'ਮੈਨੂੰ ਉਮੀਦ ਨਹੀਂ ਸੀ ਕਿ ਜਿਉਂਦੇ ਜੀਅ ਉੱਥੋਂ ਨਿਕਲ ਸਕਾਂਗਾ' - ਪੰਜਾਬੀ ਨੌਜਵਾਨ ਕੁੜੀਆਂ ਬਣ ਅਮਰੀਕੀ ਮਰਦਾਂ ਨੂੰ ਠੱਗਣ ਲਈ ਕਿਵੇਂ ਮਜਬੂਰ ਕੀਤੇ ਜਾਂਦੇ ਸਨ

ਜਗਦੀਪ ਵਰਮਾ
ਤਸਵੀਰ ਕੈਪਸ਼ਨ, 'ਜਗਦੀਪ ਉਨ੍ਹਾਂ 36 ਪੰਜਾਬੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਮਿਆਂਮਾਰ 'ਚ 'ਸਾਈਬਰ ਗੁਲਾਮ' ਬਣਾਕੇ ਰੱਖਿਆ ਗਿਆ ਸੀ'
    • ਲੇਖਕ, ਹਰਮਨਦੀਪ ਸਿੰਘ ਅਤੇ ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਸਾਡਾ ਕੰਮ ਕੁੜੀਆਂ ਬਣਕੇ 45 ਸਾਲ ਤੋਂ ਵੱਧ ਉਮਰ ਦੇ ਅਮਰੀਕੀ ਮਰਦਾਂ ਨਾਲ ਦੋਸਤੀ ਕਰਨਾ ਹੁੰਦਾ ਸੀ। ਜਦੋਂ ਦੋਸਤੀ ਹੋ ਜਾਂਦੀ ਸੀ ਤਾਂ ਸਾਡੇ ਤੋਂ ਮੋਬਾਇਲ ਫੜ੍ਹ ਲਏ ਜਾਂਦੇ ਸੀ।"

ਇਹਨਾਂ ਸ਼ਬਦਾਂ ਨਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ 37 ਸਾਲਾ ਜਗਦੀਪ ਵਰਮਾ ਲਗਭਗ 13 ਮਹੀਨੇ ਮਿਆਂਮਾਰ ਵਿੱਚ ਸੰਗਠਿਤ ਸਾਈਬਰ ਅਪਰਾਧੀਆਂ ਦੇ 'ਗੁਲਾਮ' ਰਹਿ ਕੇ ਕੰਮ ਕਰਨ ਦਾ ਤਜਰਬਾ ਸਾਂਝਾ ਕਰਦੇ ਹਨ।

ਵਰਮਾ ਮੁਤਾਬਕ ਉੱਥੇ ਉਹ ਸੰਗਠਿਤ ਸਾਈਬਰ ਅਪਰਾਧ ਲਈ ਅਮਰੀਕੀ ਮਰਦਾਂ ਨੂੰ 'ਆਨਲਾਈਨ ਹਨੀਟ੍ਰੈਪ' ਵਿੱਚ ਫਸਾਉਣ ਦਾ ਕੰਮ ਕਰਨ ਲਈ ਮਜਬੂਰ ਸਨ।

ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਸੈੱਲ ਮੁਤਾਬਕ ਜਗਦੀਪ ਉਨ੍ਹਾਂ 36 ਪੰਜਾਬੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਮਿਆਂਮਾਰ-ਥਾਈਲੈਂਡ ਬਾਰਡਰ ਨੇੜੇ ਮਿਆਂਮਾਰ ਵਿੱਚ 'ਸਾਈਬਰ ਗੁਲਾਮ' ਬਣਾਕੇ ਰੱਖਿਆ ਗਿਆ ਸੀ।

ਸਾਈਬਰ-ਧੋਖਾਧੜੀ ਅਤੇ ਨੌਕਰੀ ਦਾ ਝਾਂਸਾ

ਪੰਜਾਬ ਪੁਲਿਸ ਦੇ ਸਾਇਬਰ ਅਪਰਾਧ ਸੈੱਲ ਅਨੁਸਾਰ, ਪੀੜਤਾਂ ਨੂੰ ਵਧੀਆ ਤਨਖ਼ਾਹ ਵਾਲੀ ਨੌਕਰੀ ਦਾ ਝਾਂਸਾ ਦੇ ਕੇ ਥਾਈਲੈਂਡ ਬੁਲਾਇਆ ਜਾਂਦਾ ਸੀ।

