ਖੁੰਭਾਂ ਉਗਾ 2 ਕਿੱਲਿਆਂ 'ਚੋਂ 25-30 ਲੱਖ ਕਮਾਉਣ ਦਾ ਦਾਅਵਾ ਕਰਨ ਵਾਲੇ ਸੰਗਰੂਰ ਦੇ ਕਿਸਾਨ ਨੂੰ ਮਿਲੋ, ਜਿਸ ਨੂੰ ਕੌਮੀ ਸਨਮਾਨ ਵੀ ਮਿਲਿਆ

- ਲੇਖਕ, ਚਰਨਜੀਵ ਕੌਸ਼ਲ
- ਰੋਲ, ਬੀਬੀਸੀ ਸਹਿਯੋਗੀ
'ਪਹਿਲਾਂ ਅਸੀਂ ਜ਼ਮੀਨ ਉੱਤੇ ਕਣਕ-ਜੀਰੀ ਜਾਂ ਆਲੂ ਵਰਗੀਆਂ ਸਬਜ਼ੀਆਂ ਦੀ ਖੇਤੀ ਕਰਦੇ ਸੀ, ਇਸ ਮਗਰੋਂ ਅਸੀਂ ਸਿਆਲ ਦੇ ਦਿਨਾਂ ਵਿੱਚ ਵਿਹਲੇ ਰਹਿੰਦੇ ਸੀ, ਜਿਸ ਤੋਂ ਅਸੀਂ ਪਰੇਸ਼ਾਨ ਸੀ, ਦੋ ਪੈਸੇ ਕਮਾਉਣ ਲਈ ਤੇ ਵਿਹਲੇਪਣ ਨੂੰ ਖਤਮ ਕਰਨ ਲਈ ਅਸੀਂ ਖੁੰਭਾਂ ਦੀ ਖੇਤੀ ਕੀਤੀ।'
ਸੰਗਰੂਰ ਦੇ ਪਿੰਡ ਰਾਮਪੁਰਾ ਗੁੱਜਰਾਂ ਦੇ ਸੋਹਨ ਸਿੰਘ ਨੇ ਸਾਲ 2018 ਵਿੱਚ ਇੱਕ ਸ਼ੈੱਡ ਨਾਲ ਖੁੰਭਾਂ ਦੀ ਖੇਤੀ ਸ਼ੁਰੂ ਕੀਤੀ ਸੀ ਤੇ ਹੁਣ ਉਸ ਨੂੰ 20 ਸ਼ੈੱਡਾਂ ਤੱਕ ਪਹੁੰਚਾ ਦਿੱਤਾ ਹੈ।
ਆਪਣੇ ਭਰਾ ਪ੍ਰਮੋਦ ਢਿੱਲੋਂ ਨਾਲ ਰਲ ਕੇ ਖੁੰਭਾਂ ਦੀ ਖੇਤੀ ਕਰਨ ਵਾਲੇ ਸੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਕਿੱਤੇ ਨੂੰ ਹੋਰ ਵੀ ਵਧਾਉਣ ਦੀ ਤਿਆਰੀ ਕਰ ਰਹੇ ਹਨ।
ਇਸੇ ਸਾਲ ਸੋਹਣ ਸਿੰਘ ਢਿੱਲੋਂ ਨੂੰ ਰਾਸ਼ਟਰੀ ਮਸ਼ਰੂਮ ਮੇਲੇ ਦੌਰਾਨ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ICAR), ਮਸ਼ਰੂਮ ਖੋਜ ਕੇਂਦਰ, ਸੋਲਨ ਵੱਲੋਂ ਵੱਕਾਰੀ ਰਾਸ਼ਟਰੀ ਮਸ਼ਰੂਮ ਉਤਪਾਦਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੋਹਨ ਸਿੰਘ ਕਿਵੇਂ ਖੁੰਭਾਂ ਦੀ ਖੇਤੀ ਵੱਲ ਮੁੜੇ

ਸੋਹਨ ਸਿੰਘ ਨੇ ਪਹਿਲਾਂ 1998-99 ਵਿੱਚ ਦੋ ਸਾਲ ਲਈ ਖੁੰਭਾਂ ਦੀ ਖੇਤੀ ਟ੍ਰਾਇਲ ਵਜੋਂ ਕੀਤੀ ਸੀ ਪਰ ਉਹ ਸ਼ੁਰੂਆਤ ਵਿੱਚ ਕਾਮਯਾਬ ਨਹੀਂ ਹੋ ਸਕੇ ਸਨ ਤੇ ਉਨ੍ਹਾਂ ਨੇ ਮੰਡੀਕਰਨ ਦੀ ਸਹੂਲਤ ਨਾ ਹੋਣ ਨੂੰ ਇਸ ਦਾ ਮੁੱਖ ਕਾਰਨ ਦੱਸਿਆ। ਫਿਰ ਉਨ੍ਹਾਂ ਨੇ ਪੜ੍ਹਾਈ ਵੱਲ ਰੁਖ਼ ਕਰ ਲਿਆ।
