ਕਈ ਦੇਸ਼ਾਂ ’ਚ ਲੱਗਿਆ ਸੂਰਜ ਗ੍ਰਹਿਣ, ਨਜ਼ਾਰਾ ਦੇਖਣ ਵਾਲਿਆਂ ਦੇ ਦਿਮਾਗ ਅਤੇ ਸੁਭਾਅ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ

- ਲੇਖਕ, ਡੇਵਿਡ ਰੋਬਸਨ
- ਰੋਲ, ਬੀਬੀਸੀ ਫਿਊਚਰ
ਕਈ ਦੇਸ਼ਾਂ ਵਿੱਚ ਪੂਰਨ ਸੂਰਜ ਗ੍ਰਹਿਣ ਨਜ਼ਰ ਆਇਆ ਹੈ।
ਉੱਤਰੀ ਅਮਰੀਕਾ ਅਤੇ ਮੈਕਸੀਕੋ ਸਣੇ ਸੰਸਾਰ ਦੇ ਕਈ ਹਿੱਸਿਆਂ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਿਆ ਗਿਆ।
ਇਹ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਭਾਰਤੀ ਸਮੇਂ ਮੁਤਾਬਕ 9:13 ਉੱਤੇ ਸ਼ੁਰੂ ਹੋਇਆ।
ਇਹ ਪੂਰਨ ਸੂਰਜ ਗ੍ਰਹਿਣ ਦੌਰਾਨ ਚੰਦਰਮਾ ਨੇ ਪੂਰੇ ਚਾਰ ਮਿੰਟਾਂ ਲਈ ਸੂਰਜ ਨੂੰ ਢੱਕ ਦਿੱਤਾ।

ਤਸਵੀਰ ਸਰੋਤ, Getty Images
ਬ੍ਰਹਿਮੰਡ ਵਿੱਚ ਹੋਣ ਵਾਲੇ ਅਦਭੁਤ ਬਦਲਾਵ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਕਰੀਬ 2585 ਸਾਲ ਪਹਿਲਾਂ 28 ਮਈ ਨੂੰ ਤੁਰਕੀ ਦੇ ਅਜੋਲਕੇ ਐਨਾਤੋਲੀਆ ਵਿੱਚ ਮੇਡਸ ਅਤੇ ਲੀਡੀਅਨਸ ਲੋਕ ਪਿਛਲੇ ਛੇ ਸਾਲਾਂ ਤੋਂ ਲੜ ਰਹੇ ਸਨ। ਮੇਡਸ ਲੋਕਾਂ ਦਾ ਸਬੰਧ ਅਜੋਕੇ ਇਰਾਨ ਨਾਲ ਸੀ ਜਦਕਿ ਲੀਡੀਅਨਸ ਲੋਕਾਂ ਦਾ ਅਜੋਕੇ ਤੁਰਕੀ ਦੇ ਦੱਖਣ ਵਿੱਚ ਪੈਂਦੇ ਰਾਜ ਨਾਲ।
ਗ੍ਰੀਕ ਇਤਿਹਾਸਕਾਰ ਹੇਰੋਡੋਟਸ ਦੇ ਮੁਤਾਬਕ ਜੰਗ ਦੇ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਸੀ ਅਤੇ ਕੋਈ ਵੀ ਧਿਰ ਜੰਗ ਵਿੱਚ ਜਿੱਤ ਨਹੀਂ ਰਹੀ ਸੀ।
ਇੱਕ ਸੂਰਜ ਗ੍ਰਹਿਣ ਤੋਂ ਬਾਅਦ ਇਹ ਖ਼ੂਨ-ਖ਼ਰਾਬਾ ਰੁਕ ਗਿਆ।
ਹੇਰੋਡੋਟਸ ਨੇ ਲਿਖਿਆ, “ਜਿਵੇਂ ਹੀ ਜੰਗ ਮਘ ਰਹੀ ਸੀ, ਦਿਨ ਇੱਕੋ ਦਮ ਰਾਤ ਵਿੱਚ ਬਦਲ ਗਿਆ।”
ਉਨ੍ਹਾਂ ਅੱਗੇ ਲਿਖਿਆ, “ਜਦੋਂ ਮੇਡਸ ਅਤੇ ਲਿਡਿਅਨਸ ਨੇ ਇਹ ਤਬਦੀਲੀ ਦੇਖੀ ਤਾਂ ਉਨ੍ਹਾਂ ਨੇ ਲੜਾਈ ਰੋਕ ਦਿੱਤੀ ਅਤੇ ਉਹ ਇੱਕ ਦੂਜੇ ਨਾਲ ਸ਼ਾਂਤੀ ਦੀਆਂ ਸ਼ਰਤਾਂ ਤੈਅ ਕਰਨ ਦੀ ਕੋਸ਼ਿਸ਼ ਕਰਨ ਲੱਗੇ।”
