ਲੋਕ ਸਭਾ ਚੋਣਾਂ: ਭਾਰਤ ਨਾਲੋਂ ਪੰਜਾਬ ’ਚ ਦਲਿਤ ਰਾਜਨੀਤੀ ਵੱਖਰੀ ਕਿਉਂ ਹੈ? ਜਾਤੀ ਦਮਨ ਅਤੇ ਸੱਤਾ ਦਾ ਕੀ ਰੂਪ ਹੈ?

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬੇਸ਼ੱਕ ਕਾਂਸੀ ਰਾਮ ਦੀ ਬਣਾਈ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾ ਦਾ ਸੁੱਖ ਹੰਢਾਇਆ ਪਰ ਉਹਨਾਂ ਦੀ ਆਪਣੀ ਮਾਤਭੂਮੀ ਯਾਨੀ ਪੰਜਾਬ ਵਿੱਚ ਬਸਪਾ ਸੱਤਾ ਤੋਂ ਬਾਹਰ ਹੀ ਰਹੀ ਹੈ।
ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਪੰਜਾਬ ਨੂੰ ਪਹਿਲਾ ਦਲਿਤ ਮੁੱਖ ਮੰਤਰੀ ਦਿੱਤਾ ਪਰ ਜਦੋਂ ਕਾਂਗਰਸ ਨੇ 2022 ਵਿੱਚ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜੀ ਤਾਂ ਇਹ ਤਜਰਬਾ ਅਸਫ਼ਲ ਰਿਹਾ।
ਚੰਨੀ ਨੇ ਦੋ ਹਲਕਿਆਂ ਤੋਂ ਚੋਣ ਲੜੀ ਅਤੇ ਉਹ ਦੋਵਾਂ ਹੀ ਥਾਵਾਂ ਤੋਂ ਹਾਰ ਗਏ ਸਨ।
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਵਿੱਚ ਦਲਿਤ ਵਸੋਂ 32 ਫ਼ੀਸਦੀ ਤੋਂ ਵੱਧ ਹੈ ਜਿਸ ਕਾਰਨ ਭਾਰਤ ਦੇ 28 ਸੂਬਿਆਂ ਵਿੱਚੋਂ ਦਲਿਤ ਅਬਾਦੀ ਵਿੱਚ ਪੰਜਾਬ ਪਹਿਲੇ ਨੰਬਰ ਉਪਰ ਹੈ।
ਪੰਜਾਬ ਵਿੱਚ ਬਸਪਾ, ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਮੁੱਖ ਤੌਰ ’ਤੇ ਦਲਿਤ ਸਿਆਸਤ ਉਪਰ ਜ਼ੋਰ ਦਿੰਦੀਆਂ ਰਹੀਆਂ ਹਨ ਪਰ ਚੋਣਾਂ ਵਿੱਚ ਦਲਿਤਾਂ ਲਈ ਸੀਟਾਂ ਰਾਖਵੀਆਂ ਹੋਣ ਕਾਰਨ ਹੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਦਲਿਤ ਵੋਟ ਬੈਂਕ ਨੂੰ ਖਾਸ ਤਵੱਜੋ ਦਿੰਦੀਆਂ ਹਨ।
ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਵਿੱਚੋਂ 4 ਦਲਿਤ ਭਾਈਚਾਰੇ ਲਈ ਰਾਖਵੀਆਂ ਹਨ। ਨਿਰੋਲ ਦਲਿਤ ਵਰਗ ਦੀ ਸਿਆਸਤ ਕਰਨ ਵਾਲੀ ਬਸਪਾ ਨੇ 1996 ਦੀਆਂ ਲੋਕ ਸਭਾ ਚੋਣਾਂ ਵਿੱਚ 3 ਸੀਟਾਂ ਜਿੱਤੀਆਂ ਸਨ ਪਰ ਉਸ ਤੋਂ ਬਾਅਦ ਪਾਰਟੀ ਕੋਈ ਵੀ ਸੀਟ ਨਹੀਂ ਜਿੱਤ ਸਕੀ।
ਕੀ ਪੰਜਾਬ ਦਾ ਦਲਿਤ ਭਾਈਚਾਰਾ ਆਪਸ ਵਿੱਚ ਵੰਡਿਆ ਹੋਇਆ ਹੈ? ਕੀ ਸਿੱਖ ਧਰਮ ਦੇ ਪ੍ਰਭਾਵ ਵਾਲੇ ਸੂਬੇ ਪੰਜਾਬ ਵਿੱਚ ਦਲਿਤ ਸਿਆਸਤ ਕਰਨੀ ਮੁਸ਼ਕਿਲ ਹੈ?
