'ਜਾਂ ਉਹ ਮਾਰ ਦੇਣਗੇ ਜਾਂ ਤੁਸੀਂ ਖੁਦ ਮਰ ਜਾਓ': ਡਰੱਗ ਕਾਰਟਲ ਵੱਲੋਂ ਅਗਵਾ ਕੀਤੇ ਲੋਕਾਂ ਨਾਲ ਕੀ-ਕੀ ਹੁੰਦਾ ਸੀ, ਬਚੇ ਲੋਕਾਂ ਨੇ ਦੱਸੇ ਰੂਹ ਕੰਬਾਊ ਵੇਰਵੇ

ਕੱਪੜਿਆਂ ਦੀ ਤਸਵੀਰ ਦਿਖਾਉਂਦੀ ਇੱਕ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਨੇ ਰੈਂਚੋ ਇਜ਼ਾਗੁਇਰੇ ਵਿਖੇ ਮਿਲੀਆਂ ਚੀਜ਼ਾਂ ਵਿੱਚੋਂ ਆਪਣੇ ਪਿਆਰਿਆਂ ਦੇ ਸਮਾਨ ਦੀ ਪਛਾਣ ਕੀਤੀ ਹੈ
    • ਲੇਖਕ, ਡਾਰਿਓ ਬਰੂਕਸ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪੜ੍ਹਨ ਦਾ ਸਮਾਂ: 8 ਮਿੰਟ

ਚੇਤਾਵਨੀ: ਇਸ ਰਿਪੋਰਟ ਦੇ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਪਹਿਲੀ ਵਾਰ ਬਾਹਰੀ ਦੁਨੀਆ ਨੇ ਰੈਂਚੋ ਇਜ਼ਾਗੁਇਰੇ ਦੇ ਅੰਦਰ ਦਾ ਮੰਜ਼ਰ ਉਦੋਂ ਦੇਖਿਆ ਜਦੋਂ ਪੱਛਮੀ ਮੈਕਸੀਕੋ ਵਿੱਚ ਲਾਪਤਾ ਨੌਜਵਾਨਾਂ ਦੇ ਮਾਪਿਆਂ ਨੇ ਇੱਥੋਂ ਇੱਕ ਫੇਸਬੁੱਕ ਲਾਈਵ ਕੀਤਾ।

ਇਨ੍ਹਾਂ ਲੋਕਾਂ ਨੂੰ ਜਦੋਂ ਇੱਕ ਸਮੂਹਿਕ ਕਬਰ ਦੀ ਸੰਭਾਵਿਤ ਥਾਂ ਬਾਰੇ ਟਿਪ ਮਿਲੀ ਤਾਂ ਇਹ ਸਮੂਹ ਉਸ ਸੰਭਾਵਿਤ ਖੇਤ 'ਤੇ ਜਾ ਪਹੁੰਚਿਆ। ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਨੂੰ ਆਪਣੇ ਲਾਪਤਾ ਪਿਆਰਿਆਂ ਦਾ ਕੋਈ ਸੁਰਾਗ ਮਿਲ ਜਾਵੇ।

ਉੱਥੇ ਉਨ੍ਹਾਂ ਨੂੰ ਸੈਂਕੜੇ ਜੋੜੇ ਜੁੱਤਿਆਂ ਦੇ, ਕੱਪੜੇ, ਸੂਟਕੇਸ ਅਤੇ ਰਕਸੈਕ ਮਿਲੇ, ਇਹ ਸਮਾਨ ਉਨ੍ਹਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਕਾਰਟਲ ਵੱਲੋਂ ਟਿਕਾਣੇ ਲਗਾ ਦਿੱਤਾ ਗਿਆ ਸੀ।

ਇੰਝ ਲੱਗਦਾ ਸੀ ਕਿ ਇਹ ਰੈਂਚ/ਖੇਤ 'ਜਾਲਿਸਕੋ ਨਿਊ ਜਨਰੇਸ਼ਨ ਕਾਰਟਲ' (ਸੀਜੇਐਨਜੀ) ਲਈ ਭਰਤੀ ਦਾ ਇੱਕ ਅੱਡਾ ਸੀ, ਜਿੱਥੇ ਯੋਜਨਾਬੱਧ ਤਰੀਕੇ ਨਾਲ ਕਤਲ ਕੀਤੇ ਜਾਂਦੇ ਸਨ।

