'ਬੈੱਡ ਫਾਰਮਿੰਗ' ਰਾਹੀਂ ਮਲੇਰਕੋਟਲਾ ਦਾ ਇਹ ਕਿਸਾਨ ਕਰ ਰਿਹਾ ਹੈ ਖੇਤੀ, ਜਾਣੋ ਇਸ ਤਰ੍ਹਾਂ ਦੀ ਖੇਤੀ ਨਾਲ ਕਿਵੇਂ ਹੁੰਦੀ ਹੈ ਪਾਣੀ ਦੀ ਬਚਤ

ਤਸਵੀਰ ਸਰੋਤ, Kulvir Singh/BBC
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਮਲੇਰਕੋਟਲਾ ਜ਼ਿਲ੍ਹੇ ਦੇ ਨੇੜਲੇ ਪਿੰਡ ਰਾਣਵਾਂ ਵਿੱਚ ਰਹਿਣ ਵਾਲੇ ਕਿਸਾਨ ਹੁਸ਼ਿਆਰ ਸਿੰਘ ਨੇ ਖੇਤੀ ਵਿੱਚ ਇੱਕ ਨਵਾਂ ਪ੍ਰਯੋਗ ਸ਼ੁਰੂ ਕੀਤਾ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੇ 10 ਏਕੜ ਖੇਤ ਵਿੱਚ ਬਿਨਾਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ, 'ਬੈੱਡ ਵਿਧੀ' ਰਾਹੀਂ ਕਣਕ, ਸਰੋਂ, ਛੋਲੇ ਅਤੇ ਵੱਖ-ਵੱਖ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।
ਉਹ ਇਸ ਨੂੰ ਰੀਜਨਰੇਟਿਵ ਫਾਰਮਿੰਗ ਜਾਂ ਪੁਨਰਜਨਮਾਤਮਕ ਖੇਤੀ ਵਰਗਾ ਤਰੀਕਾ ਦੱਸਦੇ ਹਨ, ਜਿਸ ਦਾ ਮੁੱਖ ਉਦੇਸ਼ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਾਪਸ ਕੁਦਰਤੀ ਰੂਪ ਵਿੱਚ ਲਿਆਉਣਾ ਹੈ।
ਹੁਸ਼ਿਆਰ ਸਿੰਘ ਮੰਨਦੇ ਹਨ ਕਿ 1960 ਦੇ ਦਹਾਕੇ ਤੋਂ ਬਾਅਦ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਜਿੱਥੇ ਉਤਪਾਦਨ ਵਿੱਚ ਵਾਧਾ ਹੋਇਆ, ਉੱਥੇ ਕੁਦਰਤ ਦੇ ਨਾਲ ਵੱਡਾ ਸਮਝੌਤਾ ਵੀ ਹੋਇਆ।
ਉਹ ਕਹਿੰਦੇ ਹਨ, "ਇਸ ਦੌਰਾਨ ਹੋਏ ਬਦਲਾਅ ਨਾ ਤਾਂ ਮਨੁੱਖ ਪੱਖੀ ਸਨ ਅਤੇ ਨਾ ਹੀ ਵਾਤਾਵਰਣ ਪੱਖੀ। ਅਸੀਂ ਹਰ ਰੋਜ਼ ਵੱਧ ਰਹੀਆਂ ਬਿਮਾਰੀਆਂ ਦੇ ਪਿੱਛੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਅੰਨ੍ਹੇਵਾਹ ਛਿੜਕਾਅ ਨੂੰ ਹੀ ਸਭ ਤੋਂ ਵੱਡੀ ਵਜ੍ਹਾ ਮੰਨਦੇ ਹਾਂ।"
