ਊਠਣੀ ਦੇ ਦੁੱਧ ਨੂੰ 'ਚਿੱਟਾ ਸੋਨਾ' ਕਿਉਂ ਕਿਹਾ ਜਾਂਦਾ ਹੈ? ਊਠਣੀ ਦੇ ਦੁੱਧ ਵਿੱਚ ਅਜਿਹਾ ਕੀ ਹੁੰਦਾ ਹੈ ਜੋ ਗਾਂ ਜਾਂ ਮੱਝ ਦੇ ਦੁੱਧ ਵਿੱਚ ਨਹੀਂ ਹੁੰਦਾ

ਤਸਵੀਰ ਸਰੋਤ, mahesh garva/sahjivan
- ਲੇਖਕ, ਅਪੂਰਵ ਅਮੀਨ
- ਰੋਲ, ਬੀਬੀਸੀ ਗੁਜਰਾਤੀ
"ਊਠ ਮੇਲੇ ਆਂਕੜੋ (ਰੇਗਿਸਤਾਨ ਵਿੱਚ ਉੱਗਣ ਵਾਲਾ ਪੌਦਾ) ਤੇ ਬੱਕਰੀ ਮੂਕੇ ਕੰਕਰੋ" ਇਹ ਕਹਾਵਤ ਗੁਜਰਾਤ ਦੇ ਕਈ ਪਿੰਡਾਂ ਵਿੱਚ ਆਮ ਹੈ। ਊਠ, ਕਿਉਂਕਿ ਕਈ ਤਰ੍ਹਾਂ ਦੇ ਪੌਦੇ ਖਾਂਦਾ ਹੈ, ਇਸ ਲਈ ਕੱਛ ਦੇ ਊਠ ਦੇ ਦੁੱਧ ਨੂੰ 'ਚਿੱਟਾ ਸੋਨਾ' ਕਿਹਾ ਜਾਂਦਾ ਹੈ।
ਊਠਣੀ ਦਾ ਦੁੱਧ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਈ ਗੰਭੀਰ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ 'ਸੰਪੂਰਨ ਖੁਰਾਕਾਂ' ਵਿੱਚ ਵੀ ਆਪਣੀ ਥਾਂ ਪੱਕੀ ਕਰਦਾ ਹੈ।
ਬੀਬੀਸੀ ਨੇ ਊਠਣੀ ਦੇ ਦੁੱਧ ਬਾਰੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਭਾਰਤ ਵਿੱਚ ਊਠਾਂ ਦੀ 90% ਆਬਾਦੀ ਗੁਜਰਾਤ ਅਤੇ ਰਾਜਸਥਾਨ ਵਿੱਚ ਮਿਲਦੀ ਹੈ। ਹਾਲਾਂਕਿ, ਊਠਾਂ ਦੀ ਘਟਦੀ ਆਬਾਦੀ ਚਿੰਤਾ ਦਾ ਵਿਸ਼ਾ ਹੈ। ਹੁਣ ਤੱਕ ਇਨ੍ਹਾਂ ਦੀ ਵਰਤੋਂ ਆਵਾਜਾਈ ਅਤੇ ਮਾਲ ਢੋਣ ਦੇ ਸਾਧਨ ਵਜੋਂ ਕੀਤੀ ਜਾਂਦੀ ਰਹੀ ਹੈ, ਪਰ ਹੁਣ ਊਠ ਦੇ ਦੁੱਧ ਦੀ ਵਿਆਪਕ ਵਰਤੋਂ ਵਧਣ ਦੀ ਸੰਭਾਵਨਾ ਹੈ।
ਦੁਨੀਆ ਦੇ ਕਈ ਹਿੱਸਿਆਂ ਵਿੱਚ, ਖਾਸ ਕਰਕੇ ਖੁਸ਼ਕ ਅਤੇ ਅਰਧ-ਖੁਸ਼ਕ ਖੇਤਰਾਂ ਵਿੱਚ, ਊਠਣੀ ਦਾ ਦੁੱਧ ਮੁੱਖ ਖੁਰਾਕ ਦਾ ਇੱਕ ਅਹਿਮ ਹਿੱਸਾ ਹੈ।
ਨਿਊਜ਼ ਵੈੱਬਸਾਈਟ 'ਸਕਰੌਲ' ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਸਾਲਾਨਾ ਲਗਭਗ 7,000 ਟਨ ਊਠਣੀ ਦੇ ਦੁੱਧ ਦਾ ਉਤਪਾਦਨ ਕਰਦਾ ਹੈ, ਜੋ ਕਿ ਵਿਸ਼ਵ ਉਤਪਾਦਨ ਦੇ 0.2% ਤੋਂ ਵੀ ਘੱਟ ਹੈ।
ਭਾਰਤ ਨੇ 1984 ਵਿੱਚ ਊਠਾਂ 'ਤੇ ਰਾਸ਼ਟਰੀ ਖੋਜ ਕੇਂਦਰ ਦੀ ਸਥਾਪਨਾ ਕੀਤੀ ਸੀ।
