ਕੀ ਅਸਮਾਨ ਦਾ ਰੰਗ ਹਮੇਸ਼ਾ ਤੋਂ ਨੀਲਾ ਹੀ ਸੀ ਅਤੇ ਵਿਗਿਆਨੀ ਕਿਉਂ ਕਹਿ ਰਹੇ ਹਨ ਕਿ ਇਸ ਦਾ ਰੰਗ ਬਦਲ ਸਕਦਾ ਹੈ?

ਦੋ ਆਧੁਨਿਕ ਬਹੁ-ਮੰਜ਼ਿਲਾ ਇਮਾਰਤਾਂ ਦੀ ਇੱਕ ਕਲਾਤਮਕ ਤਸਵੀਰ, ਜੋ ਹਰੀਆਂ ਵੇਲਾਂ ਨਾਲ ਘਿਰੇ ਇੱਕ ਗੋਲ ਆਰਕੀਟੈਕਚਰਲ ਝਰੋਖੇ ਵਿੱਚੋਂ ਦਿਖਾਈ ਦੇ ਰਹੀਆਂ ਹਨ। ਉਹਨਾਂ ਦੇ ਉੱਪਰ ਇੱਕ ਸਾਫ਼ ਅਤੇ ਚਮਕਦਾਰ ਨੀਲਾ ਅਸਮਾਨ ਨਜ਼ਰ ਆ ਰਿਹਾ ਹੈ।

ਤਸਵੀਰ ਸਰੋਤ, jmsilva/Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸਮਾਨ ਦਾ ਰੰਗ ਦੋਬਾਰਾ ਬਦਲ ਸਕਦਾ ਹੈ।
    • ਲੇਖਕ, ਕੈਥਰੀਨ ਹੀਥਵੁੱਡ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 7 ਮਿੰਟ

ਨੀਲਾ ਅਸਮਾਨ ਇੱਕ ਅਜਿਹੀ ਚੀਜ਼ ਹੈ ਜਿਸਨੂੰ ਸਾਡੇ ਵਿੱਚੋਂ ਬਹੁਤੇ ਲੋਕ ਬਹੁਤ ਮਾਮੂਲੀ ਸਮਝਦੇ ਹਨ। ਲੇਕਿਨ, ਹੋ ਸਕਦਾ ਹੈ ਧਰਤੀ ਦੇ ਇਤਿਹਾਸ ਦੌਰਾਨ ਇਸਦਾ ਰੰਗ ਨਾਟਕੀ ਢੰਗ ਨਾਲ ਬਦਲਿਆ ਹੋਵੇ - ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਦੁਬਾਰਾ ਬਦਲ ਸਕਦਾ ਹੈ।

ਯੂਕੇ ਵਿੱਚ ਰੌਇਲ ਆਬਜ਼ਰਵੇਟਰੀ ਗ੍ਰੀਨਵਿਚ ਦੇ ਸਾਇੰਸ ਕਮਿਊਨੀਕੇਟਰ ਫਿਨ ਬਰਿਜ ਅਨੁਸਾਰ, ਦੋ ਮੁੱਖ ਕਾਰਨ ਹਨ ਜੋ ਦਿਨ ਵੇਲੇ ਅਸਮਾਨ ਨੂੰ ਨੀਲਾ ਦਿਖਾਉਂਦੇ ਹਨ।

"ਪਹਿਲਾ ਕਾਰਨ ਸੂਰਜ ਹੈ।"

ਉਹ ਸਮਝਾਉਂਦੇ ਹਨ, "ਸੂਰਜ ਦੀ ਆਮ ਧੁੱਪ ਚਿੱਟੀ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਇਸ ਵਿੱਚ ਸਤਰੰਗੀ ਪੀਂਘ ਦੇ ਸਾਰੇ ਰੰਗ - ਲਾਲ, ਪੀਲਾ, ਹਰਾ ਅਤੇ ਨੀਲਾ ਸ਼ਾਮਲ ਹੁੰਦੇ ਹਨ।"

ਦੂਜਾ ਕਾਰਨ ਵਾਯੂਮੰਡਲ ਦੀ ਬਣਤਰ ਹੈ। ਬਰਿਜ ਕਹਿੰਦੇ ਹਨ ਕਿ ਅਸਮਾਨ ਵਿੱਚ ਨਾਈਟ੍ਰੋਜਨ ਦੇ ਨਾਲ-ਨਾਲ ਆਕਸੀਜਨ ਅਤੇ ਪਾਣੀ ਦੇ ਕਣਾਂ (ਵਾਸ਼ਪ) ਵਰਗੇ ਬਹੁਤ ਸਾਰੇ ਨਿੱਕੇ-ਨਿੱਕੇ ਕਣ ਹੁੰਦੇ ਹਨ, ਜੋ ਰੌਸ਼ਨੀ ਨੂੰ ਸਾਰੇ ਪਾਸੇ ਖਿਲਾਰ ਦਿੰਦੇ ਹਨ।

