'ਮੇਰੇ ਪਤੀ ਨੇ ਸੈਕਸ ਅਤੇ ਐਂਟੀਕ ਚੀਜ਼ਾਂ ਲਈ 6 ਲੱਖ ਪਾਊਂਡ ਚੋਰੀ ਕੀਤੇ'- ਦਵਾਈਆਂ ਦੇ ਸਾਈਡ ਇਫੈਕਟ ਪਰਿਵਾਰਾਂ ਨੂੰ ਤੋੜ ਰਹੇ ਹਨ

ਤਸਵੀਰ ਸਰੋਤ, Family handout
- ਲੇਖਕ, ਨੋਏਲ ਟਿਥਰੇਜ
- ਰੋਲ, ਇਨਵੈਸਟੀਗੇਸ਼ਨ ਪੱਤਰਕਾਰ
- ਲੇਖਕ, ਲੂਸੀ ਬਰਨਜ਼
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 10 ਮਿੰਟ
ਫ੍ਰਾਂਸਿਸ ਅਜੇ ਕੰਮ 'ਤੇ ਪਹੁੰਚੀ ਹੀ ਸੀ ਜਦੋਂ ਉਸ ਨੂੰ ਇੱਕ ਫੋਨ ਕਾਲ ਆਈ ਜਿਸ ਨੇ ਉਸ ਦੀ ਜ਼ਿੰਦਗੀ ਉਲਟ-ਪਲਟ ਕਰ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਉਸ ਦੇ ਵਕੀਲ ਪਤੀ ਐਂਡਰਿਊ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਉੱਤੇ ਇਲਜ਼ਾਮ ਸੀ ਕਿ ਉਹ ਆਪਣੇ ਗਾਹਕਾਂ ਨਾਲ ਧੋਖਾਧੜੀ ਕਰ ਰਿਹਾ ਸੀ। ਪੁਲਿਸ ਉਹ ਘਰ ਵੀ ਤਲਾਸ਼ ਕਰ ਰਹੀ ਸੀ ਜਿੱਥੇ ਦੋਵੇਂ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ।
ਮੈਨਚੈਸਟਰ ਦੇ ਦੱਖਣ ਵੱਲ ਇੱਕ ਹਰਿਆਲੇ ਪਿੰਡ ਵਿੱਚ ਸਥਿਤ ਐਂਡਰਿਊ ਦਾ ਦਫ਼ਤਰ ਵੀ ਕਿਸੇ ਟੀਵੀ ਡਰਾਮੇ ਦੇ ਦ੍ਰਿਸ਼ ਵਾਂਗ ਲੱਗ ਰਿਹਾ ਸੀ। ਪੀਲੇ ਕਰਾਈਮ ਟੇਪ ਨਾਲ ਘਿਰਿਆ ਹੋਇਆ, ਸਟਾਫ਼ ਹੈਰਾਨ ਸੀ ਅਤੇ ਦਸਤਾਵੇਜ਼ ਬਕਸਿਆਂ ਵਿੱਚ ਪੈਕ ਕੀਤੇ ਜਾ ਰਹੇ ਸਨ।
ਉਸ ਦੀ ਕਾਨੂੰਨੀ ਫਰਮ ਕੋਲ ਡਿਮੈਂਸ਼ੀਆ ਨਾਲ ਪੀੜਤ ਕਈ ਬਜ਼ੁਰਗ ਲੋਕਾਂ ਲਈ ਪਾਵਰ ਆਫ ਅਟਾਰਨੀ ਸੀ। ਪਰ ਪੁਲਿਸ ਨੇ ਪਤਾ ਲਗਾਇਆ ਕਿ ਐਂਡਰਿਊ ਦੇ ਗਾਹਕਾਂ ਦੇ ਲੱਖਾਂ ਪਾਊਂਡ ਗਾਇਬ ਸਨ। ਬਾਅਦ ਵਿੱਚ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਸ ਨੇ ਇਹ ਪੈਸਾ ਐਡਲਟ ਵੈਬਕੈਮ ਵੈਬਸਾਈਟਾਂ, ਸੈਕਸ ਵਰਕਰਾਂ ਅਤੇ ਐਂਟੀਕ ਚੀਜ਼ਾਂ 'ਤੇ ਖਰਚ ਕੀਤਾ ਸੀ।
ਇਹ ਘਟਨਾ 12 ਸਾਲ ਪਹਿਲਾਂ ਦੀ ਹੈ।
ਬਾਅਦ ਵਿੱਚ ਅਦਾਲਤ ਵਿੱਚ ਚੱਲੇ ਮਾਮਲੇ ਦੌਰਾਨ ਸੁਣਵਾਈ ਹੋਈ ਕਿ ਐਂਡਰਿਊ ਦਾ ਇਹ ਜਜ਼ਬਾਤੀ ਅਤੇ ਬੇਲਗ਼ਾਮ ਵਿਹਾਰ (ਇੰਪਲਸਿਵ ਬਿਵੇਹਵੀਅਰ) ਉਸ ਦਵਾਈ ਕਾਰਨ ਸੀ ਜੋ ਉਸ ਨੂੰ ਪਾਰਕਿਨਸਨ ਬਿਮਾਰੀ ਲਈ ਦਿੱਤੀ ਜਾ ਰਹੀ ਸੀ।
ਉਸ ਨੇ ਆਪਣੇ 13 ਗਾਹਕਾਂ ਤੋਂ ਚੋਰੀ ਕੀਤੀ। ਇਨ੍ਹਾਂ ਵਿੱਚੋਂ ਦੋ ਤੋਂ ਇਲਾਵਾ ਸਾਰੇ 80 ਸਾਲ ਤੋਂ ਵੱਧ ਉਮਰ ਦੇ ਸਨ ਅਤੇ ਕੁਝ ਬਿਮਾਰ ਵੀ ਸਨ। ਉਨ੍ਹਾਂ ਦੇ ਖਾਤਿਆਂ ਵਿੱਚੋਂ ਕੁੱਲ ਮਿਲਾ ਕੇ 6 ਲੱਖ ਪਾਊਂਡ ਕੱਢੇ ਗਏ।