ਰਿਪੋਰਟ ਦੇ ਅਨੁਸਾਰ, ਅਕਤੂਬਰ 2019 ਵਿੱਚ ਜਾਰੀ ਕੀਤੀ ਗਈ 20ਵੀਂ ਪਸ਼ੂਧਨ ਜਣਨਗਣਨਾ ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਊਠਾਂ ਦੀ ਆਬਾਦੀ 1970 ਦੇ ਦਹਾਕੇ ਵਿੱਚ ਅੰਦਾਜ਼ਨ 11 ਲੱਖ ਤੋਂ ਘਟ ਕੇ ਚਾਰ ਦਹਾਕਿਆਂ ਵਿੱਚ 75% ਦੀ ਕਮੀ ਨਾਲ ਮਹਿਜ਼ 2.5 ਲੱਖ ਰਹਿ ਗਈ ਹੈ। ਇਕੱਲੇ 2012 ਅਤੇ 2019 ਦੇ ਵਿਚਕਾਰ ਊਠਾਂ ਦੀ ਆਬਾਦੀ ਵਿੱਚ 37% ਦੀ ਕਮੀ ਆਈ ਹੈ।
ਊਠ ਦੇ ਦੁੱਧ ਦੇ ਫਾਇਦੇ ਅਤੇ ਉਸ ਵਿੱਚ ਮੌਜੂਦ ਪੌਸ਼ਟਿਕ ਤੱਤ

ਤਸਵੀਰ ਸਰੋਤ, mahesh garva/sahjivan
ਸਾਊਦੀ ਜਰਨਲ ਆਫ਼ ਬਾਇਓਲੋਜੀਕਲ ਸਾਇੰਸਜ਼ ਵਿੱਚ ਛਪੀ ਖੋਜ ਅਨੁਸਾਰ, ਊਠਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਬੈਕਟ੍ਰੀਅਨ ਦੋ ਕੁੱਬ/ਬੰਨ ਵਾਲਾ ਊਠ (Camelus bactrianus) ਅਤੇ ਅਰਬੀ ਜਾਂ ਡਰੋਮੇਡਰੀ ਇੱਕ ਬੰਨ ਵਾਲਾ ਊਠ (Camelus dromedarius)।
ਇਸ ਖੋਜ ਅਨੁਸਾਰ, ਊਠ ਦੇ ਦੁੱਧ ਵਿੱਚ ਗਾਂ ਦੇ ਦੁੱਧ ਦੇ ਮੁਕਾਬਲੇ ਤਿੰਨ ਤੋਂ ਪੰਜ ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ। ਇਸਦਾ ਪੀ.ਐਚ (pH) ਮੁੱਲ 6.2 ਅਤੇ 6.5 ਦੇ ਵਿਚਕਾਰ ਹੁੰਦਾ ਹੈ, ਜੋ ਗਾਂ ਦੇ ਦੁੱਧ (6.5-6.7) ਨਾਲੋਂ ਥੋੜ੍ਹਾ ਘੱਟ ਹੈ। ਇਸ ਤੋਂ ਇਲਾਵਾ, ਗਾਂ ਅਤੇ ਮੱਝ ਦੇ ਦੁੱਧ ਵਿੱਚ ਮਿਲਣ ਵਾਲਾ ਇੱਕ ਪ੍ਰੋਟੀਨ, ਬੀਟਾ-ਲੈਕਟੋਗਲੋਬੂਲਿਨ, ਕਈ ਲੋਕਾਂ (ਖਾਸ ਕਰਕੇ ਛੋਟੇ ਬੱਚਿਆਂ) ਵਿੱਚ ਐਲਰਜੀ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਮਾਂ ਦੇ ਦੁੱਧ ਵਿੱਚ ਵੀ ਬੀਟਾ-ਲੈਕਟੋਗਲੋਬੂਲਿਨ ਪ੍ਰੋਟੀਨ ਨਹੀਂ ਹੁੰਦਾ। ਊਠ ਦੇ ਦੁੱਧ ਦੇ ਪ੍ਰੋਟੀਨ ਦੀ ਬਣਤਰ ਗਾਂ ਦੇ ਦੁੱਧ ਦੇ ਮੁਕਾਬਲੇ ਮਨੁੱਖੀ ਦੁੱਧ ਨਾਲ ਜ਼ਿਆਦਾ ਰਲਦੀ-ਮਿਲਦੀ ਹੈ।

ਊਠਣੀ ਦਾ ਦੁੱਧ ਬੀਟਾ-ਲੈਕਟੋਗਲੋਬੂਲਿਨ ਦੀ ਗੈਰ-ਮੌਜੂਦਗੀ ਕਾਰਨ ਸੁਖਾਲਾ ਹਜ਼ਮ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਪੀਣ ਤੋਂ ਬਾਅਦ ਗੈਸ, ਐਸਿਡਿਟੀ ਜਾਂ ਪੇਟ ਵਿੱਚ ਭਾਰੀਪਨ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਊਠਣੀ ਦਾ ਦੁੱਧ ਇੱਕ ਵਧੀਆ ਵਿਕਲਪ ਹੈ। ਇਸ ਵਿੱਚ ਗਾਂ ਜਾਂ ਮੱਝ ਦੇ ਦੁੱਧ ਦੇ ਮੁਕਾਬਲੇ ਫੈਟ (ਚਰਬੀ) ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।