ਬੈੱਡ ਵਿਧੀ ਵਾਲੀ ਖੇਤੀ ਦਾ ਵਿਚਾਰ ਉਨ੍ਹਾਂ ਨੇ ਪਹਿਲਾਂ ਰਾਜਸਥਾਨ ਦੇ ਕੁਝ ਪ੍ਰਗਤੀਸ਼ੀਲ ਕਿਸਾਨਾਂ ਵਿੱਚ ਦੇਖਿਆ ਅਤੇ ਫਿਰ ਇਸ ਬਾਰੇ ਕਈ ਕਿਤਾਬਾਂ ਅਤੇ ਖੋਜ ਪੱਤਰ ਪੜ੍ਹ ਕੇ ਜਾਣਕਾਰੀ ਹਾਸਿਲ ਕੀਤੀ।
ਉਹ ਦੱਸਦੇ ਹਨ ਕਿ ਇਹ ਤਕਨੀਕ ਜ਼ਮੀਨ ਦੀ ਕੁਦਰਤੀ ਬਣਤਰ ਨਾਲ ਖਿਲਵਾੜ ਨਹੀਂ ਕਰਦੀ।
"ਬੈੱਡਾਂ 'ਤੇ ਬੀਜੀ ਗਈ ਫ਼ਸਲ ਦੀ ਰਹਿੰਦ-ਖੁੰਹਦ ਨੂੰ ਜ਼ਮੀਨ ਵਿੱਚ ਹੀ ਮਲਚ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਵਧਦੇ ਹਨ। ਮਲਚਿੰਗ ਕਾਰਨ ਮਿੱਟੀ ਵਿੱਚ ਨਮੀ ਸਾਂਭੀ ਰਹਿੰਦੀ ਹੈ ਅਤੇ ਜੰਗਲੀ ਘਾਹ ਵੀ ਕਾਫ਼ੀ ਘੱਟ ਹੁੰਦੀ ਹੈ।"
'ਪਾਣੀ ਦੀ ਬੱਚਤ'
ਪੰਜਾਬ ਵਿੱਚ ਧਰਤੀ ਹੇਠਲੇ ਜਲ ਦਾ ਸੰਕਟ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹੁਸ਼ਿਆਰ ਸਿੰਘ ਦੱਸਦੇ ਹਨ ਕਿ ਬੈੱਡ ਵਿਧੀ ਰਾਹੀਂ ਪਾਣੀ ਦੀ ਬੱਚਤ ਸਭ ਤੋਂ ਵੱਡਾ ਫਾਇਦਾ ਹੈ।
ਉਹ ਕਹਿੰਦੇ ਹਨ, "ਇੱਕ ਬੂਟੇ ਨੂੰ ਵਧਣ ਲਈ ਪਾਣੀ ਦੀ ਬਹੁਤ ਜ਼ਿਆਦਾ ਨਹੀਂ, ਸਗੋਂ ਹਲਕੀ ਨਮੀ ਦੀ ਲੋੜ ਹੁੰਦੀ ਹੈ। ਬੈੱਡਾਂ 'ਤੇ ਇਹ ਨਮੀ ਕੁਦਰਤੀ ਤੌਰ 'ਤੇ ਬਚੀ ਰਹਿੰਦੀ ਹੈ। ਇਸ ਨਾਲ ਬੂਟਾ ਜ਼ਿਆਦਾ ਮਜ਼ਬੂਤ ਹੁੰਦਾ ਹੈ ਅਤੇ ਉਸ ਦੀਆਂ ਜੜਾਂ ਦੀ ਵਾਧਾ ਬਿਹਤਰ ਹੁੰਦਾ ਹੈ।"
ਉਹ ਮੰਨਦੇ ਹਨ ਕਿ ਔਰਗੈਨਿਕ ਤਰੀਕੇ ਨਾਲ ਬੀਜੀਆਂ ਫ਼ਸਲਾਂ ਦੇ ਝਾੜ ਸ਼ੁਰੂਆਤੀ ਸਾਲਾਂ ਵਿੱਚ ਰਸਾਇਣਕ ਖੇਤੀ ਦੇ ਮੁਕਾਬਲੇ ਘੱਟ ਰਹਿੰਦੇ ਹਨ। ਪਰ 2–3 ਸਾਲਾਂ ਦੀ ਲਗਾਤਾਰ ਜੈਵਿਕ ਖੇਤੀ ਨਾਲ ਜ਼ਮੀਨ ਦੀ ਉਰਵਰਤਾ ਵਧਣ ਲੱਗਦੀ ਹੈ ਅਤੇ ਝਾੜ ਬਰਾਬਰ ਹੋ ਜਾਂਦਾ ਹੈ।
ਉਹ ਕਹਿੰਦੇ ਹਨ, "ਪਹਿਲੇ ਸਾਲ ਕਿਸਾਨ ਨੂੰ ਝਾੜ ਵਿੱਚ ਘਾਟਾ ਮਹਿਸੂਸ ਹੋ ਸਕਦਾ ਹੈ, ਪਰ ਅੱਗੇ ਇਹ ਮਿਹਨਤ ਵੀ ਫ਼ਲ ਦਿੰਦੀ ਹੈ ਅਤੇ ਖਰਚੇ ਵੀ ਕਾਫ਼ੀ ਘੱਟ ਹੋ ਜਾਂਦੇ ਹਨ।"