8 ਅਪ੍ਰੈਲ ਨੂੰ ਉੱਤਰੀ ਅਮਰੀਕਾ ਵਿੱਚ ਹੋ ਰਹੇ ਸੂਰਜ ਗ੍ਰਹਿਣ ਦੇ ਇੰਨੇ ਨਾਟਕੀ ਨਤੀਜੇ ਤਾਂ ਨਹੀਂ ਹੋਣਗੇ ਪਰ ਅਧਿਐਨ ਇਹ ਦਰਸਾਉਂਦੇ ਹਨ ਕਿ ਇਹ ਜ਼ਰੂਰ ਸਾਡੀ ਮਨੋਵਿਗਿਆਨਕ ਸਥਿਤੀ ਨੂੰ ਪ੍ਰਭਾਵਿਤ ਕਰੇਗਾ।
ਇਹ ਕਾਫੀ ਹੈਰਾਨੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ।
ਇੱਕ ਪੂਰਨ ਸੂਰਜ ਗ੍ਰਹਿਣ ਤੋਂ ਇਲਾਵਾ ਬ੍ਰਹਿਮੰਡ ਵਿੱਚ ਅਜਿਹੇ ਬਹੁਤ ਥੋੜੇ ਮੌਕੇ ਹੁੰਦੇ ਹਨ ਜਿਹੜੇ ਇੰਨੇ ਅਦਭੁਤ ਹੋਣ।
ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਚੰਦ ਧਰਤੀ ਤੋਂ ਇੱਕ ਖ਼ਾਸ ਦੂਰੀ ਉੱਤੇ ਹੋਵੇ ਅਤੇ ਸੱਜੇ ਧੁਰੇ ਵੱਲ ਸੂਰਜ ਦੇ ਸਾਹਮਣਿਓਂ ਲੰਘੇ ਅਤੇ ਇਸ ਦੀ ਰੌਸ਼ਨੀ ਨੂੰ ਕੁਝ ਪਲਾਂ ਦੇ ਲਈ ਰੋਕ ਦੇਵੇ।
ਅਧਿਐਨ ਮੁਤਾਬਕ ਅਜਿਹੀਆਂ ਘਟਨਾਵਾਂ ਦੇਖਣ ਜਾਂ ਇਨ੍ਹਾਂ ਦੇ ਗਵਾਹ ਹੋਣ ਨਾਲ ਸਾਨੂੰ ਹੋਰ ਨਿਮਰਤਾ ਦੀ ਭਾਲ ਕਰਨ ਅਤੇ ਲੋਕਾਂ ਦਾ ਖਿਆਲ ਰੱਖਣ ਦੀ ਪ੍ਰੇਰਣਾ ਮਿਲ ਸਕਦੀ ਹੈ।
ਸੁਭਾਅ ਤੇ ਸਮਝ 'ਚ ਕੀ ਬਦਲਾਅ ਹੁੰਦੇ ਹਨ

ਤਸਵੀਰ ਸਰੋਤ, Getty Images
ਜੋਹਨ ਹੌਪਕਿਨਸ ਯੂਨੀਵਰਸਿਟੀ ਵਿੱਚ ਮਨੋਵਿਗਿਆਨੀ ਸ਼ੇਨ ਗੋਲਡਲੀ ਨੇ 2017 ਦੇ ਸੂਰਜ ਗ੍ਰਹਿਣ ਦੇ ਮਨੋਵਿਗਿਆਨਕ ਪ੍ਰਭਾਵਾਂ ਦੀ ਜਾਂਚ ਕੀਤੀ ਸੀ।
ਉਹ ਕਹਿੰਦੇ ਹਨ, “ਲੋਕ ਆਪਣੇ ਹੋਰਾਂ ਨਾਲ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਦੇਖ ਸਕਦੇ ਹਨ ਅਤੇ ਉਹ ਆਪਣੇ ਸਮਾਜਿਕ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਦੇਖ ਸਕਦੇ ਹਨ ਅਤੇ ਉਹ ਆਪਣੇ ਸਮਾਜ ਨਾਲ ਹੋਰ ਜੁੜਿਆ ਮਹਿਸੂਸ ਕਰ ਸਕਦੇ ਹਨ।”
