1600 ਸਾਲ ਪਹਿਲਾਂ ਲੱਕੜ ਦੇ ਥੰਮ੍ਹਾਂ 'ਤੇ ਬਣਿਆ ਅੱਜ ਤੱਕ ਕਿਵੇਂ ਟਿਕਿਆ ਹੋਇਆ ਹੈ

ਵੈਨਿਸ

ਤਸਵੀਰ ਸਰੋਤ, Emmanuel Lafont/BBC

ਤਸਵੀਰ ਕੈਪਸ਼ਨ, ਵੈਨਿਸ ਨੂੰ ਇੰਜੀਨੀਅਰਿੰਗ ਦਾ ਅਜੂਬਾ ਮੰਨਿਆ ਜਾਂਦਾ ਹੈ
    • ਲੇਖਕ, ਅੰਨਾ ਬ੍ਰੇਸਾਨਿਨ
    • ਰੋਲ, ਬੀਬੀਸੀ ਫ਼ਿਊਚਰ

ਹਰ ਸਥਾਨਕ ਨਿਵਾਸੀ ਜਾਣਦਾ ਹੈ ਕਿ ਵੈਨਿਸ ਅਸਲ ਵਿੱਚ ਇੱਕ ਉਲਟਾ ਜੰਗਲ ਹੈ।

ਇਹ 1604 ਸਾਲ ਪੁਰਾਣਾ ਸ਼ਹਿਰ ਲੱਖਾਂ ਛੋਟੇ ਲੱਕੜ ਦੇ ਥੰਮ੍ਹਾਂ ਦੀ ਨੀਂਹ 'ਤੇ ਬਣਿਆ ਹੈ, ਜਿਨ੍ਹਾਂ ਦੇ ਨੋਕਦਾਰ ਸਿਰੇ ਹੇਠਾਂ ਵੱਲ ਨੂੰ ਜ਼ਮੀਨ ਵਿੱਚ ਗੱਡੇ ਹੋਏ ਹਨ।

ਇਹ ਥੰਮ੍ਹ, ਲਾਰਚ, ਓਕ, ਐਲਡਰ, ਪਾਈਨ, ਸਪ੍ਰੂਸ ਅਤੇ ਐਲਮ ਵਰਗੇ ਰੁੱਖਾਂ ਦੀ ਲੱਕੜ ਤੋਂ ਬਣੇ ਹਨ, ਜਿਨ੍ਹਾਂ ਦੀ ਲੰਬਾਈ 3.5 ਮੀਟਰ (ਲਗਭਗ 11.5 ਫੁੱਟ) ਤੋਂ ਲੈ ਕੇ ਇੱਕ ਮੀਟਰ (3 ਫੁੱਟ) ਤੋਂ ਘੱਟ ਹੈ। ਇਨ੍ਹਾਂ ਥੰਮ੍ਹਾਂ ਨੇ ਸਦੀਆਂ ਤੋਂ ਪੱਥਰ ਦੇ ਮਹਿਲ ਅਤੇ ਉੱਚੇ ਕਲਾਕ ਟਾਵਰਾਂ ਦਾ ਭਾਰ ਚਲਿਆ ਹੈ।

ਇਹ ਇੰਜੀਨੀਅਰਿੰਗ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਜੋ ਕੁਦਰਤ ਅਤੇ ਭੌਤਿਕ ਵਿਗਿਆਨ ਦੀਆਂ ਸ਼ਕਤੀਆਂ ਦੀ ਪੂਰੀ ਤਰ੍ਹਾਂ ਵਰਤੋਂ ਕਰਦੀ ਹੈ।

ਜਦੋਂ ਕਿ ਅੱਜ ਆਧੁਨਿਕ ਇਮਾਰਤਾਂ ਮਜ਼ਬੂਤ ​​ਨੀਂਹਾਂ ਲਈ ਸਟੀਲ ਅਤੇ ਕੰਕਰੀਟ ਦੀ ਵਰਤੋਂ ਕਰਦੀਆਂ ਹਨ, ਇਸ 'ਉਲਟਾ ਜੰਗਲ' ਨੇ ਸਦੀਆਂ ਤੋਂ ਵੈਨਿਸ ਨੂੰ ਸੰਜੋ ਕੇ ਰੱਖਿਆ ਹੈ।

