ਇਟਲੀ ਜਾਣ ਲਈ ਘਰੋਂ ਨਿਕਲਿਆ ਪੰਜਾਬ ਦਾ ਮਨਦੀਪ ਕਿਵੇਂ ਰੂਸ ਪਹੁੰਚ ਗਿਆ ਸੀ, ਹੁਣ ਕਰੀਬ 3 ਸਾਲ ਬਾਅਦ ਪਰਿਵਾਰ ਕੋਲ ਪਹੁੰਚੀ ਮ੍ਰਿਤਕ ਦੇਹ

ਰੂਸ-ਯੂਕਰੇਨ ਯੁੱਧ ਵਿੱਚ ਜਾਨ ਗੁਆਉਣ ਵਾਲੇ ਮਨਦੀਪ ਕੁਮਾਰ ਦਾ ਪਰਿਵਾਰ
ਤਸਵੀਰ ਕੈਪਸ਼ਨ, ਮਨਦੀਪ ਕੁਮਾਰ ਇਟਲੀ ਜਾਣ ਲਈ ਸਾਲ 2023 ਵਿੱਚ ਘਰੋਂ ਨਿਕਲਿਆ ਸੀ ਪਰ ਫਿਰ ਉਸ ਨੂੰ ਰੂਸ ਦੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਪਹਿਲਾਂ ਏਜੰਟਾਂ ਨੂੰ ਪੈਸੇ ਦਿੱਤੇ, ਆਪਣੇ ਭਰਾ ਨੂੰ ਲੱਭਣ ਲਈ ਤੇ ਵਕੀਲ 'ਤੇ ਪੈਸੇ ਲਗਾਏ, ਫਿਰ ਥਾਂ-ਥਾਂ ਧੱਕੇ ਖਾ ਕੇ 2 ਸਾਲ ਬਾਅਦ ਮੈਂ ਆਪ ਆਪਣੇ ਭਰਾ ਦੀ ਮ੍ਰਿਤਕ ਦੇਹ ਹਾਸਲ ਕਰ ਪਾਇਆ। ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਮੈਂ ਸਸਕਾਰ ਨਹੀਂ ਕਰਾਂਗਾ।"

ਰੂਸ-ਯੂਕਰੇਨ ਯੁੱਧ ਵਿੱਚ ਜਾਨ ਗੁਆਉਣ ਵਾਲੇ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ।

ਜਗਦੀਪ ਕੁਮਾਰ ਮੁਤਾਬਕ ਉਹ ਉਨੀ ਦੇਰ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਮੁਲਜ਼ਮਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ।

ਦਰਅਸਲ ਮਨਦੀਪ ਕੁਮਾਰ ਇਟਲੀ ਜਾਣ ਲਈ ਸਾਲ 2023 ਵਿੱਚ ਘਰੋਂ ਨਿਕਲਿਆ ਸੀ। ਪਰ ਫਿਰ ਮਨਦੀਪ ਨੂੰ ਰੂਸ ਦੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਉਹ ਮਾਰਚ 2024 ਤੋਂ ਲਾਪਤਾ ਸੀ।

ਮਨਦੀਪ ਦੇ ਭਰਾ ਜਗਦੀਪ ਮੁਤਾਬਕ ਦਸੰਬਰ 2023 ਤੋਂ ਬਾਅਦ ਨਾ ਰੂਸ ਦੇ ਅਤੇ ਨਾ ਹੀ ਇੱਥੋਂ ਦੇ ਏਜੰਟਾਂ ਨੇ ਉਨ੍ਹਾਂ ਦਾ ਫੋਨ ਚੁੱਕਿਆ।

''ਫਿਰ 3 ਮਾਰਚ 2024 ਨੂੰ ਮਨਦੀਪ ਦੀ ਕਾਲ ਆਈ ਅਤੇ ਉਸ ਨੇ ਦੱਸਿਆ ਕਿ ਮੈਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਮੈਨੂੰ ਇੱਥੋਂ ਜਲਦੀ ਕਢਵਾ ਲਵੋ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ।''

