ਨਿਊਜ਼ੀਲੈਂਡ 'ਚ ਮੁੜ ਸਿੱਖ ਨਗਰ ਕੀਰਤਨ ਦਾ ਵਿਰੋਧ, ਕੀ ਹੈ ਪੂਰਾ ਮਾਮਲਾ, ਕਿਉਂ ਬੈਨਰਾਂ 'ਤੇ ਲਿਖਿਆ - 'ਇਹ ਭਾਰਤ ਨਹੀਂ'

ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ ਦੀ ਤਸਵੀਰ

ਤਸਵੀਰ ਸਰੋਤ, Puran Singh

ਤਸਵੀਰ ਕੈਪਸ਼ਨ, 11 ਜਨਵਰੀ ਨੂੰ ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿੱਚ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ

ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਸਿੱਖ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਇਹ ਨਗਰ ਕੀਰਤਨ ਨਿਊਜ਼ੀਲੈਂਡ ਦੇ ਟੌਰੰਗਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਜੋਂ ਕੱਢਿਆ ਜਾ ਰਿਹਾ ਸੀ।

ਨਗਰ ਕੀਰਤਨ 11 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਟੌਰੰਗਾ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਸੀ। ਇਸੇ ਦੌਰਾਨ ਸਥਾਨਕ ਲੋਕਾਂ ਦੇ ਸਮੂਹ ਨੇ ਨਗਰ ਕੀਰਤਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ।

ਟੌਰੰਗਾ ਸ਼ਹਿਰ ਆਕਲੈਂਡ ਤੋਂ ਕਰੀਬ 200 ਕਿਲੋਮੀਟਰ ਦੂਰ ਹੈ ਅਤੇ ਇਸ ਇਲਾਕੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ।

ਪਿਛਲੇ 3 ਹਫਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਨਿਊਜ਼ੀਲੈਂਡ ਵਿੱਚ ਸਿੱਖ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ। ਦਸੰਬਰ ਮਹੀਨੇ 'ਚ ਆਕਲੈਂਡ ਵਿੱਚ ਵੀ ਅਜਿਹਾ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

ਨਿਊਜ਼ੀਲੈਂਡ 'ਚ ਵਾਪਰੀ ਇਸ ਦੂਜੀ ਘਟਨਾ ਪ੍ਰਤੀ ਪੰਜਾਬ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ 'ਤੇ ਇਤਰਾਜ਼ ਜਤਾਇਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ 'ਤੇ ਚਿੰਤਾ ਪ੍ਰਗਟਾਈ ਹੈ।

ਕੀ ਹੈ ਪੂਰਾ ਮਾਮਲਾ

ਪ੍ਰਦਰਸ਼ਨਕਾਰੀ ਨਗਰ ਕੀਤਰਨ ਦਾ ਵਿਰੋਧ ਕਰਦੇ ਹੋਏ

ਤਸਵੀਰ ਸਰੋਤ, Puran Singh

ਤਸਵੀਰ ਕੈਪਸ਼ਨ, ਟੌਰੰਗਾ ਸ਼ਹਿਰ 'ਚ ਕੱਢੇ ਗਏ ਨਗਰ ਕੀਰਤਨ ਦਾ ਵਿਰੋਧ ਕਰਨ ਆ ਰਹੇ ਲੋਕਾਂ ਦਾ ਇੱਕ ਗਰੁੱਪ

ਗੁਰਦੁਆਰਾ ਸਿੱਖ ਸੰਗਠਨ ਟੌਰੰਗਾ ਦੇ ਪ੍ਰਧਾਨ ਪੂਰਨ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਤਨੀਸ਼ਾ ਚੌਹਾਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਟੌਰੰਗਾ ਸ਼ਹਿਰ ਵਿੱਚ ਸਿੱਖ ਸੰਗਤ ਵੱਲੋਂ ਸ਼ਾਂਤਮਈ ਢੰਗ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਪ੍ਰਵਾਸੀ ਵਿਰੋਧੀ ਇੱਕ ਗਰੁੱਪ ਦੇ ਮੈਂਬਰ ਆਏ ਅਤੇ ਨਗਰ ਕੀਰਤਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਪੂਰਨ ਸਿੰਘ ਨੇ ਅੱਗੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਉਂਦੇ ਆ ਰਹੇ ਹਨ। ਅਜਿਹੀ ਘਟਨਾ ਇੱਥੇ ਪਹਿਲੀ ਵਾਰ ਵਾਪਰੀ ਹੈ।