ਪੋਸਟ ਗ੍ਰੇਜੂਏਟ ਤੱਕ ਪੜ੍ਹਾਈ ਕਰ ਚੁੱਕੇ ਸੋਹਨ ਸਿੰਘ ਨੇ ਮੁੜ ਆਪਣੇ ਪਰਿਵਾਰ ਦੇ ਨਾਲ ਸਾਲ 2018 ਵਿੱਚ ਖੁੰਭਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ।
ਸੋਹਨ ਸਿੰਘ ਦੱਸਦੇ ਹਨ, "ਅਸੀਂ ਕੁਰੂਕਸ਼ੇਤਰ ਵਿੱਚ ਆਪਣੇ ਇੱਕ ਰਿਸ਼ਤੇਦਾਰ ਕੋਲ ਜਾਂਦੇ ਸੀ। ਉੱਥੇ ਕਾਫੀ ਲੋਕ ਖੁੰਭਾਂ ਦੀ ਖੇਤੀ ਕਰਦੇ ਹਨ, ਉਨ੍ਹਾਂ ਨੂੰ ਦੇਖ ਕੇ ਅਸੀਂ ਵੀ ਇਹ ਖੇਤੀ ਕਰਨ ਦਾ ਮਨ ਬਣਾਇਆ।"
"ਅਸੀਂ ਪਹਿਲਾਂ ਲੁਧਿਆਣਾ ਵਿੱਚ ਪੀਏਯੂ ਵਿੱਚ ਇਸ ਫ਼ਸਲ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਸਾਨੂੰ ਇਸ ਦੀ ਟ੍ਰੇਨਿੰਗ ਲੈਣ ਦੀ ਸਲਾਹ ਦਿੱਤੀ ਤੇ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਸੈਂਟਰ ਭੇਜਿਆ।"
ਸੋਹਨ ਸਿੰਘ ਦੇ ਪਰਿਵਾਰ ਕੋਲ 19 ਕਿੱਲੇ ਜ਼ਮੀਨ ਹੈ। ਖੁੰਭਾਂ ਦੀ ਖੇਤੀ ਕਰਨ ਤੋਂ ਪਹਿਲਾਂ ਦੇ ਦਿਨਾਂ ਬਾਰੇ ਸੋਹਨ ਸਿੰਘ ਦੱਸਦੇ ਹਨ, "ਕਣਕ-ਜੀਰੀ ਇੱਕ ਰੂਟੀਨ ਦਾ ਕੰਮ ਹੈ, ਇਸ ਲਈ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਸੀ। ਉਸ ਦੀ ਇੱਕ ਬੱਝੀ ਹੋਈ ਆਮਦਨ ਹੈ। ਖੁੰਭਾਂ ਦੀ ਖੇਤੀ ਵਿੱਚ ਸਾਨੂੰ ਲੱਗਿਆ ਕਿ ਇਸ ਵਿੱਚ ਦੋ ਪੈਸੇ ਵੀ ਵੱਧ ਹਨ ਤੇ ਥੋੜ੍ਹੀ ਥਾਂ ਦੀ ਲੋੜ ਹੀ ਪੈਂਦੀ ਹੈ।"

ਸੋਹਨ ਸਿੰਘ ਕਹਿੰਦੇ ਹਨ ਕਿ ਜਿਵੇਂ ਉਹ ਇਸ ਵੇਲੇ 2 ਕਿੱਲੇ ਵਿੱਚ ਮਸ਼ਰੂਮ ਦੀ ਖੇਤੀ ਕਰ ਰਹੇ ਹਨ ਤਾਂ ਰਵਾਇਤੀ ਫਸਲਾਂ ਨਾਲ ਇੰਨੇ ਖੇਤਰ ਵਿੱਚ ਵੱਧ ਤੋਂ ਵੱਧ 2 ਲੱਖ ਰੁਪਏ ਮਿਲ ਜਾਣਗੇ। ਉਹ ਕਹਿੰਦੇ ਹਨ ਕਿ ਖੁੰਭਾਂ ਦੇ ਮਾਮਲੇ ਵਿੱਚ 2 ਕਿੱਲੇ ਜ਼ਮੀਨ ਉੱਤੇ 20-25 ਲੱਖ ਰੁਪਏ ਕਮਾ ਸਕਦੇ ਹੋ, ਉਹ ਕਿਸਾਨ ਉੱਤੇ ਨਿਰਭਰ ਹੈ।
