਣਾ ਵਿੱਚ ਇੱਕ ਜਨਤਕ ਖੇਡ ਸਮਾਗਮ 'ਤੇ ਗੋਲੀਬਾਰੀ ਅਸਵੀਕਾਰਨਯੋਗ ਹੈ ਅਤੇ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੰਭੀਰ ਅਸਫ਼ਲਤਾ ਨੂੰ ਉਜਾਗਰ ਕਰਦੀ ਹੈ। ਜਦੋਂ ਅਪਰਾਧੀ ਖੁੱਲ੍ਹੇਆਮ ਅਜਿਹਾ ਕਰਦੇ ਹਨ, ਤਾਂ ਜਨਤਕ ਸੁਰੱਖਿਆ ਸਪੱਸ਼ਟ ਤੌਰ 'ਤੇ ਖ਼ਤਰੇ ਵਿੱਚ ਹੁੰਦੀ ਹੈ। ਭਗਵੰਤ ਮਾਨ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।"

ਪਹਿਲਾਂ ਵੀ ਹੋਏ ਹਨ ਕਬੱਡੀ ਖਿਡਾਰੀਆਂ 'ਤੇ ਹਮਲੇ

ਸੰਦੀਪ ਨੰਗਲ

ਤਸਵੀਰ ਸਰੋਤ, Sandeep Nangal/FB

ਪੰਜਾਬ ਵਿੱਚ ਕਬੱਡੀ ਖਿਡਾਰੀਆਂ ਉੱਤੇ ਹਮਲੇ ਜਾਂ ਕਤਲ ਦੇ ਪੁਰਾਣੇ ਮਾਮਲੇ ਕਾਫ਼ੀ ਚਰਚਾ ਵਿੱਚ ਰਹੇ ਹਨ, ਖ਼ਾਸ ਕਰਕੇ ਗੈਂਗਸਟਰਾਂ ਨਾਲ ਜੁੜੇ ਵਿਵਾਦਾਂ ਕਾਰਨ

  • ਗੁਰਮੇਜ ਸਿੰਘ: ਅਗਸਤ, 2020 ਵਿੱਚ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿੱਚ 2 ਵੱਖ-ਵੱਖ ਗੱਡੀਆਂ ਵਿੱਚ ਸਵਾਰ ਹੋ ਕੇ ਆਏ 6 ਵਿਅਕਤੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਪੁੱਤਰ ਅਤੇ ਕਬੱਡੀ ਖਿਡਾਰੀ ਗੁਰਮੇਜ ਸਿੰਘ ਨੂੰ ਗੋਲੀਆਂ ਮਾਰੀਆਂ ਅਤੇ ਉਸ ਦੀ ਮੌਤ ਹੋ ਗਈ।
  • ਅਰਵਿੰਦਰਜੀਤ ਸਿੰਘ ਪੱਡਾ: ਮਈ 2020 ਵਿੱਚ ਕਪੂਰਥਲਾ ਵਿੱਚ ਕਤਲ। ਇਹ ਕਬੱਡੀ ਖਿਡਾਰੀਆਂ ਦੇ ਕਤਲਾਂ ਦੀ ਸ਼ੁਰੂਆਤ ਵਜੋਂ ਵੇਖਿਆ ਜਾਂਦਾ ਹੈ।
  • ਸੰਦੀਪ ਨੰਗਲ ਅੰਬੀਆਂ: 14 ਮਾਰਚ 2022 ਨੂੰ ਜਲੰਧਰ ਦੇ ਮੱਲੀਆਂ ਪਿੰਡ ਵਿੱਚ ਕਬੱਡੀ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਸੀ। ਕਈ ਗ੍ਰਿਫ਼ਤਾਰੀਆਂ ਹੋਈਆਂ, ਜਿਸ ਵਿੱਚ ਸ਼ੂਟਰ ਅਤੇ ਸਾਜ਼ਿਸ਼ ਕਰਨ ਵਾਲੇ ਸ਼ਾਮਲ ਹਨ।
  • ਅਕਤਬੂਰ, 2025 ਵਿੱਚ ਲੁਧਿਆਣਾ ਦੇ ਜਗਰਾਓਂ ਵਿੱਚ ਇੱਕ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਕਤਲ ਨੂੰ ਰੰਜਿਸ਼ ਦਾ ਮਾਮਲਾ ਦੱਸਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)