ਈਰਾਨ 'ਚ ਸਿੱਖ ਕਦੋਂ ਪਹੁੰਚੇ, ਇਸ ਇਸਲਾਮਿਕ ਦੇਸ਼ ਵਿੱਚ ਸਿੱਖਾਂ ਦੀ ਜ਼ਿੰਦਗੀ ਅਤੇ ਕਾਰੋਬਾਰ ਕਿਹੋ ਜਿਹੇ ਹਨ

ਈਰਾਨ

ਤਸਵੀਰ ਸਰੋਤ, Gurleen Kaur

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

''ਮੈਂ ਅੱਜ ਵੀ ਤਹਿਰਾਨ ਜਾ ਕੇ ਵਸਣਾ ਚਾਹੁੰਦੀ ਹਾਂ ਕਿਉਂਕਿ ਈਰਾਨ ਬਹੁਤ ਸੋਹਣਾ ਦੇਸ਼ ਹੈ। ਉਥੋਂ ਦਾ ਰੋਟੀ-ਪਾਣੀ, ਫ਼ਲ ਅਤੇ ਜ਼ਿੰਦਗੀ ਬਹੁਤ ਖੂਬਸੂਰਤ ਹੈ।''

ਈਰਾਨ ਦੇ ਜ਼ਾਹੇਦਾਨ ਵਿੱਚ ਜਨਮੀ ਗੁਰਲੀਨ ਕੌਰ ਦੀ ਇਸ ਇੱਛਾ ਪਿੱਛੇ ਆਪਣੇ ਪੁਰਖਿਆਂ ਦੀ ਧਰਤੀ 'ਤੇ ਮੁੜ ਵਸਣ ਦੀ ਤਾਂਘ ਹੈ।

ਗੁਰਲੀਨ ਕੌਰ ਅੱਜ-ਕੱਲ੍ਹ ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਰਹਿੰਦੇ ਹਨ। ਉਹ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਹਨ ਅਤੇ 'ਘੈਂਟ ਪੰਜਾਬ ਟੀਵੀ' ਨਾਂ ਦਾ ਚੈਨਲ ਚਲਾਉਂਦੇ ਹਨ।

ਪੰਜਾਬੀਆਂ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Gurleen Kaur

ਤਸਵੀਰ ਕੈਪਸ਼ਨ, ਈਰਾਨ ਵਿੱਚ ਪੰਜਾਬੀਆਂ ਨੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵਸਣਾ ਸ਼ੁਰੂ ਕੀਤਾ ਸੀ।

2 ਜੁਲਾਈ 2008 ਵਿੱਚ ਤਹਿਰਾਨ ਵਿੱਚ ਰਹਿੰਦਿਆਂ ਉਨ੍ਹਾਂ ਦੇ ਪਿਤਾ ਅਤੇ ਤਾਏ ਉੱਪਰ ਹਮਲੇ ਤੋਂ ਬਾਅਦ ਉਹ ਭਾਰਤ ਆ ਕੇ ਵਸ ਗਏ ਸਨ। ਇਸ ਹਮਲੇ ਵਿੱਚ ਉਨ੍ਹਾਂ ਦੇ ਤਾਏ ਦੀ ਮੌਤ ਹੋ ਗਈ ਸੀ।

ਈਰਾਨ ਵਿੱਚ ਸਿੱਖ ਭਾਈਚਾਰੇ ਦੇ ਲੋਕ 20ਵੀਂ ਸਦੀ ਦੀ ਸ਼ੁਰੂਆਤ ਤੋਂ ਵਸੇ ਹੋਏ ਹਨ। ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਆਪਣੀ ਚੌਥੀ ਉਦਾਸੀ ਦੌਰਾਨ ਈਰਾਨ ਗਏ ਸਨ।

ਤਹਿਰਾਨ ਵਿੱਚ ਜਨਮੇ ਇੱਕ ਸਿੱਖ ਆਗੂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਈਰਾਨ ਅੰਦਰ 50 ਦੇ ਕਰੀਬ ਸਿੱਖ ਪਰਿਵਾਰ ਰਹਿ ਰਹੇ ਹਨ।

