ਸਰੀਰ ਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਡਿਟੌਕਸ ਕੀਤਾ ਜਾ ਸਕਦਾ, ਇਸ ਵਿੱਚ ਘਰੇਲੂ ਨੁਸਖ਼ੇ ਕਿੰਨੇ ਕਾਮਯਾਬ

ਤਸਵੀਰ ਸਰੋਤ, Getty Images
- ਲੇਖਕ, ਜੋਸਲੀਨ ਟਿਮਪਰਲੇ, ਮਾਰਥਾ ਹੈਨਰੀਕਸ, ਇਜ਼ਾਬੇਲ ਗੈਰੇਟਸਨ, ਰਿਚਰਡ ਗ੍ਰੇ
- ਰੋਲ, ਬੀਬੀਸੀ ਪੱਤਰਕਾਰ
ਤੁਹਾਡੇ ਸਰੀਰ ਕੋਲ ਆਪਣੇ ਆਪ ਨੂੰ ਸਾਫ਼ ਕਰਨ ਦੇ ਕਈ ਪ੍ਰਭਾਵਸ਼ਾਲੀ ਤਰੀਕੇ ਹਨ। ਅਸੀਂ ਇਸ ਪ੍ਰਕਿਰਿਆ ਵਿੱਚ ਸਰੀਰ ਦੀ ਮਦਦ ਕਰ ਸਕਦੇ ਹਾਂ।
ਜੇਕਰ ਤੁਸੀਂ ਤਿਉਹਾਰਾਂ ਦੇ ਦਿਨਾਂ ਦੌਰਾਨ ਖਾਣ-ਪੀਣ ਵਿੱਚ ਕਾਫ਼ੀ ਲਾਪਰਵਾਹੀ ਵਰਤੀ ਹੈ, ਤਾਂ ਹੋ ਸਕਦਾ ਹੈ ਕਿ ਹੁਣ ਤੁਸੀਂ ਆਪਣੇ ਸਰੀਰ ਨੂੰ ਸਾਫ਼ ਕਰਨ ਲਈ ਕੁਝ ਹਫ਼ਤਿਆਂ ਤੱਕ ਡੀਟਾਕਸੀਫਿਕੇਸ਼ਨ (ਜਾਂ "ਡਿਟੌਕਸ ") ਡਾਈਟ ਬਾਰੇ ਸੋਚ ਰਹੇ ਹੋਵੋਗੇ।
ਪਰ ਜੂਸ ਫਾਸਟਿੰਗ ਤੋਂ ਲੈ ਕੇ ਕਈ ਹੋਰ ਪ੍ਰੋਟੀਨ ਜਾਂ ਕੈਲੋਰੀ ਘਟਾਉਣ ਵਾਲੀਆਂ ਡਿਟੌਕਸ ਡਾਈਟਾਂ ਤੱਕ, ਅਕਸਰ ਇਸ ਗੱਲ ਦਾ ਬਹੁਤ ਘੱਟ ਸਬੂਤ ਮਿਲਦਾ ਹੈ ਕਿ ਇਹ ਅਸਲ ਵਿੱਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਜਾਂ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ।
ਇੱਥੋਂ ਤੱਕ ਕਿ 'ਟੌਕਸਿਨ' ਸ਼ਬਦ, ਜਿਸ ਦਾ ਮਤਲਬ ਆਮ ਤੌਰ 'ਤੇ ਜੀਵਾਂ ਲਈ ਜ਼ਹਿਰੀਲੇ ਪਦਾਰਥ ਹੁੰਦਾ ਹੈ, ਇਸ ਦੀ ਵਰਤੋਂ ਅਜਿਹੀਆਂ ਡਾਈਟਾਂ ਦੇ ਪ੍ਰਚਾਰ ਵੇਲੇ ਬਹੁਤ ਅਸਪਸ਼ਟ ਅਤੇ ਉਲਝਾਊ ਤਰੀਕੇ ਨਾਲ ਕੀਤੀ ਜਾਂਦੀ ਹੈ।
ਹਾਲਾਂਕਿ ਸਾਡੇ ਆਲੇ-ਦੁਆਲੇ ਅਜਿਹੇ ਕਈ ਪਦਾਰਥ ਜ਼ਰੂਰ ਹਨ ਜੋ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਪਰ ਸਾਡੇ ਸਰੀਰ ਕੋਲ ਉਹਨਾਂ ਨੂੰ ਕੁਦਰਤੀ ਤੌਰ 'ਤੇ ਬਾਹਰ ਕੱਢਣ ਦੇ ਬਹੁਤ ਸਾਰੇ ਅਤੇ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਮੌਜੂਦ ਹਨ।
ਇਹ ਰਹੇ ਕੁਝ ਤਰੀਕੇ ਜਿਨ੍ਹਾਂ ਨਾਲ ਤੁਸੀਂ ਇਨ੍ਹਾਂ ਪ੍ਰਕਿਰਿਆਵਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹੋ।
ਫਾਈਬਰ ਦਾ ਜ਼ਿਆਦਾ ਸੇਵਨ

ਤਸਵੀਰ ਸਰੋਤ, Getty Images
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਬਹੁਤ ਹੀ ਘੱਟ ਫਾਈਬਰ ਖਾਂਦੇ ਹਨ। ਅਮਰੀਕਾ ਵਿੱਚ, ਲਗਭਗ 97 ਫੀਸਦੀ ਮਰਦ ਅਤੇ 90 ਫੀਸਦੀ ਔਰਤਾਂ ਜ਼ਰੂਰੀ ਫਾਈਬਰ ਦੀ ਮਾਤਰਾ ਤੱਕ ਨਹੀਂ ਪਹੁੰਚਦੇ।