ਅੱਜ ਜ਼ਿਆਦਾਤਰ ਨੀਂਹਾਂ ਵੈਨਿਸ ਜਿੰਨੀ ਦੇਰ ਤੱਕ ਟਿੱਕ ਨਹੀਂ ਸਕਦੀਆਂ।

ਸਵਿੱਟਜ਼ਰਲੈਂਡ ਦੀ ਈਟੀਐੱਚ ਯੂਨੀਵਰਸਿਟੀ ਵਿੱਚ ਭੂ-ਮਕੈਨਿਕਸ ਅਤੇ ਭੂ-ਸਿਸਟਮ ਇੰਜੀਨੀਅਰਿੰਗ ਦੇ ਪ੍ਰੋਫੈਸਰ ਅਲੈਗਜ਼ੈਂਡਰ ਪੁਜ਼ਰੀਨ ਕਹਿੰਦੇ ਹਨ, "ਅੱਜਕੱਲ੍ਹ, ਕੰਕਰੀਟ ਜਾਂ ਸਟੀਲ ਦੀਆਂ ਨੀਂਹਾਂ ਲਗਭਗ 50 ਸਾਲ ਚੱਲਣ ਦੀ ਗਰੰਟੀ ਹੈ। ਯਕੀਨਨ, ਉਹ ਲੰਬੇ ਸਮੇਂ ਤੱਕ ਚੱਲ ਸਕਦੀਆਂ ਹਨ, ਪਰ ਜਦੋਂ ਅਸੀਂ ਘਰ ਜਾਂ ਉਦਯੋਗਿਕ ਢਾਂਚਾ ਬਣਾਉਂਦੇ ਹਾਂ, ਤਾਂ ਮਿਆਰ 50 ਸਾਲ ਹੈ।"

ਵੈਨਿਸ ਦੀ ਲੱਕੜ ਦੀ ਨੀਂਹ ਤਕਨਾਲੋਜੀ ਇਸ ਦੇ ਡਿਜ਼ਾਈਨ, ਸਦੀਆਂ ਤੱਕ ਚੱਲਣ ਦੀ ਸਮਰੱਥਾ ਅਤੇ ਇਸ ਦੇ ਵਿਸ਼ਾਲ ਪੈਮਾਨੇ ਦੇ ਕਾਰਨ ਦਿਲਚਸਪ ਹੈ।

ਕੋਈ ਵੀ ਇਹ ਨਹੀਂ ਜਾਣਦਾ ਕਿ ਸ਼ਹਿਰ ਦੇ ਹੇਠਾਂ ਕਿੰਨੇ ਥੰਮ੍ਹ ਹਨ, ਪਰ 14,000 ਲੱਕੜ ਦੇ ਥੰਮ੍ਹ ਇਕੱਲੇ ਰਿਆਲਟੋ ਬ੍ਰਿਜ ਦੇ ਹੇਠਾਂ ਹੀ ਦੱਬੇ ਹੋਏ ਹਨ, ਅਤੇ 832 ਵਿੱਚ ਬਣੇ ਸੇਂਟ ਮਾਰਕ ਦੇ ਬੇਸਿਲਿਕਾ ਹੇਠਾਂ 10,000 ਓਕ ਦੇ ਦਰੱਖਤਾਂ ਦੀ ਵਰਤੋਂ ਕੀਤੀ ਗਈ ਸੀ।

ਥੰਮ੍ਹ ਕਿਵੇਂ ਗੱਡੇ ਗਏ ਸਨ?

ਵੇਨਿਸ

ਤਸਵੀਰ ਸਰੋਤ, Emmanuel Lafont/BBC

ਤਸਵੀਰ ਕੈਪਸ਼ਨ, ਜਿਨ੍ਹਾਂ ਆਦਮੀਆਂ ਨੇ ਇਨ੍ਹਾਂ ਲੱਕੜ ਦੇ ਖੰਭਿਆਂ ਨੂੰ ਚਿੱਕੜ ਵਿੱਚ ਸੁੱਟਿਆ, ਉਨ੍ਹਾਂ ਨੂੰ ਬੱਤੀਪਾਲੀ ਕਿਹਾ ਜਾਂਦਾ ਸੀ

ਵੇਨੇਸ਼ੀਅਨ ਇਮਾਰਤਾਂ ਦੀ ਨੀਂਹ ਬਣਾਉਣ ਲਈ, ਲੱਕੜ ਦੇ ਥੰਮ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਉੰਨੀ ਡੂੰਘਾਈ ਨਾਲ ਗੱਡਿਆ ਗਿਆ ਸੀ।

ਇਹ ਕੰਮ ਢਾਂਚੇ ਦੇ ਬਾਹਰੀ ਕਿਨਾਰੇ ਤੋਂ ਸ਼ੁਰੂ ਹੋਇਆ ਅਤੇ ਕੇਂਦਰ ਵੱਲ ਵਧਿਆ। ਆਮ ਤੌਰ 'ਤੇ, ਪ੍ਰਤੀ ਵਰਗ ਮੀਟਰ ਨੌਂ ਥੰਮ੍ਹ ਇੱਕ ਸਪਿਰਲ ਪੈਟਰਨ ਵਿੱਚ ਗੱਡੇ ਜਾਂਦੇ ਸਨ।

ਫਿਰ ਥੰਮ੍ਹਾਂ ਦੇ ਸਿਰਿਆਂ ਨੂੰ ਸਮੁੰਦਰ ਤਲ ਤੋਂ ਹੇਠਾਂ ਇੱਕ ਸਮਾਨ ਸਤ੍ਹਾ ਬਣਾਉਣ ਲਈ ਕੱਟਿਆ ਜਾਂਦਾ ਸੀ।

