ਕਦੇ ਪੁਲਿਸ ਮੁਲਾਜ਼ਮ ਰਿਹਾ ਐਲ ਮੈਂਚੋ ਕਿਵੇਂ ਬਣਿਆ ਵੱਡਾ ਡਰੱਗ ਮਾਫ਼ੀਆ, ਜਿਸ ਨੂੰ ਐਨਕਾਊਂਟਰ 'ਚ ਢੇਰ ਕਰ ਦਿੱਤਾ ਗਿਆ

ਤਸਵੀਰ ਸਰੋਤ, Reuters
- ਲੇਖਕ, ਵਿਲ ਗ੍ਰਾਂਟ
- ਰੋਲ, ਬੀਬੀਸੀ ਪੱਤਰਕਾਰ, ਮੈਕਸੀਕੋ
- ਲੇਖਕ, ਜੈਕ ਬਰਗੇਸ
- ਪੜ੍ਹਨ ਦਾ ਸਮਾਂ: 6 ਮਿੰਟ
ਮੈਕਸਿਕੋ ਦਾ ਮੋਸਟ ਵਾਂਟੇਡ ਅਪਰਾਧੀ ਐਲ ਮੈਂਚੋ ਇੱਕ ਸੁਰੱਖਿਆ ਮੁਕਾਬਲੇ 'ਚ ਮਾਰਿਆ ਗਿਆ।
ਉਹ ਹਲਿਸਕੋ (ਜਲਿਸਕੋ) ਨਿਊ ਜੇਨੇਰੇਸ਼ਨ ਕਾਰਟੇਲ (ਸੀਜੇਐੱਨਜੀ) ਡਰੱਗ ਕਾਰਟੇਲ ਦਾ ਮੁਖੀ ਸੀ। ਇਹ ਜਾਣਕਾਰੀ ਮੈਕਸਿਕੋ ਦੇ ਰੱਖਿਆ ਮੰਤਰਾਲੇ ਨੇ ਦਿੱਤੀ।
ਐਲ ਮੈਂਚੋ ਦਾ ਪੂਰਾ ਨਾਂਅ ਨੇਮੇਸੀਓ ਓਸਗੇਰਾ ਸਰਵਾਂਟੀਜ਼ ਸੀ।
ਐਤਵਾਰ ਨੂੰ ਰਾਜਧਾਨੀ ਮੈਕਸੀਕੋ ਸਿਟੀ ਲੈ ਕੇ ਜਾਣ ਸਮੇਂ ਉਸਦੀ ਮੌਤ ਹੋ ਗਈ। ਫੌਜ ਦੇ ਨਾਲ ਮੁਕਾਬਲੇ 'ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ।
ਤਪਾਲਪਾ ਨਾਂਅ ਦੇ ਕਸਬੇ 'ਚ ਇਹ ਮੁਕਾਬਲਾ ਹੋਇਆ। ਇਹ ਮੈਕਸੀਕੋ ਦੇ ਹਲਿਸਕੋ (ਜਲਿਸਕੋ) ਸੂਬੇ 'ਚ ਸਥਿਤ ਹੈ। ਇਸ ਅਭਿਆਨ 'ਚ ਐਲ ਮੈਂਚੋ ਸਣੇ ਉਸਦੀ ਗੈਂਗ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਫੌਜ ਦੇ ਵੀ ਤਿੰਨ ਜਵਾਨ ਜ਼ਖਮੀ ਹੋਏ।
ਅਮਰੀਕਾ ਨੇ ਐਲ ਮੈਂਚੋ ਗਿਰੋਹ ਬਾਰੇ ਖੂਫੀਆ ਜਾਣਕਾਰੀ ਮੈਕਸੀਕੋ ਨੂੰ ਮੁਹੱਈਆ ਕਰਵਾਈ ਸੀ ਜਿਸ ਤੋਂ ਬਾਅਦ ਇਸ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ।
ਫੌਜ ਦੀ ਕਾਰਵਾਈ ਦੇ ਜਵਾਬ ਵਿੱਚ ਸੀਜੇਐੱਨਜੀ ਨੇ ਜਵਾਬੀ ਹਮਲਾ ਕਰਦੇ ਹੋਏ ਕਈ ਸੂਬਿਆਂ 'ਚ ਵੱਡੇ ਪੈਮਾਨੇ 'ਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ, ਸੜਕਾਂ ਬਲਾਕ ਕਰ ਦਿੱਤੀਆਂ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਵੀ ਕੀਤੇ।
ਅਮਰੀਕੀ ਵਿਦੇਸ਼ ਵਿਭਾਗ ਨੇ ਹਲਿਸਕੋ (ਜਲਿਸਕੋ), ਤਮੌਲੀਪਾਸ ਦੇ ਨਾਲ-ਨਾਲ ਕਈ ਹੋਰ ਸੂਬਿਆਂ 'ਚ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੱਥੇ ਹਨ, ਉੱਥੇ ਹੀ ਰਹਿਣ ਅਤੇ ਬਾਹਰ ਨਾ ਨਿਕਲਣ।
ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ੇਨਬਾਮ ਪਾਰਦੋ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ ਕਿ 'ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਤੀਵਿਧੀਆਂ ਸਧਾਰਨ ਤੌਰ 'ਤੇ ਚੱਲ ਰਹੀਆਂ ਹਨ।'
ਮੈਕਸੀਕੋ 'ਚ ਭਾਰਤੀ ਅੰਬੈਸੀ ਨੇ ਵੀ ਉੱਥੇ ਮੌਜੂਦ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
'ਐਕਸ' ਪੋਸਟ 'ਚ ਲਿਖਿਆ ਗਿਆ, "ਮੈਕਸੀਕੋ 'ਚ ਸਾਰੇ ਭਾਰਤੀ ਨਾਗਰਿਕਾਂ ਲਈ ਚਿਤਾਵਨੀ: ਮੌਜੂਦਾ ਸਮੇਂ 'ਚ ਸੁਰੱਖਿਆ ਅਭਿਆਨ ਚੱਲ ਰਹੇ ਹਨ, ਨਾਲ ਹੀ ਸੜਕਾਂ ਰੋਕੀਆਂ ਗਈਆਂ ਹਨ ਅਤੇ ਅਪਰਾਧਿਕ ਗਤੀਵਿਧੀਆਂ ਵੀ ਜਾਰੀ ਹਨ। ਮੈਕਸੀਕੋ ਦੇ ਹਲਿਸਕੋ (ਜਲਿਸਕੋ), ਤਮੌਲੀਪਾਸ, ਮਿਚੋਆਕਾਨ, ਗਵੇਰੇਰੋ ਅਤੇ ਨਿਊਵੋ ਲਿਓਨ ਸੂਬਿਆਂ 'ਚ ਮੌਜੂਦ ਭਾਰਤੀ ਨਾਗਰਿਕ ਸੁਰੱਖਿਅਤ ਥਾਂਵਾਂ 'ਤੇ ਹੀ ਰਹਿਣ।"

ਤਸਵੀਰ ਸਰੋਤ, IndEmbMexico
ਐਲ ਮੈਂਚੋ ਦੀ ਉਮਰ 59 ਸਾਲ ਸੀ ਅਤੇ ਉਹ ਪੁਲਿਸ ਅਧਿਕਾਰੀ ਵੀ ਰਹਿ ਚੁੱਕਿਆ ਸੀ। ਉਸਦਾ ਗਿਰੋਹ ਅਮਰੀਕੀ ਕੋਕੀਨ, ਮੇਥਾਮਫੇਟਾਮਾਈਨ ਅਤੇ ਫੇਂਟਾਨਿਲ ਦੀ ਵੱਡੇ ਪੱਧਰ 'ਤੇ ਤਸਕਰੀ ਲਈ ਜ਼ਿੰਮੇਵਾਰ ਸੀ।
ਅਮਰੀਕਾ ਨੇ ਉਸ ਬਾਰੇ ਜਾਣਕਾਰੀ ਦੇਣ ਲਈ ਡੇਢ ਕਰੋੜ ਡਾਲਰ ਯਾਨੀ ਕਰੀਬ 136 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ।
ਇੱਕ ਬਿਆਨ 'ਚ ਮੈਕਸੀਕੋ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਅਭਿਆਨ ਨੂੰ ਦੇਸ਼ ਦੀ ਫੌਜ ਨੇ ਆਪਸੀ ਸਹਿਯੋਗ ਨਾਲ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ।
