ਕੌਣ ਹਨ 'ਕੈਟਾਮੀਨ ਕੁਈਨ' ਜਸਵੀਨ ਸੰਘਾ ਜੋ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦਾ ਜੁਰਮ ਕਬੂਲਣ ਨੂੰ ਤਿਆਰ ਹਨ

ਤਸਵੀਰ ਸਰੋਤ, Jasveen Sangha's social media/Getty
- ਲੇਖਕ, ਕ੍ਰਿਸਟਲ ਹੇਅਸ
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਮੂਲ ਦੀ ਜਸਵੀਨ ਸੰਘਾ ਜਿਨ੍ਹਾਂ ਨੂੰ 'ਕੇਟਾਮੀਨ ਕੁਈਨ' ਵੀ ਕਿਹਾ ਜਾਂਦਾ ਹੈ, ਉਹ ਹੁਣ ਆਪਣੇ ਜੁਰਮ ਕਬੂਲਣ ਲਈ ਤਿਆਰ ਹੋ ਗਈ ਹੈ।
ਉਨ੍ਹਾਂ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ 'ਫ੍ਰੈਂਡਜ਼' ਸ਼ੋਅ ਦੇ ਅਦਾਕਾਰ ਮੈਥਿਊ ਪੈਰੀ ਨੂੰ ਡਰੱਗਜ਼ ਵੇਚੇ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ।
ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ।
ਨਿਆਂ ਵਿਭਾਗ ਮੁਤਾਬਕ 42 ਸਾਲਾ ਜਸਵੀਨ ਸੰਘਾ ਲਾਸ ਏਂਜਲਿਸ ਵਿੱਚ ਪੰਜ ਇਲਜ਼ਾਮਾਂ ਨੂੰ ਕਬੂਲ ਕਰਨਗੇ। ਇਨ੍ਹਾਂ ਇਲਜ਼ਾਮਾਂ ਵਿੱਚ ਕੇਟਾਮੀਨ ਵੇਚਣ ਦਾ ਵੀ ਹੈ ਜਿਸ ਦੇ ਨਤੀਜੇ ਵਜੋਂ ਮੌਤ ਜਾਂ ਸਰੀਰਕ ਨੁਕਸਾਨ ਹੋ ਸਕਦਾ ਹੈ।
ਅਮਰੀਕੀ-ਬ੍ਰਿਟਿਸ਼ ਦੋਹਰੀ ਨਾਗਰਿਕਤਾ ਰੱਖਣ ਵਾਲੇ ਜਸਵੀਨ ਸੰਘਾ ਨੂੰ ਅਸਲ ਵਿੱਚ ਨੌਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ।
ਸੰਘੀ ਵਕੀਲਾਂ ਨੇ ਉਨ੍ਹਾਂ ਦੇ ਲਾਸ ਏਂਜਲਸ ਦੇ ਘਰ ਨੂੰ 'ਡਰੱਗ ਵੇਚਣ ਵਾਲਾ ਐਂਪੋਰੀਅਮ' ਦੱਸਿਆ। ਇੱਕ ਛਾਪੇਮਾਰੀ ਦੌਰਾਨ ਕੇਟਾਮੀਨ ਦੀਆਂ ਦਰਜਨਾਂ ਸ਼ੀਸ਼ੀਆਂ ਵੀ ਉਨ੍ਹਾਂ ਦੇ ਘਰੋਂ ਮਿਲੀਆਂ ਸਨ।
ਪੈਰੀ ਦੀ ਮੌਤ