ਫਿਰ ਇਸ ਸਤ੍ਹਾ 'ਤੇ ਖਿਤਿਜੀ ਲੱਕੜ ਦੀਆਂ ਬਣਤਰਾਂ ਰੱਖੀਆਂ ਜਾਂਦੀਆਂ ਸਨ - ਜਿਨ੍ਹਾਂ ਨੂੰ ਜ਼ੈਟੇਰੋਨੀ (ਲੱਕੜੀ ਦੀਆਂ ਪੱਟੀਆਂ) ਜਾਂ ਮੈਡੀਰੀ (ਬੀਮ) ਕਿਹਾ ਜਾਂਦਾ ਹੈ।

ਇਸ ਦੇ ਉੱਪਰ ਇਮਾਰਤੀ ਪੱਥਰ ਰੱਖੇ ਜਾਂਦੇ ਸਨ।

ਵੈਨਿਸ ਗਣਰਾਜ ਨੇ ਜਲਦੀ ਹੀ ਉਸਾਰੀ ਅਤੇ ਜਹਾਜ਼ ਨਿਰਮਾਣ ਲਈ ਲੋੜੀਂਦੀ ਲੱਕੜ ਨੂੰ ਯਕੀਨੀ ਬਣਾਉਣ ਲਈ ਆਪਣੇ ਜੰਗਲਾਂ ਦੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ।

ਇਤਾਲਵੀ ਨੈਸ਼ਨਲ ਕੌਂਸਲ ਫਾਰ ਰਿਸਰਚ ਦੇ ਬਾਇਓਇਕਨਾਮੀ ਇੰਸਟੀਚਿਊਟ ਦੇ ਖੋਜ ਨਿਰਦੇਸ਼ਕ ਨਿਕੋਲਾ ਮੈਕਸੀਓਨੀ ਦੱਸਦੇ ਹਨ, "ਵੈਨਿਸ ਨੇ ਸਿਲਵੀਕਲਚਰ ਦੀ ਧਾਰਨਾ ਦੀ ਖੋਜ ਕੀਤੀ।"

ਵੈਨਿਸ ਇਕਲੌਤਾ ਸ਼ਹਿਰ ਨਹੀਂ ਹੈ ਜੋ ਆਪਣੀ ਨੀਂਹ ਲਈ ਲੱਕੜ ਦੇ ਥੰਮ੍ਹਾਂ 'ਤੇ ਨਿਰਭਰ ਕਰਦਾ ਹੈ, ਪਰ ਕੁਝ ਖਾਸ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਵਿਲੱਖਣ ਬਣਾਉਂਦੀਆਂ ਹਨ।

ਐਮਸਟਰਡਮ ਵੀ ਇੱਕ ਸ਼ਹਿਰ ਹੈ ਜੋ ਅੰਸ਼ਕ ਤੌਰ 'ਤੇ ਲੱਕੜ ਦੇ ਥੰਮ੍ਹਾਂ 'ਤੇ ਬਣਿਆ ਹੈ।

ਉੱਥੇ (ਅਤੇ ਉੱਤਰੀ ਯੂਰਪ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ), ਇਹ ਥੰਮ੍ਹ ਲੰਬੇ ਕਾਲਮਾਂ ਜਾਂ ਮੇਜ਼ ਦੀਆਂ ਲੱਤਾਂ ਵਾਂਗ ਕੰਮ ਕਰਦੇ ਹੋਏ, ਠੋਸ ਬੈਡਰੌਕ ਵਿੱਚ ਲੰਬਕਾਰੀ ਤੌਰ 'ਤੇ ਫ਼ੈਲੇ ਹੋਏ ਹਨ।

ਵੇਨਿਸ

ਤਸਵੀਰ ਸਰੋਤ, Emmanuel Lafont/BBC

ਤਸਵੀਰ ਕੈਪਸ਼ਨ, ਵੈਨਿਸ ਦੇ ਹੇਠਾਂ ਲੱਕੜ ਦੇ ਥੰਮ੍ਹ ਹੌਲੀ-ਹੌਲੀ ਸੜ ਰਹੇ ਹਨ ਕਿਉਂਕਿ ਆਕਸੀਜਨ ਦੀ ਘਾਟ ਵਾਲੇ ਵਾਤਾਵਰਣ ਵਿੱਚ ਰਹਿਣ ਵਾਲੇ ਬੈਕਟੀਰੀਆ ਲੱਕੜ ਦੇ ਰੇਸ਼ਿਆਂ ਦੇ ਸੈੱਲਾਂ 'ਤੇ ਹਮਲਾ ਕਰਦੇ ਹਨ

ਅਮਰੀਕਾ ਦੀ ਇਲੀਨੋਇਸ ਯੂਨੀਵਰਸਿਟੀ ਵਿੱਚ ਆਰਕੀਟੈਕਚਰ ਦੇ ਪ੍ਰੋਫੈਸਰ ਥਾਮਸ ਲੈਸਲੀ ਕਹਿੰਦੇ ਹਨ, "ਇਹ ਤਰੀਕਾ ਢੁਕਵਾਂ ਹੈ ਜਦੋਂ ਚੱਟਾਨ ਸਤ੍ਹਾ ਦੇ ਨੇੜੇ ਹੋਵੇ।"

