ਮੀਨੋਪੌਜ਼ ਦੌਰਾਨ ਕੀ ਅਲਜ਼ਾਈਮਰ ਵਰਗੇ ਦਿਮਾਗੀ ਬਦਲਾਅ ਵੀ ਆ ਸਕਦੇ ਹਨ, ਨਵੀਂ ਖੋਜ ਵਿੱਚ ਕੀ ਸਾਹਮਣੇ ਆਇਆ

ਵਿਗਿਆਨੀ ਦਿਮਾਗ਼ ਦੇ 3ਡੀ ਗ੍ਰਾਫਿਕ ਸਕੈਨਾਂ ਨੂੰ ਦੇਖਦੇ ਹੋਏ

ਤਸਵੀਰ ਸਰੋਤ, Getty Images

    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਡਿਜੀਟਲ ਹੈਲਥ ਐਡੀਟਰ

ਯੂਕੇ ਦੇ ਇੱਕ ਵੱਡੇ ਅਧਿਐਨ ਦੇ ਅਨੁਸਾਰ, ਮੀਨੋਪੌਜ਼ (ਮਾਹਵਾਰੀ ਦਾ ਸਥਾਈ ਤੌਰ 'ਤੇ ਬੰਦ ਹੋਣਾ) ਦਾ ਸਬੰਧ ਦਿਮਾਗ ਵਿੱਚ ਹੋਣ ਵਾਲੇ ਉਨ੍ਹਾਂ ਬਦਲਾਵਾਂ ਨਾਲ ਹੈ ਜੋ ਅਲਜ਼ਾਈਮਰ ਦੇ ਮਰੀਜ਼ਾਂ ਵਿੱਚ ਦੇਖੇ ਜਾਂਦੇ ਹਨ।

ਸਾਇੰਸਦਾਨਾਂ ਦਾ ਅੰਦਾਜ਼ਾ ਹੈ ਕਿ ਯਾਦਦਾਸ਼ਤ ਅਤੇ ਭਾਵਨਾਵਾਂ ਨਾਲ ਜੁੜੇ ਹਿੱਸਿਆਂ ਵਿੱਚ 'ਗ੍ਰੇ ਮੈਟਰ' (ਦਿਮਾਗ ਦਾ ਉਹ ਮੁੱਖ ਹਿੱਸਾ ਹੈ ਜੋ ਜਾਣਕਾਰੀ ਦੀ ਪ੍ਰੋਸੈਸਿੰਗ ਕਰਨ, ਯਾਦਦਾਸ਼ਤ ਨੂੰ ਸੰਭਾਲਣ ਅਤੇ ਸਾਡੀਆਂ ਮਾਸਪੇਸ਼ੀਆਂ ਦੇ ਨਿਯੰਤਰਣ ਲਈ ਜ਼ਿੰਮੇਵਾਰ ਹੁੰਦਾ ਹੈ।) ਦੀ ਕਮੀ ਸ਼ਾਇਦ ਇਹ ਦੱਸਣ ਵਿੱਚ ਮਦਦ ਕਰ ਸਕਦੀ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਦਾ ਖ਼ਤਰਾ ਜ਼ਿਆਦਾ ਕਿਉਂ ਹੁੰਦਾ ਹੈ।

ਇਹ ਸਿੱਟੇ ਲਗਭਗ 1,25,000 ਔਰਤਾਂ 'ਤੇ ਕੀਤੇ ਗਏ ਅਧਿਐਨ ਤੋਂ ਨਿਕਲੇ ਹਨ, ਜਿਨ੍ਹਾਂ ਵਿੱਚੋਂ 11,000 ਔਰਤਾਂ ਦੇ ਦਿਮਾਗ ਦੇ ਐਮਆਰਆਈ ਸਕੈਨ ਕੀਤੇ ਗਏ ਸਨ।

