ਸਾਊਦੀ ਅਰਬ ਨੇ ਲੱਖਾਂ ਊਠਾਂ ਨੂੰ ਪਾਸਪੋਰਟ ਜਾਰੀ ਕਰਨ ਦਾ ਫ਼ੈਸਲਾ ਕਿਉਂ ਕੀਤਾ?

ਊਠ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਊਦੀ ਅਰਬ ਦੇਸ਼ ਦੇ ਲੱਖਾਂ ਊਠਾਂ ਨੂੰ ਪਾਸਪੋਰਟ ਜਾਰੀ ਕਰ ਰਿਹਾ ਹੈ (ਸੰਕੇਤਕ ਤਸਵੀਰ)
    • ਲੇਖਕ, ਸਈਅਦ ਅਬਦੁੱਲ੍ਹਾ ਨਿਜ਼ਾਮੀ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 7 ਮਿੰਟ

ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਦੇ ਲੱਖਾਂ ਊਠਾਂ ਨੂੰ ਪਾਸਪੋਰਟ ਜਾਰੀ ਕਰ ਰਿਹਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਦੇਸ਼ ਦੇ ਇਨ੍ਹਾਂ ਕੀਮਤੀ ਜਾਨਵਰਾਂ ਦੀ ਵਧੀਆ ਢੰਗ ਨਾਲ ਦੇਖਭਾਲ ਕਰਨ ਵਿੱਚ ਮਦਦ ਮਿਲੇਗੀ।

ਸਾਊਦੀ ਅਧਿਕਾਰੀਆਂ ਦੇ ਅਨੁਸਾਰ ਇਸ ਕਦਮ ਨਾਲ ਊਠ ਪਾਲਣ ਦੇ ਫ਼ਾਇਦੇ ਵਧਣਗੇ। ਨਾਲ ਹੀ ਜਾਨਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਮਾਲਕਾਂ ਬਾਰੇ ਇੱਕ ਭਰੋਸੇਯੋਗ ਡੇਟਾਬੇਸ ਤਿਆਰ ਹੋਵੇਗਾ।

ਵਾਤਾਵਰਣ, ਜਲ ਅਤੇ ਖੇਤੀਬਾੜੀ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਇਸ ਨਾਲ ਸੰਬੰਧਤ ਦਸਤਾਵੇਜ਼ ਵੀ ਦਿਖਾਏ ਗਏ ਹਨ। ਇਸ ਵਿੱਚ ਇੱਕ ਹਰਾ ਪਾਸਪੋਰਟ ਦਿਖਾਇਆ ਗਿਆ ਹੈ, ਜਿਸ 'ਤੇ ਦੇਸ਼ ਦਾ 'ਕੋਟ ਆਫ਼ ਆਰਮਜ਼' (ਰਾਜਚਿੰਨ੍ਹ) ਅਤੇ ਊਠ ਦੀ ਸੁਨਹਿਰੀ ਮੁਹਰ ਹੈ।

ਸਾਲ 2024 ਵਿੱਚ ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ ਸਾਊਦੀ ਅਰਬ ਵਿੱਚ ਲਗਭਗ 22 ਲੱਖ ਊਠ ਹਨ।

ਇਹ ਊਠ ਹਰ ਸਾਲ ਦੇਸ਼ ਦੀ ਅਰਥਵਿਵਸਥਾ ਵਿੱਚ ਦੋ ਅਰਬ ਰਿਆਲ ਤੋਂ ਵੱਧ ਦਾ ਯੋਗਦਾਨ ਦਿੰਦੇ ਹਨ।

'ਅਰਬ ਨਿਊਜ਼' ਮੁਤਾਬਕ ਦੁਨੀਆ ਭਰ ਵਿੱਚ ਲਗਭਗ 3.5 ਕਰੋੜ ਊਠ ਹਨ, ਜਿਨ੍ਹਾਂ ਵਿੱਚੋਂ 1 ਕਰੋੜ 70 ਲੱਖ ਅਰਬ ਦੇਸ਼ਾਂ ਵਿੱਚ ਹਨ। ਇਸ ਮਾਮਲੇ ਵਿੱਚ ਅਰਬ ਦੇਸ਼ਾਂ ਵਿੱਚ ਸੋਮਾਲੀਆ ਪਹਿਲੇ ਨੰਬਰ 'ਤੇ ਹੈ। ਉਸ ਤੋਂ ਬਾਅਦ ਸੂਡਾਨ, ਮੌਰੀਟਾਨੀਆ, ਸਾਊਦੀ ਅਰਬ ਅਤੇ ਯਮਨ ਹੈ।