ਉਹ ਦੱਸਦੇ ਹਨ ਕਿ ਮਿਸ਼ੀਗਨ ਝੀਲ ਦੇ ਕੰਢੇ, ਜਿੱਥੇ ਉਹ ਰਹਿੰਦੇ ਹਨ, ਚੱਟਾਨ ਜ਼ਮੀਨ ਤੋਂ ਲਗਭਗ 100 ਫੁੱਟ (30 ਮੀਟਰ) ਹੇਠਾਂ ਹੈ।

ਥਾਮਸ ਲੈਸਲੀ ਦੱਸਦੇ ਹਨ, "ਇੰਨੇ ਉੱਚੇ ਰੁੱਖ ਲੱਭਣੇ ਮੁਸ਼ਕਲ ਹਨ। ਕਿਹਾ ਜਾਂਦਾ ਹੈ ਕਿ 1880 ਦੇ ਦਹਾਕੇ ਵਿੱਚ, ਸ਼ਿਕਾਗੋ ਦੇ ਲੋਕਾਂ ਨੇ ਇੱਕ ਰੁੱਖ ਦੇ ਤਣੇ ਨੂੰ ਦੂਜੇ ਦੇ ਉੱਪਰ ਰੱਖ ਕੇ ਨੀਂਹ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਸਮਝ ਸਕਦੇ ਹੋ ਕਿ ਇਹ ਤਰੀਕਾ ਕੰਮ ਕਿਉਂ ਨਹੀਂ ਕੀਤਾ। ਅੰਤ ਵਿੱਚ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਸਲ ਤਾਕਤ ਮਿੱਟੀ ਅਤੇ ਥੰਮ੍ਹਾਂ ਵਿਚਕਾਰ ਰਗੜ ਵਿੱਚ ਹੈ।"

ਇਸ ਸਿਧਾਂਤ ਦਾ ਆਧਾਰ ਮਿੱਟੀ ਨੂੰ ਮਜ਼ਬੂਤ ​​ਕਰਨਾ ਹੈ - ਜਿੰਨੇ ਜ਼ਿਆਦਾ ਥੰਮ੍ਹ ਇੱਕ ਜਗ੍ਹਾ 'ਤੇ ਗੱਡੇ ਜਾਣਗੇ, ਓਨਾ ਹੀ ਜ਼ਿਆਦਾ ਰਗੜ ਪੈਦਾ ਹੋਵੇਗੀ, ਅਤੇ ਇਮਾਰਤ ਦੀ ਨੀਂਹ ਓਨੀ ਹੀ ਮਜ਼ਬੂਤ ​​ਹੋਵੇਗੀ।

ਇਸ ਤਕਨੀਕ ਨੂੰ ਵਿਗਿਆਨਕ ਤੌਰ 'ਤੇ ਹਾਈਡ੍ਰੋਸਟੈਟਿਕ ਦਬਾਅ ਕਿਹਾ ਜਾਂਦਾ ਹੈ।

ਥਾਮਸ ਲੈਸਲੀ ਦੇ ਅਨੁਸਾਰ, ਜਦੋਂ ਬਹੁਤ ਸਾਰੇ ਥੰਮ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਗੱਡਿਆਂ ਜਾਂਦਾ ਹੈ, ਤਾਂ ਮਿੱਟੀ ਉਨ੍ਹਾਂ ਨੂੰ ਮਜ਼ਬੂਤੀ ਨਾਲ ਫੜੀ ਰੱਖਦੀ ਹੈ।

ਵੈਨਿਸ ਦੀਆਂ ਲੱਕੜ ਦੀਆਂ ਨੀਂਹਾਂ ਵੀ ਇਸ ਸਿਧਾਂਤ 'ਤੇ ਕੰਮ ਕਰਦੀਆਂ ਹਨ - ਥੰਮ੍ਹ ਠੋਸ ਚੱਟਾਨ ਤੱਕ ਨਹੀਂ ਪਹੁੰਚਦੇ, ਸਗੋਂ ਮਿੱਟੀ ਦੇ ਰਗੜ ਕਾਰਨ ਇਮਾਰਤਾਂ ਨੂੰ ਜਗ੍ਹਾ 'ਤੇ ਰੱਖਦੇ ਹਨ।

ਇਹ ਤਰੀਕਾ ਬਹੁਤ ਪੁਰਾਣਾ ਹੈ।

ਵੇਨਿਸ

ਤਸਵੀਰ ਸਰੋਤ, Emmanuel Lafont/BBC

ਤਸਵੀਰ ਕੈਪਸ਼ਨ, ਲੱਕੜ, ਮਿੱਟੀ ਅਤੇ ਪਾਣੀ, ਸਭ ਮਿਲ ਕੇ ਵੈਨਿਸ ਦੀਆਂ ਨੀਹਾਂ ਨੂੰ ਅਸਾਧਾਰਨ ਤਾਕਤ ਦਿੰਦੇ ਹਨ