ਇੱਕ 87 ਸਾਲ ਦੀ ਔਰਤ, ਜੋ ਕੇਅਰ ਹੋਮ ਵਿੱਚ ਰਹਿੰਦੀ ਸੀ, ਚੋਰੀ ਤੋਂ ਕੁਝ ਸਮੇਂ ਬਾਅਦ ਮਰ ਗਈ। ਉਸ ਦੀ ਜਾਇਦਾਦ ਵਿੱਚ ਉਸ ਦੇ ਅੰਤਿਮ ਸੰਸਕਾਰ ਦੇ ਖਰਚ ਲਈ ਵੀ ਲੋੜੀਂਦਾ ਪੈਸਾ ਨਹੀਂ ਬਚਿਆ ਸੀ।
ਫ੍ਰਾਂਸਿਸ ਕਹਿੰਦੀ ਹੈ, "ਲੋਕ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਮੈਂ ਇਸ ਨੂੰ ਪੂਰੀ ਤਰ੍ਹਾਂ ਸਮਝ ਸਕਦੀ ਹਾਂ।"
ਉਨ੍ਹਾਂ ਦੀ ਧੀ ਐਲਿਸ ਕਹਿੰਦੀ ਹੈ ਕਿ ਉਸ ਦੇ ਪਿਤਾ ਨੇ "ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕੀਤਾ।"

ਤਸਵੀਰ ਸਰੋਤ, Family handout
ਦੁਖਦਾਈ ਨਤੀਜੇ
ਐਂਡਰਿਊ ਦੇ ਇਸ ਵਿਹਾਰ ਦੇ ਬਾਅਦ ਵਿੱਚ ਦੁਖਦਾਈ ਨਤੀਜੇ ਨਿਕਲੇ।
ਇਹ ਮਾਮਲਾ ਬੇਸ਼ੱਕ ਗੰਭੀਰ ਸੀ ਪਰ ਇਕਲੌਤਾ ਨਹੀਂ ਸੀ।
ਪਿਛਲੇ ਇੱਕ ਸਾਲ ਦੌਰਾਨ ਅਸੀਂ ਕਈ ਪਰਿਵਾਰਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੀਆਂ ਜ਼ਿੰਦਗੀਆਂ ਉਨ੍ਹਾਂ ਦਵਾਈਆਂ ਕਾਰਨ ਟੁੱਟ ਗਈਆਂ ਹਨ ਜਿਨ੍ਹਾਂ ਨੂੰ ਡੋਪਾਮਾਈਨ ਏਗੋਨਿਸਟ ਦਵਾਈਆਂ ਕਿਹਾ ਜਾਂਦਾ ਹੈ।
ਇਨ੍ਹਾਂ ਦੇ ਸਾਈਡ ਇਫੈਕਟ ਵਿੱਚ ਨਵੀਆਂ ਜਿਨਸੀ ਖੁਆਇਸ਼ਾ ਦਾ ਪੈਦਾ ਹੋਣਾ ਸ਼ਾਮਲ ਹੈ, ਜਿਵੇਂ ਕਿ ਅਸ਼ਲੀਲ ਸਮੱਗਰੀ ਦੀ ਲਤ ਅਤੇ ਸੈਕਸ ਵਰਕਰਾਂ ਨਾਲ ਸੰਬੰਧ। ਇਸ ਤੋਂ ਇਲਾਵਾ ਬੇਲਗ਼ਾਮ ਖਰੀਦਦਾਰੀ ਅਤੇ ਜੂਆ ਖੇਡਣ ਦੀ ਆਦਤ ਵੀ ਸ਼ਾਮਲ ਹੈ, ਜਿਸ ਕਾਰਨ ਲੋਕਾਂ ਦੇ ਦਸਾਂ ਜਾਂ ਸੈਂਕੜਿਆਂ ਹਜ਼ਾਰ ਪਾਊਂਡ ਤੱਕ ਖਰਚ ਹੋ ਗਏ।
ਇਹ ਦਵਾਈਆਂ ਪਾਰਕਿਨਸਨ, ਰੈਸਟਲੈੱਸ ਲੈਗਜ਼ ਸਿੰਡਰੋਮ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਪਿਛਲੇ ਸਾਲ ਸਿਰਫ਼ ਇੰਗਲੈਂਡ ਵਿੱਚ ਜੀਪੀ ਡਾਕਟਰਾਂ ਵੱਲੋਂ ਇਹ 15 ਲੱਖ ਵਾਰ ਲਿਖ ਕੇ ਦਿੱਤੀਆਂ ਗਈਆਂ।
ਐੱਨਐੱਚਐੱਸ ਦੀ ਸਲਾਹ ਸਪਸ਼ਟ ਹੈ। ਜੇ ਤੁਸੀਂ ਇਹ ਦਵਾਈਆਂ ਲੈ ਰਹੇ ਹੋ ਅਤੇ ਤੁਹਾਨੂੰ ਕੋਈ ਚਿੰਤਾ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਇੱਕ 2010 ਦੇ ਅਧਿਐਨ ਮੁਤਾਬਕ, ਜੋ 3,000 ਤੋਂ ਵੱਧ ਲੋਕਾਂ 'ਤੇ ਕੀਤਾ ਗਿਆ ਸੀ, ਇਹ ਦਵਾਈਆਂ ਲੈ ਰਹੇ ਹਰ ਛੇ ਵਿੱਚੋਂ ਇੱਕ ਮਰੀਜ਼ ਪਾਰਕਿਨਸਨ ਮਰੀਜ਼ ਇੰਪਲਸ ਕੰਟ੍ਰੋਲ ਡਿਸਆਰਡਰ ਨਾਲ ਪ੍ਰਭਾਵਿਤ ਹੁੰਦਾ ਹੈ। ਇਹ ਇਸ ਵਿਹਾਰ ਲਈ ਵਰਤਿਆ ਜਾਣ ਵਾਲਾ ਮੈਡੀਕਲ ਸ਼ਬਦ ਹੈ।