ਊਠ ਸਾਊਦੀ ਅਰਬ ਦੇ ਰਾਸ਼ਟਰੀ ਪ੍ਰਤੀਕ ਦਾ ਅਹਿਮ ਹਿੱਸਾ ਹਨ। ਦੇਸ਼ ਵਿੱਚ ਊਠਾਂ ਦੇ ਸੁੰਦਰਤਾ ਮੁਕਾਬਲੇ ਅਤੇ ਸ਼ੋਅ ਕਰਵਾਏ ਜਾਂਦੇ ਹਨ, ਜਿੱਥੇ ਵਧੀਆ ਨਸਲ ਦੇ ਊਠਾਂ ਨੂੰ ਇਨਾਮਾਂ ਨਾਲ ਨਵਾਜ਼ਿਆ ਜਾਂਦਾ ਹੈ।

ਰਾਸ਼ਟਰੀ ਦਿਹਾੜਿਆਂ, ਵਿਸ਼ੇਸ਼ ਅਤੇ ਇਤਿਹਾਸਕ ਮੌਕਿਆਂ 'ਤੇ ਸਾਊਦੀ ਅਰਬ ਦੀਆਂ ਪ੍ਰਦਰਸ਼ਨੀਆਂ ਊਠਾਂ ਤੋਂ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਸਾਊਦੀ ਅਰਬ ਅਤੇ ਅਰਬ ਖਾੜੀ ਦੇਸ਼ਾਂ ਵਿੱਚ ਊਠਾਂ ਦੀ ਭੂਮਿਕਾ ਦਾ ਲੰਬਾ ਇਤਿਹਾਸ ਰਿਹਾ ਹੈ।

ਊਠਾਂ ਦਾ ਇਤਿਹਾਸ

ਊਠ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਧਾਨੀ ਰਿਆਧ ਤੋਂ ਲਗਭਗ 150 ਕਿਲੋਮੀਟਰ ਪੂਰਬ ਵਿੱਚ ਰਾਮਾਹ ਵਿੱਚ ਸਾਲਾਨਾ ਤਿਉਹਾਰ 'ਤੇ ਊਠ ਸਵਾਰ ਪਹੁੰਚਦੇ ਹਨ (ਫਾਈਲ ਫੋਟੋ)

ਜੇ ਸੰਖੇਪ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੀਆਂ ਅਜਿਹੀਆਂ ਤਸਵੀਰਾਂ ਮਿਲਦੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੱਕਾ ਅਤੇ ਮਦੀਨਾ ਵਰਗੇ ਇਸਲਾਮ ਦੇ ਪਵਿੱਤਰ ਸ਼ਹਿਰਾਂ ਤੱਕ ਸਫ਼ਰ ਕਰਨ ਲਈ ਊਠ ਹੀ ਮੁੱਖ ਸਾਧਨ ਸਨ।

ਅਫ਼ਗਾਨਿਸਤਾਨ, ਕੇਂਦਰੀ ਏਸ਼ੀਆ, ਦੱਖਣੀ ਏਸ਼ੀਆ ਅਤੇ ਦੂਰ-ਪੂਰਬ ਤੋਂ ਧਾਰਮਿਕ ਯਾਤਰਾ 'ਤੇ ਨਿਕਲੇ ਲੋਕਾਂ ਦੇ ਕਾਫ਼ਲੇ ਊਠਾਂ 'ਤੇ ਲੰਬੇ ਸਫ਼ਰ ਤੈਅ ਕਰ ਕੇ ਸਾਊਦੀ ਅਰਬ ਪਹੁੰਚਦੇ ਸਨ। ਖਾੜੀ ਦੇ ਬੰਜਰ ਰੇਗਿਸਤਾਨਾਂ ਵਿੱਚ ਆਵਾਜਾਈ ਲਈ ਊਠਾਂ ਦੀ ਵਰਤੋਂ ਦੀ ਪਰੰਪਰਾ ਸਦੀਆਂ ਪੁਰਾਣੀ ਹੈ।