ਪਿਛਲੇ ਕਈ ਦਿਨਾਂ ਤੋਂ ਈਰਾਨ ਅਤੇ ਇਜ਼ਰਾਈਲ ਵਿੱਚ ਜੰਗ ਚੱਲ ਰਹੀ ਹੈ ਅਤੇ ਇਸ ਲੜਾਈ ਦਾ ਸੇਕ ਤਹਿਰਾਨ ਤੱਕ ਵੀ ਪਹੁੰਚ ਗਿਆ ਹੈ।

ਤਹਿਰਾਨ ਵਿੱਚ ਸਿੱਖਾਂ ਦਾ ਇੱਕ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਵੀ ਹੈ। ਇਸ ਸ਼ਹਿਰ ਵਿੱਚ ਕਈ ਸਿੱਖ ਪਰਿਵਾਰ ਰਹਿੰਦੇ ਹਨ, ਜੋ ਜ਼ਿਆਦਾਤਰ ਵਪਾਰ ਕਰਦੇ ਹਨ।

ਇਹ ਵੀ ਪੜ੍ਹੋ-

ਸਿੱਖ ਭਾਈਚਾਰੇ ਦੇ ਲੋਕ ਈਰਾਨ ਕਦੋਂ ਵਸੇ?

ਵੀਡੀਓ ਕੈਪਸ਼ਨ, ਈਰਾਨ ’ਚ ਸਿੱਖ ਕਦੋਂ ਪਹੁੰਚੇ, ਇਸ ਇਸਲਾਮਿਕ ਦੇਸ਼ ਵਿੱਚ ਸਿੱਖਾਂ ਦੀ ਜ਼ਿੰਦਗੀ ਅਤੇ ਕਾਰੋਬਾਰਾ ਕਿਹੋ ਜਿਹੇ ਹਨ

ਦੱਖਣੀ ਏਸ਼ੀਆ ਦੇ ਕੁਝ ਵਿਦਵਾਨਾਂ ਮੁਤਾਬਕ 1900 ਅਤੇ 1920 ਦੇ ਸਮਿਆਂ ਵਿੱਚ ਰਾਵਲਪਿੰਡੀ ਤੋਂ ਕੰਮ ਦੇ ਮੌਕਿਆਂ ਦੀ ਤਲਾਸ਼ ਵਿੱਚ ਸਿੱਖ ਲੋਕ ਪਰਸੀਆ (ਈਰਾਨ) ਵੱਲ ਗਏ। ਕੁਝ ਹੋਰ ਸਿੱਖ ਜਿਨ੍ਹਾਂ ਨੇ ਜ਼ਾਹੇਦਾਨ ਵਿੱਚ ਵਸਣ ਦੀ ਸੋਚੀ, ਉਹ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਸਨ।

ਪਹਿਲੀ ਸੰਸਾਰ ਜੰਗ ਤੋਂ ਬਾਅਦ ਕੁਝ ਸਿੱਖਾਂ ਨੂੰ ਮੁਆਵਜ਼ੇ ਵਿੱਚ ਟਰੱਕ ਦਿੱਤੇ ਗਏ, ਜਿਨ੍ਹਾਂ ਨੇ ਅਣਵੰਡੇ ਪੰਜਾਬ ਤੋਂ ਜ਼ਾਹੇਦਾਨ ਵਿੱਚ ਟਰੱਕਾਂ ਦਾ ਕਾਰੋਬਾਰ ਸ਼ੁਰੂ ਕੀਤਾ।

ਕੀਰਤਨ ਕਰਦੇ ਸਿੱਖ

ਤਸਵੀਰ ਸਰੋਤ, Gurleen Kaur

ਤਸਵੀਰ ਕੈਪਸ਼ਨ, ਪਹਿਲੀ ਸੰਸਾਰ ਜੰਗ ਤੋਂ ਬਾਅਦ ਕੁਝ ਸਿੱਖਾਂ ਨੂੰ ਮੁਆਵਜ਼ੇ ਵਿੱਚ ਟਰੱਕ ਦਿੱਤੇ ਗਏ, ਜਿਨ੍ਹਾਂ ਨੇ ਅਣਵੰਡੇ ਪੰਜਾਬ ਤੋਂ ਜ਼ਾਹੇਦਾਨ ਵਿੱਚ ਟਰੱਕਾਂ ਦਾ ਕਾਰੋਬਾਰ ਸ਼ੁਰੂ ਕੀਤਾ।

