ਸੈਪਸਿਸ ਕੀ ਹੈ ਜਿਸ ਕਾਰਨ ਮਨਜੀਤ ਸੰਘਾ ਦੇ ਚਾਰੇ ਹੱਥ-ਪੈਰ ਕੱਟਣੇ ਪਏ, "ਸ਼ਨੀਵਾਰ ਨੂੰ ਉਹ ਕੁੱਤੇ ਨਾਲ ਖੇਡ ਰਹੀ ਸੀ, ਐਤਵਾਰ ਨੂੰ ਕੰਮ 'ਤੇ ਗਈ ਅਤੇ ਸੋਮਵਾਰ ਰਾਤ ਨੂੰ ਕੋਮਾ 'ਚ ਸੀ"

ਮਨਜੀਤ ਸੰਘਾ
ਤਸਵੀਰ ਕੈਪਸ਼ਨ, ਮਨਜੀਤ ਸੰਘਾ ਨੂੰ ਪਹਿਲੇ ਦਿਨ ਕੁਝ ਠੀਕ ਨਹੀਂ ਲੱਗ ਰਿਹਾ ਸੀ, ਫਿਰ ਅਗਲੀ ਸਵੇਰ ਤੱਕ ਉਹ ਬੇਹੋਸ਼ ਹੋ ਗਏ
    • ਲੇਖਕ, ਜੋਸ਼ ਸੈਂਡੀਫੋਰਡ
    • ਰੋਲ, ਵੋਲਵਰਹੈਂਪਟਨ ਤੋਂ
  • ਪੜ੍ਹਨ ਦਾ ਸਮਾਂ: 5 ਮਿੰਟ

ਚੇਤਾਵਨੀ: ਇਸ ਲੇਖ ਦੀਆਂ ਕੁਝ ਤਸਵੀਰਾਂ ਅਤੇ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

32 ਹਫ਼ਤੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ, ਕਈ ਵਾਰ ਕਾਰਡੀਐਕ ਅਰੈਸਟ ਹੋਣ ਤੋਂ ਬਾਅਦ ਅਤੇ ਚਾਰ ਅੰਗ ਕੱਟੇ ਜਾਣ ਤੋਂ ਬਾਅਦ, ਸੈਪਸਿਸ ਤੋਂ ਬਚੇ ਮਨਜੀਤ ਸੰਘਾ ਆਖ਼ਿਰਕਾਰ ਆਪਣੇ ਘਰ ਵਾਪਸ ਆ ਗਏ ਹਨ।

ਡਾਕਟਰਾਂ ਨੂੰ ਲੱਗਦਾ ਸੀ ਕਿ 56 ਸਾਲਾ ਮਨਜੀਤ ਸ਼ਾਇਦ ਬਚ ਨਹੀਂ ਸਕਣਗੇ, ਪਰ ਬੁੱਧਵਾਰ ਨੂੰ ਜਦੋਂ ਉਨ੍ਹਾਂ ਨੂੰ ਬਰਮਿੰਘਮ ਦੇ ਮੋਸੇਲੇ ਹਾਲ ਦੇ ਵਾਰਡ 9 ਤੋਂ ਛੁੱਟੀ ਹੋਈ ਅਤੇ ਉਹ ਵੋਲਵਰਹੈਂਪਟਨ/ਸਟਾਫਰਡਸ਼ਾਇਰ ਸਰਹੱਦ 'ਤੇ ਪੈਨ ਵਿੱਚ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਇੱਕ ਹੀਰੋ ਵਾਂਗ ਸਵਾਗਤ ਕੀਤਾ।

ਡਾਕਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸੈਪਸਿਸ ਸ਼ਾਇਦ ਉਨ੍ਹਾਂ ਦੇ ਕੁੱਤੇ ਵੱਲੋਂ ਕਿਸੇ ਛੋਟੇ ਕਟ ਜਾਂ ਖਰੋਚ ਨੂੰ ਚੱਟਣ ਕਾਰਨ ਹੋਇਆ ਹੋਵੇ।

