ਗੰਨੇ ਦਾ ਰਸ ਜਾਂ ਸਿੱਧਾ ਗੰਨਾ ਚਬਾਉਣਾ: ਸਿਹਤ ਲਈ ਕਿਹੜਾ ਹੈ ਜ਼ਿਆਦਾ ਫਾਇਦੇਮੰਦ, ਕੀ ਗੰਨੇ ਨਾਲ ਬਲੱਡ ਸ਼ੂਗਰ ਵਧਦੀ

ਗੰਨੇ ਦਾ ਰਸ ਪੀਂਦੀ ਕੁੜੀ

ਤਸਵੀਰ ਸਰੋਤ, Getty Images

    • ਲੇਖਕ, ਜ਼ੇਵੀਅਰ ਸੇਲਵਾਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਗੰਨੇ ਦਾ ਰਸ ਕਿਸਨੂੰ ਪਸੰਦ ਨਹੀਂ ਹੁੰਦਾ? ਜੂਸ ਬਾਰ ਵਿੱਚ ਬੈਠ ਕੇ ਗੰਨੇ ਦੇ ਰਸ ਉੱਪਰ ਨਮਕ ਛਿੜਕ ਕੇ ਪੀਣ ਅਤੇ ਗਲਾਸ ਨੂੰ ਆਪਣੇ ਬੁੱਲ੍ਹਾਂ ਨਾਲ ਲਗਾਉਣ ਵਿੱਚ ਕੁਝ ਖਾਸ ਗੱਲ ਹੈ।

ਗੰਨੇ ਨੂੰ ਛਿਲ ਕੇ ਖਾਣਾ ਹੋਰ ਵੀ ਮਜ਼ੇਦਾਰ ਹੈI ਗੰਨੇ ਦੇ ਹਰੇਕ ਟੁਕੜੇ ਨੂੰ ਚਬਾਉਣਾ ਅਤੇ ਉਸਦੇ ਰਸ ਦਾ ਸਵਾਦ ਲੈਣਾ ਬਹੁਤ ਅਨੰਦਮਈ ਅਨੁਭਵ ਹੈI

ਤਮਿਲ ਨਾਡੂ ਵਿੱਚ ਵੀ, ਪੋਂਗਲ ਤਿਓਹਾਰ ਦਾ ਮੁੱਖ ਪ੍ਰਤੀਕ, ਲਾਲ ਗੰਨਾ ਖਾਣਾ ਉੱਥੋਂ ਦੇ ਲੋਕਾਂ ਵਿੱਚ ਇੱਕ ਰਵਾਇਤੀ ਰਿਵਾਜ ਹੈ।

ਤਮਿਲ ਨਾਡੂ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤੇ ਪੋਂਗਲ ਤੋਹਫ਼ਿਆਂ ਵਿੱਚ ਗੰਨਾ ਵੀ ਸ਼ਾਮਲ ਸੀI ਇੱਥੋਂ ਤੱਕ ਕਿ ਕੁਝ ਅਜਿਹੇ ਲੋਕ ਵੀ ਹਨ ਜੋ ਪੋਂਗਲ ਨਹੀਂ ਮਨਾਉਂਦੇ, ਪਰ ਗੰਨੇ ਬਿਨ੍ਹਾਂ ਨਹੀਂ ਰਹਿ ਸਕਦੇI

ਇਸ ਲਈ, ਪੋਂਗਲ ਦੇ ਮੌਕੇ 'ਤੇ ਹਰ ਘਰ ਵਿੱਚ ਗੰਨਾ ਪਹੁੰਚ ਜਾਂਦਾ ਹੈ, ਪਰ ਇਸ ਨੂੰ ਖਾਂਦੇ ਸਮੇਂ ਮਨ ਵਿੱਚ ਸ਼ੂਗਰ ਵੱਧਣ ਦਾ ਡਰ ਵੀ ਰਹਿੰਦਾ ਹੈI

ਹਾਲ ਹੀ ਦੇ ਦਿਨਾਂ ਵਿੱਚ, ਗੰਨੇ ਦੀ ਵਰਤੋਂ ਦੇ ਡਾਕਟਰੀ ਲਾਭ ਅਤੇ ਹਾਨੀਆਂ ਬਾਰੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਹਨ।

ਅਜਿਹਾ ਮੰਨਣਾ ਹੈ ਕਿ ਗੰਨਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਨਹੀਂ ਖਾਣਾ ਚਾਹੀਦਾ।

ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਗੰਨਾ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਦੰਦ ਮਜ਼ਬੂਤ ਹੁੰਦੇ ਹਨ।

ਆਓ ਇਸ ਲੇਖ ਵਿੱਚ ਦੇਖੀਏ ਕਿ ਡਾਕਟਰੀ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ।

ਕੀ ਗੰਨਾ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ?

