ਦੁਨੀਆਂ ਦੇ ਮਸ਼ਹੂਰ ਮਿਊਜ਼ੀਅਮ 'ਚੋਂ 7 ਮਿੰਟਾਂ ਵਿੱਚ ਚੋਰਾਂ ਨੇ ਕਰੋੜਾਂ ਦੀ ਚੋਰੀ ਕੀਤੀ ਤੇ ਸਕੂਟਰ ’ਤੇ ਫਰਾਰ ਹੋ ਗਏ - ਹੁਣ ਤੱਕ ਕੀ ਪਤਾ

ਤਾਜ

ਤਸਵੀਰ ਸਰੋਤ, Louvre Museum

ਤਸਵੀਰ ਕੈਪਸ਼ਨ, ਰਾਣੀ ਮੈਰੀ-ਅਮੇਲੀ ਦਾ ਤਾਜ ਵੀ ਚੋਰੀ ਹੋ ਗਿਆ ਹੈ
    • ਲੇਖਕ, ਇਆਨ ਏਕਮੈਨ ਅਤੇ ਰਚੇਲ ਹੇਗਨ

ਫਰਾਂਸ ਵਿੱਚ ਪੈਰਿਸ ਦੇ ਲੂਵਰ ਮਿਊਜ਼ੀਅਮ ਨੂੰ ਇੱਕ ਚੋਰੀ ਦੀ ਘਟਨਾ ਮਗਰੋਂ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

ਪੁਲਿਸ ਫਰਾਂਸ ਦੇ ਬੇਸ਼ਕੀਮਤੀ ਕ੍ਰਾਊਨ ਜਵੇਲਸ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਸ ਲੁੱਟ ਦੀ ਜਾਂਚ ਕਰ ਰਹੀ ਹੈ।

ਚੋਰ ਦਿਨ-ਦਿਹਾੜੇ ਬਿਜਲੀ ਵਾਲੇ ਔਜ਼ਾਰਾਂ ਨਾਲ ਦੁਨੀਆਂ ਦੇ ਸਭ ਤੋਂ ਵੱਡੇ ਮਿਊਜ਼ੀਅਮ ਵਿੱਚ ਦਾਖ਼ਲ ਹੋਏ ਅਤੇ ਅੱਠ ਬਹੁਤ ਹੀ ਕੀਮਤੀ ਗਹਿਣੇ ਚੋਰੀ ਕਰ ਕੇ ਸਕੂਟਰ 'ਤੇ ਭੱਜ ਗਏ।

ਇਸ ਪੂਰੇ ਮਾਮਲੇ ਬਾਰੇ ਜਾਣੋ ਜਿਸ ਨੇ ਫਰਾਂਸ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

ਚੋਰੀ ਕਿਵੇਂ ਹੋਈ?

ਪੈਰਿਸ ਦਾ ਲੂਵਰ ਮਿਊਜ਼ੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਰ ਬੈਟਰੀ ਨਾਲ ਚੱਲਣ ਵਾਲੇ ਡਿਸਕ ਕਟਰ ਨਾਲ ਸ਼ੀਸ਼ੇ ਨੂੰ ਕੱਟ ਕੇ ਮਿਊਜ਼ੀਅਮ ਵਿੱਚ ਦਾਖਲ ਹੋਏ

ਚੋਰੀ ਦੀ ਇਹ ਘਟਨਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9:30 ਤੋਂ 9:40 ਦੇ ਵਿਚਕਾਰ ਹੋਈ, ਮਿਊਜ਼ੀਅਮ ਦੇ ਖੁੱਲ੍ਹਣ ਤੋਂ ਕੁਝ ਸਮਾਂ ਬਾਅਦ।

ਚਾਰ ਚੋਰ ਇੱਕ ਟਰੱਕ 'ਤੇ ਲੱਗੇ ਫੋਰਕਲਿਫਟ ਦੀ ਵਰਤੋਂ ਕਰਕੇ ਸੀਨ ਨਦੀ ਦੇ ਨੇੜੇ ਇੱਕ ਬਾਲਕੋਨੀ ਰਾਹੀਂ ਗੈਲਰੀ ਡੀ'ਅਪੋਲੋਨ (ਗੈਲਰੀ ਆਫ਼ ਅਪੋਲੋ) ਤੱਕ ਪਹੁੰਚੇ ਸਨ। ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ 'ਚ ਟਰੱਕ 'ਤੇ ਲੱਗੇ ਫੋਰਕਲਿਫਟ ਦੀ ਪੌੜੀ ਦਿਖਾਈ ਦਿੱਤੀ ਜੋ ਪਹਿਲੀ ਮੰਜ਼ਿਲ ਦੀ ਖਿੜਕੀ ਤੱਕ ਜਾਂਦੀ ਹੈ।