ਨੀਲੀ ਰੌਸ਼ਨੀ ਦੀ ਤਰੰਗ ਦੀ ਲੰਬਾਈ ਬਾਕੀ ਰੰਗਾਂ ਨਾਲੋਂ ਛੋਟੀ ਹੁੰਦੀ ਹੈ, ਇਸ ਲਈ ਇਹ ਜ਼ਿਆਦਾ ਖਿੱਲਰਦੀ ਹੈ ਅਤੇ ਪੂਰੇ ਅਸਮਾਨ ਨੂੰ ਨੀਲੇ ਰੰਗ ਨਾਲ ਭਰ ਦਿੰਦੀ ਹੈ।

ਇਸ ਪ੍ਰਕਿਰਿਆ ਨੂੰ 'ਰੇਲੇ ਸਕੈਟਰਿੰਗ' ਜੋਂ ਜਾਣਿਆ ਜਾਂਦਾ ਹੈ, ਜਿਸਦਾ ਨਾਮ ਬ੍ਰਿਟਿਸ਼ ਭੌਤਿਕ ਵਿਗਿਆਨੀ ਲਾਰਡ ਰੇਲੇ ਦੇ ਨਾਮ 'ਤੇ ਰੱਖਿਆ ਗਿਆ ਸੀ, ਜਿਨ੍ਹਾਂ ਨੇ 1870 ਦੇ ਦਹਾਕੇ ਵਿੱਚ ਇਹ ਸਿਧਾਂਤ ਦਿੱਤਾ ਸੀ।

ਸੂਰਜ ਚੜ੍ਹਨ ਅਤੇ ਡੁੱਬਣ ਵੇਲੇ, ਸੂਰਜ ਦੀ ਰੌਸ਼ਨੀ ਨੂੰ ਵਾਯੂਮੰਡਲ ਵਿੱਚੋਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ ਕਿਉਂਕਿ ਸੂਰਜ ਅਸਮਾਨ ਵਿੱਚ ਕਾਫ਼ੀ ਨੀਵਾਂ ਹੁੰਦਾ ਹੈ।

ਨੀਲੀ ਰੌਸ਼ਨੀ ਹੁਣ ਇੰਨੀ ਜ਼ਿਆਦਾ ਖਿੱਲਰ ਜਾਂਦੀ ਹੈ ਕਿ ਇਹ ਸਾਡੇ ਤੋਂ ਦੂਰ ਹੋ ਜਾਂਦੀ ਹੈ। ਇਸ ਨਾਲ ਸਿਰਫ਼ ਲਾਲ ਅਤੇ ਸੰਤਰੀ ਰੰਗ ਹੀ ਬਚਦੇ ਹਨ, ਜੋ ਕਿ ਇੰਨੇ ਜ਼ਿਆਦਾ ਨਹੀਂ ਖਿੱਲਰਦੇ ਅਤੇ ਸਾਡੀਆਂ ਅੱਖਾਂ ਤੱਕ ਪਹੁੰਚਦੇ ਹਨ, ਜਿਸ ਨਾਲ ਸਾਨੂੰ ਉਹ ਖੂਬਸੂਰਤ ਆਸਮਾਨ ਦਿਖਾਈ ਦਿੰਦੇ ਹਨ।

ਮੰਗਲ ਦੀ ਸਤਹ ਤੋਂ ਲਈ ਗਈ ਇੱਕ ਤਸਵੀਰ, ਜਿਸ ਵਿੱਚ ਸੂਰਜ ਪਹਾੜੀ ਦਿਸਹੱਦੇ ਦੇ ਬਿਲਕੁਲ ਉੱਪਰ ਡੁੱਬ ਰਿਹਾ ਹੈ। ਸੂਰਜ ਦੇ ਨੇੜੇ ਅਸਮਾਨ ਦੀ ਰੰਗਤ ਨੀਲੀ ਹੈ, ਅਤੇ ਦੂਰ ਜਾਣ 'ਤੇ ਇਹ ਸਲੇਟੀ ਦਿਖਾਈ ਦਿੰਦਾ ਹੈ

ਤਸਵੀਰ ਸਰੋਤ, NASA/JPL-Caltech/MSSS/Texas A&M Univ via Getty Images

ਤਸਵੀਰ ਕੈਪਸ਼ਨ, ਮੰਗਲ ਗ੍ਰਹਿ ਦਾ ਅਸਮਾਨ ਆਮ ਤੌਰ 'ਤੇ ਦਿਨ ਵੇਲੇ ਕੇਸਰੀ-ਪੀਲੇ ਰੰਗ ਦਾ ਦਿਖਾਈ ਦਿੰਦਾ ਹੈ ਅਤੇ ਸੂਰਜ ਚੜ੍ਹਨ ਤੇ ਡੁੱਬਣ ਵੇਲੇ ਸੂਰਜ ਦੇ ਨੇੜੇ ਨੀਲਾ ਹੋ ਜਾਂਦਾ ਹੈ (ਮੰਗਲ ਦੀ ਸਤਹ ਤੋਂ ਲਈ ਗਈ ਤਸਵੀਰ)