ਗੰਨਾ ਛਿੱਲਦੇ ਹੋਏ ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਜੇਕਰ ਗੰਨੇ ਦਾ ਰਸ ਪੀਣ ਦੀ ਬਜਾਏ ਉਸ ਨੂੰ ਚਬਾਕੇ ਖਾਇਆ ਜਾਵੇ, ਤਾਂ ਸ਼ੂਗਰ ਦਾ ਪੱਧਰ ਅਚਾਨਕ ਨਹੀਂ ਵਧਦਾ ਸਗੋਂ ਸਹੀ ਬਣਿਆ ਰਹਿੰਦਾ ਹੈ'

ਕੋਇੰਬਟੂਰ ਦੇ ਪਾਚਨ ਵਿਕਾਰ ਅਤੇ ਐਂਡੋਸਕੋਪੀ ਮਾਹਰ ਡਾ. ਵੀ. ਜੀ. ਮੋਹਨ ਪ੍ਰਸਾਦ ਕਹਿੰਦੇ ਹਨ ਇਹ ਸੱਚ ਹੈ ਕਿ ਗੰਨੇ ਦੇ ਰਸ ਦੀ ਬਜਾਏ ਸਿੱਧਾ ਗੰਨਾ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈI ਉਨ੍ਹਾਂ ਨੇ ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀI

ਗੰਨੇ ਵਿੱਚ ਭਰਪੂਰ ਮਾਤਰਾ 'ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸ਼ਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨI ਇਸ ਵਿੱਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਦੀ ਸਮਰੱਥਾ ਰੱਖਦਾ ਹੈI

ਇਸਤੋਂ ਇਲਾਵਾ ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਪੋਟਾਸ਼ੀਅਮ ਸਮੇਤ ਕਈ ਤਰ੍ਹਾਂ ਦੇ ਖਣਿਜ ਹੁੰਦੇ ਹਨ।

ਡਾ. ਵੀ. ਜੀ. ਮੋਹਨ ਪ੍ਰਸਾਦ ਨੇ ਕਿਹਾ, " ਜਦੋਂ ਦਸਤ ਹੁੰਦੇ ਹਨ ਤਾਂ ਸਰੀਰ ਵਿੱਚੋਂ ਖਣਿਜਾਂ ਦੀ ਕਮੀ ਹੋ ਜਾਂਦੀ ਹੈ, ਗੰਨਾ ਉਸ ਕਮੀ ਨੂੰ ਵੀ ਪੂਰਾ ਕਰਦਾ ਹੈI ਇੰਨਾ ਹੀ ਨਹੀਂ, ਗੰਨਾ ਫਾਈਬਰ ਨਾਲ ਵੀ ਭਰਪੂਰ ਹੁੰਦਾ ਹੈI"

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ,"ਫਾਈਬਰ ਚੰਗੇ ਬੈਕਟੀਰੀਆ ਦੇ ਵਾਧੇ ਵਿੱਚ ਇੱਕ ਮਹੱਤਵਪੂਰਨ ਕਾਰਕ ਹੈ। ਇਹ ਮੁੱਖ ਤੌਰ 'ਤੇ ਦਿਮਾਗ ਲਈ ਭੋਜਨ ਵਜੋਂ ਕੰਮ ਕਰਨ ਵਾਲੇ ਬੈਕਟੀਰੀਆ ਅਤੇ ਅੰਤੜੀਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਵਾਲੇ ਬੈਕਟੀਰੀਆ ਦੇ ਵਾਧੇ ਵਿੱਚ ਮਦਦ ਕਰਦਾ ਹੈ। ਇਸ ਮਤਲਬ ਨਾਲ, ਗੰਨਾ ਇੱਕ ਕੁਦਰਤੀ 'ਊਰਜਾ ਬੂਸਟਰ' ਹੈ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਇੱਕ ਮੁੱਖ ਭੋਜਨ ਵਸਤੂ ਹੈ।"