ਉਨ੍ਹਾਂ 'ਚੋਂ ਦੋ ਚੋਰ ਬੈਟਰੀ ਨਾਲ ਚੱਲਣ ਵਾਲੇ ਡਿਸਕ ਕਟਰ ਨਾਲ ਸ਼ੀਸ਼ੇ ਨੂੰ ਕੱਟ ਕੇ ਮਿਊਜ਼ੀਅਮ ਵਿੱਚ ਦਾਖਲ ਹੋਏ। ਫਿਰ ਉਨ੍ਹਾਂ ਨੇ ਗਾਰਡਜ਼ ਨੂੰ ਡਰਾਇਆ-ਧਮਕਾਇਆ, ਜਿਨ੍ਹਾਂ ਨੇ ਇਮਾਰਤ ਖਾਲੀ ਕਰ ਦਿੱਤੀ ਅਤੇ 2 ਸ਼ੀਸ਼ੇ ਦੇ ਡਿਸਪਲੇਅ ਕੇਸਾਂ ਵਿੱਚੋਂ ਚੀਜ਼ਾਂ ਚੋਰੀ ਕਰ ਲਈਆਂ।

ਸੱਭਿਆਚਾਰ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਮਿਊਜ਼ੀਅਮ ਦੇ ਅਲਾਰਮ ਵੱਜਣ 'ਤੇ ਸਟਾਫ਼ ਨੇ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸੁਰੱਖਿਆ ਬਲਾਂ ਨਾਲ ਸੰਪਰਕ ਕੀਤਾ ਸੈਲਾਨੀਆਂ ਦੀ ਰੱਖਿਆ ਕੀਤੀ।

ਇਹ ਵੀ ਦੱਸਿਆ ਗਿਆ ਕਿ ਚੋਰੀ ਕਰਨ ਆਏ ਗਿਰੋਹ ਨੇ ਬਾਹਰ ਖੜ੍ਹੇ ਆਪਣੇ ਵਾਹਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮਿਊਜ਼ੀਅਮ ਦੇ ਇੱਕ ਸਟਾਫ਼ ਮੈਂਬਰ ਦੇ ਦਖ਼ਲ ਕਾਰਨ ਉਨ੍ਹਾਂ ਨੂੰ ਰੋਕ ਲਿਆ ਗਿਆ।

ਟਰੱਕ 'ਤੇ ਲੱਗੀ ਫੋਰਕਲਿਫਟ, ਜਿਸ ਨਾਲ ਚੋਰ ਮਿਊਜ਼ੀਅਮ 'ਚ ਦਾਖਲ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ 'ਚ ਟਰੱਕ 'ਤੇ ਲੱਗੇ ਫੋਰਕਲਿਫਟ ਦੀ ਪੌੜੀ ਦਿਖਾਈ ਦਿੱਤੀ ਜੋ ਪਹਿਲੀ ਮੰਜ਼ਿਲ ਦੀ ਖਿੜਕੀ ਤੱਕ ਜਾਂਦੀ ਹੈ

ਸੱਭਿਆਚਾਰ ਮੰਤਰੀ ਰਚੀਦਾ ਦਾਤੀ ਨੇ ਫਰਾਂਸੀਸੀ ਨਿਊਜ਼ ਆਉਟਲੈਟ TF1 ਨੂੰ ਦੱਸਿਆ ਕਿ, "ਚੋਰੀ ਵਾਲੀ ਘਟਨਾ ਦੀ ਫੁਟੇਜ ਵਿੱਚ ਨਕਾਬਕੋਸ਼ ਲੁਟੇਰੇ 'ਸ਼ਾਂਤੀ ਨਾਲ' ਦਾਖਲ ਹੁੰਦੇ ਹੋਏ ਅਤੇ ਗਹਿਣਿਆਂ ਵਾਲੇ ਡਿਸਪਲੇਅ ਕੇਸਾਂ ਨੂੰ ਤੋੜਦੇ ਦਿਖਾਈ ਦਿੰਦੇ ਹਨ।"