ਪਹਿਲੀ ਸਦੀ ਦੇ ਰੋਮਨ ਇੰਜੀਨੀਅਰ ਅਤੇ ਆਰਕੀਟੈਕਟ ਵਿਟਰੂਵੀਅਸ ਨੇ ਵੀ ਇਸ ਤਕਨੀਕ ਦਾ ਜ਼ਿਕਰ ਕੀਤਾ ਸੀ। ਰੋਮਨਜ਼ ਨੇ ਪੁਲ ਬਣਾਉਣ ਲਈ ਪਾਣੀ ਵਿੱਚ ਡੁੱਬੇ ਲੱਕੜ ਦੇ ਥੰਮ੍ਹਾਂ ਦੀ ਵਰਤੋਂ ਕੀਤੀ ਸੀ।

ਚੀਨ ਵਿੱਚ ਪਾਣੀ ਦੇ ਦਰਵਾਜ਼ੇ ਵੀ ਇਸ ਤਕਨੀਕ ਦੀ ਵਰਤੋਂ ਕਰਕੇ ਬਣਾਏ ਗਏ ਸਨ।

ਐਜ਼ਟੈਕਾਂ ਨੇ ਮੈਕਸੀਕੋ ਸਿਟੀ ਵਿੱਚ ਇਸ ਵਿਧੀ ਦੀ ਵਰਤੋਂ ਕੀਤੀ ਸੀ , ਜਦੋਂ ਤੱਕ ਸਪੈਨਿਸ਼ ਦੇ ਲੋਕਾਂ ਨੇ ਉਨ੍ਹਾਂ ਦੇ ਪ੍ਰਾਚੀਨ ਸ਼ਹਿਰ ਨੂੰ ਢਾਹ ਨਹੀਂ ਦਿੱਤਾ ਅਤੇ ਇਸਦੀ ਜਗ੍ਹਾ 'ਤੇ ਇੱਕ ਕੈਥੋਲਿਕ ਚਰਚ ਨਹੀਂ ਬਣਾਇਆ।

ਪੁਜ਼ਰੀਨ ਦੱਸਦੇ ਹਨ, "ਐਜ਼ਟੈਕ ਜਾਣਦੇ ਸਨ ਕਿ ਆਪਣੇ ਵਾਤਾਵਰਣ ਨੂੰ ਸਪੈਨਿਸ਼ ਨਾਲੋਂ ਬਹੁਤ ਵਧੀਆ ਕਿਵੇਂ ਬਣਾਉਣਾ ਹੈ। ਸਪੈਨਿਸ਼ ਦੁਆਰਾ ਬਾਅਦ ਵਿੱਚ ਬਣਾਇਆ ਗਿਆ ਚਰਚ ਹੁਣ ਅਸਮਾਨ ਰੂਪ ਵਿੱਚ ਧੱਸ ਰਿਹਾ ਹੈ।"

ਉਹ ਈਟੀਐੱਚ ਵਿੱਚ ਇੱਕ ਕਲਾਸ ਨੂੰ ਪੜ੍ਹਾਉਂਦੇ ਹਨ ਜੋ ਮਸ਼ਹੂਰ ਭੂ-ਤਕਨੀਕੀ ਅਸਫਲਤਾਵਾਂ ਦਾ ਅਧਿਐਨ ਕਰਦਾ ਹੈ।

ਉਨ੍ਹਾਂ ਦੇ ਅਨੁਸਾਰ, "ਇਹ ਮੈਕਸੀਕੋ ਸਿਟੀ ਗਿਰਜਾਘਰ, ਅਤੇ ਮੈਕਸੀਕੋ ਦਾ ਪੂਰਾ ਸ਼ਹਿਰ, ਹਰ ਬੁਨਿਆਦੀ ਨੁਕਸ ਦੀ ਇੱਕ ਜੀਵਤ ਉਦਾਹਰਣ ਹੈ।"

ਲੱਕੜ ਕਿਉਂ ਨਹੀਂ ਸੜਦੀ?

ਵੇਨਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਣੀ, ਮਿੱਟੀ ਅਤੇ ਲੱਕੜ ਦੀ ਸੰਯੁਕਤ ਪ੍ਰਣਾਲੀ ਅਜੇ ਵੀ ਵੈਨਿਸ ਨੂੰ ਇਕੱਠੇ ਰੱਖ ਰਹੀ ਹੈ

1,500 ਸਾਲਾਂ ਤੋਂ ਵੱਧ ਸਮੇਂ ਤੱਕ ਡੁੱਬਣ ਤੋਂ ਬਾਅਦ ਵੀ, ਵੈਨਿਸ ਦੀਆਂ ਨੀਂਹਾਂ ਮਜ਼ਬੂਤ ਹਨ। ਹਾਲਾਂਕਿ, ਇਹ ਪੂਰੀ ਤਰ੍ਹਾਂ ਨੁਕਸਾਨ ਤੋਂ ਮੁਕਤ ਨਹੀਂ ਹੈ।