ਦਲਿਤ ਚੇਤਨਤਾ ਦੀ ਸ਼ੁਰੁਆਤ

ਤਸਵੀਰ ਸਰੋਤ, Getty Images
ਮਨਿਸਟਰੀ ਆਫ਼ ਸੋਸ਼ਲ ਜਸਟਿਸ ਦੀ 2018 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੀਆਂ 39 ਉੱਪ ਜਾਤੀਆਂ ਹਨ। ਇਹ ਲੋਕ ਸਿੱਖ, ਹਿੰਦੂ, ਇਸਾਈ ਅਤੇ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਰਵੀਦਾਸੀਏ, ਕਬੀਰਪੰਥੀ, ਬਾਲਮਿਕੀ ਵਿਚਾਰਧਾਰਾਂ ਅਤੇ ਵੱਖ-ਵੱਖ ਡੇਰਿਆ ਨਾਲ ਜੁੜੇ ਹੋਏ ਹਨ।
ਕਾਂਸ਼ੀ ਰਾਮ ਨੇ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਪੰਜਾਬ ਵਿੱਚ ਸਾਇਕਲ ਉਪਰ ਯਾਤਰਾਵਾਂ ਕੀਤੀਆਂ ਅਤੇ ਦਲਿਤਾਂ ਦੀ ਚੇਤਨਾ ਵਧਾਉਣ ਦਾ ਕੰਮ ਕੀਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਰਾਜਨੀਤੀ ਵਿਭਾਗ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾਕਟਰ ਜਤਿੰਦਰ ਸਿੰਘ ਕਹਿੰਦੇ ਹਨ, “ਭਾਂਵੇ ਕਿ ਕਾਂਸ਼ੀ ਰਾਮ ਦਲਿਤਾਂ ਦੀਆਂ ਸਾਰੀਆਂ ਜਾਤੀਆਂ ਨੂੰ ਇਕੱਠਾ ਨਹੀਂ ਕਰ ਪਾਏ ਪਰ ਇਹ ਜਾਤੀ ਚੇਤਨਾ ਉਪਰ ਕੰਮ ਕਰਨ ਦਾ ਪਹਿਲਾ ਤਜਰਬਾ ਸੀ।”
ਡਾਕਟਰ ਜਤਿੰਦਰ ਸਿੰਘ ਦਾਅਵਾ ਕਰਦੇ ਹਨ, “ਉਹਨਾਂ ਦੇ ਯਤਨ ਨੂੰ ਸਿਰਫ਼ ਵੋਟਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਦੂਜੀਆਂ ਪਾਰਟੀਆਂ ਵਿੱਚ ਚੁਣੇ ਗਏ ਵਿਧਾਇਕ ਜਾਂ ਲੋਕ ਸਭਾ ਮੈਂਬਰ ਕਈ ਵਾਰ ਆਪਣੀ ਗੱਲ ਠੋਸ ਰੂਪ ਵਿੱਚ ਨਹੀਂ ਰੱਖ ਪਾਉਂਦੇ। ਇਹਨਾਂ ਪਾਰਟੀਆਂ ਅੰਦਰ ਉਹ ਤਿੱਖੇ ਰੂਪ ਵਿੱਚ ਮਸਲਾ ਨਹੀਂ ਚੁੱਕ ਸਕਦੇ। ਇਸੇ ਕਾਰਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰ ਚੁਣੇ ਗਏ ਦਲਿਤ ਆਗੂ ਅਜਿਹਾ ਨਹੀਂ ਕਰ ਸਕੇ।”