ਸੋਹਨ ਸਿੰਘ ਕਹਿੰਦੇ ਹਨ ਕਿ ਉਹ ਲਗਾਤਾਰ ਸੋਲਨ ਦੇ ਰਿਸਰਚ ਸੈਂਟਰ ਨਾਲ ਸੰਪਰਕ ਵਿੱਚ ਰਹਿੰਦੇ ਹਨ ਤਾਂ ਜਦੋਂ ਕੋਈ ਸਮੱਸਿਆ ਆਵੇ ਤਾਂ ਉਨ੍ਹਾਂ ਦੀ ਮਦਦ ਲਈ ਜਾ ਸਕੇ।
ਸੋਹਨ ਸਿੰਘ ਦੱਸਦੇ ਹਨ, "ਖੁੰਭਾਂ ਦੀ ਖੇਤੀ ਵਿੱਚ ਲਾਗਤ ਕਾਫੀ ਹੈ ਪਰ ਮੁਨਾਫਾ ਵੀ ਕਾਫੀ ਹੈ। ਅਸੀਂ ਕਰੀਬ 34 ਲੱਖ ਰੁਪਏ ਦਾ ਕਰਜ਼ ਲਿਆ ਸੀ ਤੇ ਉਸ ਮਗਰੋਂ ਅਸੀਂ ਦੋ ਕਮਰੇ ਤੇ ਇੱਕ ਚੈਂਬਰ ਪਾਇਆ ਸੀ। ਹੁਣ ਅਸੀਂ ਹੌਲੀ-ਹੌਲੀ ਇਸ ਕੰਮ ਨੂੰ ਵਧਾ ਰਹੇ ਹਾਂ।"
"ਖੁੰਭਾਂ ਦੀ ਖੇਤੀ ਮੁੱਖ ਤੌਰ ਉੱਤੇ ਅਕਤੂਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਇਸ ਦੌਰਾਨ ਅਸੀਂ ਕਰੀਬ 1300-1400 ਕੁਇੰਟਲ ਖੁੰਭਾਂ ਦਾ ਉਤਪਾਦਨ ਕਰਦੇ ਹਾਂ। ਅਸੀਂ ਕਰੀਬ ਇੱਕ ਕਰੋੜ ਦੀ ਵਿਕਰੀ ਕਰ ਲੈਂਦੇ ਹਾਂ ਜਿਸ ਵਿੱਚ 25-30 ਫੀਸਦ ਦਾ ਮੁਨਾਫ਼ਾ ਸਾਨੂੰ ਮਿਲ ਜਾਂਦਾ ਹੈ।"

ਇਸ ਦੇ ਮੰਡੀਕਰਨ ਬਾਰੇ ਦੱਸਦਿਆਂ ਸੋਹਨ ਸਿੰਘ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਪਹਿਲਾਂ ਖੁੰਭਾਂ ਦੀ ਖੇਤੀ ਸ਼ੁਰੂ ਕੀਤੀ ਸੀ ਤਾਂ ਮੰਡੀਕਰਨ ਇੱਕ ਵੱਡੀ ਸਮੱਸਿਆ ਸੀ ਪਰ ਹੁਣ ਪੰਜਾਬ ਦੇ ਵੱਡੇ ਸ਼ਹਿਰ ਜਿਵੇਂ ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਵਿੱਚ ਉਨ੍ਹਾਂ ਦੀਆਂ ਖੁੰਭਾਂ ਦੀ ਚੰਗੀ ਵਿਕਰੀ ਹੁੰਦੀ ਹੈ।
ਸੋਹਨ ਸਿੰਘ ਮੁਤਾਬਕ ਉਹ ਹਰਿਆਣਾ ਵਿੱਚ ਵੀ ਖੁੰਭਾਂ ਨੂੰ ਵੇਚਦੇ ਹਨ।
