ਲੋਕ ਸਭਾ ਚੋਣਾਂ 2024 : ਪੰਜਾਬ ਦੇ ਕਿਹੜੇ ਡੇਰੇ ਕਿੰਨੀਆਂ ਸੀਟਾਂ ਉੱਤੇ ਪਾ ਸਕਦੇ ਹਨ ਅਸਰ

ਤਸਵੀਰ ਸਰੋਤ, Narendramodi/X
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਤੋਂ ਇੱਕ ਦਿਨ ਪਹਿਲਾਂ 23 ਫ਼ਰਵਰੀ 2024 ਨੂੰ ਵਾਰਾਣਸੀ ਵਿੱਚ ਬੋਲਦਿਆ ਕਿਹਾ, “ਵਾਰਾਣਸੀ ਮਿੰਨੀ-ਪੰਜਾਬ ਬਣ ਗਿਆ ਜਾਪਦਾ ਹੈ।”
ਇਸ ਤੋਂ ਪਹਿਲਾਂ 5 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਮੋਦੀ ਡੇਰਾ ‘ਰਾਧਾ ਸੁਆਮੀ ਸਤਸੰਗ ਬਿਆਸ’ ਪਹੁੰਚੇ ਸਨ। ਉਹਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਵਿੱਚ ਘੁੰਮ ਕੇ ਉੱਥੇ ਚੱਲ ਰਹੇ ਕਾਰਜਾਂ ਬਾਰੇ ਜਾਣਿਆ।
ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਡੇਰਿਆਂ ਨੂੰ ਵੱਡਾ ਵੋਟ ਬੈਂਕ ਮੰਨਿਆ ਜਾ ਰਿਹਾ ਹੈ।
ਪੰਜਾਬ ਦੇ ਨਾਲ ਲੱਗਦੇ ਹਰਿਆਣਾ ਵਿੱਚ ਉਮਰ ਕੈਦ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਜਨਵਰੀ 2024 ਤੱਕ 9 ਵਾਰ ਪੈਰੋਲ ਦਿੱਤੀ ਗਈ ਹੈ।
ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ।
ਪੰਜਾਬ ਵਿੱਚ ਜਿਨ੍ਹਾਂ ਡੇਰਿਆਂ ਦਾ ਅਸਰ ਜ਼ਿਆਦਾ ਦੇਖਿਆ ਜਾਂਦਾ ਹੈ, ਉਨ੍ਹਾਂ ਵਿੱਚ ਹਰਿਆਣਾ ਦੇ ਸਿਰਸਾ ਵਿਚਲਾ ਡੇਰਾ ਸੱਚਾ ਸੌਦਾ ਸਿਰਸਾ, ਰਾਧਾ ਸੁਆਮੀ ਸਤਿਸੰਗ ਬਿਆਸ, ਡੇਰਾ ਨੂਰਮਹਿਲ, ਡੇਰਾ ਨਿਰੰਕਾਰੀ, ਡੇਰਾ ਸੱਚਖੰਡ ਬੱਲਾਂ ਅਤੇ ਡੇਰਾ ਨਾਮਧਾਰੀ (ਭੈਣੀ ਸਾਹਿਬ) ਸ਼ਾਮਿਲ ਹਨ।
ਇਸ ਦੇ ਨਾਲ-ਨਾਲ ਕਈ ਸਿੱਖ ਸੰਪ੍ਰਦਾਵਾਂ ਦੇ ਡੇਰੇ ਵੀ ਆਪਣਾ ਚੰਗਾ ਅਸਰ ਰਸੂਖ਼ ਰੱਖਦੇ ਹਨ। ਜਿਨ੍ਹਾਂ ਵਿੱਚ ਨਿਰਮਲੇ ਅਤੇ ਉਦਾਸੀ ਸੰਤਾਂ ਨਾਲ ਸਬੰਧਤ ਡੇਰਿਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿਚਾਲੇ ਸਿਆਸੀ ਆਗੂਆਂ ਵੱਲੋਂ ਸੂਬੇ ਦੇ ਵੱਖ-ਵੱਖ ਡੇਰਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਸਭ ਤੋਂ ਵੱਧ ਚਰਚਾ ਵਿੱਚ ‘ਡੇਰਾ ਸੱਚਖੰਡ ਬੱਲਾਂ’ ਹੈ ਜੋਂ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਜਲੰਧਰ ਨੇੜੇ ਸਥਿਤ ਹੈ।

ਪੰਜਾਬ 'ਚ ਕਿੰਨੇ ਡੇਰੇ ਹਨ
ਪੰਜਾਬ ਵਿੱਚ ਡੇਰੇ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਸਿੱਖ ਧਰਮ ਦੀ ਹੋਂਦ ਤੋਂ ਪਹਿਲਾਂ ਦੇ ਵੀ ਹਨ, ਜਿਵੇਂ ਨਾਥਾਂ, ਸਿੱਧ ਤੇ ਯੋਗੀਆਂ ਦੇ ਡੇਰੇ ਹਨ।
