ਗਰਮ ਜਾਂ ਠੰਢਾ ਪਾਣੀ? ਸਰਦੀਆਂ ਵਿੱਚ ਕਿਹੋ-ਜਿਹੇ ਪਾਣੀ ਨਾਲ ਨਹਾਉਣਾ ਬਿਹਤਰ ਹੈ, ਮਾਹਰਾਂ ਤੋਂ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਇਫਤੇਖਾਰ ਅਲੀ
- ਰੋਲ, ਬੀਬੀਸੀ ਪੱਤਰਕਾਰ
ਜਿਵੇਂ ਹੀ ਠੰਢਾ ਮੌਸਮ ਆਉਂਦਾ ਹੈ, ਬਹੁਤ ਸਾਰੇ ਲੋਕ ਇਸ ਸਵਾਲ ਨਾਲ ਜੂਝਦੇ ਹਨ ਕਿ 'ਨਹਾਇਆ ਜਾਵੇ ਜਾਂ ਨਹੀਂ?' ਅਤੇ ਜੇ ਹਿੰਮਤ ਕਰਕੇ ਨਹਾਉਣ ਦਾ ਮਨ ਬਣਾ ਵੀ ਲਿਆ ਤਾਂ ਅਗਲਾ ਸਵਾਲ ਇਹ ਹੁੰਦਾ ਹੈ ਕਿ 'ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਜਾਂ ਠੰਢੇ ਪਾਣੀ ਨਾਲ?'
ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਬਿਹਤਰ ਹੈ। ਉਹ ਕਹਿੰਦੇ ਹਨ ਕਿ ਇਹ ਸਰੀਰ ਨੂੰ ਰਾਹਤ ਦਿੰਦਾ ਹੈ, ਥਕਾਵਟ ਉੱਤਰ ਜਾਂਦੀ ਹੈ ਅਤੇ ਠੰਢ ਤੋਂ ਬਚਾਉਂਦਾ ਹੈ।
ਪਰ ਦੂਜੇ ਪਾਸੇ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ, ਵਾਲਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਸਰੀਰ ਦੀ ਕੁਦਰਤੀ ਤੇਲ ਵਾਲੀ ਪਰਤ ਹਟ ਜਾਂਦੀ ਹੈ।
ਤਾਂ ਆਖ਼ਰ ਸੱਚਾਈ ਕੀ ਹੈ? ਕੀ ਸਾਨੂੰ ਹਰ ਮੌਸਮ ਵਿੱਚ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਜਾਂ ਫਿਰ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਬਿਹਤਰ ਹੈ? ਆਓ ਜਾਣਦੇ ਹਾਂ ਕਿ ਮਾਹਰ ਕੀ ਕਹਿੰਦੇ ਹਨ...
ਸਾਲ 2022 ਵਿੱਚ ਇੰਟਰਨੈਸ਼ਨਲ ਜਰਨਲ ਆਫ਼ ਸਾਇੰਟਿਫਿਕ ਰਿਸਰਚ ਐਂਡ ਇੰਜੀਨੀਅਰਿੰਗ ਡਿਵੈਲਪਮੈਂਟ ਵਿੱਚ ਪ੍ਰਕਾਸ਼ਿਤ ਇੱਕ ਖੋਜ ਰਿਪੋਰਟ ਦੇ ਅਨੁਸਾਰ, ਸਰੀਰ ਦੀ ਬਾਹਰੀ ਸਤਹ ਵਿੱਚ ਕੇਰਾਟਿਨ ਸੈੱਲ ਹੁੰਦੇ ਹਨ।
ਗਰਮ ਪਾਣੀ ਨਾਲ ਨਹਾਉਣ ਨਾਲ ਇਨ੍ਹਾਂ ਸੈੱਲਾਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਐਗਜ਼ੀਮਾ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ।