ਸੋਹਨ ਸਿੰਘ ਖੁੰਭਾਂ ਦੀ ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਇਸ ਦੀ ਸਫਲ ਖੇਤੀ ਲਈ ਪੂਰੀ ਇੱਕ ਪ੍ਰਕਿਰਿਆ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਤਾਪਮਾਨ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ ਹੈ।
ਸੋਹਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਹ ਆਪਣੀ ਕਮਾਈ ਦੇ ਨਾਲ-ਨਾਲ ਹੋਰਾਂ ਨੂੰ ਵੀ ਰੁਜ਼ਗਾਰ ਦੇ ਰਹੇ ਹਨ।

ਸੋਹਨ ਸਿੰਘ ਦੇ ਭਰਾ ਪ੍ਰਮੋਦ ਢਿੱਲੋਂ ਦੱਸਦੇ ਹਨ ਕਿ ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਆਪਣਾ ਕੰਮ, ਆਪਣੇ ਪਿੰਡ ਵਿੱਚ ਆਪਣੇ ਲੋਕਾਂ ਦੇ ਨਾਲ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਕੰਮ ਵਿੱਚ ਮਿਹਨਤ ਪੂਰੀ ਦੇਣੀ ਪੈਂਦੀ ਹੈ। ਇਹ ਕੰਮ 24 ਘੰਟਿਆਂ ਦਾ ਹੈ। ਤੁਹਾਨੂੰ ਪੂਰਾ ਧਿਆਨ ਆਪ ਹੀ ਰੱਖਣਾ ਪੈਂਦਾ ਹੈ।
"ਸਾਨੂੰ ਸੋਚ ਬਦਲਣੀ ਪੈਣੀ ਹੈ, ਸਾਨੂੰ ਤਰੀਕਾ ਬਦਲਣਾ ਪੈਣਾ ਹੈ, ਮੰਡੀਕਰਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਖੇਤੀ ਨੂੰ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਚਾਹੀਦਾ ਹੈ। ਬਾਗਬਾਨੀ ਵਿਭਾਗ ਦਾ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ। ਉਹ ਸਾਡੇ ਸੰਪਰਕ ਵਿੱਚ ਰਹਿੰਦੇ ਹਨ।"
ਸੋਹਨ ਸਿੰਘ ਦੇ ਫਾਰਮ ਵਿੱਚ ਲੇਬਰ ਵਜੋਂ ਕੰਮ ਕਰਨ ਵਾਲੇ ਸਵਰਨਜੀਤ ਕੌਰ ਕਹਿੰਦੇ ਹਨ ਕਿ ਉਹ ਕਾਫੀ ਸੰਤੁਸ਼ਟ ਹਨ ਕਿ ਉਨ੍ਹਾਂ ਨੂੰ ਪਿੰਡ ਵਿੱਚ ਹੀ ਰੁਜ਼ਗਾਰ ਮਿਲ ਗਿਆ ਹੈ। ਉਨ੍ਹਾਂ ਮੁਤਾਬਕ 15-20 ਔਰਤਾਂ ਸਵੇਰ ਤੋਂ ਸ਼ਾਮ ਤੱਕ ਉੱਥੇ ਕੰਮ ਕਰਦੀਆਂ ਹਨ।