ਲਾਪਤਾ ਭਰਾ ਨੂੰ ਲੱਭਣ ਲਈ ਜਗਦੀਪ ਕੁਮਾਰ ਨੇ ਖ਼ੁਦ ਹੰਭਲਾ ਮਾਰਿਆ

ਰੂਸ-ਯੂਕਰੇਨ ਯੁੱਧ ਵਿੱਚ ਜਾਨ ਗੁਆਉਣ ਵਾਲੇ ਮਨਦੀਪ ਕੁਮਾਰ ਦਾ ਭਰਾ ਜਗਦੀਪ ਕੁਮਾਰ
ਤਸਵੀਰ ਕੈਪਸ਼ਨ, ਕਈ ਕੋਸ਼ਿਸ਼ਾਂ ਮਗਰੋਂ ਜਗਦੀਪ ਨੂੰ ਨਵੰਬਰ ਮਹੀਨੇ ਆਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ ਸੀ

ਜਗਦੀਪ ਕੁਮਾਰ ਆਪਣੇ ਭਰਾ ਮਨਦੀਪ ਕੁਮਾਰ ਨੂੰ ਲੱਭਣ ਲਈ ਕਈ ਵਾਰੀ ਰੂਸ ਵੀ ਗਏ। ਉਨ੍ਹਾਂ ਦੱਸਿਆ ਕਿ, "ਅਕਤੂਬਰ 2025 ਵਿੱਚ ਮੈਂ ਰੂਸ ਗਿਆ ਸੀ, ਉੱਥੇ ਸੋਸ਼ਲ ਸੈਂਟਰ ਬਣੇ ਹੋਏ ਹਨ ਜਿਨ੍ਹਾਂ ਕੋਲ ਜੰਗ ਦੀ ਸਾਰੀ ਜਾਣਕਾਰੀ ਆਉਂਦੀ ਹੈ। ਉਥੋਂ ਮੈਨੂੰ ਥੋੜ੍ਹਾ ਅੰਦਾਜ਼ਾ ਹੋ ਚੁੱਕਿਆ ਸੀ ਕਿ 8 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਨਾਮ ਕਲੀਅਰ ਨਹੀਂ ਕੀਤੇ ਗਏ ਸਨ।"

ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲੈਣ ਲਈ ਸੋਸ਼ਲ ਸੈਂਟਰ ਵਾਲਿਆਂ ਨੇ ਉਨ੍ਹਾਂ ਨੂੰ ਸੇਂਟ ਪੀਟਰਸਬਰਗ ਭੇਜ ਦਿੱਤਾ ਜਿਥੇ ਮਨਦੀਪ ਦੀ ਭਰਤੀ ਹੋਈ ਸੀ। ਉੱਥੇ ਉਨ੍ਹਾਂ ਨੇ ਕਮਾਂਡਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਭਰਾ ਬਾਰੇ ਜਾਣਕਾਰੀ ਦਿੱਤੀ ਜਾਵੇ।

ਜਗਦੀਪ ਕੁਮਾਰ ਨੇ ਦੱਸਿਆ ਕਿ, "ਉਨ੍ਹਾਂ ਨੇ ਮੇਰਾ ਡੀਐੱਨਏ ਕਰਵਾਇਆ ਜੋ ਕਿ ਦੂਸਰੀ ਵਾਰ ਹੋਇਆ ਸੀ। ਇਸ ਤੋਂ ਪਹਿਲਾਂ ਉਹ ਡੀਐੱਨਏ ਰਿਪੋਰਟ ਫਰਵਰੀ 2025 ਵਿੱਚ ਭਾਰਤੀ ਅਥਾਰਟੀ ਰਾਹੀਂ ਇੰਡੀਅਨ ਅੰਬੈਸੀ ਮਾਸਕੋ ਨੂੰ ਦੇ ਚੁੱਕੇ ਸੀ। ਉਸ ਸਮੇਂ 13 ਪਰਿਵਾਰਾਂ ਦੇ ਡੀਐੱਨਏ ਹੋਏ ਸੀ।"