ਅਸਲ ਵਿੱਚ, ਜ਼ਿਆਦਾਤਰ ਅਮਰੀਕੀ ਸਿਫਾਰਸ਼ ਕੀਤੀ ਮਾਤਰਾ ਨਾਲੋਂ ਅੱਧੇ ਤੋਂ ਵੀ ਘੱਟ ਫਾਈਬਰ ਖਾਂਦੇ ਹਨ।
ਫਾਈਬਰ ਸਾਡੀ ਸਿਹਤ 'ਤੇ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ। ਇਹ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਦਿਮਾਗ ਦੀ ਕਾਰਜਸ਼ੀਲਤਾ, ਮੂਡ ਅਤੇ ਸੋਚਣ-ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪਾਇਆ ਗਿਆ ਹੈ ਕਿ ਫਾਈਬਰ ਕਈ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ, ਜਿਵੇਂ ਕਿ ਦਿਲ ਦੇ ਰੋਗ, ਟਾਈਪ 2 ਸ਼ੂਗਰ, ਕੋਲਨ ਕੈਂਸਰ ਅਤੇ ਸਰੀਰਕ ਸੋਜ।
ਫਾਈਬਰ ਜਿਸ ਤਰੀਕੇ ਨਾਲ ਸਾਡੇ ਸਰੀਰ ਦੀ ਸਫਾਈ ਕਰਨ ਵਿੱਚ ਮਦਦ ਕਰਦਾ ਹੈ, ਉਹ ਇਨ੍ਹਾਂ ਸਾਰੇ ਫਾਇਦਿਆਂ ਦਾ ਇੱਕ ਮੁੱਖ ਕਾਰਨ ਹੈ।
ਸਭ ਤੋਂ ਪਹਿਲਾਂ, ਫਾਈਬਰ ਮਲ ਦੇ ਆਕਾਰ ਅਤੇ ਭਾਰ ਨੂੰ ਵਧਾਉਂਦਾ ਹੈ, ਜਿਸ ਨਾਲ ਉਹ ਨਰਮ ਹੋ ਜਾਂਦੇ ਹਨ ਅਤੇ ਸਰੀਰ ਵਿੱਚੋਂ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਇਹ ਹਾਨੀਕਾਰਕ ਪਦਾਰਥਾਂ ਨੂੰ ਸਾਡੀ ਅੰਤੜੀਆਂ ਵਿੱਚ ਰਹਿਣ ਦੇ ਸਮੇਂ ਨੂੰ ਵੀ ਘਟਾਉਂਦਾ ਹੈ।
ਖੋਜ ਇਹ ਵੀ ਦਰਸਾਉਂਦੀ ਹੈ ਕਿ ਫਾਈਬਰ ਇੱਕ ਕਿਸਮ ਦੇ ਚੁੰਬਕ ਵਜੋਂ ਕੰਮ ਕਰ ਸਕਦਾ ਹੈ, ਜੋ ਜ਼ਹਿਰੀਲੇ ਤੱਤਾਂ ਅਤੇ ਹੋਰ ਪਦਾਰਥਾਂ ਨੂੰ ਆਪਣੇ ਨਾਲ ਚਿਪਕਾ ਲੈਂਦਾ ਹੈ ਅਤੇ ਉਹਨਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਉਦਾਹਰਣ ਲਈ, 2015 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਫਾਈਬਰ ਲੈਡ, ਆਰਸੈਨਿਕ ਅਤੇ ਤਾਂਬੇ ਵਰਗੇ ਜ਼ਹਿਰੀਲੇ ਤੱਤਾਂ ਨੂੰ ਆਪਣੇ ਨਾਲ ਬੰਨ੍ਹ ਲੈਂਦਾ ਹੈ, ਜਿਸ ਨਾਲ ਉਹ ਮਲ ਰਾਹੀਂ ਬਾਹਰ ਨਿਕਲ ਜਾਂਦੇ ਹਨ।
ਫਾਈਬਰ ਸਰੀਰ ਵਿੱਚੋਂ 'ਬਾਇਲ ਐਸਿਡ' ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ।
ਅਧਿਐਨ ਇਹ ਵੀ ਦਿਖਾਉਂਦੇ ਹਨ ਕਿ ਕੁਝ ਕਿਸਮ ਦੇ ਫਾਈਬਰ ਸਿੱਧੇ ਤੌਰ 'ਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦੇ ਅਸਰ ਨੂੰ ਖਤਮ ਕਰਨ ਅਤੇ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ, ਹਾਲਾਂਕਿ ਇਹ ਅਜੇ ਖੋਜ ਦਾ ਸ਼ੁਰੂਆਤੀ ਪੜਾਅ ਹੈ।

ਤਸਵੀਰ ਸਰੋਤ, Getty Images