ਇਹ ਨੌਕਰੀਆਂ ਕਾਲ ਸੈਂਟਰਾਂ, ਹੋਟਲ ਇੰਡਸਟਰੀ ਜਾਂ ਕੰਪਿਊਟਰ ਨਾਲ ਜੁੜੇ ਹੋਰ ਧੰਦਿਆਂ ਨਾਲ ਸਬੰਧਤ ਹੁੰਦੀਆਂ ਸਨ। ਬਾਅਦ ਵਿੱਚ ਉਨ੍ਹਾਂ ਨੂੰ ਇੱਕ ਥਾਂ ਕੈਦ ਕਰ ਕੇ ਸੰਗਠਿਤ ਸਾਇਬਰ ਅਪਰਾਧਿਕ ਗਿਰੋਹਾਂ ਵਾਸਤੇ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨੌਜਵਾਨ ਵੀ ਮਿਆਂਮਾਰ ਵਿੱਚ ਚੱਲ ਰਹੇ ਸਾਈਬਰ ਸਕੈਮ ਸੈਂਟਰਾਂ ਦੇ ਜਾਲ ਵਿੱਚ ਫਸ ਚੁੱਕੇ ਹਨ।

ਅਗਸਤ 2023 ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮਿਆਂਮਾਰ ਵਿੱਚ ਘੱਟੋ-ਘੱਟ 1 ਲੱਖ 20,000 ਲੋਕਾਂ ਅਤੇ ਕੰਬੋਡੀਆ ਵਿੱਚ ਕਰੀਬ ਇੱਕ ਲੱਖ ਲੋਕਾਂ ਨੂੰ ਸਾਈਬਰ-ਧੋਖਾਧੜੀ ਸਕੀਮਾਂ ਚਲਾਉਣ ਲਈ ਮਜਬੂਰ ਕੀਤਾ ਜਾ ਚੁੱਕਾ ਹੈ।

ਫੋਨ 'ਤੇ ਨੌਕਰੀ ਲਈ ਆਇਆ ਮੈਸੇਜ ਦਿਖਾਉਂਦੇ ਹੋਏ
ਤਸਵੀਰ ਕੈਪਸ਼ਨ, 'ਪੀੜਤਾਂ ਨੂੰ ਵਧੀਆ ਤਨਖ਼ਾਹ ਵਾਲੀ ਨੌਕਰੀ ਦਾ ਝਾਂਸਾ ਦੇ ਕੇ ਥਾਈਲੈਂਡ ਬੁਲਾਇਆ ਜਾਂਦਾ ਸੀ'

'ਗੁਲਾਮ' ਬਣਾ ਕੇ ਕਿੱਥੇ ਰੱਖਿਆ ਜਾਂਦਾ ਸੀ

ਜਗਦੀਪ ਵਰਮਾ ਦੱਸਦੇ ਹਨ ਕਿ ਜਿੱਥੇ ਉਹਨਾਂ ਨੂੰ 'ਗੁਲਾਮ' ਬਣਾਕੇ ਜ਼ਬਰਦਸਤੀ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਉਹ ਇਲਾਕਾ ਕਈ ਇਮਾਰਤਾਂ ਦਾ ਝੁੰਡ (ਕੰਪਲੈਕਸ) ਸੀ।

ਵਰਮਾ ਕਹਿੰਦੇ ਹਨ, "ਇਹ ਇਲਾਕਾ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ। ਇਹ ਆਪਣੇ-ਆਪ ਵਿੱਚ ਇੱਕ ਸ਼ਹਿਰ ਪ੍ਰਤੀਤ ਹੁੰਦਾ ਸੀ। ਇਸ ਏਰੀਏ ਵਿੱਚ ਦਾਖ਼ਲ ਹੋਣ ਲਈ ਇੱਕੋ-ਇੱਕ ਦਰਵਾਜ਼ਾ ਸੀ। ਦਰਵਾਜ਼ੇ ਅਤੇ ਇਮਾਰਤਾਂ ਦੀ ਹਥਿਆਰਬੰਦ ਵਿਅਕਤੀ ਵੱਲੋਂ ਰੱਖਿਆ ਕੀਤੀ ਜਾਂਦੀ ਸੀ। ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।"

ਉਹ ਦੱਸਦੇ ਹਨ, "ਇਹਨਾਂ ਸਾਰੀਆਂ ਇਮਾਰਤਾਂ ਵਿੱਚ ਵੱਖੋ-ਵੱਖਰੀਆਂ ਕੰਪਨੀਆਂ ਗੁਲਾਮ ਬਣਾਕੇ ਲੋਕਾਂ ਤੋਂ ਹੋਰਨਾਂ ਲੋਕਾਂ ਨਾਲ ਜ਼ਬਰਦਸਤੀ ਆਨਲਾਈਨ ਠੱਗੀ ਮਰਵਾਉਂਦੀਆਂ ਸਨ।"

ਆਨਲਾਈਨ ਕਿਵੇਂ ਠੱਗਦੇ ਸਨ?

