ਅਮਰੀਕਾ-ਇਜ਼ਰਾਇਲ ਦੇ ਈਰਾਨ ਨਾਲ ਸੰਘਰਸ਼ ਕਾਰਨ ਖਾੜੀ ਦੇਸ਼ਾਂ 'ਚ ਰੋਜ਼ੀ ਰੋਟੀ ਲਈ ਗਏ ਪੰਜਾਬੀਆਂ ਦੇ ਪਰਿਵਾਰ ਫ਼ਿਕਰਮੰਦ

- ਲੇਖਕ, ਸਰਬਜੀਤ ਸਿੰਘ ਧਾਲੀਵਾਲ ਅਤੇ ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
"ਮੇਰੇ ਭਰਾ ਕਤਰ ਵਿੱਚ ਹਨ, ਫ਼ਿਲਹਾਲ ਉਹ ਠੀਕ ਹਨ, ਪਰ ਉੱਥੋਂ ਦੀ ਮੌਜੂਦਾ ਸਥਿਤੀ ਕਾਰਨ ਇੱਥੇ ਪਰਿਵਾਰ ਪਰੇਸ਼ਾਨ ਹੈ, ਇਹ ਸ਼ਬਦ ਹਨ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਮਵਾ ਪਿੰਡ ਦੇ ਹਰਪਾਲ ਸਿੰਘ ਹਨ। ਹਰਪਾਲ ਸਿੰਘ ਦੀ ਇਹ ਟਿੱਪਣੀ ਖਾੜੀ ਦੇਸ਼ਾਂ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਸੀ।"
ਹਰਪਾਲ ਸਿੰਘ ਦੇ ਦੋਵੇਂ ਭਰਾ ਰੋਜ਼ੀ ਰੋਟੀ ਲਈ ਕਤਰ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ, ਵੱਡੇ ਨੂੰ ਉੱਥੇ ਪੰਜ ਸਾਲ ਹੋ ਗਏ ਹਨ ਅਤੇ ਛੋਟਾ ਅਜੇ ਇੱਕ ਮਹੀਨਾ ਪਹਿਲਾਂ ਹੀ ਗਿਆ ਹੈ।
ਹਰਪਾਲ ਸਿੰਘ ਖੁਦ ਪੇਸ਼ੇ ਤੋਂ ਇੱਕ ਨਿੱਜੀ ਸਕੂਲ ਦੇ ਡਰਾਈਵਰ ਹਨ। ਆਪਣੇ ਭਰਾਵਾਂ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, "ਫ਼ੋਨ ਉੱਤੇ ਦੋਵਾਂ ਨਾਲ ਰਾਬਤਾ ਹੈ, ਪਰ ਜਿਸ ਤਰੀਕੇ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਕਾਰਨ ਉਹ ਡਰੇ ਹੋਏ ਅਤੇ ਪਰੇਸ਼ਾਨ ਹਨ।
ਕਾਬਲੇ-ਗ਼ੌਰ ਹੈ ਈਰਾਨ ਉੱਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ ਖਾੜੀ ਦੇਸ਼ਾਂ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਅਤੇ ਚਿੰਤਾਜਨਕ ਬਣੀ ਹੋਈ ਹੈ।

ਇਜ਼ਰਾਇਲੀ ਅਤੇ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਦੁਬਈ, ਦੋਹਾ, ਰਿਆਦ, ਬਹਿਰੀਨ ਅਤੇ ਕੁਵੈਤ ਸਮੇਤ ਖਾੜੀ ਦੇ ਕਈ ਦੇਸ਼ਾਂ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਭਾਰਤੀ ਪਰਿਵਾਰਾਂ ਦੀ ਚਿੰਤਾ ਵੱਧ ਗਈ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਹਨਾਂ ਦੇਸ਼ਾਂ 'ਚ ਰੋਜ਼ੀ ਰੋਟੀ ਖ਼ਾਤਰ ਗਏ ਹੋਏ ਹਨ।