ਫਾਈਬਰ ਸਾਨੂੰ 'ਫੋਰਐਵਰ ਕੈਮੀਕਲਜ਼' ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ, ਜੋ ਕਿ ਮਨੁੱਖ ਦੁਆਰਾ ਬਣਾਏ ਗਏ ਅਜਿਹੇ ਪਦਾਰਥ ਹਨ ਜੋ ਲੰਬੇ ਸਮੇਂ ਤੱਕ ਖਤਮ ਨਹੀਂ ਹੁੰਦੇ ਅਤੇ ਨੁਕਸਾਨਦੇਹ ਹੋ ਸਕਦੇ ਹਨ।
ਚੂਹਿਆਂ ਅਤੇ ਇਨਸਾਨਾਂ 'ਤੇ ਕੀਤੇ ਗਏ ਛੋਟੇ ਪੱਧਰ ਦੇ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਖਾਣੇ ਦੇ ਨਾਲ ਫਾਈਬਰ ਸਪਲੀਮੈਂਟ ਲੈਣ ਨਾਲ ਸਰੀਰ ਵਿੱਚ ਇਨ੍ਹਾਂ ਕੈਮੀਕਲਜ਼ ਦਾ ਪੱਧਰ ਘੱਟ ਹੁੰਦਾ ਪ੍ਰਤੀਤ ਹੁੰਦਾ ਹੈ, ਹਾਲਾਂਕਿ ਇਹ ਵੀ ਅਜੇ ਖੋਜ ਦਾ ਸ਼ੁਰੂਆਤੀ ਪੜਾਅ ਹੈ।
ਫਾਈਬਰ ਸਾਡੇ ਗੁਰਦਿਆਂ ਅਤੇ ਜਿਗਰ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦਾ ਹੈ, ਜੋ ਕਿ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਬਹੁਤ ਜ਼ਰੂਰੀ ਅੰਗ ਹਨ।
ਇਹ ਇਹਨਾਂ ਅੰਗਾਂ ਨੂੰ ਹਾਨੀਕਾਰਕ ਬੈਕਟੀਰੀਆ ਤੋਂ ਬਚਾਉਂਦਾ ਹੈ ਅਤੇ ਫਾਇਦੇਮੰਦ ਬੈਕਟੀਰੀਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
ਫਾਈਬਰ ਦੀ ਮਾਤਰਾ ਵਧਾਉਣ ਲਈ, ਪੌਦਿਆਂ ਤੋਂ ਮਿਲਣ ਵਾਲੇ ਭੋਜਨ ਸਭ ਤੋਂ ਵਧੀਆ ਵਿਕਲਪ ਹਨ। ਸੁੱਕੇ ਮੇਵੇ ਜਿਵੇਂ ਕਿ ਖੁਰਮਾਨੀ, ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਛੋਲੇ, ਮਾਂਹ-ਛੋਲਿਆਂ ਦੀ ਦਾਲ ਅਤੇ ਬੀਨਜ਼ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਇਸੇ ਤਰ੍ਹਾਂ ਓਟਸ, ਹੋਲ-ਵੀਟ ਬਰੈੱਡ ਅਤੇ ਪਾਸਤਾ ਵੀ ਫਾਈਬਰ ਦੇ ਚੰਗੇ ਸਰੋਤ ਹਨ। ਸਨੈਕਸ ਦੇ ਤੌਰ 'ਤੇ ਸੇਬ, ਬੇਰੀਆਂ, ਗਿਰੀਦਾਰ ਫਲ, ਪੌਪਕੌਰਨ ਜਾਂ ਭੁੰਨੀਆਂ ਹੋਈਆਂ ਦਾਲਾਂ ਦਾ ਸੇਵਨ ਕਰੋ।
ਖੁਰਾਕ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਫਾਈਬਰ ਕਈ ਕਿਸਮਾਂ ਦੇ ਹੁੰਦੇ ਹਨ ਅਤੇ ਹਰੇਕ ਦੇ ਆਪਣੇ ਵੱਖਰੇ ਗੁਣ ਹੁੰਦੇ ਹਨ।
ਜ਼ਿਆਦਾ ਪਾਣੀ ਪੀਓ

ਤਸਵੀਰ ਸਰੋਤ, Getty Images
ਪਾਣੀ ਗੁਰਦਿਆਂ ਅਤੇ ਜਿਗਰ ਰਾਹੀਂ ਗੰਦਗੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਮਿਸਾਲ ਵਜੋਂ, ਗੁਰਦੇ ਸੋਡੀਅਮ ਅਤੇ ਯੂਰੀਆ ਵਰਗੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਪਾਣੀ ਦੀ ਵਰਤੋਂ ਕਰਦੇ ਹਨ। ਪਾਣੀ ਦੀ ਕਮੀ ਕਾਰਨ ਸਰੀਰ ਵਿੱਚ ਗੰਦਗੀ ਜਮ੍ਹਾਂ ਹੋ ਸਕਦੀ ਹੈ।