ਗਰਮ ਪਾਣੀ ਨਾਲ ਨਹਾਉਣ ਨਾਲ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਲੋਕ ਅਕਸਰ ਸਰਦੀਆਂ ਦੇ ਮੌਸਮ ਵਿੱਚ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ, ਪਰ ਚਮੜੀ ਦੇ ਮਾਹਰ ਇਸ ਨੂੰ ਇੱਕ ਵੱਡਾ ਖ਼ਤਰਾ ਮੰਨਦੇ ਹਨ। ਉਹ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗਰਮ ਪਾਣੀ ਸਾਡੀ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਕੈਲਾਸ਼ ਹਸਪਤਾਲ ਦੇ ਸੀਨੀਅਰ ਸਲਾਹਕਾਰ ਚਮੜੀ ਦੇ ਮਾਹਰ ਡਾ. ਅੰਜੂ ਝਾਅ ਦੱਸਦੇ ਹਨ ਕਿ ਸਰਦੀਆਂ ਵਿੱਚ ਤੁਸੀਂ ਗਰਮ ਪਾਣੀ ਨਾਲ ਨਹਾ ਸਕਦੇ ਹੋ, ਪਰ ਪਾਣੀ ਕੋਸਾ ਹੋਣਾ ਚਾਹੀਦਾ ਹੈ, ਨਾ ਕਿ ਬਹੁਤ ਜ਼ਿਆਦਾ ਗਰਮ।
ਡਾ. ਅੰਜੂ ਝਾਅ ਨੇ ਕਿਹਾ, "ਬਹੁਤ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ 'ਤੇ ਖੁਸ਼ਕੀ ਆ ਸਕਦੀ ਹੈ, ਜਿਸ ਨੂੰ ਅਸੀਂ 'ਜ਼ੇਰੋਸਿਸ' ਕਹਿੰਦੇ ਹਾਂ।"
ਅਪੋਲੋ ਹਸਪਤਾਲ ਦੇ ਚਮੜੀ ਦੇ ਮਾਹਰ ਡਾ. ਡੀਐੱਮ ਮਹਾਜਨ ਕਹਿੰਦੇ ਹਨ ਕਿ ਸਰਦੀਆਂ ਵਿੱਚ ਨਹਾਉਂਦੇ ਸਮੇਂ ਇਹ ਜ਼ਰੂਰੀ ਹੈ ਕਿ ਪਾਣੀ ਗਰਮ ਹੋਵੇ, ਪਰ ਬਸ ਇੰਨਾ ਹੀ ਗਰਮ ਹੋਵੇ ਕਿ ਤੁਹਾਨੂੰ ਠੰਢਾ ਮਹਿਸੂਸ ਨਾ ਹੋਵੇ।
ਸਾਡੀ ਚਮੜੀ ਦੀ ਉੱਪਰਲੀ ਪਰਤ ਵਿੱਚ ਸੀਬਮ ਅਤੇ ਲਿਪਿਡਸ ਦੀ ਇੱਕ ਪਤਲੀ, ਤੇਲਯੁਕਤ ਪਰਤ ਹੁੰਦੀ ਹੈ, ਜੋ ਸਰੀਰ ਨੂੰ ਬੈਕਟੀਰੀਆ, ਧੂੜ ਅਤੇ ਬਾਹਰੀ ਲਾਗਾਂ ਤੋਂ ਬਚਾਉਂਦੀ ਹੈ। ਇਹ ਪਰਤ ਚਮੜੀ ਦੀ ਨਮੀ ਬਣਾਈ ਰੱਖਣ ਵਿੱਚ ਵੀ ਮਦਦ ਕਰਦੀ ਹੈ।
ਡਾ. ਡੀਐੱਮ ਮਹਾਜਨ ਕਹਿੰਦੇ ਹਨ, "ਜੇ ਤੁਸੀਂ ਸਰੀਰ 'ਤੇ ਬਹੁਤ ਜ਼ਿਆਦਾ ਗਰਮ ਪਾਣੀ ਪਾਉਂਦੇ ਹੋ ਤਾਂ ਇਹ ਪਹਿਲਾਂ ਤੋਂ ਮੌਜੂਦ ਜ਼ਰੂਰੀ ਤੇਲ ਨੂੰ ਹਟਾ ਦਿੰਦਾ ਹੈ। ਜਦੋਂ ਕੋਈ ਬਹੁਤ ਜ਼ਿਆਦਾ ਗਰਮ ਪਾਣੀ ਵਰਤਦਾ ਹੈ, ਤਾਂ ਇਹ ਪਰਤ ਤੇਜ਼ੀ ਨਾਲ ਟੁੱਟ ਜਾਂਦੀ ਹੈ।"
ਉਹ ਕਹਿੰਦੇ ਹਨ ਕਿ ਤੇਲ ਦੀ ਪਰਤ ਦੇ ਹਟਣ ਨਾਲ ਕੁਝ ਬੇਅਰਾਮੀ ਹੋ ਸਕਦੀ ਹੈ। ਗਰਮ ਪਾਣੀ ਚਮੜੀ ਨੂੰ ਖੁਸ਼ਕ ਕਰ ਸਕਦਾ ਹੈ ਅਤੇ ਖੁਜਲੀ ਦਾ ਕਾਰਨ ਬਣ ਸਕਦਾ ਹੈ।

ਕਿਨ੍ਹਾਂ ਲੋਕਾਂ ਨੂੰ ਵੱਧ ਖਤਰਾ?
