ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਕੀ ਹੈ ਪਿਛੋਕੜ, ਪੰਜਾਬ ਦੀ ਸਿਆਸਤ ਵਿੱਚ ਕੀ ਹੈ ਰਸੂਖ਼

ਗੁਰਿੰਦਰ ਸਿੰਘ

ਤਸਵੀਰ ਸਰੋਤ, RSSB

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਪੰਜਾਬ ਦੀ ਨਾਭਾ ਜੇਲ੍ਹ ਦੇ ਬਾਹਰ ਇੱਕ ਪਾਸੇ ਲੋਕ ਹੱਥ ਜੋੜ ਕੇ ਖੜ੍ਹੇ ਸੀ ਕਿਉਂਕਿ ਸਾਹਮਣੇ ਤੋਂ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਆਪਣੀ ਗੱਡੀ ਵਿੱਚੋਂ ਉਤਰ ਕੇ ਜੇਲ੍ਹ ਦੇ ਅੰਦਰ ਦਾਖ਼ਲ ਹੋ ਰਹੇ ਸਨ।

ਇੱਥੇ 2 ਫਰਵਰੀ ਸੋਮਵਾਰ ਦੇ ਦਿਨ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਸਨ।

ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਇਹ ਦੂਜੀ ਮੁਲਾਕਾਤ ਸੀ।

ਇਸੇ ਦਿਨ ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ।

ਗੁਰਿੰਦਰ ਢਿੱਲੋਂ ਦੀ ਨਾਭਾ ਜੇਲ੍ਹ ਦੀ ਇਹ ਮੁਲਾਕਾਤ ਉਸ ਸਮੇਂ ਸੁਰਖੀਆਂ ਵਿੱਚ ਛਾਅ ਗਈ, ਜਦੋਂ ਉਹ ਜੇਲ੍ਹ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਰੂਬਰੂ ਹੋਏ।

ਇਸ ਮੌਕੇ ਜਦੋਂ ਇੱਕ ਪੱਤਰਕਾਰ ਵੱਲੋਂ ਗੁਰਿੰਦਰ ਢਿੱਲੋਂ ਤੋਂ ਪੁੱਛਿਆ ਗਿਆ ਕਿ ਬਿਕਰਮ ਮਜੀਠੀਆ ਉਪਰ ਡਰੱਗਜ਼ ਤਸਕਰੀ ਦੇ ਇਲਜ਼ਾਮ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਗਲਤ ਹੈ।

ਬਿਕਰਮ ਮਜੀਠੀਆ ਨਾਲ ਜੇਲ੍ਹ ਅੰਦਰ ਹੋਈ ਮੁਲਾਕਾਤ ਬਾਰੇ ਬਾਹਰ ਆ ਕੇ ਡੇਰਾ ਬਿਆਸ ਮੁਖੀ ਨੇ ਕਿਹਾ, "ਉਹ ਬਹੁਤ ਚੰਗੇ ਤੇ ਖੁਸ਼ ਹਨ। ਜਿਹੜੀਆਂ ਅੰਦਰਲੀਆਂ ਗੱਲਾਂ ਹਨ, ਉਹ ਸਾਰੀਆਂ ਤਾਂ ਨਹੀਂ ਕੀਤੀਆਂ ਜਾ ਸਕਦੀਆਂ।"

ਬਿਕਰਮ ਮਜੀਠੀਆ ਉਪਰ ਹੋਈ ਕਾਰਵਾਈ ਬਾਰੇ ਕੀਤੇ ਸਵਾਲ 'ਤੇ ਉਨ੍ਹਾਂ ਕਿਹਾ, "ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ ਤਰ੍ਹਾਂ ਦਾ ਕੁਮੈਂਟ ਕਰਾਂ ਪਰ ਰਿਸ਼ਤੇਦਾਰੀ ਆਪਣੀ ਜਗ੍ਹਾਂ 'ਤੇ ਹੈ ਅਤੇ ਸਰਕਾਰ ਜੋ ਕਰ ਰਹੀ ਹੈ ਉਹ ਆਪਣੀ ਜਗ੍ਹਾਂ 'ਤੇ ਹੈ। ਮੇਰਾ ਉਹ ਦੋਸਤ ਹੈ, ਮੈਂ ਮਿਲਾਂਗਾ।"

ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਕਿ ਜਦੋਂ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਇਸ ਤਰ੍ਹਾਂ ਜਨਤਕ ਤੌਰ 'ਤੇ ਪੱਤਰਕਾਰਾਂ ਵਿੱਚ ਆਏ ਹੋਣ ਪਰ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।

ਪਿਛਲੇ ਕੁਝ ਸਮੇਂ ਤੋਂ ਗੁਰਿੰਦਰ ਢਿੱਲੋਂ ਵੱਲੋਂ ਪੰਜਾਬ ਦੇ ਪੰਥਕ ਤੇ ਸਿਆਸੀ ਹਲਕਿਆਂ ਵਿੱਚ ਸਰਗਰਮੀ ਦਿਖਾਈ ਜਾਣ ਲੱਗੀ ਹੈ।

ਗੁਰਿੰਦਰ ਢਿੱਲੋਂ ਦਾ ਪਿਛੋਕੜ

ਗੁਰਿੰਦਰ ਸਿੰਘ

ਤਸਵੀਰ ਸਰੋਤ, RSSB

ਗੁਰਿੰਦਰ ਸਿੰਘ ਢਿੱਲੋਂ ਦੇ ਪਿਛੋਕੜ ਉਪਰ ਜੇ ਇੱਕ ਝਾਤ ਮਾਰੀਏ ਤਾਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਅਧਿਕਾਰਤ ਵੈਬਸਾਈਟ ਮੁਤਾਬਕ ਬਾਬਾ ਗੁਰਿੰਦਰ ਸਿੰਘ ਦਾ ਜਨਮ 1954 ਵਿੱਚ ਹੋਇਆ ਸੀ। ਉਹ ਪੰਜਾਬ ਦੇ ਕਿਰਸਾਨੀ ਨਾਲ ਸਬੰਧਤ ਪਰਿਵਾਰ ਤੋਂ ਆਉਂਦੇ ਹਨ।

ਸਾਲ 1990 ਵਿੱਚ ਗੁਰਿੰਦਰ ਸਿੰਘ ਨੂੰ ਉਨ੍ਹਾਂ ਦੇ ਸੰਤਾਂ ਨੇ ਰਾਧਾਸੁਆਮੀ ਸਤਿਸੰਗ ਬਿਆਸ ਦੇ ਅਧਿਆਤਮਿਕ ਗੁਰੂ ਵਜੋਂ ਥਾਪਿਆ ਸੀ। ਗੱਦੀ 'ਤੇ ਬੈਠਣ ਤੋਂ ਪਹਿਲਾਂ ਗੁਰਿੰਦਰ ਸਿੰਘ ਸਪੇਨ ਵਿੱਚ ਰਹਿੰਦੇ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਦੇ ਦੋ ਲੜਕੇ ਹਨ, ਜੋ ਵਿਦੇਸ਼ਾਂ ਵਿੱਚ ਕਾਰੋਬਾਰ ਨੂੰ ਸਾਂਭਦੇ ਹਨ ਅਤੇ ਉਨ੍ਹਾਂ ਦੇ ਪਤਨੀ ਸਵਰਗਵਾਸ ਹੋ ਚੁੱਕੇ ਹਨ।