ਮਨੁੱਖ ਵਿੱਚ ਕਿਸੇ ਅਦਭੁਤ ਵਰਤਾਰੇ ਨੂੰ ਦੇਖਣ ਮਗਰੋਂ ਪੈਦਾ ਹੋਣ ਵਾਲੇ ਹੈਰਾਨੀ ਦੇ ਭਾਵਾਂ ਦਾ ਅਧਿਐਨ ਪਿਛਲੇ ਦੋ ਦਹਾਕਿਆਂ ਵਿੱਚ ਕਾਫੀ ਪ੍ਰਚਲਿਤ ਹੋ ਗਿਆ ਹੈ।
ਇਸ ਦੀ ਵਿਆਖਿਆ ਹੈਰਤ, ਅਚੰਭੇ ਜਾਂ ਹੈਰਾਨੀ ਵਜੋਂ ਕੀਤੀ ਜਾਂਦੀ ਹੈ। ਇਹ ਵਿਸ਼ਾਲਤਾ ਨੂੰ ਅਨੁਭਵ ਕਰਨ ਮਗਰੋਂ ਪੈਦਾ ਹੋਣ ਵਾਲੀ ਭਾਵਨਾ ਹੈ ਜੋ ਸਾਨੂੰ ਇਹ ਦਰਸਾਉਂਦੀ ਹੇ ਕਿ ਅਸੀਂ ਉਸ ਦੇ ਮੁਕਾਬਲੇ ਬਹੁਤ ਛੋਟੇ ਹਾਂ।
ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਮਨੋਵਿਗਿਆਨੀ ਜੈਨੀਫਰ ਸਟੈੱਲਰ ਕਹਿੰਦੇ ਹਨ, “ਇਹ ਇੱਕ ਭਾਵਨਾ ਹੈ ਜੋ ਤੁਸੀਂ ਉਦੋਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਕੁਝ ਅਜਿਹਾ ਅਨੁਭਵ ਕਰਦੇ ਹੋ ਜੋ ਬਹੁਤ ਵਿਸ਼ਾਲ ਹੈ ਅਤੇ ਤੁਹਾਡੀ ਸੰਸਾਰ ਪ੍ਰਤੀ ਸਮਝ ਨੂੰ ਚੁਣੌਤੀ ਦੇਵੇ।"
ਉਹ ਦੱਸਦੇ ਹਨ, “ਇਹ ਉਹ ਭਾਵਨਾ ਹੈ ਜੋ ਤੁਹਾਡੇ ਵਿੱਚ ਕਿਸੇ ਅਜਿਹੀ ਵਸਤੂ ਜਾਂ ਵਿਅਕਤੀ ਪ੍ਰਤੀ ਹੁੰਦੀ ਹੈ ਜਿਹੜਾ ਕਿ ਬਹੁਤ ਅਸਧਾਰਣ ਅਤੇ ਸਮਝ ਤੋਂ ਪਰ੍ਹੇ ਹੋਵੇ।”

ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿੱਚ ਮਨੋਵਿਗਿਆਨੀ ਡਾਚਨਰ ਕੈਲਟਨਰ ਆਪਣੇ ਕਿਤਾਬ ‘ਆਵ’ ਵਿੱਚ ਲਿਖਦੇ ਹਨ ਕਿ ਇਸ ਦੇ ਨਤੀਜੇ ਤੁਹਾਡੀ ਦੁਨੀਆਂ ਬਦਲ ਸਕਦੇ ਹਨ।
ਉਹ ਕਹਿੰਦੇ ਹਨ ਕਿ ਇਹ ਅਨੁਭਵ ਤੁਹਾਡੀ “ਆਪਣੇ ਵਿੱਚੋਂ ਨੁਕਸ ਕੱਢਣ ਵਾਲੀ ਪ੍ਰਵਿਰਤੀ, ਤਹਾਡਾ ਹੰਕਾਰ, ਚਿੰਤਾ” ਨੂੰ ਸ਼ਾਂਤ ਕਰ ਸਕਦਾ ਹੈ।
ਉਹ ਕਹਿੰਦੇ ਹਨ ਕਿ ਇਹ ਸਾਨੂੰ ਇਹ ਮੌਕਾ ਅਤੇ ਤਾਕਤ ਦਿੰਦਾ ਹੈ ਕਿ ਅਸੀਂ, “ਅਦਭੁਤ ਚੀਜ਼ਾਂ ਪ੍ਰਤੀ ਆਪਣਾ ਮਨ ਖੋਲ੍ਹ ਲਈਏ ਅਤੇ ਜ਼ਿੰਦਗੀ ਦੇ ਗਹਿਰੇ ਰੰਗਾਂ ਦਾ ਅਨੁਭਵ ਕਰੀਏ।”
ਇਹ ਇੱਕ ਵੱਡਾ ਦਾਅਵਾ ਹੈ ਪਰ ਕੈਲਟਨਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਨੂੰ ਸਾਬਤ ਕਰਨ ਲਈ ਕਈ ਸਬੂਤ ਇਕੱਠੇ ਕੀਤੇ ਹਨ।