ਜਗਦੀਪ ਵਰਮਾ ਅਤੇ ਕਈ ਹੋਰ ਪੰਜਾਬੀ ਮਿਆਂਮਾਰ ਵਿੱਚ ਥਾਈਲੈਂਡ ਦੀ ਸਰਹੱਦ 'ਤੇ ਸਭ ਤੋਂ ਬਦਨਾਮ ਕੇਕੇ ਪਾਰਕ ਇਲਾਕੇ ਵਿੱਚ ਕੰਮ ਕਰਦੇ ਸਨ। ਇਹ ਇਲਾਕਾ ਆਨਲਾਈਨ ਧੋਖਾਧੜੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਲਈ ਬਦਨਾਮ ਹੈ।

ਜਗਦੀਪ ਦੱਸਦੇ ਹਨ ਕਿ 'ਸਕੈਮ ਕੰਪਾਊਂਡ' ਵਿੱਚ ਕਈ ਕੰਪਨੀਆਂ ਸਰਗਰਮ ਸੀ ਅਤੇ ਹਰ ਕੰਪਨੀ ਦੇ ਠੱਗੀ ਮਾਰਨ ਦੇ ਤੌਰ ਤਰੀਕੇ ਵੱਖੋ-ਵੱਖਰੇ ਸਨ। ਪਰ ਜਿੱਥੇ ਉਨ੍ਹਾਂ ਨੂੰ ਬੰਧਕ ਬਣਾਇਆ ਗਿਆ ਸੀ, ਉੱਥੇ ਖਾਸ ਤੌਰ ਉੱਤੇ 45 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ।

ਉਹ ਕਹਿੰਦੇ ਹਨ, "ਜਦੋਂ ਦੋਸਤੀ ਹੋ ਜਾਂਦੀ ਸੀ ਤਾਂ ਸਾਡੇ ਤੋਂ ਮੋਬਾਇਲ ਫੜ੍ਹ ਲਏ ਜਾਂਦੇ ਸੀ। ਫੋਨ ਫੜ੍ਹਨ ਮਗਰੋਂ ਅਪਰਾਧੀ ਖ਼ੁਦ ਹੀ ਪੀੜਤਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਅਮਰੀਕੀ ਮਰਦਾਂ ਨਾਲ ਦੋਸਤੀ ਹੋਣ ਮਗਰੋਂ ਕ੍ਰਿਪਟੋ ਕਰੰਸੀ ਜਰੀਏ ਉਨ੍ਹਾਂ ਨਾਲ ਠੱਗੀ ਮਾਰੀ ਜਾਂਦੀ ਸੀ।"

ਵਰਮਾ ਅੱਗੇ ਕਹਿੰਦੇ ਹਨ, "ਸਾਥੋਂ ਪਹਿਲਾਂ ਅਮਰੀਕੀ ਮਰਦਾਂ ਨੂੰ ਮੈਸੇਜ ਭਿਜਵਾਏ ਜਾਂਦੇ ਸਨ। ਫਿਰ ਉਨ੍ਹਾਂ ਨਾਲ ਚੈਟ ਕਰਵਾਈ ਜਾਂਦੀ ਸੀ। ਕਈ ਵਾਰੀ ਅਮਰੀਕੀ ਮਰਦ ਸਾਨੂੰ ਵੀਡੀਓ ਕਾਲ ਕਰਨ ਲਈ ਵੀ ਕਹਿੰਦੇ ਸੀ।"

ਉਹ ਦੱਸਦੇ ਹਨ, "ਜਦੋਂ ਅਮਰੀਕੀ ਨਾਗਰਿਕ ਵੀਡੀਓ ਕਾਲ ਕਰਨ ਲਈ ਕਹਿੰਦੇ ਤਾਂ ਸਾਈਬਰ ਅਪਰਾਧੀ ਏਸ਼ੀਅਨ ਕੁੜੀਆਂ ਨਾਲ ਉਨ੍ਹਾਂ ਦੀ ਗੱਲ ਕਰਵਾਉਂਦੇ ਸੀ। ਵੀਡੀਓ ਕਾਲ ਲਈ ਅਪਰਾਧੀ ਕਈ ਏਆਈ ਸਾਫਟਵੇਅਰ ਵਰਤਦੇ ਸਨ। ਇਨ੍ਹਾਂ ਸਾਫਟਵੇਅਰ ਦੀ ਮਦਦ ਨਾਲ ਵੀਡੀਓ ਕਾਲ ਦੌਰਾਨ ਕੁੜੀਆਂ ਦੇ ਚਿਹਰੇ ਬਦਲ ਜਾਂਦੇ ਸਨ।"