ਡਾ. ਵੀ. ਜੀ. ਮੋਹਨ ਦਾ ਕਹਿਣਾ ਹੈ ਕਿ ਗੰਨਾ ਸਰੀਰ ਵਿੱਚ ਐਸੀਡਿਟੀ ਘਟਾਉਂਦਾ ਹੈ ਅਤੇ ਨਾਲ ਹੀ ਇਹ ਪਾਚਨ ਕਿਰਿਆ ਨੂੰ ਵਧਾ ਕੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈI

ਉਨ੍ਹਾਂ ਦੱਸਿਆ ਕਿ ਗੰਨਾ ਅੰਤੜੀਆਂ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਹ ਸਰੀਰ ਦੀ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਇਸਨੂੰ ਸੰਤੁਲਿਤ ਰੱਖਦਾ ਹੈ। ਨਾਲ ਹੀ, ਗੰਨਾ ਖਾਣ ਨਾਲ ਪਿਸ਼ਾਬ ਦੀ ਮਾਤਰਾ ਵੱਧ ਜਾਂਦੀ ਹੈ, ਜੋ ਗੁਰਦੇ ਦੀ ਪੱਥਰੀ ਬਣਨ ਤੋਂ ਰੋਕਦੀ ਹੈ।

ਉਹ ਇਹ ਵੀ ਕਹਿੰਦੇ ਹਨ ਕਿ ਗੰਨੇ ਵਿੱਚ ਮੌਜੂਦ 'ਏਐਚਏ' (ਅਲਫ਼ਾ ਹਾਈਡ੍ਰੋਕਸੀ ਐਸਿਡ), ਉਮਰ ਦੇ ਨਾਲ ਹੋਣ ਵਾਲੇ ਚਮੜੀ ਦੇ ਬਦਲਾਅ ਨੂੰ ਰੋਕਣ ਵਿੱਚ ਮਦਦ ਕਰਦਾ ਹੈI

ਗੰਨੇ ਅਤੇ ਇਸ ਦੇ ਰਸ ਦੀ ਵਰਤੋਂ ਕਰਨ ਵਿੱਚ ਕੀ ਅੰਤਰ ਹੈ?

ਗੰਨਾ ਦੇ ਗੰਨੇ ਦਾ ਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੱਝ ਲੋਕਾਂ ਦਾ ਮੰਨਣਾ ਹੈ ਕਿ ਗੰਨਾ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਦੰਦ ਮਜ਼ਬੂਤ ਹੁੰਦੇ ਹਨ

ਇਹ ਗੱਲ ਸਮਝਾਉਂਦਿਆਂ ਪਾਚਨ ਪ੍ਰਣਾਲੀ ਦੇ ਮਾਹਰ ਡਾ. ਵੀ. ਜੀ. ਮੋਹਨ ਪ੍ਰਸਾਦ ਕਹਿੰਦੇ ਹਨ, "ਕਿਉਂਕਿ ਗੰਨੇ ਵਿੱਚ ਸ਼ੂਗਰ ਦੇ ਤਿੰਨੋਂ ਹਿੱਸੇ - ਗਲੂਕੋਜ਼, ਸੁਕਰੋਜ਼ ਅਤੇ ਫਰੂਟੋਜ਼ - ਮੌਜੂਦ ਹੁੰਦੇ ਹਨ, ਇਸ ਲਈ ਇਹ ਸੱਚ ਹੈ ਕਿ ਜੇਕਰ ਸ਼ੂਗਰ ਦੇ ਮਰੀਜ਼ ਇਸਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਥੋੜ੍ਹਾ ਵੱਧ ਜਾਵੇਗਾI"

ਹਾਲਾਂਕਿ, ਜੇਕਰ ਗੰਨੇ ਦਾ ਰਸ ਪੀਣ ਦੀ ਬਜਾਏ ਉਸਨੂੰ ਚਬਾਕੇ ਖਾਇਆ ਜਾਵੇ, ਤਾਂ ਸ਼ੂਗਰ ਦਾ ਪੱਧਰ ਅਚਾਨਕ ਨਹੀਂ ਵਧਦਾ ਸਗੋਂ ਸਹੀ ਬਣਿਆ ਰਹਿੰਦਾ ਹੈI