ਬੀਬੀਸੀ ਪੰਜਾਬੀ ਦੀ ਟੀਮ ਜਦੋਂ ਮਵਾ ਪਿੰਡ ਵਿਖੇ ਹਰਪਾਲ ਸਿੰਘ ਦੇ ਘਰ ਪਹੁੰਚੀ ਤਾਂ, ਉਹ ਮੋਬਾਈਲ ਉੱਤੇ ਖਾੜੀ ਦੇਸ਼ਾਂ ਦੀਆਂ ਖ਼ਬਰਾਂ ਹੀ ਦੇਖ ਰਹੇ ਸਨ।
ਗੱਲਬਾਤ ਦੌਰਾਨ ਹਰਪਾਲ ਸਿੰਘ ਨੇ ਦੱਸਿਆ ਦੋਵੇਂ ਭਰਾ ਇੱਕ ਹੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਕੰਪਨੀ ਨੇ ਫ਼ਿਲਹਾਲ ਆਪਣਾ ਕੰਮ ਬੰਦ ਕਰ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਕਰਮਚਾਰੀਆਂ ਨੂੰ ਆਪਣੀ ਰਿਹਾਇਸ਼ ਵਿੱਚ ਰਹਿਣ ਲਈ ਆਖਿਆ ਹੈ।
ਪਿੰਡ ਵਾਸੀਆਂ ਮੁਤਾਬਕ ਇੱਕ ਹਜ਼ਾਰ ਦੀ ਆਬਾਦੀ ਵਾਲੇ ਮਵਾ ਪਿੰਡ ਦੇ ਕਰੀਬ ਸੌ ਨੌਜਵਾਨ ਇਸ ਸਮੇਂ ਵੱਖ-ਵੱਖ ਖਾੜੀ ਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਹਨ।
ਪਿੰਡ ਦੇ ਕਰੀਬ 100 ਲੋਕ ਵੱਖ-ਵੱਖ ਖਾੜੀ ਦੇਸ਼ਾਂ ਵਿੱਚ ਹਨ

ਇਸ ਪਿੰਡ ਦੀ ਨਰਿੰਦਰ ਕੌਰ ਦਾ ਪਤੀ ਵੀ ਆਬੂ ਧਾਬੀ ਦੀ ਇੱਕ ਕੰਪਨੀ ਵਿੱਚ ਕਾਰਪੇਂਟਰ ਵਜੋਂ ਕੰਮ ਕਰ ਰਹੇ ਹਨ। ਨਰਿੰਦਰ ਕੌਰ ਪਤੀ ਦੇ ਹਵਾਲੇ ਨਾਲ ਦੱਸਦੀ ਹੈ, ਫ਼ਿਲਹਾਲ ਉੱਥੇ ਸਥਿਤੀ ਠੀਕ ਹੈ, ਪਰ ਜੇਕਰ ਲੜਾਈ ਲੰਬੀ ਚੱਲੀ ਤਾਂ ਸਥਿਤੀ ਖ਼ਰਾਬ ਹੋ ਸਕਦੀ ਹੈ।
ਉਨ੍ਹਾਂ ਦੱਸਿਆ, "ਇੱਥੇ ਨੌਕਰੀ ਨਾ ਮਿਲਣ ਕਾਰਨ ਇੱਕ ਏਜੰਟ ਦੀ ਮਦਦ ਨਾਲ ਪਤੀ ਕਾਰਪੇਂਟਰ ਵਜੋਂ ਉੱਤੇ ਉੱਥੇ ਗਏ ਸੀ। ਸਭ ਕੁਝ ਠੀਕ ਸੀ ਪਰ ਹੁਣ ਚਿੰਤਾ ਵੱਧ ਗਈ ਕਿਉਂਕਿ ਇੱਕ ਤਾਂ ਪਤੀ ਦੀ ਸੁਰੱਖਿਆ ਦਾ ਫ਼ਿਕਰ ਹੈ ਅਤੇ ਦੂਜਾ ਜੇਕਰ ਲੜਾਈ ਵੱਧ ਤਾਂ ਉਨ੍ਹਾਂ ਦੀ ਘਰ ਵਾਪਸੀ ਕਿਵੇਂ ਹੋਵੇਗੀ।"
ਉਨ੍ਹਾਂ ਦੱਸਿਆ ਮੀਡੀਆ ਦੀਆਂ ਖ਼ਬਰਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਆਬੂ ਧਾਬੀ ਦੀ ਸਥਿਤੀ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਬੱਚੇ ਅਤੇ ਉਹ ਚਿੰਤਾ ਵਿੱਚ ਹੈ।