ਹੁਸ਼ਿਆਰ ਸਿੰਘ ਨੇ ਆਪਣੇ ਖੇਤ ਵਿੱਚ ਕਣਕ ਦੀਆਂ ਉਨ੍ਹਾਂ ਰਵਾਇਤੀ ਕਿਸਮਾਂ ਦੀ ਬਿਜਾਈ ਕੀਤੀ ਹੈ ਜੋ ਗੁਣਵੱਤਾ ਲਈ ਮਸ਼ਹੂਰ ਹਨ - ਸੋਨਾ ਮੋਤੀ, ਸ਼ਰਬਤੀ, ਚਪਾਤੀ ਅਤੇ 872।
ਇਸੇ ਤਰ੍ਹਾਂ ਛੋਲੇ, ਸਰੋਂ ਅਤੇ ਹਰੇ ਮਟਰ ਦੀਆਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੀਆਂ ਉਂਨਤ ਕਿਸਮਾਂ ਵੀ ਲਗਾਈਆਂ ਹਨ।
ਉਹ ਮੰਨਦੇ ਹਨ ਕਿ ਔਰਗੈਨਿਕ ਫਾਰਮਿੰਗ ਨੂੰ ਵਧਾਉਣ ਲਈ ਸਰਕਾਰ ਨੂੰ ਕਿਸਾਨਾਂ ਦੇ ਲਈ ਵੱਖਰੇ ਸਹਾਇਤਾ ਪੈਕੇਜ ਤਿਆਰ ਕਰਨ ਦੀ ਲੋੜ ਹੈ।
ਉਹ ਕਹਿੰਦੇ ਹਨ, "ਜਦੋਂ ਤੱਕ ਸਰਕਾਰ ਫ਼ਸਲ ਸਟੋਰੇਜ, ਮਾਰਕੀਟ ਵਿਚਾਲੇ ਕੀਮਤਾਂ ਦੇ ਸੰਤੁਲਨ ਅਤੇ ਨਿੱਜੀ ਮਾਰਕੀਟ ਦੀ ਮਨਮਰਜ਼ੀ 'ਤੇ ਕੰਟ੍ਰੋਲ ਨਹੀਂ ਕਰਦੀ, ਉਦੋਂ ਤੱਕ ਆਰਗੈਨਿਕ ਖੇਤੀ ਪੂਰੇ ਪੱਧਰ 'ਤੇ ਨਹੀਂ ਫੈਲ ਸਕਦੀ।"
ਹੁਸ਼ਿਆਰ ਸਿੰਘ ਦਾ ਮੰਨਣਾ ਹੈ ਕਿ ਗਾਹਕਾਂ ਨੂੰ ਵੀ ਆਪਣੀ ਖਾਣ–ਪੀਣ ਦੀ ਸੋਚ ਬਦਲਣੀ ਚਾਹੀਦੀ ਹੈ।
ਉਹ ਕਹਿੰਦੇ ਹਨ, "ਜਿਸ ਤਰ੍ਹਾਂ ਅਸੀਂ ਆਪਣਾ ਪਰਿਵਾਰਕ ਡਾਕਟਰ ਚੁਣਦੇ ਹਾਂ, ਉਸੇ ਤਰ੍ਹਾਂ ਭਵਿੱਖ ਵਿੱਚ ਹਰ ਪਰਿਵਾਰ ਨੂੰ ਆਪਣਾ ਫੈਮਿਲੀ ਫਾਰਮਰ ਵੀ ਚੁਣਨਾ ਹੋਵੇਗਾ। ਖਾਣਾ ਜੇ ਸਿਹਤਮੰਦ ਨਹੀਂ, ਤਾਂ ਦਵਾਈਆਂ ਤੋਂ ਵੀ ਕੁਝ ਨਹੀਂ ਮਿਲਦਾ।"
ਰਸਾਇਣਕ ਖਾਦਾਂ ਤੋਂ ਦੂਰੀ
ਉਹ ਦੱਸਦੇ ਹਨ ਕਿ ਜੰਗਲੀ ਘਾਹ ਨੂੰ ਖ਼ਤਮ ਕਰਨ ਲਈ ਉਹ ਕਦੇ ਵੀ ਰਸਾਇਣਿਕ ਸਪ੍ਰੇਅ ਦਾ ਇਸਤੇਮਾਲ ਨਹੀਂ ਕਰਦੇ। ਇਸ ਦੀ ਬਜਾਏ ਉਨ੍ਹਾਂ ਨੇ ਆਪਣੇ ਖੇਤ ਵਿੱਚ ਕੁਝ ਵਿਸ਼ੇਸ਼ ਹੱਥ ਨਾਲ ਚੱਲਣ ਵਾਲੇ ਦੇਸੀ ਸੰਦ ਬਣਾਏ ਹਨ, ਜਿਨ੍ਹਾਂ ਨਾਲ ਖੇਤ ਦੀ ਹਲਕੀ ਗੁਡਾਈ ਕਰ ਕੇ ਨਦੀਨਾਂ ਨੂੰ ਕਾਬੂ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Kulvir Singh/BBC