ਖੁੰਭਾਂ ਦੀ ਖੇਤੀ ਸ਼ੁਰੂ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ
ਸੰਗਰੂਰ ਦੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਕਹਿੰਦੇ ਹਨ ਕਿ ਖੁੰਭਾਂ ਦੀ ਖੇਤੀ ਵਿੱਚ ਚੰਗੇ ਮੁਨਾਫੇ ਲਈ ਕਿਸਾਨਾਂ ਨੂੰ ਸਿਖਲਾਈ ਲੈਣਾ ਬਹੁਤ ਜ਼ਰੂਰੀ ਹੈ।
ਉਹ ਕਹਿੰਦੇ ਹਨ, "ਜੇ ਕਿਸੇ ਵੀ ਕਿਸਾਨ ਨੇ ਮਸ਼ਰੂਮ ਦੀ ਖੇਤੀ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਉਹ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਪਹੁੰਚ ਕੇ ਸਿਖਲਾਈ ਲੈਣ ਦੇ ਲਈ ਰਜਿਸਟਰੇਸ਼ਨ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਸ਼ਰੂਮ ਦਾ ਕੰਮ ਸ਼ੁਰੂ ਕਰਨ ਦੇ ਲਈ ਹਰ ਕਿਸੇ ਕਿਸਾਨ ਨੂੰ ਸਿਖਲਾਈ ਲੈਣੀ ਪਹਿਲਾਂ ਜ਼ਰੂਰੀ ਹੈ ਤਾਂ ਜੋ ਉਹ ਇਸ ਕੰਮ ਵਿੱਚ ਕਾਮਯਾਬੀ ਹਾਸਿਲ ਕਰ ਸਕੇ ਅਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਸੇ ਵੀ ਕਿਸਾਨ ਦੇ ਫਾਰਮ ਦੇ ਉੱਪਰ ਜਾਣਾ ਚਾਹੀਦਾ ਹੈ ਤਾਂ ਜੋ ਇੱਕ ਵਾਰ ਮਸ਼ਰੂਮ ਦੇ ਫਾਰਮ ਨੂੰ ਚੱਲਦਾ ਹੋਇਆ ਦੇਖ ਸਕੇ ਅਤੇ ਸਿੱਖ ਸਕੇ।

ਡਾ. ਮਨਦੀਪ ਸਿੰਘ ਕਹਿੰਦੇ ਹਨ, "ਕਿਸਾਨਾਂ ਨੂੰ ਸ਼ੁਰੂਆਤ ਵਿੱਚ ਛੋਟੇ ਪੱਧਰ ਉੱਤੇ ਹੀ ਖੁੰਭਾਂ ਦੀ ਕਾਸ਼ਤ ਨੂੰ ਸ਼ੁਰੂ ਕਰਨਾ ਚਾਹੀਦਾ ਹੈ।"
"ਕਿਸਾਨ ਆਪਣੇ ਘਰ ਦੇ ਵਿੱਚ ਹੀ ਇੱਕ ਛੋਟੇ ਬਰਾਂਡੇ ਤੋਂ ਪੰਜ ਜਾਂ ਸੱਤ ਕੁਇੰਟਲ ਤੂੜੀ ਦੇ ਕੰਪੋਸਟ ਬਣਾ ਕੇ ਕਿਸਾਨ ਖੁੰਭਾਂ ਦੀ ਕਾਸ਼ਤ ਦੀ ਸ਼ੁਰੂਆਤ ਕਰ ਸਕਦਾ ਹੈ ਅਤੇ ਫਿਰ ਆਪਣੇ ਮੁਨਾਫੇ ਨੂੰ ਦੇਖਦੇ ਹੋਏ ਕਿਸਾਨ ਆਪਣੇ ਸ਼ੈੱਡਾਂ ਦੀ ਗਿਣਤੀ ਲਗਾਤਾਰ ਵਧਾ ਸਕਦਾ ਹੈ।"