ਊਠਣੀ ਦਾ ਦੁੱਧ ਵਿਟਾਮਿਨ ਬੀ1, ਬੀ2 ਅਤੇ ਸੀ ਵਰਗੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਗਾਂ ਦੇ ਦੁੱਧ ਦੇ ਮੁਕਾਬਲੇ ਤਿੰਨ ਤੋਂ ਪੰਜ ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਜੋ ਇਸਨੂੰ ਖੁਸ਼ਕ ਇਲਾਕਿਆਂ ਵਿੱਚ ਖੁਰਾਕ ਦਾ ਇੱਕ ਅਹਿਮ ਹਿੱਸਾ ਬਣਾਉਂਦਾ ਹੈ।
ਮੈਡੀਕਲ ਸਲਾਹਕਾਰ ਡਾ. ਪ੍ਰਸ਼ਾਂਤ ਪਨਾਰਾ ਨੇ ਬੀਬੀਸੀ ਨੂੰ ਦੱਸਿਆ, "ਊਠਣੀ ਦਾ ਦੁੱਧ ਮਨੁੱਖੀ ਦੁੱਧ ਦੇ ਸਭ ਤੋਂ ਨੇੜੇ ਹੁੰਦਾ ਹੈ। ਊਠ ਦੇ ਦੁੱਧ ਵਿੱਚ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ ਬੀ12, ਜ਼ਿੰਕ, ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਅਤੇ ਸੰਤ੍ਰਿਪਤ ਪ੍ਰੋਟੀਨ ਵੀ ਹੁੰਦਾ ਹੈ। ਇਸ ਦਾ ਕੋਈ ਨੁਕਸਾਨ ਨਹੀਂ ਹੈ। ਇਸ ਤੋਂ ਇਲਾਵਾ, ਊਠਣੀ ਦਾ ਦੁੱਧ ਸ਼ੂਗਰ (ਡਾਇਬਟੀਜ਼) ਵਿੱਚ ਵੀ ਕਾਰਗਰ ਸਾਬਤ ਹੋ ਰਿਹਾ ਹੈ।"
"ਆਪਣੇ ਵਿਲੱਖਣ ਗੁਣਾਂ ਕਰਕੇ, ਇਹ ਲੈਕਟੋਜ਼ ਇਨਟੋਲਰੈਂਸ (ਦੁੱਧ ਦੇ ਹਜ਼ਮ ਨਾ ਹੋਣ ਦੀ ਸਮੱਸਿਆ) ਵਾਲੇ ਲੋਕਾਂ ਲਈ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਦੁੱਧ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ (ਇਮਿਊਨਿਟੀ) ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।"
ਭੋਜਨ ਅਤੇ ਪੋਸ਼ਣ ਵਿੱਚ ਪੀ.ਐਚ.ਡੀ (ਡਾਈਟ ਅਤੇ ਨਿਊਟਰੀਸ਼ਨ ਸਲਾਹਕਾਰ) ਡਾ. ਪੂਰਵੀ ਪਾਰਿਖ ਨੇ ਬੀਬੀਸੀ ਨੂੰ ਦੱਸਿਆ, "ਸਰੀਰ ਹਰ ਕਿਸਮ ਦੇ ਦੁੱਧ 'ਤੇ ਇੱਕੋ ਜਿਹੀ ਪ੍ਰਤੀਕਿਰਿਆ ਨਹੀਂ ਦਿੰਦਾ। ਊਠਣੀ ਦੇ ਦੁੱਧ ਵਿੱਚ ਮੌਜੂਦ ਪੌਸ਼ਟਿਕ ਤੱਤ ਹੱਡੀਆਂ ਦੀ ਮਜ਼ਬੂਤੀ, ਮਾਸਪੇਸ਼ੀਆਂ ਅਤੇ ਨਾੜੀਆਂ ਦੇ ਸੰਤੁਲਨ ਵਿੱਚ ਸਹਾਇਕ ਹੁੰਦੇ ਹਨ।"
"ਊਠਣੀ ਦਾ ਦੁੱਧ ਏ2 (A2) ਕਿਸਮ ਦਾ ਹੁੰਦਾ ਹੈ, ਇਸ ਵਿੱਚ ਬੀਟਾ-ਲੈਕਟੋਗਲੋਬੂਲਿਨ ਨਹੀਂ ਹੁੰਦਾ, ਇਹ ਵਿਟਾਮਿਨ ਸੀ, ਜ਼ਿੰਕ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਫੈਟ ਘੱਟ ਹੁੰਦੀ ਹੈ।"
ਗੁਜਰਾਤ ਵਿੱਚ ਊਠਣੀ ਦੇ ਦੁੱਧ ਦਾ ਕਾਰੋਬਾਰ ਕੌਣ ਕਰਦਾ ਹੈ?