ਐਲ ਮੈਂਚੋ ਖਿਲਾਫ ਅਭਿਆਨ 'ਚ ਮੈਕਸੀਕੋ ਦੀ ਹਵਾਈ ਫੌਜ ਅਤੇ ਕੌਮੀ ਗਾਰਡ ਦੇ ਜਹਾਜ਼ ਵੀ ਤੈਨਾਤ ਕੀਤੇ ਗਏ ਸਨ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ ਅਭਿਆਨ ਦੌਰਾਨ ਕਈ ਬਖ਼ਤਰਬੰਦ ਵਾਹਨ ਅਤੇ ਹਥਿਆਰ ਜ਼ਬਤ ਕੀਤੇ ਗਏ ਜਿਨ੍ਹਾਂ ਵਿੱਚ ਰਾਕੇਟ ਲਾਂਚਰ ਵੀ ਸ਼ਾਮਿਲ ਹਨ।
ਬਿਆਨ 'ਚ ਕਿਹਾ ਗਿਆ ਕਿ ਅਮਰੀਕਾ ਨੇ ਇਸ ਦੌਰਾਨ ਮੈਕਸੀਕੋ ਨੂੰ ਲਗਾਤਾਰ ਜਾਣਕਾਰੀ ਦਿੱਤੀ, ਜਿਸ ਨਾਲ ਇਸ ਮਿਸ਼ਨ 'ਚ ਕਾਫੀ ਮਦਦ ਮਿਲੀ।
ਕਈ ਚਸ਼ਮਦੀਦਾਂ ਨੇ ਸ਼ਹਿਰਾਂ 'ਚ ਧੂੰਏਂ ਦੇ ਗੁੱਬਾਰ ਫਿਲਮਾਏ ਹਨ। ਗਵਾਡੀਲਹਾਰਾ ਨਾਂਅ ਦੇ ਸ਼ਹਿਰ 'ਚ ਵੀ ਹਿੰਸਾ ਹੋਈ ਜੋ ਆਗਾਮੀ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਚੋਂ ਇੱਕ ਹੈ।
ਹਲਿਸਕੋ (ਜਲਿਸਕੋ) ਇੱਕ ਮੁੱਖ ਟੂਰਿਸਟ ਥਾਂਵਾਂ ਚੋਂ ਇੱਕ ਹੈ, ਜਿੱਥੇ ਹਜ਼ਾਰਾਂ ਸੈਲਾਨੀ ਫਸੇ ਹੋਏ ਹਨ ਕਿਉਂਕਿ ਸੂਬੇ 'ਚ ਅਸ਼ਾਂਤੀ ਫੈਲ ਗਈ ਹੈ।
ਐਤਵਾਰ ਨੂੰ ਰਾਤ ਭਰ, ਸੂਬੇ 'ਚ ਕਈ ਥਾਂਵਾਂ 'ਤੇ ਬੰਦੂਕਧਾਰੀ ਦੇਖੇ ਗਏ।
ਸੂਬੇ ਦੇ ਗਵਰਨਰ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਅਲਰਟ ਚਿਤਾਵਨੀ ਦੀ ਪਾਲਣਾ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ।
ਯੂਨਾਈਟੈੱਡ ਏਅਰਲਾਇੰਸ, ਅਮਰੀਕੀ ਏਅਰਲਾਇੰਸ ਦੇ ਨਾਲ-ਨਾਲ ਏਅਰ ਕੈਨੇਡਾ ਨੇ ਵੀ ਕੁਝ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਕਈ ਉਡਾਣਾਂ ਡਾਇਵਰਟ ਕਰ ਦਿੱਤੀਆਂ ਹਨ।
ਮੈਕਸੀਕੋ 'ਚ ਅਮਰੀਕਾ ਦੇ ਸਾਬਕਾ ਅਮਰੀਕੀ ਰਾਜਦੂਤ ਕ੍ਰਿਸਟੋਫਰ ਲੈਂਡਾਓ ਨੇ ਐਲ ਮੈਂਚੋ ਨੂੰ 'ਸਭ ਤੋਂ ਖੂਨੀ ਅਤੇ ਬੇਰਹਿਮ ਡਰੱਗ ਕਿੰਗਪਿਨਜ਼ ਚੋਂ ਇੱਕ' ਦੱਸਿਆ।
ਉਨ੍ਹਾਂ ਕਿਹਾ, "ਐਲ ਮੈਂਚੋ ਦੀ ਮੌਤ ਮੈਕਸੀਕੋ, ਅਮਰੀਕਾ, ਲੈਟਿਨ ਅਮਰੀਕਾ ਅਤੇ ਦੁਨੀਆ ਭਰ ਲਈ ਇੱਕ ਵੱਡੀ ਪ੍ਰਾਪਤੀ ਹੈ।"

ਤਸਵੀਰ ਸਰੋਤ, Reuters
ਕਿੰਨਾ ਖਤਰਨਾਕ ਸੀ ਐਲ ਮੈਂਚੋ
ਮਾਈਕ ਵਿਜਿਲ ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ 'ਚ ਇੰਟਰਨੈਸ਼ਨਲ ਆਪ੍ਰੇਸ਼ਨ ਹੈੱਡ ਰਹਿ ਚੁੱਕੇ ਹਨ।