ਸਾਡੀ ਜਾਂਚ ਦੇ ਜਵਾਬ ਵਿੱਚ ਸੰਸਦ ਮੈਂਬਰਾਂ ਦੀ ਹੈਲਥ ਸਿਲੈਕਟ ਕਮੇਟੀ ਦੇ ਚੇਅਰਮੈਨ ਨੇ ਸਾਡੇ ਨਤੀਜਿਆਂ ਨੂੰ "ਤਬਾਹੀਕੁਨ" ਦੱਸਿਆ ਹੈ ਅਤੇ ਯੂਕੇ ਦੇ ਦਵਾਈ ਕੰਟ੍ਰੋਲ ਅਧਿਕਾਰ ਨੂੰ ਸਰਕਾਰੀ ਚੇਤਾਵਨੀਆਂ ਦੀ ਸਮੀਖਿਆ ਕਰਨ ਲਈ ਚਿੱਠੀ ਲਿਖੀ ਹੈ।
ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਵਿੱਚੋਂ ਕਈਆਂ ਨੇ ਦੱਸਿਆ ਕਿ ਦਵਾਈ ਲੈਣ ਤੋਂ ਪਹਿਲਾਂ ਉਨ੍ਹਾਂ ਵਿੱਚ ਅਜਿਹਾ ਕੋਈ ਬੇਲਗ਼ਾਮ ਵਿਹਾਰ ਨਹੀਂ ਸੀ। ਜਦੋਂ ਇਹ ਲੱਛਣ ਸ਼ੁਰੂ ਹੋਏ, ਉਨ੍ਹਾਂ ਨੇ ਇਸ ਦਾ ਦਵਾਈ ਨਾਲ ਕੋਈ ਸੰਬੰਧ ਨਹੀਂ ਜੋੜਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਜਾਂ ਤਾਂ ਉਨ੍ਹਾਂ ਨੂੰ ਢੰਗ ਨਾਲ ਚੇਤਾਵਨੀ ਨਹੀਂ ਦਿੱਤੀ ਜਾਂ ਫਿਰ ਦਵਾਈ ਦੇ ਪ੍ਰਭਾਵਾਂ ਦੀ ਢੰਗ ਨਾਲ ਨਿਗਰਾਨੀ ਨਹੀਂ ਕੀਤੀ।
ਉਹ ਕਹਿੰਦੇ ਹਨ ਕਿ 2013 ਦੀਆਂ ਗਰਮੀਆਂ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਵਾਲੇ ਹਫ਼ਤੇ ਦੇ ਅਖ਼ੀਰ ਵਿੱਚ, ਐਂਡਰਿਊ ਨੇ ਆਪਣੇ ਪਰਿਵਾਰ ਅੱਗੇ ਹੌਸਲਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸ ਐਤਵਾਰ ਨੂੰ ਉਹ ਘਰ ਵਿੱਚ ਡਿੱਗ ਪਏ ਅਤੇ ਉਸ ਨੂੰ ਏ ਐਂਡ ਈ ਲੈ ਗਏ।
ਕੁਝ ਸਾਲ ਪਹਿਲਾਂ ਉਸ ਨੂੰ ਪਾਰਕਿਨਸਨ ਦੀ ਬਿਮਾਰੀ ਦਾ ਪਤਾ ਲੱਗਾ ਸੀ। ਜਦੋਂ ਉਸ ਨੂੰ ਕੰਬਣ ਦੀ ਸਮੱਸਿਆ ਆਉਣੀ ਸ਼ੁਰੂ ਹੋਈ, ਡਾਕਟਰਾਂ ਨੇ ਉਸ ਨੂੰ ਪ੍ਰਾਮੀਪੈਕਸੋਲ ਨਾਂ ਦੀ ਦਵਾਈ ਦਿੱਤੀ। ਫ੍ਰਾਂਸਿਸ ਮੁਤਾਬਕ ਇਸ ਦਵਾਈ ਦੇ ਅਸਰ "ਚਮਤਕਾਰੀ" ਸਨ।

ਦਵਾਈ ਦਾ ਅਸਰ
ਪ੍ਰਾਮੀਪੈਕਸੋਲ ਅਤੇ ਇਸ ਵਰਗੀਆਂ ਦਵਾਈਆਂ ਡੋਪਾਮਾਈਨ ਦੀ ਗਤੀਵਿਧੀ ਵਧਾ ਕੇ ਕੰਮ ਕਰਦੀਆਂ ਹਨ। ਡੋਪਾਮਾਈਨ ਇੱਕ ਰਸਾਇਣ ਹੈ ਜੋ ਸਾਡੇ ਹਿਲਣ-ਜੁਲਣ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ, ਪਰ ਇਹ ਖੁਸ਼ੀ ਦੇ ਅਹਿਸਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਉਸ ਦੇ ਪਰਿਵਾਰ ਮੁਤਾਬਕ ਐਂਡਰਿਊ ਦਾ ਪਾਰਕਿਨਸਨ ਕਾਰਨ ਛਿੜਨ ਵਾਲਾ ਕਾਂਬਾ ਕਾਫ਼ੀ ਘੱਟ ਹੋ ਗਿਆ ਅਤੇ ਜਲਦੀ ਹੀ ਉਹ ਮੁੜ ਟੈਨਿਸ ਖੇਡਣ ਲੱਗੇ ਸਨ।
ਪਰ ਜਦੋਂ ਉਹ ਡਿੱਗਣ ਤੋਂ ਬਾਅਦ ਏ ਐਂਡ ਈ ਵਿੱਚ ਸੀ ਤਾਂ ਇੱਕ ਡਾਕਟਰ ਨੇ ਫ੍ਰਾਂਸਿਸ ਤੋਂ ਪੁੱਛਿਆ ਕਿ ਕੀ ਉਹ ਜਾਣਦੀ ਹੈ ਕਿ ਪ੍ਰਾਮੀਪੈਕਸੋਲ ਇਹ ਦਵਾਈ ਲੈਣ ਵਾਲਿਆਂ ਵਿੱਚ ਕਈ ਤਰ੍ਹਾਂ ਦੇ ਬੇਲਗ਼ਾਮ ਵਿਹਾਰ ਪੈਦਾ ਕਰ ਸਕਦੀ ਹੈ।
