ਮਰਚੈਂਟ ਨੇਵੀ ਵਿੱਚ ਕਿਵੇਂ ਜਾ ਸਕਦੇ ਹਾਂ, ਕਿਹੜੀ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਕਿੰਨੀ ਹੈ ਤਨਖ਼ਾਹ?

ਤਸਵੀਰ ਸਰੋਤ, Getty Images
- ਲੇਖਕ, ਪ੍ਰਿਯੰਕਾ ਝਾਅ
- ਰੋਲ, ਬੀਬੀਸੀ ਪੱਤਰਕਾਰ
ਸਮੁੰਦਰ ਸਿਰਫ਼ ਸੈਰਗਾਹ ਨਹੀਂ, ਸਗੋਂ ਦੁਨੀਆ ਦੇ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਵੀ ਮੰਨਿਆ ਜਾਂਦਾ ਹੈ। ਇਸੇ ਰਸਤੇ ਰਾਹੀਂ ਦੁਨੀਆ ਦੇ ਕਈ ਦੇਸਾਂ ਦਾ ਜ਼ਿਆਦਾਤਰ ਕਾਰੋਬਾਰ ਹੁੰਦਾ ਹੈ।
ਭਾਰਤ ਵਿੱਚ ਹੀ 12 ਵੱਡੀਆਂ ਅਤੇ ਦੋ ਸੌ ਛੋਟੀਆਂ ਬੰਦਰਗਾਹਾਂ ਹਨ, ਜਿੱਥੋਂ ਹਰ ਰੋਜ਼ ਲੱਖਾਂ-ਕਰੋੜਾਂ ਰੁਪਏ ਦਾ ਸਾਮਾਨ ਆਉਂਦਾ-ਜਾਂਦਾ ਹੈ।
ਇਸੇ ਖੇਤਰ ਦੀ ਇੱਕ ਅਜਿਹੀ ਨੌਕਰੀ ਹੈ, ਜੋ ਕਈ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੀ ਹੈ- ਮਰਚੈਂਟ ਨੇਵੀ।
ਦੁਨੀਆ ਭਰ ਵਿੱਚ ਜਿੰਨੇ ਵੀ ਮਰਚੈਂਟ ਮਰੀਨਰ ਹਨ, ਉਨ੍ਹਾਂ ਵਿੱਚੋਂ ਸੱਤ ਫ਼ੀਸਦੀ ਭਾਰਤੀ ਹਨ।
ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਹਾਜ਼ਰਾਨੀ ਸਨਅਤ ਵਿੱਚ ਹੋਰ ਤੇਜ਼ੀ ਦੇਖੀ ਜਾ ਸਕਦੀ ਹੈ। ਭਾਰਤ ਸਰਕਾਰ ਨੇ ਸਾਲ 2047 ਤੱਕ ਜਹਾਜ਼ਰਾਨੀ ਵਿੱਚ ਡੇਢ ਕਰੋੜ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਦਾ ਟੀਚਾ ਮਿਥਿਆ ਹੈ।
ਮਰਚੈਂਟ ਨੇਵੀ ਵੱਲ ਵਾਪਸ ਆਉਂਦੇ ਹਾਂ। ਉੱਚੀ ਤਨਖ਼ਾਹ, ਦੁਨੀਆਂ ਘੁੰਮਣ ਦਾ ਮੌਕਾ ਅਤੇ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ, ਇਹ ਸਭ ਇਸ ਕਰੀਅਰ ਨੂੰ ਦਿਲਚਸਪ ਤਾਂ ਬਣਾਉਂਦੇ ਹਨ, ਪਰ ਇਸ ਵਿੱਚ ਚੁਣੌਤੀਆਂ ਵੀ ਘੱਟ ਨਹੀਂ ਹਨ।
ਇਸ ਲੇਖ ਵਿੱਚ ਸਮਝਾਂਗੇ ਕਿ ਮਰਚੈਂਟ ਨੇਵੀ ਕੀ ਹੈ, ਇਸ ਵਿੱਚ ਜਾਣ ਦਾ ਰਸਤਾ ਕੀ ਹੈ, ਇਹ ਕਿਹੜੇ ਲੋਕਾਂ ਲਈ ਸਹੀ ਵਿਕਲਪ ਹੋ ਸਕਦਾ ਹੈ ਅਤੇ ਅਜਿਹੀਆਂ ਕਿਹੜੀਆਂ ਚੁਣੌਤੀਆਂ ਹਨ, ਜੋ ਇਸ ਵਿੱਚ ਸਾਹਮਣੇ ਆਉਂਦੀਆਂ ਹਨ।
ਕੀ ਹੁੰਦੀ ਹੈ ਮਰਚੈਂਟ ਨੇਵੀ?