ਇੱਕ ਲੈਬ ਵਿੱਚ ਕੀਤੇ ਅਜਿਹੇ ਤਜਰਬੇ ਵਿੱਚ ਮਨੋਵਿਗਿਆਨੀ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕੁਦਰਤੀ ਵਰਤਾਰਿਆਂ ਦੇ ਅਦਭੁੱਤ ਦ੍ਰਿਸ਼ ਦਿਖਾ ਸਕਦੇ ਹਨ।
ਇਸ ਤੋਂ ਬਾਅਦ ਉਨ੍ਹਾਂ ਕੋਲੋਂ ਉਨ੍ਹਾਂ ਦੇ ਅਨੁਭਵ, ਵਿਹਾਰ ਅਤੇ ਸੋਚਣ ਦੇ ਤਰੀਕੇ ਵਿੱਚ ਆਈ ਤਬਦੀਲੀ ਬਾਰੇ ਸਵਾਲ ਪੁੱਛੇ ਜਾ ਸਕਦੇ ਹਨ।

ਤਸਵੀਰ ਸਰੋਤ, Getty Images

ਸੁਭਾਅ ਵਿੱਚ ਨਿਮਰਤਾ ਅਤੇ ਲੋਕ ਭਲਾਈ
2018 ਦੇ ਇੱਕ ਅਧਿਐਨ ਵਿੱਚ ਵੀ ਇਸ ਦੇ ਮਨੁੱਖੀ ਸੁਭਾਅ ਵਿੱਚ ਨਿਮਰਤਾ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ।
ਖੋਜੀਆਂ ਦੀ ਟੀਮ ਨੇ ਇਸ ਵਿੱਚ ਸ਼ਾਮਲ ਹੋਣ ਵਾਲੇ ਅੱਧੇ ਵਿਅਕਤੀ ਨੂੰ ਕਿਹਾ ਕਿ ਉਹ ਇੱਕ ਅਜਿਹੀ ਛੋਟੀ ਵੀਡੀਓ ਦੇਖਣ ਜਿਹੜੀ ਧਰਤੀ ਤੋਂ ਬਾਹਰ ਨਿਕਲ ਕੇ ਪੂਰਾ ਬ੍ਰਹਿਮੰਡ ਦਿਖਾਉਂਦੀ ਹੋਵੇ। ਇਸ ਦੇ ਨਾਲ ਹੀ ਬਾਕੀ ਰਹਿੰਦੇ ਲੋਕਾਂ ਨੂੰ ਇੱਕ ਵਾੜ ਬਣਾਏ ਜਾਣ ਦੀ ਮਜ਼ੇਦਾਰ ਵੀਡੀਓ ਦੇਖਣ ਲਈ ਕਿਹਾ ਗਿਆ।
ਇਸ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਆਪਣੀਆਂ ਮਜ਼ਬੂਤੀਆਂ ਅਤੇ ਕਮਜ਼ੋਰੀਆਂ ਬਾਰੇ ਲਿਖਣ ਲਈ 2 ਮਿੰਟ ਦਿੱਤੇ ਗਏ।
ਜਿਵੇਂ ਕਿ ਅੰਦਾਜ਼ਾ ਲਗਾਇਆ ਗਿਆ, ਜਿਨ੍ਹਾਂ ਲੋਕਾਂ ਨੇ ਪੁਲਾੜ ਵਾਲੀ ਵੀਡੀਓ ਦੇਖੀ ਅਤੇ ਹੈਰਾਨੀ ਦਾ ਅਨੁਭਵ ਕੀਤਾ, ਉਨ੍ਹਾਂ ਨੇ ਆਪਣੀਆਂ ਕਮਜ਼ੋਰੀਆਂ ਪਹਿਲਾਂ ਲਿਖੀਆਂ ਜੋ ਕਿ ਉਨ੍ਹਾਂ ਦੀ ਨਿਮਰਤਾ ਦਾ ਇੱਕ ਸੰਕੇਤ ਸੀ।

ਤਸਵੀਰ ਸਰੋਤ, Getty Images
ਇਸੇ ਖੋਜ ਪੱਤਰ ਵਿਚਲੇ ਇੱਕ ਹੋਰ ਅਧਿਐਨ ਵਿੱਚ ਖੋਜਾਰਥੀਆਂ ਨੇ ਇਸ ਵਿੱਚ ਹਿੱਸੇ ਲੈਣ ਵਾਲੇ ਇੱਕ ਤਿਹਾਈ ਲੋਖਾਂ ਨੂੰ ਅਜਿਹਾ ਸਮਾਂ ਯਾਦ ਕਰਨ ਲਈ ਕਿਹਾ ਜਦੋਂ ਉਨ੍ਹਾਂ ਨੇ ਹੈਰਾਨੀ ਦਾ ਅਨੁਭਵ ਕੀਤੇ। ਤੀਜੇ ਹਿੱਸੇ ਨੂੰ ਅਜਿਹਾ ਸਮਾਂ ਯਾਦ ਕਰਨ ਲਈ ਕਿਹਾ ਗਿਆ ਜਦੋਂ ਉਨ੍ਹਾਂ ਨੇ ਕੁਝ ਹਸਾਉਣਾ ਦੇਖਿਆ ਅਤੇ ਬਾਕੀਆਂ ਨੂੰ ਬਾਜ਼ਾਰ ਸਮਾਨ ਖਰੀਦਣ ਲਈ ਉਨ੍ਹਾਂ ਦੀ ਫੇਰੀ ਯਾਦ ਕਰਨ ਲਈ ਕਿਹਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਗਿਆ ਕੇ 0 ਤੋਂ ਲੈ ਕੇ 100 ਦੇ ਵਿੱਚੋਂ ਵੱਖ-ਵੱਖ ਚੀਜ਼ਾਂ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਾਮਯਾਬੀ ਵਿੱਚ ਹਿੱਸਾ ਪਾਇਆ ਸੀ।
ਇਨ੍ਹਾਂ ਕਾਰਕਾਂ ਵਿੱਚ ਉਨ੍ਹਾਂ ਦੀ ਖੂਬੀਆਂ ਅਤੇ ਰੱਬ ਜਾਂ ਕਿਸਮਤ ਵਰਗੀਆਂ ਬਾਹਰੀ ਚੀਜ਼ਾਂ ਵੀ ਸ਼ਾਮਲ ਸਨ।
ਤੁਸੀਂ ਇਹ ਉਮੀਦ ਕਰੋਗੇ ਕਿ ਵੱਧ ਨਿਮਰਤਾ ਵਾਲੇ ਲੋਕ ਰੱਬ ਜਾਂ ਹੋਰ ਬਾਹਰੀ ਚੀਜ਼ਾਂ ਨੂੰ ਵੱਧ ਤਵੱਜੋ ਦੇਣਗੇ, ਜਿਹੜੇ ਲੋਕਾਂ ਨੇ ਹੈਰਾਨੀ ਦਾ ਅਨੁਭਵ ਕੀਤਾ ਸੀ ਉਨ੍ਹਾਂ ਨੇ ਅਜਿਹਾ ਹੀ ਕੀਤਾ।
ਇੱਹ ਖੋਜ ਪੱਤਰ ਲਿਖਣ ਵਾਲੇ ਸਟੈੱਲਰ ਕਹਿੰਦੇ ਹਨ, “ਇਹ ਅਨੁਭਵ ਤੁਹਾਡੇ ਵਿੱਚੋਂ ਸਵੈ ਮਹੱਤਵ ਅਤੇ ਸਵੈ ਕੇਂਦਰ ਨੂੰ ਬਾਹਰ ਕੱਢਦਾ ਹੈ।”
ਉਹ ਕਹਿੰਦੇ ਹਨ, “ਸਾਡਾ ਹੰਕਾਰ ਸਾਡੀ ਧਾਰਨਾ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜਦੋਂ ਹੈਰਾਨਗੀ ਦਾ ਅਨੁਭਵ ਕਰਦੇ ਹੋ ਤਾਂ ਇਸ ਦਾ ਤੁਹਾਡੇ ਉੱਤੇ ਦਬਦਬਾ ਘਟਦਾ ਹੈ।”
ਤੁਹਾਡੀ ਸਮਰੱਥਾ ਬਾਰੇ ਤੁਹਾਨੂੰ ਨਿਮਰ ਬਣਾਉਣ ਦੇ ਨਾਲ ਨਾਲ ਹੰਕਾਰ ਦੇ ਘਟਣ ਤੋਂ ਬਾਅਦ ਤੁਸੀਂ ਲੋਕਾਂ ਨੂੰ ਇੱਕ ਨਵੇਂ ਰੌਸ਼ਨੀ ਵਿੱਚ ਵੀ ਦੇਖ ਸਕਦੇ ਹੋ।
ਸਟੈੱਲਰ ਕਹਿੰਦੇ ਹਨ, “ਜਦੋਂ ਮੇਰਾ ਆਪਣੇ ਉੱਤੇ ਘੱਟ ਧਿਆਨ ਕੇਂਦਰਤ ਹੋਵੇਗਾ ਮੇਰੇ ਅਤੇ ਤੁਹਾਡੇ ਵਿਚਾਲੇ ਲਕੀਰ ਧੁੰਦਲੀ ਹੋ ਜਾਵੇਗੀ, ਮੈਂ ਸਾਰਿਆਂ ਨੂੰ ਇੱਕ ਮਨੁੱਖਤਾ ਦਾ ਹਿੱਸਾ ਸਮਝਣ ਲੱਗ ਜਾਵਾਂਗੀ।”

ਤਸਵੀਰ ਸਰੋਤ, Getty Images