ਫ੍ਰਾਂਸਿਸ ਕਹਿੰਦੀ ਹੈ ਕਿ ਇਹ ਉਸ ਲਈ "ਭਿਆਨਕ ਝਟਕਾ" ਸੀ। ਉਹ ਸਮਝ ਨਹੀਂ ਸਕੀ ਕਿ ਐਂਡਰਿਊ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਉਸ ਨੂੰ ਕਦੇ ਚੇਤਾਵਨੀ ਕਿਉਂ ਨਹੀਂ ਦਿੱਤੀ ਗਈ।
ਉਹ ਕਹਿੰਦੀ ਹੈ ਕਿ ਦਵਾਈ ਦੇ ਸੰਭਾਵਿਤ ਸਾਈਡ ਇਫੈਕਟ ਨੇ ਆਖ਼ਿਰਕਾਰ ਐਂਡਰਿਊ ਦੀ ਬੇਲਗ਼ਾਮ ਖਰੀਦਦਾਰੀ ਨੂੰ ਸਮਝਾਇਆ, ਹਾਲਾਂਕਿ ਉਸ ਵੇਲੇ ਤੱਕ ਉਸ ਨੂੰ ਉਸ ਦੇ ਖਰਚ ਦੀ ਅਸਲ ਹੱਦ ਬਾਰੇ ਕੋਈ ਪਤਾ ਨਹੀਂ ਸੀ।
ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਐਂਡਰਿਊ ਹਫ਼ਤੇ ਵਿੱਚ ਲਗਭਗ ਇੱਕ ਵਾਰ ਵੈਬਕੈਮ ਅਤੇ ਸੈਕਸ-ਚੈਟ ਵੈਬਸਾਈਟਾਂ ਵਰਤਦੇ ਸੀ। ਪਰ ਗੋਲੀਆਂ ਸ਼ੁਰੂ ਕਰਨ ਤੋਂ ਬਾਅਦ ਦੇ ਇੱਕ ਸਾਲ ਵਿੱਚ ਉਸ ਨੇ ਇਨ੍ਹਾਂ ਸਾਈਟਾਂ ਨੂੰ ਲਗਭਗ 500 ਵਾਰੀ ਭੁਗਤਾਨ ਕੀਤੇ।
ਉਸ ਨੇ ਆਪਣੇ ਗਾਹਕਾਂ ਦੇ ਪੈਸੇ ਨਾਲ ਸਿਰਫ਼ ਇੱਕ ਹੀ ਵੈਬਸਾਈਟ 'ਤੇ 1 ਲੱਖ ਪਾਊਂਡ ਤੋਂ ਵੱਧ ਖਰਚ ਕਰ ਦਿੱਤੇ। ਉਸ ਨੇ ਸਿਰਫ਼ ਚਾਰ ਮਹੀਨਿਆਂ ਵਿੱਚ ਲਗਭਗ 80 ਹਜ਼ਾਰ ਪਾਊਂਡ ਸੈਕਸ ਵਰਕਰਾਂ 'ਤੇ ਖਰਚ ਕੀਤੇ।
ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੇ ਮੋਬਾਇਲ ਫੋਨ ਵਿੱਚ 90 ਵੱਖ-ਵੱਖ ਐਸਕੋਰਟਾਂ ਦੇ ਨੰਬਰ ਮਿਲੇ।
ਐਂਡਰਿਊ, ਜੋ ਪਹਿਲਾਂ ਤੋਂ ਹੀ ਇਤਿਹਾਸ ਦਾ ਸ਼ੌਕੀਨ ਸੀ, ਨੇ ਐਂਟੀਕ ਕਲਮਾਂ, ਮਿੱਟੀ ਦੇ ਬਰਤਨ ਅਤੇ ਕ੍ਰਿਕਟ ਨਾਲ ਜੁੜੀਆਂ ਯਾਦਗਾਰੀ ਚੀਜ਼ਾਂ ਬੇਲਗ਼ਾਮ ਤਰੀਕੇ ਨਾਲ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਛਾਪੇ ਤੋਂ ਪਹਿਲਾਂ ਦੇ ਛੇ ਮਹੀਨਿਆਂ ਵਿੱਚ ਉਸ ਨੇ ਈਬੇ 'ਤੇ 85 ਹਜ਼ਾਰ ਪਾਊਂਡ ਖਰਚ ਕੀਤੇ।
ਐਲਿਸ ਕਹਿੰਦੀ ਹੈ, "ਪਾਪਾ ਨੂੰ ਗ੍ਰਿਫ਼ਤਾਰੀ ਦੇ ਸਮੇਂ ਤੋਂ ਹੀ ਬਹੁਤ ਸ਼ਰਮ ਆਉਣ ਲੱਗੀ ਸੀ, ਉਹ ਲਗਭਗ ਘਰ ਤੋਂ ਬਾਹਰ ਨਹੀਂ ਨਿਕਲਦੇ ਸਨ।"

ਤਸਵੀਰ ਸਰੋਤ, Getty Images
ਪੁੱਤਰ ਦੀ ਮਾਨਸਿਕ ਹਾਲਤ
ਇੱਕ ਸਾਲ ਤੋਂ ਵੱਧ ਸਮੇਂ ਤੱਕ ਪਰਿਵਾਰ ਪ੍ਰੋਸੀਕਿਊਟਰਾਂ ਵੱਲੋਂ ਖ਼ਬਰ ਦੀ ਉਡੀਕ ਕਰਦਾ ਰਿਹਾ। ਆਖ਼ਿਰਕਾਰ ਐਂਡਰਿਊ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।