ਤਸਵੀਰ ਸਰੋਤ, Getty Images
ਕਈ ਨੌਜਵਾਨਾਂ ਵਿੱਚ ਇਹ ਸ਼ਸ਼ੋਪੰਜ ਨਜ਼ਰ ਆਉਂਦੀ ਹੈ ਕਿ ਭਾਰਤੀ ਜਲ ਸੈਨਾ ਵਿੱਚ ਜਾਣਾ ਚਾਹੀਦਾ ਹੈ ਜਾਂ ਫਿਰ ਮਰਚੈਂਟ ਨੇਵੀ। ਇਹ ਦੋਵੇਂ ਰਸਤੇ ਸਮੁੰਦਰ ਤੱਕ ਜਾਂਦੇ ਹਨ, ਪਰ ਦੋਵਾਂ ਦਾ ਮਕਸਦ ਇੱਕ-ਦੂਜੇ ਤੋਂ ਪੂਰੀ ਤਰ੍ਹਾਂ ਵੱਖਰਾ ਹੈ।
ਸਭ ਤੋਂ ਪਹਿਲਾਂ ਇਨ੍ਹਾਂ ਵਿਚਕਾਰਲਾ ਅੰਤਰ ਸਮਝ ਲੈਂਦੇ ਹਾਂ।
ਅਕੈਡਮੀ ਆਫ਼ ਮੈਰੀਟਾਈਮ ਐਜੂਕੇਸ਼ਨ ਐਂਡ ਟ੍ਰੇਨਿੰਗ ਦੇ ਪਲੇਸਮੈਂਟ ਡਾਇਰੈਕਟਰ ਕੈਪਟਨ ਚੰਦਰਸ਼ੇਖਰ ਕਹਿੰਦੇ ਹਨ, "ਮਰਚੈਂਟ ਨੇਵੀ ਉਹ ਜਹਾਜ਼ਰਾਨੀ ਸੇਵਾ ਹੈ, ਜੋ ਸਮੁੰਦਰ ਦੇ ਰਸਤੇ ਮਾਲ ਲੈ ਜਾਣ ਵਾਲੇ ਕਮਰਸ਼ੀਅਲ ਜਹਾਜ਼ਾਂ ਨਾਲ ਜੁੜੀ ਹੋਈ ਹੈ। ਇਹ ਇੱਕ ਕਾਸਟ ਸੈਂਟਰ ਹੈ, ਜੋ ਜਾਂ ਤਾਂ ਮੁਨਾਫ਼ਾ ਕਮਾਉਂਦਾ ਹੈ ਜਾਂ ਫਿਰ ਨੁਕਸਾਨ ਝੱਲਦਾ ਹੈ। ਜਦਕਿ ਨੇਵੀ ਯਾਨੀ ਜਲ ਸੈਨਾ ਮੁੱਖ ਤੌਰ 'ਤੇ ਰੱਖਿਆ ਲਈ ਹੁੰਦੀ ਹੈ। ਇਹ ਥਲ ਸੈਨਾ ਅਤੇ ਹਵਾਈ ਸੈਨਾ ਦੀ ਤਰ੍ਹਾਂ ਭਾਰਤੀ ਫੌਜ ਦੀ ਇੱਕ ਸ਼ਾਖਾ ਹੈ।"
ਮਰਚੈਂਟ ਨੇਵੀ ਡੀਕੋਡਿਡ ਨਾਮ ਦੀ ਐਜੂਟੈਕ ਕੰਪਨੀ ਚਲਾ ਰਹੇ ਪ੍ਰਣੀਤ ਮਹਿਤਾ ਖੁਦ ਵੀ ਇੱਕ ਜਹਾਜ਼ 'ਤੇ ਚੀਫ਼ ਇੰਜੀਨੀਅਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ।
ਉਹ ਕਹਿੰਦੇ ਹਨ, "ਨੇਵੀ ਤੱਕ ਜਾਣ ਦਾ ਰਸਤਾ ਹੀ ਵੱਖਰਾ ਹੈ। ਇਸ ਦੇ ਲਈ ਵੱਖਰੀ ਪ੍ਰੀਖਿਆ ਹੁੰਦੀ ਹੈ, ਨੈਸ਼ਨਲ ਡਿਫੈਂਸ ਅਕੈਡਮੀ ਜਾਣਾ ਪੈਂਦਾ ਹੈ। ਉੱਥੇ ਤਿੰਨ ਸਾਲ ਦੀ ਸਖ਼ਤ ਟ੍ਰੇਨਿੰਗ ਵਿੱਚੋਂ ਗੁਜ਼ਰਨਾ ਪੈਂਦਾ ਹੈ। ਮਰਚੈਂਟ ਨੇਵੀ ਪ੍ਰਾਈਵੇਟ ਸੈਕਟਰ ਹੈ, ਜਦਕਿ ਨੇਵੀ ਪੂਰੀ ਤਰ੍ਹਾਂ ਸਰਕਾਰੀ ਅਤੇ ਦੇਸ਼ ਸੇਵਾ ਲਈ ਹੈ। ਦੋਵਾਂ ਦੀਆਂ ਤਨਖ਼ਾਹਾਂ ਵਿੱਚ ਵੀ ਬਹੁਤ ਅੰਤਰ ਹੈ।"
ਮਰਚੈਂਟ ਨੇਵੀ ਦੀ ਨਿਗਰਾਨੀ ਡਾਇਰੈਕਟਰੇਟ ਜਨਰਲ ਆਫ਼ ਸ਼ਿਪਿੰਗ ਦੇ ਹੱਥਾਂ ਵਿੱਚ ਹੁੰਦੀ ਹੈ ਅਤੇ ਇਸ ਵਿੱਚ ਵੱਖ-ਵੱਖ ਵਿਭਾਗ ਹੁੰਦੇ ਹਨ। ਅਤੇ ਇਨ੍ਹਾਂ ਵਿੱਚ ਐਂਟਰੀ ਕਿਵੇਂ ਮਿਲਦੀ ਹੈ?