ਹੋਰ ਗ੍ਰਹਿਆਂ ਉੱਤੇ ਕਿਹੋ ਜਿਹੀ ਹੈ ਸਥਿਤੀ

ਬਰਿਜ ਕਹਿੰਦੇ ਹਨ ਕਿ ਧਰਤੀ ਦਾ ਚਮਕਦਾਰ ਨੀਲਾ ਅਸਮਾਨ ਸੂਰਜੀ ਮੰਡਲ ਵਿੱਚ ਬਿਲਕੁਲ ਵੱਖਰਾ ਹੈ।

ਹਾਲਾਂਕਿ ਮੰਨਿਆ ਜਾਂਦਾ ਹੈ ਕਿ ਜੁਪੀਟਰ (ਬ੍ਰਹਿਸਪਤੀ) ਵਰਗੇ ਕੁਝ ਗ੍ਰਹਿਆਂ ਦਾ ਉੱਪਰਲਾ ਵਾਯੂਮੰਡਲ ਧਰਤੀ ਵਾਂਗ ਹਲਕਾ ਨੀਲਾ ਹੈ, ਪਰ ਇਹ ਧਰਤੀ ਜਿੰਨਾ ਗੂੜ੍ਹਾ ਜਾਂ ਚਮਕਦਾਰ ਨਹੀਂ ਹੈ।

ਬਰਿਜ ਸਮਝਾਉਂਦੇ ਹਨ, ਸੂਰਜ ਤੋਂ ਦੂਰ ਹੋਣ ਕਰਕੇ, ਬ੍ਰਹਿਸਪਤੀ ਨੂੰ ਧਰਤੀ ਦੇ ਮੁਕਾਬਲੇ ਸਿਰਫ 4% ਸੂਰਜੀ ਰੌਸ਼ਨੀ ਮਿਲਦੀ ਹੈ, "ਇਸ ਲਈ ਉੱਥੇ ਧਰਤੀ ਵਰਗਾ ਗੂੜ੍ਹਾ ਅਤੇ ਸੋਹਣਾ ਨੀਲਾ ਅਸਮਾਨ ਨਹੀਂ ਮਿਲਦਾ।"

ਕੁਝ ਗ੍ਰਹਿਆਂ 'ਤੇ ਕਹਾਣੀ ਬਿਲਕੁਲ ਉਲਟ ਹੈ।

ਮੰਗਲ ਗ੍ਰਹਿ ਦਾ ਵਾਯੂਮੰਡਲ ਬਹੁਤ ਪਤਲਾ ਹੈ, ਇਸ ਲਈ ਉੱਥੇ ਰੇਲੇ ਸਕੈਟਰਿੰਗ ਬਹੁਤ ਘੱਟ ਹੁੰਦੀ ਹੈ। ਇਸ ਦੀ ਬਜਾਏ, ਉੱਥੇ ਮੌਜੂਦ ਧੂੜ ਦੇ ਕਣ, ਜੋ ਸਾਡੇ ਵਾਯੂਮੰਡਲ ਦੀ ਨਾਈਟ੍ਰੋਜਨ ਅਤੇ ਆਕਸੀਜਨ ਨਾਲੋਂ ਵੱਡੇ ਹੁੰਦੇ ਹਨ, ਰੌਸ਼ਨੀ ਨੂੰ ਵੱਖਰੇ ਤਰੀਕੇ ਨਾਲ ਖਿੰਡਾਉਂਦੇ ਹਨ।

ਇਸਨੂੰ 'ਮੀ ਸਕੈਟਰਿੰਗ' ਕਿਹਾ ਜਾਂਦਾ ਹੈ, ਜਿਸ ਕਾਰਨ ਉੱਥੇ ਅਸਮਾਨ ਲਾਲ ਜਾਂ ਪੀਲਾ ਦਿਖਾਈ ਦਿੰਦਾ ਹੈ ਅਤੇ ਸੂਰਜ ਡੁੱਬਣ ਵੇਲੇ ਨੀਲਾ ਰੰਗ ਨਜ਼ਰ ਆਉਂਦਾ ਹੈ।

ਫਿਨ ਬਰਿਜ ਦਾ ਕੋਟ

ਕੀ ਅਸਮਾਨ ਹਮੇਸ਼ਾ ਨੀਲਾ ਰਿਹਾ ਹੈ?