ਤਸਵੀਰ ਸਰੋਤ, mahesh garva/sahjivan
ਗੁਜਰਾਤ ਵਿੱਚ ਮੁੱਖ ਤੌਰ 'ਤੇ ਊਠਾਂ ਦੀਆਂ ਦੋ ਨਸਲਾਂ ਮਿਲਦੀਆਂ ਹਨ: ਖਰਾਹੀ ਅਤੇ ਕੱਛੀ। ਜਦਕਿ ਪੂਰੇ ਭਾਰਤ ਵਿੱਚ ਊਠਾਂ ਦੀਆਂ ਕੁੱਲ ਨੌਂ ਨਸਲਾਂ ਮਿਲਦੀਆਂ ਹਨ।
ਕੱਛ ਊਠ ਪਾਲਕ ਸੰਘ ਦੇ ਪ੍ਰਧਾਨ ਆਸ਼ਾਭਾਈ ਰਬਾਰੀ ਕਹਿੰਦੇ ਹਨ, "ਕੱਛ ਵਿੱਚ ਲਗਭਗ 350 ਪਰਿਵਾਰ ਊਠ ਪਾਲਣ ਵਿੱਚ ਲੱਗੇ ਹੋਏ ਹਨ। ਇੱਕ ਊਠਣੀ ਰੋਜ਼ਾਨਾ 4 ਤੋਂ 5 ਲੀਟਰ ਦੁੱਧ ਦਿੰਦੀ ਹੈ।"
ਊਠਾਂ ਅਤੇ ਉਨ੍ਹਾਂ ਦੇ ਪਾਲਕਾਂ ਲਈ ਕੰਮ ਕਰਨ ਵਾਲੀ ਸੰਸਥਾ 'ਸਹਿਜੀਵਨ' ਨਾਲ ਜੁੜੇ ਮਹੇਸ਼ਭਾਈ ਗਰਵਾ ਕਹਿੰਦੇ ਹਨ, "ਕੱਛ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ 100 ਪਰਿਵਾਰ ਹਨ ਜੋ ਊਠ ਪਾਲਣ ਵਿੱਚ ਸ਼ਾਮਲ ਹਨ।"
ਗੁਜਰਾਤ ਵਿੱਚ ਕੱਛ ਤੋਂ ਆਉਣ ਵਾਲਾ ਸਾਰਾ ਦੁੱਧ ਇਕੱਠਾ ਕਰਕੇ 'ਸਰਹੱਦ ਡੇਅਰੀ' ਨੂੰ ਦੇ ਦਿੱਤਾ ਜਾਂਦਾ ਹੈ।
ਕਿੱਕਰ ਤੋਂ ਇਲਾਵਾ, ਊਠ ਕੁਝ ਹੋਰ ਪੌਦੇ ਵੀ ਚੁਗਦੇ ਹਨ, ਜਿਨ੍ਹਾਂ ਵਿੱਚ ਖਾਰੀ ਜਾਰ, ਮਿੱਠੀ ਜਾਰ, ਦੇਸੀ ਕਿੱਕਰ, ਗੁੜੀ ਵੈਲ, ਚੇਰੀਆ, ਜ਼ਮੀਨਦੋਜ਼ ਚੇਰੀਆ, ਕੇਰਡੋ, ਉਈਨ, ਕੁੰਧੇਰ, ਗੰਗਾਨੀ, ਥੋਰ੍ਹ, ਬੋਰਡੀ, ਖੇਰ, ਨਿੰਮ, ਖਾਰੀਓ, ਖਿਜਡੋ, ਫਾਗ, ਫੂਟੀ ਵੈਲ, ਫੋਗਵੇਲ, ਰਤੀਵਲ, ਲਈ, ਲਾਨੋ, ਲਿਆਰ, ਵਿਕਡੋ, ਧਾਮੂਰ, ਵੜ ਅਤੇ ਟੰਕਾਰੋ ਸ਼ਾਮਲ ਹਨ।
ਇਸ ਲਈ ਊਠਣੀ ਦੇ ਦੁੱਧ ਦੀ ਗੁਣਵੱਤਾ ਵੀ ਉੱਚ ਦਰਜੇ ਦੀ ਮੰਨੀ ਜਾਂਦੀ ਹੈ ਅਤੇ ਇਸਦਾ ਪੌਸ਼ਟਿਕਤਾ ਮੁੱਲ ਵੀ ਜ਼ਿਆਦਾ ਹੁੰਦਾ ਹੈ।
ਗਰਵਾ ਅੱਗੇ ਕਹਿੰਦੇ ਹਨ, "ਗੁਜਰਾਤ ਵਿੱਚ 'ਫਕੀਰਾਨੀ ਜਾਟ' ਅਤੇ 'ਰਬਾਰੀ' ਭਾਈਚਾਰੇ ਮੁੱਖ ਤੌਰ 'ਤੇ ਊਠ ਪਾਲਣ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕੱਛ ਦੇ ਖਵਾੜਾ ਖੇਤਰ ਵਿੱਚ 'ਸਮਾ' ਭਾਈਚਾਰਾ ਵੀ ਊਠ ਪਾਲਣ ਵਿੱਚ ਸ਼ਾਮਲ ਹੈ।"