ਨੇਵੀਗੇਸ਼ਨ ਵਿਭਾਗ ਜਾਂ ਡੈੱਕ ਵਿਭਾਗ: ਨੌਟੀਕਲ ਸਾਇੰਸ ਵਿੱਚ ਡਿਪਲੋਮਾ ਜਾਂ ਫਿਰ ਬੀ.ਐੱਸ.ਸੀ. ਇਨ ਨੌਟੀਕਲ ਸਾਇੰਸ ਰਾਹੀਂ ਇਸ ਵਿਭਾਗ ਵਿੱਚ ਐਂਟਰੀ ਮਿਲ ਸਕਦੀ ਹੈ। ਇਨ੍ਹਾਂ ਦਾ ਕੰਮ ਹੁੰਦਾ ਹੈ ਜਹਾਜ਼ ਨੂੰ ਸੁਰੱਖਿਅਤ ਰਸਤੇ ਰਾਹੀਂ ਲੈ ਕੇ ਜਾਣਾ ਅਤੇ ਸਮੁੰਦਰ ਦੀਆਂ ਸਥਿਤੀਆਂ ਨੂੰ ਸਮਝਣਾ। ਇਸ ਵਿੱਚ ਡੈੱਕ ਕੈਡੇਟ, ਥਰਡ ਅਫ਼ਸਰ, ਸੈਕੰਡ ਅਫ਼ਸਰ ਅਤੇ ਕੈਪਟਨ ਦੇ ਅਹੁਦੇ ਹੁੰਦੇ ਹਨ।
ਇੰਜਣ ਵਿਭਾਗ (ਮਰੀਨ ਇੰਜੀਨੀਅਰਿੰਗ): ਨੇਵੀਗੇਸ਼ਨ ਵਿਭਾਗ ਵਾਂਗ ਹੀ ਇੱਕ ਹੋਰ ਇੰਜੀਨੀਅਰ ਹੁੰਦਾ ਹੈ, ਜਿਸ ਦੇ ਜ਼ਿੰਮੇ ਜਹਾਜ਼ ਦੇ ਇੰਜਣ, ਮਸ਼ੀਨਾਂ ਅਤੇ ਤਕਨੀਕੀ ਉਪਕਰਨ ਹੁੰਦੇ ਹਨ। ਇਸ ਅਹੁਦੇ ਲਈ ਮਰੀਨ ਇੰਜੀਨੀਅਰਿੰਗ ਵਿੱਚ ਬੀ.ਟੈੱਕ ਜਾਂ ਫਿਰ ਡਿਪਲੋਮਾ ਜ਼ਰੂਰੀ ਹੈ। ਬੀ.ਟੈੱਕ ਇਨ ਮਰੀਨ ਇੰਜੀਨੀਅਰਿੰਗ ਲਈ ਦਾਖ਼ਲਾ 'ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ' (ਆਈਐੱਮਯੂ-ਸੀਈਟੀ) ਰਾਹੀਂ ਹੁੰਦਾ ਹੈ।
ਇਸ ਤੋਂ ਇਲਾਵਾ ਇੱਕ ਸਾਲ ਦਾ ਸਪੈਸ਼ਲਾਈਜ਼ਡ ਡਿਪਲੋਮਾ ਕੋਰਸ- ਗ੍ਰੈਜੂਏਟ ਮਰੀਨ ਇੰਜੀਨੀਅਰਿੰਗ (ਜੀਐੱਮਈ) ਰਾਹੀਂ ਵੀ ਇਸ ਵਿਭਾਗ ਵਿੱਚ ਐਂਟਰੀ ਮਿਲ ਸਕਦੀ ਹੈ। ਇਸ ਤੋਂ ਬਾਅਦ ਪਹਿਲੀ ਜੁਆਇਨਿੰਗ ਜੂਨੀਅਰ ਇੰਜੀਨੀਅਰ ਦੇ ਅਹੁਦੇ 'ਤੇ ਹੁੰਦੀ ਹੈ, ਫਿਰ ਫੋਰਥ ਇੰਜੀਨੀਅਰ, ਥਰਡ ਇੰਜੀਨੀਅਰ, ਸੈਕੰਡ ਇੰਜੀਨੀਅਰ ਅਤੇ ਚੀਫ਼ ਇੰਜੀਨੀਅਰ ਦੇ ਅਹੁਦੇ ਤੱਕ ਪਹੁੰਚਦੇ ਹਨ।
ਇਲੈਕਟ੍ਰੋ-ਟੈਕਨੀਕਲ ਅਫ਼ਸਰ (ਈਟੀਓ): ਈਟੀਓ ਮਰਚੈਂਟ ਸ਼ਿਪ ਦੇ ਇੰਜਣ ਵਿਭਾਗ ਦਾ ਉਹ ਲਾਇਸੰਸਸ਼ੁਦਾ ਮੈਂਬਰ ਹੁੰਦਾ ਹੈ, ਜਿਸਦੀ ਜ਼ਿੰਮੇਵਾਰੀ ਸੈਂਸਰ ਅਤੇ ਅਲਾਰਮ ਸਿਸਟਮ ਦੀ ਨਿਗਰਾਨੀ ਕਰਨਾ ਹੁੰਦੀ ਹੈ। ਇਸ ਦੇ ਲਈ ਇਲੈਕਟ੍ਰੀਕਲ, ਇਲੈਕਟ੍ਰਾਨਿਕਸ ਜਾਂ ਇੰਸਟਰੂਮੈਂਟੇਸ਼ਨ ਵਰਗੇ ਵਿਭਾਗਾਂ ਵਿੱਚ ਬੀ.ਈ. ਜਾਂ ਬੀ.ਟੈੱਕ ਹੋਣਾ ਜ਼ਰੂਰੀ ਹੈ, ਨਾਲ ਹੀ ਡੀਜੀ ਸ਼ਿਪਿੰਗ ਤੋਂ ਮਾਨਤਾ ਪ੍ਰਾਪਤ ਈਟੀਓ ਕੋਰਸ ਵੀ ਕੀਤਾ ਹੋਣਾ ਚਾਹੀਦਾ ਹੈ।
ਜੀਪੀ ਰੇਟਿੰਗ (ਸਪੋਰਟ ਕਰੂ): ਇਸ ਵਿਭਾਗ ਵਿੱਚ ਕੋਈ ਅਫ਼ਸਰ ਪੁਜ਼ੀਸ਼ਨ ਨਹੀਂ ਹੁੰਦੀ, ਪਰ ਇਹ ਕਰੂ ਅਤੇ ਜਹਾਜ਼ ਦੀ ਦੇਖਭਾਲ ਦੇ ਲਿਹਾਜ਼ ਨਾਲ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਉਮਰ ਸਾਢੇ 17 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 10ਵੀਂ ਜਾਂ 12ਵੀਂ ਤੋਂ ਬਾਅਦ ਛੇ ਮਹੀਨੇ ਦਾ ਜੀਪੀ ਰੇਟਿੰਗ ਕੋਰਸ ਹੁੰਦਾ ਹੈ, ਜਿਸ ਰਾਹੀਂ ਇਹ ਨੌਕਰੀ ਪਾਈ ਜਾ ਸਕਦੀ ਹੈ।
ਕਿਹੜੇ ਲੋਕਾਂ ਲਈ ਹੈ ਮਰਚੈਂਟ ਨੇਵੀ?