ਤਸਵੀਰ ਸਰੋਤ, Getty Images
ਪੈਰੀ ਅਕਤੂਬਰ 2023 ਵਿੱਚ ਆਪਣੇ ਲਾਸ ਏਂਜਲਸ ਦੇ ਘਰ ਦੇ ਪਿਛਲੇ ਵਿਹੜੇ ਵਿੱਚ ਇੱਕ ਜੈਕੂਜ਼ੀ ਵਿੱਚ ਮ੍ਰਿਤ ਮਿਲੇ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਮੌਤ ਕੇਟਾਮੀਨ ਦੇ ਤੇਜ਼ ਪ੍ਰਭਾਵਾਂ ਕਾਰਨ ਹੋਈ ਸੀ।
ਸੰਘਾ ਉਨ੍ਹਾਂ ਪੰਜ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਉੱਤੇ ਕੇਟਾਮੀਨ ਵੇਚਣ ਦੇ ਇਲਜ਼ਾਮ ਸਨ।
ਇਨ੍ਹਾਂ ਵਿੱਚ ਮੈਡੀਕਲ ਡਾਕਟਰ ਅਤੇ ਅਦਾਕਾਰ ਦਾ ਸਹਾਇਕ ਸ਼ਾਮਲ ਹਨ। ਇਨ੍ਹਾਂ ਬਾਰੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਰੀ ਨੂੰ ਕੇਟਾਮੀਨ ਸਪਲਾਈ ਕੀਤੀ।
ਆਪਣੇ ਮੁਨਾਫ਼ੇ ਲਈ ਪੈਰੀ ਨੂੰ ਨਸ਼ੇ ਦੀ ਲਤ ਲਾਈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ। ਨਸ਼ੇ ਦੀ ਓਵਰਡੋਜ਼ ਹੀ ਪੈਰੀ ਦੀ ਮੌਤ ਦਾ ਕਾਰਨ ਬਣਿਆ।
ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲੱਗੇ ਸਨ ਉਨ੍ਹਾਂ ਵਿੱਚ ਡਾਕਟਰ ਸਲਵਾਡੋਰ ਪਲਾਸੈਂਸੀਆ ਅਤੇ ਡਾਕਟਰ ਮਾਰਕ ਚਾਵੇਜ਼ ਹਨ, ਉਹ ਦੋ ਡਾਕਟਰ ਜਿਨ੍ਹਾਂ ਉੱਤੇ ਕੇਟਾਮੀਨ ਵੇਚਣ ਦੇ ਇਲਜ਼ਾਮ ਹਨ।
ਕੇਨੇਥ ਇਵਾਮਾਸਾ ਪੈਰੀ ਦੇ ਲਿਵ-ਇਨ ਸਹਾਇਕ ਵਜੋਂ ਕੰਮ ਕਰਦਾ ਸੀ ਅਤੇ ਦੋਵਾਂ ਨੇ ਅਦਾਕਾਰ ਨੂੰ ਕੇਟਾਮੀਨ ਖਰੀਦਣ ਅਤੇ ਟੀਕਾ ਲਗਾਉਣ ਵਿੱਚ ਮਦਦ ਕੀਤੀ ਅਤੇ ਏਰਿਕ ਫਲੇਮਿੰਗ, ਜਿਸਨੇ ਕੇਟਾਮੀਨ ਵੇਚਿਆ ਜੋ ਉਹ ਸੰਘਾ ਤੋਂ ਪੈਰੀ ਨੂੰ ਮਿਲਿਆ ਸੀ।
ਇਸ ਤੋਂ ਬਾਅਦ ਪੰਜਾਂ ਨੇ ਮਾਮਲੇ ਵਿੱਚ ਆਪਣਾ ਜੁਰਮ ਕਬੂਲ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ।
ਸੰਘਾ ਹੁਣ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਸੰਘੀ ਅਦਾਲਤ ਵਿੱਚ ਪੇਸ਼ ਹੋਣਗੇ ਤਾਂ ਜੋ ਉਹ ਰਸਮੀ ਤੌਰ 'ਤੇ ਆਪਣਾ ਜ਼ੁਲਮ ਕਬੂਲ ਕਰ ਸਕਣ।
ਸੰਘਾ ਦੇ ਵਕੀਲ ਮਾਰਕ ਗੇਰਾਗੋਸ ਨੇ ਬੀਬੀਸੀ ਨੂੰ ਇੱਕ ਬਿਆਨ ਵਿੱਚ ਦੱਸਿਆ, "ਉਹ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਲੈ ਰਹੀ ਹੈ।"
ਨਿਆਂ ਵਿਭਾਗ ਮੁਤਾਬਕ ਸੰਘਾ ਨੂੰ ਸੰਘੀ ਜੇਲ੍ਹ ਵਿੱਚ ਵੱਧ ਤੋਂ ਵੱਧ 65 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਕੇਟਾਮੀਨ ਕਿੰਨਾ ਖ਼ਤਰਨਾਕ ਹੈ

ਤਸਵੀਰ ਸਰੋਤ, US District Court
ਯੂਐੱਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ) ਦੇ ਅਨੁਸਾਰ, ਕੈਟਾਮੀਨ ਇੱਕ ਡਿਸਸੋਸਿਏਟਿਵ ਐਨੇਸਥੀਟਿਕ ਹੈ ਜਿਸ ਕਾਰਨ ਕਈ ਹੋਸ਼ ਗੁਆਉਣ ਵਾਲੇ ਪ੍ਰਭਾਵ ਸਰੀਰ ਉੱਤੇ ਪੈ ਸਕਦੇ ਹਨ।
ਇਹ ਦੇਖਣ ਅਤੇ ਸੁਣਨ ਦੀ ਸ਼ਕਤੀ ਨੂੰ ਵਿਗਾੜ ਸਕਦਾ ਹੈ । ਇਸਦਾ ਇਸਤੇਮਾਲ ਕਰਨ ਵਾਲਾ ਖੁਦ ਨੂੰ ਵੱਖਰਾ ਅਤੇ ਕਾਬੂ ਤੋਂ ਬਾਹਰ ਪਾਉਂਦਾ ਹੈ।
ਇਹ ਮਨੁੱਖਾਂ ਅਤੇ ਜਾਨਵਰਾਂ ਲਈ ਬੇਹੋਸ਼ ਕਰਨ ਵਾਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰੀਕ ਗਤੀਵਿਧੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮੁਹੱਈਆ ਕਰਵਾਉਂਦਾ ਹੈ।
ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ।
ਜਿਨ੍ਹਾਂ ਮਰੀਜ਼ਾਂ ਨੇ ਦਵਾਈ ਲਈ ਹੈ, ਉਨ੍ਹਾਂ ਉੱਤੇ ਸੰਭਾਵੀ ਨੁਕਸਾਨਦੇਹ ਪ੍ਰਭਾਵਾਂ ਦੇ ਖ਼ਤਰੇ ਕਰਕੇ ਕਿਸੇ ਪੇਸ਼ੇਵਰ ਦੀ ਨਿਗਰਾਨੀ ਹੋਣੀ ਚਾਹੀਦੀ ਹੈ।
‘ਸੰਘਾ ਸਟੈਸ਼ ਹਾਊਸ’ ਵਿੱਚੋਂ ਕੀ-ਕੀ ਮਿਲਿਆ ਸੀ

