ਰੈਪਰ ਬਾਦਸ਼ਾਹ ਦੇ 'ਟਟੀਰੀ' ਗੀਤ ਨੂੰ ਲੈ ਕੇ ਕੀ ਵਿਵਾਦ ਹੈ ਜਿਸ ਕਰਕੇ ਉਨ੍ਹਾਂ ਖਿਲਾਫ਼ ਸੰਮਨ ਜਾਰੀ ਹੋਏ, ਬਾਦਸ਼ਾਹ ਨੇ ਗਾਣੇ ਬਾਰੇ ਕੀ ਕਿਹਾ

ਤਸਵੀਰ ਸਰੋਤ, Prodip Guha/Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ 'ਟਟੀਰੀ' ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ।
ਬਾਦਸ਼ਾਹ ਦੇ ਇਸ ਗਾਣੇ ਖਿਲਾਫ 6 ਮਾਰਚ 2026 ਨੂੰ ਪੰਚਕੂਲਾ ਦੇ ਸਾਈਬਰ ਥਾਣੇ ਵਿੱਚ ਐੱਫਆਈਆਰ ਦਰਜ ਹੋਈ ਹੈ।
ਹਰਿਆਣਾ ਪੁਲਿਸ ਨੇ ਬਾਦਸ਼ਾਹ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਹਰਿਆਣਾ ਪੁਲਿਸ ਨੇ ਐਕਸ ਉਪਰ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ।
ਪੁਲਿਸ ਨੇ ਐਕਸ ਉਪਰ ਲਿਖਿਆ, “ਪੁਲਿਸ ਟੀਮਾਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੰਚਕੁਲਾ ਪੁਲਿਸ ਨੇ ਯੂ-ਟਿਊਬ ਤੋਂ ਵਿਵਾਦਤ ਗਾਣਾ ਹਟਵਾਇਆ, ਹੋਰਨਾਂ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਵੀ ਵੀਡੀਓ ਹਟਵਾਉਣ ਦੀ ਕਾਰਵਾਈ ਜਾਰੀ ਹੈ। ਇਤਰਾਜ਼ਯੋਗ ਸਮੱਗਰੀ ਸਾਂਝਾ ਕਰਨ ਵਾਲਿਆਂ 'ਤੇ ਸਖਤ ਕਾਨੂੰਨੀ ਕਾਰਵਾਈ ਹੋਵੇਗੀ।"
ਇਹ ਗੀਤ 1 ਮਾਰਚ 2026 ਨੂੰ ਯੂਟਿਊਬ ਉੱਤੇ ਰਿਲੀਜ਼ ਹੋਇਆ ਸੀ, ਜੋ ਵਿਰੋਧ ਹੋਣ ਤੋਂ ਬਾਅਦ 7 ਮਾਰਚ ਨੂੰ ਯੂਟਿਊਬ ਉੱਤੇ ਚੱਲ ਨਹੀਂ ਰਿਹਾ, ਜਦਕਿ 6 ਮਾਰਚ ਨੂੰ ਇਹ ਗਾਣਾ ਯੂਟਿਊਬ ਉੱਤੇ ਸੁਣਿਆ ਜਾ ਰਿਹਾ ਸੀ।
ਯੂਟਿਊਬ ਦੀ ਹਿਸਟਰੀ ਵਿੱਚ ਜਾ ਕੇ ਜਦੋਂ ਇਸ ਗਾਣੇ ਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਤੇ ਇੱਕ ਨੋਟਿਸ ਆਉਂਦਾ ਹੈ ਕਿ "ਸਰਕਾਰ ਵੱਲੋਂ ਕਾਨੂੰਨੀ ਸ਼ਿਕਾਇਤ ਦੇ ਕਾਰਨ ਇਹ ਸਮੱਗਰੀ ਇਸ ਦੇਸ਼ ਦੇ ਡੋਮੇਨ 'ਤੇ ਉਪਲੱਭਧ ਨਹੀਂ ਹੈ।"