ਫ੍ਰਾਂਸਿਸ ਕਹਿੰਦੀ ਹੈ ਕਿ ਜੋੜੇ ਦਾ ਪੁੱਤਰ ਹੈਰੀ "ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ", ਪਰ ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੋ ਕੁਝ ਹੋਇਆ, ਉਸ ਨੂੰ ਸੰਭਾਲਣਾ ਉਸ ਲਈ "ਬਹੁਤ ਮੁਸ਼ਕਲ" ਸੀ। ਹੈਰੀ ਨੂੰ ਪਹਿਲਾਂ ਤੋਂ ਹੀ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਸਨ।
ਹੈਰੀ ਦੀ ਮਾਨਸਿਕ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਕਾਨੂੰਨੀ ਤੌਰ 'ਤੇ ਮਨੋਰੋਗ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ। ਉਹ ਘਰ ਵਾਪਸ ਆ ਗਿਆ, ਪਰ ਫਿਰ ਲਾਪਤਾ ਹੋ ਗਿਆ। ਕੁਝ ਹਫ਼ਤਿਆਂ ਬਾਅਦ ਉਸ ਦੀ ਲਾਸ਼ ਮਿਲੀ। ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਸੀ।
2015 ਵਿੱਚ ਅਦਾਲਤ ਵਿੱਚ ਐਂਡਰਿਊ ਨੇ ਇਲਜ਼ਾਮ ਕਬੂਲ ਕਰ ਲਿਆ। ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ ਉਸ ਨੇ ਆਪਣੇ ਗਾਹਕਾਂ ਦਾ ਪੈਸਾ ਵੱਖ-ਵੱਖ "ਜਿਨਸੀ ਹੱਦੋਂ ਵੱਧ ਖਰਚਿਆਂ" ਅਤੇ "ਬੇਤੁਕੇ ਫ਼ਿਜ਼ੂਲ ਖਰਚ" 'ਤੇ ਉਡਾ ਦਿੱਤਾ।
ਜਸਟਿਸ ਓਪਨਸ਼ਾ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਐਂਡਰਿਊ ਦਾ ਵਿਹਾਰ ਉਸ ਵੱਲੋਂ ਲਿਆਂਦੀਆਂ ਦਵਾਈਆਂ ਕਾਰਨ ਸੀ, ਪਰ ਉਹ ਇਹ ਵੀ ਕਹਿੰਦੇ ਹਨ ਕਿ ਉਹ ਇੱਕ ਪ੍ਰੈਕਟਿਸ ਕਰਦਾ ਵਕੀਲ ਸੀ ਜੋ ਹੋਰ ਮਾਮਲਿਆਂ ਵਿੱਚ ਆਪਣਾ ਕੰਮ ਢੰਗ ਨਾਲ ਕਰ ਸਕਦਾ ਸੀ।
ਜੱਜ ਨੇ ਕਿਹਾ ਕਿ ਇੱਕ ਪਰਿਵਾਰ, ਦੋਸਤਾਂ ਅਤੇ ਸਲਾਹਕਾਰਾਂ ਵਾਲੇ ਵਿਅਕਤੀ ਵਜੋਂ ਐਂਡਰਿਊ ਨੂੰ ਉਨ੍ਹਾਂ ਤੋਂ ਮਦਦ ਲੈਣੀ ਚਾਹੀਦੀ ਸੀ ਅਤੇ ਇਹ ਪਛਾਨਣਾ ਚਾਹੀਦਾ ਸੀ ਕਿ ਦਵਾਈ ਉਸ 'ਤੇ ਕੀ ਅਸਰ ਕਰ ਰਹੀ ਹੈ।
ਐਂਡਰਿਊ ਨੂੰ ਐੱਚਐੱਮ ਪ੍ਰਿਜ਼ਨ ਮੈਨਚੈਸਟਰ, ਜਿਸ ਨੂੰ ਆਮ ਤੌਰ 'ਤੇ ਸਟ੍ਰੇਂਜਵੇਜ਼ ਕਿਹਾ ਜਾਂਦਾ ਹੈ, ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ।
ਜਾਂਚ ਦੌਰਾਨ ਐਂਡਰਿਊ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਤਾਂ ਜੋ ਉਸ ਦੇ ਗਾਹਕਾਂ ਤੋਂ ਚੁਰਾਏ ਗਏ ਕੁਝ ਪੈਸੇ ਵਾਪਸ ਲਏ ਜਾ ਸਕਣ।
ਪਰਿਵਾਰ ਐਂਡਰਿਊ ਦੇ ਡਾਕਟਰਾਂ ਖ਼ਿਲਾਫ਼ ਕਲੀਨਿਕਲ ਲਾਪਰਵਾਹੀ ਦਾ ਮਾਮਲਾ ਵੀ ਅੱਗੇ ਨਹੀਂ ਵਧਾ ਸਕਿਆ, ਕਿਉਂਕਿ ਕਾਨੂੰਨੀ ਨਿਯਮ ਕਈ ਵਾਰ ਕਿਸੇ ਗੰਭੀਰ ਅਪਰਾਧ ਨਾਲ ਨਜ਼ਦੀਕੀ ਤੌਰ 'ਤੇ ਜੁੜੇ ਨੁਕਸਾਨ ਦੀ ਭਰਪਾਈ ਨੂੰ ਰੋਕ ਸਕਦੇ ਹਨ।