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਨਾਲ-ਨਾਲ ਹੀ ਨਵੇਂ ਡੇਰਿਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿੱਚ ਉਦਾਸੀ, ਨਿਰਮਲੇ, ਨਿੰਰਕਾਰੀ, ਨਾਮਧਾਰੀ ਆਦਿ ਜ਼ਿਕਰਯੋਗ ਹਨ।
ਪੰਜਾਬ ਵਿੱਚ ਕਿੰਨੇ ਡੇਰੇ ਹਨ ਇਨ੍ਹਾਂ ਦੀ ਸਹੀ ਗਿਣਤੀ ਦਾ ਕੋਈ ਰਿਕਾਰਡ ਨਹੀਂ ਮਿਲਦਾ ਹੈ। ਪਰ ਯਕੀਨ ਨਾਲ ਇੱਕ ਦਾਅਵਾ ਜਰੂਰ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈ।
ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇ ਜਿੱਥੇ ਕੋਈ ਛੋਟਾ-ਮੋਟਾ ਡੇਰਾ ਨਾ ਹੋਵੇ। ਪਰ ਜਾਣਕਾਰ ਮੰਨਦੇ ਹਨ 300 ਦੇ ਕਰੀਬ ਵੱਡੇ ਡੇਰੇ ਹਨ।
ਇਨ੍ਹਾਂ ਵਿੱਚ ਸਿੱਖ, ਹਿੰਦੂ, ਸੂਫ਼ੀ ਅਤੇ ਇਸਾਈ ਪਾਦਰੀਆਂ ਦੇ ਨਿੱਜੀ ਡੇਰੇ ਵੀ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਸਿਰਫ਼ ਦਰਜਨ ਦੇ ਕਰੀਬ ਹੀ ਡੇਰੇ ਹਨ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਦੇ ਅੰਕੜੇ ਤੱਕ ਪਹੁੰਚਦੀ ਹੋਵੇਗੀ।
ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡੈਵਲੇਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿਧਾਨ ਸਭਾ ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਅਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ। ਲੋਕ ਸਭਾ ਦੀਆਂ ਸੀਟਾਂ ਦੇ ਹਿਸਾਬ ਨਾਲ ਸਮਝੀਏ ਤਾਂ ਇਹ 6 ਸੀਟਾਂ ਉੱਤੇ ਅਸਰ ਪਾ ਸਕਦੇ ਹਨ।
ਜ਼ਾਹਿਰ ਹੈ ਕਿ ਇਹੀ ਕਾਰਨ ਹੈ ਕਿ ਚੋਣਾਂ ਆਉਂਦੇ ਹੀ ਸਿਆਸੀ ਦਲ ਦੇ ਨੇਤਾਵਾਂ ਵਿੱਚ ਇਨ੍ਹਾਂ ਡੇਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਹੋੜ ਲੱਗ ਜਾਂਦੀ ਹੈ।
ਡੇਰਿਆਂ ਦਾ ਫੈਲਾਅ ਕਿਵੇਂ ਹੋਇਆ?

ਤਸਵੀਰ ਸਰੋਤ, Getty Images
ਅਜਿਹਾ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਚ ਡੇਰਿਆਂ ਦੀ ਸ਼ੁਰੂਆਤ ਦਾ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸਮਰਥਕ ਸਮਾਜ ਦੇ ਹੇਠਲੇ ਤਬਕੇ ਤੋਂ ਆਉਂਦੇ ਹਨ।
ਇਹ ਡੇਰੇ ਲੋਕਾਂ ਨੂੰ ਭਜਨ ਕਰਨ, ਸ਼ਰਾਬ ਛੱਡਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਔਰਤਾਂ ਦਾ ਸਨਮਾਨ ਕਰਨ ਵਰਗੇ ਸੰਦੇਸ਼ ਦਿੰਦੇ ਹਨ।
ਡੇਰਿਆਂ ਅਤੇ ਧਰਮ ਦਾ 'ਆਪਸ ਵਿੱਚ ਬਹੁਤ ਨੇੜੇ ਦਾ ਸਬੰਧ' ਹੈ। ਡੇਰੇ ਪੂਰੀ ਤਰ੍ਹਾਂ ਧਰਮ ਵਾਂਗ ਸੰਸਥਾ ਨਹੀਂ ਪਰ ਉਸੇ ਤਰੀਕੇ ਨਾਲ ਕੰਮ ਕਰਦੇ ਹਨ।