ਇਨ੍ਹਾਂ ਲੀਹਾਂ ਤਹਿਤ ਹੀ ਖੋਜਾਰਥੀਆਂ ਨੇ ਇਸ ਤਜਰਬੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਪੁੱਛਿਆ ਕਿ ਉਹ ਆਪਣੇ ਸਮਾਜ ਦੇ ਕਿੰਨਾ ਨੇੜੇ ਮਹਿਸੂਸ ਕਰਦੇ ਹਨ।
ਇਸ ਲਈ ਉਨ੍ਹਾਂ ਨੂੰ ਇੱਕ ਵੈੱਨ ਡਾਇਗ੍ਰਾਮ ਦੀ ਵਰਤੋਂ ਕਰਨ ਲਈ ਕਿਹਾ ਗਿਆ। ਅਚੰਭਾ ਪੈਦਾ ਕਰਨ ਵਾਲੀ ਵੀਡੀਓ ਦੇਖਣ ਤੋਂ ਬਾਅਦ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੇ ਇਸ ਡਾਇਗ੍ਰਾਮ ਰਾਹੀਂ ਇਹ ਦੱਸਿਆ ਕਿ ਉਹ ਆਪਣੇ ਆਪ ਨੂੰ ਸਮਾਜ ਦੇ ਨੇੜੇ ਮਹਿਸੂਸ ਕਰਦੇ ਹਨ।
ਅਜਿਹਾ ਹੀ ਕੁਝ ਐੱਸ ਕੈਥਰੀਨ ਨੈਲਸਨ ਕੌਫੀ ਦੇ ਅਧਿਐਨ ਵਿੱਚ ਵੀ ਸਾਹਮਣੇ ਆਇਆ। ਉਹ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਵਿੱਚ ਮਨੋਵਿਗਿਆਨੀ ਹਨ।
ਕੈਥਰੀਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ 47 ਜਣਿਆਂ ਨੂੰ ਇੱਕ ਵਰਚੂਅਲ ਰਿਐਲਿਟੀ 'ਤੇ ਅਧਾਰਤ ਪੁਲਾੜ ਦੀ ਸੈਰ ਕਰਨ ਲਈ ਕਿਹਾ।
ਇਸ ਸੈਰ ਦੇ ਦੌਰਾਨ ਕਾਰਲ ਸਾਗਨ (ਪੁਲਾੜ ਵਿਗਿਆਨੀ) ਵੱਲੋਂ ਪੁਲਾੜ ਬਾਰੇ ਜਾਣਕਾਰੀ ਵੀ ਸੁਣਾਈ ਗਈ।
ਇਨ੍ਹਾਂ ਲੋਕਾਂ ਦੀ ਖੁਦ ਨੂੰ "ਹੋਰਾਂ ਅਤੇ ਮਨੁੱਖਤਾ ਦੇ ਵੱਧ ਨਜ਼ਦੀਕ" ਹੋਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਵੱਧ ਸੀ ਜਿਨ੍ਹਾਂ ਨੇ ਧਰਤੀ ਅਤੇ ਪਲੂਟੋ ਦਾ ਇੱਕ ਛੋਟਾ ਮਾਡਲ ਹੀ ਦੇਖਿਆ ਸੀ।
ਅਚੰਭੇ ਦੇ ਤਜਰਬੇ ਤੋਂ ਬਾਅਦ ਲੋਕਾਂ ਦਾ ਰਵੱਈਆ ਲੋਕ ਭਲਾਈ ਪ੍ਰਤੀ ਵੱਧ ਸਕਾਰਾਤਮਕ ਹੋ ਸਕਦਾ ਹੈ।
ਪੌਲ ਪਿਫ ਯੂਨੀਵਰਸਿਟੀ ਆਫ ਕੈਲ਼ੀਫੌਰਨੀਆ ਇਰਵਿਨ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਲੋਕਾਂ ਨੂੰ ਬੀਬੀਸੀ ਦੀ ਪਲੈਨਟ ਅਰਥ ਸੀਰੀਜ਼ ਦੇਖਣ ਲਈ ਕਿਹਾ।
ਇਹ ਦੇਖਣ ਵਾਲੇ ਲੋਕ, ਲੋਕ ਭਲਾਈ ਲਈ ਪੈਸੇ ਖਰਚਣ ਪ੍ਰਤੀ ਉਨ੍ਹਾਂ ਲੋਕਾਂ ਨਾਲ ਵੱਧ ਸਕਾਰਾਤਮਕ ਸਨ ਜਿਨ੍ਹਾਂ ਨੇ ਬੀਬੀਸੀ ਕੌਮੇਡੀ ਵਾਲਕ ਆਨ ਦਾ ਵਾਈਲਡ ਸਾਈਡ ਦੀਆਂ ਝਲਕਾਂ ਦੇਖੀਆਂ ਸਨ।
