ਪੰਜਾਬ ਦੇ ਪਟਿਆਲਾ ਦੀਆਂ ਸਿਮਰਨਦੀਪ ਤੇ ਰਸਨੀਤ ਨੇ ਪਿੰਡਾਂ 'ਚ ਰਹਿ ਕੇ ਸਿਵਿਲ ਸੇਵਾ ਦੇ ਉੱਚੇ ਰੈਂਕ ਹਾਸਲ ਕੀਤੇ, ਜਾਣੋ ਕਿਹੜਾ ਮੰਤਰ ਕੰਮ ਆਇਆ

ਸਿਮਰਨਦੀਪ ਕੌਰ ਅਤੇ ਰਸਨੀਤ ਕੌਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਪਟਿਆਲਾ ਦੀਆਂ ਦੋ ਕੁੜੀਆਂ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ ਨੇ ਕਰਮਵਾਰ 15ਵਾਂ ਅਤੇ 51ਵਾਂ ਰੈਂਕ ਹਾਸਿਲ ਕੀਤਾ ਹੈ।
    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 5 ਮਿੰਟ

ਰਾਜਸਥਾਨ ਦੇ ਅਨੁਜ ਅਗਨੀਹੋਤਰੀ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ 2025 ਵਿੱਚ ਟਾਪ ਕੀਤਾ ਹੈ।

ਇਸ ਦੇ ਨਾਲ ਹੀ ਰਾਜੇਸ਼ਵਰੀ ਸੁਵੇ ਐਮ ਅਤੇ ਆਕਾਂਸ਼ ਢੁੱਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਸ਼ੁੱਕਰਵਾਰ ਨੂੰ ਆਏ ਇਹਨਾਂ ਨਤੀਜਿਆਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਮੁੰਡਿਆਂ ਅਤੇ ਕੁੜੀਆਂ ਨੇ ਇਸ ਪ੍ਰੀਖਿਆ ਵਿੱਚ ਉੱਚੇ ਰੈਂਕ ਹਾਸਿਲ ਕੀਤੀ ਹਨ।

ਕਮਿਸ਼ਨ ਨੇ ਕਿਹਾ ਕਿ ਕੁੱਲ 958 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਕੇਂਦਰੀ ਸਿਵਲ ਸੇਵਾਵਾਂ ਵਿੱਚ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ।

ਪਟਿਆਲਾ ਜ਼ਿਲ੍ਹੇ ਦੀਆਂ ਦੋ ਕੁੜੀਆਂ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ ਨੇ ਕਰਮਵਾਰ 15ਵਾਂ ਅਤੇ 51ਵਾਂ ਰੈਂਕ ਹਾਸਿਲ ਕੀਤਾ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਦੀ ਭਾਵਿਕਾ ਚੋਪੜਾ ਨੇ 25ਵਾਂ ਰੈਂਕ, ਰਾਖੀ ਨੇ 65ਵਾਂ ਅਤੇ ਆਕ੍ਰਿਤੀ ਦੋਭਾਲ ਨੇ 93ਵਾਂ ਰੈਂਕ ਪ੍ਰਾਪਤ ਕੀਤਾ ਹੈ।

ਸਿਮਰਨਦੀਪ ਕੌਰ

ਪਿੰਡ ਜਾਂ ਸ਼ਹਿਰ ਮਾਅਨੇ ਨਹੀਂ ਰੱਖਦਾ, ਮਿਹਨਤ ਰੱਖਦੀ ਹੈ: ਸਿਮਰਨਦੀਪ ਕੌਰ

ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਅੰਦਰ ਪੈਂਦੇ ਪਿੰਡ ਬਿਰੜਵਾਲ ਦੀ ਸਿਮਰਨਦੀਪ ਕੌਰ ਨੇ ਆਲ ਇੰਡੀਆ ਦੇ ਵਿੱਚੋਂ 15ਵਾਂ ਰੈਂਕ ਹਾਸਿਲ ਕਰਨ ਤੋਂ ਬਾਅਦ ਇਸ ਦਾ ਮੰਤਰ 'ਮਿਹਨਤ, ਲਗਨ ਅਤੇ ਸਹਿਜ' ਨੂੰ ਦੱਸਿਆ।

ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸਿਮਰਨਦੀਪ ਕੌਰ ਕਹਿੰਦੇ ਹਨ, "ਮੇਰੀ ਮਿਹਨਤ ਦਾ ਫਲ ਮਿਲ ਗਿਆ। ਇਹ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਰੈਂਕ ਆ ਜਾਵੇਗਾ, ਲਿਸਟ ਵਿੱਚ ਨਾਮ ਆਉਣਾ ਵੀ ਵੱਡੀ ਗੱਲ ਸੀ।"

ਸਿਮਰਨਦੀਪ ਕੌਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਸਿਮਰਨਦੀਪ ਕੌਰ ਨੇ ਆਲ ਇੰਡੀਆ ਦੇ ਵਿੱਚੋਂ 15ਵਾਂ ਰੈਂਕ ਹਾਸਿਲ ਕੀਤਾ ਹੈ।

ਸਿਮਰਨਦੀਪ ਕਹਿੰਦੇ ਹਨ, "ਪਿੰਡ ਜਾਂ ਸ਼ਹਿਰ ਇਸ ਵਿੱਚ ਕੋਈ ਮਾਅਨੇ ਨਹੀਂ ਰੱਖਦਾ, ਬਸ ਮਿਹਨਤ ਰੱਖਦੀ ਹੈ। ਤੁਸੀਂ ਪਿੰਡ ਵਿੱਚ ਰਹਿ ਕੇ ਵੀ ਮਿਹਨਤ ਕਰਕੇ ਮੁਕਾਮ ਹਾਸਿਲ ਕਰ ਸਕਦੇ ਹੋ। ਸਾਨੂੰ ਅਸਫ਼ਲਤਾਵਾਂ ਅਤੇ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸੁਧਾਰਨਾ ਪੈਂਦਾ ਹੈ।"

ਸਿਮਰਨਦੀਪ ਕੌਰ ਦੱਸਦੇ ਹਨ ਕਿ ਉਹਨਾਂ ਦੀ ਪਰਿਵਾਰਕ ਪਿਛੋਕੜ ਵਿੱਚ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰਦਾ ਸੀ ਅਤੇ ਉਹਨਾਂ ਦੇ ਪਿਤਾ ਇੱਕ ਕਿਸਾਨ ਹਨ।

ਉਹ ਕਹਿੰਦੇ ਹਨ, "ਮੇਰੇ ਮਾਤਾ ਪਿਤਾ ਅਤੇ ਚਾਚਾ ਜੀ ਨੇ ਮੈਨੂੰ ਪ੍ਰੇਰਣਾ ਦਿੱਤੀ ਅਤੇ ਅੱਜ ਮੈਂ ਇਹ ਮੁਕਾਮ ਹਾਸਿਲ ਕੀਤਾ ਹੈ। ਮੇਰੇ ਚਾਚਾ ਜੀ ਚਾਹੁੰਦੇ ਸਨ ਕਿ ਮੈਂ ਇਹ ਪ੍ਰੀਖਿਆ ਪਾਸ ਕਰਾਂ ਅਤੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰੇ ਉੱਪਰ ਪਰਿਵਾਰ ਨੇ ਕਦੇ ਵੀ ਕੋਈ ਦਬਾਅ ਨਹੀਂ ਪਾਇਆ, ਨਾ ਕੰਮ ਦਾ ਅਤੇ ਨਾ ਹੀ ਵਿਆਹ ਦਾ।"

ਸਿਮਰਨਦੀਪ ਕੌਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਸਿਮਰਨਦੀਪ ਕੌਰ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਸਿਮਰਨਦੀਪ ਕੌਰ ਦੇ ਮਾਤਾ ਜਸਵਿੰਦਰ ਕੌਰ ਕਹਿੰਦੇ ਹਨ, "ਮੈਂ ਤਾਂ ਕਹਿੰਦੀ ਹਾਂ ਕਿ ਅਜਿਹੀ ਬੱਚੀ ਘਰ-ਘਰ ਹੋਵੇ ਜਿਸ ਨੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਪ੍ਰਮਾਤਮਾ ਸਭ ਨੂੰ ਇੱਕ ਧੀ ਦੇਵੇ, ਸਭ ਦਾ ਸੁਪਨਾ ਪੂਰਾ ਕਰੇ। ਸਾਨੂੰ ਆਪਣੀ ਧੀ 'ਤੇ ਬਹੁਤ ਮਾਣ ਹੈ। ਇਹ ਰਾਤ ਨੂੰ 12-1 ਵਜੇ ਤੱਕ ਪੜਦੀ ਸੀ ਅਤੇ ਇੱਕ ਬੰਦ ਕਮਰੇ ਵਿੱਚ ਰਹਿ ਕੇ ਪਿੰਡ ਵਿੱਚ ਹੀ ਪੜਾਈ ਕੀਤੀ ਹੈ।"