ਤਸਵੀਰ ਸਰੋਤ, Jasveen Sangha's social media
ਜਸਵੀਨ ਸੰਘਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਆਪਣੇ ਸਟੈਸ਼ ਹਾਊਸ ਤੋਂ ਕੇਟਾਮੀਨ ਵੇਚ ਰਹੇ ਸਨ।
ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਲਈ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ ਸੀ ਕਿ ਸੰਘਾ ਦਾ ਉੱਤਰੀ ਹਾਲੀਵੁੱਡ ਵਿੱਚਲਾ ਘਰ ਇੱਕ "ਨਸ਼ਾ ਵੇਚਣ ਵਾਲਾ ਇਮਪੋਰੀਅਮ" ਸੀ।
ਸਰਚ ਦੌਰਾਨ ਕਥਿਤ ਤੌਰ 'ਤੇ ਕੇਟਾਮੀਨ ਦੀਆਂ 80 ਤੋਂ ਵੱਧ ਸ਼ੀਸ਼ੀਆਂ ਮਿਲੀਆਂ ਹਨ। ਇਸ ਨਾਲ ਹੀ ਹਜ਼ਾਰਾਂ ਗੋਲੀਆਂ ਮਿਲੀਆਂ, ਜਿਨ੍ਹਾਂ ਵਿੱਚ ਮੇਥਾਮਫੇਟਾਮਾਈਨ,ਕੋਕੀਨ ਅਤੇ ਜ਼ੈਨੈਕਸ ਸ਼ਾਮਲ ਸਨ।
ਇਲਜ਼ਾਮਾਂ ਮੁਤਾਬਕ ਸੰਘਾ ਦੇ ਘਰ ਨੂੰ "ਸੰਘਾ ਸਟੈਸ਼ ਹਾਊਸ" ਕਿਹਾ ਜਾਂਦਾ। ਜਿੱਥੇ ਉਨ੍ਹਾਂ 'ਤੇ ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਅਤੇ ਵੇਚਣ ਦਾ ਇਲਜ਼ਾਮ ਹੈ।
ਜਸਵੀਨ ਸੰਘਾ ਨਾਲ ਸਹਿ-ਮੁਲਜ਼ਮ ਐਰਿਕ ਫਲੈਮਿੰਗ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਸੰਘਾ "ਸਿਰਫ ਵੱਡੇ ਅਤੇ ਮਸ਼ਹੂਰ ਫਿਲਮੀ ਸਤਾਰਿਆਂ ਨਾਲ ਡੀਲ ਕਰਦੇ ਸਨ।"
ਜਸਵੀਨ ਸੰਘਾ ਦੀ ਅਮੀਰਾਂ ਵਾਲੀ ਜੀਵਨ ਸ਼ੈਲੀ ਸੀ

ਤਸਵੀਰ ਸਰੋਤ, Getty Images
ਜਸਵੀਨ ਸੰਘਾ ਵੱਲੋਂ ਇੱਕ ਅਮੀਰ ਵਾਲੀ ਜੀਵਨ ਸ਼ੈਲੀ ਬਤੀਤ ਕੀਤੀ ਜਾਂਦੀ ਸੀ ਜਿਸ ਨੂੰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਖੂਬ ਦਰਸਾਇਆ ਜਾਂਦਾ ਸੀ।
ਉਨ੍ਹਾਂ ਦੇ ਇੱਕ ਦੋਸਤ ਨੇ ਡੇਲੀ ਮੇਲ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਗੋਲਡਨ ਗਲੋਬ ਅਤੇ ਆਸਕਰ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਅਤੇ ਉਹ ਮਸ਼ਹੂਰ ਹਸਤੀਆਂ ਨਾਲ ਵੀ ਖੂਬ ਰਚ ਮਿਚ ਜਾਂਦੇ ਸਨ।
ਮੈਥਿਊ ਪੈਰੀ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਬਾਅਦ ਉਨ੍ਹਾਂ ਵੱਲੋਂ ਆਪਣੀ ਬੇਮਿਸਾਲ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।
ਇਨ੍ਹਾਂ ਵਿੱਚ ਉਹ ਪਾਰਟੀਆਂ ਵਿੱਚ ਮੌਜੂਦ ਅਤੇ ਜਪਾਨ ਤੇ ਮੈਕਸੀਕੋ ਦੀ ਯਾਤਰਾ ਕਰਦੇ ਦਿਖੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