ਇਹ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ, ਦਾਤੀ ਨੇ ਕਿਹਾ ਕਿ "ਕੋਈ ਹਿੰਸਾ ਨਹੀਂ ਹੋਈ, ਇਹ ਬਹੁਤ ਪੇਸ਼ੇਵਰ ਸੀ"। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਦੀ ਦੋ ਸਕੂਟਰਾਂ 'ਤੇ ਭੱਜਣ ਦੀ ਚੰਗੀ ਤਰ੍ਹਾਂ ਨਾਲ ਬਣਾਈ ਯੋਜਨਾ ਤੋਂ ਉਹ 'ਤਜਰਬੇਕਾਰ' ਜਾਪਦੇ ਸਨ।

ਜਾਂਚਕਰਤਾ 4 ਸ਼ੱਕੀਆਂ ਦੀ ਭਾਲ ਵਿੱਚ ਹਨ ਅਤੇ ਜਿਸ ਰਸਤੇ ਤੋਂ ਚੋਰ ਭੱਜੇ ਸਨ, ਉਸ ਰਾਹ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ।

ਗ੍ਰਹਿ ਮੰਤਰੀ ਲੌਰੇਂਟ ਨੁਨੇਜ਼ ਨੇ ਫਰਾਂਸ ਇੰਟਰ ਰੇਡੀਓ ਨੂੰ ਦੱਸਿਆ ਕਿ, "ਇਹ ਪੂਰੀ ਰੇਡ 'ਬਹੁਤ, ਬਹੁਤ ਤੇਜ਼ੀ ਨਾਲ' ਹੋਈ, ਅਤੇ ਸੱਤ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਖਤਮ ਹੋ ਗਈ।"

ਇੱਕ ਚਸ਼ਮਦੀਦ ਨੇ ਮਿਊਜ਼ੀਅਮ ਨੂੰ ਖਾਲੀ ਕਰਵਾਉਣ ਵੇਲੇ ਪੂਰੀ ਤਰ੍ਹਾਂ ਨਾਲ ਦਹਿਸ਼ਤ ਦੇ ਬਣੇ ਹਾਲਾਤ ਦਾ ਵਰਣਨ ਕੀਤਾ। ਬਾਅਦ ਦੀਆਂ ਤਸਵੀਰਾਂ ਵਿੱਚ ਪ੍ਰਵੇਸ਼ ਦੁਆਰ ਮੈਟਲ ਦੇ ਗੇਟਾਂ ਨਾਲ ਬੰਦ ਕੀਤੇ ਵੀ ਦਿਖਾਈ ਦਿੱਤੇ।

ਕੀ ਕੁਝ ਚੋਰੀ ਹੋਇਆ?

ਪੈਰਿਸ ਦਾ ਲੂਵਰ ਮਿਊਜ਼ੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਕਾਰੀਆਂ ਮੁਤਾਬਕ ਚੋਰੀ ਹੋਈਆਂ ਚੀਜ਼ਾਂ 19ਵੀਂ ਸਦੀ ਦੀਆਂ ਹਨ

ਅਧਿਕਾਰੀਆਂ ਮੁਤਾਬਕ ਅੱਠ ਚੀਜ਼ਾਂ ਚੋਰੀ ਹੋਈਆਂ ਸਨ, ਜਿਨ੍ਹਾਂ ਵਿੱਚ ਡਾਇਡੇਮ, ਹਾਰ, ਕੰਨਾਂ ਦੀਆਂ ਮੁੰਦਰਾਂ ਅਤੇ ਬਰੋਚ ਸ਼ਾਮਲ ਸਨ। ਇਹ ਸਾਰੀਆਂ 19ਵੀਂ ਸਦੀ ਦੀਆਂ ਹਨ ਅਤੇ ਇੱਕ ਸਮਾਂ ਸੀ ਜਦ ਇਹ ਫਰਾਂਸੀਸੀ ਜਾਂ ਸ਼ਾਹੀ ਸ਼ਾਸਕਾਂ ਦੀਆਂ ਹੁੰਦੀਆਂ ਸਨ।

ਫਰਾਂਸ ਦੇ ਸੱਭਿਆਚਾਰ ਮੰਤਰਾਲੇ ਮੁਤਾਬਕ ਚੋਰੀ ਹੋਈਆਂ ਚੀਜ਼ਾਂ ਇਹ ਸਨ:

  • ਇੱਕ ਟੀਆਰਾ (ਤਾਜ) ਅਤੇ ਬਰੋਚ, ਜੋ ਨੇਪੋਲੀਅਨ III ਦੀ ਪਤਨੀ ਮਹਾਰਾਣੀ ਯੂਜੀਨੀ ਦਾ ਸੀ।
  • ਮਹਾਰਾਣੀ ਮੈਰੀ ਲੁਈਸ ਦਾ ਇੱਕ ਐਮਰਾਲਡ ਦਾ ਹਾਰ ਅਤੇ ਐਮਰਾਲਡ ਦੀਆਂ ਵਾਲੀਆਂ ਦਾ ਇੱਕ ਜੋੜਾ।
  • ਨੀਲਮ ਸੈੱਟ ਤੋਂ ਇੱਕ ਟੀਆਰਾ, ਹਾਰ ਅਤੇ ਇੱਕ ਕੰਨ ਦੀ ਬਾਲੀ ਜੋ ਰਾਣੀ ਮੈਰੀ-ਅਮੇਲੀ ਅਤੇ ਰਾਣੀ ਹੋਰਟੈਂਸ ਨਾਲ ਸਬੰਧਤ ਸੀ।
  • ਇੱਕ ਬਰੋਚ ਜਿਸਨੂੰ "ਰਿਲੀਕਿਊਰੀ ਬਰੋਚ" ਕਿਹਾ ਜਾਂਦਾ ਹੈ।

ਉਨ੍ਹਾਂ ਵਿਚਕਾਰ ਹਜ਼ਾਰਾਂ ਹੀਰਿਆਂ ਅਤੇ ਹੋਰ ਕੀਮਤੀ ਰਤਨ ਪੱਥਰਾਂ ਨਾਲ ਇਹ ਟੁਕੜੇ ਸਜਾਏ ਗਏ ਸਨ।

ਦੋ ਹੋਰ ਚੀਜ਼ਾਂ, ਜਿਸ ਵਿੱਚ ਮਹਾਰਾਣੀ ਯੂਜੀਨੀ ਦਾ ਤਾਜ ਵੀ ਸੀ, ਘਟਨਾ ਸਥਾਨ ਦੇ ਨੇੜੇ ਮਿਲੀਆਂ, ਜੋ ਕਿ ਸਪੱਸ਼ਟ ਤੌਰ 'ਤੇ ਭੱਜਣ ਦੌਰਾਨ ਡਿੱਗ ਗਈਆਂ ਹੋਣਗੀਆਂ। ਅਧਿਕਾਰੀ ਉਨ੍ਹਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰ ਰਹੇ ਹਨ।

ਚੋਰੀ ਹੋਏ ਗਹਿਣਿਆਂ ਨੂੰ ਨੂਨੇਜ਼ ਨੇ "ਅਨਮੋਲ" ਅਤੇ "ਅਥਾਹ ਵਿਰਾਸਤੀ ਮੁੱਲ ਵਾਲੇ" ਦੱਸਿਆ।

ਕੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਹਨ?

ਪੈਰਿਸ ਦਾ ਲੂਵਰ ਮਿਊਜ਼ੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1911 ਵਿੱਚ ਇਟਾਲੀਅਨ ਮਿਊਜ਼ੀਅਮ ਦੇ ਇੱਕ ਕਰਮਚਾਰੀ ਨੇ ਮੋਨਾ ਲੀਸਾ ਦੀ ਪੇਂਟਿੰਗ ਚੋਰੀ ਕਰ ਲਈ ਸੀ

1911 ਵਿੱਚ ਇਟਾਲੀਅਨ ਮਿਊਜ਼ੀਅਮ ਦਾ ਇੱਕ ਕਰਮਚਾਰੀ ਮੋਨਾ ਲੀਸਾ ਦੀ ਪੇਂਟਿੰਗ ਨੂੰ ਆਪੇ ਕੋਟ ਵਿੱਚ ਲੁਕਾ ਕੇ ਭੱਜਣ ਵਿੱਚ ਕਾਮਯਾਬ ਹੋਇਆ ਸੀ। ਉਹ ਪੇਂਟਿੰਗ ਉਸ ਸਮੇਂ ਲੋਕਾਂ ਵਿੱਚ ਅੱਜ ਜਿੰਨੀ ਮਸ਼ਹੂਰ ਨਹੀਂ ਸੀ।

ਇਹ ਪੇਂਟਿੰਗ 2 ਸਾਲ ਬਾਅਦ ਬਰਾਮਦ ਕੀਤੀ ਗਈ ਸੀ ਅਤੇ ਮੁਲਜ਼ਮ ਨੇ ਕਿਹਾ ਸੀ ਕਿ ਉਹ ਇਸ ਗੱਲ ਤੋਂ ਪ੍ਰੇਰਿਤ ਸੀ ਕਿ ਲਿਓਨਾਰਡੋ ਦਾ ਵਿੰਚੀ ਦਾ ਇਹ ਮਾਸਟਰਪੀਸ ਇਟਲੀ ਨਾਲ ਸਬੰਧਤ ਸੀ।

