ਔਰਤ ਦੀਆਂ ਪਲਕਾਂ 'ਤੇ 250 ਜੂੰਆਂ ਮਿਲੀਆਂ, ਅਜਿਹਾ ਹੋਇਆ ਕਿਉਂ ਅਤੇ ਇਸ ਤੋਂ ਬਚਿਆ ਕਿਵੇਂ ਜਾਵੇ

- ਲੇਖਕ, ਅਪੂਰਵ ਅਮੀਨ
- ਰੋਲ, ਬੀਬੀਸੀ ਪੱਤਰਕਾਰ
ਸਿਰ ਵਿੱਚ ਜੂੰਆਂ ਪੈਣ ਦੇ ਤਾਂ ਕਈ ਮਾਮਲੇ ਸੁਣਾਈ ਦਿੰਦੇ ਹਨ ਪਰ ਕਦੇ ਸੁਣਿਆ ਹੈ ਕਿ ਕਿਸੇ ਦੀਆਂ ਪਲਕਾਂ ਭਾਵ ਝਿੰਮਣਿਆਂ ਵਿੱਚ ਜੂੰਆਂ ਪੈ ਗਈਆਂ ਹੋਣ, ਹਾਲ ਹੀ ਵਿੱਚ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਸਾਵਰਕੁੰਡਲਾ ਹਸਪਤਾਲ ਵਿੱਚ ਇੱਕ ਅਨੋਖਾ, ਡਾਕਟਰੀ ਤੌਰ 'ਤੇ ਦਿਲਚਸਪ ਅਤੇ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ।
ਸੂਰਤ ਦੇ ਰਹਿਣ ਵਾਲੇ 66 ਸਾਲਾ ਗੀਤਾਬੇਨ ਅੱਖਾਂ ਦੇ ਹਸਪਤਾਲ ਵਿੱਚ ਜਾਂਚ ਕਰਵਾਉਣ ਲਈ ਪਹੁੰਚੇ ਸੀ। ਉਨ੍ਹਾਂ ਨੂੰ ਲਗਭਗ ਢਾਈ ਮਹੀਨੇ ਤੋਂ ਪਲਕਾਂ ਵਿੱਚ ਤੇਜ਼ ਦਰਦ ਅਤੇ ਖੁਰਕ ਹੋ ਰਹੀ ਸੀ। ਉਨ੍ਹਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸਨ, ਜਿਸ ਕਾਰਨ ਉਹਨਾਂ ਨੂੰ ਨੀਂਦ ਵੀ ਢੰਗ ਨਾਲ ਨਹੀਂ ਆ ਰਹੀ ਸੀ।
ਜਦੋਂ ਇਸ ਮਹਿਲਾ ਨੇ ਹਸਪਤਾਲ 'ਚ ਅੱਖਾਂ ਦੇ ਮਾਹਰ ਡਾ. ਮ੍ਰਿਗਾਂਕ ਪਟੇਲ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਔਰਤ ਦੀਆਂ ਪਲਕਾਂ ਵਿੱਚ ਇੱਕ-ਦੋ ਨਹੀਂ ਸਗੋਂ 250 ਜਿਉਂਦੀਆਂ ਜੂੰਆਂ ਸਨ।
ਕੀੜਿਆਂ ਦੀ ਰੌਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਅਤੇ ਮੈਡੀਕਲ ਸਾਇੰਸ ਦੀਆਂ ਕੁਝ ਸੀਮਾਵਾਂ ਦੇ ਕਾਰਨ ਡਾਕਟਰ ਨੂੰ ਬਿਨਾਂ ਇੰਜੈਕਸ਼ਨ ਲਗਾਏ ਹੀ ਜੂੰਆਂ ਨੂੰ ਹਟਾਉਣ ਦੀ ਸਰਜਰੀ ਕਰਨੀ ਪਈ ਜੋ ਲਗਭਗ ਦੋ ਘੰਟੇ ਤੱਕ ਚਲੀ।