ਅੱਜ ਅਸੀਂ ਧਰਤੀ ਦਾ ਜੋ ਨੀਲਾ ਅਸਮਾਨ ਦੇਖਦੇ ਹਾਂ, ਉਹ ਗ੍ਰਹਿ ਦੇ ਲੰਬੇ ਇਤਿਹਾਸ ਵਿੱਚ ਤੁਲਨਾਤਮਿਕ ਤੌਰ ਉੱਤੇ ਇੱਕ ਨਵੀਂ ਤਬਦੀਲੀ ਹੈ।

ਹਾਲਾਂਕਿ ਪੱਕੇ ਤੌਰ 'ਤੇ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਪੁਰਾਣੇ ਸਮੇਂ ਵਿੱਚ ਅਸਮਾਨ ਕਿਹੋ ਜਿਹਾ ਦਿਖਾਈ ਦਿੰਦਾ ਸੀ, ਪਰ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਉਸ ਸਮੇਂ ਵਾਯੂਮੰਡਲ ਵਿੱਚ ਮੌਜੂਦ ਗੈਸਾਂ ਦੇ ਅਧਾਰ 'ਤੇ ਇਸਦਾ ਰੰਗ ਬਦਲਦਾ ਰਿਹਾ ਹੋਵੇਗਾ।

ਜਦੋਂ ਲਗਭਗ 4.5 ਅਰਬ ਸਾਲ ਪਹਿਲਾਂ ਧਰਤੀ ਬਣੀ ਸੀ, ਤਾਂ ਇਸਦੀ ਸਤਹ ਜ਼ਿਆਦਾਤਰ ਪਿਘਲੀ ਹੋਈ ਸੀ। ਜਿਵੇਂ-ਜਿਵੇਂ ਗ੍ਰਹਿ ਠੰਡਾ ਹੋਇਆ, ਇੱਕ ਸਿਧਾਂਤ ਅਨੁਸਾਰ ਸ਼ੁਰੂਆਤੀ ਵਾਯੂਮੰਡਲ ਜ਼ਿਆਦਾਤਰ ਜਵਾਲਾਮੁਖੀ ਦੇ ਫਟਣ ਅਤੇ ਹੋਰ ਭੂ-ਵਿਗਿਆਨਕ ਗਤੀਵਿਧੀਆਂ ਤੋਂ ਨਿਕਲੀਆਂ ਗੈਸਾਂ—ਜਿਵੇਂ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਅਤੇ ਕੁਝ ਮਾਤਰਾ ਵਿੱਚ ਮੀਥੇਨ—ਨਾਲ ਬਣਿਆ ਸੀ, ਜਿਸ ਵਿੱਚ ਆਕਸੀਜਨ ਬਹੁਤ ਹੀ ਘੱਟ ਸੀ।

ਸਮੇਂ ਦੇ ਨਾਲ, ਧਰਤੀ 'ਤੇ ਪ੍ਰਾਚੀਨ ਬੈਕਟੀਰੀਆ ਦੇ ਰੂਪ ਵਿੱਚ ਜੀਵਨ ਪੈਦਾ ਹੋਇਆ, ਜਿਸ ਨੇ ਵਾਯੂਮੰਡਲ ਵਿੱਚ ਬਹੁਤ ਸਾਰੀ ਮੀਥੇਨ ਗੈਸ ਛੱਡੀ। ਜਦੋਂ ਰੌਸ਼ਨੀ ਇਸ ਮੀਥੇਨ ਨਾਲ ਟਕਰਾਈ, ਤਾਂ ਇਹ ਗੁੰਝਲਦਾਰ ਜੈਵਿਕ ਮਿਸ਼ਰਣਾਂ ਵਿੱਚ ਬਦਲ ਗਈ, ਜਿਸ ਨਾਲ ਅਸਮਾਨ ਵਿੱਚ ਸੰਤਰੀ ਰੰਗ ਦੀ ਧੁੰਦ ਛਾ ਗਈ, ਜੋ ਕਿ ਕੁਝ ਹੱਦ ਤੱਕ ਸਮੋਗ (ਧੂੰਏਂ ਵਾਲੀ ਧੁੰਦ) ਵਰਗੀ ਸੀ।

ਲਗਭਗ 2.4 ਅਰਬ ਸਾਲ ਪਹਿਲਾਂ 'ਗ੍ਰੇਟ ਆਕਸੀਡੇਸ਼ਨ ਈਵੈਂਟ' ਨਾਲ ਇੱਕ ਵੱਡੀ ਤਬਦੀਲੀ ਆਈ, ਜਦੋਂ ਸਾਇਨੋਬੈਕਟੀਰੀਆ ਨਾਮਕ ਸ਼ੁਰੂਆਤੀ ਜੀਵਾਂ ਨੇ ਸੂਰਜ ਦੀ ਰੌਸ਼ਨੀ ਨੂੰ ਊਰਜਾ ਵਿੱਚ ਬਦਲਣ ਲਈ ਪ੍ਰਕਾਸ਼ ਸੰਸ਼ਲੇਸ਼ਣ ਦੀ ਵਰਤੋਂ ਸ਼ੁਰੂ ਕੀਤੀ, ਜਿਸ ਨਾਲ ਵੱਡੀ ਮਾਤਰਾ ਵਿੱਚ ਆਕਸੀਜਨ ਪੈਦਾ ਹੋਈ।