ਉਨ੍ਹਾਂ ਨੇ ਐਲ ਮੈਂਚੋ ਨੂੰ ਮਾਰਨ ਦੇ ਮੈਕਸਿਕਨ ਫੌਜ ਦੇ ਅਭਿਆਨ ਨੂੰ 'ਡਰੱਗ ਤਸਕਰੀ ਦੇ ਇਤਿਹਾਸ 'ਚ ਕੀਤੇ ਗਏ ਸਭ ਤੋਂ ਅਹਿਮ ਅਭਿਆਨਾਂ ਚੋਂ ਇੱਕ' ਕਰਾਰ ਦਿੱਤਾ। ਉਨ੍ਹਾਂ ਨੇ ਅਮਰੀਕਾ 'ਚ ਬੀਬੀਸੀ ਦੇ ਸਹਿਯੋਗੀ ਚੈਨਲ ਸੀਬੀਐਸ ਨੂੰ ਇਹ ਬਿਆਨ ਦਿੱਤਾ।
ਐਲ ਮੈਂਚੋ ਦੀ ਮੌਤ ਨੂੰ ਮੈਕਸੀਕੋ ਦੀ ਰਾਸ਼ਟਰਪਤੀ ਲਈ ਦੇਸ਼ ਦੇ ਡਰੱਗ ਕਾਰਟੇਲ ਖਿਲਾਫ ਲੜਾਈ 'ਚ ਇੱਕ ਜਿੱਤ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੈਕਸੀਕੋ ਦੇ ਡਰੱਗ ਕਾਰਟੇਲ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਈ ਵਾਰ ਕਹਿ ਚੁੱਕੇ ਹਨ।
ਮਾਹਰਾਂ ਮੁਤਾਬਕ ਐਲ ਮੈਂਚੋ ਦੀ ਮੌਤ ਉਨ੍ਹਾਂ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਸ਼ੇਨਬਾਮ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ।
ਪਿਛਲੇ ਸਾਲ ਜਨਵਰੀ 'ਚ, ਟਰੰਪ ਨੇ ਫਾਕਸ ਨਿਊਜ਼ ਨੂੰ ਕਿਹਾ ਸੀ ਕਿ ਡਰੱਗ ਤਸਕਰੀ ਦੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ "ਅਸੀਂ ਹੁਣ ਜ਼ਮੀਨ 'ਤੇ ਵੀ ਹਮਲਾ ਸ਼ੁਰੂ ਕਰਾਂਗੇ।" ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ "ਇਹ ਕਾਰਟੇਲਸ ਹੀ ਮੈਕਸੀਕੋ ਨੂੰ ਚਲਾ ਰਹੇ ਹਨ।"
ਉਦੋਂ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ੇਨਬਾਮ ਪਾਰਦੋ ਨੇ ਜਵਾਬ 'ਚ ਕਿਹਾ ਸੀ,"ਦੱਖਣੀ ਸਰਹੱਦ 'ਤੇ ਅਮਰੀਕੀ ਫੌਜ ਦੀ ਤੈਨਾਤੀ" 'ਤੇ ਸਹਿਮਤੀ ਕਦੇ ਬਣੀ ਹੀ ਨਹੀਂ ਸੀ।
ਮਾਹਰ ਚਿੰਤਾ ਜਤਾ ਰਹੇ ਹਨ ਕਿ ਐਲ ਮੈਂਚੋ ਦੀ ਮੌਤ ਤੋਂ ਬਾਅਦ ਬਣੇ ਤਣਾਅਪੂਰਨ ਹਾਲਾਤ ਜੇਕਰ ਫੌਰਨ ਕਾਬੂ ਨਹੀਂ ਕੀਤੇ ਗਏ ਤਾਂ 'ਮੈਕਸੀਕੋ ਸਰਕਾਰ ਦੀ ਇਹ ਜਿੱਤ' ਕਾਰਟੇਲ ਦੀ ਹਿੰਸਕ ਜਵਾਬੀ ਕਾਰਵਾਈ ਅੱਗੇ ਫਿੱਕੀ ਪੈ ਸਕਦੀ ਹੈ।
ਐਲ ਮੈਂਚੋ ਦਾ ਇਹ ਕਾਰਟੇਲ ਸੁਰੱਖਿਆ ਬਲਾਂ ਅਤੇ ਜਨਤਕ ਅਧਿਕਾਰੀਆਂ 'ਤੇ ਸਿਲਸਿਲੇਵਾਰ ਹਮਲੇ ਕਰਨ ਲਈ ਮਸ਼ਹੂਰ ਸੀ।