ਡਾਕਟਰੀ ਭਾਸ਼ਾ ਵਿੱਚ ਇਸ ਹਾਲਤ ਨੂੰ ਫ਼ਥਿਰਾਇਸਿਸ ਪੈਲਪੇਬ੍ਰਾਰਮ ਕਿਹਾ ਜਾਂਦਾ ਹੈ। ਇਹ ਕਿਉਂ ਹੁੰਦਾ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਆਓ ਜਾਣਦੇ ਹਾਂ
ਇਸ ਅਜੀਬ ਮਾਮਲੇ ਦਾ ਪਿਛੋਕੜ

ਸਾਵਰਕੁੰਡਲਾ ਸਥਿਤ ਲੱਲੂਭਾਈ ਸੇਠ ਆਰੋਗਿਆ ਮੰਦਰ ਹਸਪਤਾਲ ਦੇ ਅੱਖਾਂ ਵਿਭਾਗ ਦੇ ਡਾਕਟਰ ਮ੍ਰਿਗਾਂਕ ਪਟੇਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੀਤਾਬੇਨ ਅਸਲ ਵਿੱਚ ਸਾਵਰਕੁੰਡਲਾ ਦੀ ਵਸਨੀਕ ਹਨ ਅਤੇ ਇਸ ਸਮੇਂ ਸੂਰਤ ਵਿੱਚ ਰਹਿੰਦੇ ਹਨ।
ਜਦੋਂ ਗੀਤਾਬੇਨ ਓਪੀਡੀ ਵਿੱਚ ਇਲਾਜ ਲਈ ਆਏ ਤਾਂ ਉਨ੍ਹਾਂ ਦੀ ਸ਼ਿਕਾਇਤ ਇਹ ਸੀ ਕਿ ਢਾਈ ਮਹੀਨਿਆਂ ਤੋਂ ਪਲਕਾਂ ਵਿੱਚ ਬਹੁਤ ਖੁਰਕ ਹੋ ਰਹੀ ਹੈ।
ਡਾ. ਮ੍ਰਿਗਾਂਕ ਪਟੇਲ ਕਹਿੰਦੇ ਹਨ, "ਪਲਕਾਂ 'ਤੇ ਸਿਕਰੀ ਹੋਣਾ ਖੁਰਕ ਦਾ ਬਹੁਤ ਆਮ ਕਾਰਨ ਹੈ, ਪਰ ਪਲਕਾਂ 'ਤੇ ਜੂੰਆਂ ਦਾ ਹੋਣਾ ਬਹੁਤ ਹੀ ਅਸਾਧਾਰਨ ਹੈ। ਜਦੋਂ ਅਸੀਂ ਧਿਆਨ ਨਾਲ ਵੇਖਿਆ ਤਾਂ ਪਲਕਾਂ 'ਤੇ ਜੂੰਆਂ ਘੁੰਮ ਰਹੀਆਂ ਸਨ।"
"ਜੂੰਆਂ ਦੇ ਗੋਲ ਆਕਾਰ ਦੇ ਅੰਡੇ ਵੀ ਦਿਖੇ। ਇਹ ਇੱਕ ਅਨੌਖਾ ਪਰਜੀਵੀ ਹੈ। ਡਾਕਟਰੀ ਭਾਸ਼ਾ ਵਿੱਚ ਇਸ ਸਥਿਤੀ ਨੂੰ 'ਫ਼ਥਿਰਾਇਸਿਸ ਪੈਲਪੇਬ੍ਰਾਰਮ' ਕਿਹਾ ਜਾਂਦਾ ਹੈ।"
"ਉਸ ਵੇਲੇ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਮਰੀਜ਼ ਸੁਣ ਕੇ ਘਬਰਾ ਨਾ ਜਾਵੇ ਕਿ ਉਸ ਦੀਆਂ ਅੱਖਾਂ ਵਿੱਚ ਜੂੰਆਂ ਹਨ, ਇਸ ਲਈ ਅਸੀਂ ਉਨ੍ਹਾਂ ਦੀ ਕਾਉਂਸਲਿੰਗ ਵੀ ਕੀਤੀ। ਅਸੀਂ ਮਰੀਜ਼ ਨੂੰ ਸਮਝਾਇਆ ਕਿ ਇਸ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ ਕਿਉਂਕਿ ਜੂੰਆਂ ਬਹੁਤ ਜ਼ਿਆਦਾ ਸਨ।"