'ਸਾਈਕੋਲੋਜੀਕਲ ਮੈਡੀਸਨ' ਜਰਨਲ ਵਿੱਚ ਛਪੇ ਇਸ ਅਧਿਐਨ ਵਿੱਚ ਇਹ ਸਾਹਮਣੇ ਆਇ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਵਰਤੋਂ ਗ੍ਰੇ ਮੈਟਰ ਦੇ ਨੁਕਸਾਨ ਨੂੰ ਰੋਕਣ ਵਿੱਚ ਸਹਾਈ ਹੁੰਦੀ ਨਹੀਂ ਲਗਦੀ।

ਕੈਂਬਰਿਜ ਯੂਨੀਵਰਸਿਟੀ ਤੋਂ ਸੀਨੀਅਰ ਲੇਖਕ ਪ੍ਰੋਫੈਸਰ ਬਾਰਬਰਾ ਸਹਾਕੀਅਨ ਨੇ ਕਿਹਾ: "ਦਿਮਾਗ ਦੇ ਜਿਨ੍ਹਾਂ ਹਿੱਸਿਆਂ ਵਿੱਚ ਅਸੀਂ ਇਹ ਅੰਤਰ ਦੇਖੇ ਹਨ, ਉਹ ਉਹੀ ਹਨ ਜੋ ਅਕਸਰ ਅਲਜ਼ਾਈਮਰ ਦੀ ਬਿਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ।"

"ਮੀਨੋਪੌਜ਼ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਔਰਤਾਂ ਨੂੰ ਵਧੇਰੇ ਖ਼ਤਰੇ ਵਿੱਚ ਵਿੱਚ ਪਾ ਸਕਦਾ ਹੈ। ਹਾਲਾਂਕਿ ਇਹ ਪੂਰੀ ਕਹਾਣੀ ਨਹੀਂ ਹੈ, ਪਰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਅਸੀਂ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਡਿਮੈਂਸ਼ੀਆ ਦੇ ਲਗਭਗ ਦੁੱਗਣੇ ਕੇਸ ਕਿਉਂ ਦੇਖਦੇ ਹਾਂ।"

ਦਿਮਾਗ ਦੇ ਇਨ੍ਹਾਂ ਹਿੱਸਿਆਂ ਵਿੱਚ ਆਏ ਬਦਲਾਅ

  • ਹਿੱਪੋਕੈਂਪਸ - ਇੱਕ ਅਜਿਹਾ ਖੇਤਰ ਜਿਸਦੀ ਸਿੱਖਣ ਅਤੇ ਯਾਦਦਾਸ਼ਤ ਵਿੱਚ ਮੁੱਖ ਭੂਮਿਕਾ ਹੁੰਦੀ ਹੈ
  • ਐਂਟੋਰਾਇਨਲ ਕੋਰਟੈਕਸ - ਯਾਦਾਂ ਬਣਾਉਣ ਅਤੇ ਰਸਤਿਆਂ ਦੀ ਪਛਾਣ ਲਈ ਜ਼ਰੂਰੀ ਖੇਤਰ
  • ਐਂਟੀਰੀਅਰ ਸਿੰਗੂਲੇਟ ਕੋਰਟੈਕਸ - ਇੱਕ ਹਿੱਸਾ ਜੋ ਇਕਾਗਰਤਾ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ
  • ਚਿੱਟਾ ਮਾਦਾ ਅਤੇ ਘਸਮੈਲਾ ਮਾਦਾ (ਗ੍ਰੇ ਮੈਟਰ) ਦੋਵੇਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਜ਼ਰੂਰੀ ਹਿੱਸੇ ਹਨ।

ਗ੍ਰੇ ਮੈਟਰ ਨਿਊਰੋਨਲ ਸੈੱਲ ਬਾਡੀਜ਼ ਅਤੇ ਉਨ੍ਹਾਂ ਦੇ ਡੈਂਡਰਾਈਟਸ (dendrites) ਤੋਂ ਬਣਿਆ ਹੁੰਦਾ ਹੈ - ਇਹ ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ ਜੋ ਨੇੜਲੇ ਨਿਊਰੋਨਸ ਨਾਲ ਸੰਪਰਕ ਕਰਦੀਆਂ ਹਨ।

