ਸੂਰਜ ਗ੍ਰਹਿਣ ਕਿੰਨੀਆਂ ਕਿਸਮਾਂ ਦਾ ਹੁੰਦਾ ਹੈ, 21 ਸਤੰਬਰ ਨੂੰ ਲੱਗਣ ਵਾਲਾ ਗ੍ਰਹਿਣ ਕਿੱਥੇ-ਕਿੱਥੇ ਨਜ਼ਰ ਆਵੇਗਾ

ਤਸਵੀਰ ਸਰੋਤ, ROMAIN COSTASECA/Hans Lucas/AFP via Getty Images
ਸਾਲ ਦਾ ਆਖਰੀ ਸੂਰਜ ਗ੍ਰਹਿਣ 21 ਸਤੰਬਰ, 2025 ਦੀ ਰਾਤ ਨੂੰ ਲੱਗੇਗਾ।
ਇਹ ਸੂਰਜ ਗ੍ਰਹਿਣ ਅੰਸ਼ਿਕ ਹੋਵੇਗਾ ਅਤੇ ਭਾਰਤੀ ਸਮੇਂ ਅਨੁਸਾਰ 22:59 (21 ਸਤੰਬਰ) ਤੋਂ ਸ਼ੁਰੂ ਹੋ ਕੇ 01:11 (22 ਸਤੰਬਰ) ਤੱਕ ਆਪਣੇ ਚਰਮ 'ਤੇ ਹੋਵੇਗਾ ਅਤੇ ਸਵੇਰੇ 03:23 ਦੇ ਆਸਪਾਸ ਖ਼ਤਮ ਹੋ ਜਾਵੇਗਾ।
ਇਹ ਸੂਰਜ ਗ੍ਰਹਿਣ ਮੁੱਖ ਤੌਰ 'ਤੇ ਦੱਖਣੀ ਗੋਲਾ-ਅਰਧ ਵਿੱਚ ਦਿਖਾਈ ਦੇਵੇਗਾ, ਜਿਸ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਅੰਟਾਰਕਟਿਕਾ ਦੇ ਕੁਝ ਹਿੱਸੇ ਅਤੇ ਕਈ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਹਾਲਾਂਕਿ ਇਹ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ।
ਗ੍ਰਹਿਣ ਲੱਗਣਾ ਖਗੋਲ-ਵਿਗਿਆਨ ਦੀ ਇੱਕ ਸ਼ਾਨਦਾਰ ਘਟਨਾ ਹੈ। ਇਸ ਰਿਪੋਰਟ ਵਿੱਚ ਸੂਰਜ ਗ੍ਰਹਿਣ ਦੀਆਂ ਕਿਸਮਾਂ ਬਾਰੇ ਜਾਣਦੇ ਹਾਂ।

ਸੂਰਜ ਗ੍ਰਹਿਣ ਦੀਆਂ ਕਿਸਮਾਂ
ਮੌਜੂਦਾ ਸਮੇਂ 'ਚ ਤਾਂ ਅਜਿਹਾ ਟੂਰਿਜ਼ਮ ਵੀ ਉਭਰ ਰਿਹਾ ਹੈ ਜਿਸ 'ਚ ਗ੍ਰਹਿਣ ਵੇਖਣ ਵਾਲੇ ਲੋਕਾਂ ਦੀ ਦਿਲਚਸਪੀ ਉਮੜ ਰਹੀ ਹੈ।
ਇਹ ਗ੍ਰਹਿਣ ਦੀਆਂ ਕਈ ਕਿਸਮਾਂ ਵਿਚੋਂ ਇੱਕ ਹੈ।
ਚਿੱਲੀ ਦੀ ਖ਼ੁਦਮੁਖ਼ਤਿਆਰ ਯੂਨੀਵਰਸਿਟੀ ਦੇ ਵਿਗਿਆਨ ਸੰਚਾਰ ਕੇਂਦਰ ਦੇ ਇਕ ਖਗੋਲ-ਵਿਗਿਆਨੀ, ਜੁਆਨ ਕਾਰਲੋਸ ਬੀਮਨ ਨੇ ਆਪਣੀ ਨਵੀਂ ਕਿਤਾਬ "ਇਲਸਟਰੇਟਡ ਐਸਟ੍ਰੋਨਮੀ" ਵਿੱਚ ਲਿਖਿਆ ਹੈ, "ਆਮ ਤੌਰ 'ਤੇ, ਗ੍ਰਹਿਣ ਦੋ ਕਿਸਮਾਂ ਦੇ ਹੁੰਦੇ ਹਨ: ਚੰਦਰਮਾ ਅਤੇ ਸੂਰਜ।"