ਗੁਰਲੀਨ ਕੌਰ ਦੱਸਦੇ ਹਨ, ''ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜੋ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਸਨ, ਉਹ ਹੀ ਪਰਸੀਆ ਵਾਲੇ ਪਾਸੇ ਜਾਂਦੇ ਸਨ। ਮੁੱਖ ਤੌਰ 'ਤੇ ਸਾਡੇ ਬਜ਼ੁਰਗ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਜਾਂ ਲੈਣ-ਦੇਣ ਦਾ ਕੰਮ ਕਰਦੇ ਸਨ। ਮੇਰੇ ਦਾਦਾ ਸਰਦਾਰ ਮਹਿਤਾਬ ਸਿੰਘ ਜ਼ਾਹੇਦਾਨ ਵਿੱਚ ਟਰੱਕ ਚਲਾਉਂਦੇ ਸਨ।''

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਈਰਾਨ ਦੀ ਯੂਨੀਵਰਸਿਟੀ ਆਫ਼ ਰੀਲਜਨ ਵਿੱਚ ਵੀਜ਼ਟਿੰਗ ਪ੍ਰੋਫੈਸਰ ਹਨ।

ਹਰਪਾਲ ਸਿੰਘ ਪੰਨੂ ਦੱਸਦੇ ਹਨ, ''ਪਾਕਿਸਾਤਾਨ ਦੇ ਪੱਛਮ ਵਿੱਚ ਈਰਾਨ ਹੈ। ਪਾਕਿਸਤਾਨ ਦੀ ਈਰਾਨ ਅਤੇ ਅਫ਼ਗਾਨਿਸਤਾਨ ਨਾਲ ਜ਼ਮੀਨੀ ਹੱਦ ਲੱਗਦੀ ਹੈ। ਪੰਜਾਬੀਆਂ ਨੂੰ ਪਤਾ ਲੱਗਾ ਕਿ ਉਸ ਪਾਸੇ ਜ਼ਮੀਨਾਂ ਪੰਜਾਬ ਵਰਗੀਆਂ ਅਤੇ ਸਸਤੀਆਂ ਹਨ।''

ਉਸ ਤੋਂ ਬਾਅਦ ਉਨ੍ਹਾਂ ਨੇ ਈਰਾਨ ਵਿੱਚ ਜਾ ਕੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇੱਥੇ ਇੱਕ ਪਿੰਡ ਦੁਸ਼ਟੇਆਬ ਸੀ ਜੋ ਇਨ੍ਹਾਂ ਕਿਸਾਨਾਂ ਦਾ ਹੀ ਬਣ ਗਿਆ ਸੀ।''

ਗੁਰਲੀਨ ਕੌਰ

ਤਸਵੀਰ ਸਰੋਤ, Gurleen Kaur

ਤਸਵੀਰ ਕੈਪਸ਼ਨ, ਈਰਾਨ ਦੇ ਜ਼ਾਹੇਦਾਨ ਵਿੱਚ ਜਨਮੀ ਗੁਰਲੀਨ ਕੌਰ ਦੀ ਇਸ ਇੱਛਾ ਪਿੱਛੇ ਆਪਣੇ ਪੁਰਖਿਆਂ ਦੀ ਧਰਤੀ 'ਤੇ ਮੁੜ ਵਸਣ ਦੀ ਤਾਂਘ ਹੈ

ਸਿੱਖਾਂ ਦੇ ਗੁਰਦੁਆਰੇ ਕਿੱਥੇ-ਕਿੱਥੇ ਹਨ?

ਈਰਾਨ ਵਿੱਚ ਸਿੱਖਾਂ ਦੇ ਦੋ ਮੁੱਖ ਗੁਰਦੁਆਰੇ ਹਨ, ਇੱਕ ਜ਼ਾਹੇਦਾਨ ਵਿੱਚ ਅਤੇ ਦੂਜਾ ਤਹਿਰਾਨ ਵਿੱਚ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ 2016 ਵਿੱਚ ਤਹਿਰਾਨ ਦੇ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਵਿੱਚ ਗਏ ਸਨ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਜਾ ਚੁੱਕੇ ਹਨ।