ਪੂਰਨ ਸਿੰਘ ਨੇ ਕਿਹਾ, ''ਨਗਰ ਕੀਰਤਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੇ ਰੂਟ ਸਮੇਤ ਹੋਰ ਜ਼ਰੂਰੀ ਮਨਜ਼ੂਰੀਆਂ ਲੈਣ ਲਈ 6-7 ਮਹੀਨੇ ਪਹਿਲਾਂ ਅਪਲਾਈ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਪੁਲਿਸ ਕਲੇਅਰੰਸ ਵੀ ਸ਼ਾਮਲ ਹੁੰਦੀ ਹੈ।''

''11 ਜਨਵਰੀ ਨੂੰ ਕੱਢੇ ਗਏ ਨਗਰ ਕੀਰਤਨ ਦੀ ਵੀ ਸੀਟੀ ਕੌਂਸਲ ਤੋਂ ਮਨਜ਼ੂਰੀ ਲਈ ਹੋਈ ਸੀ ਅਤੇ ਸਾਨੂੰ ਸਮਾਂ ਸਵੇਰੇ 11 ਵਜੋ ਤੋਂ ਦੁਪਹਿਰ 2 ਵਜੇ ਤੱਕ ਦਾ ਦਿੱਤਾ ਗਿਆ ਸੀ।''

ਗੁਰਦੁਆਰਾ ਸਿੱਖ ਸੰਗਠਨ ਟੌਰੰਗਾ ਦੇ ਪ੍ਰਧਾਨ ਪੂਰਨ ਸਿੰਘ ਨੇ ਕਿਹਾ, ''ਅਸੀਂ ਆਕਲੈਂਡ 'ਚ ਵਾਪਰੀ ਵਿਰੋਧ ਦੀ ਘਟਨਾ ਤੋਂ ਚਿੰਤਤ ਸਨ ਅਤੇ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਟੌਰੰਗਾ 'ਚ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਪੁਲਿਸ ਨੇ ਵੀ ਨਗਰ ਕੀਰਤਨ ਲਈ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ।''

ਪੂਰਨ ਸਿੰਘ ਨੇ ਦੱਸਿਆ ਕਿ ਡੈਸਟਿਨੀ ਚਰਚ ਸੰਗਠਨ ਦੇ ਫਾਊਂਡਰ ਬ੍ਰਾਇਨ ਤਮਾਕੀ ਦੇ ਮੈਂਬਰਾਂ ਨੇ ਸਾਡੇ ਨਗਰ ਕੀਤਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ।

ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਜਿਵੇਂ ਹੀ ਨਗਰ ਕੀਰਤਨ ਵੱਲ ਵਧੇ ਪੁਲਿਸ ਨੇ ਪਹਿਰਾ ਮਜ਼ਬੂਤ ਕਰ ਲਿਆ ਅਤੇ ਸੰਗਤ 'ਚ ਸ਼ਾਮਲ ਨੌਜਵਾਨਾਂ ਨੇ ਬੜੀ ਸਮਝਦਾਰੀ ਨਾਲ ਬ੍ਰਾਇਨ ਤਮਾਕੀ ਦੇ ਬੰਦਿਆਂ ਨੂੰ ਦੂਰ ਰੱਖਿਆ। ਮਹਿਜ਼ 10 ਮਿੰਟ ਤੱਕ ਅਜਿਹਾ ਹੁੰਦਾ ਰਿਹਾ ਜਿਸ ਤੋਂ ਬਾਅਦ ਬ੍ਰਾਇਨ ਤਮਾਕੀ ਦੇ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ।