ਵਾਯੂਮੰਡਲ ਵਿੱਚ ਆਕਸੀਜਨ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ, ਜਿਸ ਨੇ ਆਖਰਕਾਰ ਮੀਥੇਨ ਦੀ ਧੁੰਦ ਨੂੰ ਸਾਫ਼ ਕਰ ਦਿੱਤਾ। ਜਿਵੇਂ ਹੀ ਸਾਡਾ ਅਜੋਕਾ ਵਾਯੂਮੰਡਲ ਬਣਿਆ, ਅਸਮਾਨ ਉਹੀ ਨੀਲੇ ਰੰਗ ਦਾ ਹੋ ਗਿਆ ਜੋ ਅੱਜ ਅਸੀਂ ਦੇਖਦੇ ਹਾਂ।

ਕੀ ਇਹ ਹਮੇਸ਼ਾ ਨੀਲਾ ਰਹੇਗਾ?

ਥੋੜ੍ਹੇ ਸਮੇਂ ਲਈ ਦੇਖਿਆ ਜਾਵੇ ਤਾਂ ਧਰਤੀ ਦਾ ਨੀਲਾ ਅਸਮਾਨ ਕਿਤੇ ਨਹੀਂ ਜਾ ਰਿਹਾ। ਹਾਲਾਂਕਿ ਪ੍ਰਦੂਸ਼ਣ, ਜੰਗਲਾਂ ਦੀ ਅੱਗ, ਜਵਾਲਾਮੁਖੀ ਫਟਣ ਅਤੇ ਮਿੱਟੀ ਦੇ ਤੂਫ਼ਾਨ ਅਸਥਾਈ ਤੌਰ 'ਤੇ ਅਸਮਾਨ ਦਾ ਰੰਗ ਬਦਲ ਸਕਦੇ ਹਨ, ਪਰ ਇਹ ਪ੍ਰਭਾਵ ਬਹੁਤ ਘੱਟ ਸਮੇਂ ਲਈ ਹੁੰਦੇ ਹਨ।

1883 ਵਿੱਚ ਇੰਡੋਨੇਸ਼ੀਆ ਦੇ ਕ੍ਰਾਕਾਟੋਆ ਜਵਾਲਾਮੁਖੀ ਦੇ ਇੱਕ ਵੱਡੇ ਧਮਾਕੇ ਤੋਂ ਬਾਅਦ, ਅਸਮਾਨ ਵਿੱਚ ਸ਼ਾਨਦਾਰ ਲਾਲ ਸੂਰਜ ਡੁੱਬਣ ਦੇ ਨਜ਼ਾਰੇ ਅਤੇ ਇੱਥੋਂ ਤੱਕ ਕਿ ਹਰੇ ਰੰਗ ਦੇ ਸੂਰਜ ਡੁੱਬਣ ਅਤੇ ਨੀਲੇ ਚੰਦਰਮਾ ਵੀ ਦੇਖੇ ਗਏ ਸਨ। ਮੰਨਿਆ ਜਾਂਦਾ ਹੈ ਕਿ ਇਹ ਵਾਯੂਮੰਡਲ ਵਿੱਚ ਸਲਫੇਟਸ ਅਤੇ ਸੁਆਹ ਵਰਗੇ ਕਣਾਂ ਕਾਰਨ ਹੋਇਆ ਸੀ, ਜੋ ਰੌਸ਼ਨੀ ਨੂੰ ਉਸ ਤਰੀਕੇ ਨਾਲੋਂ ਵੱਖਰਾ ਖਿਲਾਰਦੇ ਹਨ ਜਿਸਦੇ ਅਸੀਂ ਆਦੀ ਹਾਂ।

ਯੂਕੇ ਦੀ ਰੀਡਿੰਗ ਯੂਨੀਵਰਸਿਟੀ ਵਿੱਚ ਮੌਸਮ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਡਾ. ਕਲੇਅਰ ਰਾਈਡਰ ਦਾ ਕਹਿਣਾ ਹੈ ਕਿ ਐਰੋਸੋਲ—ਵਾਯੂਮੰਡਲ ਵਿੱਚ ਮੌਜੂਦ ਠੋਸ ਜਾਂ ਅੱਧ-ਠੋਸ ਕਣ—ਦਾ ਰੰਗ 'ਤੇ ਪੈਣ ਵਾਲਾ ਪ੍ਰਭਾਵ ਉਹਨਾਂ ਦੇ ਆਕਾਰ 'ਤੇ ਨਿਰਭਰ ਕਰਦਾ ਹੈ।