ਹੁਣ ਜਦੋਂ ਉਹ ਸਿਹਤਯਾਬ ਹੋ ਰਹੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਨ, ਤਾਂ ਉਹ ਦੂਜਿਆਂ ਨੂੰ ਵੀ ਸੈਪਸਿਸ ਦੇ ਖ਼ਤਰੇ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ "ਇਹ ਕਿਸੇ ਨਾਲ ਵੀ ਹੋ ਸਕਦਾ ਹੈ"।

ਉਨ੍ਹਾਂ ਕਿਹਾ, "ਇਸ ਤਜਰਬੇ ਨੂੰ ਬਿਆਨ ਮੁਸ਼ਕਲ ਹੈ। ਥੋੜ੍ਹੇ ਸਮੇਂ ਵਿੱਚ ਆਪਣੇ ਅੰਗ ਅਤੇ ਹੱਥ ਗੁਆ ਦੇਣਾ ਬਹੁਤ ਵੱਡੀ ਗੱਲ ਹੈ।

"ਇਹ ਬਹੁਤ ਗੰਭੀਰ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।"

ਸੈਪਸਿਸ ਕੀ ਹੈ?

ਮਨਜੀਤ ਸੰਘਾ
ਤਸਵੀਰ ਕੈਪਸ਼ਨ, ਡਾਕਟਰਾਂ ਨੂੰ ਲੱਗਦਾ ਸੀ ਕਿ 56 ਸਾਲਾ ਮਨਜੀਤ ਸ਼ਾਇਦ ਬਚ ਨਹੀਂ ਸਕਣਗੇ

ਸੈਪਸਿਸ ਇੱਕ ਦੁਰਲੱਭ ਪਰ ਗੰਭੀਰ ਮੈਡੀਕਲ ਸਥਿਤੀ (ਬਿਮਾਰੀ) ਹੈ, ਜੋ ਉਦੋਂ ਹੁੰਦੀ ਹੈ ਜਦੋਂ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ, ਜੋ ਬਿਮਾਰੀ ਅਤੇ ਇਨਫੈਕਸ਼ਨ ਨਾਲ ਲੜਨ ਲਈ ਹੁੰਦੀ ਹੈ, ਸਰੀਰ ਦੇ ਆਪਣੇ ਟਿਸ਼ੂ ਅਤੇ ਅੰਗਾਂ 'ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ।

ਐਨਐਚਐਸ ਦੇ ਅਨੁਸਾਰ ਇਹ ਜਾਨਲੇਵਾ ਹੋ ਸਕਦੀ ਹੈ ਅਤੇ ਇਸਨੂੰ ਪਛਾਣਨਾ ਔਖਾ ਹੋ ਸਕਦਾ ਹੈ, ਜਦਕਿ ਯੂਕੇ ਸੈਪਸਿਸ ਟਰੱਸਟ ਦਾ ਕਹਿਣਾ ਹੈ ਕਿ ਹਰ ਸਾਲ ਯੂਕੇ ਵਿੱਚ ਸੈਪਸਿਸ ਨਾਲ ਸੰਬੰਧਿਤ ਲਗਭਗ 50,000 ਮੌਤਾਂ ਹੁੰਦੀਆਂ ਹਨ।

ਵੱਡਿਆਂ ਦੇ ਲੱਛਣਾਂ ਵਿੱਚ ਜ਼ਬਾਨ ਲੜਖੜਾਉਣਾ, ਬਹੁਤ ਜ਼ਿਆਦਾ ਕੰਬਣਾ ਜਾਂ ਮਾਸਪੇਸ਼ੀਆਂ ਵਿੱਚ ਦਰਦ, ਸਾਹ ਲੈਣ 'ਚ ਦਿੱਕਤ ਅਤੇ ਚਮੜੀ ਦਾ ਧੱਬੇਦਾਰ ਜਾਂ ਰੰਗ ਬਦਲਣਾ ਸ਼ਾਮਲ ਹੋ ਸਕਦਾ ਹੈ, ਹਾਲਾਂਕਿ ਇਹ ਇਨ੍ਹਾਂ ਲੱਛਣਾਂ ਤੱਕ ਹੀ ਸੀਮਿਤ ਨਹੀਂ ਹੁੰਦਾ।