ਲੇਖਕ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਨਰਿੰਦਰ ਕਪੂਰ ਦਾ ਮੰਨਣਾ ਹੈ ਕਿ ਸਮਾਜਿਕ ਵਿਤਕਰੇ ਕਾਰਨ ਕੁਝ ਭਾਈਚਾਰਿਆਂ ਦੇ ਲੋਕਾਂ ਨੇ ਡੇਰਿਆਂ ਵੱਲ ਰੁਖ਼ ਕੀਤਾ।
ਨਰਿੰਦਰ ਕਪੂਰ ਕਹਿੰਦੇ ਹਨ, “ਦਲਿਤ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕੀਤੇ ਮਹਿਸੂਸ ਕਰਦੇ ਹਨ। ਇਸੇ ਕਾਰਨ ਉਹਨਾਂ ਨੇ ਆਪਣੇ ਡੇਰੇ ਬਣਾਉਣੇ ਸ਼ੁਰੂ ਕਰ ਦਿੱਤੇ। ਡੇਰਾ ਸਿਰਫ਼ ਧਰਮ ਦਾ ਸਥਾਨ ਹੀ ਨਹੀਂ ਹੁੰਦਾ ਸਗੋਂ ਸੱਭਿਆਚਾਰ ਦਾ ਵੀ ਕੇਂਦਰ ਹੁੰਦਾ ਹੈ। ਇੱਥੇ ਗੁਰਦੁਰਿਆਂ ਵਾਂਗ ਮੁੰਡੇ-ਕੁੜੀਆਂ ਦੇ ਵਿਆਹਾਂ ਤੱਕ ਦੀਆਂ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ।”
ਪ੍ਰੋਫੈਸਰ ਨਰਿੰਦਰ ਕਪੂਰ ਮੁਤਾਬਕ, “ਇਹ ਡੇਰੇ ਲੋਕਾਂ ਦੀਆਂ ਆਦਤਾਂ ਸੁਧਾਰਨ ਦਾ ਕੰਮ ਵੀ ਕਰਦੇ ਹਨ। ਔਰਤਾਂ ਆਪਣੇ ਪਤੀਆਂ ਨੂੰ ਡੇਰੇ ਲੈ ਕੇ ਜਾਂਦੀਆਂ ਹਨ। ਉਹ ਡੇਰੇ ਵੱਲੋਂ ਕਿਹਾ ਗਿਆ ਸਭ ਕੁਝ ਕਰਦੀਆਂ ਹਨ। ਜ਼ਿਆਦਾਤਰ ਔਰਤਾਂ ਨਾ ਸ਼ਰਾਬ ਪੀਂਦੀਆਂ ਹਨ ਅਤੇ ਨਾ ਹੀ ਮਾਸ ਖਾਂਦੀਆਂ ਹਨ। ਉਹ ਕੁਰਾਹੇ ਪਏ ਆਪਣੇ ਪਤੀਆਂ ਨੂੰ ਇਹਨਾਂ ਥਾਵਾਂ ਉਪਰ ਲੈ ਕੇ ਜਾਂਦੀਆਂ ਹਨ।”
ਵੋਟ ਪਾਉਣਾ ਅਤੇ ਡੇਰੇ ਜਾਣਾ ਦੋਵੇਂ ਹੀ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹਨ। ਡੇਰੇ ਦੀ ਆਪਣੀ ਸਿਆਸਤ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਰੋਕਾਰ ਡੇਰੇ ਦੇ ਕਹਿਣ ਉਪਰ ਵੋਟ ਪਾ ਦੇਣ।
ਪੰਜਾਬ ਵਿੱਚ ਕਰੀਬ 32 ਫ਼ੀਸਦੀ ਦਲਿਤ ਵਸੋਂ ਹੈ ਅਤੇ ਡੇਰਿਆਂ ਨਾਲ ਜੁੜੇ ਹੋਏ ਲੋਕ ਜ਼ਿਆਦਾਤਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਹਨਾਂ ਡੇਰਿਆਂ ਵੱਲੋਂ ਕਈ ਸਮਾਜ ਸੁਧਾਰਕ ਕੰਮ ਕੀਤੇ ਜਾਂਦੇ ਹਨ ਅਤੇ ਡੇਰਿਆਂ ਨਾਲ ਜੁੜੇ ਹੋਏ ਲੋਕ ਇੱਕ-ਦੂਜੇ ਦੀ ਸਹਾਇਤਾ ਵੀ ਕਰਦੇ ਹਨ।
ਦੁਆਬੇ ਨਾਲ ਸਬੰਧਤ ਦਲਿਤ ਲੇਖਕ ਬਲਬੀਰ ਮਾਧੋਪੁਰੀ ਕਹਿੰਦੇ ਹਨ, “ਸਾਰੇ ਡੇਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਨ ਪਰ ਡੇਰੇ ਅਲੱਗ-ਅਲੱਗ ਹਨ ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧ ਰੱਖਦੇ ਹੋਣ। ਮੈਂ ਆਪਣੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਵਿੱਚ ਲਿਖਿਆ ਹੈ ਕਿ ਸਾਨੂੰ ਗੁਰਦੂਆਰਿਆਂ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਸੀ। ਇਸੇ ਲਈ 1920 ਦੇ ਦਹਾਕੇ ਵਿੱਚ ਹੁਸ਼ਿਆਰਪੁਰ ਅਤੇ ਜਲੰਧਰ ਇਲਾਕੇ ’ਚ ਕਈ ਡੇਰੇ ਬਣੇ।”
