ਮਿਲਾਵਟੀ ਡ੍ਰਾਈ ਫਰੂਟਸ ਦੀ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ, ਸੁੱਕੇ ਮੇਵੇ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਤਸਵੀਰ ਸਰੋਤ, Getty Images
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਦੀਵਾਲੀ ਨੂੰ ਮਹਿਜ਼ ਇੱਕ ਹਫ਼ਤੇ ਦਾ ਸਮਾਂ ਰਹਿ ਗਿਆ ਹੈ। ਲੋਕ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਖਰੀਦਦਾਰੀ ਕਰਦੇ ਹਨ।
ਦਿਵਾਲੀ ਮੌਕੇ ਅਕਸਰ ਲੋਕ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ। ਜਿਨ੍ਹਾਂ ਵਿੱਚ ਮਠਿਆਈਆਂ ਦਾ ਅਦਾਨ-ਪ੍ਰਦਾਨ ਸਭ ਤੋਂ ਵੱਧ ਹੁੰਦਾ ਹੈ।
ਬੀਤੇ ਕੁਝ ਸਾਲਾਂ ਤੋਂ ਸਿਹਤ ਪ੍ਰਤੀ ਜਾਗਰੂਕਤਾ ਵਧੀ ਤਾਂ ਸੁੱਕੇ ਮੇਵੇ ਯਾਨਿ ਡ੍ਰਾਈ ਫਰੂਟਸ ਨੇ ਕਾਫ਼ੀ ਹੱਦ ਤੱਕ ਮਠਿਆਈਆਂ ਦੀ ਥਾਂ ਲੈ ਲਈ।
ਅਕਸਰ ਅਸੀਂ ਸਿਹਤ ਮਾਹਰਾਂ ਨੂੰ ਸੁੱਕੇ ਮੇਵਿਆਂ ਜਿਵੇਂ ਕਾਜੂ, ਬਦਾਮ, ਅਖਰੋਟ, ਸੌਗੀ, ਪਿਸਤਾ ਆਦਿ ਦੇ ਸਿਹਤ ਲਈ ਫ਼ਾਇਦੇ ਗਿਣਾਉਂਦੇ ਸੁਣਿਆ ਹੈ। ਇੱਕ ਤਰਕ ਇਹ ਵੀ ਹੈ ਕਿ ਇਹ ਮਿੱਠੇ ਨਾਲ ਭਰੀਆਂ ਜਾਂ ਤਲੀਆਂ ਹੋਈਆਂ ਮਿਠਾਈਆਂ ਨਾਲੋਂ ਹਰ ਪੱਖੋਂ ਬਿਹਤਰ ਹਨ।
ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਹ ਪੂਰੀ ਤਰ੍ਹਾਂ ਸੁਰੱਖਿਅਤ ਹਨ? ਇਸ ਦਾ ਜਵਾਬ ਹਾਂ ਜਾਂ ਨਾ ਵਿੱਚ ਦੇਣਾ ਸ਼ਾਇਦ ਔਖਾ ਹੈ।
ਅੱਜ ਬਾਜ਼ਾਰ ਵਿੱਚ ਮੌਜੂਦ ਹਰ ਹੋਰ ਖਾਣਯੋਗ ਚੀਜ਼ ਵਾਂਗ ਹੀ, ਸੁੱਕੇ ਮੇਵੇ ਵੀ ਮਾੜੀ ਗੁਣਵੱਤਾ ਅਤੇ ਮਿਲਾਵਟ ਤੋਂ ਮੁਕਤ ਨਹੀਂ ਹਨ।
ਸੁੱਕੇ ਮੇਵਿਆਂ ਦੀ ਮਿਲਾਵਟ

ਤਸਵੀਰ ਸਰੋਤ, Getty Images
ਡ੍ਰਾਈ ਫਰੂਟਸ 'ਚ ਮਿਲਾਵਟ ਕੀਤੇ ਜਾਣ ਦੇ ਕਈ ਕਾਰਨ ਹਨ, ਜਿਵੇਂ
- ਉਨ੍ਹਾਂ ਦੀ ਸ਼ੈਲਫ ਲਾਈਫ ਵਧਾਉਣ ਲਈ
- ਉਨ੍ਹਾਂ ਦੀ ਓਪਰੀ ਦਿੱਖ ਬਿਹਤਰ ਨਜ਼ਰ ਆਵੇ ਇਸ ਲਈ
