ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਲਿਆਂਦੀ 'ਵਹੀਕਲ ਟੂ ਵਹੀਕਲ' ਸੰਚਾਰ ਤਕਨੀਕ ਕੀ ਹੈ? ਧੁੰਦ ਤੇ ਹਨੇਰੇ 'ਚ ਕਿਵੇਂ ਕੰਮ ਕਰੇਗੀ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਰਕਾਰ ਸੜਕੀ ਹਾਸਦਿਆਂ ਨੂੰ ਘਟਾਉਣ ਲਈ ਇੱਕ ਵਾਹਨ ਤੋਂ ਦੂਜੇ ਵਾਹਨ ਤੱਕ ਸੰਚਾਰ ਵਾਲੀ ਤਕਨੀਕ ਲਿਆ ਰਹੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਵਹੀਕਲ ਟੂ ਵਹੀਕਲ ਸੰਚਾਰ ਤਕਨੀਕ ਲਾਗੂ ਕਰੇਗੀ ਜੋ ਵਾਇਰਲੈਸ ਸੰਚਾਰ ਹੋਵੇਗਾ ਯਾਨੀ ਦੋ ਕਾਰਾਂ ਵਿੱਚ ਸੰਵਾਦ ਹੋਣ ਨਾਲ ਕਾਰਾਂ ਆਪਣੇ ਆਪ ਰੁੱਕ ਜਾਣਗੀਆਂ ਜਿਸ ਨਾਲ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇਗਾ।
ਨਵੀਂ ਦਿੱਲੀ ਵਿੱਚ ਟਰਾਂਸਪੋਰਟ ਵਿਕਾਸ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਗਡਕਰੀ ਨੇ ਕਿਹਾ, "ਸਾਡੇ ਦੇਸ਼ ਵਿੱਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਲਗਭਗ 1.8 ਲੱਖ ਮੌਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚ ਲਗਭਗ 66 ਪ੍ਰਤੀਸ਼ਤ ਮੌਤਾਂ 18-34 ਸਾਲ ਦੀ ਉਮਰ ਵਰਗ ਵਿੱਚ ਹੁੰਦੀਆਂ ਹਨ।"
ਵਾਹਨ-ਤੋਂ-ਵਾਹਨ (V2V) ਸੰਚਾਰ ਲਈ ਇੱਕ ਆਨ-ਬੋਰਡ ਯੂਨਿਟ (OBU) ਲਗਾਇਆ ਜਾਵੇਗਾ। ਇਸ ਨੂੰ ਇੱਕ ਤੋਂ ਬਾਅਦ ਇੱਕ ਕਾਰ ਦੇ ਆਪਸ ਵਿੱਚ ਟਕਰਾਉਣ ਦੀਆਂ ਘਟਨਾਵਾਂ, ਧੁੰਦ ਦੌਰਾਨ ਹਾਸਦੇ ਅਤੇ ਪਾਰਕ ਕੀਤੇ ਵਾਹਨਾਂ ਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕਾਰਗਰ ਦੱਸਿਆ ਜਾ ਰਿਹਾ ਹੈ।
ਨਿਤਿਨ ਗਡਕਰੀ ਨੇ ਕਿਹਾ, "ਅਸੀਂ ਪਹਿਲੀ ਵਾਰ ਇਹ ਕ੍ਰਾਂਤੀਕਾਰੀ ਫੈਸਲਾ ਲਿਆ ਹੈ। ਇਸ ਨਾਲ ਅਸੀਂ ਦੁਰਘਟਨਾਵਾਂ ਨੂੰ ਟਾਲ ਸਕਾਂਗੇ।"
ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਸਕੱਤਰ ਵੀ. ਉਮਾਸ਼ੰਕਰ ਨੇ ਦੱਸਿਆ ਕਿ ਵਹੀਕਲ ਟੂ ਵਹੀਕਲ ਸੰਚਾਰ ਤਕਨੀਕ ਬਹੁਤ ਹੀ ਘੱਟ ਦੇਸ਼ਾਂ ਵਿੱਚ ਹੈ।
'ਵਹੀਕਲ ਟੂ ਵਹੀਕਲ' ਸੰਚਾਰ ਤਕਨੀਕ ਕੀ ਹੈ?