ਖੇਤ ਵਿੱਚ ਕੈਂਪ ਤੇ ਖ਼ੁਦ ਦੀ ਮਾਰਕੇਟਿੰਗ
ਹੁਸ਼ਿਆਰ ਸਿੰਘ ਦੱਸਦੇ ਹਨ ਕਿ ਉਹ ਖ਼ੁਦ ਹੀ ਫ਼ਸਲ ਦੀ ਪੈਕਿੰਗ ਅਤੇ ਮਾਰਕੀਟਿੰਗ ਕਰਦੇ ਹਨ। ਉਹ ਖੇਤ ਵਿੱਚ ਹੀ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਔਰਗੈਨਿਕ ਖੇਤੀ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਦੀ ਯੋਜਨਾ ਬਣਾ ਚੁੱਕੇ ਹਨ।
ਉਹ ਮੰਨਦੇ ਹਨ ਕਿ ਜਦ ਤੱਕ ਕਿਸਾਨ ਸਿੱਧੇ ਗਾਹਕ ਨਾਲ ਜੁੜੇਗਾ ਨਹੀਂ, ਉਦੋਂ ਤੱਕ ਉਸ ਨੂੰ ਆਪਣੇ ਉਤਪਾਦ ਦੀ ਅਸਲੀ ਕੀਮਤ ਨਹੀਂ ਮਿਲੇਗੀ।
ਉਹ ਕਹਿੰਦੇ ਹਨ, "ਲਗਾਤਾਰ ਜ਼ਹਿਰੀਲੀਆਂ ਖਾਦਾਂ ਦੇ ਛਿੜਕਾਅ ਨੇ ਸਾਡੀ ਧਰਤੀ ਦਾ ਦਮ ਘੁੱਟ ਦਿੱਤਾ ਹੈ। ਅੱਜ ਮਿੱਟੀ ਦੀ ਹਾਲਤ ਵੈਂਟੀਲੇਟਰ 'ਤੇ ਪਈ ਹੋਈ ਹੈ। ਜੇ ਅਸੀਂ ਦਿਸ਼ਾ ਨਾ ਬਦਲੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਹਿਰਲਾ ਅਨਾਜ ਹੀ ਮਿਲੇਗਾ।"
ਹੁਸ਼ਿਆਰ ਸਿੰਘ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕਦੇ ਵੀ ਜੀਐੱਮ ਜਾਂ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਹੀਂ ਕਰਨਗੇ।
ਉਹ ਮੰਨਦੇ ਹਨ ਕਿ ਰਵਾਇਤੀ ਬੀਜ ਹੀ ਆਰਗੈਨਿਕ ਖੇਤੀ ਦੀ ਨੀਂਹ ਹਨ।
ਉਹ ਕਹਿੰਦੇ ਹਨ, "ਜੀਐੱਮ ਅਤੇ ਹਾਈਬ੍ਰਿਡ ਬੀਜਾਂ ਨਾਲ ਰਸਾਇਣਕ ਖਾਦਾਂ ਦੀ ਲੋੜ ਪੈਂਦੀ ਹੈ। ਇਸ ਦੇ ਉਲਟ ਰਵਾਇਤੀ ਬੀਜ ਬਾਇਓ–ਖਾਦ ਨਾਲ ਬਹੁਤ ਵਧੀਆ ਤਰ੍ਹਾਂ ਪੈਦਾ ਹੁੰਦਾ ਹੈ। ਅਸੀਂ 'ਜੀਵ ਅੰਮ੍ਰਿਤ' ਅਤੇ 'ਘਣ ਅੰਮ੍ਰਿਤ' ਵਰਤਦੇ ਹਾਂ, ਜੋ ਪਸ਼ੂਆਂ ਦੇ ਗੋਬਰ–ਮੂਤਰ ਅਤੇ ਦੇਸੀ ਪਦਾਰਥਾਂ ਤੋਂ ਤਿਆਰ ਹੁੰਦੇ ਹਨ।"
ਉਹ ਮੰਨਦੇ ਹਨ ਕਿ ਜੇਕਰ ਪੰਜਾਬ ਨੂੰ ਆਪਣੀ ਜ਼ਮੀਨ, ਪਾਣੀ ਅਤੇ ਇਨਸਾਨੀ ਸਿਹਤ ਬਚਾਉਣੀ ਹੈ, ਤਾਂ ਆਰਗੈਨਿਕ ਖੇਤੀ ਅਪਣਾਉਣਾ ਹੁਣ ਚੋਣ ਨਹੀਂ ਲੋੜ ਬਣ ਚੁੱਕੀ ਹੈ।