ਜੇਕਰ ਪਾਣੀ ਬਹੁਤ ਹੀ ਜ਼ਿਆਦਾ ਗਰਮ ਹੈ ਤਾਂ ਇਹ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਆਮ ਨਾਲੋਂ ਜ਼ਿਆਦਾ ਗਰਮ ਪਾਣੀ ਕੁਝ ਲੋਕਾਂ ਲਈ ਵਧੇਰੇ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਡਾ. ਅੰਜੂ ਦੱਸਦੇ ਹਨ, "ਜੇ ਤੁਹਾਡੀ ਚਮੜੀ ਪਹਿਲਾਂ ਹੀ ਖੁਸ਼ਕ ਹੈ ਅਤੇ ਤੁਸੀਂ ਜ਼ਿਆਦਾ ਗਰਮ ਪਾਣੀ ਨਾਲ ਨਹਾ ਲੈਂਦੇ ਹੋ ਤਾਂ ਇਹ ਡਰਮੇਟਾਇਟਸ ਅਤੇ ਐਗਜ਼ੀਮਾ ਦੇ ਜੋਖਮ ਨੂੰ ਵਧਾ ਦਿੰਦਾ ਹੈ।"
ਡਰਮੇਟਾਇਟਸ ਚਮੜੀ ਦੀ ਇੱਕ ਆਮ ਸਮੱਸਿਆ ਹੈ ਜੋ ਸੋਜ ਅਤੇ ਖੁਜਲੀ ਦਾ ਕਾਰਨ ਬਣਦੀ ਹੈ। ਇਹ ਲਾਲੀ ਦਾ ਕਾਰਨ ਵੀ ਬਣ ਸਕਦੀ ਹੈ।
ਡਾ. ਡੀ.ਐਮ. ਮਹਾਜਨ ਇਹ ਵੀ ਮੰਨਦੇ ਹਨ ਕਿ ਜੇਕਰ ਕਿਸੇ ਨੂੰ ਪਹਿਲਾਂ ਹੀ ਐਗਜ਼ੀਮਾ (ਐਟੋਪਿਕ ਡਰਮੇਟਾਇਟਸ) ਹੈ, ਤਾਂ ਗਰਮ ਪਾਣੀ ਨਾਲ ਨਹਾਉਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ।
ਐਗਜ਼ੀਮਾ ਇੱਕ ਚਮੜੀ ਰੋਗ ਹੈ ਜੋ ਚਮੜੀ ਦੀ ਖੁਸ਼ਕੀ ਅਤੇ ਲਾਲੀ ਦਾ ਕਾਰਨ ਬਣਦਾ ਹੈ। ਇਸ ਨਾਲ ਬਹੁਤ ਜ਼ਿਆਦਾ ਖੁਜਲੀ ਵੀ ਹੁੰਦੀ ਹੈ।
ਡਾ. ਡੀ.ਐਮ. ਮਹਾਜਨ ਕਹਿੰਦੇ ਹਨ ਕਿ ਜੇਕਰ ਤੁਸੀਂ ਪੋਲੀਸਾਈਥੀਮੀਆ ਵੇਰਾ (ਬਿਮਾਰੀ, ਜਿਸ ਵਿੱਚ ਸਰੀਰ ਬਹੁਤ ਜ਼ਿਆਦਾ ਲਾਲ ਖੂਨ ਦੇ ਸੈੱਲ ਪੈਦਾ ਕਰਦਾ ਹੈ) ਤੋਂ ਪੀੜਤ ਹੋ, ਤਾਂ ਤੁਹਾਨੂੰ ਗਰਮ ਪਾਣੀ ਨਾਲ ਨਹਾਉਣ ਵੇਲੇ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਉਹ ਕਹਿੰਦੇ ਹਨ, "ਜੇ ਇਸ ਸਥਿਤੀ ਤੋਂ ਪੀੜਤ ਲੋਕ ਬਹੁਤ ਗਰਮ ਪਾਣੀ ਨਾਲ ਨਹਾਉਂਦੇ ਹਨ, ਤਾਂ ਉਨ੍ਹਾਂ ਦੀ ਚਮੜੀ ਹੋਰ ਲਾਲ ਹੋ ਹੋ ਜਾਂਦੀ ਹੈ।"
ਸਰਦੀਆਂ 'ਚ ਅਚਾਨਕ ਠੰਢੇ ਪਾਣੀ ਨਾਲ ਨਹਾਉਣ 'ਤੇ ਕੀ ਹੁੰਦਾ ਹੈ?