ਬਾਦਸ਼ਾਹ ਦੇ 'ਟਟੀਰੀ' ਗਾਣੇ ਖਿਲਾਫ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਉੱਤੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।
ਐੱਫਆਈਆਰ 'ਚ ਕੀ ਸ਼ਿਕਾਇਤ ਕੀਤੀ ਗਈ

ਤਸਵੀਰ ਸਰੋਤ, YouTube
ਪੰਚਕੂਲਾ ਵਿੱਚ ਇਸ ਗਾਣੇ ਖਿਲਾਫ ਸ਼ਿਕਾਇਤ ਕਰਨ ਵਾਲੇ ਸ਼ਿਕਾਇਤਕਰਤਾ ਨੇ ਬੀਬੀਸੀ ਨੂੰ ਦੱਸਿਆ, "ਗਾਣੇ ਦੇ ਬੋਲ ਮਹਿਲਾਵਾਂ ਪ੍ਰਤੀ ਅਸ਼ਲੀਲਤਾ ਪਰੋਸਣ ਵਾਲੇ ਹਨ ਅਤੇ ਵੀਡੀਓ ਵਿੱਚ ਅਸ਼ਲੀਲ ਇਸ਼ਾਰੇ ਅਤੇ ਸਕੂਲ ਦੀ ਵਰਦੀ ਵਿੱਚ ਕੁੜੀਆਂ ਦਿਖਾਈਆਂ ਗਈਆਂ ਹਨ, ਜੋ ਸੁਣਨ ਅਤੇ ਦੇਖਣ ਵਿੱਚ ਸੱਭਿਅਕ ਨਹੀਂ ਹੈ।"
"ਇਸ ਕਰਕੇ ਉਨ੍ਹਾਂ ਨੇ ਇਸ ਗਾਣੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕੀਤੀ, ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ।"
ਪੰਚਕੂਲਾ ਸਾਈਬਰ ਥਾਣੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, 'ਟਟੀਰੀ' ਦੀ ਸਮੱਗਰੀ ਦੀ ਜਾਂਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 296 ਦੇ ਤਹਿਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮਹਿਲਾਵਾਂ ਦੀ ਅਸ਼ਲੀਲ ਪ੍ਰਤੀਨਿਧਤਾ ਐਕਟ, 1986 ਦੀਆਂ ਧਾਰਾਵਾਂ 3 ਅਤੇ 4 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਗਾਣੇ ਵਿੱਚ ਕੀ ਹੈ?

ਤਸਵੀਰ ਸਰੋਤ, BADSHAH/FB
ਹਰਿਆਣਵੀ ਹਿੱਪ-ਹੌਪ ਸਿੰਗਲ, 'ਟਟੀਰੀ' 1 ਮਾਰਚ, 2026 ਨੂੰ ਰਿਲੀਜ਼ ਹੋਇਆ ਸੀ, ਜਿਸ ਵਿੱਚ ਰੈਪਰ-ਗਾਇਕ ਬਾਦਸ਼ਾਹ ਦੇ ਨਾਲ ਹਰਿਆਣਵੀ ਗਾਇਕਾ ਸਿਮਰਨ ਜਗਲਾਨ ਵੀ ਸ਼ਾਮਲ ਸਨ।
ਇਸ ਦੇ ਬੋਲ ਬਾਦਸ਼ਾਹ ਦੁਆਰਾ ਹੀ ਲਿਖੇ ਗਏ ਸਨ।
