ਸਿੰਗਾਪੁਰ: ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਗਏ ਪ੍ਰੀਤਮ ਸਿੰਘ ਕੌਣ ਹਨ ? ਕਿਹੜੇ ਝੂਠ ਦੇ ਦੋਸ਼ੀ ਪਾਏ ਗਏ

ਪ੍ਰੀਤਮ ਸਿੰਘ ਨੇ ਸੂਟ ਪਾਇਆ ਹੋਇਆ ਹੈ ਅਤੇ ਉਹ ਸੜਕ 'ਤੇ ਚੱਲ ਰਹੇ ਹਨ। ਕਾਲੇ ਕੱਪੜੇ ਪਾਏ ਹੋਏ ਫੋਟੋਗ੍ਰਾਫਰ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਸਿੰਗਾਪੁਰ ਦੀ ਵਿਰੋਧੀ ਧਿਰ ਦੇ ਪਹਿਲੇ ਰਸਮੀ ਆਗੂ ਹਨ
    • ਲੇਖਕ, ਕੋਹ ਈਵ
    • ...ਤੋਂ, ਸਿੰਗਾਪੁਰ

ਸਿੰਗਾਪੁਰ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਤੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੋਹ ਲਿਆ ਗਿਆ ਹੈ।

ਇਸ ਸੰਬੰਧ ਵਿੱਚ ਸੰਸਦ ਵੱਲੋਂ ਇੱਕ ਮਤਾ ਪਾਸ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਇਹ ਐਲਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੌਂਗ ਨੇ ਵੀਰਵਾਰ ਨੂੰ ਕੀਤਾ। ਸੰਸਦ ਦੇ ਮਤੇ ਵਿੱਚ ਕਿਹਾ ਗਿਆ ਸੀ ਕਿ, ਪ੍ਰੀਤਮ ਸਿੰਘ ਇਸ ਭੂਮਿਕਾ ਲਈ "ਅਣਉਚਿਤ" ਸਨ ਕਿਉਂਕਿ ਉਨ੍ਹਾਂ ਨੂੰ ਸੰਸਦੀ ਕਮੇਟੀ ਨਾਲ ਝੂਠ ਬੋਲਣ ਦਾ ਦੋਸ਼ੀ ਪਾਇਆ ਗਿਆ ਸੀ।

ਸਿੰਗਾਪੁਰ ਦੀ ਸਿਆਸਤ ਉੱਤੇ ਲੰਬੇ ਸਮੇਂ ਤੋਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਦਾ ਦਬਦਬਾ ਰਿਹਾ ਹੈ। ਲੇਕਿਨ ਪ੍ਰੀਤਮ ਸਿੰਘ (49) ਇਸ ਸਮੇਂ ਸਿੰਗਾਪੁਰ ਦੇ ਸਿਆਸੀ ਖੇਤਰ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹਨ।

ਭਾਵੇਂ, ਉਨ੍ਹਾਂ ਦਾ ਹਾਲੀਆ ਸਿਆਸੀ ਸਫ਼ਰ ਕਈ ਚੁਣੌਤੀਆਂ ਭਰਿਆ ਰਿਹਾ ਹੈ ਪਰ ਉਹ ਵਿਰੋਧੀ ਧਿਰ ਦੇ ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਦਾ ਚਿਹਰਾ ਵੀ ਹਨ।

ਪ੍ਰੀਤਮ ਸਿੰਘ ਨੇ ਆਪਣੀ ਪੜ੍ਹਾਈ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਕਿੰਗਜ਼ ਕਾਲਜ ਲੰਡਨ ਤੋਂ ਕੀਤੀ ਹੈ। ਉਹ ਪਹਿਲੀ ਵਾਰ 2011 ਵਿੱਚ ਸਿੰਗਾਪੁਰ ਦੀ ਸੰਸਦ ਦੇ ਮੈਂਬਰ ਬਣੇ ਸਨ।

ਪੇਸ਼ੇ ਵਜੋਂ ਉਹ ਇੱਕ ਵਕੀਲ ਹਨ। ਸਿੰਗਾਪੁਰ ਵਿੱਚ ਸੰਸਦ ਮੈਂਬਰਾਂ ਨੂੰ ਪੂਰੇ ਸਮੇਂ ਦੀ ਨੌਕਰੀ ਕਰਨ ਦੀ ਇਜਾਜ਼ਤ ਹੈ।

ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਉਹ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦੇ ਇੱਕ ਜਾਣੇ-ਪਛਾਣੇ ਸਮਰਥਕ ਹਨ।