ਗੁਜਰਾਤ ਵਿੱਚ ਮਿਲਣ ਵਾਲੀ ਖਰਾਹੀ ਊਠ ਦੀ ਨਸਲ ਨੂੰ ਭਾਰਤ ਵਿੱਚ ਮਿਲਣ ਵਾਲੀਆਂ ਨੌਂ ਨਸਲਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ।
ਗੁਜਰਾਤ ਵਿੱਚ ਊਠਣੀ ਦੇ ਦੁੱਧ ਇਕੱਠਾ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਮਹੇਸ਼ਭਾਈ ਗਰਵਾ ਕਹਿੰਦੇ ਹਨ, "ਵਰਤਮਾਨ ਵਿੱਚ ਕੱਛ ਜ਼ਿਲ੍ਹੇ ਵਿੱਚ ਮੁੱਖ ਤੌਰ 'ਤੇ ਪੰਜ ਥਾਵਾਂ ਤੋਂ ਦੁੱਧ ਇਕੱਠਾ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਰਾਪਰ-ਕੋਟੜਾ ਚੱਕਾ, ਨਖਤਰਾਣਾ, ਗੜ੍ਹਸੀਸਾ ਅਤੇ ਦਿਆਪਾਰ ਵਿੱਚ ਸਥਿਤ ਦੁੱਧ ਕਮੇਟੀਆਂ ਸ਼ਾਮਲ ਹਨ।"
ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ: 'ਲਾਕੜੀ ਭਾਈ' ਦਾ ਰਿਸ਼ਤਾ

ਤਸਵੀਰ ਸਰੋਤ, mahesh garva/sahjivan
ਕੱਛ ਵਿੱਚ ਊਠਾਂ ਨਾਲ ਜੁੜੀ ਇੱਕ ਮਸ਼ਹੂਰ ਲੋਕ-ਕਥਾ ਬਾਰੇ ਗੱਲ ਕਰਦਿਆਂ ਮਹੇਸ਼ਭਾਈ ਕਹਿੰਦੇ ਹਨ, "ਫਕੀਰਾਨੀ ਜਾਟ ਭਾਈਚਾਰੇ ਦੇ ਧਾਰਮਿਕ ਆਗੂ ਆਗਾ ਖਾਨ, ਸਾਂਵਲਾ ਪੀਰ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਲੋਕ-ਕਥਾ ਅਨੁਸਾਰ, ਇੱਕ ਵਾਰ ਕੱਛ ਵਿੱਚ ਭਿਆਨਕ ਸੋਕਾ ਪਿਆ ਸੀ, ਜਿਸ ਕਾਰਨ ਜ਼ਿਆਦਾਤਰ ਊਠ ਮਰ ਗਏ ਸਨ।”
ਸਿਰਫ਼ ਇੱਕ ਊਠ ਇੱਕ ਮਾਲਧਾਰੀ (ਪਸ਼ੂ ਪਾਲਕ) ਕੋਲ ਬਚਿਆ ਸੀ। ਜਦੋਂ ਮਾਲਧਾਰੀ ਮਦਦ ਲਈ ਪੀਰ ਕੋਲ ਗਿਆ, ਤਾਂ ਪੀਰ ਨੇ ਉਸਨੂੰ ਇੱਕ 'ਜਿਉੰਦਾ ਊਠ' ਦਿੱਤਾ। ਉਨ੍ਹਾਂ ਨੇ ਮੋਮ ਦਾ ਬਣਿਆ ਇੱਕ ਊਠ ਆਪਣੇ ਛੋਟੇ ਭਰਾ ਨੂੰ ਦਿੱਤਾ ਅਤੇ ਉਸਨੂੰ ਕੱਛ ਦੇ ਬੇਟ (ਟਾਪੂ) 'ਤੇ ਲੈ ਜਾਣ ਅਤੇ ਪਿੱਛੇ ਮੁੜ ਕੇ ਨਾ ਦੇਖਣ ਲਈ ਕਿਹਾ। ਲੇਕਿਨ ਜਦੋਂ ਮਾਲਧਾਰੀ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਉਸਨੇ ਉੱਥੇ ਹਜ਼ਾਰਾਂ ਊਠ ਦੇਖੇ। ਤਦ, ਇੰਨੇ ਸਾਰੇ ਊਠਾਂ ਨੂੰ ਦੇਖ ਕੇ ਪੀਰ ਨੇ ਊਠਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਪੈਰੋਕਾਰਾਂ, ਫਕੀਰਾਨੀ ਜਾਟ ਭਾਈਚਾਰੇ ਨੂੰ ਸੌਂਪ ਦਿੱਤੀ।"
ਮਹੇਸ਼ਭਾਈ ਕਹਿੰਦੇ ਹਨ, "ਊਠ ਪਾਲਣ ਵਾਲੇ ਇਨ੍ਹਾਂ ਭਾਈਚਾਰਿਆਂ ਦਾ ਰਿਸ਼ਤਾ ਹਿੰਦੂ-ਮੁਸਲਿਮ ਏਕਤਾ ਦੀ ਉੱਤਮ ਮਿਸਾਲ ਹੈ। ਉਹ ਇਸ ਰਿਸ਼ਤੇ ਨੂੰ 'ਲਾਕੜੀ ਭਾਈ' ਕਹਿੰਦੇ ਹਨ। ਊਠਾਂ ਨਾਲ ਜੁੜੇ ਲਗਭਗ 350 ਪਰਿਵਾਰ ਹਿੰਦੂ ਅਤੇ ਮੁਸਲਮਾਨ ਦੋਵਾਂ ਭਾਈਚਾਰਿਆਂ ਦੇ ਹਨ ਅਤੇ ਉਹ ਸਾਰੇ ਫੈਸਲੇ ਮਿਲ ਕੇ ਕਰਦੇ ਹਨ। ਇਸ ਖੇਤਰ ਦੇ ਲੋਕ ਊਠਾਂ ਨੂੰ 'ਮਾਤਾ ਜੀ ਦੀ ਸਵਾਰੀ' ਮੰਨ ਕੇ ਉਨ੍ਹਾਂ ਦੀ ਪੂਜਾ ਵੀ ਕਰਦੇ ਹਨ।"
ਊਠ ਦੇ ਦੁੱਧ ਦੇ ਸਵਾਦ ਅਤੇ ਮੁੱਲ ਵਿੱਚ ਫ਼ਰਕ

ਤਸਵੀਰ ਸਰੋਤ, mahesh garva/sahjivan
ਮਹੇਸ਼ਭਾਈ ਕਹਿੰਦੇ ਹਨ, "ਊਠ ਦੇ ਦੁੱਧ ਤੋਂ ਬਣੇ ਕਈ ਕਿਸਮਾਂ ਦੇ ਉਤਪਾਦ ਹੁਣ ਬਾਜ਼ਾਰ ਵਿੱਚ ਉਪਲਬਧ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਊਠ ਦੇ ਦੁੱਧ ਦੀ ਚਾਕਲੇਟ, ਕੱਚਾ ਦੁੱਧ, ਕੇਸਰ ਦੇ ਸਵਾਦ ਵਾਲਾ ਦੁੱਧ ਅਤੇ ਦੁੱਧ ਦਾ ਪਾਊਡਰ ਸ਼ਾਮਲ ਹਨ। ਇਹ ਉਤਪਾਦ ਆਨਲਾਈਨ ਵੈੱਬਸਾਈਟਾਂ 'ਤੇ ਵੀ ਸੌਖਿਆਂ ਹੀ ਮਿਲ ਜਾਂਦੇ ਹਨ।"
ਰਮੇਸ਼ਭਾਈ ਭਾਟੀ ਅੱਗੇ ਕਹਿੰਦੇ ਹਨ, "ਵਰਤਮਾਨ ਵਿੱਚ ਊਠ ਦੇ ਦੁੱਧ ਤੋਂ ਖੀਰ, ਆਈਸਕ੍ਰੀਮ ਅਤੇ ਚਾਕਲੇਟ ਵਰਗੀਆਂ ਵੱਖ-ਵੱਖ ਖਾਣ ਵਾਲੀਆਂ ਚੀਜ਼ਾਂ ਵੀ ਬਣਾਈਆਂ ਜਾ ਰਹੀਆਂ ਹਨ।"