- ਸੁੱਕੇ ਮੇਵਿਆਂ ਦਾ ਭਾਰ ਵਧਾਉਣ ਲਈ ਅਤੇ
- ਉਨ੍ਹਾਂ ਦੇ ਰੰਗ ਨੂੰ ਆਕਰਸ਼ਿਤ ਅਤੇ ਸੁਆਦ ਨੂੰ ਵਧਾਉਣ ਲਈ
ਮਾਹਰਾਂ ਮੁਤਾਬਕ ਮਿਲਾਵਟ ਲਈ ਸਾਦੇ ਪਾਣੀ ਤੋਂ ਲੈ ਕੇ ਪੱਕੇ ਰੰਗ ਅਤੇ ਰਸਾਇਣਕ ਸਪਰੇਅ ਤੱਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪਰ ਉਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ, ਤੁਸੀਂ ਅਤੇ ਤੁਹਾਡਾ ਪਰਿਵਾਰ ਸਿਹਤਮੰਦ ਰਹਿ ਸਕਦਾ ਹੈ।
ਇਸ ਤਰ੍ਹਾਂ ਦੀ ਮਿਲਾਵਟਖੋਰੀ ਦਾ ਸਾਡੀ ਸਿਹਤ 'ਤੇ ਕੀ ਅਸਰ ਪੈ ਸਕਦਾ ਹੈ ਅਤੇ ਅਸੀਂ ਪ੍ਰਮਾਣਿਕਤਾ ਦੀ ਜਾਂਚ ਕਿਵੇਂ ਕਰ ਸਕਦੇ ਹਾਂ।

ਤਸਵੀਰ ਸਰੋਤ, Getty Images
ਮਿਲਾਵਟੀ ਅਤੇ ਖ਼ਰਾਬ ਮੇਵੇ
ਮੇਵਿਆਂ ਦੀ ਮਿਲਾਵਟ ਦਾ ਅਰਥ ਹੈ ਕਿਸੇ ਹੋਰ ਕੈਮੀਕਲ ਜਾਂ ਨਕਲੀ ਪਦਾਰਥ ਨੂੰ ਮਿਲਾ ਕੇ ਮੇਵਿਆਂ ਦੀ ਉਪਰਲੀ ਦਿੱਖ ਨੂੰ ਬਿਹਤਰ ਬਣਾਉਣਾ।
ਪਰ ਮੇਵਿਆਂ ਦੇ ਮਾਮਲੇ ਵਿੱਚ ਮਸਲਾ ਸਿਰਫ਼ ਮਿਲਾਵਟੀ ਸਮਾਨ ਦਾ ਨਹੀਂ ਹੈ ਬਲਕਿ ਖ਼ਰਾਬ ਹੋ ਚੁੱਕੇ ਮੇਵਿਆਂ ਦਾ ਵੀ ਹੈ।
ਆਮ ਤੌਰ ਤੇ ਡ੍ਰਾਈ ਫਰੂਟਸ ਦੀ ਸ਼ੈਲਫ ਲਾਈਫ ਲੰਬੀ ਹੁੰਦੀ ਹੈ। ਸ਼ੈਲਫ ਲਾਈਫ ਦਾ ਅਰਥ ਹੈ ਕਿ ਉਹ ਲੰਬੇ ਸਮੇਂ ਤੱਕ ਖ਼ਰਾਬ ਨਹੀਂ ਹੁੰਦੇ ਹਨ। ਪਰ ਇਹ ਨਿਰਭਰ ਕਰਦਾ ਹੈ ਕਿ ਕਿਹੜੇ ਮੇਵੇ ਹਨ ਅਤੇ ਕਿਸ ਸਥਿਤੀ ਵਿੱਚ ਸਟੋਰ ਕੀਤੇ ਜਾਂਦੇ ਹਨ।
ਪਰ ਕੁਦਰਤੀ ਬਣਤਰ ਅਤੇ ਉਨ੍ਹਾਂ ਵਿੱਚ ਮੌਜੂਦ ਤੇਲਾਂ ਕਾਰਨ, ਜੇਕਰ ਮੇਵਿਆਂ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਜਾਵੇ ਤਾਂ ਉਨ੍ਹਾਂ ਨੂੰ ਫ਼ੰਗਸ ਯਾਨਿ ਉੱਲੀ ਲੱਗ ਸਕਦੀ ਹੈ।
ਤੁਸੀਂ ਕਈ ਵਾਰ ਬਦਾਮਾਂ ਜਾਂ ਕਾਜੂ ਵਰਗੇ ਮੇਵਿਆਂ ਵਿੱਚ ਛੋਟੇ ਛੇਕ ਦੇਖੇ ਹੋਣਗੇ, ਇਹ ਅਸਲ ਵਿੱਚ ਮੇਵਿਆਂ ਨੂੰ ਲੱਗਣ ਵਾਲੇ ਕੀੜੇ ਦੀ ਨਿਸ਼ਾਨੀ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ, ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫਟੀ ਅਫ਼ਸਰ ਸਤਵਿੰਦਰ ਸਿੰਘ ਦੱਸਦੇ ਹਨ, "ਵੱਖ-ਵੱਖ ਸੁੱਕੇ ਮੇਵੇ ਅਲੱਗ-ਅਲੱਗ ਕਾਰਨਾਂ ਕਰਕੇ ਖ਼ਰਾਬ ਹੋ ਸਕਦੇ ਹਨ।"