ਐਂਡਰਿਊ ਦੇ ਜੇਲ੍ਹ ਵਿੱਚ ਹੋਣ ਦੌਰਾਨ ਫ੍ਰਾਂਸਿਸ ਅਤੇ ਐਂਡਰਿਊ ਦਾ ਤਲਾਕ ਹੋ ਗਿਆ। ਸਜ਼ਾ ਕੱਟਣ ਤੋਂ ਦੋ ਸਾਲ ਬਾਅਦ ਜਦੋਂ ਉਹ ਰਿਹਾਅ ਹੋਇਆ, ਉਹ ਸਹਾਇਕ ਰਹਾਇਸ਼ ਵਿੱਚ ਰਹਿਣ ਲੱਗ ਪਿਆ।
ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਲ੍ਹ ਨੇ ਐਂਡਰਿਊ 'ਤੇ ਬੁਰਾ ਅਸਰ ਪਾਇਆ ਅਤੇ ਕੋਵਿਡ ਲੌਕਡਾਊਨ ਉਸ ਲਈ ਖ਼ਾਸ ਤੌਰ 'ਤੇ ਮੁਸ਼ਕਲ ਸਾਬਤ ਹੋਏ। ਦਵਾਈ ਦੇ ਅਸਰ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਨੇ ਡੋਪਾਮਾਈਨ ਏਗੋਨਿਸਟ ਦਵਾਈ ਤੁਰੰਤ ਬੰਦ ਕਰ ਦਿੱਤੀ ਸੀ ਅਤੇ ਉਸ ਦੇ ਪਾਰਕਿਨਸਨ ਦੇ ਲੱਛਣ ਹੋਰ ਵੱਧ ਗਏ ਸਨ।

ਪਰਿਵਾਰ ਦਾ ਟੁੱਟਣਾ
ਐਲਿਸ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਉਨ੍ਹਾਂ ਦੀ ਪੂਰੀ ਜ਼ਿੰਦਗੀ ਟੁੱਟ ਕੇ ਬਿਖ਼ਰ ਗਈ ਸੀ। ਹਾਂ, ਪਾਰਕਿਨਸਨ ਕਰਕੇ ਵੀ, ਪਰ ਅਸਲ ਵਿੱਚ ਦਵਾਈਆਂ ਕਰਕੇ।"
ਅਕਤੂਬਰ 2020 ਵਿੱਚ ਐਂਡਰਿਊ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਉਸ ਦੀ ਮੌਤ ਯੂਕੇ ਦੇ ਯੈਲੋ ਕਾਰਡ ਜਨਤਕ ਰਿਕਾਰਡ ਵਿੱਚ ਦਰਜ ਨਹੀਂ ਹੈ। ਇਹ ਐੱਮਐੱਚਆਰਏ, ਭਾਵ ਮੈਡਿਸਿਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਦੀ ਯੋਜਨਾ ਹੈ, ਜੋ ਦਵਾਈਆਂ ਦੇ ਰਿਪੋਰਟ ਕੀਤੇ ਗਏ ਨੁਕਸਾਨਦਾਇਕ ਅਸਰਾਂ ਨੂੰ ਇਕੱਠਾ ਕਰਦੀ ਹੈ। ਇਸ ਵਿੱਚ ਉਸ ਦੇ ਪੁੱਤਰ ਹੈਰੀ ਦੀ ਮੌਤ ਵੀ ਸ਼ਾਮਲ ਨਹੀਂ ਹੋਵੇਗੀ।
ਡੋਪਾਮਾਈਨ ਏਗੋਨਿਸਟ ਦਵਾਈਆਂ ਕਾਰਨ ਵੱਡੇ ਪਰਿਵਾਰਾਂ ਨੂੰ ਹੋਏ ਸਹਾਇਕ ਨੁਕਸਾਨ ਵੀ ਦਰਜ ਨਹੀਂ ਕੀਤੇ ਜਾਣਗੇ। ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਵਰਤੋਂਕਾਰਾਂ ਦੀ ਬੇਲਗ਼ਾਮ ਜੂਆ ਖੇਡਣ, ਖਰੀਦਦਾਰੀ ਜਾਂ ਹੋਰ ਵਿਹਾਰਾਂ ਕਾਰਨ ਆਪਣੀ ਜ਼ਿੰਦਗੀ ਦੀ ਬਚਤ ਜਾਂ ਘਰ ਤੱਕ ਗਵਾ ਦਿੱਤੇ।
ਕਈਆਂ ਨੇ ਇਹ ਵੀ ਕਿਹਾ ਕਿ ਯੂਕੇ ਵਿੱਚ ਕਲਾਸ ਐਕਸ਼ਨ ਮਾਮਲੇ ਦਰਜ ਕਰਨ ਦੀਆਂ ਮੁਸ਼ਕਲਾਂ ਅਤੇ ਕਲੀਨਿਕਲ ਲਾਪਰਵਾਹੀ ਦੇ ਮਾਮਲੇ ਵਿੱਚ ਇਹ ਸਾਬਤ ਕਰਨ ਦੀ ਲੋੜ ਕਿ ਉਨ੍ਹਾਂ ਨੂੰ ਚੇਤਾਵਨੀ ਨਹੀਂ ਦਿੱਤੀ ਗਈ ਸੀ, ਕਾਰਨ ਉਨ੍ਹਾਂ ਨੂੰ ਆਪਣੇ ਨੁਕਸਾਨ ਲਈ ਇਨਸਾਫ਼ ਦਾ ਕੋਈ ਰਸਤਾ ਨਹੀਂ ਮਿਲਿਆ।
