ਅੰਮ੍ਰਿਤਸਰ ਦੇ ਕੈਪਟਨ ਸਵਰਾਜਦੀਪ ਸਿੰਘ ਸਣੇ ਸੱਤ ਲੋਕਾਂ ਨੇ ਏਅਰ ਐਂਬੂਲੈਂਸ ਜਹਾਜ਼ ਹਾਦਸੇ ’ਚ ਜਾਨ ਗੁਆਈ, ਜਾਣੋ ਡੀਜੀਸੀਏ ਨੇ ਕੀ ਕਿਹਾ

ਪਾਇਲਟ ਸਵਰਾਜਦੀਪ ਸਿੰਘ

ਤਸਵੀਰ ਸਰੋਤ, Ravinder singh robin

    • ਲੇਖਕ, ਮੁਹੰਮਦ ਸਰਤਾਜ ਆਲਮ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 5 ਮਿੰਟ

ਸੋਮਵਾਰ ਸ਼ਾਮ ਨੂੰ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਕਰਮਾਟੰਡ ਜੰਗਲ ਵਿੱਚ ਇੱਕ ਚਾਰਟਰਡ ਏਅਰ ਐਂਬੂਲੈਂਸ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ।

ਦਰਅਸਲ ਇਸ ਵਿੱਚ ਮਰੀਜ਼ ਸੰਜੇ ਕੁਮਾਰ ਨੂੰ ਬਿਹਤਰ ਇਲਾਜ ਲਈ ਰਾਂਚੀ ਤੋਂ ਦਿੱਲੀ ਲਿਜਾਇਆ ਜਾ ਰਿਹਾ ਸੀ।

ਸੱਤ ਮ੍ਰਿਤਕਾਂ ਵਿੱਚ ਜਹਾਜ਼ ਦੇ ਕੈਪਟਨ ਵਿਵੇਕ ਵਿਕਾਸ ਭਗਤ ਅਤੇ ਅੰਮ੍ਰਿਤਸਰ ਵਾਸੀ ਕੈਪਟਨ ਸਵਰਾਜਦੀਪ ਸਿੰਘ ਤੋਂ ਇਲਾਵਾ ਮਰੀਜ਼ ਸੰਜੇ ਕੁਮਾਰ, ਉਸਦੀ ਪਤਨੀ ਅਰਚਨਾ ਦੇਵੀ, ਉਸਦਾ ਭਤੀਜਾ ਧਰੁਵ ਕੁਮਾਰ, ਏਅਰ ਐਂਬੂਲੈਂਸ ਡਾਕਟਰ ਵਿਕਾਸ ਕੁਮਾਰ ਗੁਪਤਾ ਅਤੇ ਪੈਰਾ ਮੈਡੀਕਲ ਸਟਾਫ ਮੈਂਬਰ ਸਚਿਨ ਕੁਮਾਰ ਮਿਸ਼ਰਾ ਸ਼ਾਮਲ ਸਨ।

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਸੰਜੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਰਚਨਾ ਦੇਵੀ

ਤਸਵੀਰ ਸਰੋਤ, Mohammad Sartaj Alam/BBC

ਤਸਵੀਰ ਕੈਪਸ਼ਨ, ਜਹਾਜ਼ ਹਾਦਸੇ ਵਿੱਚ ਸੰਜੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਰਚਨਾ ਦੇਵੀ ਦੀ ਵੀ ਮੌਤ ਹੋਈ ਹੈ

ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਰਹਿਣ ਵਾਲੇ 41 ਸਾਲਾ ਸੰਜੇ ਕੁਮਾਰ 16 ਫਰਵਰੀ ਦੀ ਸ਼ਾਮ ਸਤਰਬਰਵਾ ਵਿੱਚ ਆਪਣੇ ਢਾਬੇ 'ਤੇ ਸਨ, ਉਸੇ ਸਮੇਂ ਐੱਲਪੀਜੀ ਸਿਲੰਡਰ ਵਿੱਚ ਧਮਾਕਾ ਹੋ ਗਿਆ ਅਤੇ ਉਹ ਇਸ ਵਿੱਚ ਗੰਭੀਰ ਰੂਪ ਨਾਲ ਝੁਲਸੇ ਗਏ।

ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰਾਂਚੀ ਸਥਿਤ ਦੇਵਕਮਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ।