"ਅਮਰੀਕੀ ਨਾਗਰਿਕਾਂ ਨਾਲ ਚੈਟ ਕਰਨ ਵਾਸਤੇ ਅਸੀਂ ਟਰਾਂਸਲੇਟਰ ਸਾਫਟਵੇਅਰ ਦੀ ਵਰਤੋਂ ਕਰਦੇ ਸੀ।"

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਬਲਵਿੰਦਰ ਸਿੰਘ (ਬਦਲਿਆਂ ਹੋਇਆ ਨਾਮ) ਨੇ ਦੱਸਿਆ ਉਹ ਇੰਸਟਾਗ੍ਰਾਮ ਰਾਹੀਂ ਥਾਈਲੈਂਡ ਦੇ ਇੱਕ ਭਾਰਤੀ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ।

ਬਾਹਰਵੀਂ ਪਾਸ ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉਸ ਤੋਂ ਜ਼ਿਆਦਾਤਰ ਚੈੱਟ ਹੀ ਕਰਵਾਈ ਜਾਂਦੀ ਹੈ।

ਉਹ ਕਹਿੰਦੇ ਹਨ, "ਇੱਕ ਵਾਰ ਵਿਅਕਤੀ ਝਾਂਸੇ ਵਿੱਚ ਆਉਣ ਤੋਂ ਬਾਅਦ ਸੀਨੀਅਰ ਵਿਅਕਤੀ ਆਪ ਡੀਲ ਕਰਦੇ ਸਨ।"

ਮਿਆਂਮਾਰ ਤੋਂ ਵਾਪਸ ਪਰਤੇ ਜਲੰਧਰ ਦੇ ਨੌਜਵਾਨ ਨੇ ਨਾਮ ਨਾ ਛਪਣ ਦੀ ਸ਼ਰਤ ਉੱਤੇ ਦੱਸਿਆ ਕਿ ਨੌਜਵਾਨਾਂ ਨੂੰ ਸਾਈਬਰ ਠੱਗੀ ਦਾ ਟਾਰਗੈਟ ਪੂਰਾ ਕਰਨ ਉੱਤੇ 35 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਮਹੀਨਾ ਵਰ ਤਨਖ਼ਾਹ ਦਿੱਤੀ ਜਾਂਦੀ ਹੈ।

ਇਮਾਰਤਾਂ ਜਿੱਥੇ ਨੌਜਵਾਨਾਂ ਨੂੰ ਰੱਖਿਆ ਜਾਂਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਨੌਜਵਾਨਾਂ ਨੂੰ ਗੁਲਾਮ ਬਣਾਕੇ ਜ਼ਬਰਦਸਤੀ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ'

ਮਾਨਸਿਕ ਅਤੇ ਸਰੀਰਕ ਤਸ਼ੱਦਦ

ਮਿਆਂਮਾਰ ਤੋਂ ਪਰਤੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਟਾਰਗੈਟ ਪੂਰਾ ਨਾ ਕਰਨ ਦੀ ਹਾਲਤ ਵਿੱਚ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਸੀ।

ਜਗਦੀਪ ਵਰਮਾ ਕਹਿੰਦੇ ਹਨ, "ਮੈਨੂੰ ਉਮੀਦ ਨਹੀਂ ਸੀ ਕਿ ਜਿਉਂਦੇ ਜੀ ਉਥੋਂ ਨਿਕਲ ਸਕਾਂਗਾ। ਫੌਜ ਨੇ ਉੱਥੇ ਛਾਪਾ ਮਾਰਿਆ ਤਾਂ ਹੀ ਮੈਂ ਉੱਥੋਂ ਨਿਕਲ ਸਕਿਆ। ਨਹੀਂ ਤਾਂ ਵਾਪਸ ਆਉਣ ਦੀ ਉਮੀਦ ਨਹੀਂ ਸੀ। ਰੱਬ ਦੁਸ਼ਮਣ ਨੂੰ ਵੀ ਇਹੋ ਜਿਹੀ ਥਾਂ ਉੱਤੇ ਨਾ ਫਸਾਵੇ।"

ਉਹ ਦੱਸਦੇ ਹਨ, "ਸਾਡੇ ਨਾਲ ਮਾਨਸਿਕ ਅਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ। ਲਗਾਤਾਰ 15-15 ਘੰਟੇ ਖੜ੍ਹੇ ਰੱਖਿਆ ਜਾਂਦਾ ਸੀ।"

ਮਾਨਸਾ ਦੇ ਬਲਵਿੰਦਰ ਸਿੰਘ ਕਹਿੰਦੇ ਹਨ ਕਿ ਟਾਰਗੈਟ ਪੂਰਾ ਨਾ ਕਰਨ ਕਰਨ ਕਰਕੇ ਉਹਨਾਂ ਨਾਲ ਵੀ ਕੁੱਟਮਾਰ ਹੋਈ ਅਤੇ ਇਸ ਤੋਂ ਇਲਾਵਾ ਕਰੰਟ ਦੇ ਝਟਕੇ ਵੀ ਦਿੱਤੇ ਜਾਂਦੇ ਸਨ।