ਪਰ ਉਹ ਕਹਿੰਦੇ ਹਨ: "ਤਕਨੀਕੀ ਤੌਰ 'ਤੇ ਇੱਕ ਤੀਜੀ ਕਿਸਮ ਵੀ ਹੈ ਜਿਸ ਵਿੱਚ ਦੋ ਤਾਰੇ ਸ਼ਾਮਲ ਹੁੰਦੇ ਹਨ।"
ਇੱਥੇ ਤਿੰਨ ਕਿਸਮਾਂ ਅਤੇ ਉਨ੍ਹਾਂ ਦੇ ਵੱਖ ਵੱਖ ਰੂਪਾਂ ਦਾ ਵੇਰਵਾ ਦੇ ਰਹੇ ਹਾਂ -

ਸੂਰਜ ਗ੍ਰਹਿਣ
ਕਈ ਵਾਰ, ਜਦੋਂ ਚੰਦਰਮਾ ਧਰਤੀ ਦੇ ਚੱਕਰ ਲਗਾਉਂਦਾ ਹੈ, ਇਹ ਸੂਰਜ ਅਤੇ ਸਾਡੇ ਗ੍ਰਹਿ ਦੇ ਦਰਮਿਆਨ ਯਾਤਰਾ ਕਰਦਾ ਹੈ। ਇਹ ਤਾਰੇ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਰੋਕਦਾ ਹੈ ਅਤੇ ਸੂਰਜ ਗ੍ਰਹਿਣ ਦਾ ਕਾਰਨ ਬਣਦਾ ਹੈ।
ਦੂਜੇ ਸ਼ਬਦਾਂ ਵਿੱਚ, ਚੰਦਰਮਾ ਧਰਤੀ ਦੀ ਸਤ੍ਹਾ 'ਤੇ ਇੱਕ ਪਰਛਾਵਾਂ ਪਾਉਂਦਾ ਹੈ।
ਸੂਰਜ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ ਜੋ ਇਕ ਦੂਜੇ ਤੋਂ ਵੱਖਰੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਵੇਂ ਅਤੇ ਕਿੰਨਾ ਚੰਦਰਮਾ ਸੂਰਜ ਨੂੰ ਢੱਕ ਲੈਂਦਾ ਹੈ।

ਤਸਵੀਰ ਸਰੋਤ, NASA
ਪੂਰਨ ਸੂਰਜ ਗ੍ਰਹਿਣ (Total solar eclipse)
ਪੂਰਨ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇਸ ਤਰੀਕੇ ਨਾਲ ਇਕਸਾਰ ਹੁੰਦੇ ਹਨ ਕਿ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ।
ਕੁਝ ਸਕਿੰਟਾਂ ਜਾਂ ਮਿੰਟਾਂ ਲਈ ਅਸਮਾਨ ਵਿੱਚ ਇੰਨਾ ਹਨੇਰਾ ਹੋ ਜਾਂਦਾ ਹੈ ਕਿ ਇੰਝ ਲੱਗਦਾ ਹੈ ਕਿ ਰਾਤ ਹੋ ਗਈ ਹੈ।
ਨਾਸਾ ਦੇ ਸ਼ਬਦਾਂ ਵਿੱਚ, "ਪੂਰਨ ਸੂਰਜ ਗ੍ਰਹਿਣ ਸਿਰਫ਼ ਧਰਤੀ ਉੱਤੇ ਖਗੋਲੀ ਸੰਜੋਗ ਕਾਰਨ ਹੀ ਸੰਭਵ ਹਨ।"
ਅਜਿਹਾ ਇਸ ਲਈ ਹੈ ਕਿਉਂਕਿ ਸੂਰਜ ਚੰਦਰਮਾ ਨਾਲੋਂ 400 ਗੁਣਾ ਵਿਸ਼ਾਲ ਹੈ, ਪਰ ਇਹ 400 ਗੁਣਾ ਦੂਰ ਵੀ ਹੈ।
ਨਾਸਾ ਮੁਤਾਬਕ, "ਇਸ ਜਿਓਮੈਟਰੀ (geometry) ਦਾ ਅਰਥ ਹੈ ਕਿ ਜਦੋਂ ਤਿੰਨੋਂ ਪੂਰੀ ਤਰ੍ਹਾਂ ਇਕਸਾਰ ਹੋ ਜਾਂਦੇ ਹਨ ਤਾਂ ਚੰਦਰਮਾ ਸੂਰਜ ਦੀ ਸਾਰੀ ਸਤਹ ਨੂੰ ਢੱਕ ਲੈਂਦਾ ਹੈ, ਜਿਸ ਕਾਰਨ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ।"