ਇਹਨਾਂ ਡੇਰਿਆਂ ਦੀ ਆਮਦਨ ਦਾ ਸਾਧਨ ਇਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ, ਆਪਣੀਆਂ ਤਿਆਰ ਕੀਤੀਆਂ ਖਾਣ ਪੀਣ ਦੀਆਂ ਵਸਤਾਂ ਜੋ ਸ਼ਰਧਾਲੂ ਖਰੀਦਦੇ ਹਨ ਅਤੇ ਸ਼ਰਧਾਲੂਆਂ ਵਲੋਂ ਦਿੱਤੇ ਜਾਂਦੇ ਦਾਨ ਤੋਂ ਹੁੰਦੀ ਹੈ।

ਤਸਵੀਰ ਸਰੋਤ, Getty Images
ਸਿਆਸੀ ਪ੍ਰਭਾਵ ਰੱਖਣ ਵਾਲੇ ਮੁੱਖ ਡੇੇਰੇ
ਡੇਰੇ ਦਾ ਅਰਥ ਹੁੰਦਾ ਹੈ ਕਿਸੇ ਥਾਂ ਉਪਰ ਵਸੇਬਾ (Camp) ਬਣਾ ਲੈਣਾ। ਇਸ ਦੇ ਨਾਲ ਹੀ ਇਸ ਨੂੰ ਧਾਰਮਿਕ ਇਕੱਠ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਡੇਰੇ ਦੇ ਮੁਖੀ ਨੂੰ ਡੇਰੇਦਾਰ ਕਿਹਾ ਜਾਂਦਾ ਹੈ।
ਇਤਿਹਾਸ ਵਿੱਚ ਸਿੱਖ ਧਰਮ ਦੇ ਨਾਲ-ਨਾਲ ਭੇਰਿਆਂ ਦਾ ਉਭਾਰ ਹੁੰਦਾ ਰਿਹਾ ਹੈ ਜਿਵੇਂ ਨਾਨਕਪੰਥੀ, ਸੇਵਾਪੰਥੀ, ਉਦਾਸੀਏ ਆਦਿ।
ਪਰ ਪੰਜਾਬ, ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਕਈ ਡੇਰਿਆਂ ਅਤੇ ਸਿੱਖਾਂ ਵਿੱਚਕਾਰ ਤਿੱਖੇ ਮਤਭੇਦ ਅਤੇ ਝਗੜੇ ਵੀ ਹੁੰਦੇ ਰਹੇ ਹਨ।

ਤਸਵੀਰ ਸਰੋਤ, PAL SINGH NAULI/BBC
1978 ਵਿੱਚ ਨਿਰੰਕਾਰੀਆਂ ਨਾਲ, 2001 ਵਿੱਚ ਭਨਿਆਰਾਂ ਵਾਲੇ ਨਾਲ, 2002 ਵਿੱਚ ਡੇਰਾ ਨੂਰਮਹਿਲ ਨਾਲ, ਸਾਲ 2008-2009 ਵਿੱਚ ਡੇਰਾ ਸੱਚਾ ਸੌਦਾ ਸਮਰਥਕਾਂ ਨਾਲ ਸਿੱਖਾਂ ਦੀਆਂ ਹਿੰਸਕ ਘਟਨਾਵਾਂ ਹੋਈਆਂ ਸਨ।
ਬੀਬੀਸੀ ਨੂੰ ਇੱਕ ਟਿੱਪਣੀ ਵਿੱਚ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਨੇ ਕਿਹਾ ਸੀ ਕਿ ਨਵੇਂ ਉਦਾਰਵਾਦੀ ਅਰਥ ਪ੍ਰਬੰਧ ਦੇ ਨਾਲ ਡੇਰਿਆਂ ਨੇ ਆਪਣਾ ਸਰੂਪ ਬਦਲਿਆ ਹੈ। ਡੇਰਿਆਂ ਨੇ ਆਪਣੀ ਇੱਕ ਕਾਰਪੋਰੇਟ ਪਛਾਣ ਬਣਾਈ ਹੈ।
''ਪੰਜਾਬ ਵਿੱਚ 6-7 ਡੇਰੇ ਨੇ, ਜੋ ਇੱਕ ਕਿਸਮ ਦੇ ਕਾਰਪੋਰੇਟ ਨੇ। ਜਦੋਂ ਡੇਰੇ ਕਾਰਪੋਰੇਟ ਹੋਏ ਤਾਂ ਸੱਤਾ ਦੀ ਸਿਆਸਤ ਸ਼ੁਰੂ ਹੋ ਗਈ। ਇਹ ਰਾਜਨੀਤਕ ਮੁਕਾਬਲੇ ਵਿੱਚ ਹਿੱਸੇਦਾਰੀ ਕਰਨ ਲੱਗ ਪਏ, ਬਜ਼ਾਰ ਦੇ ਨਾਲ ਜੁੜਨ ਲੱਗ ਪਏ ਅਤੇ ਆਪਣੇ ਪ੍ਰੋਡਕਟ ਬਨਾਉਣ ਲੱਗ ਪਏ।''
ਇਸ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ ਹੇਠਾਂ ਲਿਖੇ ਡੇਰੇ ਸਰਗਰਮ ਹਨ:
ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ)
ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਸਿਰਸਾ ਨਾਲ ਸਬੰਧ ਹੈ। ਇਸ ਡੇਰੇ ਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਇਸ ਸਮੇਂ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ।