ਠੰਢੇ ਪਾਣੀ ਨਾਲ ਨਹਾਉਣ ਨਾਲ ਤੁਹਾਡੀਆਂ ਕਈ ਆਦਤਾਂ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ।
ਕੁੱਝ ਮੁੱਖ ਫਾਇਦੇ ਇਹ ਹਨ :
ਖੂਨ ਸੰਚਾਰ ਵਿੱਚ ਸੁਧਾਰ, ਤਣਾਅ ਘਟਾਉਣਾ ਅਤੇ ਊਰਜਾ ਵਿੱਚ ਵਾਧਾ। ਇਹ ਸੁਚੇਤਤਾ ਨੂੰ ਵੀ ਵਧਾਉਂਦਾ ਹੈ।
ਭਾਵੇਂ ਇਹ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਦੀ ਮੁਰੰਮਤ ਕਰਨਾ ਹੋਵੇ, ਚਰਬੀ ਘਟਾਉਣਾ ਹੋਵੇ, ਜਾਂ ਇਮਿਊਨ ਸਿਸਟਮ ਵਿੱਚ ਸੁਧਾਰ ਕਰਨਾ ਹੋਵੇ, ਇਹ ਇਨ੍ਹਾਂ ਸਾਰਿਆਂ ਵਿੱਚ ਲਾਭਦਾਇਕ ਹੈ।
ਪਰ ਜੇਕਰ ਕੜਾਕੇ ਦੀ ਠੰਢ ਹੋਵੇ ਅਤੇ ਤੁਸੀਂ ਆਪਣੇ ਸਰੀਰ 'ਤੇ ਠੰਢਾ ਪਾਣੀ ਪਾ ਲਵੋ ਤਾਂ ਇਹ ਘਾਤਕ ਹੋ ਸਕਦਾ ਹੈ।
ਅਸੀਂ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਲਈ ਦਿੱਲੀ ਦੇ ਬੀਐਲਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਸਲਾਹਕਾਰ ਨਿਊਰੋਲੋਜਿਸਟ ਅਤੇ ਨਿਊਰੋਵੈਸਕੁਲਰ ਇੰਟਰਵੈਂਸ਼ਨ ਡਾ. ਪ੍ਰਤੀਕ ਕਿਸ਼ੋਰ ਨਾਲ ਗੱਲ ਕੀਤੀ।
ਉਹ ਕਹਿੰਦੇ ਹਨ ਕਿ ਜਦੋਂ ਸਾਡਾ ਸਰੀਰ ਅਚਾਨਕ ਬਹੁਤ ਠੰਢੇ ਜਾਂ ਬਹੁਤ ਗਰਮ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਖੂਨ ਦੀਆਂ ਨਾੜੀਆਂ ਤੁਰੰਤ ਪ੍ਰਤੀਕਿਰਿਆ ਕਰਦੀਆਂ ਹਨ।
ਡਾ. ਪ੍ਰਤੀਕ ਕਹਿੰਦੇ ਹਨ, "ਬਹੁਤ ਠੰਢੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਦਿਲ ਦੀ ਧੜਕਣ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ। ਬਹੁਤ ਗਰਮ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ, ਨਾੜੀਆਂ ਫੈਲ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ ਅਤੇ ਚੱਕਰ ਆਉਣੇ ਜਾਂ ਬੇਹੋਸ਼ੀ ਹੋ ਸਕਦੀ ਹੈ। ਇਸ ਲਈ, ਬਹੁਤ ਜ਼ਿਆਦਾ ਗਰਮ ਪਾਣੀ ਤੋਂ ਬਚਣਾ ਮਹੱਤਵਪੂਰਨ ਹੈ।"