ਗੁਰਿੰਦਰ ਢਿੱਲੋਂ ਨੇ ਆਪਣੀ ਸਿੱਖਿਆ ਯੂਰਪ ਦੇ ਸਿੱਖਿਆ ਸੰਸਥਾਨਾਂ ਤੋਂ ਪ੍ਰਾਪਤ ਕੀਤੀ ਹੈ।

ਬਿਕਰਮ ਮਜੀਠੀਆ ਨਾਲ ਗੁਰਿੰਦਰ ਢਿੱਲੋਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਗੁਰਿੰਦਰ ਢਿੱਲੋਂ ਦੇ ਬਿਕਰਮ ਮਜੀਠੀਆ ਦੀ ਪਤਨੀ ਗਿਨੀਵ ਕੌਰ ਦੇ ਪਰਿਵਾਰ ਨਾਲ ਪਰਿਵਾਰਕ ਰਿਸ਼ਤੇ ਹਨ।

ਡੇਰੇ ਮੁਤਾਬਕ ਹੁਣ ਉਹ ਸੇਵਾਮੁਕਤ ਹਨ ਅਤੇ ਆਪਣੀ ਆਮਦਨੀ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਸੇਵਾ ਦੇ ਨਿਯਮਾਂ ਅਨੁਸਾਰ ਉਹ ਸੰਸਥਾ ਤੋਂ ਕੋਈ ਤਨਖ਼ਾਹ ਨਹੀਂ ਲੈਂਦੇ।

ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨੇ ਸਤੰਬਰ 2024 ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਗਲਾ ਉੱਤਰਾਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਸੀ।

ਇਸ ਤੋਂ ਬਾਅਦ ਗੁਰਿੰਦਰ ਢਿੱਲੋਂ ਦੀ ਪੰਜਾਬ ਦੀ ਸਿਆਸਤ ਵਿੱਚ ਸਰਗਰਮੀ ਵਧਦੀ ਦੇਖੀ ਗਈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਮੰਨਣਾ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਆਪਣੇ ਆਪ ਵਿੱਚ ਕਾਫੀ ਤਾਕਤ ਰੱਖਦਾ ਹੈ।

ਪ੍ਰੋ. ਜਗਰੂਪ ਕਹਿੰਦੇ ਹਨ, "ਡੇਰਾ ਬਿਆਸ ਨੂੰ ਮੰਨਣ ਵਾਲੇ ਕਾਫੀ ਕੱਟੜ ਹਨ ਤੇ ਉਨ੍ਹਾਂ ਨੇ ਗੁਰਿੰਦਰ ਢਿੱਲੋਂ ਵੱਲੋਂ ਨਿਯੁਕਤ ਕੀਤੇ ਉੱਤਰਾਅਧਿਕਾਰੀ ਨੂੰ ਵੀ ਉਸ ਤਰ੍ਹਾਂ ਸਵਿਕਾਰ ਨਹੀਂ ਕੀਤਾ। ਦੂਜੇ ਪਾਸੇ ਇੱਕ ਕਾਫੀ ਗੰਭੀਰ ਮਾਮਲੇ ਵਿੱਚ ਮੁਲਜ਼ਮ ਬਾਰੇ ਇਸ ਤਰ੍ਹਾਂ ਸ਼ਰੇਆਮ ਬਿਆਨ ਦੇਣਾ ਤੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨੀ, ਇਹ ਸਾਰਾ 2027 ਦਾ ਸੀਨ ਤਿਆਰ ਹੋ ਰਿਹਾ ਹੈ।"

ਡੇਰਾ ਮੁਖੀ ਗੁਰਿੰਦਰ ਢਿੱਲੋਂ ਦੀ ਪੰਜਾਬ ਦੀ ਸਿਆਸਤ ਵਿੱਚ ਵਧਦੀ ਸਰਗਰਮੀ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਪਰਮਜੀਤ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇ ਉਹ ਮੁੱਖ ਮੰਤਰੀ ਬਣ ਸਕਦੇ ਹਨ ਤਾਂ ਗੁਰਿੰਦਰ ਢਿੱਲੋਂ ਸਿਆਸਤ ਵਿੱਚ ਕਿਉਂ ਆ ਨਹੀਂ ਸਕਦੇ।