ਤਸਵੀਰ ਸਰੋਤ, Getty Images
ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਵਹੀਕਲ ਟੂ ਵਹੀਕਲ ਸੰਚਾਰ ਵਾਲਾ ਸਿਸਟਮ ਵਾਇਰਲੈਸ ਤਕਨੀਕ ਰਾਹੀਂ ਕਾਰਾਂ ਨੂੰ ਆਪਣੇ ਤੌਰ 'ਤੇ ਆਪਸ ਵਿੱਚ ਸੰਵਾਦ ਕਰਨ ਦਿੰਦਾ ਹੈ। ਯਾਨੀ ਜਦੋਂ ਦੋਵਾਂ ਕਾਰਾਂ ਵਿੱਚ ਸੰਵਾਦ ਹੋਵੇਗਾ ਤਾਂ ਉਹ ਰੁਕ ਜਾਣਗੀਆਂ। ਭਾਵੇਂ ਹਨੇਰਾਂ ਜਾਂ ਕੁਝ ਵੀ ਹੋਵੇ। ਇਹ ਧੁੰਦ ਸਮੇਂ ਵੀ ਕੰਮ ਆਵੇਗੀ।
ਗਡਕਰੀ ਨੇ ਕਿਹਾ, "ਇਹ ਹਵਾਈ ਜਹਾਜ਼ ਦੇ ਧੁੰਦ ਵਿੱਚ ਉੱਤਰਣ ਵਾਲੀ ਤਕਨੀਕ ਵਰਗੀ ਹੈ। ਇਹ ਆਨ-ਬੋਰਡ ਯੂਨਿਟ ਕਾਰਾਂ ਵਿੱਚ ਲਗਾਈਆਂ ਜਾਣਗੀਆਂ ਤਾਂ ਕਿ ਕਾਰਾਂ ਵਿੱਚ ਵਾਇਰਲੈਸ ਡਾਟਾ ਸਾਂਝਾ ਕੀਤਾ ਜਾ ਸਕੇ। ਜਿਸ ਵਿੱਚ ਰੀਅਲ ਡਾਟਾ, ਜਿਵੇਂ ਰਫ਼ਤਾਰ, ਲੋਕੇਸ਼ਨ ਅਤੇ ਬਰੇਕਿੰਗ ਵਗੈਰਾ ਸ਼ਾਮਲ ਹੈ।"

ਤਸਵੀਰ ਸਰੋਤ, Getty Images
ਉਨ੍ਹਾਂ ਦੱਸਿਆ, "ਇਸ ਦਾ ਇਹ ਫ਼ਾਇਦਾ ਹੈ ਕਿ ਇਹ ਡਰਾਇਵਰ ਨੂੰ ਪਹਿਲਾਂ ਅਗਾਹ ਕਰਕੇ ਦੁਰਘਟਨਾ ਤੋਂ ਬਚਾਵੇਗੀ। ਇਸ ਨਾਲ ਡਰਾਇਵਰ ਨੂੰ ਚੇਤਾਵਨੀ ਮਿਲ ਜਾਵੇਗੀ ਕਿ ਸਾਹਮਣੇ ਗੱਡੀ ਖੜੀ ਹੈ।
ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਸਕੱਤਰ ਵੀ. ਉਮਾਸ਼ੰਕਰ ਨੇ ਦੱਸਿਆ ਕਿ, "ਇਸ ਨਾਲ ਵਾਹਨ ਆਪਣੇ ਆਪ ਦੂਜੇ ਵਾਹਨ ਨਾਲ ਬਿਨਾਂ ਨੈਟਵਰਕ ਵਿੱਚ ਜਾਏ ਸੰਚਾਰ ਕਰ ਸਕਦਾ ਹੈ। ਇਸ ਦੇ ਆਉਣ ਨਾਲ ਸੜਕ ਸੁਰੱਖਿਆ ਵਿੱਚ ਬਹੁਤ ਪ੍ਰਭਾਵ ਪਵੇਗਾ।"
ਉਨ੍ਹਾਂ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਇਹ ਉੱਥੇ ਕੰਮ ਆਵੇਗਾ ਜਿੱਥੇ ਬਹੁਤ ਸਾਰੀਆਂ ਗੱਡੀਆਂ ਅਤੇ ਟਰੱਕ ਸੜਕਾਂ ਉੱਪਰ ਖੜੇ ਰਹਿੰਦੇ ਹਨ। ਇਸ ਨਾਲ ਅਸੀਂ ਅਜਿਹੇ ਹਾਦਸੇ ਖ਼ਤਮ ਕਰ ਸਕਾਂਗੇ ਕਿਉਂਕਿ ਇਸ ਨਾਲ ਆਪਣੇ ਆਪ ਚੇਵਾਨਤੀ ਮਿਲ ਜਾਵੇਗੀ।"
ਕਿੰਨੀ ਮਹਿੰਗੀ ਤਕਨੀਕ ਹੈ?