ਚੰਦਰਮਾ ਦੇ ਪਰਛਾਵੇਂ ਨੂੰ ਧਰਤੀ ਦੀ ਸਤ੍ਹਾ ਤੋਂ ਪਾਰ ਕਰਨ ਵਾਲੀ ਰੇਖਾ ਨੂੰ "ਪੂਰਨਤਾ ਦਾ ਮਾਰਗ" ਕਿਹਾ ਜਾਂਦਾ ਹੈ ਅਤੇ ਇਹ ਉਹ ਛੋਟਾ ਜਿਹਾ ਖੇਤਰ ਹੈ ਜਿਥੇ ਪੂਰਨ ਤੌਰ 'ਤੇ ਹਨੇਰਾ ਹੁੰਦਾ ਹੈ।
ਹਜ਼ਾਰਾਂ ਕਿਲੋਮੀਟਰ ਦੀ ਦੂਰੀ 'ਤੇ ਇਸ ਪੱਟੀ ਦੇ ਦੋਵੇਂ ਪਾਸਿਆਂ 'ਤੇ, ਅੰਸ਼ਕ ਰੂਪ ਵਿਚ ਗ੍ਰਹਿਣ ਵੇਖਿਆ ਜਾ ਸਕਦਾ ਹੈ।
ਗੱਲ ਸਮੇਂ ਦੀ ਕਰੀਏ ਤਾਂ ਇਹ "ਸੂਰਜ ਦੇ ਸੰਬੰਧ ਵਿੱਚ ਧਰਤੀ ਦੀ ਸਥਿਤੀ, ਧਰਤੀ ਦੇ ਸਬੰਧ ਵਿੱਚ ਚੰਦਰਮਾ ਦੀ ਸਥਿਤੀ ਅਤੇ ਧਰਤੀ ਦੇ ਕਿਹੜੇ ਹਿੱਸੇ ਨੂੰ ਹਨੇਰਾ ਕੀਤਾ ਜਾ ਰਿਹਾ ਹੈ, 'ਤੇ ਨਿਰਭਰ ਕਰਦਾ ਹੈ।"
"ਸਿਧਾਂਤਕ ਤੌਰ 'ਤੇ, ਸਭ ਤੋਂ ਲੰਬਾ ਸੂਰਜ ਗ੍ਰਹਿਣ 7 ਮਿੰਟ ਅਤੇ 32 ਸਕਿੰਟ ਰਹਿ ਸਕਦਾ ਹੈ।"
ਇਹ ਉੰਨੇ ਵੀ ਦੁਰਲਭ ਨਹੀਂ ਹੁੰਦੇ ਜਿੰਨੇ ਤੁਸੀਂ ਸੋਚਦੇ ਹੋ। ਅਜਿਹਾ ਹਰ 18 ਮਹੀਨਿਆਂ ਵਿੱਚ ਵਾਪਰਦਾ ਹੈ।
ਜਿਹੜੀ ਚੀਜ਼ ਸਭ ਤੋਂ ਦੁਰਲਭ ਹੈ ਉਹ ਹੈ ਸੂਰਜ ਗ੍ਰਹਿਣ ਦਾ ਉਸੇ ਜਗ੍ਹਾ ਤੋਂ ਦਿਖਾਈ ਦੇਣਾ ਜੋ ਕਿ ਹਰ ਔਸਤਨ 375 ਸਾਲਾਂ 'ਚ ਇੱਕ ਵਾਰ ਵਾਪਰਦਾ ਹੈ।

ਤਸਵੀਰ ਸਰੋਤ, Getty Images
ਕੁੰਡਲਾਕਾਰ ਗ੍ਰਹਿਣ (Annular eclipse)
ਜਦੋਂ ਚੰਦਰਮਾ ਧਰਤੀ ਤੋਂ ਬਹੁਤ ਦੂਰ ਹੁੰਦਾ ਹੈ ਅਤੇ "ਛੋਟਾ" ਨਜ਼ਰ ਆਉਂਦਾ ਹੈ, ਇਹ ਪੂਰੀ ਤਰ੍ਹਾਂ ਸੂਰਜ ਦੀ ਸਤਹ ਨੂੰ ਢੱਕ ਨਹੀਂ ਸਕਦਾ।
ਇਸ ਲਈ ਚੰਦਰਮਾ ਦੇ ਦੁਆਲੇ ਸੂਰਜ ਦੀ ਇੱਕ ਰਿੰਗ ਵਿਖਾਈ ਦਿੰਦੀ ਹੈ। ਇਸ ਘਟਨਾ ਨੂੰ ਕੁੰਡਲਾਕਾਰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਪੂਰਨ ਸੂਰਜ ਗ੍ਰਹਿਣ ਸਮੇਂ, ਇਸ ਵਰਤਾਰੇ ਦੇ ਦੌਰਾਨ ਇੱਕ "ਵਰਣਨਤਾ ਦਾ ਮਾਰਗ" (path of annularity) ਹੁੰਦਾ ਹੈ ਜਿਸ ਵਿੱਚ ਗ੍ਰਹਿਣ ਨੂੰ ਕੁੰਡਲਾਕਾਰ ਰੂਪ ਵਿੱਚ ਵੇਖਿਆ ਜਾਂਦਾ ਹੈ।