ਗਾਣੇ ਵਿੱਚ ਹਰਿਆਣਾ ਵਿੱਚ ਮਹਿਲਾਵਾਂ ਅਤੇ ਮਰਦ ਦਿਖਾਏ ਗਏ ਹਨ, ਸਕੂਲੀ ਵਰਦੀ ਪਹਿਨੀਆਂ ਕੁੜੀਆਂ ਨੂੰ ਨੱਚਦੇ ਦਿਖਾਇਆ ਗਿਆ ਹੈ, ਹਰਿਆਣਾ ਰੋਡਵੇਜ਼ ਦੀ ਬੱਸ ਵੀ ਦਿਖਾਈ ਗਈ ਹੈ, ਬਾਦਸ਼ਾਹ ਇਤਰਾਜ਼ਯੋਗ ਇਸ਼ਾਰੇ ਕਰਦੇ ਵੀ ਦਿਖਾਈ ਦੇ ਰਹੇ ਹਨ।
ਪੰਚਕੂਲਾ ਵਿੱਚ ਦਰਜ ਹੋਈ ਐੱਫਆਈਆਰ ਮੁਤਾਬਕ - ਗਾਣੇ ਵਿੱਚ ਸਕੂਲ ਅਤੇ ਵਿਦਿਆਰਥਣਾਂ ਨੂੰ ਗਲਤ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਨੌਜਵਾਨਾਂ ਉੱਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਇਸ ਗਾਣੇ ਨੂੰ ਤੁਰੰਤ ਹਟਾਇਆ ਜਾਵੇ ਅਤੇ ਬਾਦਸ਼ਾਹ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਬਾਦਸ਼ਾਹ ਨੇ ਮੰਗੀ ਮੁਆਫ਼ੀ
'ਟਟੀਰੀ' ਗੀਤ 'ਤੇ ਵਿਵਾਦ ਤੋਂ ਬਾਅਦ ਰੈਪਰ ਬਾਦਸ਼ਾਹ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ।
ਬਾਦਸ਼ਾਹ ਨੇ ਕਿਹਾ, "ਮੈਂ ਖੁਦ ਹਰਿਆਣਾ ਤੋਂ ਹਾਂ। ਮੇਰਾ ਕਦੇ ਕੋਈ ਇਰਾਦਾ ਨਹੀਂ ਸੀ ਕਿ ਮੈਂ ਹਰਿਆਣਾ ਦੇ ਕਿਸੇ ਬੱਚੇ ਜਾਂ ਮਹਿਲਾ ਪ੍ਰਤੀ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰਾਂ। ਮੈਂ ਹਿਪ-ਹੌਪ ਗੀਤ ਲਿਖਦਾ ਹਾਂ, ਜਿਸ ਵਿੱਚ ਅਕਸਰ ਗੀਤਾਂ ਦੇ ਬੋਲ ਵਿਰੋਧੀ ਗੀਤਕਾਰਾਂ ਲਈ ਹੁੰਦੇ ਹਨ। ਇਹ ਬੋਲ ਕਿਸੇ ਔਰਤ ਜਾਂ ਬੱਚੇ ਲਈ ਕਦੇ ਨਹੀਂ ਸਨ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਮੈਂ ਹਰਿਆਣਵੀ ਸੱਭਿਆਚਾਰ ਅਤੇ ਬੋਲੀ ਨੂੰ ਜਿੰਨੀ ਉੱਚਾਈ ਤੱਕ ਲਿਜਾ ਸਕਦਾ ਹਾਂ, ਲੈਕੇ ਜਾਵਾਂ। ਜੇਕਰ ਇਸ ਗੀਤ ਦੇ ਬੋਲਾਂ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਤਹਿ ਦਿਲੋਂ ਮੁਆਫੀ ਮੰਗਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਹਰਿਆਣਾ ਦਾ ਪੁੱਤਰ ਸਮਝ ਕੇ ਮੁਆਫ ਕਰੋਗੇ।"
ਕੌਣ ਹਨ ਰੈਪਰ ਬਾਦਸ਼ਾਹ?