"ਜਦੋਂ ਮੈਂ ਪੁੱਛਿਆ ਕਿ ਡੀਐੱਨਏ ਜਾਂ ਪਾਸਪੋਰਟ ਸਬੰਧੀ ਜਾਣਕਾਰੀ ਵਾਰ-ਵਾਰ ਕਿਉਂ ਮੰਗੀ ਜਾ ਰਹੀ ਹੈ ਜਦਕਿ ਅੰਬੈਸੀ ਵੱਲੋਂ ਪਹਿਲਾਂ ਹੀ ਸਭ ਦਿੱਤਾ ਜਾ ਚੁਕਾ ਹੈ ਤਾਂ ਕਮਾਂਡਰਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਨਾ ਤਾਂ ਅੰਬੈਸੀ ਨੇ ਪਹੁੰਚ ਕੀਤੀ ਹੈ ਅਤੇ ਨਾ ਹੀ ਸਾਡੇ ਕੋਲ ਡੀਐੱਨਏ ਰਿਪੋਰਟਾਂ ਆਈਆਂ ਹਨ, ਜਿਸ ਦੇ ਅਧਾਰ 'ਤੇ ਅਸੀਂ ਤੁਹਾਨੂੰ ਤੁਹਾਡੇ ਭਰਾ ਬਾਰੇ ਦੱਸ ਸਕੀਏ।"

ਇਸੇ ਕੋਸ਼ਿਸ਼ਾਂ ਮਗਰੋਂ ਉਨ੍ਹਾਂ ਨੂੰ ਨਵੰਬਰ ਮਹੀਨੇ ਆਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ ਸੀ। ਇਸ ਤੋਂ ਬਾਅਦ ਮਨਦੀਪ ਦੀ ਮ੍ਰਿਤਕ ਦੇਹ ਮਾਸਕੋ ਮੰਗਵਾਈ ਗਈ ਅਤੇ ਮੁੜ ਡੀਐੱਨਏ ਕੀਤਾ ਗਿਆ ਕਿਉਂਕਿ ਬੌਡੀ ਪਛਾਨਣ ਯੋਗ ਨਹੀਂ ਸੀ।

ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਸਸਕਾਰ ਨਹੀਂ ਕਰਾਂਗਾ- ਮਨਦੀਪ ਦਾ ਭਰਾ

ਰੂਸ-ਯੂਕਰੇਨ ਯੁੱਧ ਵਿੱਚ ਜਾਨ ਗੁਆਉਣ ਵਾਲੇ ਮਨਦੀਪ ਕੁਮਾਰ ਦੀ ਮਾਂ
ਤਸਵੀਰ ਕੈਪਸ਼ਨ, ਜਗਦੀਪ ਕਹਿੰਦੇ ਹਨ ਕਿ ਜਿਨ੍ਹਾਂ ਕਰਕੇ ਉਸ ਦੀ ਮੌਤ ਹੋਈ ਜਦੋਂ ਤੱਕ ਉਨ੍ਹਾਂ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ

ਜਗਦੀਪ ਕੁਮਾਰ ਮੁਤਾਬਕ ਇਸ ਵਿੱਚ ਭਾਰਤੀ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਰਹੇ ਕਿ ਜ਼ਮੀਨੀ ਪੱਧਰ 'ਤੇ ਤਹਿਕੀਕਾਤ ਹੋਣੀ ਚਾਹੀਦੀ ਹੈ। ਫਿਰ ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਅਸੀਂ ਮੰਤਰਾਲੇ ਤੋਂ ਮੰਤਰਾਲੇ ਤੱਕ ਹੀ ਗੱਲ ਕਰ ਸਕਦੇ ਹਾਂ ਤਾਂ ਉਨ੍ਹਾਂ ਨੇ ਆਪ ਹੀ ਭਰਾ ਨੂੰ ਲੱਭਣ ਦਾ ਫੈਸਲਾ ਕੀਤਾ।

ਹੁਣ ਉਹ ਕਹਿੰਦੇ ਹਨ ਕਿ ਜਿਨ੍ਹਾਂ ਕਰਕੇ ਉਸ ਦੀ ਮੌਤ ਹੋਈ ਜਦੋਂ ਤੱਕ ਉਨ੍ਹਾਂ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ।