ਖੋਜਾਂ ਤੋਂ ਪਤਾ ਲੱਗਿਆ ਹੈ ਕਿ ਸਾਊਦੀ ਅਰਬ ਵਿੱਚ ਪੱਥਰਾਂ 'ਤੇ ਉੱਕਰੀਆਂ ਊਠਾਂ ਦੀਆਂ ਮੂਰਤੀਆਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਾਨਵਰਾਂ ਦੀਆਂ ਤਸਵੀਰਾਂ ਹੋ ਸਕਦੀਆਂ ਹਨ।

ਜਦੋਂ ਸਾਲ 2018 ਵਿੱਚ ਪਹਿਲੀ ਵਾਰ ਉਨ੍ਹਾਂ ਥਾਵਾਂ 'ਤੇ ਖੁਦਾਈ ਕੀਤੀ ਗਈ ਤਾਂ ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਕਿ ਪੱਥਰਾਂ 'ਤੇ ਉੱਕਰੀਆਂ ਇਹ ਤਸਵੀਰਾਂ ਲਗਭਗ ਦੋ ਹਜ਼ਾਰ ਸਾਲ ਪਹਿਲਾਂ ਬਣਾਈਆਂ ਗਈਆਂ ਹੋਣਗੀਆਂ।

ਇਹ ਅੰਦਾਜ਼ਾ ਇਸ ਲਈ ਲਗਾਇਆ ਗਿਆ ਕਿਉਂਕਿ ਪੱਥਰਾਂ 'ਤੇ ਉੱਕਰੀਆਂ ਇਹ ਤਸਵੀਰਾਂ ਜੋਰਡਨ ਦੇ ਮਸ਼ਹੂਰ ਪ੍ਰਾਚੀਨ ਸ਼ਹਿਰ ਪੇਟਰਾ ਵਿੱਚ ਮਿਲੇ ਪੁਰਾਤਨ ਵਸਤਾਂ ਨਾਲ ਮਿਲਦੀਆਂ-ਜੁਲਦੀਆਂ ਸਨ। ਹਾਲਾਂਕਿ ਬਾਅਦ ਦੀ ਖੋਜ ਵਿੱਚ ਊਠਾਂ ਦੀਆਂ ਇਨ੍ਹਾਂ ਤਸਵੀਰਾਂ ਦੀ ਉਮਰ ਸੱਤ ਹਜ਼ਾਰ ਤੋਂ ਅੱਠ ਹਜ਼ਾਰ ਸਾਲ ਦੱਸੀ ਗਈ।

ਪੱਥਰਾਂ 'ਤੇ ਕੀਤੀ ਗਈ ਨੱਕਾਸ਼ੀ ਦੀ ਸਹੀ ਉਮਰ ਤੈਅ ਕਰਨਾ ਖੋਜਕਾਰਾਂ ਲਈ ਇੱਕ ਵੱਡੀ ਚੁਣੌਤੀ ਰਹੀ ਹੈ, ਕਿਉਂਕਿ ਗੁਫ਼ਾ ਚਿੱਤਰਾਂ ਦੇ ਉਲਟ ਇਨ੍ਹਾਂ ਨਮੂਨਿਆਂ ਵਿੱਚ ਅਕਸਰ ਕੋਈ ਜੈਵਿਕ ਸਮੱਗਰੀ ਨਹੀਂ ਹੁੰਦੀ। ਇਸ ਖੇਤਰ ਵਿੱਚ ਇਸ ਪੱਧਰ ਦੀ 'ਰਾਕ ਆਰਟ' ਮਿਲਣਾ ਵੀ ਦੁਰਲੱਭ ਹੈ।

1930 ਵਿੱਚ ਮੱਕਾ ਵੱਲ ਜਾ ਰਿਹਾ ਇੱਕ ਕਾਫ਼ਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1930 ਵਿੱਚ ਮੱਕਾ ਵੱਲ ਜਾ ਰਿਹਾ ਇੱਕ ਕਾਫ਼ਲਾ

ਸਤੰਬਰ 2021 ਵਿੱਚ ਅੰਤਰਰਾਸ਼ਟਰੀ ਖੋਜਕਾਰਾਂ ਦੀ ਇੱਕ ਟੀਮ ਨੇ ਆਪਣੇ ਨਤੀਜੇ 'ਜਰਨਲ ਆਫ਼ ਆਰਕਿਆਲੋਜਿਕਲ ਸਾਇੰਸ' ਵਿੱਚ ਪ੍ਰਕਾਸ਼ਿਤ ਕੀਤੇ।