ਤਸਵੀਰ ਸਰੋਤ, Navjeet Lovely
ਉਨ੍ਹਾਂ ਕਿਹਾ, “ਕਾਂਗਰਸ ਨੇ ਵੀ ਸਭ ਵਰਗਾਂ ਤੋਂ ਵੋਟਾਂ ਲੈਣੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਜਿਸ ਜ਼ਿੰਮੀਦਾਰ ਵਰਗ ਉਪਰ ਕੇਂਦਰਿਤ ਹੈ, ਉਸ ਨਾਲ ਦਲਿਤਾਂ ਦੇ ਸਿੱਧੇ ਮਤਭੇਦ ਹਨ। ਕਾਂਸੀ ਰਾਮ ਨੇ ਅਜਿਹੇ ਮਾਹੌਲ ਵਿੱਚ ਦਲਿਤਾਂ ਦੀ ਸਿਆਸੀ ਚੇਤਨਾ ਨੂੰ ਉਭਾਰਿਆ ਸੀ।”
‘ਪੰਜਾਬ ਦੀ ਇਤਿਹਾਸਕ ਗਾਥਾ’ ਨਾਮ ਦੀ ਕਿਤਾਬ ਲਿਖਣ ਵਾਲੇ ਰਾਜਪਾਲ ਸਿੰਘ ਕਹਿੰਦੇ ਹਨ, “ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਨੇ ਦਲਿਤਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਪਰ ਖੱਬੇਪੱਖੀ ਪਾਰਟੀਆਂ ਨੇ ਦਲਿਤਾਂ ਵਿੱਚ ਕੰਮ ਕਰਦਿਆਂ ਉਹਨਾਂ ਦੇ ਸੰਘਰਸ਼ ਨੂੰ ਜਮਾਤ ਦੀ ਸਿਆਸਤ ਤੋਂ ਹੀ ਦੇਖਿਆ ਹੈ, ਜਾਤ ਤੋਂ ਨਹੀਂ।”
ਸੀਨੀਅਰ ਪੱਤਰਕਾਰ ਗੁਰਨਾਮ ਅਕੀਦਾ ਕਹਿੰਦੇ ਹਨ, “ਕਾਂਸੀ ਰਾਮ ਸਾਇਕਲ ਉਪਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਚੇਤਨ ਕਰਦੇ ਰਹੇ। ਜਿੱਥੇ ਰਾਤ ਪੈ ਜਾਂਦੀ ਉੱਥੇ ਹੀ ਸੌਂ ਜਾਂਦੇ ਸਨ। ਉਹ ਪੈਨ ਦਿਖਾ ਕੇ ਸਮਝਾਉਂਦੇ ਸਨ ਕਿ ਇਸ ਦਾ ਉਪਰਲਾ ਹਿੱਸਾ 15 ਫੀਸਦੀ ਲੋਕ ਹਨ ਅਤੇ 85 ਫੀਸਦੀ ਬਹੁ ਗਿਣਤੀ ਲੋਕ, ਜਿੰਨਾਂ ਨੂੰ ਇਕੱਠੇ ਹੋਣ ਲਈ ਲੋੜ ਹੈ।”
ਦਲਿਤਾਂ ਦੀ ਆਪਸੀ ਵੰਡ