ਮਾਰਚ 2025 ਵਿੱਚ ਇਸ ਦੀ ਖੋਜ ਨੇ ਪੂਰੇ ਮੈਕਸੀਕੋ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ।

ਸੈਂਡਰਾ ਰੋਮਾਂਦੀਆ ਕਹਿੰਦੇ ਹਨ, "ਲੱਗਦਾ ਸੀ ਜਿਵੇਂ ਇਹ ਕਾਰਟਲ ਲਈ ਸਸਤੇ ਮਜ਼ਦੂਰਾਂ ਦਾ ਇੱਕ ਅੱਡਾ ਹੋਵੇ।''

ਨੌਕਰੀ ਦੇ ਨਾਮ 'ਤੇ ਫਸਾਏ ਜਾਂਦੇ ਸਨ ਨੌਜਵਾਨ

ਜੁੱਤੇ

ਤਸਵੀਰ ਸਰੋਤ, GBJ

ਤਸਵੀਰ ਕੈਪਸ਼ਨ, ਰੈਂਚੋ ਇਜ਼ਾਗੁਇਰੇ ਦੇ ਅੰਦਰ ਸੈਂਕੜੇ ਜੋੜੇ ਜੁੱਤਿਆਂ ਦੇ, ਕੱਪੜੇ, ਸੂਟਕੇਸ ਅਤੇ ਰਕਸੈਕ ਮਿਲੇ, ਇਹ ਸਮਾਨ ਉਨ੍ਹਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਕਾਰਟਲ ਵੱਲੋਂ ਟਿਕਾਣੇ ਲਗਾ ਦਿੱਤਾ ਗਿਆ ਸੀ

ਸੈਂਡਰਾ ਨੇ ਆਪਣੀ ਕਿਤਾਬ 'ਵਿਟਨੇਸਜ਼ ਟੂ ਹੋਰਰ: ਦਿ ਟਰੂਥ ਦੇਅ ਟ੍ਰਾਇਡ ਟੂ ਹਾਈਡ ਐਟ ਰੈਂਚੋ ਇਜ਼ਾਗੁਇਰੇ' ਲਈ ਕਾਰਟਲ ਤੋਂ ਬਚੇ ਹੋਏ ਲੋਕਾਂ ਨਾਲ ਗੱਲ ਕੀਤੀ ਸੀ।

ਸੈਂਡਰਾ ਰੋਮਾਂਦੀਆ ਨੇ ਬੀਬੀਸੀ ਨਿਊਜ਼ ਮੁੰਡੋ ਨੂੰ ਦੱਸਿਆ, "ਸਭ ਤੋਂ ਪਹਿਲਾਂ [ਕਾਰਟਲ] ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਨੌਕਰੀ ਦਾ ਆਫ਼ਰ ਦਿੰਦਾ ਸੀ। ਇਹ ਕੰਪਿਊਟਰ ਇੰਜੀਨੀਅਰ, ਸਿਕਿਊਰਟੀ ਗਾਰਡ, ਡਰਾਈਵਰ ਜਾਂ ਮਜ਼ਦੂਰ.. ਕੋਈ ਵੀ ਨੌਕਰੀ ਹੋ ਸਕਦੀ ਸੀ - ਅਤੇ ਨਾਲ ਹੀ ਹਮੇਸ਼ਾਂ ਚੰਗੀ ਤਨਖਾਹ ਦਾ ਵਾਅਦਾ ਵੀ ਕੀਤਾ ਜਾਂਦਾ ਸੀ। ਇਹ ਸਭ ਵ੍ਹਟਸਐਪ, ਫੇਸਬੁੱਕ ਅਤੇ ਹੋਰ ਸੋਸ਼ਲ ਨੈੱਟਵਰਕਾਂ ਰਾਹੀਂ ਕੀਤਾ ਜਾਂਦਾ ਸੀ।''