ਉਹ ਉਦਾਹਰਣ ਦਿੰਦੇ ਹਨ, "ਜਿਵੇਂ ਕਾਜੂ, ਬਦਾਮ ਅਤੇ ਅਖਰੋਟ ਵਰਗੇ ਮੇਵਿਆਂ ਦੇ ਜ਼ਿੰਦਾ ਜਾਂ ਮਰੇ ਹੋਏ ਕੀੜਿਆਂ, ਕੀੜਿਆਂ ਦੇ ਟੁਕੜਿਆਂ ਅਤੇ ਚੂਹਿਆਂ ਤੋਂ ਦੂਸ਼ਿਤ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਪਰ ਸੌਗੀ ਅਤੇ ਖਜੂਰ 'ਚ ਉੱਲੀ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ।"

ਤਸਵੀਰ ਸਰੋਤ, Getty Images
ਮਿਲਾਵਟਖ਼ੋਰੀ ਅਤੇ ਉਸ ਨਾਲ ਜੁੜੇ ਖ਼ਤਰੇ
ਸ਼ੈਲਫ ਲਾਈਫ ਵਧਾਉਣ, ਦਿੱਖ ਅਤੇ ਸੁਆਦ ਨੂੰ ਬਿਹਤਰ ਬਣਾਉਣ ਲਈ, ਕੁਝ ਡ੍ਰਾਈ ਫਰੂਟਸ 'ਤੇ ਰਸਾਇਣਕ ਸਪਰੇਅ ਕੀਤੇ ਜਾਂਦੇ ਹਨ। ਜੇਕਰ ਇਹ ਸਪਰੇਅ ਤੈਅ ਸੀਮਾਵਾਂ ਤੋਂ ਵੱਧ ਕੀਤੀ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦੇ ਹਨ।
ਸਤਵਿੰਦਰ ਸਿੰਘ ਦੱਸਦੇ ਹਨ, "ਫ਼ੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਕੁਝ ਦਿਸ਼ਾ-ਨਿਰਦੇਸ਼ ਨਿਰਧਾਰਤ ਕੀਤੇ ਹੋਏ ਹਨ ਅਤੇ ਵਰਤੋਂ ਯੋਗ ਸੀਮਾਵਾਂ ਅਤੇ ਕਿਸਮਾਂ ਦੇ ਪ੍ਰੀਜ਼ਰਵੇਟਿਵ ਨਿਰਧਾਰਤ ਕੀਤੇ ਹਨ।"
"ਪਰ ਇਹ ਉਸ ਸਥਿਤੀ ਵਿੱਚ ਮਿਲਾਵਟ ਅਖਵਾਉਂਦੇ ਹਨ ਜਦੋਂ ਉਤਪਾਦ ਵਿੱਚ ਘਟੀਆ ਜਾਂ ਬਹੁਤ ਜ਼ਿਆਦਾ ਪ੍ਰੀਜ਼ਰਵੇਟਿਵ ਵਰਤੇ ਜਾਣ।"
ਐੱਫ਼ਐੱਸਐੱਸਏਆਈ ਵੱਲੋਂ ਮਾਨਤਾ ਪ੍ਰਾਪਤ ਇੱਕ ਆਨਲਾਈਨ ਪੋਰਟਲ, ਫੂਡ ਸੇਫ਼ਟੀ ਹੈਲਪਲਾਈਨ ਮੁਤਾਬਕ, "ਸੁੱਕੇ ਮੇਵਿਆਂ ਵਿੱਚ ਸਲਫਰ ਡਾਈਆਕਸਾਈਡ ਅਤੇ ਸੋਡੀਅਮ ਮੈਟਾਬਾਏਸਲਫ਼ਾਈਟ ਵਰਗੇ ਰਸਾਇਣਾਂ ਦੀ ਵਰਤੋਂ ਰੰਗ ਨੂੰ ਬਿਹਤਰ ਬਣਾਉਣ ਅਤੇ ਪਦਾਰਥ ਨੂੰ ਖ਼ਰਾਬ ਹੋਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ, ਜੋ ਸਾਹ ਲੈਣ ਅਤੇ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।"
ਇਸ ਦੇ ਸਿਹਤ 'ਤੇ ਹੋਣ ਵਾਲੇ ਅਸਰ ਨੂੰ ਜਾਣਨ ਲਈ ਮੋਗਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਸੰਦੀਪ ਸਿੰਘ ਨਾਲ ਗੱਲ ਕੀਤੀ।

ਡਾਕਟਰ ਸੰਦੀਪ ਨੇ ਕਿਹਾ, "ਇਹ ਰਸਾਇਣ ਸਿਹਤ 'ਤੇ ਲੰਬੇ ਸਮੇਂ ਲਈ ਅਸਰ ਪਾ ਸਕਦੇ ਹਨ। ਹਾਲਾਂਕਿ ਪ੍ਰਭਾਵ ਤੁਰੰਤ ਦਿਖਾਈ ਨਹੀਂ ਦਿੰਦੇ, ਪਰ ਇਨ੍ਹਾਂ ਕਰਕੇ ਲੰਬੇ ਸਮੇਂ ਵਿੱਚ ਤੁਹਾਡੇ ਗੁਰਦੇ, ਦਿਲ, ਦਿਮਾਗ, ਚਮੜੀ ਅਤੇ ਦਿਮਾਗੀ ਪ੍ਰਣਾਲੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੁੰਦੀ ਹੈ।"
ਦੀਵਾਲੀ ਤੋਂ ਪਹਿਲਾਂ ਚੱਲ ਰਹੀ ਜਾਂਚ ਦੇ ਸਬੰਧ ਵਿੱਚ, ਉਨ੍ਹਾਂ ਕਿਹਾ, "ਵਿਭਾਗ ਦਿਨ ਭਰ ਕਈ ਤਰ੍ਹਾਂ ਦੇ ਸੈਂਪਲ ਇਕੱਤਰ ਕਰਦਾ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।"
"ਇਸ ਦੇ ਨਾਲ, ਅਸੀਂ ਗਾਹਕਾਂ ਨੂੰ ਸਿਹਤਮੰਦ ਅਭਿਆਸਾਂ ਅਤੇ ਐੱਫਐੱਸਐੱਸਏਆਈ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਸੰਵੇਦਨਸ਼ੀਲ ਹੋਣ ਦੀ ਸਲਾਹ ਦਿੰਦੇ ਹਾਂ।”
“ਜੇਕਰ ਸਾਨੂੰ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਜਾਂਦੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਵੀ ਕੀਤੀ ਜਾਂਦੀ ਹੈ।"
ਸੁੱਕੇ ਮੇਵੇ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਤਸਵੀਰ ਸਰੋਤ, Getty Images
ਕੁਝ ਸੁਝਾਅ ਸਾਂਝੇ ਕਰਦੇ ਹੋਏ, ਸਤਵਿੰਦਰ ਸਿੰਘ ਦੱਸਦੇ ਹਨ, "ਕੋਸ਼ਿਸ਼ ਕਰੋ ਕਿ ਉਹ ਮੇਵੇ ਖਰੀਦੇ ਜਾਣ ਜਿਹੜੇ ਏਅਰਟਾਈਟ ਤਰੀਕੇ ਨਾਲ ਪੈਕ ਕੀਤੇ ਗਏ ਹੋਣ, ਉਨ੍ਹਾਂ ਉੱਤੇ ਲੱਗੇ ਲੇਬਲ ਨੂੰ ਧਿਆਨ ਨਾਲ ਪੜ੍ਹੋ, ਤਾਂ ਜੋ ਪੈਕ ਹੋਣ ਦੀ ਤਾਰੀਕ ਅਤੇ ਵਰਤੋਂ ਦੀ ਮਿਆਦ ਬਾਰੇ ਜਾਣਿਆ ਜਾ ਸਕੇ।"