ਆਈਏਐੱਸ ਤੇ ਆਈਪੀਐੱਸ ਦੀ ਇੰਟਰਵਿਊ ਸੁਣਦੀ ਸੀ: ਰਸਨੀਤ ਕੌਰ

ਰਸਨੀਤ ਕੌਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਰਸਨੀਤ ਕੌਰ ਦਾ ਕਹਿਣਾ ਹੈ ਕਿ ਪੇਂਡੂ ਬੱਚੇ ਵੀ ਸਖਤ ਮਿਹਨਤ ਨਾਲ ਹਰ ਮੁਕਾਮ ਹਾਸਿਲ ਕਰ ਸਕਦੇ ਹਨ।

ਜ਼ਿਲ੍ਹਾ ਪਟਿਆਲਾ ਦੇ ਪਿੰਡ ਮਦਨਪੁਰ ਦੇ ਇੱਕ ਬਿਜਲੀ ਬੋਰਡ ਵਿੱਚ ਲਾਈਨਮੈਨ ਦੀ ਧੀ ਰਸਨੀਤ ਕੌਰ ਪਹਿਲੇ ਵਾਰ ਵਿੱਚ 51ਵਾਂ ਰੈਂਕ ਹਾਸਿਲ ਕੀਤਾ ਹੈ।

ਰਸਨੀਤ ਦਾ ਕਹਿਣਾ ਹੈ ਕਿ ਉਹਨਾਂ ਦੀ ਪਹਿਲ ਆਈ.ਏ.ਐੱਸ. ਪੰਜਾਬ ਕਾਡਰ ਹੋਵੇਗੀ ਪਰੰਤੂ ਫਿਰ ਵੀ ਜੇਕਰ ਕਿੱਤੇ ਹੋਰ ਵੀ ਲਗਾਇਆ ਜਾਂਦਾ ਹੈ, ਤਾਂ ਉਹ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਕਰਨਗੇ।

ਰਸਨੀਤ ਕਹਿੰਦੇ ਹਨ, "ਮੈਂ ਅਕਸਰ ਆਈਏਐੱਸ, ਆਈਪੀਐੱਸ ਅਤੇ ਯੂਪੀਐੱਸਸੀ ਦੇ ਟਾਪਰਾਂ ਦੀਆਂ ਇੰਟਰਵਿਊ ਸੁਣਦੀ ਸੀ। ਇਹ ਮੈਨੂੰ ਬਹੁਤ ਉਤਸ਼ਾਹਿਤ ਕਰਦਾ ਸੀ। ਮੇਰੇ ਪਿਤਾ ਜੀ ਵੀ ਸਰਕਾਰੀ ਨੌਕਰੀ ਕਰਦੇ ਹਨ, ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਕਿਵੇਂ ਅਸੀਂ ਸਮਾਜ ਦੇ ਸੇਵਾ ਕਰ ਸਕਦੇ ਹਾਂ। ਇੱਥੋਂ ਹੀ ਮੈਨੂੰ ਇੱਕ ਚਿਣਗ ਲੱਗੀ ਕਿ ਮੈਂ ਵੀ ਕੁਝ ਕਰਨਾ ਹੈ ਅਤੇ ਮੈਂ ਸਿਵਲ ਸਰਵਿਸ ਕਰਨ ਦਾ ਮਨ ਬਣਾਇਆ।

ਰਸਨੀਤ ਦੱਸਦੇ ਹਨ ਕਿ ਉਹਨਾਂ ਨੇ ਮੁੱਢਲੀ ਪੜ੍ਹਾਈ ਰਾਜਪੁਰਾ ਤੋਂ ਕੀਤੀ ਅਤੇ ਗਰੈਜੁਏਸ਼ਨ ਦੀ ਡਿਗਰੀ ਬੀਐੱਸਸੀ ਕਮਿਸਟਰੀ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਹਾਸਿਲ ਪਾਸ ਕੀਤੀ ਹੈ।