ਮੋਨਾ ਲੀਸਾ ਦੀ ਪੇਂਟਿੰਗ ਜੋ ਮਿਊਜ਼ੀਅਮ ਦੇ ਸੰਗ੍ਰਹਿ ਵਿੱਚ ਸਭ ਤੋਂ ਮਸ਼ਹੂਰ ਮੰਨੀ ਜਾਂਦੀ ਹੈ, ਹੁਣ ਇੱਕ ਉੱਚ-ਸੁਰੱਖਿਆ ਵਾਲੇ ਸ਼ੀਸ਼ੇ ਦੇ ਖਾਨੇ ਵਿੱਚ ਰੱਖੀ ਜਾਂਦੀ ਹੈ।

1998 ਵਿੱਚ ਕੈਮਿਲ ਕੋਰੋਟ ਵੱਲੋਂ ਬਣਾਈ ਗਈ 19ਵੀਂ ਸਦੀ ਦੀ ਪੇਂਟਿੰਗ- 'ਲੇ ਚੇਮਿਨ ਡੀ ਸੇਵਰੇਸ' ਚੋਰੀ ਹੋ ਗਈ ਸੀ ਅਤੇ ਕਦੇ ਨਹੀਂ ਮਿਲੀ। ਇਸ ਘਟਨਾ ਮਗਰੋਂ ਮਿਊਜ਼ੀਅਮ ਦੀ ਸੁਰੱਖਿਆ ਵਿੱਚ ਵੱਡੇ ਪੱਧਰ 'ਤੇ ਬਦਲਾਅ ਕੀਤੇ ਗਏ ਸਨ।

ਹਾਲ ਹੀ 'ਚ ਫਰਾਂਸੀਸੀ ਮਿਊਜ਼ੀਅਮਸ ਨੂੰ ਨਿਸ਼ਾਨਾ ਬਣਾ ਕੇ ਹੋਈਆਂ ਚੋਰੀਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।

ਪਿਛਲੇ ਮਹੀਨੇ ਚੋਰਾਂ ਨੇ ਲਿਮੋਗੇਸ ਵਿੱਚ ਐਡਰਿਅਨ ਡੁਬੋਚੇ ਮਿਊਜ਼ੀਅਮ ਵਿੱਚ ਦਾਖਲ ਹੋ ਕੇ 9.5 ਮਿਲੀਅਨ ਯੂਰੋ (11 ਮਿਲੀਅਨ ਡਾਲਰ / 8.25 ਮਿਲੀਅਨ ਪੌਂਡ) ਦੇ ਪੋਰਸਿਲੇਨ ਦੇ ਕੰਮ ਚੋਰੀ ਕਰ ਲਏ ਸਨ।

ਨਵੰਬਰ 2024 ਵਿੱਚ ਰਾਜਧਾਨੀ ਪੈਰਿਸ ਦੇ ਕੋਗਨੈਕ-ਜੇ ਮਿਊਜ਼ੀਅਮ ਤੋਂ "ਇਤਿਹਾਸਕ ਅਤੇ ਵਿਰਾਸਤੀ ਮੁੱਲ" ਵਾਲੀਆਂ ਸੱਤ ਚੀਜ਼ਾਂ ਚੋਰੀ ਹੋ ਗਈਆਂ ਸਨ। ਪੰਜ ਚੀਜ਼ਾਂ ਕੁਝ ਦਿਨ ਪਹਿਲਾਂ ਹੀ ਬਰਾਮਦ ਕੀਤੀਆਂ ਗਈਆਂ ਸਨ।

ਉਸੇ ਮਹੀਨੇ ਹਥਿਆਰਬੰਦ ਲੁਟੇਰੇ ਬਰਗੰਡੀ ਦੇ ਹੀਰੋਨ ਮਿਊਜ਼ੀਅਮ ਤੋਂ 20ਵੀਂ ਸਦੀ ਦੀਆਂ ਲੱਖਾਂ ਪੌਂਡ ਦੀਆਂ ਕਲਾਕ੍ਰਿਤੀਆਂ ਲੈ ਕੇ ਫਰਾਰ ਹੋ ਗਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)