ਤਸਵੀਰ ਸਰੋਤ, Getty Images
ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਸਕੱਤਰ ਵੀ. ਉਮਾਸ਼ੰਕਰ ਮੁਤਾਬਕ ਇਸ ਦਾ ਖ਼ਰਚਾ ਪ੍ਰਤੀ ਵਾਹਨ 5 ਤੋਂ 7 ਹਜ਼ਾਰ ਰੁਪਏ ਦਾ ਹੈ।
ਉਨ੍ਹਾਂ ਕਿਹਾ, "ਇਸ ਦੇ ਸਟੈਂਡਰਡ ਪੂਰੇ ਹੋਣ ਬਾਅਦ ਅਸੀਂ ਨੋਟੀਫਿਕੇਸ਼ਨ ਕੱਢ ਦੇਵਾਂਗੇ ਕਿ ਪਹਿਲਾਂ ਨਵੀਆਂ ਗੱਡੀਆਂ ਵਿੱਚ ਲੱਗੇ ਅਤੇ ਬਾਅਦ ਵਿੱਚ ਪੁਰਾਣੀਆਂ ਗੱਡੀਆਂ ਵਿੱਚ ਵੀ ਸਥਾਪਿਤ ਹੋ ਜਾਵੇਗਾ। ਇਸ ਨੂੰ ਇਸੇ ਸਾਲ ਪੂਰੀ ਤਰ੍ਹਾਂ ਲਾਗੂ ਕਰਾਂਗੇ।"
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਇਸ ਲਈ 'ਦੂਰਸੰਚਾਰ ਵਿਭਾਗ ਨਾਲ ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਹੈ।'
ਗਡਕਰੀ ਨੇ ਕਿਹਾ, "ਦੂਰਸੰਚਾਰ ਵਿਭਾਗ ਵੀ2ਵੀ ਦੇ ਉਦੇਸ਼ਾਂ ਲਈ 30 MHz (5.875-5.905 GHz) ਦੀ ਵਰਤੋਂ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ।"

ਵਹੀਕਲ ਟੂ ਵਹੀਕਲ ਸੰਚਾਰ ਦੀਆਂ ਕੀ ਚੁਣੌਤੀਆਂ ?