ਤਸਵੀਰ ਸਰੋਤ, BADSHAH/FB
ਬਾਦਸ਼ਾਹ ਦਾ ਪੂਰਾ ਨਾਮ ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ, ਜੋ ਇੱਕ ਬਾਲੀਵੁੱਡ ਗਾਇਕ ਅਤੇ ਰੈਪਰ ਹਨ।
ਬਾਦਸ਼ਾਹ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਪੰਜਾਬੀ ਗਾਇਕੀ ਤੋਂ ਹੋਈ। ਉਨ੍ਹਾਂ ਨੇ ਬਾਲੀਵੁੱਡ ਰੈਪਰ ਹਨੀ ਸਿੰਘ ਨਾਲ ਮਿਲ ਕੇ ਕਈ ਪੰਜਾਬੀ ਗਾਣੇ ਕੀਤੇ। ਉਸ ਤੋਂ ਬਾਅਦ ਬਾਦਸ਼ਾਹ ਹਿੰਦੀ ਗਾਣਿਆਂ ਅਤੇ ਬਾਲੀਵੁੱਡ ਵਿੱਚ ਰੈਪ ਕਰਨ ਲੱਗੇ।
ਬਾਦਸ਼ਾਹ ਲੰਬੇ ਸਮੇ ਤੋਂ ਭਾਰਤੀ ਸੰਗੀਤ ਦੀ ਦੁਨੀਆਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਗਾਣਿਆਂ ਵਿੱਚ 'ਅਭੀ ਤੋ ਪਾਰਟੀ' ਸ਼ੁਰੂ ਹੂਈ ਹੈ, 'ਕਾਲਾ ਚਸ਼ਮਾ' ਅਤੇ 'ਬੇਬੀ ਕੋ ਬੇਸ ਪਸੰਦ ਹੈ' ਵਰਗੇ ਹਿੱਟ ਗੀਤ ਗਾਏ ਹਨ। ਬਾਦਸ਼ਾਹ ਹੁਣ ਇੱਕ ਗਾਇਕੀ ਦੇ ਰਿਐਲਿਟੀ ਸ਼ੋਅ ਨੂੰ ਜੱਜ ਵੀ ਕਰ ਰਹੇ ਹਨ।
ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਜਾਰੀ ਕੀਤਾ ਸੰਮਨ

ਹਰਿਆਣਾ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰੇਨੂ ਭਾਟੀਆ ਨੇ ਵੀ ਇਸ ਗਾਣੇ 'ਤੇ ਸੂ ਮੋਟੋ ਲੈ ਕੇ ਰੈਪਰ ਬਾਦਸ਼ਾਹ ਖਿਲਾਫ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਰੇਨੂ ਭਾਟੀਆ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਗਾਣੇ ਵਿੱਚ ਸਕੂਲ ਦੀ ਵਰਦੀ ਪਹਿਨੀਆਂ ਕੁੜੀਆਂ ਦਿਖਾਈਆਂ ਗਈਆਂ ਹਨ, ਕੁੜੀਆਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਹੈ, ਜਿਸ ਕਰਕੇ ਮਹਿਲਾ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ।"
ਰੇਨੂ ਭਾਟੀਆ ਦਾ ਕਹਿਣਾ ਕਿ ''ਸਾਡੀ ਪਹਿਲੀ ਮੰਗ ਸੀ ਕਿ ਬਾਦਸ਼ਾਹ ਦਾ ਗਾਣਾ 'ਟਟੀਹਰੀ' ਯੂਟਿਊਬ ਤੋਂ ਹਟਾਇਆ ਜਾਵੇ। ਕਿਉਂਕਿ ਇਹ ਗਾਣਾ ਅੱਗੇ ਹੋਰ ਪਰਚਾਰਿਆ ਨਹੀਂ ਜਾ ਸਕਦਾ। ਤੇ ਹੁਣ ਮੈਂ ਦੇਖ ਰਹੀ ਹਾਂ ਕਿ ਇਹ ਗਾਣਾ ਯੂਟਿਊਬ ਉੱਤੇ ਦਿੱਸ ਨਹੀਂ ਰਿਹਾ।"
"ਪੁਲਿਸ ਨੇ ਵੀ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ, ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਬਾਦਸ਼ਾਹ ਨੂੰ 13 ਮਾਰਚ ਨੂੰ ਸਪਸ਼ਟੀਕਰਨ ਦੇਣ ਲਈ ਸੰਮਨ ਕੀਤਾ ਹੈ।"