ਡੇਰੇ ਤੇ ਗੁਰਿੰਦਰ ਢਿੱਲੋਂ ਦਾ ਰਾਜਨੀਤਿਕ ਤੇ ਸਮਾਜਿਕ ਪ੍ਰਭਾਵ

ਪ੍ਰੋਫੈਸਰ ਜਗਰੂਪ ਸਿੰਘ

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ਵਿੱਚ ਚੰਗਾ ਅਸਰ ਹੈ। ਇਸੇ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਡੇਰਾ ਬਿਆਸ ਰਾਜਨੀਤਿਕ ਤੇ ਸਮਾਜਿਕ ਤੌਰ 'ਤੇ ਅਸਰ ਰਸੂਖ ਰੱਖਦਾ ਹੈ।

ਪੰਜਾਬ ਵਿੱਚ ਲੱਖਾਂ ਦੀ ਗਿਣਤੀ ਡੇਰਾ ਬਿਆਸ ਦੇ ਪੈਰੋਕਾਰ ਹਨ।

ਪ੍ਰੋ. ਜਗਰੂਪ ਸਿੰਘ ਕਹਿੰਦੇ ਹਨ, "ਇਹ ਕਾਫੀ ਵੱਡਾ ਰੋਲ ਅਦਾ ਕਰਦੇ ਹਨ, ਜਿਵੇਂ ਕਿ 'ਕਿੰਗ ਮੇਕਰ'। ਇਹ ਬਹੁਤ ਵੱਡਾ ਸਾਮਰਾਜ ਵਾਂਗ ਹੈ ਇਹ ਆਪਣੀ ਤਾਕਤ, ਪ੍ਰਭਾਵ ਤੇ ਫੋਲੋਅਰਜ਼ ਦੀ ਵੱਡੀ ਗਿਣਤੀ ਨਾਲ ਪਿੰਡ ਤੋਂ ਲੈ ਕੇ ਸੂਬੇ ਤੱਕ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਦਾ ਦਮ ਰੱਖਦੇ ਹਨ।"

ਪੰਜਾਬ ਦੀ ਸਿਆਸਤ ਵਿੱਚ ਡੇਰਾ ਬਿਆਸ ਦੇ ਪ੍ਰਭਾਵ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਪਰਮਜੀਤ ਦਾ ਕੁਝ ਹੋਰ ਮੰਨਣਾ ਹੈ।

ਪ੍ਰੋ. ਪਰਮਜੀਤ ਕਹਿੰਦੇ ਹਨ, "ਗੁਰਿੰਦਰ ਢਿੱਲੋਂ ਬਹੁਤ ਆਰਾਮ ਨਾਲ ਆਪਣੇ ਹਲਕੇ ਤੋਂ ਚੋਣ ਲੜ ਕੇ ਜਿੱਤ ਸਕਦੇ ਹਨ। ਮੈਂ ਇਨ੍ਹਾਂ ਦੀ ਸਰਗਮੀਆਂ ਤੋਂ ਬਹੁਤਾ ਹੈਰਾਨ ਨਹੀਂ ਹਾਂ ਪਰ ਇਸ ਡੇਰੇ ਦੀ ਖਾਸ ਗੱਲ ਇਹ ਹੈ ਕਿ ਇਹ ਇਨ੍ਹਾਂ 'ਝਮੇਲਿਆਂ' ਤੋਂ ਦੂਰ ਰਹਿੰਦੇ ਹਨ।"

ਸਿਆਸਤ ਵਿੱਚ ਵਧਦੀਆਂ ਸਰਗਰਮੀਆਂ ਬਾਰੇ ਪ੍ਰੋ. ਪਰਮਜੀਤ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਉਹ ਆਉਣਗੇ ਪਰ ਜੇ ਆਉਣਗੇ ਵੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਉੱਤਰਾਅਧਿਕਾਰੀ ਨਿਯੁਕਤ ਕਰ ਦਿੱਤਾ ਸੀ ਤੇ ਹੁਣ ਉਹ ਸ਼ਾਇਦ ਕਿਸੇ ਨਾ ਕਿਸੇ ਮੌਜੂਦਾ ਕੰਮ ਵਿੱਚ ਖੁਦ ਦੀ ਸ਼ਮੂਲੀਅਤ ਰੱਖਣਾ ਚਾਹੁੰਦੇ ਹੋਣ।"