ਹਰਪਾਲ ਸਿੰਘ ਪੰਨੂ ਕਹਿੰਦੇ ਹਨ, ''ਇੱਕ ਵਾਰ ਈਰਾਨ ਦਾ ਬਾਦਸ਼ਾਹ ਰਜਾ ਸ਼ਾਬ ਪਹਿਲਵੀ ਪਿੰਡ ਦੁਸ਼ਟੇਆਬ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਲੰਮੀਆਂ ਦਾੜ੍ਹੀਆਂ ਵਾਲੇ ਕਿਸਾਨ ਮਿਲੇ। ਉਨ੍ਹਾਂ ਦੀਆਂ ਦਾੜ੍ਹੀਆਂ ਖੁੱਲ੍ਹੀਆਂ ਸਨ ਅਤੇ ਦਸਤਾਰਾਂ ਬੰਨ੍ਹੀਆਂ ਹੋਈਆਂ ਸਨ।''

''ਬਾਦਸ਼ਾਹ ਘੋੜੇ ਤੋਂ ਉਤਰ ਕੇ ਉਨ੍ਹਾਂ ਨੂੰ ਸਲਾਮ ਕਰਨ ਲੱਗਾ। ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਇਨ੍ਹਾਂ ਨੂੰ ਸਲਾਮ ਕਿਉਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੰਦਗੀ ਕਰਨ ਵਾਲੇ ਫ਼ਕੀਰ ਹਨ ਪਰ ਉਨ੍ਹਾਂ ਦੱਸਿਆ ਕਿ ਇਹ ਫ਼ਕੀਰ ਨਹੀਂ ਸਗੋਂ ਹਿੰਦੋਸਤਾਨ ਦੇ ਕਿਸਾਨ ਹਨ, ਜੋ ਖੇਤੀ ਕਰਨ ਆਏ ਹਨ।''

ਗੁਰੂਘਰ

ਤਸਵੀਰ ਸਰੋਤ, Gurleen Kaur

ਤਸਵੀਰ ਕੈਪਸ਼ਨ, ਈਰਾਨ ਵਿੱਚ ਸਿੱਖਾਂ ਦੇ ਦੋ ਮੁੱਖ ਗੁਰਦੁਆਰੇ ਹਨ, ਇੱਕ ਜ਼ਾਹੇਦਾਨ ਵਿੱਚ ਅਤੇ ਦੂਜਾ ਤਹਿਰਾਨ ਵਿੱਚ।

ਪੰਨੂ ਅੱਗੇ ਦੱਸਦੇ ਹਨ, ''ਪਿੰਡ ਵਿੱਚ ਦਰਬਾਰ ਲਗਾਉਣ ਤੋਂ ਬਾਅਦ ਬਾਦਸ਼ਾਹ ਨੇ ਕਿਸਾਨਾਂ ਨੂੰ ਦੁਬਾਰਾ ਬੁਲਾਇਆ। ਕਿਸਾਨਾਂ ਨੇ ਉਨ੍ਹਾਂ ਦਾ ਫਕੀਰ ਕਹਿਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਫਕੀਰ ਹੋਣ ਦਾ ਕੀ ਫਾਇਦਾ ਹੋਇਆ ਜੇ ਸਾਡੇ ਕੋਲ ਬੰਦਗੀ ਕਰਨ ਲਈ ਥਾਂ ਨਹੀਂ ਹੈ।''

''ਬਾਦਸ਼ਾਹ ਦੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਇੱਕ ਏਕੜ ਜ਼ਮੀਨ ਚਾਹੀਦੀ ਹੈ। ਬਾਦਸ਼ਾਹ ਨੇ ਇੱਕ ਏਕੜ ਜ਼ਮੀਨ ਦਾਨ ਦੇਣ ਦੀ ਗੱਲ ਆਖੀ ਪਰ ਕਿਸਾਨਾਂ ਨੇ ਕਿਹਾ ਸਾਡਾ ਧਰਮ ਦਾਨ ਦੀ ਵਕਾਲਤ ਨਹੀਂ ਕਰਦਾ ਸਗੋਂ ਕਿਰਤ ਕਰਕੇ ਇਬਾਦਤਗਾਹਾਂ ਉਸਾਰਨ ਦੀ ਗੱਲ ਕਰਦਾ ਹੈ।''