ਤਸਵੀਰ ਸਰੋਤ, Getty Images
ਪ੍ਰਤੀਕ ਤਿਵਾਰੀ ਅੱਜ-ਕੱਲ੍ਹ ਇੱਕ ਕੰਪਨੀ ਵਿੱਚ ਸੀਨੀਅਰ ਚਾਰਟਰਿੰਗ (ਸ਼ਿਪਿੰਗ) ਮੈਨੇਜਰ ਹਨ। ਸਾਲ 2006 ਵਿੱਚ ਜਦੋਂ ਉਨ੍ਹਾਂ ਨੇ 12ਵੀਂ ਕੀਤੀ, ਉਦੋਂ ਬਾਕੀ ਕਈ ਵਿਦਿਆਰਥੀਆਂ ਵਾਂਗ ਉਨ੍ਹਾਂ ਨੂੰ ਵੀ ਪਤਾ ਨਹੀਂ ਸੀ ਕਿ ਅੱਗੇ ਕਿਹੜਾ ਰਸਤਾ ਚੁਣਨਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ, "ਮੇਰੇ ਘਰਦਿਆਂ ਦੀ ਇੱਛਾ ਸੀ ਕਿ ਮੈਂ ਆਈਟੀ ਜਾਂ ਕੰਪਿਊਟਰ ਸਾਇੰਸ ਵਿੱਚ ਕਰੀਅਰ ਬਣਾਵਾਂ, ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਅਤੇ ਉਸ ਸਮੇਂ ਮਰਚੈਂਟ ਨੇਵੀ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਸੀ। ਕੋਈ ਗਾਈਡੈਂਸ ਵੀ ਨਹੀਂ ਸੀ, ਇਸ ਲਈ ਫ਼ੈਸਲਾ ਲੈਣਾ ਔਖਾ ਸੀ। ਪਰ ਮੈਂ ਮਰੀਨ ਇੰਜੀਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ ਅਤੇ ਫਿਰ ਚਾਰ ਸਾਲ ਦੇ ਕੋਰਸ ਤੋਂ ਬਾਅਦ ਮੇਰਾ ਸਫ਼ਰ ਮਰੀਨ ਇੰਜੀਨੀਅਰ ਵਜੋਂ ਸ਼ੁਰੂ ਹੋਇਆ।"
ਪ੍ਰਤੀਕ ਦੱਸਦੇ ਹਨ ਕਿ ਇਹ ਸਫ਼ਰ ਸੌਖਾ ਨਹੀਂ ਸੀ। ਉਹ ਕਹਿੰਦੇ ਹਨ ਕਿ ਮਰਚੈਂਟ ਨੇਵੀ ਉਨ੍ਹਾਂ ਲੋਕਾਂ ਲਈ ਹੈ, ਜੋ:

ਇੰਜੀਨੀਅਰਿੰਗ, ਮਸ਼ੀਨਰੀ, ਸਿਸਟਮ, ਨੇਵੀਗੇਸ਼ਨ ਵਰਗੀ ਤਕਨੀਕ ਵਿੱਚ ਦਿਲਚਸਪੀ ਰੱਖਦੇ ਹੋਣ
- ਜੋ ਲੰਬੇ ਸਮੇਂ ਤੱਕ ਘਰ ਤੋਂ ਦੂਰ ਰਹਿ ਸਕਣ
- ਜੋ ਬਹੁਤ ਜ਼ਿਆਦਾ ਅਨੁਸ਼ਾਸਿਤ ਮਾਹੌਲ ਵਿੱਚ, ਜ਼ਿੰਮੇਵਾਰੀ ਨਾਲ ਕੰਮ ਕਰ ਸਕਣ
- ਜੋ ਸਰੀਰਕ ਅਤੇ ਮਾਨਸਿਕ, ਦੋਵਾਂ ਪੱਖੋਂ ਫਿੱਟ ਹੋਣ
- ਜਿਨ੍ਹਾਂ ਨੂੰ ਘੁੰਮਣ ਦਾ ਸ਼ੌਕ ਹੋਵੇ ਅਤੇ ਦੇਸ਼-ਵਿਦੇਸ਼ ਦੇ ਐਕਸਪੋਜ਼ਰ ਦੀ ਚਾਹਤ ਹੋਵੇ
ਪ੍ਰਣੀਤ ਮਹਿਤਾ ਕਹਿੰਦੇ ਹਨ ਕਿ ਮਰਚੈਂਟ ਨੇਵੀ ਆਪਣੇ ਨਾਲ ਕਈ ਚੁਣੌਤੀਆਂ ਵੀ ਲੈ ਕੇ ਆਉਂਦੀ ਹੈ। ਜਿਵੇਂ ਕਿ ਛੇ ਮਹੀਨੇ ਤੁਹਾਨੂੰ ਸਮੁੰਦਰ ਵਿੱਚ ਬਿਤਾਉਣੇ ਪੈਂਦੇ ਹਨ। ਇੰਨੇ ਲੰਬੇ ਸਮੇਂ ਤੱਕ ਕਿਸੇ ਨੂੰ ਆਪਣੇ ਘਰ-ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਇਕੱਲਾਪਨ ਮਹਿਸੂਸ ਹੁੰਦਾ ਹੈ ਅਤੇ ਇਸ ਦੌਰਾਨ ਮਾਨਸਿਕ ਦਬਾਅ ਵੀ ਬਹੁਤ ਹੁੰਦਾ ਹੈ। ਇਹ ਇੱਕ ਅਜਿਹਾ ਪੇਸ਼ਾ ਹੈ, ਜਿੱਥੇ ਤੁਹਾਨੂੰ ਹਰ ਵੇਲੇ ਤਨ-ਮਨ ਦੋਵਾਂ ਨਾਲ ਮੌਜੂਦ ਰਹਿਣਾ ਪੈਂਦਾ ਹੈ ਅਤੇ ਸਖ਼ਤ ਅਨੁਸ਼ਾਸਨ ਵਿੱਚ ਰਹਿਣਾ ਹੁੰਦਾ ਹੈ।