ਉਹ ਕਹਿੰਦੀ ਹੈ, "ਜੇਕਰ ਐਰੋਸੋਲ ਦੇ ਸਾਰੇ ਕਣ ਇੱਕੋ ਆਕਾਰ ਦੇ ਹੋਣ, ਤਾਂ ਸਾਨੂੰ ਖਾਸ ਕਰਕੇ ਸੂਰਜ ਡੁੱਬਣ ਵੇਲੇ ਬਹੁਤ ਗੂੜ੍ਹੇ ਰੰਗ ਦੇਖਣ ਨੂੰ ਮਿਲਦੇ ਹਨ," ਕਿਉਂਕਿ ਉਹ ਇੱਕੋ ਤਰੀਕੇ ਨਾਲ ਰੌਸ਼ਨੀ ਦੇ ਖਿਲਾਰ ਨੂੰ ਵਧਾਉਂਦੇ ਹਨ।

ਇੱਕ ਬਾਂਦਰ ਕਾਠਮੰਡੂ ਸ਼ਹਿਰ ਵੱਲ ਦੇਖਦੇ ਹੋਏ ਇੱਕ ਨੋਕਦਾਰ ਕੰਧ 'ਤੇ ਬੈਠਾ ਹੈ; ਅਸਮਾਨ ਵਿੱਚ ਸੰਘਣੀ ਚਿੱਟੀ ਸਮੋਗ (ਧੂੰਏਂ ਵਾਲੀ ਧੁੰਦ) ਛਾਈ ਹੋਈ ਹੈ

ਤਸਵੀਰ ਸਰੋਤ, Subaas Shrestha/NurPhoto via Getty Images

ਤਸਵੀਰ ਕੈਪਸ਼ਨ, ਹਵਾ ਵਿੱਚ ਪ੍ਰਦੂਸ਼ਣ ਦੇ ਕਣਾਂ ਕਰਕੇ ਅਸਮਾਨ ਚਿੱਟਾ ਦਿਖਾਈ ਦੇ ਸਕਦਾ ਹੈ

ਉਹ ਸਮਝਾਉਂਦੀ ਹੈ, "ਜਿੱਥੇ ਕਣਾਂ ਦਾ ਆਕਾਰ ਵੱਖ-ਵੱਖ ਹੁੰਦਾ ਹੈ, ਉੱਥੇ ਹਰ ਕਣ ਵੱਖ-ਵੱਖ ਤਰੰਗ-ਲੰਬਾਈ ਨਾਲ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ, ਜਿਸ ਨਾਲ ਰੰਗਾਂ ਦਾ ਮਿਸ਼ਰਣ ਪੈਦਾ ਹੁੰਦਾ ਹੈ।" ਜੇ ਇਹ ਸਭ ਇੱਕੋ ਸਮੇਂ ਹੋਵੇ, ਤਾਂ ਇਹ ਮਿਲ ਕੇ "ਚਿੱਟੀ ਜਾਂ ਭੂਰੀ ਧੁੰਦ" ਪੈਦਾ ਕਰ ਸਕਦੇ ਹਨ। ਇਹ ਕਈ ਵਾਰ ਜਵਾਲਾਮੁਖੀ ਫਟਣ, ਮਿੱਟੀ ਦੇ ਤੂਫ਼ਾਨਾਂ ਜਾਂ ਹਵਾ ਵਿੱਚ ਪ੍ਰਦੂਸ਼ਣ ਕਾਰਨ ਹੋ ਸਕਦਾ ਹੈ।

ਉਹ ਕਹਿੰਦੀ ਹੈ ਕਿ ਇਸ ਬਾਰੇ ਸੋਚਣਾ ਜ਼ਰੂਰੀ ਹੈ ਕਿ ਜਲਵਾਯੂ ਪਰਿਵਰਤਨ ਭਵਿੱਖ ਵਿੱਚ ਸਾਡੇ ਅਸਮਾਨ ਦੇ ਰੰਗ ਉੱਤੇ ਕਿਵੇਂ ਅਸਰ ਪਾ ਸਕਦਾ ਹੈ।

ਉਹ ਸੁਝਾਅ ਦਿੰਦੀ ਹੈ, "ਤਾਪਮਾਨ ਵਧਣ ਨਾਲ ਵਾਯੂਮੰਡਲ ਵਿੱਚ ਪਾਣੀ ਦੇ ਕਣ (ਵਾਸ਼ਪ) ਵਧਣਗੇ, ਜਿਸ ਨਾਲ ਐਰੋਸੋਲ ਕਣ ਨਮੀ ਕਾਰਨ ਫੁੱਲ ਸਕਦੇ ਹਨ। ਇਸ ਨਾਲ ਰੌਸ਼ਨੀ ਖਿਲਾਰਨ ਦੀ ਸਮਰੱਥਾ ਵਧ ਜਾਵੇਗੀ ਅਤੇ ਅਸਮਾਨ ਚਿੱਟਾ ਦਿਖਾਈ ਦੇ ਸਕਦਾ ਹੈ।"