ਇਨ੍ਹਾਂ ਡੋਪਾਮਾਈਨ ਏਗੋਨਿਸਟ ਦਵਾਈਆਂ ਨਾਲ ਬੇਲਗ਼ਾਮ ਵਿਹਾਰ ਜੁੜਿਆ ਹੋਣ ਦੀ ਪਛਾਣ ਹੋਏ ਹੁਣ 20 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਪਿਛਲੇ ਸਾਲ ਬੀਬੀਸੀ ਨੇ ਖੁਲਾਸਾ ਕੀਤਾ ਸੀ ਕਿ ਜੀਐੱਸਕੇ, ਜੋ ਯੂਕੇ ਵਿੱਚ ਪਾਰਕਿਨਸਨ ਲਈ ਇਸ ਕਿਸਮ ਦੀ ਦਵਾਈ ਨੂੰ ਸਭ ਤੋਂ ਪਹਿਲਾਂ ਲਾਇਸੰਸ ਕਰਨ ਵਾਲੀ ਬ੍ਰਿਟਿਸ਼ ਕੰਪਨੀ ਸੀ, ਨੇ 2003 ਵਿੱਚ ਹੀ ਆਪਣੀ ਦਵਾਈ ਅਤੇ ਉਸ ਵੱਲੋਂ ਕਹੇ ਗਏ "ਅਸਧਾਰਣ" ਜਿਨਸੀ ਵਿਹਾਰ ਦਰਮਿਆਨ ਸਬੰਧ ਲੱਭ ਲਿਆ ਸੀ।
ਤਿੰਨ ਸਾਲ ਬਾਅਦ ਚੇਤਾਵਨੀਆਂ ਜਾਰੀ ਹੋਈਆਂ, ਪਰ ਉਨ੍ਹਾਂ ਵਿੱਚ ਸਿਰਫ਼ "ਜਿਨਸੀ ਇੱਛਾ ਵਿੱਚ ਵਾਧਾ", "ਹਾਨੀਕਾਰਕ ਵਿਹਾਰ" ਅਤੇ "ਜਿਨਸੀ ਰੁਝਾਨ ਵਿੱਚ ਬਦਲਾਅ" ਦੀ ਸੰਭਾਵਨਾ ਦਰਜ ਕੀਤੀ ਗਈ। ਮਰੀਜ਼ਾਂ ਲਈ ਜਾਣਕਾਰੀ ਪੱਤਰਾਂ ਵਿੱਚ ਅਜੇ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਇੰਪਲਸ ਕੰਟ੍ਰੋਲ ਡਿਸਆਰਡਰ ਕਿੰਨੇ ਆਮ ਹੋ ਸਕਦੇ ਹਨ।
ਹੁਣ ਸੰਸਦ ਮੈਂਬਰਾਂ ਦੀ ਹੈਲਥ ਸਿਲੈਕਟ ਕਮੇਟੀ ਦੀ ਚੇਅਰਪਰਸਨ ਲੈਲਾ ਮੋਰਾਨ ਇਹ ਮੰਗ ਕਰ ਰਹੀ ਹੈ ਕਿ ਚੇਤਾਵਨੀਆਂ ਵਿੱਚ ਇਹ ਵੀ ਦਰਜ ਹੋਵੇ ਕਿ ਇੰਪਲਸ ਕੰਟ੍ਰੋਲ ਡਿਸਆਰਡਰ ਕੁੱਲ ਮਿਲਾ ਕੇ ਕਿੰਨੇ ਆਮ ਹਨ ਅਤੇ ਕਿਹੜੇ ਖ਼ਾਸ ਵਿਹਾਰ, ਜਿਵੇਂ ਕਿ ਅਸ਼ਲੀਲ ਸਮੱਗਰੀ ਦੀ ਲਤ, ਵਿਕਸਿਤ ਹੋ ਸਕਦੇ ਹਨ।
ਉਹ ਕਹਿੰਦੀ ਹੈ, "ਇਹ ਸਿਰਫ਼ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਨ ਵਾਲਾ ਸਾਈਡ ਇਫੈਕਟ ਨਹੀਂ ਹੈ, ਇਹ ਪਰਿਵਾਰਾਂ ਅਤੇ ਸਮੁਦਾਇਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਨਵੇਂ ਪੀੜਤ ਪੈਦਾ ਕਰ ਰਿਹਾ ਹੈ।"
ਉਹ ਪੁੱਛਦੀ ਹੈ, "ਬੇਲਗ਼ਾਮ ਵਿਹਾਰ ਦਾ ਕੀ ਮਤਲਬ ਹੈ ਅਤੇ ਇਹ ਹੋਣ ਦੀ ਸੰਭਾਵਨਾ ਕਿੰਨੀ ਹੈ? ਇਸ ਵੇਲੇ ਮਰੀਜ਼ਾਂ ਕੋਲ ਇਹ ਜਾਣਕਾਰੀ ਨਹੀਂ ਹੈ ਅਤੇ ਇਸ ਤੋਂ ਬਿਨਾਂ ਉਹ ਇਸ ਨਾਲ ਕਿਵੇਂ ਨਜਿੱਠ ਸਕਦੇ ਹਨ?"

ਮੋਰਾਨ ਕਹਿੰਦੀ ਹੈ ਕਿ ਐੱਮਐੱਚਆਰਏ ਦੀ ਯੈਲੋ ਕਾਰਡ ਯੋਜਨਾ "ਇਸ ਮਕਸਦ ਲਈ ਢੰਗ ਦੀ ਨਹੀਂ" ਹੈ, ਕਿਉਂਕਿ ਲੋਕ ਅਜਿਹੇ ਸਾਈਡ ਇਫੈਕਟ ਰਿਪੋਰਟ ਕਰਨ ਤੋਂ ਹਿਚਕਚਾਉਂਦੇ ਹਨ ਜੋ ਉਨ੍ਹਾਂ ਨੂੰ ਸ਼ਰਮਿੰਦਾ ਕਰਦੇ ਹਨ।
ਸਰਕਾਰ ਨੇ ਵੀ ਸਾਡੇ ਨਤੀਜਿਆਂ ਨੂੰ "ਬਹੁਤ ਚਿੰਤਾਜਨਕ" ਦੱਸਿਆ ਹੈ।
ਹਾਲਾਂਕਿ ਐੱਮਐੱਚਆਰਏ ਨੇ ਸਾਨੂੰ ਦੱਸਿਆ ਕਿ ਚੇਤਾਵਨੀਆਂ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਏਜੰਸੀ ਮੁਤਾਬਕ ਇਹ ਜਿਨਸੀ ਵਿਹਾਰ ਵਿਅਕਤੀਗਤ ਹੁੰਦੇ ਹਨ, ਇਸ ਲਈ ਜਾਣਕਾਰੀ ਪੱਤਰਾਂ ਵਿੱਚ ਪੂਰੀ ਸੂਚੀ ਸ਼ਾਮਲ ਕਰਨਾ ਸੰਭਵ ਨਹੀਂ।
