ਦੂਜੇ ਬੱਚੇ ਤੋਂ ਬਾਅਦ ਮਾਵਾਂ ਦੇ ਦਿਮਾਗ ਵਿੱਚ ਕਿਹੜਾ ਵੱਡਾ ਬਦਲਾਅ ਆਉਂਦਾ ਹੈ, ਅਧਿਐਨ ਵਿੱਚ ਹੋਏ ਨਵੇਂ ਖੁਲਾਸੇ

ਦੂਜੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਦੇ ਦਿਮਾਗ ਦੇ ਸਕੈਨਾਂ ਵਿੱਚ ਉਨ੍ਹਾਂ ਦੇ ਇਕਾਰਤਾ ਨਾਲ ਜੁੜੇ ਦਿਮਾਗੀ ਖੇਤਰਾਂ ਵਿੱਚ ਬਦਲਾਅ ਦੇਖੇ ਗਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੂਜੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਦੇ ਦਿਮਾਗ ਦੇ ਸਕੈਨਾਂ ਵਿੱਚ ਉਨ੍ਹਾਂ ਦੇ ਇਕਾਰਤਾ ਨਾਲ ਜੁੜੇ ਦਿਮਾਗੀ ਖੇਤਰਾਂ ਵਿੱਚ ਬਦਲਾਅ ਦੇਖੇ ਗਏ
    • ਲੇਖਕ, ਕੇਟ ਬੋਵੀ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 3 ਮਿੰਟ

ਐਮਸਟਰਡਮ ਯੂਨੀਵਰਸਿਟੀ ਮੈਡੀਕਲ ਸੈਂਟਰ (ਯੂਐਮਸੀ) ਦੇ ਇੱਕ ਨਵੇਂ ਅਧਿਐਨ ਮੁਤਾਬਕ ਦੂਜੀ ਗਰਭ ਅਵਸਥਾ ਮਾਂ ਦੇ ਦਿਮਾਗ ਵਿੱਚ "ਵਿਲੱਖਣ" ਤਰੀਕਿਆਂ ਨਾਲ ਬਦਲਾਅ ਲਿਆਉਂਦੀ ਹੈ, ਜੋ ਉਹਨਾਂ ਨੂੰ ਇਕਾਗਰਤਾ ਵਿੱਚ ਮਦਦ ਕਰ ਸਕਦੀ ਹੈ।

ਸਾਇੰਸਦਾਨਾਂ ਨੇ ਪਹਿਲਾਂ ਖੋਜ ਕੀਤੀ ਸੀ ਕਿ ਇੱਕ ਔਰਤ ਦਾ ਦਿਮਾਗ ਮਾਂ ਬਣਨ ਦੀ ਤਿਆਰੀ ਲਈ ਉਸਦੀ ਪਹਿਲੀ ਗਰਭ ਅਵਸਥਾ ਦੌਰਾਨ ਤਬਦੀਲੀਆਂ ਵਿੱਚੋਂ ਲੰਘਦਾ ਹੈ।

ਹਾਲਾਂਕਿ, ਤਾਜ਼ਾ ਅਧਿਐਨ ਤੋਂ ਪਤਾ ਲਗਦਾ ਹੈ ਕਿ ਦੂਜੀ ਗਰਭ ਅਵਸਥਾ ਦੌਰਾਨ ਖਾਸ ਤਬਦੀਲੀਆਂ ਔਰਤਾਂ ਨੂੰ "ਟੀਚਾ-ਮੁਖੀ ਧਿਆਨ ਅਤੇ ਕੰਮ ਦੀਆਂ ਮੰਗਾਂ" ਵਿੱਚ ਮਦਦ ਕਰ ਸਕਦੀਆਂ ਹਨ।

ਇਹ ਖੋਜਾਂ ਇਹ ਸਮਝਣ ਵਿੱਚ ਵੀ ਮਦਦਗਾਰ ਹੋ ਸਕਦੀਆਂ ਹਨ ਕਿ ਕੁਝ ਔਰਤਾਂ ਵਿੱਚ ਮਾਵਾਂ ਦੀ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਕਿਉਂ ਪੈਦਾ ਹੁੰਦੀਆਂ ਹਨ।

ਜ਼ਿਆਦਾਤਰ ਔਰਤਾਂ ਆਪਣੇ ਜੀਵਨ ਵਿੱਚ ਗਰਭਵਤੀ ਹੁੰਦੀਆਂ ਹਨ, ਅਤੇ 2023 ਤੱਕ ਵਿਸ਼ਵ ਪੱਧਰ 'ਤੇ ਪ੍ਰਤੀ ਔਰਤ ਜਨਮਾਂ ਦੀ ਔਸਤ ਸੰਖਿਆ 2.3 ਸੀ।