ਲੰਗਰ ਦੀ ਸੇਵਾ ਕਰਦੇ ਹੋਏ ਨੌਜਵਾਨ

ਤਸਵੀਰ ਸਰੋਤ, Puran Singh

ਤਸਵੀਰ ਕੈਪਸ਼ਨ, ਨਗਰ ਕੀਰਤਨ 'ਚ ਸ਼ਾਮਲ ਸੰਗਤ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ

ਬ੍ਰਾਇਨ ਤਮਾਕੀ ਨੇ ਕੀ ਕਿਹਾ

ਡੈਸਟਿਨੀ ਚਰਚ ਸੰਗਠਨ ਦੇ ਫਾਊਂਡਰ ਤੇ ਫਰੀਡਮ ਐਂਡ ਰਾਈਟਸ ਕੋਲੀਸ਼ਨ ਸੰਸਥਾ ਦੇ ਮੁਖੀ ਬ੍ਰਾਇਨ ਤਮਾਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟਾਂ ਸਾਂਝੀਆਂ ਕਰਦਿਆਂ ਨਗਰ ਕੀਰਤਨ 'ਚ ਸ਼ਸਤਰਾਂ ਨਾਲ ਸ਼ਾਮਲ ਸਿੱਖ ਬੱਚਿਆਂ ਅਤੇ ਨੌਜਵਾਨਾਂ 'ਤੇ ਸਵਾਲ ਖੜ੍ਹੇ ਕੀਤੇ।

ਪੋਸਟ 'ਚ ਬ੍ਰਾਇਨ ਤਮਾਕੀ ਨੇ ਕਿਹਾ, ''ਇਹ ਨਿਊਜ਼ੀਲੈਂਡ ਹੈ, ਇੰਡੀਆ ਨਹੀਂ, ਸਾਡੀਆਂ ਸੜਕਾਂ 'ਤੇ ਕਿਰਪਾਨਾਂ ਵਾਲੇ ਸਿੱਖ ਬੱਚੇ, ਤਲਵਾਰਾਂ ਵਾਲੇ ਸਿੱਖ, ਇਹ ਸਾਡੀਆਂ ਸੜਕਾਂ ਹਨ, ਕੀਵੀ (ਨਿਊਜ਼ੀਲੈਂਡ ਵਾਸੀਆਂ) ਦੀਆਂ ਸੜਕਾਂ। ਜਨਤਕ ਸੜਕਾਂ 'ਤੇ ਹਥਿਆਰਾਂ ਦੀ ਕੋਈ ਜਗ੍ਹਾ ਨਹੀਂ ਹੈ...ਨਾ ਪਰੇਡਾਂ ਵਿੱਚ, ਨਾ ਬੱਚਿਆਂ ਦੇ ਆਲੇ-ਦੁਆਲੇ, ਨਾ ਹੀ ਕਿਤੇ ਹੋਰ।''

ਇਹ ਵੀ ਪੜ੍ਹੋ
ਨਗਰ ਕੀਤਰਨ 'ਚ ਸ਼ਾਮਲ ਇੱਕ ਵਾਹਨ

ਤਸਵੀਰ ਸਰੋਤ, Puran Singh

ਤਸਵੀਰ ਕੈਪਸ਼ਨ, ਟੌਰੰਗਾ ਸ਼ਹਿਰ 'ਚ ਪਿਛਲੇ 12 ਸਾਲਾਂ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ

ਪੁਲਿਸ ਨੇ ਬੀਬੀਸੀ ਨੂੰ ਕੀ ਦੱਸਿਆ

ਇਸ ਘਟਨਾ ਬਾਰੇ ਇੰਸਪੈਕਟਰ ਕ੍ਰਿਸਟੋਫਰ ਸਮਰਵਿਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਟੌਰੰਗਾ ਵਿੱਚ ਸਾਲਾਨਾ ਸਿੱਖ ਪਰੇਡ ਦੌਰਾਨ ਇੱਕ ਗੈਰ-ਸੰਬੰਧਿਤ ਗਰੁੱਪ ਵੱਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਵਿਵਸਥਾ ਬਣਾਈ ਰੱਖਣ ਲਈ ਮੌਕੇ 'ਤੇ ਮੌਜੂਦ ਸੀ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਦਖਲ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਪਰੇਡ ਸੁਰੱਖਿਅਤ ਢੰਗ ਨਾਲ ਸੰਪੰਨ ਹੋਵੇ। ਸਿੱਖ ਭਾਈਚਾਰੇ ਦੀ ਸੁਰੱਖਿਆ ਅਤੇ ਭਰੋਸੇ ਲਈ ਇਲਾਕੇ ਵਿੱਚ ਵਾਧੂ ਪੁਲਿਸ ਗਸ਼ਤ ਜਾਰੀ ਹੈ।''

ਮਾਓਰੀ ਪੈਸੀਫਿਕ ਐਥਨਿਕ ਸਰਵਿਸ ਬੇਅ ਆਫ ਪਲੇਨਟੀ ਪੁਲਿਸ ਦੇ ਇੰਸਪੈਕਟਰ ਕ੍ਰਿਸਟੋਫਰ ਸਮਰਵਿਲ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ।"

ਭਾਰਤ ਸਰਕਾਰ ਦੇ ਦਖਲ ਦੀ ਮੰਗ

ਟੌਰੰਗਾ ਨਗਰ ਕੀਰਤਨ 'ਚ ਵਾਪਰੀ ਘਟਨਾ ਦਾ ਪੰਜਾਬ ਵਿੱਚ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨਿਖੇਧੀ ਕਰਦਿਆਂ ਭਾਰਤ ਅਤੇ ਨਿਊਜ਼ੀਲੈਂਡ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਇਹ ਬਹੁਤ ਚਿੰਤਾਜਨਕ ਹੈ। ਨਗਰ ਕੀਰਤਨ ਸਾਡੀ ਸਿੱਖ ਕੌਮ ਦੀ ਪਵਿੱਤਰ ਧਾਰਮਿਕ ਪ੍ਰਥਾ ਹੈ ਜੋ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਦੀ ਹੈ। ਸਿੱਖ ਭਾਈਚਾਰਾ, ਜੋ ਹਮੇਸ਼ਾ 'ਸਰਬੱਤ ਦੇ ਭਲੇ' ਲਈ ਅਰਦਾਸ ਕਰਦਾ ਹੈ, ਨੇ ਅਜਿਹੇ ਸੰਵੇਦਨਸ਼ੀਲ ਮੌਕੇ 'ਤੇ ਮਿਸਾਲੀ ਸ਼ਾਂਤੀ ਬਣਾ ਕੇ ਰੱਖੀ।

''ਇਹਨਾਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਹਾਂ , ਮੈਂ ਮਾਨਯੋਗ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਸ ਮਾਮਲੇ ਨੂੰ ਤੁਰੰਤ ਨਿਊਜ਼ੀਲੈਂਡ ਸਰਕਾਰ ਨਾਲ ਕੂਟਨੀਤਕ ਤੌਰ 'ਤੇ ਉਠਾਉਣ।''

ਨਗਰ ਕੀਤਰਨ 'ਚ ਸ਼ਾਮਲ ਬੱਚੇ

ਤਸਵੀਰ ਸਰੋਤ, Puran Singh

ਤਸਵੀਰ ਕੈਪਸ਼ਨ, ਨਗਰ ਕੀਤਰਨ 'ਚ ਬੱਚੇ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ

ਪ੍ਰਦਰਸ਼ਨਕਾਰੀਆਂ ਨੂੰ ਜਵਾਬ

ਗੁਰਦੁਆਰਾ ਸਿੱਖ ਸੰਗਠਨ ਟੌਰੰਗਾ ਦੇ ਪ੍ਰਧਾਨ ਪੂਰਨ ਸਿੰਘ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਜਿੱਥੇ ਭਾਰਤੀ ਘੱਟ ਗਿਣਤੀ ਵਿੱਚ ਰਹਿੰਦੇ ਹਨ ਜੇਕਰ ਉਨ੍ਹਾਂ ਨੇ ਅਜਿਹੇ ਸਮਾਗਮ ਕਰਵਾਉਣੇ ਹੋਣ ਤਾਂ ਉਨ੍ਹਾਂ ਦੇ ਲਈ ਬਹੁਤ ਮੁਸ਼ਕਿਲ ਹੋਵੇਗਾ।