ਰੇਨੂ ਭਾਟੀਆ ਨੇ ਕਿਹਾ, “ਇੱਕ ਪਾਸੇ ਅਸੀਂ ਮਹਿਲਾ ਦਿਹਾੜਾ ਮਨਾ ਰਹੇ ਹਾਂ ਤੇ ਦੂਜੇ ਪਾਸੇ ਅੱਜ ਵੀ ਕੁਝ ਗਾਇਕ ਹਨ, ਜੋ ਆਪਣੇ ਆਪ ਨੂੰ ਆਧੁਨਿਕ ਕਹਿੰਦੇ ਹਨ ਉਹ ਮਹਿਲਾਵਾਂ ਪ੍ਰਤੀ ਮਾੜੀ ਸ਼ਬਦਾਵਲੀ ਲਿਖਦੇ ਅਤੇ ਗਾਉਂਦੇ ਹਨ। ਇਹ ਬਹੁਤ ਹੀ ਮੰਦਭਾਗਾ ਹੈ।''
ਉਨ੍ਹਾਂ ਨੇ ਬਾਦਸ਼ਾਹ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਬਾਦਸ਼ਾਹ ਮੁਆਫੀ ਨਹੀਂ ਮੰਗਦੇ, ਉਨ੍ਹਾਂ ਦਾ ਵਿਰੋਧ ਹੋਵੇਗਾ ਅਤੇ ਹਰਿਆਣਾ ਵਿੱਚ ਕਿਤੇ ਵੀ ਉਨ੍ਹਾਂ ਦੇ ਸ਼ੋਅ ਨਹੀਂ ਹੋਣ ਦਿੱਤੇ ਜਾਣਗੇ।
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕੀ ਕਿਹਾ

ਤਸਵੀਰ ਸਰੋਤ, BADSHAH/FB
ਇਸ ਪੂਰੇ ਮਾਮਲੇ 'ਤੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਦੀ ਸੰਸਕ੍ਰਿਤੀ ਨੂੰ ਜਿਸ ਤਰੀਕੇ ਨਾਲ ਖਰਾਬ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ।
ਉਨ੍ਹਾਂ ਕਿਹਾ, ''ਜਿਵੇਂ ਹੀ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਆਇਆ, ਮਾਣਯੋਗ ਮੁੱਖ ਮੰਤਰੀ ਜੀ ਨੇ ਇਸ 'ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।''
''ਗੀਤ ਦੇ ਨਿਰਮਾਤਾ/ਗੀਤਕਾਰ ਖ਼ਿਲਾਫ਼ ਐਫ਼ਆਈਆਰ ਦਰਜ ਕਰ ਦਿੱਤੀ ਗਈ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਵਿੱਚ ਦਿਖਾਈ ਗਈ ਬੱਸ ਕਿਸ ਡਿਪੋ ਦੀ ਹੈ ਅਤੇ ਕਿਸ ਦੇ ਹੁਕਮ 'ਤੇ ਇਸਨੂੰ ਇਸ ਗਾਣੇ ਦੀ ਸ਼ੂਟਿੰਗ ਲਈ ਭੇਜਿਆ ਗਿਆ ਸੀ। ਬੱਸ ਦੇ ਚਾਲਕ ਅਤੇ ਪਰਿਚਾਲਕ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।''
ਉਨ੍ਹਾਂ ਕਿਹਾ, ''ਵੀਡੀਓ ਵਿੱਚ ਇੱਕ ਸਕੂਲ ਦਾ ਨਾਮ ਵੀ ਦਿਖਾਈ ਦੇ ਰਿਹਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਕੂਲ ਕਿੱਥੋਂ ਦਾ ਹੈ। ਜਿਸ ਤਰੀਕੇ ਨਾਲ ਇਸ ਗੀਤ ਵਿੱਚ ਬੱਚਿਆਂ ਦੀਆਂ ਵਰਦੀਆਂ ਅਤੇ ਸਕੂਲ ਬੈਗਾਂ ਨੂੰ ਦਰਸਾਇਆ ਗਿਆ ਹੈ ਉਹ ਬਹੁਤ ਹੀ ਇਤਰਾਜ਼ਯੋਗ ਅਤੇ ਨਿੰਦਣਯੋਗ ਹੈ। ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।''
''ਸਰਕਾਰ ਪਹਿਲਾਂ ਹੀ ਗੀਤਾਂ ਵਿੱਚ ਅਸ਼ਲੀਲਤਾ ਅਤੇ ਗਲਤ ਕੰਟੈਂਟ ਨੂੰ ਲੈ ਕੇ ਸਖ਼ਤ ਨਿਯਮ ਬਣਾ ਚੁੱਕੀ ਹੈ। ਹੁਣ ਗੀਤਾਂ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਸੰਬੰਧੀ ਸਖ਼ਤ ਨਿਯਮ ਬਣਾਉਣ ਲਈ ਕਦਮ ਚੁੱਕ ਰਹੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