ਇਸ ਮਾਰਗ ਦੇ ਹਰ ਪਾਸੇ (partiality) ਦਾ ਜ਼ੋਨ ਹੁੰਦਾ ਹੈ।
10 ਜੂਨ 2021 ਨੂੰ, ਕੁੰਡਲਾਕਾਰ ਗ੍ਰਹਿਣ ਦਾ ਕੈਨੇਡਾ, ਗ੍ਰੀਨਲੈਂਡ ਅਤੇ ਰੂਸ ਦੇ ਕੁਝ ਹਿੱਸਿਆਂ ਵਿੱਚ ਪੂਰਾ ਪ੍ਰਭਾਵ ਦੇਖਿਆ ਗਿਆ। ਪਰ ਯੂਰੋਪ, ਮੱਧ ਏਸ਼ੀਆ ਅਤੇ ਚੀਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੰਸ਼ਕ ਗ੍ਰਹਿਣ ਦੇਖਣ ਨੂੰ ਮਿਲਿਆ।
ਨਾਸਾ ਦੇ ਅਨੁਸਾਰ, ਇਹ ਗ੍ਰਹਿਣ ਆਮ ਤੌਰ 'ਤੇ ਸਭ ਤੋਂ ਲੰਬੇ ਹੁੰਦੇ ਹਨ, ਕਿਉਂਕਿ ਰਿੰਗ ਨੂੰ 10 ਮਿੰਟਾਂ ਤੋਂ ਵੱਧ ਸਮੇਂ ਲਈ ਦੇਖਿਆ ਜਾ ਸਕਦਾ ਹੈ, ਹਾਲਾਂਕਿ ਆਮ ਤੌਰ 'ਤੇ ਇਹ ਪੰਜ ਜਾਂ ਛੇ ਮਿੰਟਾਂ ਤੋਂ ਜ਼ਿਆਦਾ ਨਹੀਂ ਰਹਿੰਦੇ।

ਤਸਵੀਰ ਸਰੋਤ, Getty Images
ਹਾਈਬ੍ਰਿਡ ਗ੍ਰਹਿਣ (Hybrid eclipse)
ਹਾਈਬ੍ਰਿਡ ਗ੍ਰਹਿਣ ਇੱਕ ਵਰਤਾਰਾ ਹੈ ਜੋ ਉਦੋਂ ਵਾਪਰਦਾ ਹੈ "ਜਦੋਂ ਚੰਦਰਮਾ ਇੱਕ ਅਜਿਹੀ ਦੂਰੀ 'ਤੇ ਹੁੰਦਾ ਹੈ ਜਿੱਥੇ ਇਹ ਸੂਰਜ ਨੂੰ ਪੂਰੀ ਤਰ੍ਹਾਂ ਢੱਕਣ ਦੇ ਯੋਗ ਹੁੰਦਾ ਹੈ, ਪਰ, ਜਿਵੇਂ ਹੀ ਇਹ ਅੱਗੇ ਵੱਧਦਾ ਹੈ, ਇਹ ਧਰਤੀ ਤੋਂ ਥੋੜ੍ਹੀ ਜਿਹੀ ਇੱਕ ਪਾਸੇ ਹੋ ਜਾਂਦਾ ਹੈ ਅਤੇ ਸੂਰਜ ਗ੍ਰਹਿਣ ਨੂੰ ਰੋਕਦਾ ਹੈ, ਜੋ ਇਸ ਨੂੰ ਕੁੰਡਲਾਕਾਰ ਗ੍ਰਹਿਣ ਵਿੱਚ ਬਦਲਦਾ ਹੈ।"
ਉਹ ਕਹਿੰਦੇ ਹਨ: "ਇਹ ਕੁੰਡਲਾਕਾਰ ਗ੍ਰਹਿਣ ਵਜੋਂ ਵੀ ਸ਼ੁਰੂ ਹੋ ਸਕਦਾ ਹੈ ਅਤੇ ਫਿਰ ਪੂਰਨ ਗ੍ਰਹਿਣ ਬਣਨ ਦੇ ਨੇੜੇ ਆ ਸਕਦਾ ਹੈ।"
ਇੰਸਟੀਚਿਊਟੋ ਡੀ ਐਸਟ੍ਰੋਫੋਸਿਕਾ ਡੇ ਕਨਾਰੀਆਸ (ਆਈਏਸੀ) ਦੇ ਅਨੁਸਾਰ ਇਸ ਗ੍ਰਹਿਣ ਵੇਲੇ ਸੂਰਜ ਸਿਰਫ 4% ਵਿਖਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