ਵਾਈਟ ਮੈਟਰ ਨਿਊਰੋਨਸ ਦੇ ਲੰਬੇ ਐਕਸੋਨਸ (axons) ਤੋਂ ਬਣਿਆ ਹੁੰਦਾ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਦੂਰ ਦੇ ਹਿੱਸਿਆਂ ਤੱਕ ਸੰਕੇਤ ਭੇਜਦੇ ਹਨ।

ਮਦਦ ਮੰਗਣ ਵਿੱਚ ਝਿਜਕੋ ਨਾ

ਡਾ਼ ਕ੍ਰਿਸਟਲ ਲੈਂਗਲੀ ਦਾ ਕਥਨ, ਮੀਨੋਪੌਜ਼ ਕਾਰਨ ਬੇਹੱਦ ਖਿੱਝੀ ਹੋਈ ਮਹਿਲਾ, ਦ੍ਰਿਸ਼ ਨੂੰ ਬਲਰ ਕੀਤਾ ਹੋਇਆ ਹੈ

ਐਨਐਚਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੀਨੋਪੌਜ਼ ਦੇ ਲੱਛਣਾਂ ਜਿਵੇਂ ਕਿ ਨੀਂਦ ਦੀ ਸਮੱਸਿਆ ਅਤੇ 'ਹੌਟ ਫਲੱਸ਼ਿਜ਼' (ਅਚਾਨਕ ਗਰਮੀ ਲੱਗਣਾ) ਲਈ ਹਾਰਮੋਨ ਰਿਪਲੇਸਮੈਂਟ ਥੈਰਿਪੀ (ਹਾਰਮੋਨ ਬਦਲਣ) ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਦਿਮਾਗ, ਯਾਦਦਾਸ਼ਤ ਅਤੇ ਮੂਡ 'ਤੇ ਮੀਨੋਪੌਜ਼ ਅਤੇ ਹਾਰਮੋਨ ਬਦਲਣ ਦੇ ਪ੍ਰਭਾਵਾਂ ਬਾਰੇ ਅਜੇ ਸਾਡੀ ਸਮਝ ਸੀਮਤ ਹੀ ਹੈ।

ਅਧਿਐਨ ਵਿੱਚ ਪਾਇਆ ਗਿਆ ਕਿ ਹਾਰਮੋਨ ਬਦਲਾਉਣ ਵਾਲੀਆਂ ਔਰਤਾਂ ਵਿੱਚ ਮਾਨਸਿਕ ਸਿਹਤ ਖ਼ਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਪਰ ਉਨ੍ਹਾਂ ਵਿੱਚੋਂ ਕਈਆਂ ਦੀ ਮਾਨਸਿਕ ਸਿਹਤ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਖ਼ਰਾਬ ਸੀ।

ਸਹਿ-ਖੋਜਕਰਤਾ ਡਾ. ਕ੍ਰਿਸਟਲ ਲੈਂਗਲੀ ਨੇ ਕਿਹਾ ਕਿ ਮੀਨੋਪੌਜ਼ ਦੇ ਨਾਲ ਆਉਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਪਛਾਣਨਾ ਮਹੱਤਵਪੂਰਨ ਹੈ।

"ਸਾਨੂੰ ਸਾਰਿਆਂ ਨੂੰ ਮੀਨੋਪੌਜ਼ ਦੌਰਾਨ ਔਰਤਾਂ ਦੀ ਨਾ ਸਿਰਫ਼ ਸਰੀਰਕ, ਸਗੋਂ ਮਾਨਸਿਕ ਸਿਹਤ ਪ੍ਰਤੀ ਵੀ ਵਧੇਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ।"