ਇਸ ਤੋਂ ਪਹਿਲਾਂ ਉਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇੰਪਲਸ ਕੰਟ੍ਰੋਲ ਡਿਸਆਰਡਰ ਦੀ ਆਵਰਤੀ ਇਸ ਲਈ ਦਰਜ ਨਹੀਂ ਕੀਤੀ ਜਾਂਦੀ ਕਿਉਂਕਿ ਕਈ ਲੋਕ ਇਹ ਰਿਪੋਰਟ ਨਹੀਂ ਕਰਦੇ।
ਜੀਐੱਸਕੇ ਨੇ ਕਿਹਾ ਕਿ ਉਸ ਦੀ ਦਵਾਈ ਦਾ ਵਿਸਤ੍ਰਿਤ ਟ੍ਰਾਇਲ ਕੀਤਾ ਗਿਆ ਸੀ, ਦੁਨੀਆ ਭਰ ਦੇ ਕੰਟ੍ਰੋਲਰਾਂ ਵੱਲੋਂ ਕਈ ਵਾਰ ਮਨਜ਼ੂਰੀ ਦਿੱਤੀ ਗਈ ਅਤੇ 1 ਕਰੋੜ 70 ਲੱਖ ਤੋਂ ਵੱਧ ਇਲਾਜਾਂ ਲਈ ਲਿਖੀ ਗਈ। ਕੰਪਨੀ ਨੇ ਕਿਹਾ ਕਿ ਉਸ ਨੇ ਸੁਰੱਖਿਆ ਸੰਬੰਧੀ ਆਪਣੀ ਰਿਪੋਰਟ ਕੰਟ੍ਰੋਲਰਾਂ ਨਾਲ ਸਾਂਝੀ ਕੀਤੀ ਸੀ।
ਵਕੀਲ ਐਂਡਰਿਊ ਨੂੰ ਲਿਖੀ ਗਈ ਦਵਾਈ ਪ੍ਰਾਮੀਪੈਕਸੋਲ ਬੋਹਰਿੰਗਰ ਇੰਗਲਹਾਈਮ ਬਣਾਉਂਦੀ ਹੈ। ਕੰਪਨੀ ਨੇ ਕੋਈ ਟਿੱਪਣੀ ਨਹੀਂ ਕੀਤੀ।
2017 ਵਿੱਚ ਡਾਕਟਰਾਂ ਲਈ ਇਹ ਲਾਜ਼ਮੀ ਕੀਤਾ ਗਿਆ ਕਿ ਉਹ ਪਾਰਕਿਨਸਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਲਗ਼ਾਮ ਵਿਹਾਰ ਦੇ ਖ਼ਤਰੇ ਬਾਰੇ ਮੌਖਿਕ ਅਤੇ ਲਿਖਤੀ ਜਾਣਕਾਰੀ ਦੇਣ ਅਤੇ ਨਿਯਮਿਤ ਤੌਰ 'ਤੇ ਉਸ ਦੀ ਨਿਗਰਾਨੀ ਕਰਨ। ਇਹ ਹਦਾਇਤਾਂ ਨੈਸ਼ਨਲ ਇੰਸਟੀਟਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ ਵੱਲੋਂ ਜਾਰੀ ਕੀਤੀਆਂ ਗਈਆਂ ਸਨ।
ਪਰ ਬੀਬੀਸੀ ਨੂੰ ਕਈ ਅਜਿਹੇ ਪਾਰਕਿਨਸਨ ਮਰੀਜ਼ਾਂ ਨੇ ਦੱਸਿਆ, ਜਿਨ੍ਹਾਂ ਨੂੰ ਇਹ ਹਦਾਇਤਾਂ ਲਾਗੂ ਹੋਣ ਤੋਂ ਬਾਅਦ ਦਵਾਈਆਂ ਦਿੱਤੀਆਂ ਗਈਆਂ, ਕਿ ਉਨ੍ਹਾਂ ਨੂੰ ਖ਼ਤਰਿਆਂ ਬਾਰੇ ਢੰਗ ਨਾਲ ਚੇਤਾਵਨੀ ਨਹੀਂ ਦਿੱਤੀ ਗਈ। ਕੁਝ ਮਰੀਜ਼ ਕਹਿੰਦੇ ਹਨ ਕਿ ਉਹ ਇਸ ਵੇਲੇ ਵੀ ਬੇਲਗ਼ਾਮ ਵਿਹਾਰ ਦਾ ਸਾਹਮਣਾ ਕਰ ਰਹੇ ਹਨ।
ਐਲਿਸ ਅਤੇ ਫ੍ਰਾਂਸਿਸ ਉਸ ਪਿੰਡ ਤੋਂ ਸੈਂਕੜਿਆਂ ਮੀਲ ਦੂਰ ਚਲੇ ਗਏ ਹਨ ਜਿੱਥੇ ਉਹ ਰਹਿੰਦੇ ਸਨ, ਪਰ ਉਨ੍ਹਾਂ ਦਾ ਦਰਦ ਅਜੇ ਵੀ ਨਾਲ ਹੈ।
ਫ੍ਰਾਂਸਿਸ ਕਹਿੰਦੀ ਹੈ, "ਮੇਰੀ ਜ਼ਿੰਦਗੀ ਮੇਰੇ ਕੋਲੋਂ ਖੋ ਲਈ ਗਈ। ਮੇਰਾ ਘਰ, ਮੇਰਾ ਸਮਾਜ, ਪਰ ਸਭ ਤੋਂ ਵੱਡੀ ਗੱਲ ਮੇਰਾ ਪੁੱਤਰ ਮੈਥੋਂ ਸਦਾ ਲਈ ਵਿਛੜ ਗਿਆ।"
ਉਹ ਕਹਿੰਦੀ ਹੈ, "ਇਹ ਕਿੰਨਾ ਤਬਾਹੀਕੁਨ ਹੈ, ਇਸ ਲਈ ਮੇਰੇ ਕੋਲ ਸ਼ਬਦ ਨਹੀਂ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