ਗੰਨੇ ਦਾ ਰਸ ਪੀਣ ਨਾਲ ਪੇਟ ਵਿੱਚੋਂ ਪਿੱਤ ਨਿਕਲਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈI ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਸ਼ੂਗਰ ਨਹੀਂ ਹੈ, ਉਨ੍ਹਾਂ ਲਈ ਸਿੱਧਾ ਗੰਨੇ ਦਾ ਰਸ ਚੰਗਾ ਹੈI

ਨਾਲ ਹੀ, ਉਹਨਾਂ ਨੇ ਇਹ ਵੀ ਕਿਹਾ ਕਿ ਗੰਨੇ ਦੇ ਰਸ ਵਿੱਚ ਕੁੱਝ ਰਸਾਇਣ ਮਿਲਾਕੇ ਬਣਾਏ ਗਏ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਿਸੇ ਵੀ ਉਮਰ ਦੇ ਲੋਕਾਂ ਲਈ ਚੰਗੀ ਨਹੀਂ ਹੈI

ਇਹੀ ਰਾਏ ਪ੍ਰਗਟ ਕਰਦੇ ਹੋਏ, ਸ਼ੂਗਰ ਦੇ ਮਾਹਿਰ ਡਾ. ਕੁਮਾਰ ਕਹਿੰਦੇ ਹਨ, "ਗੰਨੇ ਦਾ ਰਸ ਬਣਾਉਣ ਲਈ ਇੱਕ ਤੋਂ ਵੱਧ ਕਿਸਮਾਂ ਦੇ ਗੰਨੇ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਸਨੂੰ ਪੀਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।"

ਹਾਲਾਂਕਿ, ਗੰਨਾ ਚਬਾਉਂਦੇ ਸਮੇਂ, ਇੱਕ ਵਿਅਕਤੀ ਵੱਧ ਤੋਂ ਵੱਧ ਇੱਕ ਗੰਨਾ ਹੀ ਖਾ ਸਕਦਾ ਹੈ ਕਿਉਂਕਿ ਇਸ ਤੋਂ ਮਿਲਿਆ ਰਸ ਘੱਟ ਹੁੰਦਾ ਹੈ, ਇਸ ਲਈ ਸ਼ੂਗਰ ਦਾ ਪੱਧਰ ਜ਼ਿਆਦਾ ਨਹੀਂ ਵੱਧਦਾI

"ਜਿਹੜੇ ਲੋਕ ਸਹੀ ਦਵਾਈ ਲੈਂਦੇ ਹਨ ਅਤੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਦੇ ਹਨ, ਉਨ੍ਹਾਂ ਨੂੰ ਗੰਨੇ ਦੇ ਕੁੱਝ ਟੁਕੜੇ ਖਾਣ ਨਾਲ ਕੋਈ ਸਮੱਸਿਆ ਹੋਣ ਦੀ ਸੰਭਾਵਨਾ ਨਹੀਂ ਹੁੰਦੀI"

ਡਾ. ਕੁਮਾਰ ਕਹਿੰਦੇ ਹਨ, " ਜਿਨ੍ਹਾਂ ਦਾ ਬਲੱਡ ਸ਼ੂਗਰ ਪੱਧਰ ਕੰਟਰੋਲ ਵਿਚ ਹੈ, ਉਹਨਾਂ ਨੂੰ ਕਦੇ-ਕਦੇ ਅੱਧਾ ਗਲਾਸ ਗੰਨੇ ਦਾ ਰਸ ਪੀਣ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈI ਪਰ ਜਿਨ੍ਹਾਂ ਦਾ ਬਲੱਡ ਸ਼ੂਗਰ ਦਾ ਪੱਧਰ 400 ਜਾਂ 500 ਦੇ ਕਰੀਬ ਹੈ, ਉਹਨਾਂ ਲਈ ਗੰਨੇ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨਾ ਹੀ ਚੰਗਾ ਹੈI"

ਡਾ. ਕੁਮਾਰ ਦਾ ਕਹਿਣਾ ਹੈ ਕਿ ਆਮ ਤੌਰ 'ਤੇ, ਸ਼ੂਗਰ ਦੇ ਮਰੀਜ਼ਾਂ ਅਤੇ ਇਸਦੀ ਦਵਾਈ ਲੈਣ ਵਾਲੇ ਲੋਕਾਂ ਲਈ ਫ਼ਲਾਂ ਦਾ ਰਸ ਪੀਣ ਦੀ ਬਜਾਏ ਫ਼ਲ ਖਾਣਾ ਹੀ ਬਿਹਤਰ ਹੈI