ਉਹ ਕਹਿੰਦੇ ਹਨ, ''ਉਨ੍ਹਾਂ ਨੇ ਬਾਦਸ਼ਾਹ ਤੋਂ ਜ਼ਮੀਨ ਖਰੀਦਣ ਦੀ ਇਜਾਜ਼ਤ ਮੰਗੀ ਜੋ ਬਾਦਸ਼ਾਹ ਨੇ ਤੁਰੰਤ ਹੀ ਦੇ ਦਿੱਤੀ ਅਤੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਬਾਅਦ ਨਜ਼ਰਾਨਾ ਵੀ ਦਿੱਤਾ। ਬਾਦਸ਼ਾਹ ਨੇ ਕਿਹਾ ਜਿੱਥੇ ਇਹੋ ਜਿਹੇ ਫ਼ਕੀਰ ਹੋਣ ਉਸ ਪਿੰਡ ਦਾ ਨਾਂ ਦੁਸ਼ਟੇਆਬ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਅਰਥ ਸੀ ਪਾਣੀ ਚੋਰ। ਇਸ ਤੋਂ ਬਾਅਦ ਪਿੰਡ ਦਾ ਨਾਮ ਜ਼ਾਹੇਦਾਨ ਰੱਖ ਦਿੱਤਾ ਗਿਆ, ਜਿਸ ਦਾ ਅਰਥ ਹੈ 'ਰੱਬ ਦੀ ਬੰਦਗੀ ਕਰਨ ਵਾਲੇ'।''

ਸਿੱਖਾਂ ਦਾ ਰਹਿਣ ਸਹਿਣ ਅਤੇ ਕਾਰੋਬਾਰ

ਭਾਰਤ ਦੇ ਸੀਨੀਅਰ ਪੱਤਰਕਾਰ ਸਈਦ ਨਕਵੀ ਸਾਲ 2001 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਈਰਾਨ ਦੌਰੇ ਸਮੇਂ ਉਨ੍ਹਾਂ ਨਾਲ ਗਏ ਸਨ। ਨਕਵੀ ਨੇ ਈਰਾਨੀ ਸਿੱਖਾਂ ਉੱਪਰ ਇੱਕ ਡਾਕੂਮੈਂਟਰੀ ਵੀ ਬਣਾਈ ਹੈ।

ਸਈਦ ਨਕਵੀ ਦੱਸਦੇ ਹਨ, ''ਸਿੱਖਾਂ ਦਾ ਈਰਾਨੀ ਲੋਕਾਂ ਨਾਲ ਬਹੁਤ ਤਾਲਮੇਲ ਹੈ ਅਤੇ ਉਨ੍ਹਾਂ ਦਾ ਇੱਕ ਦੂਜੇ ਦੇ ਘਰ ਆਉਣਾ-ਜਾਣਾ ਆਮ ਹੈ। ਸਭ ਲੋਕ ਫ਼ਾਰਸੀ ਬੋਲਦੇ ਹਨ। ਸਿੱਖ ਭਾਈਚਾਰੇ ਦੀ ਖ਼ਾਸ ਗੱਲ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਉੱਥੋਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਅਪਣਾ ਲੈਂਦੇ ਹਨ ਜਦਕਿ ਉਹ ਆਪਣੇ ਪੰਜੇ ਕਕਾਰ, ਕੰਘਾ, ਕੜਾ, ਕਛਹਿਰਾ, ਕੇਸ ਅਤੇ ਕਿਰਪਾਨ ਨੂੰ ਸੁਰੱਖਿਅਤ ਰੱਖਦੇ ਹਨ।''

ਉਹ ਅੱਗੇ ਕਹਿੰਦੇ ਹਨ, ''ਈਰਾਨ ਬਹੁਤ ਉਦਾਰ ਦੇਸ਼ ਹੈ। ਉੱਥੇ ਸਿੱਖ ਬਹੁਤ ਅਰਾਮ ਨਾਲ ਰਹਿੰਦੇ ਹਨ। ਸ਼ੁਰੂਆਤ ਵਿੱਚ ਭਾਵੇਂ ਸਿੱਖ ਟਰਾਂਸਪੋਰਟ ਦੇ ਕਾਰੋਬਾਰ ਰਾਹੀਂ ਗਏ ਸਨ ਪਰ ਹੌਲੀ-ਹੌਲੀ ਬਹੁਤ ਸਾਰੇ ਕੰਮਾਂ ਵਿੱਚ ਫੈਲ ਗਏ ਹਨ।''