ਭਾਵੇਂ ਕਿ ਪੰਜਾਬ ਵਿੱਚ ਹੋਰ ਸੂਬਿਆਂ ਨਾਲੋਂ ਵੱਧ ਦਲਿਤ ਵਸੋਂ ਹੈ ਪਰ ਪੰਜਾਬ ਵਿੱਚ ਦਲਿਤ ਆਪਸ ਵਿੱਚ ‘ਵੰਡੇ ਹੋਏ’ ਦਿਖਾਈ ਦਿੰਦੇ ਹਨ ਅਤੇ ਇਹਨਾਂ ਨੂੰ ‘ਇੱਕ ਥਾਂ ’ਤੇ ਇਕੱਠੇ ਕਰਨਾ ਬਹੁਤ ਮੁਸ਼ਕਿਲ’ ਲੱਗਦਾ ਹੈ।
ਡਾਕਟਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਦਲਿਤ ਬਹੁਗਿਣਤੀ ਮਹੱਤਵਪੂਰਨ ਤੱਥ ਹੈ ਪਰ ਇੱਥੇ ਦਲਿਤਾਂ ਦੇ ਦੋ ਬਲਾਕ ਹਨ ਜੋ ਦਲਿਤ ਵਸੋਂ ਦਾ ਕਰੀਬ 85 ਫੀਸਦੀ ਹਿੱਸਾ ਪੂਰਾ ਕਰ ਲੈਂਦੇ ਹਨ।
ਉਹ ਕਹਿੰਦੇ ਹਨ, “ਪਹਿਲਾ ਸੈਕਸ਼ਨ ਬਾਲਮਿਕੀ ਅਤੇ ਮਜ਼ਹਬੀ ਭਾਈਚਾਰੇ ਦਾ ਹੈ ਅਤੇ ਇੱਕ ਰਾਮਦਾਸੀਆਂ, ਰਵੀਦਾਸੀਆਂ ਜਾਂ ਆਦਿ ਧਰਮੀਆਂ ਦਾ ਹੈ।”
ਸੂਬੇ ਵਿੱਚ ਜਦੋਂ ਰਾਖਵੇਂਕਰਨ ਦੀ ਗੱਲ ਆਉਂਦੀ ਹੈ ਤਾਂ 25 ਫੀਸਦੀ ਰਾਖਵਾਂਕਰਨ 39 ਜਾਤਾਂ ਲਈ ਹੈ ਅਤੇ 12.5 ਫ਼ੀਸਦੀ ਦੋ ਵਰਗਾਂ ਲਈ ਯਾਨੀ ਬਾਲਮਿਕੀ ਅਤੇ ਮਜ਼ਹਬੀ ਭਾਈਚਾਰੇ ਲਈ ਹੈ, ਹਾਲਾਂਕਿ 12.5 ਫੀਸਦੀ 37 ਜਾਤਾਂ ਲਈ ਹੈ।

ਤਸਵੀਰ ਸਰੋਤ, Getty Images
ਡਾਕਟਰ ਜਤਿੰਦਰ ਸਿੰਘ ਕਹਿੰਦੇ ਹਨ, “ਰਾਖਵੇਂਕਰਨ ਨੂੰ ਲੈ ਕੇ ਉਹਨਾਂ ਵਿੱਚ ਆਪਸੀ ਵਿਸ਼ਵਾਸ਼ ਦੀ ਘਾਟ ਹੈ। ਇਸ ਦੇ ਨਾਲ ਲਈ ਮਾਲਵੇ ਦਾ ਵੱਡਾ ਖੇਤਰ ਹੋਣ ਕਾਰਨ ਇਹ ਵਸੋਂ ਵੰਡੀ ਹੋਈ ਹੈ ਪਰ ਦੁਆਬੇ ਵਿੱਚ ਕੁਝ ਥਾਵਾਂ ਉਪਰ ਇਹ ਵਸੋਂ ਸੰਘਣੀ ਹੈ। ਇਸ ਦਾ ਦੂਜਾ ਪੱਖ ਹੈ ਕਿ ਇਹ ਸਭ ਲੋਕ ਸੱਭਿਆਚਾਰਕ ਤੌਰ ’ਤੇ ਆਪਸ ਵਿੱਚ ਸਾਂਝ ਵੀ ਨਹੀਂ ਬਣਾ ਪਾ ਰਹੇ। ਇਸੇ ਕਾਰਨ ਕਰੀਬ 33 ਫੀਸਦੀ ਲੋਕ ਇਕੱਠੇ ਨਹੀਂ ਹੋ ਸਕੇ।”