ਉਨ੍ਹਾਂ ਨੇ ਮੂਰਤੀਆਂ ਦੀ ਨਵੀਂ ਤਰੀਕ ਤੈਅ ਕਰਨ ਲਈ ਖੇਤਰ ਵਿੱਚ ਮਿਲੇ ਰਗੜ ਦੇ ਪੈਟਰਨ, ਨਿਸ਼ਾਨਾਂ ਅਤੇ ਜਾਨਵਰਾਂ ਦੀਆਂ ਹੱਡੀਆਂ ਦਾ ਵਿਸ਼ਲੇਸ਼ਣ ਕੀਤਾ।

ਅਜਿਹੇ ਸਮਾਰਕ ਪੱਥਰ ਯੁੱਗ ਤੋਂ ਵੀ ਪੁਰਾਣੇ ਦੱਸੇ ਜਾਂਦੇ ਹਨ, ਜੋ ਪੰਜ ਹਜ਼ਾਰ ਸਾਲ ਤੱਕ ਪ੍ਰਾਚੀਨ ਹੋ ਸਕਦੇ ਹਨ। ਇਹ ਮਿਸਰ ਦੇ ਗੀਜ਼ਾ ਪਿਰਾਮਿਡਾਂ ਤੋਂ ਵੀ ਪੁਰਾਣੇ ਹੋ ਸਕਦੇ ਹਨ, ਜੋ ਸਾਢੇ ਚਾਰ ਹਜ਼ਾਰ ਸਾਲ ਪੁਰਾਣੇ ਹਨ।

ਅਜਿਹੇ ਸਮਾਰਕ ਊਠਾਂ ਨੂੰ ਪਾਲਤੂ ਜਾਨਵਰ ਵਜੋਂ ਰੱਖਣ ਤੋਂ ਪਹਿਲਾਂ ਹੀ ਬਣਾਏ ਗਏ ਸਨ, ਜੋ ਇਸ ਖੇਤਰ ਦੇ ਆਰਥਿਕ ਵਿਕਾਸ ਦੀ ਇੱਕ ਅਹਿਮ ਪਛਾਣ ਸਨ।

ਜਦੋਂ ਇਹ ਮੂਰਤੀਆਂ ਬਣਾਈਆਂ ਗਈਆਂ ਸਨ, ਉਸ ਸਮੇਂ ਦਾ ਸਾਊਦੀ ਅਰਬ ਅੱਜ ਦੇ ਸਮੇਂ ਤੋਂ ਬਿਲਕੁਲ ਵੱਖਰਾ ਸੀ। ਅੱਜ ਦੇ ਰੇਗਿਸਤਾਨਾਂ ਦੀ ਥਾਂ ਉੱਥੇ ਝੀਲਾਂ ਦੇ ਨਾਲ-ਨਾਲ ਹਰਿਆਵਲੀ ਅਤੇ ਘਾਹ ਵਾਲੇ ਇਲਾਕੇ ਸਨ।

ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਊਠਾਂ ਦੀਆਂ ਇਹ ਮੂਰਤੀਆਂ ਕਿਉਂ ਬਣਾਈਆਂ ਗਈਆਂ ਸਨ, ਪਰ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਖ਼ਾਨਾਬਦੋਸ਼ ਕਬੀਲਿਆਂ ਦੇ ਇਕੱਠ ਹੋਣ ਦੀ ਥਾਂ ਰਹੀ ਹੋਵੇਗੀ।

"ਊਠਾਂ ਤੋਂ ਬਿਨਾਂ ਰੇਗਿਸਤਾਨ ਵਿੱਚ ਜ਼ਿੰਦਾ ਰਹਿਣਾ ਨਾਮੁਮਕਿਨ ਸੀ"