ਪਿੰਡ ਦੇ ਸਰਪੰਚ ਸੰਜੀਵ ਕੁਮਾਰ ਨੇ ਦੱਸਿਆ ਲੜਾਈ ਤੋਂ ਬਾਅਦ ਪਿੰਡ ਵਿੱਚ ਕਾਫ਼ੀ ਸਹਿਮ ਅਤੇ ਚਿੰਤਾ ਦੀ ਸਥਿਤੀ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਰੋਜ਼ਗਾਰ ਦੀ ਘਾਟ ਅਤੇ ਛੋਟੀ ਕਿਸਾਨੀ ਕਾਰਨ ਪਿੰਡ ਦੀ ਨੌਜਵਾਨ ਪੀੜੀ ਵਿੱਚ ਭਾਰਤੀ ਫੌਜ ਵਿੱਚ ਜਾਂ ਫਿਰ ਵੱਖ-ਵੱਖ ਖਾੜੀ ਦੇਸ਼ਾਂ ਵਿੱਚ ਜਾਣ ਦਾ ਪਿਛਲੇ ਕਾਫ਼ੀ ਸਮੇਂ ਤੋਂ ਰੁਝਾਨ ਹੈ।

ਇਸੀ ਤਰ੍ਹਾਂ ਰੋਪੜ ਜ਼ਿਲ੍ਹੇ ਦੇ ਸਮੀਰੋਵਾਲ ਦੇ ਸਾਬਕਾ ਸਰਪੰਚ ਗੁਰਚੈਨ ਸਿੰਘ ਵੀ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਤੋਂ ਪਰੇਸ਼ਾਨ ਹਨ। ਗੁਰਚੇਨ ਸਿੰਘ ਦੇ ਦੋਵੇਂ ਪੁੱਤਰ ਦੁਬਈ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਹਨ।
ਉਨ੍ਹਾਂ ਦੱਸਿਆ ਪੁੱਤਰਾਂ ਨਾਲ ਗੱਲਬਾਤ ਹੋਈ ਹੈ, ਸਭ ਕੁਝ ਠੀਕ ਹੈ ਪਰ ਜੋ ਖ਼ਬਰਾਂ ਆ ਰਹੀਆਂ ਹਨ, ਉਸ ਕਾਰਨ ਘਰ ਵਿੱਚ ਚਿੰਤਾ ਅਤੇ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਉਨ੍ਹਾਂ ਆਖਿਆ ਰੋਜ਼ਗਾਰ ਦੀ ਭਾਲ ਵਿੱਚ ਪਹਿਲਾਂ ਉਨ੍ਹਾਂ ਦਾ ਵੱਡਾ ਪੁੱਤਰ ਦੁਬਈ ਗਿਆ ਸੀ ਅਤੇ ਉਸ ਤੋਂ ਬਾਅਦ ਛੋਟਾ ਚਲਾ ਗਿਆ।
ਉਨ੍ਹਾਂ ਆਖਿਆ ਪੰਜਾਬ ਵਿੱਚ ਬੇਰੁਜ਼ਗਾਰੀ ਹੈ ਅਤੇ ਵਿਦੇਸ਼ ਵਿੱਚ ਮੌਜੂਦਾ ਸਥਿਤੀ ਕਾਰਨ ਰੋਜ਼ੀ ਰੋਟੀ ਕਮਾਉਣੀ ਔਖੀ ਹੋ ਗਈ ਹੈ, ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ, ਬੱਸ ਰੱਬ ਉੱਤੇ ਹੀ ਭਰੋਸਾ ਹੈ।

ਖਾੜੀ ਦੇਸ਼ਾਂ ਵਿੱਚ ਕਿੰਨੇ ਭਾਰਤੀ ਅਤੇ ਪੰਜਾਬ ਸਰਕਾਰ ਨੇ ਕੀ ਕਿਹਾ
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜੇ ਮੁਤਾਬਕ ਕਰੀਬ 90 ਲੱਖ ਭਾਰਤੀ ਵੱਖ-ਵੱਖ ਖਾੜੀ ਮੁਲਕਾਂ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ 35.7 ਲੱਖ ਯੂਨਾਈਟਿਡ ਅਰਬ ਅਮੀਰਾਤ ਵਿੱਚ ਹਨ।
ਇਹ ਉਹ ਲੋਕ ਹਨ ਜੋ ਉੱਥੇ ਰੋਜ਼ੀ ਰੋਟੀ ਖ਼ਾਤਰ ਗਏ ਹਨ, ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹਨ ਜੋ ਘੁੰਮਣ ਫਿਰਨ ਜਾਂ ਫਿਰ ਕਾਰੋਬਾਰ ਦੇ ਸੰਦਰਭ ਵਿੱਚ ਉੱਥੇ ਗਏ ਸਨ ਅਤੇ ਲੜਾਈ ਤੋਂ ਬਾਅਦ ਹਵਾਈ ਅੱਡੇ ਬੰਦ ਹੋਣ ਕਾਰਨ ਉੱਥੇ ਫਸੇ ਗਏ ਹਨ।