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ, “ਪੰਜਾਬ ਵਿੱਚ ਦਲਿਤਾਂ ਦੀ ਨਫ਼ਰੀ ਤਾਂ ਬਹੁਤ ਹੈ ਪਰ ਉਹ ਆਪਸ ਵਿੱਚ ਇਕੱਠੇ ਨਹੀਂ ਹਨ। ਉਹਨਾਂ ਦੀ ਆਪਸ ਵਿੱਚ ਕਈ ਤਰ੍ਹਾਂ ਦੀ ਭਿੰਨਤਾ ਹੈ। ਸਾਰੀਆਂ 39 ਜਾਤਾਂ ਦਾ ਵੱਖ-ਵੱਖ ਧਰਮਾਂ ਨਾਲ ਨਾਤਾ ਹੈ। ਇਸੇ ਤਰ੍ਹਾਂ ਉਹ ਵੱਖਰੇ-ਵੱਖਰੇ ਰੂਪ ਵਿੱਚ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨਾਲ ਜੁੜੇ ਹੋਏ ਹਨ। ਇਸੇ ਕਾਰਨ ਇਹ ਸਭ ਇੱਕ ਪਾਰਟੀ ਦੇ ਝੰਡੇ ਹੇਠ ਨਹੀਂ ਹਨ।”
ਪੰਜਾਬ ’ਚ ਵੱਖਰੀ ਦਲਿਤ ਸਿਆਸਤ

ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਵੱਖਰੀ ਤਰ੍ਹਾਂ ਦੀ ਦਲਿਤ ਸਿਆਸਤ ਹੋਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਕਾਰਨ ਪੂਰੇ ਹਿੰਦੋਸਤਾਨ ਦੀ ਦਲਿਤ ਸਿਆਸਤ ਵਾਲਾ ਚਸ਼ਮਾ ਇੱਥੇ ਫਿੱਟ ਨਹੀਂ ਬੈਠਦਾ।
ਪ੍ਰੋਫੈਸਰ ਰਾਜਪਾਲ ਸਿੰਘ ਕਹਿੰਦੇ ਹਨ, “ਪੰਜਾਬ ਵਿੱਚ ਕਦੇ ਵੀ ਉਸ ਤਰ੍ਹਾਂ ਦਾ ਤਿੱਖਾ ਜਾਤੀ ਦਮਨ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਦਾ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਦੇਖਣ ਨੂੰ ਮਿਲਦਾ। ਇੱਥੇ ਦਲਿਤ ਅਬਾਦੀ ਬਹੁਤ ਹੈ ਪਰ ਇਹ ਮਾਲਕੀ ਦੇ ਸਾਧਨਾਂ ਤੋਂ ਸੱਖਣੀ ਹੈ। ਪੰਜਾਬ ਵਿੱਚ ਜ਼ਮੀਨ ਜ਼ਿਆਦਾ ਜੱਟਾਂ ਕੋਲ ਹੈ ਪਰ ਦੂਜੇ ਸੂਬਿਆਂ ਵਿੱਚ ਦਲਿਤਾਂ ਕੋਲ ਵੀ ਜ਼ਮੀਨ ਹੈ।”