ਬਲਵਿੰਦਰ ਨੇ ਦੱਸਿਆ, "ਜੇਕਰ ਕੁੱਟਮਾਰ ਤੋਂ ਬਚਣਾ ਹੈ ਤਾਂ 1000 ਕਯਾਤ (ਮਿਆਂਮਾਰ ਕਰੰਸੀ) ਜੁਰਮਾਨੇ ਦੇ ਤੌਰ ਉੱਤੇ ਦੇਣੇ ਪੈਂਦੇ ਸਨ, ਜੋ ਮੈਂ ਕਈ ਵਾਰ ਦਿੱਤੇ ਹਨ ਅਤੇ ਤਨਖ਼ਾਹ ਦਾ ਜ਼ਿਆਦਾਤਰ ਹਿੱਸਾ ਜੁਰਮਾਨੇ ਵਿੱਚ ਨਿਕਲ ਜਾਂਦਾ ਸੀ।"

ਬਲਵਿੰਦਰ ਮੁਤਾਬਕ ਇੱਕ ਦਿਨ ਉਸ ਨੇ ਜਦੋਂ ਕੰਮ ਛੱਡਣ ਦੀ ਗੱਲ ਕੀਤੀ ਤਾਂ ਉਸ ਤੋਂ 4500 ਅਮਰੀਕੀ ਡਾਲਰ ਦੀ ਮੰਗ ਕੀਤੀ ਗਈ।

ਪੰਜਾਬ ਤੋਂ ਮਿਆਂਮਾਰ ਕਿਵੇਂ ਪਹੁੰਚੇ?

ਇਹਨਾਂ ਲੋਕਾਂ ਮੁਤਾਬਕ ਉਨ੍ਹਾਂ ਨੂੰ ਸਿੱਧਾ ਮਿਆਂਮਾਰ ਨਹੀਂ ਲਿਜਾਇਆ ਗਿਆ। ਬਲਕਿ ਉਹ ਬੈਂਕਾਕ ਤੋਂ ਪਹਾੜੀ ਅਤੇ ਜੰਗਲੀ ਰਸਤੇ ਜਰੀਏ ਵਹੀਕਲਾਂ ਰਾਹੀਂ ਉੱਥੇ ਪਹੁੰਚਦੇ ਸਨ।

ਆਖਿਰ ਵਿੱਚ ਉਨ੍ਹਾਂ ਨੂੰ ਥਾਈਂਲੈਂਡ-ਮਿਆਂਮਾਰ ਬਾਰਡਰ ਨਜ਼ਦੀਕ ਸਥਿਤ ਨਦੀ ਕੋਲ ਉਤਾਰ ਦਿੱਤਾ ਜਾਂਦਾ ਸੀ। ਇੱਥੋਂ ਅੱਗੇ ਉਹ ਸਾਈਬਰ ਅਪਰਾਧੀਆਂ ਕੋਲ ਪਹੁੰਚਦੇ ਸਨ।

ਜਗਦੀਪ ਦੱਸਦਾ ਹੈ ਕਿ ਹੋਰਨਾਂ ਨੌਜਵਾਨਾਂ ਵਾਂਗ ਉਹ ਵੀ ਥਾਈਂਲੈਡ ਵਿੱਚ ਨੌਕਰੀ ਦੀ ਮਸ਼ਹੂਰੀ ਆਨਲਾਈਨ ਦੇਖਕੇ ਟਰੈਵਲ-ਏਜੰਟਾਂ ਅਤੇ ਸਾਈਬਰ ਅਪਰਾਧੀਆਂ ਦੇ ਧੱਕੇ ਚੜ੍ਹ ਗਏ ਸਨ।

ਉਹ ਕਹਿੰਦੇ ਹਨ, "ਮੇਰੇ ਰਿਸ਼ਤੇਦਾਰ ਨੇ ਆਪਣੇ ਵਟਸਐਪ ਉੱਤੇ ਥਾਈਲੈਂਡ ਵਿੱਚ ਨੌਕਰੀ ਦੇ ਇਸ਼ਤਿਹਾਰ ਦਾ ਸਟੇਟਸ ਪਾਇਆ ਹੋਇਆ ਸੀ। ਸਟੇਟਸ ਦੇਖ ਕੇ ਮੈਂ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮੈਨੂੰ ਥਾਈਲੈਂਡ ਵਿੱਚ ਭੇਜਣ ਦਾ 50,000 ਖ਼ਰਚਾ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਕਾਲ ਸੈਂਟਰ ਵਿੱਚ ਨੌਕਰੀ ਕਰਾਂਗਾ ਅਤੇ ਮੇਰੀ 1500 ਡਾਲਰ ਅਮਰੀਕੀ ਤਨਖ਼ਾਹ ਹੋਵੇਗੀ।"