ਪਲ-ਪਲ ਬਦਲ ਰਹੀ ਸਥਿਤੀ ਦੇ ਕਾਰਨ ਖਾੜੀ ਦੇਸ਼ਾਂ ਲਈ ਹਵਾਈ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਮੁਅੱਤਲ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਹਵਾਈ ਅੱਡਿਆਂ 'ਤੇ ਹੀ ਫਸ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾੜੀ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਦਿਨ-ਰਾਤ ਕਾਰਜਸ਼ੀਲ ਹੈਲਪ ਲਾਈਨ ਜਾਰੀ ਕੀਤੀ ਹੈ।
ਮੁੱਖ ਮੰਤਰੀ ਨੇ ਇੱਕ ਬਿਆਨ ਰਾਹੀਂ ਇੱਕ ਨੰਬਰ ਜਾਰੀ ਕੀਤਾ ਹੈ, ਜਿਸ ਰਾਹੀਂ ਪੀੜਤ ਪਰਿਵਾਰ ਤੁਰੰਤ ਸਹਾਇਤਾ ਲਈ 0172 2260042, 0172 2260043 'ਤੇ ਕਾਲ ਕਰ ਸਕਦੇ ਹਨ ਜਾਂ ਵਟਸਅੱਪ ਨੰ. +91 94787 79112 'ਤੇ ਮੈਸੇਜ ਭੇਜ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਉਧਰ ਕਾਂਗਰਸੀ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਈਰਾਨ 'ਤੇ ਇਜ਼ਰਾਇਲ-ਅਮਰੀਕਾ ਹਮਲੇ ਤੋਂ ਬਾਅਦ ਵਧਦੇ ਸੰਕਟ 'ਤੇ ਚਿੰਤਾ ਪ੍ਰਗਟ ਕੀਤੀ।
ਇਕ ਬਿਆਨ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ, "ਹਜ਼ਾਰਾਂ ਭਾਰਤੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਸ਼ਾਮਲ ਹਨ, ਕੰਮ ਅਤੇ ਯਾਤਰਾ ਲਈ ਯੂਏਈ, ਬਹਿਰੀਨ, ਕੁਵੈਤ, ਕਤਰ, ਸਾਊਦੀ ਅਰਬ ਅਤੇ ਓਮਾਨ ਵਿੱਚ ਇਸ ਸਮੇਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਇਸ ਸਮੇਂ ਪ੍ਰਮੁੱਖਤਾ ਹੋਣੀ ਚਾਹੀਦੀ ਹੈ।"
ਉਨ੍ਹਾਂ ਪੰਜਾਬ ਸਰਕਾਰ ਨੂੰ ਕੇਂਦਰ 'ਤੇ ਦਬਾਅ ਪਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਸਮਰਪਿਤ ਸਹਾਇਤਾ ਵਿਧੀ ਬਣਾਉਣ ਲਈ ਵੀ ਕਿਹਾ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਨੇ ਵੀ ਖਾੜੀ ਦੇਸ਼ਾਂ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਇੱਕ ਨੰਬਰ ਜਾਰੀ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