ਕਿਵੇਂ ਵਿਗੜੀ ਤਬੀਅਤ

ਮਨਜੀਤ ਸੰਘਾ

ਤਸਵੀਰ ਸਰੋਤ, Kam Sangha

ਤਸਵੀਰ ਕੈਪਸ਼ਨ, 32 ਹਫ਼ਤੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ, ਕਈ ਵਾਰ ਕਾਰਡੀਐਕ ਅਰੈਸਟ ਹੋਣ ਤੋਂ ਬਾਅਦ ਅਤੇ ਚਾਰ ਅੰਗ ਕੱਟੇ ਜਾਣ ਤੋਂ ਬਾਅਦ, ਸੈਪਸਿਸ ਤੋਂ ਬਚੇ ਮਨਜੀਤ ਸੰਘਾ ਆਖ਼ਿਰਕਾਰ ਆਪਣੇ ਘਰ ਵਾਪਸ ਆ ਗਏ ਹਨ

ਮਨਜੀਤ ਸੰਘਾ, ਜੋ ਬਿਮਾਰੀ ਤੋਂ ਪਹਿਲਾਂ ਹਫ਼ਤੇ ਦੇ ਸੱਤੋਂ ਦਿਨ ਤੱਕ ਕੰਮ ਕਰਦੇ ਸਨ, ਪਿਛਲੇ ਸਾਲ ਜੁਲਾਈ ਦੇ ਇੱਕ ਐਤਵਾਰ ਨੂੰ ਜਦੋਂ ਦੁਪਹਿਰੇ ਘਰ ਆਏ ਤਾਂ ਉਨ੍ਹਾਂ ਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ।

ਅਗਲੀ ਸਵੇਰ ਤੱਕ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੇ ਹੱਥ-ਪੈਰ ਬਰਫ਼ ਵਾਂਗ ਠੰਢੇ ਸਨ, ਬੁੱਲ੍ਹ ਜਾਮਨੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ।

ਉਨ੍ਹਾਂ ਦੇ ਪਤੀ ਕੈਮ ਸੰਘਾ ਨੇ ਕਿਹਾ, "ਤੁਹਾਡਾ ਦਿਮਾਗ ਘੁੰਮ ਜਾਂਦਾ ਹੈ। ਤੁਸੀਂ ਸੋਚਦੇ ਹੋ '24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਕਿਵੇਂ ਹੋ ਸਕਦਾ ਹੈ?'''

"ਸ਼ਨੀਵਾਰ ਨੂੰ ਉਹ ਕੁੱਤੇ ਨਾਲ ਖੇਡ ਰਹੀ ਸੀ, ਐਤਵਾਰ ਨੂੰ ਕੰਮ ਤੇ ਗਈ, ਅਤੇ ਸੋਮਵਾਰ ਰਾਤ ਨੂੰ ਕੋਮਾ ਵਿੱਚ ਸੀ।"

ਮਨਜੀਤ ਸੰਘਾ ਅਤੇ ਕੈਮ ਸੰਘਾ
ਤਸਵੀਰ ਕੈਪਸ਼ਨ, ਕੈਮ ਸੰਘਾ ਆਪਣੀ ਪਤਨੀ ਦੀ ਸਹਾਇਤਾ ਲਈ ਸੱਤ ਮਹੀਨੇ ਤੋਂ ਕੰਮ ਤੋਂ ਛੁੱਟੀ 'ਤੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ 'ਤੇ ਬਹੁਤ ਮਾਣ ਹੈ।