"ਤੁਸੀਂ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹੋ, ਇਸ ਬਾਰੇ ਦੂਜਿਆਂ ਨੂੰ ਦੱਸਣ ਅਤੇ ਮਦਦ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ।"

ਅਲਜ਼ਾਈਮਰ ਸੁਸਾਇਟੀ ਤੋਂ ਮਿਸ਼ੇਲ ਡਾਇਸਨ ਨੇ ਦੱਸਿਆ ਕਿ ਯੂਕੇ ਵਿੱਚ ਅਲਜ਼ਾਈਮਰ ਦੇ ਮਰੀਜ਼ਾਂ ਵਿੱਚੋਂ ਲਗਭਗ ਦੋ-ਤਿਹਾਈ ਔਰਤਾਂ ਹਨ।

ਉਨ੍ਹਾਂ ਕਿਹਾ, "ਹਾਲਾਂਕਿ ਅਸੀਂ ਅਜੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਕਿ ਉਹ ਮਰਦਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕਿਉਂ ਹਨ, ਪਰ ਇਹ ਮੰਨਿਆ ਜਾਂਦਾ ਹੈ ਕਿ ਹਾਰਮੋਨਸ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ।"

"ਇਹ ਵੱਡਾ ਅਧਿਐਨ ਉਨ੍ਹਾਂ ਸਬੂਤਾਂ ਵਿੱਚ ਵਾਧਾ ਕਰਦਾ ਹੈ ਜੋ ਦਿਖਾਉਂਦੇ ਹਨ ਕਿ ਮੇਨੋਪੌਜ਼ ਦਿਮਾਗ ਉੱਤੇ ਕਿਵੇਂ ਅਸਰ ਕਰਦਾ ਹੈ, ਜਿਸ ਵਿੱਚ ਦਿਮਾਗ ਦੇ ਆਕਾਰ (ਵਾਲੀਅਮ) ਦੇ ਘਟਣ ਵਰਗੇ ਸਰੀਰਕ ਬਦਲਾਅ ਸ਼ਾਮਲ ਹਨ।"

"ਲੇਕਿਨ ਅਧਿਐਨ ਦੇ ਹਿੱਸੇਦਾਰਾਂ ਦੀ, ਇਹ ਦੇਖਣ ਲਈ ਕਿ ਕੀ ਉਨ੍ਹਾਂ ਨੂੰ ਬਾਅਦ ਵਿੱਚ ਡਿਮੈਂਸ਼ੀਆ ਹੁੰਦਾ ਹੈ— ਲੰਬੇ ਸਮੇਂ ਤੱਕ ਨਿਗਰਾਨੀ ਕੀਤੇ ਬਿਨਾਂ, ਅਸੀਂ ਪੱਕੇ ਤੌਰ 'ਤੇ ਇਹ ਨਹੀਂ ਕਹਿ ਸਕਦੇ ਕਿ ਮੀਨੋਪੌਜ਼ ਨਾਲ ਜੁੜੇ ਇਹ ਦਿਮਾਗੀ ਬਦਲਾਅ ਡਿਮੈਂਸ਼ੀਆ ਦੇ ਖ਼ਤਰੇ ਨੂੰ ਵੀ ਵਧਾਉਂਦੇ ਹਨ।"

ਉਨ੍ਹਾਂ ਨੇ ਕਿਹਾ ਕਿ ਨਿਯਮਤ ਕਸਰਤ ਕਰਨਾ, ਸਿਗਰਟਨੋਸ਼ੀ ਨਾ ਕਰਨਾ ਅਤੇ ਸ਼ਰਾਬ ਦਾ ਸੇਵਨ ਸੀਮਤ ਕਰਨਾ ਡਿਮੈਂਸ਼ੀਆ ਦੇ ਖ਼ਤਰੇ ਨੂੰ ਘਟਾਉਣ ਵਿੱਚ ਸਹਾਈ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)