ਯੂਐਮਸੀ ਦੀ ਪ੍ਰੈਗਨੈਂਸੀ ਬ੍ਰੇਨ ਲੈਬ ਦੇ ਖੋਜੀਆਂ ਨੇ ਪਹਿਲਾਂ ਦੇਖਿਆ ਸੀ ਕਿ ਜਦੋਂ ਕੋਈ ਔਰਤ ਪਹਿਲੀ ਵਾਰ ਗਰਭਵਤੀ ਹੁੰਦੀ ਹੈ, ਤਾਂ ਉਸਦੇ ਦਿਮਾਗ ਦਾ ਉਹ ਹਿੱਸਾ ਬਦਲ ਜਾਂਦਾ ਹੈ ਜੋ ਸਵੈ-ਚਿੰਤਨ ਅਤੇ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਮਹੱਤਵਪੂਰਨ ਹੁੰਦਾ ਹੈ, ਜਿਸ ਨਾਲ ਉਸਨੂੰ ਉਨ੍ਹਾਂ ਦੀ ਦੇਖਭਾਲ ਕਰਨ ਵਿੱਚ ਮਦਦ ਮਿਲਦੀ ਹੈ।

ਤਾਜ਼ਾ ਅਧਿਐਨ ਵਿੱਚ, ਉਨ੍ਹਾਂ ਨੇ 110 ਔਰਤਾਂ ਦਾ ਅਧਿਐਨ ਕੀਤਾ: ਕੁਝ ਪਹਿਲੀ ਵਾਰ ਮਾਵਾਂ ਬਣੀਆਂ, ਦੂਜੀਆਂ ਦਾ ਦੂਜਾ ਬੱਚਾ ਸੀ, ਅਤੇ ਤੀਜੇ ਸਮੂਹ ਵਿੱਚ ਬਿਨਾਂ ਬੱਚਿਆਂ ਵਾਲੀਆਂ ਔਰਤਾਂ ਸਨ।

ਔਰਤਾਂ ਦੀ ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਗਏ ਦਿਮਾਗ ਦੇ ਸਕੈਨਾਂ ਤੋਂ ਵਿਗਿਆਨੀ ਦਿਮਾਗ ਵਿੱਚ ਹੋਣ ਵਾਲੇ ਅਸਲ ਬਦਲਾਅ ਦੇਖ ਸਕੇ।

ਦੂਜੀ ਵਾਰ ਗਰਭਵਤੀ ਹੋਣ ਵਾਲੀਆਂ ਔਰਤਾਂ ਦੇ ਦਿਮਾਗ ਵਿੱਚ, ਧਿਆਨ ਨੂੰ ਇਕਾਰਤਦਾ ਅਤੇ ਇੰਦਰੀਆਂ ਪ੍ਰਤੀ ਪ੍ਰਤੀਕਿਰਿਆ ਕਰਨ ਨਾਲ ਸਬੰਧਤ ਨੈਟਵਰਕਾਂ ਵਿੱਚ ਵਧੇਰੇ ਤਬਦੀਲੀਆਂ ਦੇਖਣ ਨੂੰ ਮਿਲੀਆਂ।

ਡੇਟਾ ਦਾ ਵਿਸ਼ਲੇਸ਼ਣ ਕਰਨ ਵਾਲੀ ਵਿਗਿਆਨੀ ਮਿਲੋ ਸਟ੍ਰਾਥੋਫ ਦੱਸਦੀ ਹੈ, "ਇਹ ਬਦਲਾਅ ਕਈ ਬੱਚਿਆਂ ਦੀ ਦੇਖਭਾਲ ਕਰਨ ਵੇਲੇ ਫਾਇਦੇਮੰਦ ਹੋ ਸਕਦੀਆਂ ਹਨ।"

ਐਲਸੇਲੀਨ ਹੋਕਜ਼ੇਮਾ ਦਾ ਕਥਨ

ਮਾਨਸਿਕ ਸਿਹਤ 'ਤੇ ਅਸਰ

ਅਧਿਐਨ ਵਿੱਚ ਪਹਿਲੇ ਅਤੇ ਦੂਜੇ ਗਰਭ ਦੌਰਾਨ ਦਿਮਾਗ ਦੀਆਂ ਤਬਦੀਲੀਆਂ ਅਤੇ ਮਾਵਾਂ ਦੇ ਮਾਨਸਿਕ ਸਿਹਤ ਵਿਕਾਰਾਂ ਦੇ ਵਿਕਾਸ ਵਿਚਕਾਰ ਇੱਕ ਸਬੰਧ ਵੀ ਮਿਲਿਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 10% ਗਰਭਵਤੀ ਔਰਤਾਂ ਅਤੇ 13% ਔਰਤਾਂ ਜਿਨ੍ਹਾਂ ਨੇ ਹੁਣੇ ਹੀ ਬੱਚੇ ਨੂੰ ਜਨਮ ਦਿੱਤਾ ਹੈ, ਮਾਨਸਿਕ ਵਿਕਾਰ, ਮੁੱਖ ਤੌਰ 'ਤੇ ਉਦਾਸੀ ਦਾ ਅਨੁਭਵ ਕਰਦੀਆਂ ਹਨ।