ਸੋਸ਼ਲ ਮੀਡੀਆ 'ਤੇ ਅਧਿਐਨ ਵਿੱਚ ਕੀ ਸਾਹਮਣੇ ਆਇਆ

ਤਸਵੀਰ ਸਰੋਤ, Getty Images
ਇਹ ਪ੍ਰਯੋਗ ਦਿਲਚਸਪ ਹਨ, ਪਰ ਇਹ ਜ਼ਰੂਰੀ ਨਹੀਂ ਕਿ ਇਹ ਪ੍ਰਯੋਗਸ਼ਾਲਾ ਦੇ ਬਾਹਰ ਕੁਦਰਤੀ ਵਰਤਾਰਿਆਂ ਪ੍ਰਤੀ ਲੋਕਾਂ ਦੀਆਂ ਪ੍ਰਤਿਕਿਰਿਆਵਾਂ ਨੂੰ ਇੰਨ-ਬਿੰਨ ਦਰਸਾਵੇ।
ਸੀਨ ਗੋਲਡੀ ਨੇ ਜਦੋਂ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਉਨ੍ਹਾਂ ਨੂੰ ਵੀ ਇਸੇ ਗੱਲ ਦੀ ਚਿੰਤਾ ਹੋਈ। ਉਹ ਕਹਿੰਦੇ ਹਨ "ਮੈਂ ਉਨ੍ਹਾਂ ਲੋਕਾਂ ਦਾ ਅਧਿਐਨ ਕਰਨ ਦਾ ਤਰੀਕਾ ਲੱਭ ਰਿਹਾ ਸੀ ਜੋ ਅਸਲ ਵਿੱਚ ਮਹੱਤਵਪੂਰਣ ਚੀਜ਼ ਦਾ ਅਨੁਭਵ ਕਰ ਰਹੇ ਸਨ।"
2017 ਦੇ ਗ੍ਰਹਿਣ ਨੇ ਇੱਕ ਜਾਣਕਾਰੀ ਦਿੱਤੀ। ਚੰਦਰਮਾ ਅਤੇ ਸੂਰਜ ਦੀ ਦੁਰਲੱਭ ਇਕਸਾਰਤਾ ਨੇ ਇੱਕ ਦ੍ਰਿਸ਼ ਪੈਦਾ ਕੀਤਾ ਜਿਸ ਤੋਂ ਅਚੰਭਾ ਪੈਦਾ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਸੀ।
ਇਸ ਤੋਂ ਵੀ ਚੰਗਾ ਇਹ ਸੀ ਕਿ ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਪੋਸਟਾਂ ਨੂੰ ਪ੍ਰੇਰਿਤ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਸੀ।
ਇਸ ਰਾਹੀਂ ਘਟਨਾ ਪ੍ਰਤੀ ਆਈਆਂ ਤੁਰੰਤ ਪ੍ਰਕਿਰਿਆਂ ਦੀ ਪੜਚੋਲ ਕਰਨ ਦਾ ਮੌਕਾ ਵੀ ਮਿਲਣ ਦੀ ਸੰਭਾਵਨਾ ਸੀ।
ਆਪਣਾ ਡੇਟਾ ਇਕੱਠਾ ਕਰਨ ਲਈ ਗੋਲਡੀ ਨੇ ਟਵਿੱਟਰ ਨਾਮ ਦੀ ਸੋਸ਼ਲ ਮੀਡੀਆ ਵੈੱਬਸਾਈਟ ਦਾ ਸਹਾਰਾ ਲਿਆ।
ਯੂਜ਼ਰਜ਼ ਦੇ ਪ੍ਰੋਫਾਈਲਾਂ ਤੋਂ ਸਥਾਨ ਦੇ ਵੇਰਵਿਆਂ ਨੂੰ ਇਕੱਠਿਆਂ ਕਰਕੇ ਗੋਲਡੀ ਇਹ ਅੰਦਾਜ਼ਾ ਲਗਾਉਣ ਦੇ ਯੋਗ ਸੀ ਕਿ ਕਿਹੜੇ ਲੋਕਾਂ ਨੇ ਪੂਰਨ ਗ੍ਰਹਿਣ ਦੇਖਿਆ ਹੋਵੇਗਾ, ਅਤੇ ਕੌਣ ਪੂਰਾ ਦ੍ਰਿਸ਼ ਦੇਖਣ ਤੋਂ ਖੁੰਝ ਗਿਆ ਸੀ।