ਲੇਕਿਨ ਉਨ੍ਹਾਂ ਦਾ ਇਹ ਵੀ ਕਹਿਣਾ ਹੈ, "ਅੱਜ-ਕੱਲ੍ਹ ਨੌਕਰੀਆਂ ਘੱਟ ਹੁੰਦੀਆਂ ਜਾ ਰਹੀਆਂ ਹਨ। ਜ਼ਿਆਦਾਤਰ ਲੋਕ ਅਜਿਹੇ ਫੀਲਡ ਵਿੱਚ ਜਾਂਦੇ ਹਨ, ਜਿੱਥੇ ਮੁਕਾਬਲਾ ਬਹੁਤ ਹੈ। ਇਸ ਦੇ ਉਲਟ, ਵਿਸ਼ਵਵਿਆਪੀ ਵਪਾਰ ਅਤੇ ਸਪਲਾਈ ਵਿੱਚ ਲਗਾਤਾਰ ਵਾਧੇ ਦੇ ਨਾਲ ਆਉਣ ਵਾਲੇ 10 ਸਾਲਾਂ ਵਿੱਚ ਮਰਚੈਂਟ ਨੇਵੀ ਇੰਡਸਟਰੀ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਮਰਚੈਂਟ ਨੇਵੀ ਕੋਰਸ ਚੁਣਨ ਦਾ ਸਭ ਤੋਂ ਸਹੀ ਸਮਾਂ ਇਹੀ ਹੈ, ਕਿਉਂਕਿ ਇੱਥੇ ਮੁਕਾਬਲਾ ਘੱਟ ਅਤੇ ਤਨਖ਼ਾਹ ਚੰਗੀ ਹੁੰਦੀ ਹੈ। ਨਾਲ ਹੀ ਅਫ਼ਸਰ ਦੀ ਵਰਦੀ ਪਾਉਣ ਦਾ ਮੌਕਾ ਵੀ ਮਿਲਦਾ ਹੈ।"
ਮਰਚੈਂਟ ਨੇਵੀ ਦੇ ਕੋਰਸ ਕਿਹੜੇ-ਕਿਹੜੇ ਹਨ?

ਤਸਵੀਰ ਸਰੋਤ, @IMU_HQ
ਡਿਪਲੋਮਾ ਇਨ ਨੌਟੀਕਲ ਸਾਇੰਸ (ਡੀਐੱਨਐੱਸ): ਡੈੱਕ ਵਿਭਾਗ ਵਿੱਚ ਜਾਣ ਲਈ ਇੱਕ ਸਾਲ ਦਾ ਕੋਰਸ, ਬਾਰ੍ਹਵੀਂ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਬੀ.ਐੱਸ.ਸੀ. ਇਨ ਨੌਟੀਕਲ ਸਾਇੰਸ: ਡੈੱਕ ਵਿਭਾਗ ਵਿੱਚ ਜਾਣ ਲਈ ਤਿੰਨ ਸਾਲ ਦਾ ਕੋਰਸ
ਬੀ.ਟੈੱਕ ਮਰੀਨ ਇੰਜੀਨੀਅਰਿੰਗ: ਇੰਜਣ ਵਿਭਾਗ ਵਿੱਚ ਜਾਣ ਲਈ ਚਾਰ ਸਾਲ ਦਾ ਕੋਰਸ
ਗ੍ਰੈਜੂਏਟ ਮਰੀਨ ਇੰਜੀਨੀਅਰਿੰਗ (ਜੀਐੱਮਈ): ਜੇਕਰ ਬਾਰ੍ਹਵੀਂ ਤੋਂ ਬਾਅਦ ਬੀ.ਟੈੱਕ ਮਕੈਨੀਕਲ ਵਿੱਚ ਕੀਤੀ ਹੈ ਤਾਂ ਫਿਰ 8-12 ਮਹੀਨੇ ਦਾ ਇਹ ਕੋਰਸ ਕਰਕੇ ਇੰਜਣ ਵਿਭਾਗ ਜੁਆਇਨ ਕੀਤਾ ਜਾ ਸਕਦਾ ਹੈ।
ਇਲੈਕਟ੍ਰੋ ਟੈਕਨੀਕਲ ਅਫ਼ਸਰ (ਈਟੀਓ): ਜੇਕਰ ਬਾਰ੍ਹਵੀਂ ਤੋਂ ਬਾਅਦ ਇਲੈਕਟ੍ਰੀਕਲ, ਇਲੈਕਟ੍ਰਾਨਿਕਸ-ਕਮਿਊਨੀਕੇਸ਼ਨ ਨਾਲ ਬੀ.ਟੈੱਕ ਜਾਂ ਡਿਪਲੋਮਾ ਕੀਤਾ ਹੈ ਤਾਂ ਚਾਰ ਮਹੀਨੇ ਦਾ ਇਹ ਕੋਰਸ ਕਰਕੇ ਇੰਜਣ ਵਿਭਾਗ ਵਿੱਚ ਜਾ ਸਕਦੇ ਹੋ।
ਜੀਪੀ ਰੇਟਿੰਗ: ਛੇ ਮਹੀਨੇ ਦਾ ਕੋਰਸ ਹੁੰਦਾ ਹੈ, ਜੋ ਡੈੱਕ ਅਤੇ ਇੰਜਣ ਦੋਵਾਂ ਵਿਭਾਗਾਂ ਵਿੱਚ ਜਾਣ ਲਈ ਕੀਤਾ ਜਾ ਸਕਦਾ ਹੈ।
ਮਰਚੈਂਟ ਨੇਵੀ ਵਿੱਚ ਕੌਣ ਜਾ ਸਕਦਾ ਹੈ?