ਸਾਲ 2017 ਵਿੱਚ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੇ ਪੈਰੋਕਾਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਾਫ਼ੀ ਹਿੰਸਾ ਕੀਤੀ ਗਈ, ਜਿਸ ਦੌਰਾਨ 38 ਲੋਕਾਂ ਦੀ ਮੌਤ ਹੋਈ ਸੀ।
ਇਸ ਡੇਰੇ ਦੇ ਪੈਰੋਕਾਰਾਂ ਦੇ ਨਾਮ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੇ ਕੇਸਾਂ ਵਿੱਚ ਵੀ ਆਉਂਦੇ ਰਹੇ ਹਨ।

ਤਸਵੀਰ ਸਰੋਤ, Getty Images
ਡੇਰਾ ਸੱਚਾ ਸੌਦਾ ਦਾ ਪ੍ਰਭਾਵ ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਲ੍ਹਾ ਸੰਗਰੂਰ, ਮਾਨਸਾ, ਬਠਿੰਡਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਗੈਰਾ ਵਿੱਚ ਪਾਇਆ ਜਾਂਦਾ ਹੈ।
ਪਰ ਪਿਛਲੇ ਸਮੇਂ ਹੋਈਆਂ ਇਹਨਾਂ ਘਟਨਾਵਾਂ ਤੋਂ ਬਾਅਦ ਡੇਰੇ ਦੇ ਕਾਫ਼ੀ ਪੈਰੋਕਾਰਾਂ ਨੇ ਉੱਥੇ ਜਾਣਾ ਛੱਡ ਦਿੱਤਾ ਸੀ।
ਇਸ ਵਾਰ ਡੇਰੇ ਦੇ ਰਾਜਨੀਤਿਕ ਵਿੰਗ ਨੂੰ ਭੰਗ ਕਰ ਦਿੱਤਾ ਗਿਆ ਹੈ। ਇਹ ਵਿੰਗ ਹੁਣ ਤੱਕ ਤੈਅ ਕਰਦਾ ਸੀ ਕਿ ਡੇਰਾ ਪ੍ਰੇਮੀ (ਸਮਰਥਕ) ਕਿਸ ਪਾਰਟੀ ਨੂੰ ਵੋਟ ਪਾਉਣਗੇ।
ਡੇਰੇ ਦਾ ਨਾਮ ਕਾਫ਼ੀ ਜ਼ਮੀਨ ਹੈ ਅਤੇ ਡੇਰੇ ਵੱਲੋਂ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵੀ ਵੇਚੀਆਂ ਜਾਂਦੀਆਂ ਹਨ, ਜਿਸ ਨੂੰ ਪੈਰੋਕਾਰਾਂ ਵੱਲੋਂ ਖਰੀਦਿਆਂ ਜਾਂਦਾ ਹੈ।
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਅਕਸਰ ਡੇਰੇ ’ਤੇ ਜਾਂਦੇ ਵਿਖਾਈ ਦਿੰਦੇ ਸਨ।
ਡੇਰੇ ਵੱਲੋਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਗਿਆ ਸੀ। ਇਸ ਸਾਲ ਕਾਂਗਰਸ ਸੱਤਾ ਵਿੱਚ ਆਈ ਸੀ।
ਸਾਲ 2007 ਵਿੱਚ ਵੀ ਡੇਰੇ ਨੇ ਕਾਂਗਰਸ ਦਾ ਸਮਰਥਨ ਕੀਤਾ ਪਰ ਕਾਂਗਰਸ ਹਾਰ ਗਈ ਸੀ।
ਡੇਰਾ ਰਾਧਾ ਸੁਆਮੀ ਬਿਆਸ

ਤਸਵੀਰ ਸਰੋਤ, RSSB
ਡੇਰਾ ਰਾਧਾ ਸੁਆਮੀ ਬਿਆਸ ਦੀ ਵੈਬ ਸਾਇਟ ਮੁਤਾਬਕ ਇਸ ਦੀ ਸਥਾਪਨਾ 1891 ਵਿੱਚ ਹੋਈ ਅਤੇ ਅੱਜ ਇਸ ਦੇ ਪੈਰੋਕਾਰ 90 ਦੇਸ਼ਾਂ ਵਿੱਚ ਮੌਜੂਦ ਹਨ।
ਡੇਰੇ ਦਾ ਦਾਅਵਾ ਹੈ ਕਿ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ।
ਹਾਲਾਂਕਿ, ਇਸ ਡੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸਿਆਸੀ ਆਗੂ ਅਕਸਰ ਆਉਂਦੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇਸ ਡੇਰੇ ਆ ਚੁੱਕੇ ਹਨ।
ਡੇਰੇ ਵੱਲੋਂ ਕਦੇ ਵੀ ਵੋਟਾਂ ਵਿੱਚ ਕਿਸੇ ਪਾਰਟੀ ਨੂੰ ਵੋਟਾਂ ਪਾਉਂਣ ਲਈ ਨਹੀਂ ਕਿਹਾ ਗਿਆ।