ਇੱਕ ਸਿਆਸਤਦਾਨ ਵਜੋਂ, ਪ੍ਰੀਤਮ ਸਿੰਘ ਸੰਸਦ ਅਤੇ ਚੋਣ ਰੈਲੀਆਂ ਵਿੱਚ ਆਪਣੀ ਪ੍ਰਭਾਵਸ਼ਾਲੀ ਭਾਸ਼ਣ ਕਲਾ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਨੂੰ ਮੱਧ-ਖੱਬੇਪੱਖੀ ਵਰਕਰਜ਼ ਪਾਰਟੀ (ਡਬਲਿਊਪੀ) ਲਈ "ਨਵਾਂ ਖੂਨ" ਮੰਨਿਆ ਗਿਆ ਹੈ, ਜੋ ਸਿੰਗਾਪੁਰ ਦੀ ਆਜ਼ਾਦੀ ਤੋਂ ਬਾਅਦ ਹਰ ਚੋਣ ਵਿੱਚ ਮੱਧ-ਸੱਜੇਪੱਖੀ ਪੀਏਪੀ ਦੇ ਵਿਰੁੱਧ ਲੜਦੀ ਆ ਰਹੀ ਹੈ।

ਪ੍ਰੀਤਮ ਸਿੰਘ ਬਾਰੇ ਕੁਝ ਖਾਸ ਗੱਲਾਂ ਜੋ ਸਟੋਰੀ ਵਿੱਚੋਂ ਹੀ ਹਨ

ਸਾਲ 2018 ਵਿੱਚ, ਪ੍ਰੀਤਮ ਸਿੰਘ ਨੂੰ ਵਰਕਰਜ਼ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੇ ਦੋ ਦਹਾਕਿਆਂ ਤੱਕ ਪਾਰਟੀ ਦੀ ਅਗਵਾਈ ਕਰਨ ਵਾਲੇ ਅਨੁਭਵੀ ਵਿਰੋਧੀ ਸਿਆਸਤਦਾਨ ਲੋ ਥੀਆ ਖਿਆਂਗ ਤੋਂ ਪਾਰਟੀ ਦੀ ਕਮਾਨ ਸੰਭਾਲੀ ਸੀ।

ਪ੍ਰੀਤਮ ਸਿੰਘ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਦੇ ਸਿਰ "ਵੱਡੀ ਜ਼ਿੰਮੇਵਾਰੀ" ਹੈ। ਲੋ ਦੀ ਅਗਵਾਈ ਹੇਠ ਪਾਰਟੀ ਨੇ ਸੰਸਦ ਵਿੱਚ ਆਪਣੀ ਮੌਜੂਦਗੀ ਵਧਾਉਣ ਵਿੱਚ ਇਤਿਹਾਸਕ ਕਦਮ ਚੁੱਕੇ ਸਨ।

ਲੇਕਿਨ ਉਸ ਤੋਂ ਬਾਅਦ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਪਾਰਟੀ ਨੇ ਹੋਰ ਵੀ ਜ਼ਿਆਦਾ ਪ੍ਰਾਪਤੀਆਂ ਕੀਤੀਆਂ ਹਨ। ਮੌਜੂਦਾ ਸਮੇਂ ਵਿੱਚ ਸੰਸਦ ਦੀਆਂ 108 ਸੀਟਾਂ ਵਿੱਚੋਂ ਪਾਰਟੀ ਕੋਲ 12 ਸੀਟਾਂ ਹਨ।

ਸਿੰਘ ਦੀ ਪਾਰਟੀ ਦੀ ਵੈੱਬਸਾਈਟ 'ਤੇ ਉਨ੍ਹਾਂ ਦੀ ਜੀਵਨੀ ਅਨੁਸਾਰ, ਪ੍ਰੀਤਮ ਸਿੰਘ ਅਤੇ ਪਾਰਟੀ ਦੇ ਹੋਰ ਕਾਨੂੰਨਸਾਜ਼ "ਸੰਸਦ ਵਿੱਚ ਨਿਗਰਾਨੀ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ" ਨਿਭਾਉਂਦੇ ਹਨ।

ਜਦੋਂ ਸਾਲ 2020 ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸਿੰਗਾਪੁਰ ਵਿੱਚ ਰਸਮੀ ਤੌਰ 'ਤੇ ਕਾਇਮ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਨੇ ਪ੍ਰੀਤਮ ਸਿੰਘ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ। ਇਸ ਤਰ੍ਹਾਂ, ਪ੍ਰੀਤਮ ਸਿੰਘ ਦੇਸ ਦੇ ਸਭ ਤੋਂ ਪਹਿਲੇ ਵਿਰੋਧੀ ਧਿਰ ਦੇ ਆਗੂ ਬਣੇ।

ਇਸ ਅਹੁਦੇ ਦਾ ਇੱਕ ਗੈਰ-ਰਸਮੀ ਰੂਪ ਪਹਿਲਾਂ 2011 ਵਿੱਚ ਪ੍ਰੀਤਮ ਸਿੰਘ ਦੇ ਪੂਰਬ-ਅਧਿਕਾਰੀ ਲੋ ਨੂੰ ਪੇਸ਼ ਕੀਤਾ ਗਿਆ ਸੀ। ਲੇਕਿਨ, ਲੋ ਨੇ ਇਹ ਕਹਿ ਕੇ ਇਸਨੂੰ ਰੱਦ ਕਰ ਦਿੱਤਾ ਸੀ ਕਿ ਜਦੋਂ ਤੱਕ ਇਹ ਰਸਮੀ ਤੌਰ 'ਤੇ ਨਹੀਂ ਦਿੱਤਾ ਜਾਂਦਾ, ਇਹ "ਅਪਮਾਨਜਨਕ" ਹੈ।

ਪ੍ਰੀਤਮ ਸਿੰਘ ਅਤੇ ਲੋ ਥੀਆ ਖਿਆਂਗ ਇੱਕ ਦੂਜੇ ਦੇ ਨਾਲ ਖੜ੍ਹੇ ਹਨ, ਅਤੇ ਉਨ੍ਹਾਂ ਨੇ ਆਪਣੀਆਂ ਮੁੱਠੀਆਂ ਆਪਣੀ ਛਾਤੀ ਤੱਕ ਉੱਚੀਆਂ ਕੀਤੀਆਂ ਹੋਈਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੀਤਮ ਸਿੰਘ ਨੇ 2018 ਵਿੱਚ ਵਰਕਰਜ਼ ਪਾਰਟੀ ਦੇ ਆਗੂ ਵਜੋਂ ਲੋ ਥੀਆ ਖਿਆਂਗ (ਸੱਜੇ ਪਾਸੇ) ਦੀ ਥਾਂ ਲਈ ਸੀ।

ਵਿਰੋਧੀ ਧਿਰ ਦੇ ਆਗੂ ਵਜੋਂ, ਪ੍ਰੀਤਮ ਸਿੰਘ ਦਾ ਸ਼ੁਰੂ ਵਿੱਚ ਸਾਰੀਆਂ ਸਿਆਸੀ ਧਿਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸੀ।

ਸਾਲ 2020 ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਵਾਲੇ ਦਿਨ, ਉਹ ਤਤਕਾਲੀ ਪ੍ਰਧਾਨ ਮੰਤਰੀ ਲੀ ਹਸੀਅਨ ਲੂਂਗ ਦੁਆਰਾ ਲਈ ਗਈ ਇੱਕ ਸੈਲਫੀ ਵਿੱਚ ਨਜ਼ਰ ਆਏ ਸਨ। ਉਸ ਸਮੇਂ ਦੇ ਸੰਸਦ ਦੇ ਸਪੀਕਰ ਤਾਨ ਚੁਆਨ-ਜਿਨ ਨਾਲ ਭੋਜਨ ਕਰਦੇ ਹੋਏ ਦਿਖਾਈ ਦਿੱਤੇ ਸਨ ਅਤੇ ਮਲੇਸ਼ੀਆ ਦੇ ਸਰਕਾਰੀ ਦੌਰੇ 'ਤੇ ਗਏ ਸੰਸਦ ਮੈਂਬਰਾਂ ਦੇ ਵਫਦ ਵਿੱਚ ਉਹ ਇਕਲੌਤੇ ਵਿਰੋਧੀ ਸਿਆਸਤਦਾਨ ਸਨ।

ਲੇਕਿਨ ਉਸ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫ਼ਰ ਕਈ ਮੁਸ਼ਕਲਾਂ ਨਾਲ ਘਿਰਿਆ ਰਿਹਾ ਹੈ।

ਪ੍ਰੀਤਮ ਸਿੰਘ ਨੂੰ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਰਈਸਾ ਖਾਨ ਦੇ ਮਾਮਲੇ ਨਾਲ ਸਬੰਧਤ ਸਨ। ਰਈਸਾ ਖਾਨ, ਉਨ੍ਹਾਂ ਦੀ ਪਾਰਟੀ ਦੀ ਇੱਕ ਸਾਬਕਾ ਵਿਧਾਇਕ ਸੀ ਜਿਸ ਨੇ ਸੰਸਦ ਵਿੱਚ ਝੂਠ ਬੋਲਣ ਦੀ ਗੱਲ ਕਬੂਲ ਕੀਤੀ ਸੀ।

ਇਸ ਝੂਠ ਦੀ ਜਾਂਚ ਲਈ ਕਾਇਮ ਕੀਤੀ ਗਈ ਸੰਸਦੀ ਕਮੇਟੀ ਦੀ ਸੁਣਵਾਈ ਦੌਰਾਨ, ਖਾਨ ਨੇ ਕਿਹਾ ਕਿ ਪ੍ਰੀਤਮ ਸਿੰਘ ਸਮੇਤ ਪਾਰਟੀ ਦੇ ਆਗੂਆਂ ਨੇ ਸੱਚਾਈ ਜਾਣਦੇ ਹੋਏ ਵੀ ਉਸਨੂੰ "ਉਹੀ ਬਿਰਤਾਂਤ ਜਾਰੀ ਰੱਖਣ" ਲਈ ਕਿਹਾ ਸੀ।