"ਨੌਜਵਾਨਾਂ ਨੂੰ ਫੋਨ ਜਾਂ ਮੈਸੇਜ ਰਾਹੀਂ ਕੁਝ ਟੈਸਟ ਦੇਣੇ ਪੈਂਦੇ ਸਨ ਅਤੇ ਜਦੋਂ ਕਿਸੇ ਦੀ ਚੋਣ ਹੋ ਜਾਂਦੀ ਸੀ, ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਸੀ- 'ਅਸੀਂ ਤੁਹਾਨੂੰ ਟਲਾਕਵੇਪੈਕ ਬੱਸ ਟਰਮੀਨਲ (ਗੁਆਡਾਲਜਾਰਾ) ਲਈ ਬੱਸ ਟਿਕਟ ਭੇਜ ਰਹੇ ਹਾਂ।' ਇਹ ਟਰਮੀਨਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ [ਪੂਰੇ ਸੂਬੇ] ਜਾਲਿਸਕੋ ਦੇ ਸਭ ਤੋਂ ਵੱਡੇ ਟਰਮੀਨਲਾਂ ਵਿੱਚੋਂ ਇੱਕ ਹੈ। ਉਹ ਉੱਥੇ ਪਹੁੰਚਣਗੇ ਅਤੇ ਫਿਰ ਉਨ੍ਹਾਂ ਨੂੰ ਉਬਰ ਜਾਂ ਟੈਕਸੀ ਰਾਹੀਂ 'ਕੰਪਨੀ ਦੇ ਦਫ਼ਤਰਾਂ' ਤੱਕ ਲਿਜਾਇਆ ਜਾਵੇਗਾ।''

"ਪਰ ਹੁੰਦਾ ਕੀ ਸੀ? ਜਦੋਂ ਉਹ ਕਥਿਤ ਉਬਰ ਉੱਥੇ ਪਹੁੰਚੀ, ਜੋ ਅਸਲ ਵਿੱਚ ਇੱਕ ਨਿੱਜੀ ਕਾਰ ਸੀ, ਉਸ ਵਿੱਚ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਨੂੰ ਹਥਿਆਰਾਂ ਨਾਲ ਡਰਾਇਆ-ਧਮਕਾਇਆ ਗਿਆ, ਉਨ੍ਹਾਂ ਦੇ ਫੋਨ ਖੋਹ ਲਏ ਗਏ ਅਤੇ ਫਿਰ ਉਨ੍ਹਾਂ ਨੂੰ ਰੈਂਚੋ ਇਜ਼ਾਗੁਇਰੇ ਜਾਂ ਹੋਰ ਰੈਂਚਾਂ 'ਤੇ ਲਿਜਾ ਕੇ ਜ਼ਬਰਦਸਤੀ ਟ੍ਰੇਨਿੰਗ ਦਿੱਤੀ ਗਈ।

"ਜਿਸ ਕਿਸੇ ਨੇ ਵੀ ਇਸ ਦਾ ਵਿਰੋਧ ਕੀਤਾ, ਉਸਨੂੰ ਮੌਕੇ 'ਤੇ ਹੀ ਮਾਰ ਦਿੱਤਾ ਗਿਆ।"

ਜ਼ਿੰਦਾ ਬਚੇ ਲੋਕਾਂ ਨੇ ਦੱਸਿਆ ਰੂਹ ਕੰਬਾਊ ਮੰਜ਼ਰ

ਰੈਂਚੋ ਇਜ਼ਾਗੁਇਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਸ਼ਨਲ ਗਾਰਡ ਨੇ ਸਤੰਬਰ 2024 ਵਿੱਚ ਇਸ ਜਗ੍ਹਾ 'ਤੇ ਛਾਪਾ ਮਾਰਿਆ, ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਕਾਰਕੁਨਾਂ ਦੁਆਰਾ ਦੱਸੀਆਂ ਗਈਆਂ ਕਿਸੇ ਵੀ ਗਤੀਵਿਧੀਆਂ ਦੀ ਰਿਪੋਰਟ ਨਹੀਂ ਕੀਤੀ

ਚੇਤਾਵਨੀ: ਇਸ ਰਿਪੋਰਟ ਵਿੱਚ ਅਣਮਨੁੱਖੀ ਤਸ਼ੱਦਦ ਵਰਗੇ ਵੇਰਵੇ ਸ਼ਾਮਲ ਹਨ, ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਬਚੇ ਹੋਏ ਲੋਕਾਂ ਨੇ ਰੈਂਚ/ਖੇਤ 'ਤੇ ਹੋਣ ਵਾਲੇ ਅਣਮਨੁੱਖੀ ਵਤੀਰੇ ਬਾਰੇ ਦੱਸਿਆ। ਇਸ ਵਿੱਚ ਇੱਕ-ਦੂਜੇ ਨਾਲ ਜ਼ਬਰਦਸਤੀ ਲੜਾਈ ਕਰਵਾਉਣਾ ਜਾਂ ਇੱਕ-ਦੂਜੇ ਨੂੰ ਤਸ਼ੱਦਦ ਦੇਣ ਲਈ ਮਜਬੂਰ ਕਰਨਾ, ਅਤੇ ਤਸ਼ੱਦਦ ਝੱਲਣਾ ਜਦੋਂ ਸਾਰੇ ਬਸ ਮੂਕ ਬਣਕੇ ਦੇਖਦੇ ਰਹਿਣ, ਸ਼ਾਮਿਲ ਸੀ।