ਤਸਵੀਰ ਸਰੋਤ, @IMU_HQ
ਕੈਪਸ਼ਨ, ਭਾਰਤ ਵਿੱਚ ਮਰਚੈਂਟ ਨੇਵੀ ਦੀ ਪੜ੍ਹਾਈ ਲਈ 'ਇੰਡੀਅਨ ਮੈਰੀਟਾਈਮ ਯੂਨੀਵਰਸਿਟੀ' ਯਾਨੀ IMU ਹੈ।
ਕਰ ਬਾਰ੍ਹਵੀਂ ਵਿੱਚ ਤੁਹਾਡੇ ਕੋਲ ਫਿਜ਼ਿਕਸ, ਕੈਮਿਸਟਰੀ ਅਤੇ ਮੈਥਸ ਵਿੱਚ 60 ਫ਼ੀਸਦੀ ਅੰਕ ਹਨ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 50 ਫ਼ੀਸਦੀ ਅੰਕ ਹਨ, ਤਾਂ ਉਨ੍ਹਾਂ ਲਈ ਮਰਚੈਂਟ ਨੇਵੀ ਵਿੱਚ ਜਾਣਾ ਸੌਖਾ ਹੈ। ਨਾਲ ਹੀ ਨਜ਼ਰ (vision) ਵੀ 6/6 ਹੋਣੀ ਜ਼ਰੂਰੀ ਹੈ।
ਲੇਕਿਨ ਜੇਕਰ ਕਿਸੇ ਕੋਲ ਕਾਮਰਸ ਜਾਂ ਆਰਟਸ ਹੈ, ਤਾਂ ਫਿਰ ਉਨ੍ਹਾਂ ਲਈ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੁਬਾਰਾ PCM (ਫਿਜ਼ਿਕਸ, ਕੈਮਿਸਟਰੀ, ਮੈਥਸ) ਨਾਲ ਕਰਨੀ ਜ਼ਰੂਰੀ ਹੈ। ਜਾਂ ਫਿਰ 'ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ' ਤੋਂ ਵੀ ਗਿਆਰ੍ਹਵੀਂ-ਬਾਰ੍ਹਵੀਂ ਕਰ ਸਕਦੇ ਹਨ।
ਭਾਰਤ ਵਿੱਚ ਮਰਚੈਂਟ ਨੇਵੀ ਦੀ ਪੜ੍ਹਾਈ ਲਈ 'ਇੰਡੀਅਨ ਮੈਰੀਟਾਈਮ ਯੂਨੀਵਰਸਿਟੀ' ਯਾਨੀ ਆਈਐੱਮਯੂ ਹੈ। ਇਹ ਯੂਨੀਵਰਸਿਟੀ ਹਰ ਸਾਲ ਆਮ ਤੌਰ 'ਤੇ ਮਈ ਵਿੱਚ ਇੱਕ ਐਂਟਰੈਂਸ ਟੈਸਟ ਕਰਵਾਉਂਦੀ ਹੈ, ਜਿਸ ਨੂੰ ਆਈਐੱਮਯੂ-ਸੀਈਟੀ ਕਿਹਾ ਜਾਂਦਾ ਹੈ। ਇਸ ਵਿੱਚ ਚੰਗਾ ਸਕੋਰ ਲਿਆਉਣ ਵਾਲੇ ਵਿਦਿਆਰਥੀ ਤਿੰਨ ਸਾਲ ਦੇ ਬੀ.ਐੱਸ.ਸੀ. ਇਨ ਨੌਟੀਕਲ ਸਾਇੰਸ ਜਾਂ ਫਿਰ ਚਾਰ ਸਾਲ ਦੇ ਬੀ.ਟੈੱਕ ਇਨ ਮਰੀਨ ਇੰਜੀਨੀਅਰਿੰਗ ਕੋਰਸ ਵਿੱਚ ਦਾਖ਼ਲਾ ਪਾਉਂਦੇ ਹਨ।
ਇਸ ਨਾਲ ਜੁੜੀ ਰਜਿਸਟ੍ਰੇਸ਼ਨ ਕਦੋਂ ਹੋਵੇਗੀ, ਇਮਤਿਹਾਨ ਕਦੋਂ ਹੈ, ਅਜਿਹੇ ਸਵਾਲ ਜੇਕਰ ਮਨ ਵਿੱਚ ਹਨ ਤਾਂ ਇਨ੍ਹਾਂ ਦੇ ਜਵਾਬ ਆਈਐੱਮਯੂ ਦੀ ਵੈੱਬਸਾਈਟ 'ਤੇ ਮੌਜੂਦ ਹਨ।
ਜੇਕਰ ਪੀਸੀਐੱਮ ਨਾਲ ਗਿਆਰ੍ਹਵੀਂ-ਬਾਰ੍ਹਵੀਂ ਨਹੀਂ ਹੈ, ਤਾਂ ਫਿਰ ਜੀਪੀ ਰੇਟਿੰਗ ਰਾਹੀਂ ਵੀ ਮਰਚੈਂਟ ਨੇਵੀ ਵਿੱਚ ਐਂਟਰੀ ਮਿਲ ਸਕਦੀ ਹੈ, ਪਰ ਇਸ ਕੋਰਸ ਨੂੰ ਕਰਨ ਤੋਂ ਬਾਅਦ ਅਫ਼ਸਰ ਨਹੀਂ ਬਣਿਆ ਜਾ ਸਕਦਾ।
ਇਨ੍ਹਾਂ ਸਾਰੇ ਕੋਰਸਾਂ ਲਈ ਘੱਟੋ-ਘੱਟ ਉਮਰ 17 ਸਾਲ ਜਾਂ ਵੱਧ ਤੋਂ ਵੱਧ 25 ਸਾਲ ਹੋ ਸਕਦੀ ਹੈ।
ਤਰੱਕੀ ਅਤੇ ਤਨਖ਼ਾਹ ਕੀ ਹੁੰਦੀ ਹੈ?