ਲਗਭਗ 10 ਸਾਲ ਪਹਿਲਾਂ, ਪਡੂਆ ਅਤੇ ਵੈਨਿਸ ਯੂਨੀਵਰਸਿਟੀਆਂ (ਜੰਗਲਾਤ, ਇੰਜੀਨੀਅਰਿੰਗ ਅਤੇ ਸੱਭਿਆਚਾਰਕ ਵਿਰਾਸਤ ਵਿਭਾਗਾਂ ਸਮੇਤ) ਦੀ ਇੱਕ ਟੀਮ ਨੇ ਸ਼ਹਿਰ ਦੀਆਂ ਨੀਂਹਾਂ ਦੀ ਸਥਿਤੀ ਦਾ ਅਧਿਐਨ ਕੀਤਾ।

ਉਨ੍ਹਾਂ ਨੇ ਆਪਣੀ ਜਾਂਚ 1440 ਵਿੱਚ ਬਣੇ ਫਰਾਰੀ ਚਰਚ ਦੇ ਕਲਾਕ ਟਾਵਰ ਨਾਲ ਸ਼ੁਰੂ ਕੀਤੀ, ਜੋ ਕਿ ਐਲਡਰ ਲੱਕੜ ਦੇ ਥੰਮ੍ਹਾਂ ਦੁਆਰਾ ਸਮਰਥਤ ਹੈ।

ਫਰਾਰੀ ਕਲਾਕ ਟਾਵਰ ਹਰ ਸਾਲ ਲਗਭਗ 1 ਮਿਲੀਮੀਟਰ (0.04 ਇੰਚ) ਧੱਸ ਰਿਹਾ ਹੈ ਅਤੇ ਹੁਣ ਤੱਕ ਲਗਭਗ 60 ਸੈਂਟੀਮੀਟਰ (24 ਇੰਚ) ਧੱਸ ਚੁੱਕਾ ਹੈ।

ਮੈਕਚਿਓਨੀ ਦੱਸਦੇ ਹਨ ਕਿ ਕਲਾਕ ਟਾਵਰਾਂ ਦਾ ਭਾਰ ਚਰਚਾਂ ਜਾਂ ਹੋਰ ਇਮਾਰਤਾਂ ਨਾਲੋਂ ਛੋਟੇ ਖੇਤਰ ਵਿੱਚ ਕੇਂਦ੍ਰਿਤ ਹੁੰਦਾ ਹੈ, ਇਸ ਲਈ ਉਹ ਜ਼ਿਆਦਾ ਤੇਜ਼ੀ ਨਾਲ ਡੁੱਬ ਜਾਂਦੇ ਹਨ—ਬਹੁਤ ਜ਼ਿਆਦਾ ਉੱਚੀ ਅੱਡੀ ਵਾਲੇ ਜੁੱਤੀਆਂ ਵਾਂਗ।

ਟੀਮ ਨੇ ਪਾਇਆ ਕਿ ਲੱਕੜ ਨੂੰ ਕੁਝ ਨੁਕਸਾਨ ਹੋਇਆ ਸੀ (ਇਹ ਬੁਰੀ ਖ਼ਬਰ ਸੀ), ਪਰ ਪਾਣੀ, ਮਿੱਟੀ ਅਤੇ ਲੱਕੜ ਦੀ ਸੰਯੁਕਤ ਪ੍ਰਣਾਲੀ ਅਜੇ ਵੀ ਇਸ ਨੂੰ ਇਕੱਠੇ ਰੱਖ ਰਹੀ ਹੈ (ਇਹ ਚੰਗੀ ਖ਼ਬਰ ਸੀ)।

ਵੇਨਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਕਟੀਰੀਆ ਆਕਸੀਜਨ ਦੀ ਅਣਹੋਂਦ ਵਿੱਚ ਵੀ ਲੱਕੜ 'ਤੇ ਹਮਲਾ ਕਰਦੇ ਹਨ। ਪਰ ਉਨ੍ਹਾਂ ਦਾ ਪ੍ਰਭਾਵ ਉੱਲੀ ਅਤੇ ਕੀੜਿਆਂ ਨਾਲੋਂ ਬਹੁਤ ਹੌਲੀ ਹੁੰਦਾ ਹੈ, ਜੋ ਆਕਸੀਜਨ ਦੀ ਮੌਜੂਦਗੀ ਵਿੱਚ ਵਧਦੇ-ਫੁੱਲਦੇ ਹਨ।

ਉਨ੍ਹਾਂ ਨੇ ਇਸ ਵਹਿਮ ਨੂੰ ਵੀ ਦੂਰ ਕਰ ਦਿੱਤਾ ਕਿ ਲੱਕੜ ਸੜਦੀ ਨਹੀਂ ਕਿਉਂਕਿ ਇਹ ਐਨਾਇਰੋਬਿਕ ਸਥਿਤੀ ਵਿੱਚ ਹੈ।