ਰੋਮਾਂਦੀਆ ਕਹਿੰਦੇ ਹਨ, "ਉਨ੍ਹਾਂ ਨੂੰ ਹੋਰ ਲੋਕਾਂ ਨੂੰ ਜਾਨੋਂ ਮਾਰਨਾ ਪੈਂਦਾ ਸੀ, ਦੂਜਿਆਂ ਦੇ ਸਰੀਰ ਦੇ ਟੁਕੜੇ ਕਰਨੇ ਪੈਂਦੇ ਸਨ, ਦੂਜਿਆਂ ਦੀਆਂ ਲਾਸ਼ਾਂ ਨੂੰ ਸਾੜਨਾ ਪੈਂਦਾ ਸੀ, ਮਨੁੱਖੀ ਮਾਸ ਖਾਣਾ ਪੈਂਦਾ ਸੀ, ਅਤੇ ਜ਼ੰਜੀਰਾਂ ਵਿੱਚ ਰਹਿਣਾ ਪੈਂਦਾ ਸੀ।"

"ਉਨ੍ਹਾਂ ਨੂੰ ਹਰ ਹੁਕਮ ਦਾ ਚੁੱਪ-ਚਾਪ ਪਾਲਣ ਕਰਨਾ ਪੈਂਦਾ ਸੀ: ਚਾਹੇ ਉਹ ਬਾਥਰੂਮ ਜਾਣ ਦਾ ਸਮਾਂ ਹੋਵੇ, ਪੈਂਟ ਪਹਿਨਣ ਦਾ ਹੋਵੇ ਜਾਂ ਕੱਪੜੇ ਉਤਾਰਣ ਦਾ। ਜੇ ਉਨ੍ਹਾਂ ਨੂੰ 50 ਪੁਸ਼-ਅਪਸ ਕਰਨ ਲਈ ਕਿਹਾ ਜਾਂਦਾ ਸੀ, ਤਾਂ ਉਹ ਕਰਨੇ ਹੀ ਪੈਂਦੇ ਸਨ - ਨਹੀਂ ਤਾਂ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਕੁੱਟਿਆ ਜਾਵੇਗਾ ਜਾਂ ਉਨ੍ਹਾਂ ਨੂੰ ਮਾਰ ਵੀ ਦਿੱਤਾ ਜਾਵੇਗਾ। ਉਹ ਦੱਸਦੇ ਹਨ ਕਿ ਕਿਵੇਂ ਅਚਾਨਕ ਉਹ ਖੁਦ ਕਾਰਟਲ ਦੇ ਆਗੂਆਂ ਦੇ ਮਨੋਰੰਜਨ ਦਾ ਸਾਧਨ ਬਣ ਗਏ ਸਨ।"

ਜੋ ਪੁਰਸ਼ ਅਤੇ ਮਹਿਲਾਵਾਂ ਕਹਿੰਦੇ ਹਨ ਕਿ ਉਹ ਰੈਂਚੋ ਇਜ਼ਾਗੁਇਰੇ ਵਿੱਚ ਮੌਜੂਦ ਸਨ, ਉਨ੍ਹਾਂ ਦੀਆਂ ਗਵਾਹੀਆਂ ਸਾਫ਼ ਤੌਰ 'ਤੇ ਦੱਸਦੀਆਂ ਹਨ ਕਿ ਉੱਥੇ ਕਤਲ ਹੋਏ ਅਤੇ ਲਾਸ਼ਾਂ ਗਾਇਬ ਕੀਤੀਆਂ ਗਈਆਂ - ਇਨ੍ਹਾਂ ਵਿੱਚੋਂ ਕਈ ਅਜਿਹੇ ਨੌਜਵਾਨ ਸਨ ਜਿਨ੍ਹਾਂ ਨੂੰ ਪੱਕੀ ਨੌਕਰੀ ਦਾ ਲਾਲਚ ਦੇਕੇ ਉੱਥੇ ਬੁਲਾਇਆ ਗਿਆ ਸੀ।