ਈਰਾਨ ਵਿੱਚ ਅੱਜ-ਕੱਲ੍ਹ ਸਿੱਖਾਂ ਦੇ ਉਦਯੋਗ ਅਤੇ ਹੋਰ ਕੰਮ ਵੀ ਹਨ।

ਈਰਾਨ ਕੇ ਇਜ਼ਰਾਈਲ

ਤਸਵੀਰ ਸਰੋਤ, Harpal Pannu

ਸਈਦ ਨਕਵੀ ਦੱਸਦੇ ਹਨ, ''ਮੈਂ ਸਿੱਖਾਂ ਦੇ ਘਰਾਂ ਵਿੱਚ ਖੁਦ ਅਯਾਤੁੱਲ੍ਹਾ (ਮੁਸਲਮਾਨਾਂ ਦੇ ਧਾਰਮਿਕ ਆਗੂ) ਦੇਖੇ ਹਨ। ਇੱਕ ਤਾਂ ਸਿੱਖ ਖੁਦ ਮਹਿਮਾਨ ਨਿਵਾਜ਼ ਹਨ, ਦੂਜੇ ਈਰਾਨੀ ਵੀ। ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਗਈ। ਉੱਥੇ ਧਰਮ ਪਰਿਵਰਤਨ ਦਾ ਕੋਈ ਝਗੜਾ ਨਹੀਂ ਹੈ।''

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਮੁਤਾਬਕ ਇੱਥੇ ਸਿੱਖ ਅਕਸਰ ਘਰਾਂ ਵਿੱਚ ਪੰਜਾਬੀ ਬੋਲਦੇ ਹਨ ਅਤੇ ਕਾਰ-ਵਿਹਾਰ ਲਈ ਫ਼ਾਰਸੀ ਭਾਸ਼ਾ ਦੀ ਵਰਤੋਂ ਕਰਦੇ ਹਨ।

ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੀਆਂ ਜ਼ਿਆਦਤਰ ਕਵਿਤਾਵਾਂ ਫ਼ਾਰਸੀ ਵਿੱਚ ਹਨ। ਉਨ੍ਹਾਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਵਿਰੁੱਧ ਸਾਲ 1705 ਵਿੱਚ 'ਜ਼ਫਰਨਾਮਾ' ਲਿਖਿਆ ਸੀ, ਜੋ ਫ਼ਾਰਸੀ ਭਾਸ਼ਾ ਵਿੱਚ ਸੀ।

ਪੰਨੂ ਕਹਿੰਦੇ ਹਨ, ''ਈਰਾਨ ਵਿੱਚ ਸਿੱਖਾਂ ਦੀ ਮਾਤ ਭਾਸ਼ਾ ਫ਼ਾਰਸੀ ਹੀ ਹੋ ਗਈ ਹੈ। ਮੈਂ ਉੱਥੇ ਇੱਕ ਕੁੜੀ ਮਨਜੀਤ ਕੌਰ ਨੂੰ ਜਾਣਦਾ ਹੈ ਜਿਸ ਦੀ ਫ਼ਾਰਸੀ ਉੱਪਰ ਬਹੁਤ ਪਕੜ ਹੈ, ਉਸ ਨੂੰ ਪਾਰਲੀਮੈਂਟ ਵਿੱਚ ਵੀ ਅੰਗਰੇਜ਼ੀ ਜਾਂ ਹੋਰ ਭਾਸ਼ਾ ਵਿੱਚੋਂ ਅਨੁਵਾਦ ਲਈ ਬੁਲਾਇਆ ਜਾਂਦਾ ਹੈ। ਉਹ ਕੁੜੀ ਸਿਰ ਉੱਪਰ ਚੁੰਨੀ ਰੱਖਦੀ ਹੈ ਅਤੇ ਪਛਾਣੀ ਨਹੀਂ ਜਾਂਦੀ ਕਿ ਉਹ ਪੰਜਾਬ ਦੀ ਹੈ ਜਾਂ ਈਰਾਨ ਦੀ।''