ਤਸਵੀਰ ਸਰੋਤ, @IMU_HQ
ਮਾਹਿਰ ਕਹਿੰਦੇ ਹਨ ਕਿ ਛੋਟੀ ਉਮਰ ਵਿੱਚ ਲੱਖਾਂ ਦੀ ਤਨਖ਼ਾਹ ਦੇਣ ਵਾਲਾ ਪੇਸ਼ਾ ਮਰਚੈਂਟ ਨੇਵੀ ਹੈ। ਇਸ ਵਿੱਚ ਮੁਕਾਬਲਾ ਵੀ ਘੱਟ ਹੈ। ਪਿਛਲੇ ਸਾਲ ਕਰੀਬ 40 ਹਜ਼ਾਰ ਵਿਦਿਆਰਥੀ ਆਈਐੱਮਯੂ-ਸੀਈਟੀ ਲਈ ਬੈਠੇ ਸਨ, ਜਦਕਿ ਇੰਜੀਨੀਅਰਿੰਗ, ਮੈਡੀਕਲ ਵਰਗੇ ਬਾਕੀ ਐਂਟਰੈਂਸ ਇਮਤਿਹਾਨਾਂ ਲਈ ਇਹ ਗਿਣਤੀ ਲੱਖਾਂ ਵਿੱਚ ਹੁੰਦੀ ਹੈ।
ਕੈਪਟਨ ਚੰਦਰਸ਼ੇਖਰ ਨੇ ਦੱਸਿਆ ਕਿ ਕਿਸੇ ਕੈਡੇਟ ਲਈ ਸ਼ੁਰੂਆਤੀ ਸੈਲਰੀ 30 ਹਜ਼ਾਰ ਪ੍ਰਤੀ ਮਹੀਨਾ ਦੇ ਆਸ-ਪਾਸ ਤੋਂ ਸ਼ੁਰੂ ਹੁੰਦੀ ਹੈ। ਜੇਕਰ ਕੋਈ 4 ਸਾਲ ਦੇ ਕੋਰਸ ਤੋਂ ਬਾਅਦ ਅਫ਼ਸਰ ਬਣਦਾ ਹੈ ਤਾਂ ਫਿਰ ਇਹ ਪ੍ਰਤੀ ਮਹੀਨਾ 45 ਤੋਂ 90 ਹਜ਼ਾਰ ਦੇ ਵਿਚਕਾਰ ਵੀ ਹੋ ਸਕਦੀ ਹੈ।
ਮਰਚੈਂਟ ਨੇਵੀ ਵਿੱਚ ਜੇਕਰ ਕਿਸੇ ਨੇ ਥਰਡ ਤੋਂ ਸੈਕੰਡ ਅਫ਼ਸਰ ਬਣਨਾ ਹੈ, ਤਾਂ ਇਸਦੇ ਲਈ ਡੀਜੀ ਸ਼ਿਪਿੰਗ ਵੱਲੋਂ ਕਰਵਾਈ ਜਾਣ ਵਾਲੀ ਯੋਗਤਾ ਪ੍ਰੀਖਿਆ ਨੂੰ ਪਾਸ ਕਰਨਾ ਪੈਂਦਾ ਹੈ। ਇਸ ਨੂੰ 'ਸਰਟੀਫਿਕੇਟ ਆਫ਼ ਕੰਪੀਟੈਂਸੀ' ਯਾਨੀ ਸੀਓਸੀ ਕਿਹਾ ਜਾਂਦਾ ਹੈ। ਹਾਲਾਂਕਿ, ਇਹ ਤਰੱਕੀ ਦੀ ਗਾਰੰਟੀ ਨਹੀਂ ਹੈ, ਸਗੋਂ ਤਰੱਕੀ ਹਾਸਲ ਕਰਨ ਲਈ ਜ਼ਰੂਰੀ ਹੈ।
ਪ੍ਰਤੀਕ ਦੱਸਦੇ ਹਨ ਕਿ ਚੀਫ਼ ਇੰਜੀਨੀਅਰ ਅਤੇ ਕੈਪਟਨ ਦੇ ਪੱਧਰ ਤੱਕ ਸੈਲਰੀ 8 ਤੋਂ 15 ਲੱਖ ਰੁਪਏ ਮਹੀਨਾ ਤੱਕ ਵੀ ਜਾ ਸਕਦੀ ਹੈ। ਹਾਲਾਂਕਿ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਬੰਧਤ ਵਿਅਕਤੀ ਦਾ ਤਜਰਬਾ ਕਿੰਨਾ ਹੈ ਅਤੇ ਉਹ ਕਿਸ ਤਰ੍ਹਾਂ ਦੇ ਜਹਾਜ਼ 'ਤੇ ਕੰਮ ਕਰ ਰਹੇ ਹਨ। ਉਦਾਹਰਨ ਲਈ, ਤੇਲ ਟੈਂਕਰ ਵਾਲੇ ਜਹਾਜ਼ਾਂ 'ਤੇ ਬਲਕ ਕੈਰੀਅਰ ਸ਼ਿਪ ਨਾਲੋਂ ਜ਼ਿਆਦਾ ਤਨਖ਼ਾਹ ਮਿਲਦੀ ਹੈ।
ਪੜ੍ਹਾਈ ਕਿੱਥੋਂ ਕਰੀਏ?