ਸੈਂਡਰਾ ਰੋਮਾਂਦੀਆ

ਰੋਮਾਂਦੀਆ ਦੀ ਕਿਤਾਬ ਵਿੱਚ ਯੋਗਦਾਨ ਦੇਣ ਵਾਲੇ ਇੱਕ ਵਿਅਕਤੀ ਕਹਿੰਦੇ ਹਨ, "ਇੱਥੋਂ ਬਾਹਰ ਨਿਕਲਣ ਦੇ ਸਿਰਫ਼ ਦੋ ਹੀ ਰਸਤੇ ਹਨ: ਜਾਂ ਤਾਂ ਉਹ ਤੁਹਾਨੂੰ ਮਾਰ ਦੇਣ ਜਾਂ ਤੁਸੀਂ ਖੁਦ ਆਪਣੀ ਜਾਨ ਲੈ ਲਓ।"

ਉਹ ਦੱਸਦੇ ਹਨ ਕਿ ਕਿਵੇਂ ਉਹ ਨੌਜਵਾਨ, ਜੋ ਬਦਕਿਸਮਤੀ ਨਾਲ ਉੱਥੇ ਫਸ ਗਏ ਸਨ, ਉਨ੍ਹਾਂ ਨੂੰ ਉਨ੍ਹਾਂ ਦੀ ਸਹਿਨਸ਼ੀਲਤਾ ਦੀ ਆਖ਼ਰੀ ਹੱਦ ਤੱਕ ਧੱਕਿਆ ਗਿਆ ਸੀ।

ਇੱਕ ਹੋਰ ਵਿਅਕਤੀ ਉਨ੍ਹਾਂ ਬਹੁਤ ਹੀ ਡਰਾਉਣੇ ਅਤੇ ਅਣਮਨੁੱਖੀ ਹਾਲਾਤਾਂ ਦਾ ਜ਼ਿਕਰ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਜ਼ਬਰਦਸਤੀ ਅਤੇ ਧੋਖੇ ਨਾਲ ਭਰਤੀ ਕੀਤਾ ਗਿਆ, ਉਨ੍ਹਾਂ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਸ਼ੱਦਦ ਦਿੱਤੇ ਗਏ। ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ 100 ਲੋਕਾਂ ਵਿੱਚੋਂ ਸਿਰਫ਼ 30 ਹੀ ਜ਼ਿੰਦਾ ਬਚੇ।

ਬਾਅਦ ਵਿੱਚ ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਇੱਕ ਨਵਾਂ ਗਰੁੱਪ ਆਉਂਦਾ ਦੇਖਿਆ, ਅਤੇ ਉਸਦੇ ਕੋਲ ਇੱਕ ਹਥਿਆਰ ਵੀ ਸੀ। ਉਸ ਵਿਅਕਤੀ ਨੇ ਕਿਹਾ, "ਮੈਂ ਉਨ੍ਹਾਂ ਦੀ ਹਿਫ਼ਾਜ਼ਤ ਲਈ ਕੁਝ ਕਰ ਸਕਦਾ ਸੀ, ਪਰ ਮੈਂ ਕੁਝ ਨਹੀਂ ਕੀਤਾ ਕਿਉਂਕਿ ਮੈਂ ਜਾਣਦਾ ਸੀ ਕਿ ਜੇ ਮੈਂ ਉਨ੍ਹਾਂ ਲਈ ਕੁਝ ਵੀ ਕਰਾਂਗਾ, ਤਾਂ ਹੋ ਸਕਦਾ ਹੈ ਕਿ ਮੈਨੂੰ ਵੀ ਕੁੱਟਿਆ ਜਾਵੇ।"

ਰੋਮਾਂਦੀਆ ਕਹਿੰਦੇ ਹਨ, "ਇਸ ਲਈ ਜ਼ਿੰਦਾ ਰਹਿਣ ਲਈ ਉਸ ਵਿਅਕਤੀ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਉਹ ਵੀ ਉਸ ਖਤਰਨਾਕ ਕਾਰਟਲ ਦਾ ਹੀ ਇੱਕ ਮੈਂਬਰ ਹੋਵੇ। ਪਰ ਅਸਲ ਵਿੱਚ ਉਹ ਮਨ ਹੀ ਮਨ ਸੋਚ ਰਿਹਾ ਸੀ: 'ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਮੈਂ ਕੀ ਕਰ ਸਕਦਾ ਹਾਂ?'"