ਯੂਐਮਸੀ ਦੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਇੱਕ ਔਰਤ ਦੇ ਸੇਰੇਬ੍ਰਮ, ਉਸਦੇ ਦਿਮਾਗ ਦੇ ਉੱਪਰਲੇ ਹਿੱਸੇ, ਦੀ ਬਾਹਰੀ ਪਰਤ ਵਿੱਚ ਸੰਰਚਨਾਤਮਕ ਤਬਦੀਲੀਆਂ 'ਪੈਰੀਪਾਰਟਮ ਡਿਪਰੈਸ਼ਨ' (ਬੱਚੇ ਦੇ ਜਨਮ ਤੋਂ ਬਾਅਦ ਦੀ ਉਦਾਸੀ) ਨਾਲ ਜੁੜੀਆਂ ਹੋਈਆਂ ਸਨ, ਜਾਂ ਉਹ ਡਿਪਰੈਸ਼ਨ ਜੋ ਗਰਭ ਅਵਸਥਾ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਅਦ ਹੁੰਦਾ ਹੈ।

ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਲਈ, ਇਹ ਤਬਦੀਲੀਆਂ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਮਾਨਸਿਕ ਸਿਹਤ ਸਥਿਤੀ ਨਾਲ ਵਧੇਰੇ ਪ੍ਰਮੁੱਖਤਾ ਨਾਲ ਜੁੜੀਆਂ ਹੋਈਆਂ ਸਨ।

ਲੇਕਿਨ ਦੂਜੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਲਈ, ਇਹ ਗਰਭ ਅਵਸਥਾ ਦੌਰਾਨ ਉਨ੍ਹਾਂ ਦੀ ਮਾਨਸਿਕ ਸਿਹਤ ਨਾਲ ਵਧੇਰੇ ਮਜ਼ਬੂਤੀ ਨਾਲ ਜੁੜੇ ਹੋਏ ਸਨ।

ਪ੍ਰੈਗਨੈਂਸੀ ਬ੍ਰੇਨ ਲੈਬ ਦੀ ਮੁਖੀ ਐਲਸੇਲੀਨ ਹੋਕਜ਼ੇਮਾ ਕਹਿੰਦੀ ਹੈ, "ਇਸ ਦੇ ਨਾਲ, ਅਸੀਂ ਪਹਿਲੀ ਵਾਰ ਦਿਖਾਇਆ ਹੈ ਕਿ ਦਿਮਾਗ ਨਾ ਸਿਰਫ਼ ਪਹਿਲੀ ਗਰਭ ਅਵਸਥਾ ਦੌਰਾਨ ਬਦਲਦਾ ਹੈ, ਸਗੋਂ ਦੂਜੀ ਦੌਰਾਨ ਵੀ ਬਦਲਦਾ ਹੈ।"

ਉਸਨੇ ਅੱਗੇ ਕਿਹਾ, "ਪਹਿਲੀ ਅਤੇ ਦੂਜੀ ਗਰਭ ਅਵਸਥਾ ਦੇ ਦੌਰਾਨ, ਦਿਮਾਗ ਸਮਾਨ ਅਤੇ ਵਿਲੱਖਣ ਦੋਵਾਂ ਤਰੀਕਿਆਂ ਨਾਲ ਬਦਲਦਾ ਹੈ। ਹਰ ਗਰਭ ਅਵਸਥਾ ਔਰਤ ਦੇ ਦਿਮਾਗ 'ਤੇ ਇੱਕ ਵਿਲੱਖਣ ਨਿਸ਼ਾਨ ਛੱਡਦੀ ਹੈ।"

ਲੇਖਕਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਵਿਸ਼ੇ 'ਤੇ ਹੋਰ ਖੋਜ ਦੀ ਲੋੜ ਹੈ, ਪਰ ਨਤੀਜੇ ਇਸ ਬਾਰੇ ਵਧੇਰੇ ਜਾਣਕਾਰੀ ਦੇ ਕੇ ਮਾਵਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਕੁਝ ਔਰਤਾਂ ਵਿੱਚ ਜਨਮ ਤੋਂ ਬਾਅਦ ਦਾ ਡਿਪਰੈਸ਼ਨ ਕਿਵੇਂ ਅਤੇ ਕਿਉਂ ਵਿਕਸਿਤ ਹੁੰਦਾ ਹੈ।

ਹੋਕਜ਼ੇਮਾ ਕਹਿੰਦੀ ਹੈ, "ਇਹ ਮਹੱਤਵਪੂਰਨ ਹੈ ਕਿ ਅਸੀਂ ਸਮਝੀਏ ਕਿ ਦਿਮਾਗ ਮਾਂ ਬਣਨ ਦੇ ਲਈ ਕਿਵੇਂ ਢਲਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)