ਊਠ ਦੇ ਦੁੱਧ ਲਈ ਮਸ਼ਹੂਰ ਸਰਹੱਦ ਡੇਅਰੀ ਦੇ ਮੋਢੀ ਅਤੇ ਪ੍ਰਧਾਨ ਵਲਮਜੀ ਹੁੰਬਲ ਨੇ ਬੀਬੀਸੀ ਨੂੰ ਦੱਸਿਆ, "ਪਹਿਲਾਂ ਊਠਣੀ ਦਾ ਦੁੱਧ ਛੋਟੇ ਹੋਟਲਾਂ ਵਿੱਚ 20 ਤੋਂ 25 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਦਾ ਸੀ। ਸ਼ੁਰੂ ਵਿੱਚ 300 ਲੀਟਰ ਦੁੱਧ ਇਕੱਠਾ ਹੁੰਦਾ ਸੀ, ਪਰ ਹੁਣ ਰੋਜ਼ਾਨਾ 5,000 ਲੀਟਰ ਦੁੱਧ ਇਕੱਠਾ ਕੀਤਾ ਜਾਂਦਾ ਹੈ। ਸਰਹੱਦ ਡੇਅਰੀ ਕੱਛ ਤੋਂ 70% ਦੁੱਧ ਇਕੱਠਾ ਕਰਦੀ ਹੈ।"

ਵਲਮਜੀ ਹੁੰਬਲ ਦਾ ਕਹਿਣਾ ਹੈ ਕਿ ਪੰਜ ਸਾਲ ਪਹਿਲਾਂ ਕੱਛ ਦੇ ਨੌਜਵਾਨ ਇਸ ਧੰਦੇ ਨੂੰ ਛੱਡ ਕੇ ਦੂਜੇ ਕਾਰੋਬਾਰਾਂ ਵੱਲ ਚਲੇ ਗਏ ਸਨ।
2019 ਵਿੱਚ, ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਵੱਲੋਂ ਊਠਣੀ ਦੇ ਦੁੱਧ ਨੂੰ ਇੱਕ ਖੁਰਾਕੀ ਪਦਾਰਥ ਵਜੋਂ ਮਾਨਤਾ ਦਿੱਤੀ ਗਈ ਸੀ।
ਉਹ ਕਹਿੰਦੇ ਹਨ, "ਹੁਣ ਅਸੀਂ ਊਠਣੀ ਦੇ ਦੁੱਧ ਦਾ ਪਾਊਡਰ ਬਣਾਉਣ ਅਤੇ ਦੇਸ਼ ਤੋਂ ਬਾਹਰ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨੌਜਵਾਨ ਇਸ ਕਿੱਤੇ ਵੱਲ ਖਿੱਚੇ ਜਾ ਰਹੇ ਹਨ। ਲੋਕ ਹੁਣ ਊਠ ਵੇਚਣ ਦੀ ਬਜਾਏ ਖਰੀਦ ਰਹੇ ਹਨ।"
ਸਹਿਜੀਵਨ ਸੰਸਥਾ ਦੇ ਵਰਕਰ ਅਤੇ ਵਾਤਾਵਰਣ ਪ੍ਰੇਮੀ ਰਮੇਸ਼ਭਾਈ ਭਾਟੀ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕਰਦਿਆਂ ਕਿਹਾ, "ਗੁਜਰਾਤ ਵਿੱਚ ਕੱਛ ਤੋਂ ਇਲਾਵਾ ਊਠ ਪਾਲਕ ਮੁੱਖ ਤੌਰ 'ਤੇ ਜਾਮਨਗਰ, ਦਵਾਰਕਾ, ਭਰੂਚ, ਭਾਵਨਗਰ ਦੇ ਨਾਲ-ਨਾਲ ਬਨਾਸਕਾਂਠਾ ਦੇ ਡੀਸਾ ਅਤੇ ਪਾਲਣਪੁਰ ਵਿੱਚ ਵੀ ਰਹਿੰਦੇ ਹਨ।"
ਊਠਾਂ ਨੂੰ ਹੋਣ ਵਾਲੀਆਂ ਬਿਮਾਰੀਆਂ

ਤਸਵੀਰ ਸਰੋਤ, mahesh garva/sahjivan
ਪੱਛਮੀ ਬੰਗਾਲ ਦੇ ਸੁੰਦਰਬਨ ਤੋਂ ਬਾਅਦ, ਕੱਛ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਚਰਟ ਦੇ ਜੰਗਲ ਹਨ, ਅਤੇ ਊਠ ਇਨ੍ਹਾਂ ਜੰਗਲਾਂ ਵਿੱਚ ਵਧਦੇ-ਫੁੱਲਦੇ ਹਨ।