ਉਹ ਇਹ ਵੀ ਦੱਸਦੀ ਹੈ, "ਇਸਦੇ ਉਲਟ, ਜੇਕਰ ਭਵਿੱਖ ਵਿੱਚ ਪ੍ਰਦੂਸ਼ਣ ਘੱਟ ਜਾਂਦਾ ਹੈ, ਤਾਂ ਤੁਹਾਨੂੰ ਅਸਮਾਨ ਹੋਰ ਵੀ ਨੀਲਾ ਦਿਖਾਈ ਦੇ ਸਕਦਾ ਹੈ।"

ਪਰ ਖਗੋਲੀ ਸਮਾਂ-ਰੇਖਾ ਦੇ ਹਿਸਾਬ ਨਾਲ ਇਹ ਸਾਰੀਆਂ ਤਬਦੀਲੀਆਂ ਸ਼ਾਇਦ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ।

ਇੱਕ ਅਰਬ ਸਾਲ

ਬਰਿਜ ਦਾ ਕਹਿਣਾ ਹੈ ਕਿ ਅਸਮਾਨ ਦੇ ਰੰਗ ਵਿੱਚ ਸਥਾਈ ਤਬਦੀਲੀ ਲਈ ਵਾਯੂਮੰਡਲ ਦੀ ਬਣਤਰ ਵਿੱਚ ਬਹੁਤ ਵੱਡੇ ਬਦਲਾਅ ਦੀ ਲੋੜ ਹੋਵੇਗੀ।

ਉਹ ਕਹਿੰਦੇ ਹਨ, "ਇੰਨੇ ਵੱਡੇ ਪੱਧਰ 'ਤੇ ਕੁਝ ਵੀ ਛੇਤੀ ਨਹੀਂ ਹੋਣ ਵਾਲਾ, ਜਦੋਂ ਤੱਕ ਸਾਡੀ ਕਿਸਮਤ ਬਹੁਤ ਜ਼ਿਆਦਾ ਖਰਾਬ ਨਾ ਹੋਵੇ ਅਤੇ ਕੋਈ ਬਹੁਤ ਵੱਡਾ ਉਲਕਾਪਿੰਡ ਸਾਡੇ ਨਾਲ ਨਾ ਟਕਰਾ ਜਾਵੇ, ਪਰ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।"

ਉਹਨਾਂ ਦਾ ਅੰਦਾਜ਼ਾ ਹੈ ਕਿ ਅਸਮਾਨ ਦਾ ਨੀਲਾ ਰੰਗ ਖਤਮ ਹੋਣ ਵਿੱਚ ਅਜੇ ਘੱਟੋ-ਘੱਟ ਇੱਕ ਅਰਬ ਸਾਲ ਲੱਗ ਜਾਣਗੇ।

ਪੁਲਾੜ ਵਿੱਚ ਗੂੜ੍ਹੇ ਸੰਤਰੀ ਰੰਗ ਦੀ ਇੱਕ ਚਮਕਦੀ ਗੇਂਦ ਦੀ ਤਸਵੀਰ, ਜਿਸ ਦੇ ਪਿਛੋਕੜ ਵਿੱਚ ਹਨੇਰੇ ਅੰਦਰ ਦੂਰ-ਦੁਰਾਡੇ ਕਈ ਤਾਰੇ ਦਿਖਾਈ ਦੇ ਰਹੇ ਹਨ।"

ਤਸਵੀਰ ਸਰੋਤ, QAI Publishing/Universal Images Group via Getty Images

ਤਸਵੀਰ ਕੈਪਸ਼ਨ, ਆਉਣ ਵਾਲੇ ਕਰੀਬ 5 ਅਰਬ ਸਾਲਾਂ ਵਿੱਚ ਸੂਰਜ ਇਸ ਤਰ੍ਹਾਂ ਦਾ ਵਿਸ਼ਾਲ ਲਾਲ ਗੋਲਾ ਬਣ ਜਾਵੇਗਾ

ਬਰਿਜ ਕਹਿੰਦੇ ਹਨ ਕਿ ਜਿਵੇਂ-ਜਿਵੇਂ ਸੂਰਜ ਬੁਢਾਪੇ ਵੱਲ ਜਾਵੇਗਾ, ਇਹ ਹੌਲੀ-ਹੌਲੀ ਹੋਰ ਚਮਕਦਾਰ ਹੁੰਦਾ ਜਾਵੇਗਾ। ਲਗਭਗ ਇੱਕ ਅਰਬ ਸਾਲਾਂ ਵਿੱਚ, ਇਹ ਅੱਜ ਦੇ ਮੁਕਾਬਲੇ ਲਗਭਗ 10% ਜ਼ਿਆਦਾ ਰੌਸ਼ਨੀ ਛੱਡੇਗਾ।