ਸਮੇਂ ਦੇ ਨਾਲ, ਪਾਣੀ ਦੀ ਮਾਮੂਲੀ ਕਮੀ ਵੀ ਗੁਰਦਿਆਂ ਦੇ ਨੁਕਸਾਨ ਦੇ ਜੋਖਮ ਨੂੰ ਵਧਾ ਸਕਦੀ ਹੈ ਅਤੇ ਉਹਨਾਂ ਦੀ ਸਫਾਈ ਪ੍ਰਕਿਰਿਆ ਨੂੰ ਘੱਟ ਪ੍ਰਭਾਵਸ਼ਾਲੀ ਬਣਾ ਸਕਦੀ ਹੈ।
ਲੋੜੀਂਦਾ ਪਾਣੀ ਪੀਣਾ ਲੰਬੇ ਸਮੇਂ ਵਿੱਚ ਤੁਹਾਡੇ ਗੁਰਦਿਆਂ ਦੀ ਰੱਖਿਆ ਕਰ ਸਕਦਾ ਹੈ,18 ਟਰਾਇਲਜ਼ ਦੀ ਇੱਕ ਸਮੀਖਿਆ ਵਿੱਚ ਪਾਇਆ ਗਿਆ ਕਿ ਵਧੇਰੇ ਪਾਣੀ ਪੀਣਾ ਗੁਰਦੇ ਦੀ ਪੱਥਰੀ ਦੇ ਜੋਖਮ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ।
ਤਾਂ ਫਿਰ, ਤੁਹਾਡੇ ਸਰੀਰ ਨੂੰ ਇਹ ਜ਼ਰੂਰੀ ਕੰਮ ਕਰਨ ਵਿੱਚ ਮਦਦ ਕਰਨ ਲਈ ਕਿੰਨਾ ਪਾਣੀ ਕਾਫ਼ੀ ਹੈ? ਦਿਨ ਵਿੱਚ ਅੱਠ ਗਲਾਸ ਪਾਣੀ (ਲਗਭਗ ਦੋ ਲੀਟਰ) ਪੀਣ ਦੀ ਆਮ ਸਲਾਹ ਹੁਣ ਪੁਰਾਣੀ ਹੋ ਚੁੱਕੀ ਹੈ।
ਇਹ ਸਲਾਹ 1945 ਦੀ ਇੱਕ ਰਿਪੋਰਟ ਤੋਂ ਆਈ ਸੀ, ਜਿਸ ਵਿੱਚ ਭੋਜਨ ਨੂੰ ਵੀ ਪਾਣੀ ਦੇ ਇੱਕ ਸਰੋਤ ਵਜੋਂ ਸ਼ਾਮਲ ਕੀਤਾ ਗਿਆ ਸੀ।
ਇਸ ਦੀ ਬਜਾਏ, ਜ਼ਿਆਦਾਤਰ ਲੋਕਾਂ ਲਈ ਦਿਨ ਵਿੱਚ ਲਗਭਗ 1.5 ਤੋਂ 1.8 ਲੀਟਰ (ਛੇ ਤੋਂ ਸਾਢੇ ਸੱਤ ਗਲਾਸ) ਪਾਣੀ ਪੀਣਾ ਕਾਫ਼ੀ ਹੈ।
ਪਾਣੀ, ਘੱਟ ਚਰਬੀ ਵਾਲਾ ਦੁੱਧ ਅਤੇ ਬਿਨਾਂ ਚੀਨੀ ਵਾਲੇ ਪੀਣ ਵਾਲੇ ਪਦਾਰਥ, ਜਿਨ੍ਹਾਂ ਵਿੱਚ ਚਾਹ ਅਤੇ ਕੌਫੀ ਵੀ ਸ਼ਾਮਲ ਹਨ, ਸਾਰੇ ਇਸ ਤਰਲ ਪਦਾਰਥਾਂ ਦੀ ਮਾਤਰਾ ਵਿੱਚ ਗਿਣੇ ਜਾਂਦੇ ਹਨ।
ਆਪਣੇ ਫੇਫੜਿਆਂ ਦੀ ਮਦਦ ਕਰੋ

ਤਸਵੀਰ ਸਰੋਤ, Getty Images
ਅੱਜ ਕੱਲ੍ਹ ਅਜਿਹੇ ਉਤਪਾਦਾਂ ਦੀ ਭਰਮਾਰ ਹੋ ਗਈ ਹੈ ਜੋ ਕੁਝ ਹੀ ਦਿਨਾਂ ਵਿੱਚ ਤੁਹਾਡੇ ਫੇਫੜਿਆਂ ਨੂੰ ਸਾਫ਼ ਕਰਨ ਦਾ ਦਾਅਵਾ ਕਰਦੇ ਹਨ।
ਅਮੈਰੀਕਨ ਲੰਗ ਐਸੋਸੀਏਸ਼ਨ (ਏਐਲਏ) ਅਜਿਹੇ "ਕੁਇੱਕ ਫਿੱਕਸ" 'ਤੇ ਭਰੋਸਾ ਕਰਨ ਵਿਰੁੱਧ ਚਿਤਾਵਨੀ ਦਿੰਦੇ ਹਨ, ਉਨ੍ਹਾਂ ਮੁਤਾਬਕ ਇਨ੍ਹਾਂ 'ਚੋਂ ਕੁਝ ਡਿਟੌਕਸ ਉਪਾਅ ਖ਼ਤਰਨਾਕ ਹੋ ਸਕਦੇ ਹਨ।
ਹਾਲਾਂਕਿ, ਇੱਕ ਚੀਜ਼ ਹੈ ਜੋ ਤੁਸੀਂ ਆਪਣੇ ਫੇਫੜਿਆਂ ਦੀ ਕੁਦਰਤੀ, ਸਵੈ-ਸਫਾਈ ਦੀ ਸਮਰੱਥਾ ਨੂੰ ਵਧਾਉਣ ਲਈ ਕਰ ਸਕਦੇ ਹੋ, ਸਭ ਤੋਂ ਪਹਿਲਾਂ ਪ੍ਰਦੂਸ਼ਕ ਤੱਤਾਂ ਤੋਂ ਬਚੋ।
ਜੇਕਰ ਤੁਸੀਂ ਸਿਗਰਟਨੋਸ਼ੀ ਜਾਂ ਵੇਪ ਦੀ ਵਰਤੋਂ ਕਰਦੇ ਹੋ, ਤਾਂ ਇਸ ਨੂੰ ਛੱਡਣਾ ਸਭ ਤੋਂ ਜ਼ਰੂਰੀ ਕਦਮ ਹੈ ਅਤੇ ਇਸ ਦੇ ਨਾਲ ਹੀ ਦੂਜਿਆਂ ਦੇ ਸਿਗਰਟ ਦੇ ਧੂੰਏਂ (ਸੈਕਿੰਡਹੈਂਡ ਸਮੋਕ) ਤੋਂ ਬਚਣਾ ਵੀ ਯਕੀਨੀ ਬਣਾਓ।
ਏਐਲਏ ਇਹ ਸਲਾਹ ਵੀ ਦਿੰਦੀ ਹੈ ਕਿ ਘਰ ਦੇ ਅੰਦਰਲੀ ਹਵਾ ਨੂੰ ਜਿੰਨਾ ਹੋ ਸਕੇ ਸਾਫ਼ ਰੱਖਿਆ ਜਾਵੇ। ਇਸ ਵਿੱਚ ਉਹ ਸਫ਼ਾਈ ਵਾਲੇ ਉਤਪਾਦ ਜਾਂ ਏਅਰ ਫ੍ਰੈਸ਼ਨਰ ਵਰਤਣ ਤੋਂ ਬਚਣ ਦੀ ਸਲਾਹ ਸ਼ਾਮਲ ਹੈ, ਜਿਨ੍ਹਾਂ ਵਿੱਚ ਵੋਲਾਟਾਈਲ ਆਰਗੈਨਿਕ ਕੰਪਾਊਂਡਸ (ਵੀਓਸੀਜ਼) ਜਾਂ ਖੁਸ਼ਬੂਆਂ ਹੁੰਦੀਆਂ ਹਨ।