ਉਹ ਕਹਿੰਦੇ ਹਨ, "ਮੈਨੂੰ ਪਹਿਲਾਂ ਅੰਮ੍ਰਿਤਸਰ ਤੋਂ ਮਲੇਸ਼ੀਆ ਅਤੇ ਫਿਰ ਮਲੇਸ਼ੀਆ ਤੋਂ ਬੈਂਕਾਕ ਦੀ ਫਲਾਈਟ ਬੁੱਕ ਕਰਵਾ ਦਿੱਤੀ ਗਈ। ਇਕ ਦਿਨ ਬੈਂਕਾਕ ਦੇ ਕਿਸੇ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਅਗਲੇ ਦਿਨ ਮੈਨੂੰ ਥਾਂਈਲੈਂਡ ਦਾ ਬਾਰਡਰ ਪਾਰ ਕਰਵਾ ਦਿੱਤਾ ਗਿਆ।"

ਵਰਮਾ ਅਨੁਸਾਰ, "ਮੈਨੂੰ ਜਾਣਕਾਰੀ ਨਹੀਂ ਸੀ ਕਿ ਮੈਂ ਬਾਰਡਰ ਪਾਰ ਕਰ ਰਿਹਾ ਹਾਂ। ਸਕੈਮ ਕੰਪਾਊਂਡ ਦੇ ਅੰਦਰ ਦਾਖ਼ਲ ਹੋਣ ਮਗਰੋਂ ਮੈਨੂੰ ਸਾਰੀ ਕਹਾਣੀ ਸਮਝ ਆਈ ਸੀ, ਜਦੋਂ ਮੈਨੂੰ ਅਮਰੀਕੀ ਨੰਬਰ ਦੇਕੇ ਅਮਰੀਕਾ ਦੇ ਵਸਨੀਕ ਮਰਦਾਂ ਨਾਲ ਦੋਸਤੀ ਕਰਨ ਲਈ ਕਿਹਾ ਗਿਆ। ਪਹਿਲਾਂ ਮੈਨੂੰ ਦੋ ਦਿਨ ਟਾਈਪਿੰਗ ਸਪੀਡ ਵਧਾਉਣ ਦੀ ਸਿਖਲਾਈ ਦਿੱਤੀ ਗਈ ਸੀ।"

ਜਗਦੀਪ ਨੂੰ ਹਰ ਮਹੀਨੇ 15000 ਥਾਈ ਬਾਥ (ਥਾਈਂਲੈਡ ਕਰੰਸੀ) ਤਨਖਾਹ ਦਿੱਤੀ ਜਾਂਦੀ ਸੀ।

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਰੇਖਾ ਰਾਣੀ (ਬਦਲਿਆ ਹੋਇਆ ਨਾਮ) ਨੇ ਦੱਸਿਆ ਉਹ ਮਿਆਂਮਾਰ ਵਿੱਚ ਸਕੈਮਰ ਅੱਡੇ ਵਿੱਚ ਕੰਮ ਕਰ ਰਹੀ ਪੰਜਾਬ ਦੀ ਲੜਕੀ ਦੇ ਸੰਪਰਕ ਵਿੱਚ ਆਈ ਸੀ।

ਇਸ ਲੜਕੀ ਨੇ ਉਸ ਨੂੰ ਥਾਈਲੈਂਡ ਵਿੱਚ ਡਾਟਾ ਐਂਟਰੀ ਓਪਰੇਟਰ ਦੇ ਤੌਰ ਉੱਤੇ ਨੌਕਰੀ ਅਤੇ ਚੰਗੀ ਸੈਲਰੀ ਦਾ ਵਾਅਦਾ ਕੀਤਾ ਸੀ। ਸਬੰਧਿਤ ਲੜਕੀ ਵੱਲੋਂ ਟਿਕਟ ਭੇਜਣ ਤੋਂ ਬਾਅਦ ਇਸ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਉਹ ਥਾਈਲੈਂਡ ਗਈ ਸੀ।

ਰੇਖਾ ਰਾਣੀ ਦੱਸਦੀ ਹੈ ਮਿਆਮਾਰ ਵਿੱਚ ਇੱਕ ਕੰਪਲੈਕਸ (ਸਕੈਮ ਕੰਪਾਊਂਡ, ਸਕੈਮ ਸਿਟੀ) ਵਿੱਚ ਪੁੱਜਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਕੰਮ ਡਾਟਾ ਐਂਟਰੀ ਦਾ ਨਹੀਂ, ਸਗੋਂ ਸਾਈਬਰ ਠੱਗੀ ਮਾਰਨ ਦਾ ਹੈ।