ਉਨ੍ਹਾਂ ਦੇ ਅਨੁਸਾਰ, ਅਚਾਨਕ ਤਾਪਮਾਨ ਵਿੱਚ ਤਬਦੀਲੀਆਂ ਉਨ੍ਹਾਂ ਲੋਕਾਂ ਲਈ ਹੋਰ ਵੀ ਖ਼ਤਰਨਾਕ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀ ਬਿਮਾਰੀ, ਨਾੜੀਆਂ ਦੀ ਬਲੌਕੇਜ, ਹਾਈ ਬਲੱਡ ਪ੍ਰੈਸ਼ਰ, ਜਾਂ ਦਿਲ ਨਾਲ ਸਬੰਧਤ ਕੋਈ ਹੋਰ ਸਥਿਤੀ ਹੈ।
ਉਹ ਕਹਿੰਦੇ ਹਨ, "ਬਹੁਤ ਠੰਢੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਬਲੱਡ ਪ੍ਰੈਸ਼ਰ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ, ਜਿਸ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ।"

ਠੰਢੇ ਪਾਣੀ ਨਾਲ ਨਹਾਉਣ ਬਾਰੇ ਡਾ. ਅੰਜੂ ਦੱਸਦੇ ਹਨ, "ਬਹੁਤ ਠੰਢੇ ਮੌਸਮ ਵਿੱਚ ਬਹੁਤ ਠੰਢੇ ਪਾਣੀ ਨਾਲ ਨਹਾਉਣਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।"
ਉਨ੍ਹਾਂ ਕਿਹਾ, "ਅਜਿਹੀ ਸਥਿਤੀ ਵਿੱਚ ਚਿਲਬਲੇਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਚਿਲਬਲੇਨ ਹੱਥਾਂ ਦੀਆਂ ਉਂਗਲਾਂ, ਉਂਗਲਾਂ ਦੇ ਸਿਰਿਆਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਨੀਲਾਪਨ, ਸੋਜ ਅਤੇ ਜਲਣ ਦਾ ਕਾਰਨ ਬਣ ਸਕਦੀ ਹੈ। ਇਹ ਸਮੱਸਿਆ ਠੰਢ ਕਾਰਨ ਖੂਨ ਦੇ ਸੰਚਾਰ ਵਿੱਚ ਆਏ ਵਿਘਨ ਕਾਰਨ ਹੁੰਦੀ ਹੈ।"
ਉਹ ਸਰਦੀਆਂ ਦੌਰਾਨ ਬਹੁਤ ਜ਼ਿਆਦਾ ਠੰਢ ਪਾਣੀ ਵਿੱਚ ਨਹਾਉਣ ਤੋਂ ਬਚਣ ਅਤੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਦੀ ਸਲਾਹ ਸਿੰਦੇ ਹਨ।
ਡਾ. ਅੰਜੂ ਦੱਸਦੇ ਹਨ, "ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਚਮੜੀ ਪਹਿਲਾਂ ਹੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਬਹੁਤ ਗਰਮ ਪਾਣੀ ਵਿੱਚ ਨਹਾਉਣ ਨਾਲ ਚਮੜੀ ਦੀ ਖੁਸ਼ਕੀ, ਜਲਣ ਅਤੇ ਫਟਣ ਦੀ ਸਮੱਸਿਆ ਵਧ ਸਕਦੀ ਹੈ।"
"ਸਰਦੀਆਂ ਵਿੱਚ ਕੋਸੇ ਪਾਣੀ ਨਾਲ ਨਹਾਉਣਾ ਸਭ ਤੋਂ ਵਧੀਆ ਹੁੰਦਾ ਹੈ। ਖੁਸ਼ਕ ਚਮੜੀ ਅਤੇ ਖੁਜਲੀ ਨੂੰ ਰੋਕਣ ਲਈ ਨਹਾਉਣ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਰ ਲਗਾਉਣਾ ਵੀ ਮਹੱਤਵਪੂਰਨ ਹੁੰਦਾ ਹੈ।"