ਇਸ ਦੇ ਨਾਲ ਹੀ ਮੋਮਬੱਤੀਆਂ, ਅੰਗੀਠੀਆਂ ਅਤੇ ਕੁਦਰਤੀ ਗੈਸ ਦੇ ਇਸਤੇਮਾਲ ਤੋਂ ਵੀ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਧੂੜ ਅਤੇ ਐਲਰਜਨ ਘਟਾਉਣ ਲਈ ਹੇਪਾ ਵੈਕਿਊਮ ਕਲੀਨਰ ਨਾਲ ਸਫ਼ਾਈ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਕਾਰਡੀਓਵੈਸਕੁਲਰ ਕਸਰਤ ਵੀ ਤੁਹਾਡੇ ਫੇਫੜਿਆਂ ਦੀ ਸਮੁੱਚੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਉਦਾਹਰਨ ਲਈ ਇਹ ਸਾਹ ਨਾਲੀਆਂ ਦੀ ਸੋਜ ਨੂੰ ਘਟਾ ਕੇ ਅਤੇ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਦੀ ਤਾਕਤ ਅਤੇ ਸਹਿਣਸ਼ੀਲਤਾ ਵਿੱਚ ਸੁਧਾਰ ਕਰਦੀ ਹੈ।
ਤੁਸੀਂ ਸਿੱਧੇ ਤੌਰ 'ਤੇ ਅਭਿਆਸ ਕਰਕੇ ਵੀ ਆਪਣੇ ਫੇਫੜਿਆਂ ਦੀ ਸਿਹਤ ਨੂੰ ਵਧਾ ਸਕਦੇ ਹੋ ਜਿਸ ਵਿੱਚ ਕੋਈ 'ਵਿੰਡ ਇੰਸਟਰੂਮੈਂਟ' (ਜਿਵੇਂ ਬੰਸਰੀ ਜਾਂ ਸ਼ਹਿਨਾਈ ਆਦਿ) ਵਜਾਉਣਾ ਵੀ ਸ਼ਾਮਲ ਹੈ।
ਆਪਣੀ ਨੀਂਦ ਦਾ ਆਨੰਦ ਲਵੋ

ਤਸਵੀਰ ਸਰੋਤ, Getty Images
ਇਹ 'ਬ੍ਰੇਨ ਵਾਸ਼ਿੰਗ' ਸ਼ਬਦ ਨੂੰ ਇੱਕ ਨਵਾਂ ਅਰਥ ਦਿੰਦਾ ਹੈ, ਹਰ ਰਾਤ ਤਰਲ ਪਦਾਰਥਾਂ ਦਾ ਇੱਕ ਵਹਾਅ ਸਾਡੇ ਦਿਮਾਗ ਦੇ ਸੈੱਲਾਂ ਦੇ ਆਲੇ-ਦੁਆਲੇ ਦੇ ਰਸਤਿਆਂ ਰਾਹੀਂ ਗੁਜ਼ਰਦਾ ਹੈ ਤਾਂ ਜੋ ਦਿਮਾਗੀ ਗੰਦਗੀ ਨੂੰ ਵਹਾ ਕੇ ਬਾਹਰ ਕੀਤਾ ਜਾ ਸਕੇ।
ਸਾਡੇ ਦਿਮਾਗ ਦੇ ਸੈੱਲ ਜਦੋਂ ਦਿਨ ਭਰ ਕੰਮ ਕਰਦੇ ਹਨ, ਤਾਂ ਉਹ ਕੁਝ ਵਾਧੂ ਪ੍ਰੋਟੀਨ ਅਤੇ ਗੰਦਗੀ ਪੈਦਾ ਕਰਦੇ ਹਨ ਜਿਵੇਂ ਕਿ ਉਹ ਤੱਤ ਜੋ ਅਲਜ਼ਾਈਮਰ ਵਰਗੀ ਬਿਮਾਰੀ ਦਾ ਕਾਰਨ ਬਣਦੇ ਹਨ।
ਇਸ ਗੰਦਗੀ ਦਾ ਕੁਝ ਹਿੱਸਾ ਤਾਂ ਖੂਨ ਰਾਹੀਂ ਸਾਫ਼ ਹੋ ਜਾਂਦਾ ਹੈ, ਪਰ ਬਾਕੀ ਹਿੱਸਾ ਦਿਮਾਗ ਦੇ ਸੈੱਲਾਂ ਦੇ ਵਿਚਕਾਰਲੇ ਖਾਲੀ ਥਾਂ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ।
ਤਾਜ਼ਾ ਖੋਜ ਦੱਸਦੀ ਹੈ ਕਿ ਜਦੋਂ ਅਸੀਂ ਨੀਂਦ ਦੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰਦੇ ਹਾਂ, ਤਾਂ ਇੱਕ ਰੰਗਹੀਣ ਤਰਲ ਜਿਸ ਨੂੰ ਸੇਰੇਬਰੋਸਪਾਈਨਲ ਫਲੂਇਡ ਕਹਿੰਦੇ ਹਨ ਉਹ ਦਿਮਾਗ ਦੇ ਸੈੱਲਾਂ ਦੇ ਵਿਚਕਾਰਲੇ ਖਾਲੀ ਥਾਂ ਵਿੱਚ ਪਹੁੰਚਦਾ ਹੈ।