ਪਰਿਵਾਰ ਲਈ ਵੀ ਇਹ ਹਾਲਤ ਬਹੁਤ ਮੁਸ਼ਕਲ ਸੀ। ਉਨ੍ਹਾਂ ਨੇ ਗੀਤਾਬੇਨ ਨੂੰ ਸੂਰਤ ਦੇ ਕਈ ਹਸਪਤਾਲਾਂ ਵਿੱਚ ਦਿਖਾਇਆ ਸੀ ਪਰ ਕੋਈ ਸਕਾਰਾਤਮਕ ਨਤੀਜਾ ਨਹੀਂ ਮਿਲਿਆ।
ਮਰੀਜ਼ ਗੀਤਾਬੇਨ ਦੇ ਪੁੱਤਰ ਅਮਿਤ ਮਹਿਤਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, ''ਮਾਂ ਦੀਆਂ ਅੱਖਾਂ ਵਿੱਚ ਖੁਰਕ ਰਹਿੰਦੀ ਸੀ। ਉਹ ਰਾਤ ਨੂੰ ਸੌਂ ਨਹੀਂ ਪਾਉਂਦੇ ਸਨ। ਸੂਰਤ ਦੇ ਕਈ ਹਸਪਤਾਲਾਂ ਵਿੱਚ ਦਿਖਾਉਣ ਦੇ ਬਾਵਜੂਦ ਕੋਈ ਫ਼ਾਇਦਾ ਨਹੀਂ ਹੋਇਆ। ਫਿਰ ਜਦੋਂ ਅਸੀਂ ਉਨ੍ਹਾਂ ਨੂੰ ਸਾਵਰਕੁੰਡਲਾ ਦਿਖਾਇਆ ਤਾਂ ਡਾ. ਮ੍ਰਿਗਾਂਕ ਨੇ ਦੱਸਿਆ ਕਿ ਅੱਖ ਦੀਆਂ ਪਲਕਾਂ ਵਿੱਚ ਜੂੰਆਂ ਹਨ, ਜਿਨ੍ਹਾਂ ਨੂੰ ਕੱਢਣਾ ਪਵੇਗਾ।"
ਡਾ. ਮ੍ਰਿਗਾਂਕ ਕਹਿੰਦੇ ਹਨ, "ਇਹ ਪਰਜੀਵੀ (ਜੂੰ ) ਸਾਡੇ ਸਰੀਰ ਦਾ ਖੂਨ ਪੀਂਦੇ ਹਨ। ਕਿਉਂਕਿ ਪਲਕਾਂ ਅਤੇ ਆਲੇ ਦੁਆਲੇ ਦੀ ਚਮੜੀ ਸਰੀਰ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਪਤਲੀ ਹੁੰਦੀ ਹੈ, ਇਸ ਲਈ ਇਹ ਪਰਜੀਵੀ ਆਸਾਨੀ ਨਾਲ ਖੂਨ ਪੀ ਸਕਦੇ ਹਨ।"
"ਫਿਰ ਇਹ ਜੂੰਆਂ ਪਲਕਾਂ ਨੂੰ ਫੜ ਕੇ ਉਨ੍ਹਾਂ 'ਤੇ ਬੈਠ ਜਾਂਦੀਆਂ ਹਨ, ਜਿਸ ਨਾਲ ਮਰੀਜ਼ ਨੂੰ ਖੁਰਕ ਸ਼ੁਰੂ ਹੋ ਜਾਂਦੀ ਹੈ ਅਤੇ ਜਦੋਂ ਮਰੀਜ਼ ਇਨ੍ਹਾਂ ਜੂੰਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਸਾਨੀ ਨਾਲ ਨਹੀਂ ਨਿਕਲਦੀਆਂ।"
ਜੂੰਆਂ ਹਟਾਉਣ ਦੀ ਪ੍ਰਕਿਰਿਆ

ਤਸਵੀਰ ਸਰੋਤ, Getty Images