ਉਨ੍ਹਾਂ ਕਿਹਾ ਕਿ ਉਨ੍ਹਾਂ ਮੁਤਾਬਕ ਕਿਸਾਨ ਨੂੰ ਪਹਿਲਾਂ ਛੋਟੇ ਪੱਧਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਪ੍ਰੋਡਕਸ਼ਨ ਅਤੇ ਮੰਡੀਕਰਨ ਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ ਹੈ ਕਿਉਂਕਿ ਮਸ਼ਰੂਮ ਇੱਕ ਜਲਦੀ ਖਰਾਬ ਹੋਣ ਵਾਲੀ ਫਸਲ ਹੈ, ਇਸ ਲਈ ਇਸ ਦਾ ਮੰਡੀਕਰਨ ਵੀ ਵੱਡੀ ਅਹਮੀਅਤ ਰੱਖਦਾ ਹੈ।
ਡਾ. ਮਨਦੀਪ ਸਿੰਘ ਕਹਿੰਦੇ ਹਨ, "ਖੁੰਭਾਂ ਦੇ ਕਾਸ਼ਤ ਦਾ ਪ੍ਰੋਜੈਕਟ ਸ਼ੁਰੂ ਕਰਨ ਦੇ ਲਈ ਵੀ ਪੰਜਾਬ ਸਰਕਾਰ ਸਬਸਿਡੀ ਦਿੰਦੀ ਹੈ।"
ਉਹਨਾਂ ਦੱਸਿਆ ਕਿ ਖੁੰਭਾਂ ਦੀ ਕਾਸ਼ਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਖੁੰਭ ਉਤਪਾਦਕ ਕਿਸਾਨ ਨੂੰ ਆਪਣੇ ਨਜ਼ਦੀਕੀ ਬਾਗਬਾਨੀ ਵਿਭਾਗ ਦੇ ਦਫਤਰ ਵਿੱਚ ਜਾ ਕੇ ਪਹਿਲਾਂ ਸਬਸਿਡੀ ਦੇ ਲਈ ਫਾਰਮ ਭਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਕੰਪੋਸਟ ਦਾ ਪਲਾਂਟ ਲਗਾਉਣ ਦੇ ਲਈ ਵੀ ਸਰਕਾਰ ਵੱਖ ਤੋਂ ਸਬਸਿਡੀ ਦਿੰਦੀ ਹੈ ਅਤੇ ਜੇ ਕਿਸਾਨ ਨੇ ਖੁੰਭਾਂ ਦੇ ਬੀਜ ਦੀ ਲੈਬੋਟਰੀ ਲਗਾਉਣੀ ਹੈ ਤਾਂ ਉਸ ਦੇ ਉੱਪਰ ਵੀ ਅਲੱਗ ਤੋਂ ਸਬਸਿਡੀ ਮਿਲਦੀ ਹੈ।
ਬਿਮਾਰੀ ਜਾਂ ਮੁਸ਼ਕਿਲਾਂ ਦੇ ਉੱਪਰ ਉਨ੍ਹਾਂ ਨੇ ਕਿਹਾ ਕਿ ਖੁੰਭਾਂ ਦੀ ਖੇਤੀ ਵਿੱਚ ਜੇਕਰ ਕਿਸਾਨ ਧਿਆਨ ਦੇ ਨਾਲ ਕਾਸ਼ਤ ਕਰਦਾ ਹੈ ਤਾਂ ਖੁੰਭਾਂ ਦੀ ਕਾਸ਼ਤ ਵਿੱਚ ਕਿਸੇ ਵੀ ਕਿਸਮ ਦੀ ਜ਼ਿਆਦਾਤਰ ਬਿਮਾਰੀ ਨਹੀਂ ਆਉਂਦੀ ਜੇ ਫਿਰ ਵੀ ਕਿਸਾਨ ਨੂੰ ਸ਼ੁਰੂਆਤ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਬਾਗਬਾਨੀ ਵਿਭਾਗ ਦੇ ਮਸ਼ਰੂਮ ਦੇ ਮਾਹਿਰ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