ਇਹ ਤਰਲ ਉੱਥੇ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰ ਦਿੰਦਾ ਹੈ। ਖਾਸ ਕਰਕੇ ਹਲਕੀ ਨੀਂਦ ਦੌਰਾਨ ਜਦੋਂ ਸਾਡੀ ਨੀਂਦ ਵਿੱਚ ਥੋੜੀ ਜਿਹੀ ਹਲਚਲ ਹੁੰਦੀ ਹੈ, ਤਾਂ ਇਹ ਤਰਲ ਦਿਮਾਗ ਦੇ ਕਈ ਹਿੱਸਿਆਂ ਵਿੱਚ ਤੇਜ਼ੀ ਨਾਲ ਵਗਦਾ ਹੈ ਅਤੇ ਸਫਾਈ ਕਰਦਾ ਹੈ।
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰਲ ਵਿੱਚ ਮੌਜੂਦ ਨੀਂਦ ਵਾਲਾ ਹਾਰਮੋਨ ਮੈਲਾਟੋਨਿਨ ਇੱਕ ਸਾਬਣ ਜਾਂ ਡਿਟਰਜੈਂਟ ਵਾਂਗ ਕੰਮ ਕਰਦਾ ਹੈ, ਜੋ ਦਿਮਾਗ ਦੀ ਜ਼ਿੱਦੀ ਗੰਦਗੀ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।
ਹਾਲਾਂਕਿ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬਾਹਰੋਂ ਮੈਲਾਟੋਨਿਨ ਦੀਆਂ ਗੋਲੀਆਂ ਲੈਣ ਨਾਲ ਇਹ ਸਫਾਈ ਪ੍ਰਕਿਰਿਆ ਹੁੰਦੀ ਹੈ।
ਦੂਜੇ ਪਾਸੇ, ਨੀਂਦ ਦੀ ਕਮੀ ਕਾਰਨ 'ਬਲੱਡ-ਬ੍ਰੇਨ ਬੈਰੀਅਰ' (ਦਿਮਾਗ ਦੀ ਸੁਰੱਖਿਆ ਪਰਤ) ਦੇ ਕੰਮ ਕਰਨ ਦੀ ਸਮਰੱਥਾ ਵਿਗੜ ਜਾਂਦੀ ਹੈ, ਜਿਸ ਨਾਲ ਸਾਡੇ ਦਿਮਾਗ ਦੀ ਖ਼ਤਰਨਾਕ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰਨ ਦੀ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
ਸਰੀਰ ਦੀ ਲੋੜ ਨਾਲੋਂ ਥੋੜ੍ਹੀ ਜਿਹੀ ਘੱਟ ਨੀਂਦ ਲੈਣਾ ਵੀ ਸਾਡੇ ਦਿਮਾਗ ਦੀ ਗੰਦਗੀ ਨੂੰ ਸਾਫ਼ ਕਰਨ ਦੀ ਸਮਰੱਥਾ 'ਤੇ ਅਸਰ ਪਾ ਸਕਦੀ ਹੈ। ਆਮ ਤੌਰ 'ਤੇ ਲਗਭਗ ਸੱਤ ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ, ਹਾਲਾਂਕਿ ਇਹ ਹਰ ਵਿਅਕਤੀ ਲਈ ਵੱਖੋ-ਵੱਖਰੀ ਹੋ ਸਕਦੀ ਹੈ।
ਇਸ ਸਭ ਦਾ ਅਸਰ ਅਗਲੇ ਦਿਨ ਸਾਡੇ ਦਿਮਾਗ 'ਤੇ ਪੈ ਸਕਦਾ ਹੈ। ਰਾਤ ਦੀ ਇਸ 'ਟਿਊਨ-ਅੱਪ' (ਸਫਾਈ ਅਤੇ ਮੁਰੰਮਤ) ਤੋਂ ਬਿਨਾਂ, ਸਾਡੀ ਸੋਚਣ-ਸਮਝਣ ਦੀ ਸ਼ਕਤੀ ਹੌਲੀ ਹੋ ਸਕਦੀ ਹੈ ਅਤੇ ਸਾਡੇ ਫੈਸਲੇ ਲੈਣ ਦੀ ਸਮਰੱਥਾ ਕਮਜ਼ੋਰ ਪੈ ਸਕਦੀ ਹੈ।
ਕੁਝ ਖੋਜਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਸਾਡੇ ਜਾਗਦੇ ਹੋਏ ਵੀ ਨੀਂਦ ਵਰਗੀ ਦਿਮਾਗੀ ਸਫਾਈ ਦੀ ਪ੍ਰਕਿਰਿਆ ਨੂੰ ਮੁੜ ਪੈਦਾ ਕਰਨਾ ਸੰਭਵ ਹੈ।
ਇਸ ਵਿੱਚ ਉਹ 'ਟ੍ਰਾਂਸਕ੍ਰੇਨੀਅਲ ਰੇਡੀਓਫ੍ਰੀਕੁਐਂਸੀ ਟ੍ਰੀਟਮੈਂਟ' ਨਾਮਕ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਜੋ ਪੂਰੇ ਦਿਮਾਗ ਤੱਕ ਰੇਡੀਓ ਤਰੰਗਾਂ ਪਹੁੰਚਾਉਂਦੀ ਹੈ।