ਫਰਵਰੀ 2025 ਵਿੱਚ, ਇੱਕ ਅਦਾਲਤ ਨੇ ਪ੍ਰੀਤਮ ਸਿੰਘ ਨੂੰ ਸੰਸਦੀ ਕਮੇਟੀ ਨੂੰ ਝੂਠੀ ਗਵਾਹੀ ਦੇਣ ਦਾ ਦੋਸ਼ੀ ਕਰਾਰ ਦਿੱਤਾ।

ਪ੍ਰੀਤਮ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਤੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਇਸ ਅਹੁਦੇ 'ਤੇ ਬਣੇ ਰਹਿਣਾ "ਸੰਸਦ ਦੇ ਮਾਣ ਅਤੇ ਸਿੰਗਾਪੁਰ ਦੀ ਸਿਆਸੀ ਪ੍ਰਣਾਲੀ ਦੀ ਇਮਾਨਦਾਰੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰੇਗਾ"।

ਸਿੰਘ ਨੇ ਪੂਰੇ ਮੁਕੱਦਮੇ ਦੌਰਾਨ ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ, ਪਰ ਪਿਛਲੇ ਦਸੰਬਰ ਵਿੱਚ ਉਹ ਇਸ ਫੈਸਲੇ ਵਿਰੁੱਧ ਅਪੀਲ ਹਾਰ ਗਏ।

ਹਾਲਾਂਕਿ, ਉਨ੍ਹਾਂ ਨੇ ਸੰਸਦ ਵਿੱਚ ਆਪਣੀ ਸੀਟ ਬਰਕਰਾਰ ਰੱਖੀ, ਪਰ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਸਦਨ ਦੇ ਨੇਤਾ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦਾ ਵਿਸ਼ਾ ਬਣੇ।

ਤਿੰਨ ਘੰਟੇ ਦੀ ਬਹਿਸ ਤੋਂ ਬਾਅਦ ਬੁੱਧਵਾਰ ਨੂੰ ਕਾਨੂੰਨਸਾਜ਼ਾਂ ਨੇ ਇਸ ਮਤੇ ਨੂੰ ਪਾਸ ਕਰ ਦਿੱਤਾ। ਮਤੇ ਵਿੱਚ ਕਿਹਾ ਗਿਆ ਕਿ ਖਾਨ ਦੇ ਮਾਮਲੇ ਵਿੱਚ ਪ੍ਰੀਤਮ ਸਿੰਘ ਦਾ ਵਿਵਹਾਰ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਬਣੇ ਰਹਿਣ ਲਈ "ਅਣਉਚਿਤ" ਬਣਾਉਂਦਾ ਹੈ।

ਮਤੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਇਸ ਅਹੁਦੇ 'ਤੇ ਬਣੇ ਰਹਿਣਾ "ਸੰਸਦ ਦੇ ਮਾਣ ਅਤੇ ਸਿੰਗਾਪੁਰ ਦੀ ਸਿਆਸੀ ਪ੍ਰਣਾਲੀ ਦੀ ਇਮਾਨਦਾਰੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰੇਗਾ"।

ਪ੍ਰੀਤਮ ਸਿੰਘ ਨੇ ਬਹਿਸ ਦੌਰਾਨ ਸੰਸਦ ਨੂੰ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ ਭਾਵੇਂ ਉਹ ਇਸ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਜ਼ਾਮਾਂ ਦਾ ਉਨ੍ਹਾਂ ਨੇ ਸਾਹਮਣਾ ਕੀਤਾ ਹੈ, ਉਨ੍ਹਾਂ ਦੇ ਸਬੰਧ ਵਿੱਚ ਉਨ੍ਹਾਂ ਦੀ "ਜ਼ਮੀਰ ਹਮੇਸ਼ਾ ਸਾਫ਼" ਰਹੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਕਾਨੂੰਨ ਵਿੱਚ ਨਹੀਂ ਲਿਖਿਆ ਗਿਆ ਸੀ ਅਤੇ ਉਨ੍ਹਾਂ ਨੇ ਕਦੇ ਵੀ ਇਸ ਦੀ "ਲਾਲਸਾ" ਨਹੀਂ ਕੀਤੀ ਸੀ।

ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਅਹੁਦਾ ਖੁੱਸਣ ਤੋਂ ਬਾਅਦ ਵੀ ਇੱਕ ਸੰਸਦ ਮੈਂਬਰ ਵਜੋਂ ਆਪਣਾ ਕੰਮ ਜਾਰੀ ਰੱਖਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)