ਇਸ ਤਰ੍ਹਾਂ ਦੀਆਂ ਜੂੰਆਂ ਰੌਸ਼ਨੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਜਦੋਂ ਰੌਸ਼ਨੀ ਪੈਂਦੀ ਹੈ ਤਾਂ ਉਹ ਇੱਧਰ-ਉੱਧਰ ਭੱਜਣ ਲੱਗਦੀਆਂ ਹਨ। ਇਸ ਲਈ ਇਨ੍ਹਾਂ ਨੂੰ ਕੱਢਣ ਲਈ ਮੈਕਫਰਸਨ ਨਾਮ ਦੇ ਇੱਕ ਖ਼ਾਸ ਯੰਤਰ ਦੀ ਮਦਦ ਲੈਣੀ ਪੈਂਦੀ ਹੈ। ਫਿਰ ਇੱਕ-ਇੱਕ ਜੂੰ ਨੂੰ ਫੜ੍ਹ ਕੇ ਬਾਹਰ ਕੱਢਣਾ ਪੈਂਦਾ ਹੈ।
ਡਾ. ਮ੍ਰਿਗਾਂਕ ਪਟੇਲ ਕਹਿੰਦੇ ਹਨ, ''ਸਭ ਤੋਂ ਪਹਿਲਾਂ ਮਰੀਜ਼ ਨੂੰ ਅੱਖਾਂ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਸੁੰਨ ਕਰਨ ਲਈ ਟੌਪੀਕਲ ਐਨੈਸਥੀਸੀਆ ਦਿੱਤਾ ਗਿਆ ਤਾਂ ਜੋ ਜੂੰਆਂ ਕੱਢਦੇ ਸਮੇਂ ਮਰੀਜ਼ ਨੂੰ ਦਰਦ ਨਾ ਹੋਵੇ। ਇਸ ਇਲਾਜ ਵਿੱਚ ਲੱਗਭਗ ਦੋ ਘੰਟੇ ਲੱਗੇ।"
"ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਰੀਜ਼ ਨੂੰ ਤੁਰੰਤ ਆਰਾਮ ਮਹਿਸੂਸ ਹੋਣ ਲੱਗਾ। ਖੁਰਕ ਘੱਟ ਗਈ। ਫਿਰ ਅਸੀਂ ਮਰੀਜ਼ ਦੀ ਕਾਉਂਸਲਿੰਗ ਕੀਤੀ।"
ਡਾ. ਮ੍ਰਿਗਾਂਕ ਕਹਿੰਦੇ ਹਨ, "ਭਾਰਤ ਵਿੱਚ ਅਜਿਹੇ ਮਾਮਲੇ ਦੇਖੇ ਗਏ ਹਨ। ਲਗਭਗ ਪੰਜ ਮਹੀਨੇ ਪਹਿਲਾਂ ਜਦੋਂ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਸੀ, ਮੈਂ ਇਸ 'ਤੇ ਇੱਕ ਰਿਸਰਚ ਪੇਪਰ ਦਾ ਵੀ ਅਧਿਐਨ ਕੀਤਾ ਸੀ, ਇਹ ਬਹੁਤ ਦੁਰਲੱਭ ਮਾਮਲਾ ਹੈ।"
ਇੱਕ ਜਟਿਲ ਪ੍ਰਕਿਰਿਆ ਵਿੱਚ ਡਾ. ਮ੍ਰਿਗਾਂਕ ਪਟੇਲ ਅਤੇ ਉਨ੍ਹਾਂ ਦੀ ਟੀਮ ਨੇ ਔਰਤ ਦੀਆਂ ਦੋਵੇਂ ਪਲਕਾਂ ਤੋਂ ਕੁੱਲ 250 ਤੋਂ ਵੱਧ ਜੂੰਆਂ ਤੇ 85 ਤੋਂ ਵੱਧ ਅੰਡੇ ਕੱਢੇ। ਸਰਜਰੀ ਤੋਂ ਬਾਅਦ ਦੂਜੇ ਦਿਨ ਹੀ ਔਰਤ ਨੂੰ ਜਾਂਚ ਲਈ ਵਾਪਸ ਓਪੀਡੀ ਲਿਆਂਦਾ ਗਿਆ ਤੇ ਕਿਹਾ ਗਿਆ ਕਿ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਸਾਫ਼ ਤੇ ਸਿਹਤਮੰਦ ਸਨ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਪ੍ਰਕਾਸ਼ ਕਟਾਰੀਆ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ 21 ਸਾਲ ਦਾ ਤਜਰਬਾ ਹੈ, ਪਰ ਮੈਂ ਅੱਜ ਤੱਕ ਅਜਿਹਾ ਹੋਰ ਕੋਈ ਮਾਮਲਾ ਨਹੀਂ ਦੇਖਿਆ। ਸਾਡੇ ਹਸਪਤਾਲ ਵਿੱਚ ਇਹ ਮਾਮਲਾ ਇਸ ਲਈ ਵੀ ਔਖਾ ਸੀ ਕਿਉਂਕਿ ਇਹ ਅਜਿਹੀ ਪ੍ਰਕੀਰਿਆ ਨਹੀਂ ਸੀ ਜਿਸ ਵਿੱਚ ਬਹੁਤ ਜ਼ਿਆਦਾ ਐਨੈਸਥੀਸੀਆ ਦੀ ਲੋੜ ਸੀ।"
ਮਰੀਜ਼ ਢਾਈ ਮਹੀਨੇ ਤੋਂ ਪਰੇਸ਼ਾਨ ਸੀ ਤੇ ਸੌਂ ਨਹੀਂ ਸਕਦਾ ਸੀ। ਉਹ ਪਹਿਲਾਂ ਸੂਰਤ ਵਿੱਚ ਦੋ-ਤਿੰਨ ਡਾਕਟਰਾਂ ਨੂੰ ਦਿਖਾ ਚੁੱਕਾ ਸੀ ਪਰ ਇਲਾਜ ਨਹੀਂ ਹੋਇਆ, ਜੋ ਇਸ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਲੱਗਭਗ ਪੰਜ ਮਹੀਨੇ ਪਹਿਲਾਂ ਸਾਵਰਕੁੰਡਲਾ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਇੱਕ ਬੱਚੇ ਦੀ ਉਪਰਲੀ ਪਲਕ 'ਤੇ ਜੂੰਆਂ ਸਨ। ਉਹ ਆਸਾਨੀ ਨਾਲ ਨਿਕਲ ਗਈਆਂ ਤੇ ਸਿਰਫ਼ ਡੇਢ ਘੰਟੇ ਵਿੱਚ ਹੀ ਪੂਰੀ ਤਰ੍ਹਾਂ ਠੀਕ ਹੋ ਗਿਆ।
ਫ਼ਥਿਰਾਇਸਿਸ ਪੈਲਪੇਬ੍ਰਾਰਮ ਕੀ ਹੈ?

ਅਮਰੀਕੀ ਰਾਸ਼ਟਰੀ ਜੈਵ-ਤਕਨੀਕੀ ਜਾਣਕਾਰੀ ਕੇਂਦਰ ਦੇ ਅਨੁਸਾਰ, ਫ਼ਥਿਰਾਇਸਿਸ ਪੈਲਪੇਬ੍ਰਾਰਮ ਇੱਕ ਦੁਰਲੱਭ ਸਥਿਤੀ ਹੈ ਜਿਸ ਵਿੱਚ ਫਥਿਰਸ ਪਿਊਬਿਸ ਨਾਮ ਦੀ ਜੂੰ ਪਲਕਾਂ 'ਤੇ ਹਮਲਾ ਕਰਦੀ ਹੈ। ਇਹ ਇਨਫੈਕਸ਼ਨ ਆਮ ਤੌਰ 'ਤੇ ਕਿਸੇ ਚੀਜ਼ ਦੇ ਸੰਪਰਕ ਵਿੱਚ ਆਉਣ ਕਾਰਨ ਫੈਲਦਾ ਹੈ ਅਤੇ ਇਸ ਦੇ ਲੱਛਣਾਂ 'ਚ ਬਹੁਤ ਜ਼ਿਆਦਾ ਖੁਰਕ ਹੋਣਾ, ਪਲਕਾਂ ਨੇੜਲੇ ਹਿੱਸੇ ਦਾ ਲਾਲ ਹੋ ਜਾਣਾ ਅਤੇ ਨੀਂਦ 'ਚ ਰੁਕਾਵਟ ਆਉਣਾ ਸ਼ਾਮਲ ਹੁੰਦਾ ਹੈ।