ਉਹ ਦੱਸਦੇ ਹਨ, "ਪਹਿਲਾਂ ਅਸੀਂ ਏਜੰਟਾਂ ਨੂੰ ਪੈਸੇ ਦਿੱਤੇ, ਫਿਰ ਆਪਣੇ ਭਰਾ ਨੂੰ ਲੱਭਣ ਲਈ ਅਤੇ ਵਕੀਲ 'ਤੇ ਪੈਸੇ ਲਗਾਏ, ਫਿਰ ਥਾਂ-ਥਾਂ ਧੱਕੇ ਖਾ ਕੇ ਅੱਜ ਮੈਂ 2 ਸਾਲ ਬਾਅਦ ਆਪ ਆਪਣੇ ਭਰਾ ਦੀ ਮ੍ਰਿਤਕ ਦੇਹ ਹਾਸਲ ਕਰ ਪਾਇਆ ਹਾਂ ਤਾਂ ਕਿਤੇ ਨਾ ਕਿਤੇ ਇਸ ਵਿੱਚ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਹੈ।"

ਜਗਦੀਪ ਮੁਤਾਬਕ ਸਾਲ 2023 ਵਿੱਚ ਐੱਫਆਈਆਰ ਦਰਜ ਹੋਈ ਸੀ। ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹ ਕਹਿੰਦੇ ਹਨ ਉਹ 3-4 ਵਾਰ ਮੁੱਖ ਮੰਤਰੀ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਸਸਕਾਰ ਨਹੀਂ ਕਰਨਗੇ।

ਇਹ ਵੀ ਪੜ੍ਹੋ-
ਮ੍ਰਿਤਕ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ
ਤਸਵੀਰ ਕੈਪਸ਼ਨ, ਜਗਦੀਪ ਕੁਮਾਰ ਆਪਣੇ ਭਰਾ ਮਨਦੀਪ ਕੁਮਾਰ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਨ

ਸਰਕਾਰ ਤੋਂ ਕੀ ਮੰਗ ਕੀਤੀ

ਜਗਦੀਪ ਕਹਿੰਦੇ ਹਨ, "ਮੇਰੀ ਹੱਥ ਜੋੜ ਕੇ ਸੂਬਾ ਅਤੇ ਕੇਂਦਰ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਜਿੰਨੇ ਵੀ ਭਾਰਤੀ ਉੱਥੇ ਫਸੇ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਉਥੋਂ ਕਢਿਆ ਜਾਵੇਂ। ਜਦੋਂ ਤੱਕ ਠੱਗ ਏਜੰਟਾਂ ਦਾ ਨੈੱਟਵਰਕ ਨਹੀਂ ਟੁੱਟਦਾ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਉਦੋਂ ਤੱਕ ਇਹ ਭਰਤੀ ਬੰਦ ਹੋਵੇਗੀ।"

ਉਹ ਦੱਸਦੇ ਹਨ ਮਨਦੀਪ ਦੀ ਮੌਤ ਤਾਂ ਬਹੁਤ ਦੇਰ ਪਹਿਲਾਂ ਹੋ ਚੁੱਕੀ ਹੈ, ਹੁਣ ਉਹ ਸਿਰਫ਼ ਉਸ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਨ ਅਤੇ ਕਹਿੰਦੇ ਹਨ ਕਿ ਉਸ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।

ਉੱਧਰ ਜਲੰਧਰ ਰੂਰਲ ਪੁਲਿਸ ਦੇ ਐੱਸਐੱਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਕਰ ਚੁੱਕੇ ਹਾਂ। ਇੱਕ ਗ੍ਰਿਫਤਾਰੀ ਅਸੀਂ ਕੱਲ੍ਹ ਕੀਤੀ ਹੈ। ਸਿਰਫ਼ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੀਐੱਮ ਮੋਦੀ ਨੇ ਰੂਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਮੁੱਦਾ ਚੁੱਕਿਆ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਗੱਲਬਾਤ ਦੌਰਾਨ ਰੂਸੀ ਫੌਜ ਵਿੱਚ ਭਰਤੀ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ਚੁੱਕਿਆ ਸੀ।