ਊਠ

ਸਾਊਦੀ ਇਤਿਹਾਸਕਾਰ ਅਤੇ ਰਿਆਦ ਅਖ਼ਬਾਰ ਦੇ ਕਾਲਮਕਾਰ ਬਦਰ ਬਿਨ ਸਾਊਦ ਦਾ ਕਹਿਣਾ ਹੈ ਕਿ ਊਠ ਸਦੀਆਂ ਤੋਂ ਅਰਬ ਪ੍ਰਾਇਦੀਪ ਵਿੱਚ ਜੀਵਨ ਦਾ ਅਟੁੱਟ ਅੰਗ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਊਠਾਂ ਤੋਂ ਬਿਨਾਂ ਇਸ ਝੁਲਸਦੇ ਰੇਗਿਸਤਾਨ ਵਿੱਚ ਜ਼ਿੰਦਾ ਰਹਿਣਾ ਨਾਮੁਮਕਿਨ ਸੀ।"

ਇਸੇ ਖੂਬੀ ਕਾਰਨ ਅਰਬ ਦੁਨੀਆ ਦੀ ਅਰਥਵਿਵਸਥਾ, ਸੱਭਿਆਚਾਰ ਅਤੇ ਜੀਵਨ ਦੇ ਹੋਰ ਪਹਿਲੂਆਂ ਵਿੱਚ ਊਠ ਸ਼ਾਮਲ ਰਹੇ ਹਨ।

ਜਿਵੇਂ ਕਿ ਬਦਰ ਬਿਨ ਸਾਊਦ ਕਹਿੰਦੇ ਹਨ, "ਇਸਲਾਮ ਤੋਂ ਪਹਿਲਾਂ ਦੇ ਦੌਰ ਵਿੱਚ ਤਰਫ਼ਾ ਇਬਨ ਅਲ-ਅਬਦ ਵਰਗੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿੱਚ ਊਠ ਦਾ ਜ਼ਿਕਰ ਕੀਤਾ ਸੀ।"

ਡਾਕਟਰ ਬਦਰ ਬਿਨ ਸਾਊਦ ਦੇ ਅਨੁਸਾਰ, "ਊਠਾਂ ਨੇ ਮਨੁੱਖੀ ਜ਼ਿੰਦਗੀ ਵਿੱਚ ਅਜਿਹੀ ਭੂਮਿਕਾ ਨਿਭਾਈ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਕੋਲ ਵੀ ਇੱਕ ਊਠ ਸੀ, ਜਿਸ ਦਾ ਨਾਂ 'ਕਸਵਾ' ਸੀ।"

ਭਾਵੇਂ ਸਵਾਰੀ ਜਾਂ ਸਮਾਨ ਢੋਣ ਲਈ ਊਠਾਂ ਦੀ ਲੋੜ ਘੱਟ ਹੋ ਗਈ ਹੈ, ਪਰ ਅਰਬ ਨੇਤਾਵਾਂ ਅਤੇ ਊਠਾਂ ਦਰਮਿਆਨ ਪਿਆਰ ਅਤੇ ਇਤਿਹਾਸਕ ਨਾਤਾ ਅਜੇ ਵੀ ਕਾਇਮ ਹੈ।

ਆਧੁਨਿਕ ਸਾਊਦੀ ਅਰਬ ਦੇ ਸੰਸਥਾਪਕ ਸ਼ਾਹ ਅਬਦੁਲ ਅਜ਼ੀਜ਼ ਕੋਲ ਊਠਾਂ ਦਾ ਇੱਕ ਝੁੰਡ ਸੀ, ਜਿਸ ਨੂੰ 'ਅਲ-ਰਮਾਤ' ਕਿਹਾ ਜਾਂਦਾ ਸੀ, ਅਤੇ ਇੱਕ ਖ਼ਾਸ ਊਠ ਵੀ ਸੀ, ਜਿਸ ਦਾ ਨਾਂ 'ਅਲ-ਦੁਵੈਲਾ' ਸੀ।

ਸ਼ਾਹ ਸਲਮਾਨ ਵੀ ਊਠਾਂ ਦੇ ਵੱਡੇ ਸ਼ੌਕੀਨ

ਊਠ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 20ਵੀਂ ਸਦੀ ਦੇ ਮੱਧ ਵਿੱਚ ਸਾਊਦੀ ਅਰਬ ਅਤੇ ਇੱਕ ਅਮਰੀਕੀ ਕੰਪਨੀ ਦੇ ਸਾਂਝੇ ਉੱਦਮ ਵਿੱਚ ਇੱਕ ਤੇਲ ਦੇ ਖੂਹ ਦੇ ਨੇੜੇ ਊਠਾਂ ਦਾ ਝੁੰਡ (ਫਾਈਲ ਫੋਟੋ)