ਰਸਨੀਤ ਦਾ ਕਹਿਣਾ ਹੈ ਕਿ ਉਹਨਾਂ ਨੇ ਘਰ ਵਿਚ ਹੀ ਰਹਿ ਕੇ ਹੀ ਸਖਤ ਮਿਹਨਤ ਤੋਂ ਬਾਅਦ ਇਹ ਪ੍ਰੀਖਿਆ ਪਾਸ ਕੀਤੀ।

ਉਹਨਾਂ ਦਾ ਕਹਿਣਾ ਹੈ ਕਿ ਸਖਤ ਮਿਹਨਤ ਨਾਲ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।

ਰਸਨੀਤ ਕਹਿੰਦੇ ਹਨ, "ਪਰਿਵਾਰ ਨੇ ਮੇਰੀ ਇਸ ਪ੍ਰਾਪਤੀ ਵਿਚ ਹਰ ਸੰਭਵ ਮਦਦ ਕੀਤੀ ਹੈ ਜਿਸ ਕਾਰਨ ਇਹ ਸੰਭਵ ਹੋ ਸਕਿਆ ਹੈ।"

ਉਹਨਾਂ ਦਾ ਕਹਿਣਾ ਹੈ ਕਿ ਪੇਂਡੂ ਬੱਚੇ ਵੀ ਸਖਤ ਮਿਹਨਤ ਨਾਲ ਹਰ ਮੁਕਾਮ ਹਾਸਿਲ ਕਰ ਸਕਦੇ ਹਨ।

ਬਟਾਲਾ ਦੇ ਅਸੀਮ ਮਹਾਜਨ ਨੇ 408ਵਾਂ ਰੈਂਕ ਹਾਸਿਲ ਕੀਤਾ

ਅਸੀਮ ਮਹਾਜਨ

ਤਸਵੀਰ ਸਰੋਤ, Aseem Mahajan

ਤਸਵੀਰ ਕੈਪਸ਼ਨ, ਅਸੀਮ ਮਹਾਜਨ ਨੇ ਯੂਪੀਐਸਸੀ ਵਿੱਚ 408ਵਾਂ ਰੈਂਕ ਹਾਸਿਲ ਕੀਤਾ ਹੈ।

ਬਟਾਲਾ ਦੇ ਅਸੀਮ ਮਹਾਜਨ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹਨਾਂ ਨੇ ਯੂਪੀਐਸਸੀ ਵਿੱਚ 408ਵਾਂ ਰੈਂਕ ਹਾਸਿਲ ਕੀਤਾ ਹੈ।

ਅਜੇ ਮਹਾਜਨ ਆਪਣੇ ਬੇਟੇ ਅਸੀਮ ਮਹਾਜਨ ਅਸੀਮ ਨੇ ਆਪਣੀ ਮੁੱਢਲੀ ਸਿੱਖਿਆ ਬਟਾਲਾ ਤੋਂ ਹੀ ਹਾਸਿਲ ਕੀਤੀ ਅਤੇ 12ਵੀਂ ਪਾਸ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀਕਾਮ ਅਤੇ ਐੱਲਐੱਲਬੀ (ਆਨਰਜ਼) ਦੀ ਪੜਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਿਛਲੇ 3 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਨ।

ਅਜੇ ਮਹਾਜਨ ਦੱਸਦੇ ਹਨ ਕਿ ਅਸੀਮ ਵਲੋਂ ਲਗਾਤਾਰ ਪੰਜ ਵਾਰ ਯੂਪੀਐੱਸਸੀ ਪ੍ਰੀਖਿਆ ਦਿੱਤੀ ਜਦਕਿ ਤਿੰਨ ਵਾਰ ਇੰਟਰਵਿਊ ਤੱਕ ਵੀ ਪੁਹੰਚੇ ਲੇਕਿਨ ਕਲੀਅਰ ਨਹੀਂ ਹੋ ਪਾਇਆ ਅਤੇ ਇਸ ਵਾਰ ਭਾਵੇਂ ਕੁਝ ਉਹ ਆਪਣਾ ਮਨ ਛੱਡ ਗਏ ਸਨ ਪਰ ਛੇਵੀ ਵਾਰ 408 ਵਾਂ ਰੈਂਕ ਹਾਸਿਲ ਕੀਤਾ।

(ਇੰਟਪੁੱਟ-ਪੀਟੀਆਈ ਅਤੇ ਗੁਰਪ੍ਰੀਤ ਚਾਵਾਲਾ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)