ਉਨ੍ਹਾਂ ਦੇ ਛੋਟੇ ਭਰਾ ਸੁਜੀਤ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਛੇ ਦਿਨ ਗੁਜ਼ਰਨ ਦੇ ਬਾਵਜੂਦ ਭਰਾ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਇਸ ਦੌਰਾਨ ਪੰਦਰਾਂ ਲੱਖ ਰੁਪਏ ਖਰਚ ਹੋ ਗਏ ਸਨ। ਅਜਿਹੇ ਵਿੱਚ ਅਸੀਂ ਸਾਰੇ ਭਰਾਵਾਂ ਨੇ ਤੈਅ ਕੀਤਾ ਕਿ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲੈ ਕੇ ਜਾਵਾਂਗੇ।"

ਸੁਜੀਤ ਕੁਮਾਰ ਰੋਂਦੇ ਹੋਏ ਕਹਿੰਦੇ ਹਨ, "ਪਰ ਉਨ੍ਹਾਂ ਨੂੰ ਜੀਵਨ ਹੀ ਨਸੀਬ ਨਹੀਂ ਸੀ, ਇਸ ਲਈ ਪਰਮਾਤਮਾ ਨੇ ਇੱਕ ਹਾਦਸੇ ਦੇ ਬਹਾਨੇ ਭਰਾ, ਭਾਬੀ ਅਤੇ ਭਾਣਜੇ ਧਰੁਵ ਕੁਮਾਰ ਨੂੰ ਸਾਡੇ ਤੋਂ ਖੋਹ ਲਿਆ।"

ਮ੍ਰਿਤਕਾਂ ਵਿੱਚ ਇਕਲੌਤੀ ਔਰਤ 32 ਸਾਲਾ ਅਰਚਨਾ ਦੇਵੀ ਸੰਜੇ ਕੁਮਾਰ ਦੀ ਪਤਨੀ ਹੈ।

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਅਰਚਨਾ ਦੇਵੀ ਅਤੇ ਸੰਜੇ ਕੁਮਾਰ ਦੇ ਬੇਟੇ ਦੀ ਜ਼ਿੰਮੇਦਾਰੀ ਹੁਣ ਸੰਜੇ ਕੁਮਾਰ ਦੇ ਭਰਾਵਾਂ ਉਪਰ ਆ ਗਈ ਹੈ। ਸੰਜੇ ਕੁਮਾਰ ਸਣੇ ਚਾਰ ਭਰਾ ਇਕੱਠੇ ਪਰਿਵਾਰ ਵਿੱਚ ਰਹਿੰਦੇ ਸਨ।

ਸੰਜੇ ਕੁਮਾਰ ਦਾ ਵੱਡਾ ਪੁੱਤਰ ਇਸ ਸਾਲ ਹਾਈ ਸਕੂਲ ਦੀ ਪ੍ਰੀਖਿਆ ਦੇ ਰਿਹਾ ਹੈ, ਜਦਕਿ ਉਨ੍ਹਾਂ ਛੋਟਾ ਬੇਟਾ ਪੰਜਵੀਂ ਕਲਾਸ ਵਿੱਚ ਹੈ।

ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਕੈਪਟਨ ਸਵਰਾਜਦੀਪ ਸਿੰਘ

ਹਾਦਸਾਗ੍ਰਸਤ ਜਹਾਜ਼

ਤਸਵੀਰ ਸਰੋਤ, Mohammad Sartaj Alam/BBC

ਤਸਵੀਰ ਕੈਪਸ਼ਨ, ਇਸ ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ

ਇਸ ਏਅਰ ਐਂਬੂਲੈਂਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਕੈਪਟਨ ਸਵਰਾਜਦੀਪ ਸਿੰਘ ਵੀ ਹਨ, ਜੋ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਨਗਰ ਇਲਾਕੇ ਦੇ ਰਹਿਣ ਵਾਲੇ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਸਵਰਾਜਦੀਪ ਸਿੰਘ ਨੇ ਕਰੀਬ ਡੇਢ ਸਾਲ ਪਹਿਲਾਂ ਹੀ ਬਤੌਰ ਪਾਇਲਟ ਆਪਣੀ ਡਿਊਟੀ ਜੁਆਈਨ ਕੀਤੀ ਸੀ। ਉਨ੍ਹਾਂ ਦੇ ਵਿਆਹ ਨੂੰ ਸਿਰਫ ਦੋ ਸਾਲ ਹੋਏ ਸਨ ਅਤੇ ਉਨ੍ਹਾਂ ਦਾ ਇੱਕ ਛੋਟਾ ਜਿਹਾ ਬੇਟਾ ਵੀ ਹੈ।

ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਸਵਰਾਜਦੀਪ ਸਿੰਘ ਇੱਕ ਮਿਲਣਸਾਰ ਵਿਅਕਤੀ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਸਵਰਾਜਦੀਪ ਸਿੰਘ ਦੇ ਆਪਣੇ ਪਰਿਵਾਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਰਾਂਚੀ ਤੋਂ ਦਿੱਲੀ ਜਾ ਰਿਹਾ ਹੈ ਅਤੇ ਉਥੇ ਪਹੁੰਚ ਕੇ ਦੁਬਾਰਾ ਫੋਨ ਕਰੇਗਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਵਿੱਚ ਮੀਡੀਆ ਰਾਹੀਂ ਹਾਦਸੇ ਦੀ ਸੂਚਨਾ ਮਿਲੀ ਅਤੇ ਫਿਰ ਕੰਪਨੀ ਨੇ ਈ-ਮੇਲ ਰਾਹੀਂ ਮੌਤ ਦੀ ਪੁਸ਼ਟ ਕੀਤੀ।

'ਬਹੁਤ ਚਾਅ ਨਾਲ ਪੁੱਤਰ ਨੂੰ ਪਾਇਲਟ ਬਣਾਇਆ ਸੀ'

ਉਧਰ ਜਹਾਜ਼ ਦੇ ਕੈਪਟਨ ਵਿਵੇਕ ਵਿਕਾਸ ਭਗਤ ਦੇ ਘਰ ਵਿੱਚ ਵੀ ਗਮਗੀਨ ਮਾਹੌਲ ਹੈ।

ਉਨ੍ਹਾਂ ਦੇ ਪਿਤਾ ਦੇਵ ਸਹਾਏ ਭਗਤ ਕਹਿੰਦੇ ਹਨ, "ਮੈਂ ਹੁਣ ਕੀ ਕਹਾਂ ਮੇਰੀ ਤਾਂ ਦੁਨੀਆ ਹੀ ਉਜੜ ਗਈ, ਬਹੁਤ ਚਾਅ ਨਾਲ ਅਸੀਂ ਪੁੱਤਰ ਵਿਵੇਕ ਨੂੰ ਪਾਇਲਟ ਬਣਾਇਆ ਸੀ।"

ਵਿਵੇਕ ਵਿਕਾਸ ਭਗਤ ਨੇ ਸਤੰਬਰ 2022 ਵਿੱਚ ਇੱਕ ਏਅਰ ਐਂਬੂਲੈਂਸ ਪਾਇਲਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਭੈਣ, ਉਨ੍ਹਾਂ ਦੀ ਮਾਂ ਅਤੇ ਪਿਤਾ ਦੇਵ ਸਹਾਏ ਭਗਤ ਹਨ। ਦੇਵ ਸਹਾਏ ਚਤਰਾ ਦੇ ਪੇਂਡੂ ਵਿਭਾਗ ਵਿੱਚ ਇੱਕ ਇੰਜੀਨੀਅਰ ਹਨ।

ਡਾਕਟਰ ਵਿਕਾਸ ਕੁਮਾਰ ਗੁਪਤਾ

ਤਸਵੀਰ ਸਰੋਤ, Mohammad Sartaj Alam/BBC

ਤਸਵੀਰ ਕੈਪਸ਼ਨ, ਏਅਰ ਐਂਬੂਲੈਂਸ ਵਿੱਚ ਡਾਕਟਰ ਵਿਕਾਸ ਕੁਮਾਰ ਗੁਪਤਾ ਵੀ ਸਵਾਲ ਸਨ

ਦੇਵ ਸਹਾਏ ਭਗਤ ਕਹਿੰਦੇ ਹਨ, "ਉਹ ਮੈਨੂੰ 21 ਫਰਵਰੀ ਨੂੰ ਮਿਲ ਕੇ ਗਿਆ। ਮੈਂ 22 ਫਰਵਰੀ ਨੂੰ ਉਸ ਨਾਲ ਗੱਲ ਕੀਤੀ। ਰੱਬ ਜਾਣੇ ਕੀ ਹੋਇਆ ਕਿ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਉਹ ਹਮੇਸ਼ਾ ਲਈ ਚਲਾ ਗਿਆ।"

ਏਅਰ ਐਂਬੂਲੈਂਸ

ਤਸਵੀਰ ਸਰੋਤ, Mohammad Sartaj Alam/BBC

ਤਸਵੀਰ ਕੈਪਸ਼ਨ, ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਸ਼ਾਮ 7.11 ਵਜੇ ਰਾਂਚੀ ਤੋਂ ਉਡਾਣ ਭਰੀ ਸੀ

ਇਸ ਮਾਮਲੇ 'ਤੇ ਡੀਜੀਸੀਏ ਨੇ ਕੀ ਕਿਹਾ?