ਪੂਰਨ ਸਿੰਘ ਦਾ ਕਹਿਣ ਹੈ ਕਿ ਅਜਿਹੇ ਮਾਮਲਿਆਂ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ। ਪੰਜਾਬੀ ਜਾਂ ਭਾਰਤੀ ਇੱਥੇ ਜਾਇਜ਼ ਤਰੀਕੇ ਨਾਲ ਪਹੁੰਚੇ ਹਨ ਅਤੇ ਇੱਥੇ ਰਹਿੰਦੇ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ।

ਪ੍ਰਧਾਨ ਪੂਰਨ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ 'ਚ ਹੋਰ ਵੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਬਾਕੀ ਵੀ ਸਥਾਨਕ ਲੋਕ ਹਨ, ਉਹ ਸਾਨੂੰ ਪੂਰਾ ਸਮਰਥਨ ਦਿੰਦੇ ਹਨ। ਡਿਪਟੀ ਮੇਅਰ, ਐਮਪੀ ਜਾਨ ਟਿਨੇਟੀ ਵੀ ਨਗਰ ਕੀਰਤਨ 'ਚ ਪਹੁੰਚੇ ਸਨ।

ਐਮਪੀ ਜਾਨ ਟਿਨੇਟੀ ਨੇ ਕੀ ਕਿਹਾ

ਐਮਪੀ ਜਾਨ ਟਿਨੇਟੀ

ਤਸਵੀਰ ਸਰੋਤ, FB/Jan Tinetti MP

ਤਸਵੀਰ ਕੈਪਸ਼ਨ, ਐਮਪੀ ਜਾਨ ਟਿਨੇਟੀ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ

ਐਮਪੀ ਜਾਨ ਟਿਨੇਟੀ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਫੇਸਬੁੱਕ ਪੋਸਟ 'ਚ ਉਨ੍ਹਾਂ ਨੇ ਲਿਖਿਆ, ''ਇਸ ਸਾਲ ਦੀ ਟੌਰੰਗਾ ਸਿੱਖ ਪਰੇਡ (ਨਗਰ ਕੀਰਤਨ) ਵਿੱਚ ਆਪਣੇ ਸਿੱਖ ਪਰਿਵਾਰ ਨਾਲ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ। ਇਹ ਵਿਸ਼ਵਾਸ, ਏਕਤਾ ਅਤੇ ਸੇਵਾ ਦਾ ਇੱਕ ਬਹੁਤ ਹੀ ਸ਼ਾਨਦਾਰ ਜਸ਼ਨ ਸੀ।''

''ਬਰਾਬਰੀ, ਨਿਮਰਤਾ ਅਤੇ ਸੇਵਾ ਵਰਗੀਆਂ ਕਦਰਾਂ-ਕੀਮਤਾਂ ਉਹ ਮੁੱਲ ਹਨ ਜੋ ਪੂਰੇ ਨਿਊਜ਼ੀਲੈਂਡ ਵਿੱਚ ਡੂੰਘੀ ਗੂੰਜ ਰੱਖਦੇ ਹਨ। ਅਸੀਂ ਹਰ ਰੋਜ਼ ਆਪਣੇ ਸਿੱਖ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਰਾਹੀਂ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਦੇਖਦੇ ਹਾਂ। ਲੋੜਵੰਦਾਂ ਨੂੰ ਭੋਜਨ ਛਕਾਉਣਾ, ਵਲੰਟੀਅਰ ਵਜੋਂ ਸੇਵਾ ਕਰਨੀ ਅਤੇ ਉਦਾਰਤਾ ਤੇ ਹਮਦਰਦੀ ਨਾਲ ਗੁਆਂਢੀਆਂ ਦੀ ਮਦਦ ਕਰਨੀ।''