ਪਰ ਹਰ ਚੋਣਾਂ ਦੌਰਾਨ ਇਸ ਡੇਰੇ ਦੇ ਕਿਸੇ ਖਾਸ ਧਿਰ ਵੱਲ ਭੁਗਤਣ ਦੀ ਚਰਚਾ ਹੁੰਦੀ ਰਹਿੰਦੀ ਹੈ, ਪਰ ਅਜਿਹੇ ਦਾਅਵਿਆਂ ਦੀ ਡੇਰੇ ਵਲੋਂ ਕਦੇ ਵੀ ਜਨਤਕ ਪੁਸ਼ਟੀ ਨਹੀਂ ਕੀਤੀ ਗਈ।
ਇਸ ਡੇਰੇ ਦੇ ਪੰਜਾਬ ਅਤੇ ਹਰਿਆਣਾ ਸਣੇ ਸਮੁੱਚੇ ਭਾਰਤ ਦੇ ਲਗਭਗ ਹਰ ਸ਼ਹਿਰ, ਕਸਬੇ ਵਿੱਚ ਸਤਿਸੰਗ ਘਰ ਹਨ, ਜਿਨ੍ਹਾਂ ਵਿੱਚ ਹਰ ਹਫ਼ਤਾਵਾਰੀ ਇਕੱਠ ਹੁੰਦੇ ਹਨ।
ਡੇਰਾ ਸੱਚਖੰਡ ਬੱਲਾਂ

ਤਸਵੀਰ ਸਰੋਤ, PAL SINGH NAULI/BBC
ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਸ ਦਾ ਮੁੱਖ ਅਸਰ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਉੱਤੇ ਪੈਂਦਾ ਹੈ।
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇਸ ਦਾ ਵੱਡਾ ਡੇਰਾ ਹੋਣ ਕਰਕੇ ਇਸ ਦੀ ਪੈਂਠ ਪੰਜਾਬ ਤੋਂ ਬਾਹਰ ਵੀ ਰਵੀਦਾਸੀਆਂ ਭਾਈਚਾਰੇ ਵਿੱਚ ਦੇਖੀ ਜਾ ਸਕਦੀ ਹੈ।
ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ ’ਤੇ, ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।
ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।
ਡੇਰੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਇਸ ਡੇਰੇ ਦੀ ਮਾਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਦੇ ਨਾਲ-ਨਾਲ ਵੱਡੇ ਸਿਆਸੀ ਆਗੂ ਖਾਸਕਰ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ,ਉਸ ਤੋਂ ਇਸ ਦੀ ਸਮਾਜਿਕ ਤੇ ਸਿਆਸਤ ਪੱਖ਼ੋਂ ਵੀ ਅਹਿਮਤੀਅਤ ਸਮਝ ਆਉਂਦੀ ਹੈ।
ਡੇਰਾ ਸੱਚਖੰਡ ਬੱਲਾਂ ਦਾ ਸਮਾਜ ਸੁਧਾਰਕ ਬਾਬੂ ਮੰਗੂਰਾਮ ਮੂਗੋਵਾਲੀਆਂ ਨਾਲ ਵੀ ਸਬੰਧ ਰਿਹਾ ਹੈ। ਮੰਗੂਰਾਮ ਦਾ ਪਿਛੋਕੜ ਹੁਸ਼ਿਆਪੁਰ ਜ਼ਿਲ੍ਹੇ ਦੇ ਮਹਿਲਪੁਰ ਕਸਬੇ ਨਾਲ ਸੀ ਅਤੇ ਉਹ 1909 ਵਿੱਚ ਅਮਰੀਕਾ ਪੜ੍ਹਨ ਗਏ ਸੀ।
ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਇਸ ਡੇਰੇ ਉਪਰ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਵੱਧ ਗਈਆ ਹਨ।
ਡੇਰੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਿਆਸੀ ਪਾਰਟੀਆਂ ਦਾ ਸਮਰਥਨ ਕਰਦੇ ਹਨ। ਕਈ ਡੇਰੇ ਵਾਲਿਆਂ ਨੇ ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਫੋਟੋਆਂ ਵੀ ਖਿਚਵਾਈਆਂ ਸਨ।
ਡੇਰਾ ਨਿਰੰਕਾਰੀ

ਤਸਵੀਰ ਸਰੋਤ, Getty Images