ਹੁਸ਼ਿਆਰ ਸਿੰਘ ਦੇ ਮੁਤਾਬਕ, "ਜੇ ਸਾਡੀ ਸਿਹਤ ਹੈ, ਉਦੋਂ ਹੀ ਸਾਡਾ ਭਵਿੱਖ ਹੈ ਅਤੇ ਸਿਹਤ ਦੀ ਸ਼ੁਰੂਆਤ ਖੇਤ ਤੋਂ ਹੁੰਦੀ ਹੈ।"
ਬੈੱਡ ਫਾਰਮਿੰਗ ਕੀ ਹੁੰਦੀ ਹੈ

ਤਸਵੀਰ ਸਰੋਤ, Kulvir Singh/BBC
ਮੁੱਖ ਖੇਤੀਬਾੜੀ ਅਫਸਰ ਧਰਮਿੰਦਰਜੀਤ ਸਿੰਘ ਸਿੱਧੂ ਨੇ ਔਰਗੈਨਿਕ ਫਾਰਮਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਹੁਸ਼ਿਆਰ ਸਿੰਘ ਨੇ ਔਰਗੈਨਿਕ ਫਾਰਮਿੰਗ ਦੀ ਸ਼ੁਰੂਆਤ ਕੀਤੀ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਫ਼ਸਲਾਂ ਦੀ ਮੰਗ ਵਧ ਰਹੀ ਹੈ। ਹਰ ਕੋਈ ਚੰਗੀ ਸਿਹਤ ਦੇ ਲਈ ਇਨ੍ਹਾਂ ਨੂੰ ਵਰਤ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਬੈੱਡ ਤਕਨੀਕ ਵਿੱਚ ਜ਼ਮੀਨ 'ਚ ਮਿੱਟੀ ਦੇ 2 ਫੁੱਟ ਬੈੱਡ ਤਿਆਰ ਕਰਕੇ ਉਨ੍ਹਾਂ ਦੇ ਉੱਪਰ ਫ਼ਸਲ ਦੀ ਬਜਾਈ ਕੀਤੀ ਜਾਂਦੀ ਹੈ।
ਧਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ, "ਅਸੀਂ ਭਾਰੀਆਂ ਜ਼ਮੀਨ ਦੇ ਲਈ ਬੈੱਡ ਦੀ ਸਿਫਾਰਿਸ਼ ਕਰਦੇ ਹਾਂ, ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਇਸ ਦੀ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ।"
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਝਾੜ ਦੇ ਮੁਕਾਬਲੇ ਬੈੱਡਾਂ 'ਤੇ ਖੇਤੀ ਦੇ ਵਿੱਚ ਦੂਸਰੀ ਤਕਨੀਕ ਦੇ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਇੱਥੇ ਹੀ ਉਨ੍ਹਾਂ ਨੇ ਕਿਹਾ ਕਿ ਬੈੱਡ ਦੇ ਉੱਪਰ ਕੀਤੀ ਗਈ ਫ਼ਸਲ ਦੇ ਉੱਪਰ ਪਾਣੀ ਦੀ 15 ਤੋਂ 20% ਦੇ ਕਰੀਬ ਬੱਚਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਬੈੱਡ ਤਕਨੀਕ ਫ਼ਸਲਾਂ ਦੇ ਮੁਕਾਬਲੇ ਜ਼ਿਆਦਾਤਰ ਸਬਜ਼ੀਆਂ ਦੇ ਲਈ ਵਧੇਰੇ ਲਾਭਕਾਰੀ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ, "ਅਸੀਂ ਕਿਸਾਨ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਉਹ ਫ਼ਸਲਾਂ ਦੇ ਨਾਲ-ਨਾਲ ਆਪਣੇ ਖੇਤ ਦੇ ਵਿੱਚ ਔਰਗੈਨਿਕ ਸਬਜ਼ੀਆਂ ਦੀ ਵੀ ਸ਼ੁਰੂਆਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਖੇਤ ਦੇ ਵਿੱਚ ਹੀ ਵੇਚਣ।"
ਔਰਗੈਨਿਕ ਫਾਰਮਿੰਗ ਦੇ ਵਿੱਚ ਪੌਦੇ ਦੀ ਖਾਦ ਬਿਨਾਂ ਕਿਸੇ ਕੈਮੀਕਲ ਤੋਂ ਔਰਗੈਨਿਕ ਤਰੀਕੇ ਨਾਲ ਦੂਸਰੇ ਤੱਤਾਂ ਤੋਂ ਪ੍ਰਾਪਤ ਕਰਨੀ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਔਰਗੈਨਿਕ ਖੇਤੀ ਦੇ ਵਿੱਚ ਸਰਕਾਰ ਵੱਲੋਂ ਕੋਈ ਸਬਸਿਡੀ ਤਾਂ ਨਹੀਂ ਦਿੱਤੀ ਜਾਂਦੀ ਪਰ ਜੇਕਰ ਕਿਸਾਨ ਅਨਾਜਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਕੇ ਪੈਕਿੰਗ ਦੇ ਰਾਹੀਂ ਆਪਣੇ ਖ਼ੁਦ ਦੇ ਬ੍ਰਾਂਡ ਦੇ ਤਹਿਤ ਵੇਚਦੇ ਹਨ ਤਾਂ ਸਰਕਾਰ ਵੱਲੋਂ ਛੋਟੀਆਂ ਮਿਲ ਚੱਕੀਆਂ ਜਾਂ ਛੋਟੇ ਉਦਯੋਗਾਂ ਲਈ ਸਬਸਿਡੀ ਮੁਹਈਆ ਕਰਵਾਈ ਜਾਂਦੀ ਹੈ।
"ਔਰਗੈਨਿਕ ਫਾਰਮਿੰਗ ਦੇ ਰਾਹੀਂ ਫਸਲ ਦਾ ਝਾੜ ਹਮੇਸ਼ਾ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਘੱਟ ਰਹਿੰਦਾ ਹੈ। ਪਰ ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਔਰਗੈਨਿਕ ਫਸਲਾਂ ਦਾ ਮੰਡੀ ਦੇ ਵਿੱਚ ਮੁੱਲ ਦੂਸਰੀ ਫ਼ਸਲ ਦੇ ਮੁਕਾਬਲੇ ਦੁਗਣਾ ਹੁੰਦਾ ਹੈ ਕਿਸਾਨ ਉਥੋਂ ਚੰਗਾ ਮੁਨਾਫ਼ਾ ਕਰ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