ਪ੍ਰੋਫੈਸਰ ਰਾਜਪਾਲ ਸਿੰਘ ਮੁਤਾਬਕ, “ਅਜਿਹੇ ਵਿੱਚ ਇੱਥੇ ਦਲਿਤ ਲਹਿਰ ਨਹੀਂ ਬਣ ਪਾ ਰਹੀ। ਚੋਣਾਂ ਦੀ ਰਾਜਨੀਤੀ ਲਈ ਆਰਥਿਕ ਸਾਧਨਾਂ ਦੀ ਲੋੜ ਹੁੰਦੀ ਹੈ। ਪੰਜਾਬ ਦੇ ਦੁਆਬਾ ਇਲਾਕੇ ਵਿੱਚ ਦਲਿਤਾਂ ਦੀ ਆਰਥਿਕਤਾ ਮਜ਼ਬੂਤ ਹੈ ਅਤੇ ਉਹ ਉਥੇ ਅੱਗੇ ਹਨ। ਪਰ ਸੂਬੇ ਦੇ ਦੂਜੇ ਹਿੱਸਿਆਂ ਵਿੱਚ ਅਜਿਹੇ ਸਾਧਨ ਨਹੀਂ ਹਨ। ਇੱਥੇ ਹੋਰਨਾਂ ਸੂਬਿਆਂ ਵਾਂਗ ਦਮਨ ਵੀ ਨਹੀਂ ਹੈ ਅਤੇ ਦਲਿਤ ਆਰਥਿਕ ਸਾਧਨਾਂ ਉਪਰ ਕਾਬਜ ਵੀ ਨਹੀਂ ਹਨ ਜਿਸ ਕਾਰਨ ਉਹ ਚੋਣਾਂ ਵਿੱਚ ਰਾਜਨੀਤਿਕ ਦਬਦਬਾ ਨਹੀਂ ਬਣਾ ਪਾ ਰਹੇ।”

ਡਾਕਟਰ ਜਤਿੰਦਰ ਸਿੰਘ ਕਹਿੰਦੇ ਹਨ, “ਉੱਤਰ ਪ੍ਰਦੇਸ਼ ਵਿੱਚ ਬਸਪਾ ਜਾਟਵਾ ਸਮੇਤ ਕਈ ਜਾਤਾਂ ਨੂੰ ਇਕੱਠਾ ਕਰ ਪਾਈ ਜਿਨਾਂ ਦੀ ਕੁੱਲ ਵਸੋਂ ਕਰੀਬ 50 ਫੀਸਦੀ ਤੋਂ ਵੱਧ ਹੈ। ਦੂਜਾ ਯੂਪੀ ਅਤੇ ਬਿਹਾਰ ਵਿੱਚ ਕਿਸੇ ਸਮੇਂ ਬ੍ਰਾਹਮਣਵਾਦੀ ਵਿਵਸਥਾ ਆਪਣੇ ਚਰਮ ਉਪਰ ਰਹੀ ਹੈ। ਬੁੱਧ ਅਤੇ ਜੈਨ ਵੀ ਇੱਥੋਂ ਹੀ ਆਏ ਸਨ। ਇੱਥੇ ਵਿਤਕਾਰ ਅਤੇ ਹਿੰਸਾ ਬਹੁਤ ਵੱਡੇ ਰੂਪ ਵਿੱਚ ਸੀ।”
ਉਹ ਕਹਿੰਦੇ ਹਨ, “ਪੰਜਾਬ ਵਿੱਚ ਸਿੱਖ ਧਰਮ ਦੇ ਪ੍ਰਭਾਵ ਕਾਰਨ ਜਾਤੀ ਹਿੰਸਾ ਜ਼ਿਆਦਾ ਤਿੱਖੀ ਨਹੀਂ ਬਣ ਪਾਈ। ਇੱਥੇ ਗੁਰੂਆਂ ਦੀਆਂ ਉਦਹਾਰਣਾਂ ਦੇ ਕੇ ਭਾਈਚਾਰਕ ਸਾਂਝ ਰੱਖਣ ਉਪਰ ਜ਼ੋਰ ਦਿੱਤਾ ਜਾਂਦਾ ਹੈ।”
ਦਲਿਤ ਰਾਜਨੀਤੀ ਦਾ ਚੋਣਾਂ ’ਚ ਪ੍ਰਭਾਵ
ਪੰਜਾਬ ਵਿੱਚ ਵੱਡੀ ਗਿਣਤੀ ਦਲਿਤ ਵਸੋਂ ਹੋਣ ਕਾਰਨ ਹਮੇਸ਼ਾ ਹੀ ਸਥਾਨਕ ਸਰਕਾਰਾਂ ਵੱਲੋਂ ਦਲਿਤਾਂ ਲਈ ਆਟਾ-ਦਾਲ ਜਾਂ ਬਿਜਲੀ ਦੀਆਂ ਯੂਨਿਟਾਂ ਮੁਆਫ਼ ਕਰਨ ਦੀਆਂ ਸਕੀਮਾਂ ਵਗੈਰਾ ਚਲਾਈਆਂ ਜਾਂਦੀਆਂ ਹਨ।
ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਹਿੰਦੇ ਹਨ, “ਇਹ ਵਰਗ ਹਜ਼ਾਰਾਂ ਸਾਲਾਂ ਤੋਂ ਸਮਾਜਿਕ ਤੌਰ ਉਪਰ ਕਮਜ਼ੋਰ ਰਿਹਾ ਹੈ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਪਛੜਿਆ ਰਿਹਾ ਹੈ। ਇਹਨਾਂ ਲੋਕਾਂ ਨੂੰ ਸਮੇਂ-ਸਮੇਂ ਮੁਫ਼ਤ ਸਹੂਲਤਾਂ ਅਤੇ ਪੈਸੇ ਦੇ ਜ਼ੋਰ ਉਪਰ ਵੰਡ ਲਿਆ ਜਾਂਦਾ ਹੈ ਜਿਸ ਕਾਰਨ ਵੋਟ ਵਿਖਰ ਜਾਂਦੀ ਹੈ।”

ਜਸਵੀਰ ਸਿੰਘ ਗੜ੍ਹੀ ਕਹਿੰਦੇ ਹਨ, “ਸਾਲ 2020 ਵਿੱਚ ਦਲਿਤ ਸਿਆਸਤ ਉਪਰ ਬਹੁਤ ਕੰਮ ਹੋਇਆ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦਲਿਤਮਈ ਹੋ ਗਈਆਂ। ਐੱਸਸੀ ਏਜੰਡਾ ਐਨਾ ਮਜ਼ੂਬਤ ਸੀ ਕਿ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਲਗਾਇਆ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਉੱਪ ਮੁੱਖ ਮੰਤਰੀ ਦੀ ਗੱਲ ਕੀਤੀ। ਭਾਜਪਾ ਨੂੰ ਦਲਿਤ ਸੀਐੱਮ ਦੇਣ ਦੀ ਗੱਲ ਕਹਿਣੀ ਪਈ ਸੀ।”
ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਦਲਿਤ ਵਿਦਿਆਰਥੀਆਂ ਲਈ ਕੰਮ ਕਰਦੇ ਹਨ। ਉਹ ਪੀਐੱਚਡੀ ਕਰ ਰਹੇ ਹਨ।
ਗੁਰਦੀਪ ਸਿੰਘ ਕਹਿੰਦੇ ਹਨ, “ਕਾਂਸੀ ਰਾਮ ਦੇ ਸਮੇਂ ਸਿਆਸਤ ਠੀਕ ਚੱਲ ਰਹੀ ਸੀ। ਉਹਨਾਂ ਨੇ ਦਲਿਤਾਂ ਨੂੰ ਜੋੜਨ ਦਾ ਕੰਮ ਕੀਤਾ ਪਰ ਹੁਣ ਬਸਪਾ ਵੀ ਇੱਕ ਪਲੇਟਫ਼ਾਰਮ ਵਾਂਗ ਵਰਤੀ ਜਾ ਰਹੀ ਹੈ। ਕਈ ਲੀਡਰ ਇਸ ਪਾਰਟੀ ਨਾਲ ਸਿਆਸੀ ਜੀਵਨ ਸ਼ੁਰੂ ਕਰਕੇ ਬਾਅਦ ਵਿੱਚ ਅਕਾਲੀ ਜਾਂ ਕਾਂਗਰਸ ਵਿੱਚ ਚਲੇ ਜਾਂਦੇ ਹਨ। ਇਸ ਸਮੇਂ ਰਾਜਨੀਤੀ ਵਿੱਚ ਆਪਾ ਚਮਕਾਉਣ ਦੀ ਗੱਲ ਜ਼ਿਆਦਾ ਹੋ ਰਹੀ ਹੈ।”
ਦਲਿਤਾਂ ਦੇ ਕੀ ਮੁੱਦੇ ਹਨ ?