ਸੰਤ ਨਿਰੰਕਾਰੀ ਮਿਸ਼ਨ ਪਿਛਲੇ 90 ਸਾਲਾਂ ਤੋਂ ਚੱਲ ਰਿਹਾ ਹੈ। ਨਿਰੰਕਾਰੀ ਮਿਸ਼ਨ ਏਕਤਾ, ਪਿਆਰ, ਸ਼ਾਂਤੀ, ਸਹਿਣਸ਼ੀਲਤਾ, ਨਿਰਸਵਾਰਥ ਸੇਵਾ ਅਤੇ ਦਇਆ ਦੀ ਗੱਲ ਕਰਦਾ ਹੈ।
ਇਸ ਸੰਸਥਾ ਦੇ ਮੌਜੂਦਾ ਮੁਖੀ ਸੁਦੀਕਸ਼ਾ ਹਨ। ਇਸ ਡੇਰੇ ਦੇ ਪੈਰੋਕਾਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ੀ ਵਿੱਚ ਵੀ ਹਨ।
ਨਿਰੰਕਾਰੀਆਂ ਅਤੇ ਸਿੱਖਾਂ ਵਿੱਚ ਕਾਫ਼ੀ ਵਿਵਾਦ ਰਿਹਾ ਹੈ।
ਸਾਲ 1978 ਵਿੱਚ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਦੌਰਾਨ 16 ਲੋਕਾਂ ਦੀ ਮੌਤ ਹੋਈ ਸੀ।
ਮਰਨ ਵਾਲਿਆਂ ਵਿੱਚ 13 ਸਿੱਖ ਅਤੇ ਤਿੰਨ ਨਿਰੰਕਾਰੀ ਸਨ। ਇਹ ਟਕਰਾਅ ਸੂਬੇ ਵਿੱਚ ਬਗਾਵਤ ਦਾ ਸ਼ੁਰੂਆਤੀ ਬਿੰਦੂ ਸੀ, ਜਿਸ ਕਾਰਨ 1980 ਅਤੇ 90 ਦੇ ਦਹਾਕੇ 'ਚ ਸੂਬੇ ਵਿੱਚ ਹਜ਼ਾਰਾਂ ਦੀ ਜਾਨ ਗਈ।
ਇਨ੍ਹਾਂ ਦੀ ਸਿਆਸੀ ਸਰਗਰਮੀਆਂ ਜ਼ਿਆਦਾ ਪ੍ਰਭਾਵੀ ਨਹੀਂ ਹਨ, ਪਰ ਇਹ ਅੰਦਰਖਾਤੇ ਕਾਫ਼ੀ ਅਸਰ ਰੱਖ਼ਦੇ ਹਨ।
ਨੂਰ ਮਹਿਲ ਡੇਰਾ- ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ 'ਮਹਾਰਾਜ' ਨੂੰ ਡਾਕਟਰਾਂ ਵੱਲੋਂ ਕਲੀਨਿਕੀ ਤੌਰ 'ਤੇ ਮ੍ਰਿਤਕ ਐਲਾਨੇ ਐਲਾਨਿਆ ਹੋਇਆ ਹੈ ਪਰ ਉਹਨਾ ਦੀ ਦੇਹ ਹਾਲੇ ਤੱਕ ਡੇਰੇ ਵਿੱਚ ਸਾਭਿਆ ਹੋਇਆ ਹੈ।
ਆਸ਼ੂਤੋਸ਼ ਨੂੰ ਡਾਕਟਰਾਂ ਵੱਲੋਂ ਜਨਵਰੀ 2014 ਵਿੱਚ ਕਲੀਨਿਕੀ ਤੌਰ 'ਤੇ ਮ੍ਰਿਤਕ ਕਰਾਰ ਦਿੱਤਾ ਗਿਆ ਸੀ।
ਇਹ ਡੇਰਾ ਜਲੰਧਰ ਤੋਂ ਕਰੀਬ 34 ਕਿਲੋਮੀਟਰ ਦੂਰ ਨੂਰਮਹਿਲ ਵਿੱਚ ਹੈ। ਇਹ ਡੇਰਾ ਆਪਣਾ ਕਾਫ਼ੀ ਪ੍ਰਭਾਵ ਰੱਖਦਾ ਹੈ।
ਡੇਰੇ ਉਪਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਾਂਦੇ ਰਹੇ ਹਨ।
ਇਸ ਡੇਰੇ ਦਾ ਅਸਰ ਜਲੰਧਰ ਅਤੇ ਪਟਿਆਲਾ ਦੀਆਂ ਸੀਟਾਂ ਉੱਤੇ ਦੇਖਿਆ ਜਾ ਸਕਦਾ ਹੈ।
ਕੀ ਡੇਰੇ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ ?

ਤਸਵੀਰ ਸਰੋਤ, PAL SINGH NAULI/FB
ਡੇਰਾ ਸੱਚਾ ਸੌਦਾ ਨੇ ਸਾਲ 2002 ਅਤੇ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਕਈ ਵਾਰ ਵਿਆਕਤੀਗਤ ਤੌਰ ’ਤੇ ਵੀ ਉਮੀਦਵਾਰ ਦਾ ਸਮਰਥਨ ਕੀਤਾ ਜਾਂਦਾ ਰਿਹਾ ਹੈ।