ਦੂਜੇ ਪਾਸੇ, ਕੁਝ ਲੋਕ ਮੰਨਦੇ ਹਨ ਕਿ ਨੀਂਦ ਦੇ ਕੁਦਰਤੀ ਸਫਾਈ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਆਪਣੀ ਜੀਵਨਸ਼ੈਲੀ 'ਤੇ ਧਿਆਨ ਦੇਣਾ ਜ਼ਿਆਦਾ ਚੰਗਾ ਹੈ।
ਕੁਝ ਅਧਿਐਨਾਂ ਅਨੁਸਾਰ ਸੱਜੇ ਪਾਸੇ ਸੌਣ ਨਾਲ ਦਿਮਾਗ ਦੀ ਗੰਦਗੀ ਸਾਫ਼ ਕਰਨ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ (ਹਾਲਾਂਕਿ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਇੱਕ ਆਮ ਇਨਸਾਨ ਰਾਤ ਨੂੰ ਲਗਭਗ 11 ਵਾਰ ਆਪਣਾ ਪਾਸਾ ਬਦਲਦਾ ਹੈ)।
ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਸ਼ਰਾਬ ਪੀਣਾ ਨੀਂਦ 'ਤੇ ਬੁਰਾ ਅਸਰ ਪਾਉਂਦਾ ਹੈ, ਜਦਕਿ ਰੋਜ਼ਾਨਾ ਕਸਰਤ ਇਸ ਨੂੰ ਸੁਧਾਰਦੀ ਹੈ।
ਹਾਲਾਂਕਿ, ਇਹਨਾਂ ਵਿੱਚੋਂ ਬਹੁਤੀ ਖੋਜ ਅਜੇ ਨਵੀਂ ਹੈ ਅਤੇ ਜਾਨਵਰਾਂ 'ਤੇ ਕੀਤੀ ਗਈ ਹੈ, ਇਸ ਲਈ ਕੋਈ ਪੱਕੀ ਸਲਾਹ ਦੇਣ ਤੋਂ ਪਹਿਲਾਂ ਇਨਸਾਨਾਂ 'ਤੇ ਇਸ ਦੀ ਚੰਗੀ ਤਰ੍ਹਾਂ ਪੁਸ਼ਟੀ ਹੋਣੀ ਬਾਕੀ ਹੈ।
ਫਿੱਟ ਰਹੋ

ਤਸਵੀਰ ਸਰੋਤ, Getty Images
ਤੁਸੀਂ ਕਸਰਤ ਰਾਹੀਂ ਆਪਣੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹੋ, ਪਰ ਪਸੀਨੇ ਰਾਹੀਂ ਨਹੀਂ।
ਹੌਟ ਯੋਗਾ, ਸੌਨਾ ਵਿੱਚ ਬੈਠਣਾ ਅਤੇ ਗਰਮ ਸਟੂਡੀਓ ਵਿੱਚ ਕਸਰਤ ਕਰਨਾ ਅੱਜਕੱਲ੍ਹ ਬਹੁਤ ਪ੍ਰਚਲਿਤ ਹੈ, ਪਰ ਵਿਗਿਆਨੀ ਇਹਨਾਂ ਦਾਅਵਿਆਂ ਬਾਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਤੁਸੀਂ "ਪਸੀਨੇ ਰਾਹੀਂ ਜ਼ਹਿਰੀਲੇ ਤੱਤ ਬਾਹਰ ਕੱਢ" ਸਕਦੇ ਹੋ।
ਸਾਊਥੈਂਪਟਨ ਯੂਨੀਵਰਸਿਟੀ ਦੇ ਫਿਜ਼ੀਓਲੋਜੀ ਪ੍ਰੋਫੈਸਰ ਡੇਵਿਡ ਫਿਲਿੰਗੇਰੀ ਨੇ ਅਕਤੂਬਰ 2025 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਅਜਿਹੇ ਕਿਸੇ ਵੀ "ਮਜ਼ਬੂਤ ਪ੍ਰਮਾਣ" ਬਾਰੇ ਨਹੀਂ ਜਾਣਦੇ ਜੋ ਇਸ ਗੱਲ ਨੂੰ ਸੱਚ ਸਾਬਤ ਕਰਦਾ ਹੋਵੇ।
ਉੱਥੇ ਹੀ ਇੱਕ ਕੈਮਿਸਟ ਅਤੇ 'ਦਿ ਜੌਏ ਆਫ਼ ਸਵੈਟ' ਦੀ ਲੇਖਿਕਾ ਸਾਰਾਹ ਐਵਰਟਸ ਨੇ ਇਸ ਦਾਅਵੇ ਨੂੰ "ਪੂਰੀ ਤਰ੍ਹਾਂ ਬਕਵਾਸ" ਦੱਸਿਆ ਹੈ।
ਪਸੀਨਾ ਜ਼ਿਆਦਾਤਰ ਪਾਣੀ ਹੁੰਦਾ ਹੈ ਅਤੇ ਇਸ ਦਾ ਮੁੱਖ ਕੰਮ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਅਤੇ ਸਾਨੂੰ ਠੰਢਾ ਰੱਖਣਾ ਹੈ।
ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਮੁੱਖ ਰਸਤੇ ਜਿਗਰ ਅਤੇ ਗੁਰਦੇ ਹਨ। ਖੋਜ ਦੱਸਦੀ ਹੈ ਕਿ ਕਸਰਤ ਇਹਨਾਂ ਅੰਗਾਂ ਵੱਲ ਖੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ, ਜਿਸ ਨਾਲ ਇਹ ਗੰਦਗੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਫਿਲਟਰ ਕਰਨ ਦੇ ਯੋਗ ਹੋ ਜਾਂਦੇ ਹਨ।
ਸਰੀਰ ਦੀ ਵਾਧੂ ਚਰਬੀ ਜਿਗਰ ਦੀ ਜ਼ਹਿਰੀਲੇ ਤੱਤਾਂ ਨੂੰ ਫਿਲਟਰ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਦੀ ਹੈ, ਅਤੇ ਖੋਜ ਦੱਸਦੀ ਹੈ ਕਿ ਕਸਰਤ ਇਸ ਚਰਬੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
'ਨਾਨ-ਅਲਕੋਹਲਿਕ ਫੈਟੀ ਲਿਵਰ' ਦੇ ਮਰੀਜ਼ਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਰੈਜ਼ਿਸਟੈਂਸ ਟ੍ਰੇਨਿੰਗ ਅਤੇ ਐਰੋਬਿਕ ਕਸਰਤ ਜਿਗਰ ਦੀ ਚਰਬੀ ਨੂੰ ਘਟਾਉਂਦੀ ਹੈ।
ਇਕ ਹੋਰ ਅਧਿਐਨ ਅਨੁਸਾਰ, ਲੰਬੇ ਸਮੇਂ ਤੱਕ ਕੀਤੀ ਗਈ ਹਾਈ-ਇੰਟੈਂਸਿਟੀ ਕਸਰਤ ਬਜ਼ੁਰਗਾਂ ਵਿੱਚ ਗੁਰਦਿਆਂ ਦੀ ਕਾਰਜਸ਼ੀਲਤਾ ਨੂੰ ਘਟਣ ਤੋਂ ਰੋਕਦੀ ਹੈ।
ਕਿਡਨੀ ਰਿਸਰਚ ਯੂਕੇ ਗੁਰਦੇ ਦੀ ਸਿਹਤ ਲਈ ਸਭ ਤੋਂ ਵਧੀਆ ਕਸਰਤਾਂ ਵਿੱਚੋਂ ਇੱਕ ਦੇ ਰੂਪ ਵਿੱਚ ਤੇਜ਼ ਤੁਰਨ, ਤੈਰਾਕੀ ਅਤੇ ਸਾਈਕਲਿੰਗ ਦੀ ਸਿਫ਼ਾਰਸ਼ ਕਰਦਾ ਹੈ।
ਇੱਥੋਂ ਤੱਕ ਕਿ ਬਾਗਬਾਨੀ, ਘਰ ਦਾ ਕੰਮ ਜਾਂ ਲਿਫਟ ਦੀ ਬਜਾਏ ਪੌੜੀਆਂ ਚੜ੍ਹਨ ਨਾਲ ਵੀ ਮਦਦ ਮਿਲ ਸਕਦੀ ਹੈ।
ਬੇਸ਼ੱਕ, ਇਹਨਾਂ ਸਾਰੀਆਂ ਪ੍ਰਕਿਰਿਆਵਾਂ ਅਤੇ ਸਿਹਤ ਨਾਲ ਜੁੜੇ ਹੋਰ ਬਦਲਾਅ ਲਈ ਲੰਬਾ ਸਮਾਂ ਹੀ ਮਾਇਨੇ ਰੱਖਦਾ ਹੈ।
ਮਾਹਰ ਦੱਸਦੇ ਹਨ ਕਿ ਉਦਾਹਰਣ ਵਜੋਂ, ਭਾਵੇਂ 'ਡਰਾਈ ਜਨਵਰੀ' (ਸਿਰਫ਼ ਜਨਵਰੀ ਵਿੱਚ ਸ਼ਰਾਬ ਨਾ ਪੀਣਾ) ਦੇ ਕੁਝ ਥੋੜ੍ਹੇ ਸਮੇਂ ਲਈ ਫਾਇਦੇ ਹੋ ਸਕਦੇ ਹਨ, ਪਰ ਪੂਰਾ ਸਾਲ ਸ਼ਰਾਬ ਦੀਆਂ ਤੈਅ ਸੀਮਾਵਾਂ ਅਨੁਸਾਰ ਪੀਣਾ ਸਾਡੀ ਸਿਹਤ ਲਈ ਕਿਤੇ ਜ਼ਿਆਦਾ ਮਹੱਤਵਪੂਰਨ ਹੈ।
ਇਸੇ ਤਰ੍ਹਾਂ, ਵਿਗਿਆਨੀਆਂ ਵਲੋਂ ਅਕਸਰ 'ਮੈਡੀਟੇਰੀਅਨ ਡਾਈਟ' ਨੂੰ ਸਥਾਈ ਤੌਰ 'ਤੇ ਅਪਣਾਉਣ ਨੂੰ ਖਾਣ-ਪੀਣ ਦੀਆਂ ਆਦਤਾਂ ਵਿੱਚ ਸਭ ਤੋਂ ਸਿਹਤਮੰਦ ਬਦਲਾਅ ਮੰਨਿਆ ਜਾਂਦਾ ਹੈ।"
ਇਸ ਲਈ ਇਸ ਮਹੀਨੇ ਵਿਗਿਆਨ-ਸਮਰਥਿਤ ਤਬਦੀਲੀ ਲਈ ਹਰ ਸੰਭਵ ਕੋਸ਼ਿਸ਼ ਕਰੋ ਪਰ ਜੇਕਰ ਤੁਸੀਂ ਅਸਲ ਸਿਹਤ ਲਾਭ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਹਫ਼ਤਿਆਂ ਤੋਂ ਕਿਤੇ ਜ਼ਿਆਦਾ ਸਮੇਂ ਤੱਕ ਇਸ ਨਾਲ ਜੁੜੇ ਰਹਿਣ ਦੀ ਲੋੜ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