ਨਲ਼ਕੇ ਜਾਂ ਬੋਰਵੈੱਲ ਦਾ ਪਾਣੀ
ਪੇਂਡੂ ਖੇਤਰਾਂ ਵਿੱਚ ਲੋਕ ਅਕਸਰ ਨਲ਼ਕੇ ਜਾਂ ਬੋਰਵੈੱਲ ਦੀ ਵਰਤੋਂ ਕਰਦੇ ਹਨ। ਜਦੋਂ ਸਰਦੀਆਂ ਆਉਂਦੀਆਂ ਹਨ ਤਾਂ ਇਹ ਇਨ੍ਹਾਂ ਨਲ਼ਕਿਆਂ ਜਾਂ ਬੋਰਵੈੱਲ ਵਿੱਚੋਂ ਕੋਸਾ ਪਾਣੀ ਨਿਕਲਦਾ ਹੈ।
ਇਹੀ ਕਾਰਨ ਹੈ ਕਿ ਅੱਜ ਵੀ ਪੇਂਡੂ ਖੇਤਰਾਂ ਵਿੱਚ ਲੋਕ ਬਿਨਾਂ ਗਰਮ ਕੀਤੇ ਪਾਣੀ ਵਿੱਚ ਨਹਾਉਂਦੇ ਹਨ। ਹਾਲਾਂਕਿ, ਡਾਕਟਰ ਕਈ ਮਾਮਲਿਆਂ ਵਿੱਚ ਇਸ ਦੇ ਵਿਰੁੱਧ ਵੀ ਚੇਤਾਵਨੀ ਦਿੰਦੇ ਹਨ।
ਬਹੁਤ ਸਾਰੇ ਪੇਂਡੂ ਖੇਤਰਾਂ ਵਿੱਚ ਭੂਮੀਗਤ ਪਾਣੀ ਵਿੱਚ ਹਲਕੇ-ਫੁਲਕੇ ਖਣਿਜ ਵੀ ਹੁੰਦੇ ਹਨ। ਤਾਪਮਾਨ 'ਤੇ ਨਿਰਭਰ ਕਰਦੇ ਹੋਏ, ਇਹ ਪਾਣੀ ਸਰਦੀਆਂ ਵਿੱਚ ਥੋੜ੍ਹਾ ਜਿਹਾ ਗਰਮ ਅਤੇ ਗਰਮੀਆਂ ਵਿੱਚ ਥੋੜ੍ਹਾ ਜਿਹਾ ਠੰਢਾ ਮਹਿਸੂਸ ਹੁੰਦਾ ਹੈ, ਜਿਸ ਨਾਲ ਲੋਕਾਂ ਲਈ ਨਹਾਉਣਾ ਆਰਾਮਦਾਇਕ ਹੋ ਜਾਂਦਾ ਹੈ।
ਹਾਲਾਂਕਿ, ਡਾ. ਡੀ.ਐਮ. ਮਹਾਜਨ ਦੱਸਦੇ ਹਨ ਕਿ ਇਹ ਪਾਣੀ ਕਈ ਵਾਰ ਚਮੜੀ ਵਿੱਚ ਜਲਣ ਅਤੇ ਖੁਜਲੀ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਦੇ ਅਨੁਸਾਰ, ਅਜਿਹਾ ਖਣਿਜ ਪਦਾਰਥਾਂ ਕਾਰਨ ਹੁੰਦਾ ਹੈ। ਜੇਕਰ ਪਾਣੀ ਵਿੱਚ ਕਲੋਰਾਈਡ, ਸਲਫੇਟ, ਜਾਂ ਹੋਰ ਘੁਲਣਸ਼ੀਲ ਲੂਣ ਦਾ ਪੱਧਰ ਜ਼ਿਆਦਾ ਹੁੰਦਾ ਹੈ ਤਾਂ ਪਾਣੀ "ਭਾਰੇ ਪਾਣੀ" (ਹਾਰਡ ਵਾਟਰ) ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਭਾਰਾਪਣ ਵਧਦਾ ਹੈ, ਇਹ ਪਾਣੀ ਚਮੜੀ ਦੀ ਕੁਦਰਤੀ ਤੇਲ ਪਰਤ ਨੂੰ ਹਟਾ ਦਿੰਦਾ ਹੈ। ਇਸ ਨਾਲ ਖੁਸ਼ਕੀ, ਖੁਜਲੀ ਅਤੇ ਜਲਣ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਵਧਦੀਆਂ ਹਨ।''
''ਇਸ ਤੋਂ ਇਲਾਵਾ, ਅਜਿਹੇ ਪਾਣੀ ਦੀ ਉੱਚ ਖਣਿਜ ਸਮੱਗਰੀ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਇਹ ਖੁਸ਼ਕ ਅਤੇ ਬੇਜਾਨ ਦਿਖਾਈ ਦੇ ਸਕਦੇ ਹਨ।''