"ਸੱਚੇ ਸੌਦੇ ਵਾਂਗ (ਡੇਰਾ ਸਿਰਸਾ) ਸਿਆਸਤ ਵਿੱਚ ਉਸ ਤਰ੍ਹਾਂ ਦਾ ਇਨ੍ਹਾਂ ਦਾ ਪ੍ਰਭਾਵ ਨਹੀਂ ਹੈ ਕਿਉਂਕਿ ਮੈਂ ਨਹੀਂ ਦੇਖਿਆ ਕਦੇ ਕਿ ਇਹ ਲੋਕ ਸਿੱਧਾ ਵੋਟਾਂ ਬਾਰੇ ਕਹਿੰਦੇ ਹੋਣ। ਇਹ ਪ੍ਰਭਾਵ ਬਹੁਤ ਸੀਮਤ ਹੁੰਦਾ ਹੈ।"

ਕਿਹੜੀਆਂ ਮੁਲਾਕਾਤਾਂ ਚਰਚਾ ਵਿੱਚ ਰਹੀਆਂ

ਨਰਿੰਦਰ ਮੋਦੀ

ਤਸਵੀਰ ਸਰੋਤ, Narendramodi/X

ਤਸਵੀਰ ਕੈਪਸ਼ਨ, 5 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਮੋਦੀ ਡੇਰਾ 'ਰਾਧਾ ਸੁਆਮੀ ਸਤਸੰਗ ਬਿਆਸ' ਪਹੁੰਚੇ ਸਨ।

2024 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 15 ਦਿਨਾਂ ਲਈ ਫਾਰਗ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡੇਰਾ ਮੁਖੀ ਬਿਆਸ ਗੁਰਿੰਦਰ ਢਿੱਲੋਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਬਠਿੰਡਾ ਵਿਚਲੀ ਰਿਹਾਇਸ਼ 'ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮਿਲਣ ਪਹੁੰਚੇ ਸਨ।

ਇਸ ਮੁਲਾਕਾਤ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਗੁਰਿੰਦਰ ਢਿੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਤ ਹਨ।

ਹਰਪ੍ਰੀਤ ਸਿੰਘ ਨੇ ਕਿਹਾ ਸੀ, "ਉਨ੍ਹਾਂ ਨੇ ਮੈਨੂੰ ਮਿਲ ਕੇ ਚਿੰਤਾ ਪ੍ਰਗਟਾਈ ਸੀ ਕਿ ਪੰਜਾਬ ਬਹੁਤ 'ਡਿਸਟਰਬ' ਹੋ ਰਿਹਾ, ਹਾਲਾਤ ਬਹੁਤ ਨਾਖੁਸ਼ਗਵਾਰ ਬਣ ਰਹੇ ਨੇ ਅਤੇ ਸਾਨੂੰ ਧਾਰਮਿਕ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਉਸ ਨੂੰ ਸੁਧਾਰਨ ਵਾਲੇ ਯਤਨ ਕਰਨਾ ਚਾਹੀਦਾ।"

ਇਸ ਤੋਂ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਮੋਦੀ ਡੇਰਾ 'ਰਾਧਾ ਸੁਆਮੀ ਸਤਸੰਗ ਬਿਆਸ' ਪਹੁੰਚੇ ਸਨ।