ਪੰਨੂ ਦੱਸਦੇ ਹਨ, ''ਇੱਥੇ ਸਿੱਖ ਆਪਣੇ ਕਾਰੋਬਾਰ ਤੋਂ ਇਲਾਵਾ ਨੌਕਰੀਆਂ ਵੀ ਕਰਦੇ ਹਨ ਅਤੇ ਫੌਜ ਵਿੱਚ ਵੀ ਸੇਵਾਵਾਂ ਨਿਭਾਅ ਰਹੇ ਹਨ।''

ਈਰਾਨ ਵਿੱਚ ਇਸਲਾਮਿਕ ਕ੍ਰਾਂਤੀ

ਅਜ਼ਾਦੀ ਟਾਵਰ

ਤਸਵੀਰ ਸਰੋਤ, Getty Images

ਈਰਾਨ ਵਿੱਚ 1979 ਦੀ ਇਸਲਾਮਿਕ ਕ੍ਰਾਂਤੀ ਹੋਈ ਸੀ। ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਵਿੱਚ ਸੀ, ਉਨੀਂ ਹੀ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ ਸੀ।

ਇਸ ਦੌਰਾਨ ਸੱਤਾਧਾਰੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਦੇਸ਼ ਛੱਡਣਾ ਪਿਆ ਸੀ। ਲੋਕਾਂ ਨੇ ਧਾਰਮਿਕ ਆਗੂ ਖ਼ੋਮਿਨੀ ਦੀ ਵਾਪਸੀ ਦਾ ਸਵਾਗਤ ਕੀਤਾ ਸੀ। ਅਯਾਤੁੱਲ੍ਹਾ ਖ਼ੋਮਿਨੀ 14 ਸਾਲ ਤੱਕ ਦੇਸ਼ ਤੋਂ ਬਾਹਰ ਰਹੇ ਸਨ। ਇਸ ਸਮੇਂ ਰਾਏਸ਼ੁਮਾਰੀ ਤੋਂ ਬਾਅਦ ਈਰਾਨ ਇੱਕ ਇਸਲਾਮਿਕ ਗਣਰਾਜ ਬਣ ਗਿਆ ਸੀ।

ਗੁਰਲੀਨ ਕੌਰ ਕਹਿੰਦੇ ਹਨ, ''ਮੇਰੇ ਦਾਦਾ ਜੀ ਨੇ ਸ਼ਾਹ ਦਾ ਸਮਾਂ ਦੇਖਿਆ ਸੀ ਪਰ ਖ਼ੋਮਿਨੀ ਦੇ ਆਉਣ ਬਾਅਦ ਮਾਹੌਲ ਹੀ ਬਦਲ ਗਿਆ ਸੀ। ਦੇਸ਼ ਪੂਰੀ ਤਰ੍ਹਾਂ ਇਸਲਾਮਿਕ ਹੋ ਗਿਆ ਸੀ ਪਰ ਹੁਣ ਕਾਫ਼ੀ ਸੁਧਾਰ ਹੋ ਰਹੇ ਹਨ।''

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਕਹਿੰਦੇ ਹਨ ਕਿ ਈਰਾਨੀ ਲੋਕ ਉਦਾਰਵਾਦੀ ਹਨ ਪਰ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹਿੰਦੂ ਅਤੇ ਸਿੱਖ ਉੱਥੋਂ ਵਾਪਿਸ ਆਉਣ ਲੱਗੇ।

ਦੂਜੇ ਪਾਸੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਈਰਾਨ ਵਿੱਚ ਪੈਦਾ ਹੋਏ ਇੱਕ ਸਿੱਖ ਦਾ ਕਹਿਣਾ ਹੈ ਕਿ ਈਰਾਨ ਅਤੇ ਸਿੱਖ ਭਾਈਚਾਰੇ ਦੇ ਸਬੰਧ ਸਦਾ ਹੀ ਚੰਗੇ ਰਹੇ ਹਨ ਅਤੇ ਉਹ ਭਵਿੱਖ ਵਿੱਚ ਵੀ ਚੰਗੇ ਰਿਸ਼ਤਿਆਂ ਦੀ ਉਮੀਦ ਰੱਖਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)