ਇਸ ਲਈ ਚਾਹੇ ਇਹ ਭੂਮੀਗਤ ਪਾਣੀ ਤਾਪਮਾਨ ਦੇ ਲਿਹਾਜ਼ ਨਾਲ ਚੰਗਾ ਮਹਿਸੂਸ ਹੁੰਦਾ ਹੈ, ਪਰ ਇਸ ਦੀ ਗੁਣਵੱਤਾ ਅਤੇ ਇਸ ਵਿੱਚ ਮੌਜੂਦ ਖਣਿਜਾਂ ਦੀ ਮਾਤਰਾ ਚਮੜੀ ਅਤੇ ਵਾਲਾਂ ਦੀ ਸਿਹਤ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ।
ਇਸ ਬਾਰੇ, ਡਾ. ਪ੍ਰਤੀਕ ਕਹਿੰਦੇ ਹਨ, "ਪਹਿਲਾਂ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਇੰਨੀਆਂ ਪ੍ਰਚਲਿਤ ਨਹੀਂ ਸਨ। ਬਜ਼ੁਰਗ ਪੇਂਡੂ ਲੋਕ ਜ਼ਿਆਦਾਤਰ ਸਰੀਰਕ ਤੌਰ 'ਤੇ ਸਰਗਰਮ ਸਨ, ਖੇਤਾਂ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੇ ਸਰੀਰ ਅਜਿਹੇ 'ਤਾਪਮਾਨ ਦੇ ਝਟਕੇ' ਨੂੰ ਬਿਹਤਰ ਢੰਗ ਨਾਲ ਸਹਿ ਸਕਦੇ ਸਨ। ਹਾਲਾਂਕਿ, ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਜਾਂ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਲਈ ਇਹ ਜੋਖਮ ਅਜੇ ਵੀ ਮੌਜੂਦ ਹੈ।"
ਇਸਦਾ ਵਾਲਾਂ 'ਤੇ ਕੀ ਪ੍ਰਭਾਵ ਪੈਂਦਾ ਹੈ?

ਤਸਵੀਰ ਸਰੋਤ, Getty Images
ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਨਾ ਸਿਰਫ਼ ਚਮੜੀ, ਸਗੋਂ ਵਾਲਾਂ 'ਤੇ ਵੀ ਅਸਰ ਪੈਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਵਾਲਾਂ ਦੀ ਕੁਦਰਤੀ ਨਮੀ ਘਟ ਜਾਂਦੀ ਹੈ, ਜਿਸ ਨਾਲ ਰੁੱਖੇ ਹੋ ਸਕਦੇ ਹਨ, ਉਲਝੇ ਹੋਏ ਰਹਿ ਸਕਦੇ ਹਨ ਅਤੇ ਟੁੱਟ ਸਕਦੇ ਹਨ।
ਡਾ. ਡੀ.ਐਮ. ਮਹਾਜਨ ਕਹਿੰਦੇ ਹਨ ਕਿ, ਸਾਡੀ ਚਮੜੀ ਵਾਂਗ ਸਾਡੇ ਵਾਲਾਂ ਵਿੱਚ ਕੁਦਰਤੀ ਤੇਲ ਹੁੰਦੇ ਹਨ ਅਤੇ ਜਦੋਂ ਅਸੀਂ ਆਪਣੇ ਵਾਲਾਂ 'ਤੇ ਬਹੁਤ ਜ਼ਿਆਦਾ ਗਰਮ ਪਾਣੀ ਪਾਉਂਦੇ ਹਾਂ, ਤਾਂ ਇਹ ਤੇਲ ਵਾਲਾਂ ਵਿੱਚੋਂ ਨਿਕਲ ਜਾਂਦਾ ਹੈ, ਜਿਸ ਨਾਲ ਸਾਡੇ ਵਾਲ ਰੁੱਖੇ ਹੋ ਜਾਂਦੇ ਹਨ।
ਇਸ ਕਰਕੇ ਡਾਕਟਰ ਸਲਾਹ ਦਿੰਦੇ ਹਨ ਕਿ ਭਾਵੇਂ ਸਰਦੀ ਹੋਵੇ ਜਾਂ ਗਰਮੀ, ਨਹਾਉਣ ਲਈ ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ ਅਤੇ ਬਹੁਤ ਗਰਮ ਪਾਣੀ ਤੋਂ ਬਚੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