ਇਸੇ ਤਰ੍ਹਾਂ, ਗੰਨੇ ਦਾ ਰਸ ਪੀਣ ਦੀ ਬਜਾਏ ਗੰਨੇ ਨੂੰ ਚਬਾਉਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹਾਲਾਂਕਿ, ਉਨ੍ਹਾਂ ਨੇ ਦੱਸਿਆ ਕਿ ਰਸ ਪੀਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ ਹੈ।

ਗੰਨਾ ਖਾਣ ਤੋਂ ਬਾਅਦ ਜੀਭ ਵਿੱਚ ਝਰਨਾਹਟ ਕਿਉਂ ਹੁੰਦੀ ਹੈ?

ਗੰਨੇ ਦੇ ਰਸ ਦੀ ਚਾਸਨੀ ਤੋਂ ਗੁੜ ਤਿਆਰ ਕਰਨ ਦੀ ਪ੍ਰਕੀਰਿਆ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਗੰਨੇ ਦੇ ਰਸ ਦੀ ਬਜਾਏ ਸਿੱਧਾ ਗੰਨਾ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ'

ਅਸੀਂ ਕੰਨ, ਨੱਕ ਅਤੇ ਗਲੇ ਦੇ ਮਾਹਰ ਡਾ. ਵਾਸੁਮਤੀ ਵਿਸ਼ਵਨਾਥਨ ਤੋਂ ਪੁੱਛਿਆ ਕਿ ਗੰਨਾ ਖਾਂਦੇ ਸਮੇਂ ਪਾਣੀ ਪੀਣ ਨਾਲ ਜੀਭ ਸੁੰਨ ਕਿਉਂ ਹੋ ਜਾਂਦੀ ਹੈ ਅਤੇ ਕੀ ਇਸਦੇ ਕੋਈ ਮਾੜੇ ਪ੍ਰਭਾਵ ਹਨI

ਉਨ੍ਹਾਂ ਨੇ ਕਿਹਾ, "ਗੰਨੇ 'ਚ ਮੌਜੂਦ ਐਸਿਡ ਕਾਰਨ, ਜੇਕਰ ਤੁਸੀਂ ਗੰਨਾ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਇੱਕ ਰਸਾਇਣਿਕ ਪ੍ਰਕਿਰਿਆ ਹੁੰਦੀ ਹੈ ਅਤੇ ਜੀਭ ਨੂੰ ਝਰਨਾਹਟ ਮਹਿਸੂਸ ਹੁੰਦੀ ਹੈI"

"ਕੁੱਝ ਲੋਕਾਂ ਨੂੰ ਗਲੇ 'ਚ ਖ਼ਰਾਸ਼ ਜਾਂ ਸਰਦੀ-ਜੁਕਾਮ ਮਹਿਸੂਸ ਹੋ ਸਕਦਾ ਹੈI ਹਾਲਾਂਕਿ, ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾI 90 ਫ਼ੀਸਦੀ ਲੋਕਾਂ ਵਿੱਚ ਇਹ ਇੱਕ ਜਾਂ ਦੋ ਘੰਟਿਆਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈI"

ਗੰਨਾ ਖਾਣ ਤੋਂ ਤੁਰੰਤ ਬਾਅਦ ਕੁਝ ਠੰਡਾ ਪੀਣ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਸਕਦੀ ਹੈI ਇਸੇ ਤਰ੍ਹਾਂ, ਗੰਨਾ ਖਾਂਦੇ ਸਮੇਂ ਜ਼ੋਰ ਦੀ ਚੀਕਣ ਨਾਲ ਵੀ ਗਲੇ 'ਚ ਖ਼ਰਾਸ਼ ਵਰਗੀ ਸਮੱਸਿਆ ਹੋ ਸਕਦੀ ਹੈI

ਡਾ. ਵਾਸੁਮਤੀ ਵਿਸ਼ਵਨਾਥਨ ਨੇ ਕਿਹਾ, "ਅਜਿਹੇ ਸਮੇਂ 'ਤੇ ਲਗਾਤਾਰ ਗਰਮ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਤੁਰੰਤ ਰਾਹਤ ਮਿਲ ਸਕਦੀ ਹੈI"

ਕੀ ਗੰਨਾ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ?