ਤਸਵੀਰ ਸਰੋਤ, Getty Images
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਸਰਕਾਰ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਮੋਟਰ ਵਾਹਨ ਐਕਟ ਵਿੱਚ ਸੋਧਾਂ ਲੈ ਕੇ ਆਵੇਗੀ।
ਮੀਟਿੰਗ ਵਿੱਚ ਸੜਕ ਸੁਰੱਖਿਆ, ਯਾਤਰੀ ਅਤੇ ਜਨਤਕ ਸਹੂਲਤ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਆਟੋਮੋਬਾਈਲ ਨਿਯਮਾਂ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਦੀ ਪੜਾਅਵਾਰ ਸ਼ੁਰੂਆਤ ਬਾਰੇ ਵੀ ਚਰਚਾ ਕੀਤੀ ਗਈ।
ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰ ਰਵੀ ਸਿੰਘ ਆਹਲੂਵਾਲੀਆ ਕਹਿੰਦੇ ਹਨ ਕਿ ਵਹੀਕਲ ਟੂ ਵਹੀਕਲ ਸੰਚਾਰ ਦਾ ਵਿਚਾਰ ਕਾਫ਼ੀ ਚੰਗਾ ਹੈ ਪਰ ਇਸ ਤੋਂ ਪਹਿਲਾਂ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਲਾਗੂ ਹੋਣਾ ਜ਼ਰੂਰੀ ਹੈ।
ਰਵੀ ਸਿੰਘ ਆਹਲੂਵਾਲੀਆ ਕਹਿੰਦੇ ਹਨ, "ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਸੈਂਸਰ ਵਾਲਾ ਹੁੰਦਾ ਹੈ ਅਤੇ ਦੋ ਕਾਰਾਂ ਵਿੱਚ ਦੂਰੀ ਬਣਾ ਕੇ ਰੱਖਦਾ ਹੈ। ਮੈਨੂੰ ਲੱਗਦਾ ਹੈ ਕਿ ਵਹੀਕਲ ਟੂ ਵਹੀਕਲ ਸੰਚਾਰ ਉੱਥੇ ਹੀ ਪ੍ਰਭਾਵਸ਼ਾਲੀ ਹੋਵੇਗਾ ਜਿੱਥੇ ਦੋਵਾਂ ਗੱਡੀਆਂ ਵਿੱਚ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਹੋਵੇਗਾ। ਸਾਡੇ ਇੱਥੇ ਦੂਰੀ ਦਾ ਧਿਆਨ ਰੱਖ ਕੇ ਡਰਾਇਵਿੰਗ ਵੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਜ਼ਿਆਦਾਤਰ ਲੇਨ ਵਿੱਚ ਡਰਾਇਵਿੰਗ ਕੀਤੀ ਜਾਂਦੀ ਹੈ।"
ਆਹਲੂਵਾਲੀਆ ਅੱਗੇ ਸਮਝਾਉਂਦੇ ਹਨ, "ਜੇਕਰ ਅਸੀਂ 100 ਦੀ ਗਤੀ ਉੱਤੇ ਸੜਕ 'ਤੇ ਜਾਂਦੇ ਹਾਂ ਤਾਂ ਜੋ ਦੂਰੀ ਕਵਰ ਹੋਈ ਹੈ, ਉਹ ਕੁਝ ਸਕਿੰਟਾਂ ਵਿੱਚ ਹੀ ਕਵਰ ਹੋ ਜਾਂਦੀ ਹੈ। ਇਸ ਦੌਰਾਨ ਜੇਕਰ ਵੀ-ਟੂ-ਵੀ ਡਿਵਾਇਸ ਕੁਝ ਸੰਦੇਸ਼ ਵੀ ਦੇਵੇਗੀ ਤਾਂ ਵੀ ਸਾਡੇ ਕੋਲ ਸੰਭਲਣ ਲਈ ਉੱਚਿਤ ਸਮਾਂ ਨਹੀਂ ਹੋਵੇਗਾ। ਹੁਣ ਜੇਕਰ ਦੋਵਾਂ ਵਹੀਕਲਾਂ ਵਿੱਚ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਹੋਵੇ ਤਾਂ ਉਹ ਆਪਸ ਵਿੱਚ ਸੰਚਾਰ ਕਰ ਸਕਦੇ ਹਨ, ਇੱਥੇ ਏਡੀਏਐੱਸ ਸਭ ਵਾਹਨਾਂ ਵਿੱਚ ਲਾਜ਼ਮੀ ਕਰਵਾ ਪਵੇਗਾ ਨਹੀਂ ਤਾਂ ਇਹ ਸੰਭਵ ਨਹੀਂ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)