ਇਹ ਗਰੁੱਪ ਇੰਨਾ ਤਾਕਤਵਰ ਸੀ ਕਿ ਇਸਨੇ ਰਾਕੇਟ-ਪ੍ਰੋਪੈਲਡ ਗ੍ਰਨੇਡ ਨਾਲ ਫੌਜ ਦੇ ਇੱਕ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ ਸੀ। ਦਰਜਨਾਂ ਸਰਕਾਰੀ ਅਧਿਕਾਰੀਆਂ ਦਾ ਕਤਲ ਕੀਤਾ।
ਇਹ ਕਾਰਟੇਲ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਕਦੇ-ਕਦੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਪੁੱਲਾਂ 'ਤੇ ਲਟਕਾਉਣ ਲਈ ਵੀ ਜਾਣਿਆ ਜਾਂਦਾ ਹੈ।
ਸੀਜੇਐੱਨਜੀ ਡਰੱਗ ਕਾਰਟੇਲ
ਸੀਜੇਐੱਨਜੀ ਗਿਰੋਹ 2010 ਤੱਕ ਮੂਲ ਰੂਪ ਨਾਲ ਹਲਿਸਕੋ (ਜਲਿਸਕੋ) ਸੂਬੇ 'ਚ ਹੀ ਸਰਗਰਮ ਸੀ ਪਰ ਹੁਣ ਇਸ ਦਾ ਅਸਰ ਪੂਰੇ ਮੈਕਸੀਕੋ 'ਚ ਹੈ।
ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਇਸਨੂੰ ਬੇਹੱਦ ਤਾਕਤਵਰ ਸਿਨਾਲੋਆ ਗਿਰੋਹ ਦੇ ਬਰਾਬਰ ਮੰਨਦਾ ਹੈ ਜਿਸ ਦਾ ਅਸਰ ਅਮਰੀਕਾ ਦੇ ਤਕਰੀਬਨ ਸਾਰੇ 50 ਸੂਬਿਆਂ 'ਚ ਹੈ।
ਸੀਜੇਐੱਨਜੀ ਅਮਰੀਕਾ 'ਚ ਵੱਡੇ ਪੈਮਾਨੇ 'ਤੇ ਡਰੱਗ ਤਸਕਰੀ ਕਰਦਾ ਹੈ ਅਤੇ ਫੇਂਟਾਨਿਲ ਦੇ ਉਤਪਾਦਨ ਨਾਲ ਅਰਬਾਂ ਡਾਲਰ ਕਮਾਉਂਦਾ ਹੈ।
ਮੈਕਸੀਕੋ ਜ਼ਰੀਏ ਅਮਰੀਕਾ 'ਚ ਆਉਂਦਾ ਹੈ ਫੇਂਟਾਨਿਲ
ਯੂਐੱਸ ਕਸਟਮਜ਼ ਐਂਡ ਬਾਰਡਰ ਪੈਟਰੋਲ ਨੇ ਜੂਨ 2025 'ਚ ਪ੍ਰਕਾਸ਼ਿਤ ਅੰਕੜਿਆਂ 'ਚ ਦੱਸਿਆ ਕਿ ਅਕਤੂਬਰ 2024 ਤੋਂ ਹੁਣ ਤੱਕ ਅਮਰੀਕਾ 'ਚ ਕੁੱਲ 9200 ਪਾਊਂਡ (4,182 ਕਿਲੋਗ੍ਰਾਮ) ਫੇਂਟਾਨਿਲ ਜ਼ਬਤ ਕੀਤਾ ਜਾ ਚੁੱਕਿਆ ਹੈ।
ਇਸ ਵਿੱਚੋਂ ਕਰੀਬ 96 ਫੀਸਦ ਫੇਂਟਾਨਿਲ ਮੈਕਸੀਕੋ ਦੇ ਨਾਲ ਲੱਗਦੀ ਦੱਖਣੀ-ਪੱਛਮੀ ਸਰਹੱਦ 'ਤੇ ਫੜ੍ਹਿਆ ਗਿਆ।
1 ਫੀਸਦ ਤੋਂ ਵੀ ਘੱਟ ਮਾਤਰਾ ਕੈਨੇਡਾ ਦੇ ਨਾਲ ਉੱਤਰ ਅਮਰੀਕੀ ਸਰਹੱਦ 'ਤੇ ਜ਼ਬਤ ਕੀਤੀ ਗਈ। ਬਾਕੀ ਮਾਤਰਾ ਸਮੁੰਦਰੀ ਮਾਰਗਾਂ ਜਾਂ ਹੋਰਨਾ ਅਮਰੀਕੀ ਚੈੱਕ ਪੁਆਇੰਟਸ ਜ਼ਰੀਏ ਆਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