ਉਨ੍ਹਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਵਿੱਚ ਘੁੰਮ ਕੇ ਉੱਥੇ ਚੱਲ ਰਹੇ ਕਾਰਜਾਂ ਬਾਰੇ ਵੀ ਜਾਣਿਆ ਸੀ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ 2023 ਵਿੱਚ ਗੁਰਿੰਦਰ ਢਿੱਲੋਂ ਨਾਲ ਡੇਰਾ ਰਾਧਾ ਸੁਆਮੀ ਸਤਿਸੰਗ ਦੇ ਇੱਕ ਸਮਾਗਮ ਵਿੱਚ ਵੀ ਦੇਖਿਆ ਗਿਆ ਸੀ। ਇਸ ਸਮਾਗਮ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਈ ਸੀ।

ਡੇਰਾ ਮੁਖੀ ਦੀਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤਾਂ ਕਈ ਵਾਰ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ। ਡੇਰੇ ਵਿੱਚ ਅਕਾਲੀ ਦਲ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੀ ਆਉਂਦੇ ਰਹੇ ਹਨ।

ਚੋਣਾਂ ਦੌਰਾਨ ਸਿਆਸੀ ਲੀਡਰਾਂ ਦੀਆਂ ਫੇਰੀਆਂ

ਪ੍ਰੋਫੈਸਰ ਪਰਮਜੀਤ ਸਿੰਘ

ਤਸਵੀਰ ਸਰੋਤ, paramjit singh

ਲੀਡਰ ਉਹ ਚਾਹੇ ਪੰਜਾਬ ਦਾ ਹੋਵੇ, ਹਿਮਾਚਲ ਪ੍ਰਦੇਸ਼ ਜਾਂ ਹਰਿਆਣਾ ਦਾ, ਡੇਰਾ ਬਿਆਸ ਚੋਣਾਂ ਦੇ ਨੇੜੇ ਹਰ ਪਾਰਟੀ ਦੇ ਲੀਡਰ ਨੂੰ ਆਪਣੇ ਵੱਲ ਖਿੱਚਦਾ।

ਅਕਸਰ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੀਆਂ ਫੇਰੀਆਂ ਡੇਰਾ ਬਿਆਸ ਵਿੱਚ ਦੇਖੀਆਂ ਜਾਂਦੀਆਂ ਹਨ। ਲੀਡਰਾਂ ਵੱਲੋਂ ਡੇਰਾ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਕਰਦਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਪਾ ਕੇ ਇੱਕ ਖਾਸ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪਰ ਡੇਰੇ ਦਾ ਦਾਅਵਾ ਹੈ ਕਿ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ।

ਹਾਲਾਂਕਿ, ਇਸ ਡੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸਿਆਸੀ ਆਗੂ ਅਕਸਰ ਆਉਂਦੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇਸ ਡੇਰੇ ਉਪਰ ਆ ਚੁੱਕੇ ਹਨ।

ਡੇਰੇ ਵੱਲੋਂ ਕਦੇ ਵੀ ਵੋਟਾਂ ਵਿੱਚ ਕਿਸੇ ਪਾਰਟੀ ਨੂੰ ਵੋਟਾਂ ਪਾਉਣ ਲਈ ਨਹੀਂ ਕਿਹਾ ਗਿਆ।

ਡੇਰਾ ਬਿਆਸ ਦਾ ਪਿਛੋਕੜ

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ

ਤਸਵੀਰ ਸਰੋਤ, RSSB

ਤਸਵੀਰ ਕੈਪਸ਼ਨ, ਡੇਰੇ ਦਾ ਦਾਅਵਾ ਹੈ ਕਿ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ।

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਵੈਬਸਾਈਟ ਮੁਤਾਬਕ ਡੇਰੇ ਦਾ ਹੈੱਡਕੁਆਰਟਰ ਡੇਰਾ ਬਾਬਾ ਜੈਮਲ ਸਿੰਘ ਹੈ। ਇਹ ਨਾਮ ਡੇਰੇ ਦੇ ਸੰਸਥਾਪਕ ਬਾਬਾ ਜੈਮਲ ਸਿੰਘ ਦੇ ਨਾਮ ਉਪਰ ਰੱਖਿਆ ਗਿਆ ਹੈ, ਜੋ ਸੰਨ 1800 ਦੇ ਅਖੀਰਲੇ ਦਹਾਕੇ ਵਿੱਚ ਇੱਥੇ ਆ ਕੇ ਵਸੇ ਸਨ।