ਤਸਵੀਰ ਸਰੋਤ, Navjeet Lovely
ਪੰਜਾਬ ਵਿੱਚ ਅੱਜ-ਕੱਲ੍ਹ ਦਲਿਤ ਭਾਈਚਾਰਾ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਜ਼ਮੀਨਾਂ ਦੀ ਮਾਲਕੀ ਦਾ ਵੀ ਹੱਕ ਮੰਗ ਰਿਹਾ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਵੱਡੀ ਗਿਣਤੀ ਦਲਿਤ ਇਕੱਠੇ ਹੋ ਕੇ ਰਾਖਵੀਂ ਪੰਚਾਇਤੀ ਜ਼ਮੀਨ ਉਪਰ ਖੇਤੀ ਕਰ ਰਹੇ ਹਨ।
ਮਾਲਵਾ ਇਲਾਕੇ ਵਿੱਚ ਜ਼ਿਆਦਾਤਰ ਦਲਿਤ ਵਸੋਂ ਖੇਤੀ ਕਾਮਿਆਂ ਵੱਜੋਂ ਕੰਮ ਕਰਦੀ ਹੈ ਅਤੇ ਉਹਨਾਂ ਦੀ ਮੁੱਖ ਵਿਰੋਧਤਾ ਜ਼ਿੰਮੀਦਾਰ ਭਾਈਚਾਰੇ ਨਾਲ ਹੀ ਹੈ। ਇਸੇ ਦੌਰਾਨ ਕਈ ਵਾਰ ਦਲਿਤਾਂ ਦੇ ਬਾਈਕਾਟ ਦੀਆਂ ਘਟਵਾਨਾਂ ਵੀ ਵਾਪਰੀਆਂ ਹਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਕਹਿੰਦੇ ਹਨ, “ਅੱਜ ਦਲਿਤਾਂ ਦਾ ਮੁੱਖ ਮੁੱਦਾ ਜ਼ਮੀਨਾਂ ਦੀ ਮਾਲਕੀ ਲੈਣਾ ਹੈ, ਉਹਨਾਂ ਦੇ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦਾ ਮਸਲਾ ਹੈ ਜਿਸ ਕਾਰਨ ਉਹ ਕਰਜ਼ਾ ਲੈ ਸਕਣਗੇ। ਦਲਿਤ ਮੰਗ ਕਰ ਰਹੇ ਹਨ ਕਿ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ।”
ਮੁਕੇਸ਼ ਕਹਿੰਦੇ ਹਨ, “ਜਿੰਨਾਂ ਸਮਾਂ ਦਲਿਤਾਂ ਨੂੰ ਜ਼ਮੀਨਾਂ ਨਹੀਂ ਮਿਲਦੀਆਂ, ਉਹਨਾਂ ਚਿਰ ਉਹ ਪਿੰਡ ਦੇ ਚੌਧਰੀਆਂ ਦੇ ਕਹਿਣ ’ਤੇ ਹੀ ਵੋਟਾਂ ਪਾਉਂਦੇ ਰਹਿਣਗੇ।”