ਡੇਰਾ ਸੱਚਖੰਡ ਬੱਲਾਂ ਵੱਲੋਂ ਕਦੇ ਵੀ ਸਿੱਧੇ ਤੌਰ ਉਪਰ ਕਿਸੇ ਪਾਰਟੀ ਦਾ ਸਾਥ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਪਰ ਦੁਆਬੇ ਇਲਾਕੇ ਦੀ ਦਲਿਤ ਵਸੋਂ ਨੂੰ ਦੇਖਦੇ ਹੋਏ ਸਿਆਸੀ ਆਗੂ ਅਕਸਰ ਡੇਰੇ ਉਪਰ ਆਉਂਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਡੇਰਿਆਂ ਦਾ ਚੋਣਾਂ ਉਪਰ ਕਾਫ਼ੀ ਅਸਰ ਤਾਂ ਹੁੰਦਾ ਹੈ ਪਰ ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਵੋਟਰ ਨੂੰ ਪ੍ਰਭਾਵਿਤ ਕਰਦੀਆਂ ਹਨ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਮੰਨਦੇ ਕਿ ਧਰਮ ਅਤੇ ਡੇਰਾ ਇੱਕੋ ਜਿਹੀ ਗੱਲ ਹਨ।
ਜਸਪਾਲ ਸਿੱਧੂ ਕਹਿੰਦੇ ਹਨ, “ਬਹੁਤ ਸਾਰੇ ਡੇਰੇ ਕਾਫ਼ੀ ਵੱਡੇ ਹੋ ਗਏ ਹਨ। ਇਸ ਲਈ ਇਹ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਿਆਸੀ ਪਾਰਟੀਆਂ ਦਾ ਸਮਰਥਨ ਕਰਦੇ ਹਨ। ਕਈ ਡੇਰੇ ਵਾਲਿਆਂ ਨੇ ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਫੋਟੋਆਂ ਵੀ ਖਿਚਵਾਈਆਂ ਸਨ।”

ਤਸਵੀਰ ਸਰੋਤ, Getty Images
ਸਿੱਧੂ ਮੰਨਦੇ ਹਨ ਕਿ ਜੇਲ੍ਹ ਜਾਣ ਦੇ ਬਾਵਜੂਦ ਵੀ ਗੁਰਮੀਤ ਰਾਮ ਰਹੀਮ ਦਾ ਪ੍ਰਭਾਵ ਘੱਟ ਨਹੀਂ ਹੋਇਆ ਜਿਸ ਕਾਰਨ ਸਰਕਾਰ ਵੱਲੋਂ ਉਸ ਨੂੰ ਪੈਰੋਲ ਦਿੱਤੀ ਗਈ।
ਪ੍ਰੋਫੈਸਰ ਨਰਿੰਦਰ ਕਪੂਰ ਕਹਿੰਦੇ ਹਨ, “ਡੇਰੇ ਵਾਲਿਆਂ ਦਾ ਆਪਣੇ ਸ਼ਰਧਾਲੂਆਂ ਉਪਰ ਪ੍ਰਭਾਵ ਹੁੰਦਾ ਹੈ। ਪਰ ਇਹ ਵੀ ਨਹੀਂ ਹੁੰਦਾ ਕਿ ਜੇ ਕੋਈ ਲੀਡਰ ਡੇਰੇ ਚਲਾ ਜਾਵੇਗਾ ਤਾਂ ਉਸ ਨੂੰ ਪੈਰੋਕਾਰਾਂ ਦੀ ਵੋਟ ਮਿਲ ਜਾਵੇਗੀ। ਲੋਕ ਲੋਕਲ ਉਮੀਦਵਾਰ ਨੂੰ ਉਸ ਦੇ ਕੰਮਾਂ ਦੇ ਅਧਾਰ ’ਤੇ ਵੀ ਵੋਟਾਂ ਪਾਉਂਦੇ ਹਨ।”
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾਕਟਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਵੋਟਾਂ ਨੂੰ ਸਿਰਫ਼ ਡੇਰਾ ਹੀ ਨਹੀਂ ਬਲਕਿ ਬਹੁਤ ਸਾਰੇ ਤੱਤ ਪ੍ਰਭਾਵਿਤ ਕਰਦੇ ਹਨ।
ਡਾਕਟਰ ਜਤਿੰਦਰ ਸਿੰਘ ਮੁਤਾਬਕ, “ਕਾਂਗਰਸ ਅਤੇ ਅਕਾਲੀ ਦਲ ਦਾ ਆਪਣਾ-ਆਪਣਾ ਕਾਡਰ ਹੈ। ਕਈ ਵਾਰ ਲੋਕ ਕਿਸੇ ਖਾਸ ਘਟਨਾ ਕਾਰਨ ਵੀ ਉਮੀਦਵਾਰ ਨਾਲ ਜੁੜਦੇ ਹਨ। ਜੇਕਰ ਵੋਟਰ ਦੁਬਿਧਾ ਵਿੱਚ ਹੋਵੇ ਤਾਂ ਕਈ ਵਾਰ ਉਹ ਉਸ ਦੀ ਗੱਲ ਮੰਨ ਲੈਂਦਾ ਹੈ ਜਿੱਥੇ ਉਸ ਦੀ ਸ਼ਰਧਾ ਹੋਵੇ।”
ਉਹ ਕਹਿੰਦੇ ਹਨ, “ਇਸ ਨੂੰ ਲੋਕਤੰਤਰ ਲਈ ਚੰਗਾ ਜਾਂ ਮਾੜਾ ਹੋਣਾ ਨਹੀਂ ਕਿਹਾ ਜਾ ਸਕਦਾ। ਵੋਟ ਪਾਉਣਾ ਅਤੇ ਡੇਰਾ ਜਾਣਾ ਦੋਵੇਂ ਹੀ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹਨ। ਡੇਰੇ ਦੀ ਆਪਣੀ ਸਿਆਸਤ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਰੋਕਾਰ ਡੇਰੇ ਦੇ ਕਹਿਣ ਉਪਰ ਵੋਟ ਪਾ ਦੇਣ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)