ਫਿਰ ਉਨ੍ਹਾਂ ਪੋਸਟਾਂ ਦਾ ਭਾਸ਼ਾਈ ਵਿਸ਼ਲੇਸ਼ਣ ਕੀਤਾ।
"ਅਦਭੁਤ" ਜਾਂ "ਮਾਈਂਡ ਬਲੋਇੰਗ" ਵਰਗੇ ਸ਼ਬਦਾਂ ਨੂੰ ਅਚੰਭੇ ਨੂੰ ਦਰਸਾਉਣ ਲਈ ਮੰਨਿਆ ਜਾਂਦਾ ਸੀ, ਉਦਾਹਰਨ ਲਈ, ਜਦੋਂ ਕਿ ਸਾਵਧਾਨੀ ਵਾਲੀ ਭਾਸ਼ਾ ਦੀ ਵਰਤੋਂ ਕਰਨ ਵਾਲੇ - "ਸ਼ਾਇਦ (ਮੇਬੀ)", ਅਤੇ "ਸ਼ਾਇਦ (ਪਰਹੈਪਸ)" - ਨਿਮਰਤਾ ਨੂੰ ਦਰਸਾਉਂਦੇ ਹਨ।

ਤਸਵੀਰ ਸਰੋਤ, Getty Images
ਸਮਾਜ ਪ੍ਰਤੀ ਸਕਾਰਾਤਮਕ ਲੋਕਾਂ ਨੂੰ ਇਸ ਦੌਰਾਨ, "ਕੇਅਰ" ਜਾਂ "ਵਲੰਟੀਅਰ" ਵਰਗੇ ਸ਼ਬਦਾਂ ਦੇ ਨਾਲ-ਨਾਲ ਧੰਨਵਾਦ ਅਤੇ ਪਿਆਰ ਦੀਆਂ ਸ਼ਰਤਾਂ ਨਾਲ ਸਮਝਿਆ ਗਿਆ ਸੀ।
ਨਤੀਜੇ ਹੈਰਾਨ ਕਰਨ ਵਾਲੇ ਸਨ। ਗ੍ਰਹਿਣ ਦੇ ਰਾਹ ਵਾਲੇ ਲੋਕ ਆਪਣੇ ਟਵੀਟਾਂ 'ਚ ਹੈਰਾਨੀ ਦਾ ਪ੍ਰਗਟਾਵਾ ਕਰਨ ਲਈ ਲਗਭਗ ਦੁੱਗਣੇ ਸਨ।
ਭਵਿੱਖਵਾਣੀ ਮੁਤਾਬਕ ਹੀ ਇਹ ਵਧੇਰੇ ਨਿਮਰਤਾ ਵਾਲੇ ਅਤੇ ਸਮਾਜ ਪੱਖੀ ਸਨ।
ਇਸ ਦੇ ਅਸਰ ਨੂੰ ਲੋਕਾਂ ਦੀ ਸ਼ਬਦਾਵਲੀ ਦੇ ਵਿੱਚ ਵੀ ਦੇਖਿਆ ਗਿਆ ਸੀ। ਜਿਹੜੇ ਲੋਕਾਂ ਨੇ ਗ੍ਰੀਹਣ ਦੇਖਿਆ ਸੀ, ਉਨਾਂ ਦੀ - "ਅਸੀਂ" ਜਾਂ "ਸਾਨੂੰ" - ਦੀ ਵਰਤੋਂ ਕਰਨ ਦੀ ਸੰਭਾਵਨਾ ਵੱਧ ਸੀ।
ਇਹ ਉਨ੍ਹਾਂ ਦੇ ਸਮੂਹਿਕ ਅਨੁਭਵ ਨੂੰ ਦਰਸਾਉਂਦੀ ਸੀ।
ਗੋਲਡੀ ਕਹਿੰਦੇ ਹਨ ਕਿ ਇਹ ਅਸਰਵ ਮੁਕਾਬਲਤਨ ਥੋੜ੍ਹੇ ਸਮੇਂ ਲਈ ਸਨ।
ਉਹ ਕਹਿੰਦੇ ਹਨ, "ਇਹ ਸਿਰਫ 24 ਘੰਟਿਆਂ ਦੀ ਮਿਆਦ ਦੇ ਅੰਦਰ ਸੀ" ਪਰ ਅਜਿਹੇ ਥੋੜ੍ਹੇ ਜਿਹੇ ਪਲਾਂ ਨੂੰ ਵੀ ਸਾਡੀ ਰੋਜ਼ਾਨਾ ਗੱਲਬਾਤ ਵਿੱਚ ਤਣਾਅ ਤੋਂ ਰਾਹਤ ਮਿਲਣੀ ਚਾਹੀਦੀ ਹੈ।
ਧਰੁਵੀਕਰਨ ਅਤੇ ਸਮਾਜਿਕ ਵੰਡ ਦੇ ਇਸ ਯੁੱਗ ਵਿੱਚ ਅਸੀਂ ਘੱਟੋ-ਘੱਟ ਆਪਣੇ ਆਲੇ-ਦੁਆਲੇ ਦੇ ਬ੍ਰਹਿਮੰਡ ਵਿੱਚ ਆਪਣੀ ਹੈਰਾਨੀ ਵਿੱਚ ਸਾਂਝਾ ਆਧਾਰ ਲੱਭ ਸਕਦੇ ਹਾਂ ਅਤੇ ਜੇ ਤੁਸੀਂ 8 ਅਪ੍ਰੈਲ ਨੂੰ ਇਹ ਅਦਭੁਤ ਦ੍ਰਿਸ਼ ਦੇਖ ਸਕਦੇ ਹੋ ਤਾਂ ਇਹ ਚੰਗਾ ਹੀ ਹੋਵੇਗਾ।