ਬਦਰ ਬਿਨ ਸਾਊਦ ਕਹਿੰਦੇ ਹਨ, "ਬਾਦਸ਼ਾਹ ਨੇ ਇੱਕ ਵਾਰ ਸ਼ਹਿਜ਼ਾਦਾ ਸਾਊਦ ਬਿਨ ਮੁਹੰਮਦ ਨੂੰ ਕਿਹਾ ਸੀ ਕਿ ਉਹ ਆਪਣੇ ਖ਼ੂਬਸੂਰਤ ਊਠਾਂ ਵਿੱਚੋਂ ਇੱਕ 'ਮੁਨਕਿਆ' ਨੂੰ ਦਾਵਤ ਲਈ ਭੇਜਣ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕੋਲ ਵੀ 'ਅਲ-ਸ਼ਰਫ਼' ਨਾਂ ਦਾ ਇੱਕ ਖ਼ੂਬਸੂਰਤ ਅਤੇ ਵਧੀਆ ਨਸਲ ਦਾ ਊਠ ਹੈ।"

ਊਠਾਂ ਨੂੰ 'ਰੇਗਿਸਤਾਨ ਦਾ ਜਹਾਜ਼' ਕਿਹਾ ਜਾਂਦਾ ਹੈ, ਕਿਉਂਕਿ ਹਰ ਇੱਕ ਊਠ ਚਾਰ ਸੌ ਕਿਲੋਗ੍ਰਾਮ ਤੱਕ ਭਾਰ ਢੋ ਸਕਦਾ ਹੈ।

ਗੱਡੀਆਂ ਅਤੇ ਆਧੁਨਿਕ ਸਾਧਨਾਂ ਦੇ ਨਾ ਹੋਣ ਦੇ ਦੌਰ ਵਿੱਚ ਮੱਕਾ ਦੇ ਕੁਰੈਸ਼ ਸਰਦਾਰਾਂ ਦੇ ਕਾਫ਼ਲੇ ਇਨ੍ਹਾਂ ਹੀ ਊਠਾਂ 'ਤੇ ਸਵਾਰ ਹੋ ਕੇ ਸੀਰੀਆ ਅਤੇ ਯਮਨ ਤੱਕ ਯਾਤਰਾ ਕਰਦੇ ਸਨ।

'ਉਕਲਾਤ' ਕਹੇ ਜਾਣ ਵਾਲੇ ਵਪਾਰੀ ਚਾਰ ਸੌ ਸਾਲ ਪਹਿਲਾਂ ਭਾਰਤ, ਤੁਰਕੀ, ਮੋਰੱਕੋ ਅਤੇ ਨਾਈਜੀਰੀਆ ਤੱਕ ਊਠਾਂ ਦਾ ਵਪਾਰ ਕਰਦੇ ਸਨ। ਕੁਝ ਦਹਾਕੇ ਪਹਿਲਾਂ ਤੱਕ ਊਠਾਂ ਦਾ ਇਸਤੇਮਾਲ ਤੇਲ ਕੱਢਣ ਅਤੇ ਸਾਫ਼ ਕਰਨ ਵਿੱਚ ਵੀ ਹੁੰਦਾ ਸੀ।

ਊਠ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2018 ਵਿੱਚ ਕਿੰਗ ਅਬਦੁਲ ਅਜ਼ੀਜ਼ ਦੇ ਊਠ ਪ੍ਰਦਰਸ਼ਨੀ ਵਿੱਚ 30,000 ਊਠ ਲਿਆਂਦੇ ਗਏ ਸਨ (ਫਾਈਲ ਫੋਟੋ)

ਰੰਗ ਦੇ ਆਧਾਰ 'ਤੇ ਊਠਾਂ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਊਠ ਭੂਰੇ ਤੋਂ ਲੈ ਕੇ ਲਾਲ ਰੰਗ ਦੇ ਹੁੰਦੇ ਹਨ। ਊਠਾਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਓਮਾਨ ਅਤੇ ਸੂਡਾਨ ਦੇ ਊਠ ਆਪਣੀ ਦੌੜਣ ਦੀ ਸਮਰੱਥਾ ਲਈ ਮਸ਼ਹੂਰ ਹਨ, ਜਦਕਿ ਸਾਊਦੀ ਅਰਬ ਦੇ ਤਟਵਰਤੀ ਇਲਾਕਿਆਂ ਦੀਆਂ ਊਠਣੀਆਂ ਦੁੱਧ ਲਈ ਮਸ਼ਹੂਰ ਹਨ।