ਹੁਣ ਤੱਕ ਕੀ ਕਾਰਵਾਈ ਹੋਈ?

'ਗੁਏਰੇਰੋਸ ਬੁਸਕਾਡੋਰੇਸ ਦੇ ਜਾਲਿਸਕੋ' (ਜੀਬੀਜੇ) - ਜਾਂ 'ਜਾਲਿਸਕੋ ਦੇ ਖੋਜੀ ਯੋਧਾ' - ਨਾਮਕ ਮਾਪਿਆਂ ਦੇ ਸਮੂਹ ਵਿੱਚੋਂ ਇੱਕ, ਰਾਊਲ ਸਰਵਿਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਜਦੋਂ ਉਸ ਥਾਂ ਦੀ ਖੋਜ ਕੀਤੀ ਗਈ, ਤਾਂ ਉਨ੍ਹਾਂ ਨੂੰ ਗੋਲੀਆਂ ਦੇ ਖੋਖੇ ਅਤੇ ਮੈਗਜ਼ੀਨ ਮਿਲੇ, ਨਾਲ ਹੀ ਲੁਕੀਆਂ ਹੋਈਆਂ ਕਬਰਾਂ ਅਤੇ ਅੱਗ ਦੇ ਇਸਤੇਮਾਲ ਦੇ ਨਿਸ਼ਾਨ ਵੀ ਮਿਲੇ।

ਪਰ ਅਟਾਰਨੀ ਜਨਰਲ ਆਫ਼ ਦਿ ਰਿਪਬਲਿਕ (ਐਫਜੀਆਰ) ਨੇ, ਜਿਸਨੇ ਇਸ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ, ਸਾਫ਼ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉੱਥੇ "ਲਾਸ਼ਾਂ ਸਾੜਨ ਵਾਲੀਆਂ ਭੱਠੀਆਂ" ਜਾਂ ਮਨੁੱਖੀ ਅਵਸ਼ੇਸ਼ਾਂ ਨੂੰ ਵੱਡੇ ਪੱਧਰ 'ਤੇ ਟਿਕਾਣੇ ਲਗਾਉਣ ਦਾ ਕੋਈ ਸਬੂਤ ਮਿਲਿਆ ਹੈ।

ਐਫਜੀਆਰ ਨੇ ਪਿਛਲੇ ਸਾਲ 5 ਮਾਰਚ ਨੂੰ ਕਿਹਾ ਸੀ, "ਜਾਂਚ ਤੋਂ ਇਹ ਸਪਸ਼ਟ ਅਤੇ ਨਿਸ਼ਚਿਤ ਤੌਰ 'ਤੇ ਸਾਹਮਣੇ ਆਇਆ ਹੈ ਕਿ ਇਸ ਥਾਂ ਦਾ ਇਸਤੇਮਾਲ ਟ੍ਰੇਨਿੰਗ ਸਾਈਟ ਵਜੋਂ ਕੀਤਾ ਜਾਂਦਾ ਸੀ।"

ਉਸ ਤੋਂ ਬਾਅਦ, ਇਸ ਰੈਂਚ ਨਾਲ ਜੁੜੇ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਰੈਂਚ ਤੋਂ ਤਿੰਨ ਲੋਕਾਂ ਦੇ ਗਾਇਬ ਹੋਣ ਅਤੇ ਕਤਲ ਦੇ ਮਾਮਲੇ ਵਿੱਚ 10 ਦੋਸ਼ੀਆਂ ਵਿੱਚੋਂ ਹਰੇਕ ਨੂੰ 141 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਇਹ ਜਾਇਦਾਦ ਟੂਚਿਟਲਾਨ ਵਿੱਚ ਸਥਿਤ ਹੈ ਅਤੇ ਉੱਥੋਂ ਦੇ ਮੇਅਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ 'ਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਰੈਂਚੋ ਇਜ਼ਾਗੁਇਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਕਸੀਕਨ ਅਧਿਕਾਰੀਆਂ ਦੁਆਰਾ ਇਸ ਸਮੇਂ ਜਾਂਚ ਕੀਤੀ ਜਾ ਰਹੀ ਸਾਈਟ