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰ ਐਂਬੂਲੈਂਸ ਜਹਾਜ਼ ਹਾਦਸੇ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਬਿਆਨ ਦੇ ਅਨੁਸਾਰ, 23 ਫਰਵਰੀ, 2026 ਨੂੰ, ਰੈੱਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦਾ ਇੱਕ ਬੀਚਕ੍ਰਾਫਟ ਸੀ90 ਜਹਾਜ਼ (ਵੀਟੀ-ਏਜੇਵੀ), ਜੋ ਰਾਂਚੀ-ਦਿੱਲੀ ਰੂਟ 'ਤੇ ਏਅਰ ਐਂਬੂਲੈਂਸ ਵਜੋਂ ਕੰਮ ਕਰ ਰਿਹਾ ਸੀ, ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਕਸਾਰੀਆ ਪੰਚਾਇਤ ਵਿੱਚ ਹਾਦਸਾਗ੍ਰਸਤ ਹੋ ਗਿਆ।

ਜਹਾਜ਼, ਜਿਸ ਵਿੱਚ ਦੋ ਚਾਲਕ ਦਲ ਦੇ ਮੈਂਬਰਾਂ ਸਮੇਤ ਸੱਤ ਲੋਕ ਸਨ, ਨੇ ਰਾਂਚੀ ਤੋਂ ਸ਼ਾਮ 7:11 ਵਜੇ ਭਾਰਤੀ ਸਮੇਂ ਅਨੁਸਾਰ ਉਡਾਣ ਭਰੀ ਸੀ।

ਪਰ ਕੋਲਕਾਤਾ ਨਾਲ ਸੰਪਰਕ ਸਥਾਪਤ ਕਰਨ ਤੋਂ ਬਾਅਦ, ਜਹਾਜ਼ ਨੇ ਖਰਾਬ ਮੌਸਮ ਕਾਰਨ ਮਾਰਗ ਬਦਲਣ ਦੀ ਬੇਨਤੀ ਕੀਤੀ।

ਸਵੇਰੇ 7:34 ਵਜੇ, ਜਹਾਜ਼ ਦਾ ਕੋਲਕਾਤਾ ਨਾਲ ਸੰਪਰਕ ਅਤੇ ਰਾਡਾਰ ਸੰਪਰਕ ਟੁੱਟ ਗਿਆ, ਜੋ ਵਾਰਾਣਸੀ ਤੋਂ ਲਗਭਗ 100 ਸਮੁੰਦਰੀ ਮੀਲ ਦੱਖਣ-ਪੂਰਬ ਵਿੱਚ ਹੈ, ਜਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਦੀ ਖੋਜ ਅਤੇ ਬਚਾਅ ਟੀਮ ਨੇ ਗੁਆਂਢੀ ਜ਼ਿਲ੍ਹੇ ਲਾਤੇਹਾਰ ਦੇ ਘਟਨਾ ਸਥਾਨ ਕਰਮਾਟੰਡ ਤੋਂ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰੈਸਕਿਊ ਕੀਤਾ।

 ਇਰਫਾਨ ਅੰਸਾਰੀ

ਤਸਵੀਰ ਸਰੋਤ, Mohammad Sartaj Alam/BBC

ਤਸਵੀਰ ਕੈਪਸ਼ਨ, ਝਾਰਖੰਡ ਦੇ ਸਿਹਤ ਮੰਤਰੀ ਇਰਫਾਨ ਅੰਸਾਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ

ਸੂਬੇ ਦੇ ਸਿਹਤ ਮੰਤਰੀ ਨੇ ਕੀ ਕਿਹਾ?

ਇਸ ਦੌਰਾਨ ਝਾਰਖੰਡ ਦੇ ਸਿਹਤ ਮੰਤਰੀ ਇਰਫਾਨ ਅੰਸਾਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ।

ਮੰਤਰੀ ਇਰਫਾਨ ਅੰਸਾਰੀ ਨੇ ਕਿਹਾ, "ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਲਈ ਅਧਿਕਾਰੀਆਂ ਨੂੰ ਜ਼ਰੂਰੀ ਪ੍ਰਕਿਰਿਆ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।"

ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇਰਫਾਨ ਅੰਸਾਰੀ ਨੇ ਕਿਹਾ, "ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬਹੁਤ ਗੰਭੀਰ ਮਾਮਲਾ ਹੈ।"

ਉਨ੍ਹਾਂ ਕਿਹਾ, "ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕੀ ਚਾਰਟਰਡ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ ਜਾਂ ਨਹੀਂ? ਜੇਕਰ ਤਕਨੀਕੀ ਖਾਮੀਆਂ ਹਨ ਤਾਂ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)