ਗੁਜਰਾਤ ਵਿੱਚ ਮਿਲਣ ਵਾਲੇ ਖਰਾਹੀ ਊਠ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਸਮੁੰਦਰੀ ਪਾਣੀ ਵਿੱਚ ਤੈਰ ਸਕਦਾ ਹੈ। ਹਾਲਾਂਕਿ, ਕੱਛ ਵਿੱਚ ਖਰਾਹੀ ਊਠਾਂ ਦੀ ਆਬਾਦੀ ਬਹੁਤ ਘੱਟ ਹੈ। ਰਮੇਸ਼ਭਾਈ ਭਾਟੀ ਦੱਸਦੇ ਹਨ ਕਿ ਊਠ ਦੇ ਦੁੱਧ ਦਾ ਸਵਾਦ ਉਸਦੀ ਖੁਰਾਕ 'ਤੇ ਨਿਰਭਰ ਕਰਦਾ ਹੈ।
ਲੂਣ-ਰੇਤ ਵਾਲਾ ਊਠ ਹਫ਼ਤੇ ਵਿੱਚ ਇੱਕ ਵਾਰ ਲੂਣ ਵਾਲੇ ਖੇਤਰ ਵਿੱਚ ਚੁਗਣ ਲਈ ਜਾਵੇਗਾ।
ਉਹ ਕਹਿੰਦੇ ਹਨ, "ਊਠਾਂ ਨੂੰ ਆਪਣੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਹਫ਼ਤੇ ਵਿੱਚ ਇੱਕ ਦਿਨ ਖਾਰੀਆਂ ਥਾਵਾਂ 'ਤੇ ਚਰਨ ਲਈ ਜਾਣਾ ਹੀ ਪੈਂਦਾ ਹੈ। ਨਮਕੀਨ ਖੁਰਾਕ ਉਨ੍ਹਾਂ ਦੀ ਕੁਦਰਤੀ ਲੋੜ ਹੈ, ਜਿਸ ਕਾਰਨ ਦੁੱਧ ਦਾ ਸਵਾਦ ਥੋੜ੍ਹਾ ਨਮਕੀਨ ਹੋ ਜਾਂਦਾ ਹੈ।"
ਕੱਛ ਜ਼ਿਲ੍ਹੇ ਦੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਡਾ. ਰਾਜੇਸ਼ ਪਟੇਲ ਦਾ ਕਹਿਣਾ ਹੈ ਕਿ ਊਠਾਂ ਵਿੱਚ ਮੁੱਖ ਰੂਪ ਵਿੱਚ ਦੋ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਹਨ।
ਸਰਾ (surra) ਰੋਗ ਟ੍ਰਾਈਪੈਨੋਸੋਮਿਆਸਿਸ, ਜਿਸ ਨੂੰ ਗੁਜਰਾਤੀ ਵਿੱਚ 'ਫਿਟਡਾ' ਕਿਹਾ ਜਾਂਦਾ ਹੈ, ਆਮ ਤੌਰ 'ਤੇ ਦਿਮਾਗੀ ਬੁਖਾਰ ਹੁੰਦਾ ਹੈ। ਇਹ ਇੱਕ ਪਰਜੀਵੀ ਰੋਗ ਹੈ। ਇਹ ਮਨੁੱਖਾਂ ਵਿੱਚ ਮਲੇਰੀਏ ਵਾਂਗ ਹੀ ਹੁੰਦਾ ਹੈ, ਜਿਸ ਨਾਲ ਚੱਕਰ ਆਉਂਦੇ ਹਨ, ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਹੁੰਦੀ ਹੈ ਅਤੇ ਅਕਸਰ ਊਠ ਦੀ ਮੌਤ ਹੋ ਜਾਂਦੀ ਹੈ। ਸਰਕਾਰ ਇਸ ਬਿਮਾਰੀ ਦੇ ਇਲਾਜ ਲਈ ਮੁਫ਼ਤ ਟੀਕੇ ਮੁਹੱਈਆ ਕਰਵਾਉਂਦੀ ਹੈ।
"ਫਿਰ ਇੱਕ ਹੋਰ ਬਿਮਾਰੀ ਹੈ, ਖਾਜੀ (mange)। ਇਹ ਚਮੜੀ ਦੀ ਇੱਕ ਛੂਤ ਦੀ ਬਿਮਾਰੀ ਹੈ, ਜੋ ਊਠਾਂ ਵਿੱਚ ਬਹੁਤ ਆਮ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