ਰੋਮਾਂਦੀਆ ਕਹਿੰਦੇ ਹਨ, "ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਧਿਕਾਰੀ ਇਸ ਗੱਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸਲ ਵਿੱਚ ਕੀ ਹੋਇਆ ਸੀ।''

"ਐਫਜੀਆਰ ਵੱਲੋਂ ਹਮੇਸ਼ਾ ਇਹ ਵਾਅਦਾ ਕੀਤਾ ਗਿਆ ਕਿ ਕੇਸ ਨੂੰ ਸਪਸ਼ਟ ਕੀਤਾ ਜਾਵੇਗਾ, ਪਰ ਉਹ ਇਸ ਗੱਲ ਦੀ ਪੁਸ਼ਟੀ ਕਰਨ ਜਾਂ ਦੱਸਣ ਤੋਂ ਗੁਰੇਜ਼ ਕਰ ਰਹੇ ਹਨ ਕਿ ਕੀ ਵਾਕਈ ਉੱਥੇ ਲਾਸ਼ਾਂ ਸਾੜਨ ਵਾਲੀਆਂ ਭੱਠੀਆਂ ਸਨ ਜਾਂ ਸੜੀਆਂ ਹੋਈਆਂ ਮਨੁੱਖੀ ਹੱਡੀਆਂ ਮਿਲਿਆ ਹਨ। ਉਹ ਸ਼ਾਇਦ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਜਾਂਚ ਵਿੱਚ ਰੁਕਾਵਟ ਨਾ ਪਵੇ।

"ਮੁੱਦਾ ਇਹ ਹੈ ਕਿ ਉਨ੍ਹਾਂ ਨੇ ਇਹ ਕਦੇ ਵੀ ਜਨਤਕ ਨਹੀਂ ਕੀਤਾ। ਅਤੇ ਇੱਕ ਸਮੇਂ 'ਤੇ ਸ਼ਿਕਾਇਤ ਪੱਖ ਦੇ ਵਕੀਲ ਅਲੇਹਾਂਦਰੋ ਗੇਰਟਜ਼ ਮਾਨੇਰੋ ਨੇ ਮੰਨਿਆ ਕਿ ਘੱਟੋ-ਘੱਟ ਇੱਕ ਸੜੀ ਹੋਈ ਲਾਸ਼ ਸੀ, ਜਦਕਿ ਅਸੀਂ ਤਸਵੀਰਾਂ ਵਿੱਚ ਬਹੁਤ ਸਾਰੇ ਸੜੇ ਹੋਏ ਟੁਕੜੇ ਦੇਖੇ, ਜਿਨ੍ਹਾਂ ਬਾਰੇ ਸੰਭਾਵਨਾ ਹੈ ਕਿ ਮਨੁੱਖੀ ਹੋ ਸਕਦੇ ਸਨ।

"ਕੁਝ [ਵਿਗਿਆਨਕ] ਮਾਹਿਰ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਉੱਥੇ 10 ਸਾਲਾਂ ਤੋਂ ਵੱਧ ਸਮੇਂ ਤੱਕ ਲਾਸ਼ਾਂ ਸਾੜੀਆਂ ਜਾਂਦੀਆਂ ਰਹੀਆਂ ਹੋਣ।''

ਬੀਬੀਸੀ ਮੁੰਡੋ ਨੇ ਇਸ ਮਾਮਲੇ ਬਾਰੇ 'ਗਣਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ' ਨੂੰ ਇੰਟਰਵਿਊ ਦੀ ਬੇਨਤੀ ਕੀਤੀ ਸੀ, ਪਰ ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

1,30,000 ਤੋਂ ਵੱਧ ਲੋਕ ਲਾਪਤਾ

ਲਾਪਤਾ ਵਿਅਕਤੀਆਂ ਦੇ ਪਰਿਵਾਰਿਕ ਮੈਂਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਕਾਰਤ ਅੰਕੜਿਆਂ ਅਨੁਸਾਰ, ਜੈਲਿਸਕੋ ਨੇ ਲਾਪਤਾ ਵਿਅਕਤੀਆਂ ਦੀਆਂ 16,000 ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਹਨ

ਮੈਕਸੀਕੋ ਵਿੱਚ 1,30,000 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਗੁੰਮਸ਼ੁਦਾ ਹੋਣ ਦੇ ਲਗਭਗ ਸਾਰੇ ਮਾਮਲੇ ਸਾਲ 2007 ਤੋਂ ਬਾਅਦ ਹੋਏ ਹਨ, ਜਦੋਂ ਤਤਕਾਲੀ ਰਾਸ਼ਟਰਪਤੀ ਫੇਲੀਪੇ ਕਾਲਦੇਰੋਨ ਨੇ ਆਪਣੀ "ਡਰੱਗਸ ਦੇ ਖ਼ਿਲਾਫ਼ ਜੰਗ" ਸ਼ੁਰੂ ਕੀਤੀ ਸੀ।

ਕਈ ਮਾਮਲਿਆਂ ਵਿੱਚ, ਜੋ ਲੋਕ ਲਾਪਤਾ ਹੋਏ ਹਨ ਉਨ੍ਹਾਂ ਨੂੰ ਜ਼ਬਰਦਸਤੀ ਡਰੱਗ ਕਾਰਟਲਾਂ ਵਿੱਚ ਭਰਤੀ ਕੀਤਾ ਗਿਆ ਹੈ ਜਾਂ ਵਿਰੋਧ ਕਰਨ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ।

ਰੋਮਾਂਦੀਆ ਦਾ ਮੰਨਣਾ ਹੈ ਕਿ ਜਾਲਿਸਕੋ ਦੇ ਹੋਰ ਦੂਰ-ਦੁਰਾਡੇ ਵਾਲੇ ਖੇਤਰਾਂ ਦੀ ਜਾਂਚ ਕਰਨ ਦੀ ਲੋੜ ਹੈ, ਕਿਉਂਕਿ ਗਵਾਹੀਆਂ ਵਿੱਚ ਹੋਰ ਕੈਂਪਾਂ ਅਤੇ ਰੈਂਚਾਂ ਦੇ ਮੌਜੂਦ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਨੌਜਵਾਨ ਲਗਾਤਾਰ ਗਾਇਬ ਹੋ ਰਹੇ ਹਨ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕੁਝ ਵੀ ਬਦਲਿਆ ਹੈ।''

"ਇੱਕ ਕਲੰਕ ਹੈ, ਜੋ ਬਹੁਤ ਦਰਦਨਾਕ ਹੈ ਅਤੇ ਮੈਕਸੀਕੋ ਵਿੱਚ ਖ਼ਤਮ ਹੋਣਾ ਚਾਹੀਦਾ ਹੈ - ਇਹ ਹੈ ਕਿ ਜੋ ਲੋਕ ਗਾਇਬ ਹੁੰਦੇ ਹਨ ਉਹ ਇਸ ਲਈ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਨਾਰਕੋਜ਼ (ਡਰੱਗ ਮਾਫੀਆ) ਦਾ ਕੋਈ ਕਰਜ਼ਾ ਦੇਣਾ ਹੁੰਦਾ ਹੈ, ਜਾਂ ਉਹ ਕਿਸੇ ਗੈਂਗ ਜਾਂ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਹੁੰਦੇ ਹਨ।''

"ਪਰ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਹੋਰ ਵੱਧ ਮਾਮਲੇ ਦੇਖ ਰਹੇ ਹਾਂ, ਜਿੱਥੇ ਨੌਜਵਾਨਾਂ ਅਤੇ ਬੱਚਿਆਂ, ਨਾਬਾਲਗਾਂ ਦੇ ਨਾਲ-ਨਾਲ ਵੱਡੀ ਉਮਰ ਦੇ ਲੋਕਾਂ ਨੂੰ ਵੀ ਜ਼ਬਰਦਸਤੀ ਭਰਤੀ ਕੀਤਾ ਜਾ ਰਿਹਾ ਹੈ।''

"ਕੁਝ ਨੂੰ ਉਨ੍ਹਾਂ ਦੇ ਗਿਆਨ ਕਰਕੇ ਲਿਜਾਇਆ ਜਾਂਦਾ ਹੈ - ਜੇ ਉਹ ਇੰਜੀਨੀਅਰਿੰਗ, ਨਿਰਮਾਣ, ਦਵਾਈ ਆਦਿ ਬਾਰੇ ਜਾਣਦੇ ਹਨ - ਹੋਰਾਂ ਨੂੰ ਇਸ ਲਈ ਲਿਜਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਜ਼ਬਰਦਸਤੀ ਹਿਟਮੈਨ ਬਣਾਇਆ ਜਾ ਸਕੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)