ਉਹ ਖੁੱਲ੍ਹੇ ਮੇਵੇ ਨਾ ਖਰੀਦਣ ਦੀ ਸਲਾਹ ਦਿੰਦੇ ਹਨ।
"ਜੇ ਸੁੱਕੇ ਮੇਵੇ ਦਾ ਸੁਆਦ ਕੌੜਾ ਹੋਵੇ, ਤਾਂ ਉਸ ਦਾ ਸੇਵਨ ਨਾ ਕਰੋ।"
ਕੀੜੇ-ਮਕੌੜਿਆਂ ਦੇ ਹੋਣ ਜਾਂ ਪਿੰਨਹੋਲ (ਛੋਟੇ ਛੇਕ) ਦੀ ਜਾਂਚ ਕਰਨ ਲਈ ਖਾਣ ਤੋਂ ਪਹਿਲਾਂ ਕਾਜੂ ਨੂੰ ਖੋਲ੍ਹੋ। ਲੋੜ ਪੈਣ 'ਤੇ ਇਸਨੂੰ ਤੋੜ ਕੇ ਦੇਖਿਆ ਜਾ ਸਕਦਾ ਹੈ।
"ਖਜੂਰਾਂ ਵਿੱਚ ਉੱਲੀ ਦੀ ਜਾਂਚ ਕਰਨ ਲਈ, ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਵਿੱਚੋ ਖੋਲ੍ਹ ਕੇ ਦੇਖੋ।"
"ਖਜੂਰਾਂ ਅਤੇ ਸੌਗੀ ਵਿੱਚ ਸਫ਼ੇਦ ਰੂੰ ਵਰਗੀ ਉੱਲੀ ਨਜ਼ਰ ਆਵੇ ਤਾਂ ਉਸ ਦਾ ਸੇਵਨ ਨਾ ਕਰੋ।"
ਐੱਫਐੱਸਐੱਸਏਆਈ ਵੱਲੋਂ ਸੁਝਾਏ ਗਏ ਜਾਂਚ ਦੇ ਤਰੀਕੇ

ਤਸਵੀਰ ਸਰੋਤ, Getty Images
- ਇਹ ਯਕੀਨੀ ਬਣਾਉਣ ਲਈ ਕਿ ਸੁੱਕੇ ਮੇਵੇ ਹਰ ਤਰ੍ਹਾਂ ਦੀ ਗੰਦਗੀ ਤੋਂ ਮੁਕਤ ਹਨ, ਇਨ੍ਹਾਂ ਲਈ ਇੱਕ ਵਿਜ਼ੂਅਲ ਜਾਂਚ ਕਰੋ
- ਰੰਗ ਦੀ ਜਾਂਚ ਕਰੋ ਕਿਉਂਕਿ ਡ੍ਰਾਈ ਫਰੂਟ ਖ਼ਰਾਬ ਹੋਣ 'ਤੇ ਕੁਦਰਤੀ ਰੰਗ ਨਾਲੋਂ ਗੂੜ੍ਹਾ ਹੋ ਜਾਂਦਾ ਹੈ
- ਖੁਰਮਾਨੀ, ਜਾਂ ਅੰਜੀਰ ਵਰਗੇ ਸੁੱਕੇ ਮੇਵੇ ਸਖ਼ਤ ਹੋਣ ਅਤੇ ਜੇਕਰ ਉਨ੍ਹਾਂ ਨੂੰ ਚਬਾਉਣ ਵਿੱਚ ਦਿੱਕਤ ਆਵੇ ਤਾਂ ਸਮਝ ਜਾਓ ਕਿ ਇਹ ਪੁਰਾਣੇ ਹਨ
- ਸੜਨ ਜਾਂ ਉੱਲੀ ਦੀ ਕਿਸੇ ਵੀ ਗੰਧ ਦਾ ਮਤਲਬ ਹੈ ਉਨ੍ਹਾਂ 'ਚ ਪਾਣੀ ਹੈ, ਸੋ ਖਰੀਦਣ ਸਮੇਂ ਉਨ੍ਹਾਂ ਨੂੰ ਸੁੰਘ ਲਵੋਂ
- ਖੁੱਲ੍ਹੇ ਮੇਵੇ ਖਰੀਦਣ ਤੋਂ ਬਚੋ, ਕਿਉਂਕਿ ਉਨ੍ਹਾਂ ਦੀ ਮਿਆਦ ਪੁੱਗਣ ਦੀ ਤਰੀਕ ਦਾ ਪਤਾ ਲਾਉਣਾ ਔਖਾ ਹੁੰਦਾ ਹੈ।
ਇਹ ਪੁਸ਼ਟੀ ਕਰੋ ਕਿ ਇਹ ਪੈਕੇਜ 'ਤੇ ਐੱਫ਼ਐੱਸਐੱਸਏਆਈ ਲਾਇਸੈਂਸ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਹੈ, ਜੋ ਦਰਸਾਉਂਦਾ ਹੈ ਕਿ ਗਾਹਕ ਦਾ ਭੋਜਨ ਕਾਰੋਬਾਰ ਸੰਚਾਲਕ ਰਜਿਸਟਰਡ ਹੈ ਅਤੇ ਇਸ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