ਮਿਸਰੀ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਆਪਣੀ ਗੱਲਬਾਤ ਦੌਰਾਨ ਰੂਸ ਤੋਂ ਅਜਿਹੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਕੁਝ ਭਾਰਤੀ ਨਾਗਰਿਕਾਂ ਨੇ ਰੂਸੀ ਫੌਜ ਵਿੱਚ ਸਹਾਇਕ ਜਾਂ ਗੈਰ-ਫੌਜੀ ਨੌਕਰੀਆਂ ਲਈ ਇਕਰਾਰਨਾਮੇ 'ਤੇ ਦਸਤਖਤ ਕੀਤੇ ਸਨ। ਹਾਲਾਂਕਿ, ਕਈਆਂ ਨੇ ਦਾਅਵਾ ਕੀਤਾ ਕਿ ਰੂਸ ਪਹੁੰਚਣ 'ਤੇ ਉਨ੍ਹਾਂ ਨੂੰ ਧੋਖੇ ਨਾਲ ਅਜਿਹੀਆਂ ਨੌਕਰੀਆਂ ਲਈ ਲੁਭਾਇਆ ਗਿਆ ਸੀ।

ਇਨ੍ਹਾਂ ਵਿੱਚੋਂ ਕੁਝ ਵਿਅਕਤੀ ਵਿਦਿਆਰਥੀ ਜਾਂ ਵਿਜ਼ਟਰ ਵੀਜ਼ੇ 'ਤੇ ਉੱਥੇ ਗਏ ਸਨ, ਪਰ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ।

ਵਿਦੇਸ਼ ਮੰਤਰਾਲੇ ਨੇ ਰੂਸ 'ਚ ਫਸੇ ਭਾਰਤੀ ਨਾਗਰਿਕਾਂ ਬਾਰੇ ਕੀ ਦੱਸਿਆ ਸੀ

ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ

ਤਸਵੀਰ ਸਰੋਤ, @KVSinghMPGonda

ਤਸਵੀਰ ਕੈਪਸ਼ਨ, ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ

24 ਜੁਲਾਈ 2025 ਨੂੰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵੀ ਇਸ ਮਾਮਲੇ ਸਬੰਧੀ ਰਾਜ ਸਭ ਵਿੱਚ ਵਾਲ ਕੀਤਾ ਸੀ। ਜਿਸ ਦੇ ਜਵਾਬ 'ਚ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਨੇ ਜਾਣਕਾਰੀ ਦਿੱਤੀ ਸੀ।

ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਰੂਸ 'ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਵਤਨ ਵਾਪਸੀ ਅਤੇ ਇਸ ਕੰਮ 'ਚ ਆਉਂਦੀਆਂ ਚੁਣੌਤੀਆਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਤਾਇਨਾਤ ਭਾਰਤੀ ਮਿਸ਼ਨ ਅਤੇ ਪੋਸਟਾਂ (ਅਧਿਕਾਰੀ) ਉਨ੍ਹਾਂ ਦੇਸ਼ਾਂ 'ਚ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਦੇ ਅਨੁਸਾਰ, ਰੂਸੀ ਹਥਿਆਰਬੰਦ ਫੌਜਾਂ ਵਿੱਚ 127 ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ 98 ਵਿਅਕਤੀਆਂ (ਉੱਚ ਪੱਧਰੀ ਸਮੇਤ) ਦੀਆਂ ਸੇਵਾਵਾਂ ਨੂੰ ਇਸ ਮਾਮਲੇ 'ਤੇ ਭਾਰਤ ਅਤੇ ਰੂਸੀ ਸਰਕਾਰਾਂ ਵਿਚਕਾਰ ਚੱਲ ਰਹੀ ਗੱਲਬਾਤ ਦੇ ਨਤੀਜੇ ਵਜੋਂ ਖਤਮ ਕਰ ਦਿੱਤਾ ਗਿਆ ਸੀ। ਰੂਸੀ ਹਥਿਆਰਬੰਦ ਫੌਜਾਂ ਵਿੱਚ 13 ਭਾਰਤੀ ਨਾਗਰਿਕ ਅਜੇ ਵੀ ਮੌਜੂਦ ਹਨ, ਜਿਨ੍ਹਾਂ ਵਿੱਚੋਂ 12 ਬਾਰੇ ਰੂਸ ਵੱਲੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਬੰਧਤ ਰੂਸੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬਾਕੀ ਰਹਿੰਦੇ/ਲਾਪਤਾ ਵਿਅਕਤੀਆਂ ਬਾਰੇ ਅੱਪਡੇਟ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ, ਤੰਦਰੁਸਤੀ ਅਤੇ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)