ਭਾਰਤ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਨ ਸੰਸਥਾ ਦੇ 5000 ਤੋਂ ਵੀ ਜ਼ਿਆਦਾ ਸੈਂਟਰ ਹਨ ਅਤੇ ਸੰਸਾਰ ਭਰ ਵਿੱਚ ਇਸ ਡੇਰੇ ਦੇ ਪੈਰੋਕਾਰ 90 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਮੌਜੂਦ ਹਨ।

ਇਸ ਡੇਰੇ ਦੇ ਪੰਜਾਬ ਅਤੇ ਹਰਿਆਣਾ ਸਣੇ ਸਮੁੱਚੇ ਭਾਰਤ ਦੇ ਲਗਭਗ ਹਰ ਸ਼ਹਿਰ, ਕਸਬੇ ਵਿੱਚ ਸਤਿਸੰਗ ਘਰ ਹਨ, ਜਿਨ੍ਹਾਂ ਵਿੱਚ ਹਰ ਹਫ਼ਤਾਵਾਰੀ ਇਕੱਠ ਹੁੰਦੇ ਹਨ।

ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਕਸਬੇ ਵਿੱਚ ਸਥਾਪਿਤ ਇਹ ਡੇਰਾ ਇੱਕ ਸਵੈ-ਨਿਰਭਰ ਭਾਈਚਾਰਾ ਹੈ, ਜਿਸ ਵਿੱਚ ਪ੍ਰਸ਼ਾਸਨਿਕ ਅਤੇ ਰਿਹਾਇਸ਼ੀ ਸਹੂਲਤਾਂ ਸ਼ਾਮਲ ਹੈ।

ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਵਲੰਟੀਅਰਾਂ ਦੁਆਰਾ ਸੰਭਾਲਿਆ ਜਾਂਦਾ ਹੈ ਅਤੇ ਕਾਰਜਾਂ ਨੂੰ ਲੋਕਾਂ ਦੇ ਦਾਨ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।

ਡੇਰਾ ਦਾਅਵਾ ਕਰਦਾ ਹੈ ਕਿ ਸੰਸਥਾ ਕਿਸੇ ਵੀ ਤਰ੍ਹਾਂ ਦਾ ਫੰਡ ਇਕੱਠਾ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ ਹੈ।

ਡੇਰੇ ਦੀ ਵੈਬਾਸਾਈਟ ਮੁਤਾਬਕ ਇਸ ਦੀ ''ਰੂਹਾਨੀ ਵਿਚਾਰਧਾਰਾ ਦੇ ਪ੍ਰਚਾਰ ਲਈ ਸਤਿਸੰਗ'' ਕਿਰਾਏ ਦੇ ਹਾਲਾਂ, ਕਮਿਊਨਿਟੀ ਸੈਂਟਰਾਂ ਜਾਂ ਡੇਰੇ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਵਿੱਚ ਹੁੰਦੇ ਹਨ।

ਇਨ੍ਹਾਂ ਦਾ ਮਕਸਦ ਡੇਰੇ ਦੇ ਫਲਸਫ਼ੇ ਦੀ ਵਿਆਖਿਆ ਕਰਨਾ ਹੈ। ਸਤਿਸੰਗ ਗ਼ੈਰ-ਸੰਪ੍ਰਦਾਇਕ ਹਨ ਅਤੇ ਆਮ ਜਨਤਾ ਲਈ ਖੁੱਲ੍ਹੇ ਹਨ, ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ ਅਤੇ ਕੋਈ ਇਸ਼ਤਿਹਾਰਬਾਜ਼ੀ ਜਾਂ ਧਰਮ ਪਰਿਵਰਤਨ ਨਹੀਂ ਕਰਵਾਇਆ ਜਾਂਦਾ।