ਦਰਅਸਲ, ਬੈਕਟੀਰੀਆ ਆਕਸੀਜਨ ਦੀ ਅਣਹੋਂਦ ਵਿੱਚ ਵੀ ਲੱਕੜ 'ਤੇ ਹਮਲਾ ਕਰਦੇ ਹਨ। ਪਰ ਉਨ੍ਹਾਂ ਦਾ ਪ੍ਰਭਾਵ ਉੱਲੀ ਅਤੇ ਕੀੜਿਆਂ ਨਾਲੋਂ ਬਹੁਤ ਹੌਲੀ ਹੁੰਦਾ ਹੈ, ਜੋ ਆਕਸੀਜਨ ਦੀ ਮੌਜੂਦਗੀ ਵਿੱਚ ਵਧਦੇ-ਫੁੱਲਦੇ ਹਨ।

ਪਾਣੀ ਲੱਕੜ ਦੇ ਸੈੱਲਾਂ ਨੂੰ ਭਰ ਦਿੰਦਾ ਹੈ ਜੋ ਬੈਕਟੀਰੀਆ ਖਾਲੀ ਕਰਦੇ ਹਨ, ਇਸ ਤਰ੍ਹਾਂ ਉਨ੍ਹਾਂ ਦਾ ਆਕਾਰ ਬਣਿਆ ਰਹਿੰਦਾ ਹੈ।

ਟੀਮ ਮੈਂਬਰ ਇਜ਼ੋ ਕਹਿੰਦੇ ਹਨ, "ਕੀ ਚਿੰਤਾ ਕਰਨ ਵਾਲੀ ਕੋਈ ਗੱਲ ਹੈ? ਹਾਂ ਅਤੇ ਨਹੀਂ ਦੋਵੇਂ। ਪਰ ਇਸ ਤਰ੍ਹਾਂ ਦੀ ਖੋਜ ਜਾਰੀ ਰਹਿਣੀ ਚਾਹੀਦੀ ਹੈ।"

ਉਹ ਦੱਸਦੇ ਹਨ ਕਿ ਦਸ ਸਾਲ ਪਹਿਲਾਂ ਪਹਿਲੇ ਨਮੂਨਿਆਂ ਤੋਂ ਬਾਅਦ ਨਵੇਂ ਨਮੂਨੇ ਇਕੱਠੇ ਨਹੀਂ ਕੀਤੇ ਗਏ ਹਨ ਕਿਉਂਕਿ ਇਹ ਪ੍ਰਕਿਰਿਆ ਬਹੁਤ ਮੁਸ਼ਕਲ ਹੈ।

ਮੈਕਸੀਓਨੀ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਕਿ ਇਹ ਨੀਂਹ ਕਿੰਨੀਆਂ ਹੋਰ ਸਦੀਆਂ ਤੱਕ ਚੱਲੇਗੀ, ਪਰ ਜਿੰਨਾ ਚਿਰ ਵਾਤਾਵਰਣ ਇੱਕੋ ਜਿਹਾ ਰਹੇਗਾ, ਇਹ ਚੱਲਣਗੇ। ਇਹ ਪ੍ਰਣਾਲੀ ਕੰਮ ਕਰਦੀ ਹੈ ਕਿਉਂਕਿ ਇਹ ਲੱਕੜ, ਮਿੱਟੀ ਅਤੇ ਪਾਣੀ ਦਾ ਸੁਮੇਲ ਹੈ।"

ਮਿੱਟੀ ਆਕਸੀਜਨ ਨੂੰ ਬਾਹਰ ਰੱਖਦੀ ਹੈ, ਪਾਣੀ ਲੱਕੜ ਦੇ ਸੈੱਲਾਂ ਦੀ ਆਕਾਰ ਨੂੰ ਬਣਾਈ ਰੱਖਦਾ ਹੈ, ਅਤੇ ਲੱਕੜ ਇਮਾਰਤ ਨੂੰ ਇਕੱਠੇ ਰੱਖਣ ਲਈ ਲੋੜੀਂਦਾ ਰਗੜ ਪ੍ਰਦਾਨ ਕਰਦੀ ਹੈ।

'ਬੇਹੱਦ ਖ਼ੂਬਸੂਰਤ'

ਵੇਨਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੱਕੜ ਕਾਰਬਨ ਨੂੰ ਸੋਖ ਲੈਂਦੀ ਹੈ, ਇਹ ਕੁਦਰਤੀ ਤੌਰ 'ਤੇ ਘਟਦੀ ਹੈ, ਅਤੇ ਇਸਦੀ ਲਚਕਦਾਰ ਬਣਤਰ ਦੇ ਕਾਰਨ, ਇਸ ਨੂੰ ਸਭ ਤੋਂ ਵੱਧ ਭੂਚਾਲ-ਰੋਧਕ ਸਮੱਗਰੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ

19ਵੀਂ ਅਤੇ 20ਵੀਂ ਸਦੀ ਵਿੱਚ, ਨੀਂਹ ਨਿਰਮਾਣ ਲਈ ਸੀਮਿੰਟ ਨੇ ਪੂਰੀ ਤਰ੍ਹਾਂ ਲੱਕੜ ਦੀ ਥਾਂ ਲੈ ਲਈ ਹੈ।

ਪਰ ਹਾਲ ਹੀ ਦੇ ਸਾਲਾਂ ਵਿੱਚ, ਲੱਕੜ ਦੇ ਨਿਰਮਾਣ ਵਿੱਚ ਪੁਨਰ ਉਭਾਰ ਆਇਆ ਹੈ - ਇੱਥੋਂ ਤੱਕ ਕਿ ਗਗਨਚੁੰਬੀ ਇਮਾਰਤਾਂ ਵੀ ਹੁਣ ਲੱਕੜ ਨਾਲ ਬਣਾਈਆਂ ਜਾ ਰਹੀਆਂ ਹਨ।

ਪ੍ਰੋਫੈਸਰ ਥਾਮਸ ਲੈਸਲੀ ਕਹਿੰਦੇ ਹਨ, "ਅੱਜ, ਲੱਕੜ ਨੂੰ ਇੱਕ ਵਾਰ ਫਿਰ ਇੱਕ ਬਹੁਤ ਹੀ ਵਿਲੱਖਣ ਅਤੇ ਆਧੁਨਿਕ ਸਮੱਗਰੀ ਵਜੋਂ ਦੇਖਿਆ ਜਾ ਰਿਹਾ ਹੈ, ਅਤੇ ਚੰਗੇ ਕਾਰਨ ਕਰਕੇ।"

ਲੱਕੜ ਕਾਰਬਨ ਨੂੰ ਸੋਖ ਲੈਂਦੀ ਹੈ, ਇਹ ਕੁਦਰਤੀ ਤੌਰ 'ਤੇ ਘਟਦੀ ਹੈ, ਅਤੇ ਇਸਦੀ ਲਚਕਦਾਰ ਬਣਤਰ ਦੇ ਕਾਰਨ, ਇਸ ਨੂੰ ਸਭ ਤੋਂ ਵੱਧ ਭੂਚਾਲ-ਰੋਧਕ ਸਮੱਗਰੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਵੈਨਿਸ ਇਕਲੌਤਾ ਸ਼ਹਿਰ ਨਹੀਂ ਹੈ ਜਿਸਦੀ ਨੀਂਹ ਲੱਕੜ 'ਤੇ ਟਿਕੀ ਹੋਈ ਹੈ।

ਪ੍ਰੋਫੈਸਰ ਪੁਜ਼ਰੀਨ ਕਹਿੰਦੇ ਹਨ, "ਪਰ ਇਹ ਇਕਲੌਤਾ ਸ਼ਹਿਰ ਹੈ ਜਿੱਥੇ ਇਸ ਰਗੜ-ਅਧਾਰਤ ਤਕਨਾਲੋਜੀ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਗਈ ਸੀ ਅਤੇ ਜੋ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬੇਹੱਦ ਸੁੰਦਰ ਹੈ।"

ਉਹ ਕਹਿੰਦੇ ਹਨ, "ਇਹ ਇਮਾਰਤਾਂ ਉਨ੍ਹਾਂ ਲੋਕਾਂ ਦੁਆਰਾ ਬਣਾਈਆਂ ਗਈਆਂ ਸਨ ਜਿਨ੍ਹਾਂ ਨੂੰ ਮਿੱਟੀ ਦੇ ਮਕੈਨਿਕਸ ਜਾਂ ਭੂ-ਤਕਨੀਕੀ ਇੰਜੀਨੀਅਰਿੰਗ ਦਾ ਕੋਈ ਗਿਆਨ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਕੁਝ ਅਜਿਹਾ ਬਣਾਇਆ ਜਿਸਦਾ ਅਸੀਂ ਅੱਜ ਸਿਰਫ ਸੁਪਨਾ ਹੀ ਦੇਖ ਸਕਦੇ ਹਾਂ ਅਤੇ ਜੋ ਇੰਨੇ ਲੰਬੇ ਸਮੇਂ ਤੋਂ ਕਾਇਮ ਰਿਹਾ ਹੈ।"

ਇਸ ਆਰਟੀਕਲ 'ਚ ਵਰਤੀਆਂ ਗਈਆਂ ਫੋਟੋਆਂ ਕੇਵਲ ਕਲਾਤਮਕ ਉਦੇਸ਼ ਤੋਂ ਤਿਆਰ ਕੀਤੀਆਂ ਗਈਆਂ ਹਨ। ਵੈਨਿਸ ਦੀ ਅਸਲ ਨੀਂਹ ਵਿੱਚ ਲੱਕੜ ਦੇ ਥੰਮ੍ਹ ਬਹੁਤ ਘਣੇ ਹਨ ਅਤੇ ਉਨ੍ਹਾਂ ਦੀਆਂ ਟਹਿਣੀਆਂ ਨਹੀਂ ਹੁੰਦੀਆਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)