ਮਨਜੀਤ ਸੰਘਾ ਦਾ ਦਿਲ ਵੋਲਵਰਹੈਂਪਟਨ ਦੇ ਨਿਊ ਕ੍ਰੋਸ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਦੌਰਾਨ ਛੇ ਵਾਰ ਧੜਕਣਾ ਬੰਦ ਹੋ ਗਿਆ ਸੀ।

ਫਿਰ ਡਡਲੀ ਦੇ ਰਸੇਲਜ਼ ਹਾਲ ਹਸਪਤਾਲ ਵਿੱਚ ਸਰਜਨਾਂ ਨੂੰ ਬਿਮਾਰੀ ਫੈਲਣ ਕਾਰਨ ਬਾਅਦ ਵਿੱਚ ਉਨ੍ਹਾਂ ਦੇ ਦੋਵੇਂ ਪੈਰ ਗੋਡਿਆਂ ਤੋਂ ਹੇਠਾਂ ਤੋਂ ਅਤੇ ਦੋਵੇਂ ਹੱਥ ਕੱਟਣੇ ਪਏ।

ਉਹ ਇੱਕ ਸਾਬਕਾ ਫਾਰਮੇਸੀ ਕਰਮਚਾਰੀ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਤਿੱਲੀ (ਸਪਲੀਨ) ਵੀ ਗੁਆ ਦਿੱਤੀ, ਨਿਮੋਨੀਆ ਨਾਲ ਜੰਗ ਕੀਤੀ ਅਤੇ ਪਿੱਤੇ 'ਚ ਪੱਥਰੀ ਬਣ ਗਈ, ਜਿਸ ਦੇ ਉਨ੍ਹਾਂ ਨੂੰ ਇੱਕ ਹੋਰ ਸਰਜਰੀ ਦੀ ਲੋੜ ਬਾਰੇ ਦੱਸਿਆ ਗਿਆ।

ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਪਹਿਲੇ ਮਹੀਨੇ ਦੀ ਮੈਨੂੰ ਕੋਈ ਯਾਦ ਨਹੀਂ।"

''ਉਹ ਬਹੁਤ ਮਜ਼ਬੂਤ ਹੈ''

ਮਨਜੀਤ ਸੰਘਾ

ਤਸਵੀਰ ਸਰੋਤ, Kam Sangha

ਤਸਵੀਰ ਕੈਪਸ਼ਨ, ਡਾਕਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਸੈਪਸਿਸ ਸ਼ਾਇਦ ਉਨ੍ਹਾਂ ਦੇ ਕੁੱਤੇ ਵੱਲੋਂ ਕਿਸੇ ਛੋਟੇ ਕਟ ਜਾਂ ਖਰੋਚ ਨੂੰ ਚੱਟਣ ਕਾਰਨ ਹੋਇਆ ਹੋਵੇ

60 ਸਾਲਾ ਕੈਮ ਸੰਘਾ, ਜੋ ਸਕਰੀਊਫਿਕਸ ਵਿੱਚ ਡਿਸਟ੍ਰੀਬਿਊਸ਼ਨ ਵਰਕਰ ਹਨ, ਆਪਣੀ ਪਤਨੀ ਦੀ ਸਹਾਇਤਾ ਲਈ ਸੱਤ ਮਹੀਨੇ ਤੋਂ ਕੰਮ ਤੋਂ ਛੁੱਟੀ 'ਤੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ 'ਤੇ ਬਹੁਤ ਮਾਣ ਹੈ।

ਉਨ੍ਹਾਂ ਕਿਹਾ, "ਉਹ ਬਹੁਤ ਮਜ਼ਬੂਤ ਹੈ।''

"ਹਰ ਦਿਨ ਇਹ ਲੱਗਦਾ ਸੀ ਕਿ 'ਅੱਜ ਉਹ ਚਲੀ ਜਾਵੇਗੀ', ਪਰ ਉਸਨੇ ਹਰ ਰੋਜ਼ ਸਾਬਤ ਕੀਤਾ ਕਿ ਉਹ ਕਿੰਨੀ ਮਜ਼ਬੂਤ ਹੈ।"