ਭਾਵੇਂ ਦੌਲਤਮੰਦ ਸਾਊਦੀ ਅਰਬ ਦੁਨੀਆ ਦੇ ਤਕਨੀਕੀ ਅਤੇ ਆਧੁਨਿਕ ਯੁੱਗ ਨਾਲ ਕਦਮ ਮਿਲਾਉਣ ਲਈ ਭਾਰੀ ਪੂੰਜੀ ਨਿਵੇਸ਼ ਕਰ ਰਿਹਾ ਹੈ, ਪਰ ਨਾਲ ਹੀ ਉਹ ਇਹ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਊਠਾਂ ਦੇ ਇਤਿਹਾਸਕ ਮਹੱਤਵ ਅਤੇ ਸੱਭਿਆਚਾਰਕ ਰੰਗ ਨੂੰ ਇਸਦਾ ਹਿੱਸਾ ਬਣਾਇਆ ਜਾਵੇ।

ਫ਼ਿਲਹਾਲ 'ਸਵਾਨੀ' ਨਾਂ ਦੀ ਕੰਪਨੀ ਊਠਣੀ ਦੇ ਦੁੱਧ ਅਤੇ ਪਾਊਡਰ ਉਦਯੋਗ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਆਪਣੇ ਉਤਪਾਦ ਪਹਿਲਾਂ ਹੀ 25 ਦੇਸ਼ਾਂ ਵਿੱਚ ਨਿਰਯਾਤ ਕਰ ਚੁੱਕੀ ਹੈ। ਇਹ ਊਠਣੀ ਦੇ ਦੁੱਧ ਨਾਲ ਆਇਸਕ੍ਰੀਮ ਵੀ ਤਿਆਰ ਕਰਦੀ ਹੈ।

'ਅਬੀਲ' ਬ੍ਰਾਂਡ ਊਠ ਦੀ ਉਨ ਅਤੇ ਖ਼ਾਲ ਤੋਂ ਕੱਪੜੇ, ਹੱਥ ਨਾਲ ਬਣੇ ਬੈਗ ਅਤੇ ਜੁੱਤੇ ਤਿਆਰ ਕਰਦਾ ਹੈ। ਊਠ ਦੀ ਖ਼ਾਲ ਨੂੰ ਮਗਰਮੱਛ ਦੀ ਖ਼ਾਲ ਤੋਂ ਬਾਅਦ ਸਭ ਤੋਂ ਮਜ਼ਬੂਤ ਅਤੇ ਟਿਕਾਊ ਖ਼ਾਲ ਮੰਨਿਆ ਜਾਂਦਾ ਹੈ।

ਸਾਊਦੀ ਅਰਬ ਦੇ 'ਵਿਜ਼ਨ 2030' ਤਹਿਤ ਤੇਲ ਉਦਯੋਗ ਤੋਂ ਬਾਅਦ ਊਠਾਂ 'ਤੇ ਆਧਾਰਿਤ ਉਦਯੋਗ ਦੇਸ਼ ਦੀ ਆਮਦਨ ਦਾ ਇੱਕ ਅਹਿਮ ਸਰੋਤ ਬਣੇਗਾ।

ਆਮਦਨ ਤੋਂ ਇਲਾਵਾ, ਊਠਾਂ ਨਾਲ ਇਤਿਹਾਸ, ਧਾਰਮਿਕ ਪਰੰਪਰਾਵਾਂ ਅਤੇ ਰਸਮੋ-ਰਿਵਾਜਾਂ ਦੀਆਂ ਭਾਵਨਾਵਾਂ ਵੀ ਜੁੜੀ ਹੋਈ ਹੈ, ਜੋ ਸਾਊਦੀ ਨਾਗਰਿਕਾਂ ਲਈ ਨਫ਼ੇ ਦੇ ਨਾਲ-ਨਾਲ ਮਾਣ ਦੀ ਗੱਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)