ਰੇਖਾ ਮੁਤਾਬਕ ਉਸ ਦੀ ਆਲੀਸ਼ਾ ਦੇ ਨਾਮ ਨਾਲ ਇੱਕ ਮੇਲ ਆਈ ਡੀ ਬਣਾਈ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਪ੍ਰੋਪਰਟੀ ਦਾ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਕਰਨ ਦਾ ਕੰਮ ਦਿੱਤਾ ਗਿਆ ਸੀ। ਇਸ ਕੰਮ ਬਦਲੇ ਉਸ ਨੂੰ 35,000 ਰੁਪਏ ਮਹੀਨੇ ਤਨਖ਼ਾਹ ਦਿੱਤੀ ਜਾਂਦੀ ਸੀ।

ਉਚਾਈ ਤੋਂ ਖਿੱਚੀ ਗਈ ਤਸਵੀਰ
ਤਸਵੀਰ ਕੈਪਸ਼ਨ, ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਰਾਜਾਂ ਦੇ ਨੌਜਵਾਨ ਵੀ ਮਿਆਂਮਾਰ ਵਿੱਚ ਚੱਲ ਰਹੇ ਸਾਈਬਰ ਸਕੈਮ ਸੈਂਟਰਾਂ ਦੇ ਜਾਲ ਵਿੱਚ ਫਸ ਚੁੱਕੇ ਹਨ।

ਪੰਜਾਬ ਪੁਲਿਸ ਨੇ ਕੀ ਦੱਸਿਆ

ਪੰਜਾਬ ਸਾਈਬਰ ਅਪਰਾਧ ਸੈੱਲ ਵਿੱਚ ਤਾਇਨਾਤ ਐੱਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਹੁਣ ਤੱਕ ਭਾਵੇਂ ਕੋਈ ਐੋੱਫਆਈਆਰ ਦਰਜ ਨਹੀਂ ਹੋਈ ਹੈ। ਪਰ ਸਾਈਬਰ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਐੱਸਪੀ ਮਨੋਜ ਗੋਰਸੀ ਨੇ ਕਿਹਾ, "ਅਸੀਂ ਸਾਰੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਾਂਚ ਕਰ ਰਹੇ ਹਾਂ। ਸਾਈਬਰ ਅਪਰਾਧੀ ਪੀੜਤਾਂ ਨੂੰ ਫਸਾਉਣ ਲਈ ਕੋਈ ਇੱਕ ਤਰੀਕਾ ਨਹੀਂ ਵਰਤਦੇ ਸੀ। ਪੀੜਤਾਂ ਨੂੰ ਫਸਾਉਣ ਲਈ ਸਾਈਬਰ ਅਪਰਾਧੀ ਪਹਿਲਾਂ ਤੋਂ ਕੰਮ ਕਰ ਰਹੇ ਪੀੜਤਾਂ ਦੀ ਮਦਦ ਵੀ ਲੈਂਦੇ ਸਨ। ਉਹ ਉਨ੍ਹਾਂ ਨੂੰ ਹੋਰ ਬੰਦੇ ਫਸਾਉਣ ਲਈ ਮਜਬੂਰ ਕਰਦੇ ਸਨ।"

ਉਹ ਕਹਿੰਦੇ ਹਨ, "ਟਰੈਵਲ ਏਜੰਟ ਵੀ ਪੀੜਤਾਂ ਨੂੰ ਜਾਲ ਵਿੱਚ ਫਸਾਉਣ ਲਈ ਸਾਈਬਰ ਅਪਰਾਧੀਆਂ ਦੀ ਮਦਦ ਕਰਦੇ ਸਨ। ਸਾਨੂੰ ਜਾਂਚ ਵਿੱਚ ਪਤਾ ਲੱਗਾ ਹੈ ਕਿ ਇੱਕ ਕੇਸ ਵਿੱਚ ਟਰੈਵਲ ਏਜੰਟ ਨਾਲ ਪੈਸਿਆਂ ਦਾ ਲੈਣ-ਦੇਣ ਚੰਡੀਗੜ੍ਹ ਵਿੱਚ ਹੋਇਆ ਹੈ ਅਤੇ ਇਸਦੀ ਜਾਂਚ ਕਰ ਰਹੇ ਹਾਂ।"

 ਕੀਰਤੀ ਵਰਧਨ ਸਿੰਘ ਦਾ ਬਿਆਨ
ਤਸਵੀਰ ਕੈਪਸ਼ਨ, 11 ਦਸੰਬਰ 2025 ਨੂੰ ਰਾਜ ਸਭਾ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ

ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ

ਭਾਰਤ ਸਰਕਾਰ ਨੇ ਪਿਛਲੇ ਦਿਨੀਂ ਸੰਸਦ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਉਨ੍ਹਾਂ ਫ਼ਰਜ਼ੀ ਭਰਤੀ ਰੁਜ਼ਗਾਰ ਵਿੱਚ ਸ਼ਾਮਲ ਸ਼ੱਕੀ ਕੰਪਨੀਆਂ ਦੇ ਮਾਮਲਿਆਂ ਦਾ ਨੋਟਿਸ ਲਿਆ ਹੈ, ਜੋ ਭਾਰਤੀ ਨਾਗਰਿਕਾਂ ਨੂੰ ਵਰਗਲਾ ਕੇ ਦੱਖਣੀ -ਪੂਰਬੀ ਏਸ਼ੀਆਈ ਮੁਲਕਾਂ ਵਿੱਚ ਲਿਜਾਂਦਿਆਂ ਹਨ।

11 ਦਸੰਬਰ ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ, "ਸਰਕਾਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਮਿਆਂਮਾਰ, ਕੰਬੋਡੀਆ ਅਤੇ ਲਾਓ ਪੀ ਡੀ ਆਰ ਵਿੱਚ ਚੱਲ ਰਹੇ ਸਕੈਮ ਸੈਂਟਰਾਂ ਨੇ ਫ਼ਰਜ਼ੀ ਨੌਕਰੀ ਦੀਆਂ ਪੇਸ਼ਕਸ਼ਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਲੁਭਾਇਆ ਅਤੇ ਉਨ੍ਹਾਂ ਨੂੰ ਸਾਈਬਰ ਅਪਰਾਧ ਅਤੇ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮਜਬੂਰ ਕੀਤਾ ਹੈ।"

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਤੱਕ 6700 ਤੋਂ ਵੱਧ ਭਾਰਤੀਆਂ ਨੂੰ ਮਿਆਂਮਾਰ, ਕੰਬੋਡੀਆ ਅਤੇ ਲਾਓ ਪੀ ਡੀ ਆਰ ਵਿੱਚੋਂ ਬਚਾਇਆ ਗਿਆ ਹੈ।

ਇਸ ਦੇ ਨਾਲ ਹੀ ਕੰਬੋਡੀਆ ਵਿੱਚ ਮੌਜੂਦ ਭਾਰਤੀ ਅੰਬੈਸੀ ਨੇ ਇੱਥੇ ਨੌਕਰੀ ਦੇ ਮੌਕਿਆਂ ਦਾ ਸਾਂਝਾ ਦੇਣ ਵਾਲੇ ਅਪਰਾਧੀਆਂ ਤੋਂ ਸਤਰਕ ਰਹਿਣ ਦੀ ਸਲਾਹ ਦਿੱਤੀ ਹੈ।

ਮਿਆਂਮਾਰ 'ਚ ਕਾਰਵਾਈ

ਮਿਆਂਮਾਰ ਸਰਕਾਰ ਦੇ 2 ਜਨਵਰੀ ਦੇ ਬਿਆਨ ਮੁਤਾਬਕ ਸੁਰੱਖਿਆ ਬਲਾਂ, ਪ੍ਰਸ਼ਾਸਨਿਕ ਸੰਸਥਾਵਾਂ ਅਤੇ ਸਥਾਨਕ ਅਧਿਕਾਰੀਆਂ ਦੀ ਸਾਂਝੀ ਟੀਮ ਨੂੰ ਸ਼ਵੇ ਕੋਕੋ ਅਤੇ ਕੇਕੇ ਪਾਰਕ ਇਲਾਕੇ ਵਿੱਚ ਗੈਰ-ਕਾਨੂੰਨੀ ਇਮਾਰਤਾਂ 'ਤੇ ਛਾਪੇ ਮਾਰੀ ਕੀਤੀ ਹੈ ਜਿੱਥੇ ਟੈਲੀਕਾਮ ਧੋਖਾਧੜੀ ਅਤੇ ਆਨਲਾਈਨ ਜੂਏ ਦੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ।

ਬਿਆਨ ਵਿੱਚ ਕਿਹਾ ਹੈ ਕਿ, "ਸਾਂਝੀ ਟੀਮ ਨੇ 11 ਹੋਰ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ।"

ਅੱਗੇ ਕਿਹਾ ਗਿਆ, "ਕੇਕੇ ਪਾਰਕ ਇਲਾਕੇ ਵਿੱਚ 635 ਗੈਰ-ਕਾਨੂੰਨੀ ਇਮਾਰਤਾਂ ਵਿੱਚੋਂ ਕੁੱਲ 549 ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)