ਦੰਪਤੀ ਨੇ ਆਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਹਸਪਤਾਲ ਵਿੱਚ ਮਨਾਈ, ਨਾਲ ਹੀ ਕ੍ਰਿਸਮਸ ਦੇ ਸਮੇਂ ਮਨਜੀਤ ਸੰਘਾ ਦਾ ਜਨਮਦਿਨ ਵੀ ਉੱਥੇ ਹੀ ਲੰਘਿਆ।

"ਮੈਂ ਮੁੜ ਤੁਰਨਾ ਚਾਹੁੰਦੀ ਹਾਂ''

ਮਨਜੀਤ ਸੰਘਾ

ਤਸਵੀਰ ਸਰੋਤ, Kam Sangha

ਤਸਵੀਰ ਕੈਪਸ਼ਨ, ਮਨਜੀਤ ਸੰਘਾ ਕਹਿੰਦੇ ਹਨ, "ਮੈਂ ਮੁੜ ਤੁਰਨਾ ਚਾਹੁੰਦੀ ਹਾਂ। ਮੈਂ ਆਪਣੇ ਪ੍ਰੋਸਥੈਟਿਕਸ ਲੈ ਕੇ ਮੁੜ ਕੰਮ ਤੇ ਜਾਣਾ ਚਾਹੁੰਦੀ ਹਾਂ।''

ਹੁਣ ਇਹ ਦੰਪਤੀ ਅਧੁਨਿਕ ਪ੍ਰੋਸਥੈਟਿਕਸ ਲਈ ਫੰਡ ਇਕੱਠਾ ਕਰ ਰਹੇ ਹਨ, ਜਿਸ ਵਿੱਚ ਸੰਭਵ ਤੌਰ 'ਤੇ ਰੋਬੋਟਿਕ ਹੱਥ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਹਜ਼ਾਰਾਂ ਪੌਂਡ ਹੋ ਸਕਦੀ ਹੈ।

ਹੁਣ ਤੱਕ ਉਹ GoFundMe ਵੈੱਬਪੇਜ ਅਤੇ Screwfix ਵਿੱਚ ਫੰਡਰੇਜ਼ਿੰਗ ਰਾਹੀਂ 22,000 ਪੌਂਡ ਤੋਂ ਵੱਧ ਇਕੱਠੇ ਕਰ ਚੁੱਕੇ ਹਨ, ਜਿੱਥੇ ਮਨਜੀਤ ਸੰਘਾ ਫਾਰਮੇਸੀ ਦੇ ਕੰਮ ਨਾਲ ਨਾਲ ਵੀਕਐਂਡ ਸ਼ਿਫ਼ਟਾਂ ਵੀ ਕਰਦੇ ਸਨ।

ਹਾਲਾਂਕਿ ਉਹ ਜਾਣਦੇ ਹਨ ਕਿ ਅੱਗੇ ਦੀ ਰਾਹ ਮੁਸ਼ਕਲ ਹੈ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦਾ ਇਰਾਦਾ ਪੱਕਾ ਹੈ।

ਉਨ੍ਹਾਂ ਕਿਹਾ, "ਮੈਂ ਮੁੜ ਤੁਰਨਾ ਚਾਹੁੰਦੀ ਹਾਂ। ਮੈਂ ਆਪਣੇ ਪ੍ਰੋਸਥੈਟਿਕਸ ਲੈ ਕੇ ਮੁੜ ਕੰਮ ਤੇ ਜਾਣਾ ਚਾਹੁੰਦੀ ਹਾਂ।''

"ਮੈਂ ਕੁਰਸੀ ਅਤੇ ਬਿਸਤਰੇ 'ਤੇ ਬਹੁਤ ਬੈਠ ਚੁੱਕੀ ਹਾਂ। ਹੁਣ ਤੁਰਨ ਦਾ ਸਮਾਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)