ਤਸਵੀਰ ਸਰੋਤ, IMU
ਅਜਿਹਾ ਨਹੀਂ ਹੈ ਕਿ ਭਾਰਤ ਦੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਮਰੀਨ ਕੋਰਸ ਪੜ੍ਹਾਏ ਜਾਂਦੇ ਹਨ। ਬਲਕਿ ਇਸ ਦੇ ਲਈ ਕੁਝ ਖਾਸ ਸੰਸਥਾਵਾਂ ਹਨ, ਜੋ 'ਇੰਡੀਅਨ ਮੈਰੀਟਾਈਮ ਯੂਨੀਵਰਸਿਟੀ' ਦੇ ਅਧੀਨ ਆਉਂਦੀਆਂ ਹਨ ਜਾਂ ਫਿਰ ਜੋ ਡੀਜੀ ਸ਼ਿਪਿੰਗ ਤੋਂ ਮਾਨਤਾ ਪ੍ਰਪਾਤ ਹੁੰਦੇ ਹਨ।
ਭਾਰਤ ਵਿੱਚ ਕਰੀਬ 200 ਮੈਰੀਟਾਈਮ ਇੰਸਟੀਚਿਊਟ ਹਨ।
ਆਈਐੱਮਯੂ ਇੱਕ ਸੈਂਟਰਲ ਯੂਨੀਵਰਸਿਟੀ ਹੈ, ਜਿਸਦਾ ਹੈੱਡਕੁਆਰਟਰ ਕੋਲਕਾਤਾ ਵਿੱਚ ਹੈ ਅਤੇ ਇਸ ਤੋਂ ਇਲਾਵਾ ਚੇਨਈ, ਮੁੰਬਈ, ਵਿਸ਼ਾਖਾਪਟਨਮ ਅਤੇ ਕੋਚੀ ਵਿੱਚ ਇਸਦੇ ਕੈਂਪਸ ਹਨ।
ਇੱਥੇ ਬੀ.ਟੈੱਕ ਇਨ ਮਰੀਨ ਇੰਜੀਨੀਅਰਿੰਗ, ਬੀ.ਐੱਸ.ਸੀ. ਇਨ ਨੌਟੀਕਲ ਸਾਇੰਸ, ਜੀਐੱਮਈ ਡਿਪਲੋਮਾ, ਈਟੀਓ ਕੋਰਸ, ਮੈਰੀਟਾਈਮ ਮੈਨੇਜਮੈਂਟ ਦੇ ਪੋਸਟ ਗਰੈਜੂਏਟ ਕੋਰਸ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਚੇਨਈ ਦੇ 'ਅਕੈਡਮੀ ਆਫ਼ ਮੈਰੀਟਾਈਮ ਐਜੂਕੇਸ਼ਨ ਐਂਡ ਟ੍ਰੇਨਿੰਗ' (ਏਐੱਮਈਟੀ) ਅਤੇ 'ਟੋਲਾਨੀ ਮੈਰੀਟਾਈਮ ਇੰਸਟੀਚਿਊਟ' (ਟੀਐੱਮਆਈ) ਪੁਣੇ ਤੋਂ ਵੀ ਮਰੀਨ ਕੋਰਸ ਕੀਤੇ ਜਾ ਸਕਦੇ ਹਨ।
ਹਾਲਾਂਕਿ, ਜੇਕਰ ਕਿਸੇ ਨੇ ਜੀਪੀ ਰੇਟਿੰਗ, ਸਹਾਇਕ ਸਟਾਫ਼ (ਸਪੋਰਟ ਕਰੂ) ਜਾਂ ਪ੍ਰੀ-ਸੀ ਟ੍ਰੇਨਿੰਗ ਵਰਗੇ ਕੋਰਸਾਂ ਵੱਲ ਜਾਣਾ ਹੈ, ਤਾਂ ਇਸਦੇ ਲਈ ਵੀ ਕੁਝ ਬਿਹਤਰ ਸੰਸਥਾਵਾਂ ਹਨ। ਜਿਵੇਂ:
ਐਂਗਲੋ ਈਸਟਰਨ ਮੈਰੀਟਾਈਮ ਅਕੈਡਮੀ (ਕੋਚੀ)
ਸਾਊਥ ਇੰਡੀਆ ਮੈਰੀਟਾਈਮ ਅਕੈਡਮੀ (ਚੇਨਈ)
ਲੋਯੋਲਾ ਇੰਸਟੀਚਿਊਟ ਆਫ਼ ਮਰੀਨ ਇੰਜੀਨੀਅਰਿੰਗ ਐਂਡ ਟ੍ਰੇਨਿੰਗ ਸਟੱਡੀਜ਼ (ਚੇਨਈ)
ਇੰਟਰਨੈਸ਼ਨਲ ਮੈਰੀਟਾਈਮ ਇੰਸਟੀਚਿਊਟ (ਨੋਇਡਾ)
ਸਾਇੰਟੀਫਿਕ ਮਰੀਨ ਐਂਡ ਇੰਜੀਨੀਅਰਿੰਗ ਟ੍ਰੇਨਿੰਗ ਇੰਸਟੀਚਿਊਟ (ਕੋਲਕਾਤਾ)
ਫੀਸ ਦੀ ਗੱਲ ਕਰੀਏ ਤਾਂ ਆਈਐੱਮਯੂ ਦੇ ਕੈਂਪਸਾਂ ਵਿੱਚ ਬੀ.ਟੈੱਕ ਮਰੀਨ ਇੰਜੀਨੀਅਰਿੰਗ ਅਤੇ ਬੀ.ਐੱਸ.ਸੀ. ਨੌਟੀਕਲ ਸਾਇੰਸ ਦੀ ਸਾਲਾਨਾ ਫੀਸ ਕਰੀਬ ਸਵਾ ਦੋ ਤੋਂ ਢਾਈ ਲੱਖ ਦੇ ਆਸ-ਪਾਸ ਹੈ। ਇਹ ਮਾਨਤਾ ਪ੍ਰਾਪਤ ਪ੍ਰਾਈਵੇਟ ਇੰਸਟੀਚਿਊਟਾਂ ਵਿੱਚ ਵੱਖ-ਵੱਖ ਵੀ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