''ਇਸ ਤਰ੍ਹਾਂ ਦੇ ਸਮਾਗਮ ਸਾਨੂੰ ਯਾਦ ਕਰਾਉਂਦੇ ਹਨ ਕਿ ਕਿਹੜੀ ਚੀਜ਼ ਸਾਡੇ ਦੇਸ਼ ਨੂੰ ਇੰਨਾ ਖਾਸ ਬਣਾਉਂਦੀ ਹੈ, ਸਾਡੀ ਵਿਭਿੰਨਤਾ, ਸਾਡੀ ਦਿਆਲਤਾ ਅਤੇ ਇੱਕ ਭਾਈਚਾਰੇ ਵਜੋਂ ਇਕੱਠੇ ਚੱਲਣ ਦਾ ਸਾਡਾ ਤਰੀਕਾ।

ਆਕਲੈਂਡ 'ਚ ਵੀ ਹੋਇਆ ਸੀ ਵਿਰੋਧ

ਪ੍ਰਦਰਸ਼ਨਕਾਰੀ ਆਪਣੇ ਹੱਕਾਂ ਅਤੇ ਆਪਣੀ ਧਰਤੀ ਸਬੰਧੀ ਨਾਅਰੇਬਾਜ਼ੀ ਵੀ ਕਰ ਰਹੇ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਆਕਲੈਂਡ 'ਚ 20 ਦਸੰਬਰ 2025 ਨੂੰ ਸਜਾਏ ਨਗਰ ਕੀਰਤਨ ਦਾ ਵਿਰੋਧ ਹੋਇਆ ਸੀ

20 ਦਸੰਬਰ 2025 ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਕਲੈਂਡ ਵਿਖੇ ਨਗਰ ਕੀਰਤਨ ਸਜਾਇਆ ਗਿਆ ਸੀ। ਉਸੇ ਦੌਰਾਨ ਰਸਤੇ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਇਸ ਦਾ ਵਿਰੋਧ ਕੀਤਾ ਸੀ। ਪ੍ਰਦਰਸ਼ਨਕਾਰੀ ਆਪਣੇ ਹੱਕਾਂ ਅਤੇ ਆਪਣੀ ਧਰਤੀ ਸਬੰਧੀ ਨਾਅਰੇਬਾਜ਼ੀ ਵੀ ਕਰ ਰਹੇ ਸਨ।

ਆਕਲੈਂਡ ਘਟਨਾ ਬਾਰੇ ਪੁਲਿਸ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਦੱਸਿਆ ਸੀ ਕਿ ਸ਼ਨੀਵਾਰ (20 ਦਸੰਬਰ) ਦੁਪਹਿਰ 2 ਵਜੇ ਦੇ ਕਰੀਬ ਲਗਭਗ 50 ਲੋਕਾਂ ਦੇ ਇੱਕ ਸਮੂਹ ਨੇ ਗ੍ਰੇਟ ਸਾਊਥ ਰੋਡ ਨੂੰ ਰੋਕ ਦਿੱਤਾ ਅਤੇ ਆਕਲੈਂਡ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਇੱਕ ਨਿਰਧਾਰਤ ਜਨਤਕ ਪਰੇਡ (ਨਗਰ ਕੀਰਤਨ) ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਇਹ ਪ੍ਰਦਰਸ਼ਨ ਵੀ ਬ੍ਰਾਇਨ ਤਮਾਕੀ ਦੀ ਸੰਸਥਾ ਵੱਲੋਂ ਕੀਤਾ ਗਿਆ ਸੀ। ਉਦੋਂ ਬ੍ਰਾਇਨ ਤਮਾਕੀ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਚਿੰਤਤ ਹੋਣ ਦਾ ਪੂਰਾ ਹੱਕ ਹੈ। ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਰਾਹੀਂ ਵੱਡੇ ਪੱਧਰ ਦੀ ਘੁਸਪੈਠ ਹੋ ਰਹੀ ਹੈ, ਜੋ ਸਾਡੇ ਦੇਸ਼ ਵਿੱਚ ਹੜ੍ਹ ਵਾਂਗ ਆ ਰਹੀ ਹੈ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)