"ਇਹ ਧਰਤੀ ਨੂੰ ਗਰਮ ਕਰੇਗਾ, ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਖਤਮ ਕਰ ਦੇਵੇਗਾ, ਅਤੇ ਆਖਰਕਾਰ ਸਾਡੇ ਸਮੁੰਦਰ ਉਬਲਣੇ ਸ਼ੁਰੂ ਹੋ ਜਾਣਗੇ।"

ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਵਾਯੂਮੰਡਲ ਵਿੱਚ ਵੱਡੀ ਮਾਤਰਾ ਵਿੱਚ ਆਕਸੀਜਨ ਪੈਦਾ ਹੋ ਸਕਦੀ ਹੈ, ਜਿਸ ਨਾਲ ਕੁਝ ਸਮੇਂ ਲਈ ਅਸਮਾਨ ਹੋਰ ਵੀ ਗੂੜ੍ਹਾ ਨੀਲਾ ਹੋ ਸਕਦਾ ਹੈ।

ਪਰ ਇੱਕ ਵਾਰ ਜਦੋਂ ਉਹ ਆਕਸੀਜਨ ਖਤਮ ਹੋ ਗਈ, ਤਾਂ ਬਰਿਜ ਕਹਿੰਦੇ ਹਨ ਕਿ ਅਸਮਾਨ "ਚਿੱਟੇ, ਪੀਲੇ, ਬਹੁਤ ਗਰਮ ਅਤੇ ਸ਼ੁੱਕਰ ਗ੍ਰਹਿ ਵਰਗੇ ਵਾਯੂਮੰਡਲ" ਵਿੱਚ ਬਦਲ ਜਾਵੇਗਾ।

ਭਵਿੱਖ ਵਿੱਚ ਹੋਰ ਅੱਗੇ - ਹੁਣ ਤੋਂ ਲਗਭਗ ਪੰਜ ਅਰਬ ਸਾਲ ਬਾਅਦ - ਸੂਰਜ ਦਾ ਬਾਲਣ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਇਹ ਇੱਕ 'ਰੈੱਡ ਜਾਇੰਟ' (ਵਿਸ਼ਾਲ ਲਾਲ ਤਾਰੇ) ਦੇ ਰੂਪ ਵਿੱਚ ਫੈਲ ਜਾਵੇਗਾ।

ਬਰਿਜ ਕਹਿੰਦੇ ਹਨ, "ਜਿਵੇਂ ਹੀ ਧਰਤੀ ਦਾ ਸਮਾਂ ਖਤਮ ਹੋਵੇਗਾ, ਤੁਸੀਂ ਸਭ ਤੋਂ ਪਹਿਲੀ ਚੀਜ਼ ਗੁਆ ਬੈਠੋਗੇ, ਸੂਰਜ ਤੋਂ ਆਉਣ ਵਾਲੀ ਨੀਲੀ ਰੌਸ਼ਨੀ।"

"ਜਿਵੇਂ-ਜਿਵੇਂ ਸੂਰਜ ਮਰਨਾ ਸ਼ੁਰੂ ਹੋਵੇਗਾ ਅਤੇ ਇੱਕ ਬਹੁਤ ਹੀ ਵੱਡੇ ਲਾਲ ਤਾਰੇ ਵਿੱਚ ਬਦਲ ਜਾਵੇਗਾ, ਧਰਤੀ 'ਤੇ ਜੋ ਵੀ ਵਾਯੂਮੰਡਲ ਬਚਿਆ ਹੋਵੇਗਾ, ਉਹ ਬਿਲਕੁਲ ਗੂੜ੍ਹੇ ਲਾਲ ਰੰਗ ਦਾ ਹੋ ਜਾਵੇਗਾ।"

ਬਰਿਜ ਕਹਿੰਦੇ ਹਨ, "ਇਸ ਨੂੰ ਦੇਖਣ ਲਈ ਕੋਈ ਜੀਵਨ ਨਹੀਂ ਬਚੇਗਾ। ਉਮੀਦ ਹੈ ਕਿ ਉਦੋਂ ਤੱਕ ਇਨਸਾਨ ਤਾਰਿਆਂ ਦੇ ਕਿਤੇ ਹੋਰ ਪਾਰ ਜਾ ਕੇ ਕੋਈ ਨਵਾਂ ਨੀਲਾ ਅਸਮਾਨ ਲੱਭ ਚੁੱਕੇ ਹੋਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)