ਗੰਨੇ ਨੂੰ ਬੇਲਣੇ ਵਿੱਚ ਪਾ ਕੇ ਰਸ ਕੱਢਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਜਦੋਂ ਦਸਤ ਹੁੰਦੇ ਹਨ ਤਾਂ ਸਰੀਰ ਵਿੱਚੋਂ ਖਣਿਜਾਂ ਦੀ ਕਮੀ ਹੋ ਜਾਂਦੀ ਹੈ, ਗੰਨਾ ਉਸ ਕਮੀ ਨੂੰ ਵੀ ਪੂਰਾ ਕਰਦਾ ਹੈ'

ਪਾਚਨ ਪ੍ਰਣਾਲੀ ਦੇ ਮਾਹਰ ਡਾ. ਵੀ. ਜੀ. ਮੋਹਨ ਪ੍ਰਸਾਦ ਅਨੁਸਾਰ, ਗੰਨੇ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ, ਇਸ ਲਈ ਇਹ ਸੰਭਵ ਹੈ ਕਿ ਇਹ ਦੰਦਾਂ ਨੂੰ ਥੋੜ੍ਹਾ ਮਜ਼ਬੂਤ ਕਰ ਸਕੇI

ਹਾਲਾਂਕਿ, ਦੰਦਾਂ ਦੇ ਮਾਹਰ ਡਾ. ਬਾਲਚੰਦਰ ਕਹਿੰਦੇ ਹਨ ਕਿ ਇਹ ਵਿਚਾਰ ਕਿ ਗੰਨਾ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ, ਇੱਕ ਵਿਆਪਕ ਗਲਤ ਧਾਰਨਾ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਇਸ ਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਕਿਹਾ ਕਿ ਦੰਦਾਂ ਦੀ ਮਜ਼ਬੂਤੀ ਦੀ ਜਾਂਚ, ਸੋਟੀ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ।

ਬੀਬੀਸੀ ਤਮਿਲ ਨਾਲ ਗੱਲ ਕਰਦਿਆਂ, ਦੰਦਾਂ ਦੇ ਮਾਹਰ ਬਾਲਚੰਦਰ ਨੇ ਸਮਝਾਇਆ, "ਆਮ ਤੌਰ 'ਤੇ, ਕਿਸੇ ਵਿਅਕਤੀ ਦੇ ਦੰਦ 16 ਤੋਂ 35 ਸਾਲ ਦੀ ਉਮਰ ਵਿੱਚ ਸਭ ਤੋਂ ਮਜ਼ਬੂਤ ਹੁੰਦੇ ਹਨI ਉਸਤੋਂ ਬਾਅਦ, ਦੰਦਾਂ ਦੀ ਮਜ਼ਬੂਤੀ ਹਰੇਕ ਵਿਅਕਤੀ ਦੀ ਦੇਖਭਾਲ 'ਤੇ ਨਿਰਭਰ ਕਰਦੀ ਹੈI"

ਗੰਨਾ ਚਬਾਉਂਦੇ ਸਮੇਂ ਸਾਨੂੰ ਆਪਣੇ ਦੰਦਾਂ ਦੀ ਮਜ਼ਬੂਤੀ ਦਾ ਧਿਆਨ ਰੱਖਣਾ ਚਾਹੀਦਾ ਹੈI ਕਮਜ਼ੋਰ ਦੰਦਾਂ ਨਾਲ ਜ਼ੋਰ ਲਗਾ ਕੇ ਗੰਨਾ ਚਬਾਉਣ ਸਮੇਂ ਦੰਦ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈI ਗੰਨੇ ਵਿੱਚ ਫਾਈਬਰ ਹੁੰਦਾ ਹੈ, ਇਸ ਲਈ ਇਹ ਦੰਦਾਂ ਦੀ ਸਫ਼ਾਈ ਵਿੱਚ ਥੋੜ੍ਹੀ ਮਦਦ ਕਰਦਾ ਹੈI

ਸੋਸ਼ਲ ਮੀਡੀਆ 'ਤੇ ਕੀਤੇ ਗਏ ਦਾਅਵਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਡਾਕਟਰੀ ਸਲਾਹ ਹੁੰਦੀ ਹੈI ਸ਼ੂਗਰ ਦੇ ਮਰੀਜ਼ਾਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਸਹੀ ਦੇਖਭਾਲ ਦੀ ਲੋੜ ਹੁੰਦੀ ਹੈI

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)