ਇਸ ਬਿਮਾਰੀ ਦੀ ਪਛਾਣ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਆਮ ਅੱਖਾਂ ਦੀ ਲਾਗ ਵਾਂਗ ਨਹੀਂ ਦਿਖਾਈ ਦਿੰਦੀ। ਐਨਸੀਬੀਆਈ ਵੈਬਸਾਈਟ ਮੁਤਾਬਕ, ਫ਼ਥਿਰਾਇਸਿਸ ਪੈਲਪੇਬ੍ਰਾਰਮ, ਜਿਸ ਨੂੰ "ਫਿਥਿਰਿਆਸਿਸ ਸਿਲੀਏਰਿਸ " ਜਾਂ "ਸਿਲੀਅਰੀ ਫਿਥਿਰਿਆਸਿਸ" ਵੀ ਕਿਹਾ ਜਾਂਦਾ ਹੈ, ਪਲਕਾਂ ਦਾ ਇੱਕ ਬਾਹਰੀ ਪਰਜੀਵੀ ਸੰਕਰਮਣ (ਐਕਟੋਪੈਰਾਸਾਈਟ) ਹੈ ਜਿਸ ਨੂੰ ਆਮ ਤੌਰ 'ਤੇ "ਪਿਊਬਿਕ ਲਾਈਸ" ਜਾਂ "ਕ੍ਰੈਬ ਲਾਈਸ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅੱਖਾਂ ਵਿੱਚ ਜੂੰਆਂ ਕਿਵੇਂ ਆ ਜਾਂਦੀਆਂ?

ਅਹਿਮਦਾਬਾਦ ਦੇ ਧਰੁਵ ਹਸਪਤਾਲ 'ਚ ਅੱਖਾਂ ਦੇ ਮਾਹਰ ਡਾਕਟਰ ਹਰਸ਼ਦ ਆਗਜਾ ਨੇ ਬੀਬੀਸੀ ਨੂੰ ਦੱਸਿਆ, ''ਇਹ ਬਹੁਤ ਦੁਰਲੱਭ ਬਿਮਾਰੀ ਹੈ। ਇਸ ਦਾ ਲਾਰਵਾ ਉਹੀ ਕਿਸਮ ਦਾ ਹੁੰਦਾ ਹਨ ਜਿਨ੍ਹਾਂ ਵਿੱਚ ਮੱਛਰ ਆਪਣੇ ਅੰਡੇ ਦਿੰਦੇ ਹਨ। ਇਹ ਅਕਸਰ ਕਿਸੇ ਲਾਗ ਦੇ ਕਾਰਨ ਹੁੰਦੀ ਹੈ, ਖਾਸ ਕਰਕੇ ਜਦੋਂ ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਜਾਂ ਮਰੀਜ਼ ਆਪਣੀਆਂ ਅੱਖਾਂ ਨੂੰ ਬਾਰ-ਬਾਰ ਰਗੜੇ।''
ਉਹ ਕਹਿੰਦੇ ਹਨ ਕਿ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਕਈ ਸਾਲ ਪਹਿਲਾਂ ਅਹਿਮਦਾਬਾਦ ਦੇ ਸ਼ਾਰਦਾਬੇਨ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਇੱਕ ਮਾਮਲਾ ਵੇਖਿਆ ਸੀ, ਪਰ ਇਹ ਬਹੁਤ ਹੀ ਦੁਰਲੱਭ ਹੈ।
ਇਸ ਦਾ ਕਾਰਨ ਇਹ ਹੈ ਕਿ ਜੂੰਆਂ ਕਿਸੇ ਖਾਸ ਤਰ੍ਹਾਂ ਦੇ ਮਾਹੌਲ ਜਾਂ ਘਰ ਦੇ ਸਿਰਹਾਣੇ ਕਰਕੇ ਵੀ ਸਰੀਰ ਵਿੱਚ ਆ ਸਕਦੀਆਂ ਹਨ।
ਡਾ. ਮ੍ਰਿਗਾਂਕ ਕਹਿੰਦੇ ਹਨ, ''ਇਹ ਬਿਮਾਰੀ ਸਿਰਫ਼ ਮਨੁੱਖਾਂ ਵਿੱਚ ਨਹੀਂ ਸਗੋਂ ਪਸ਼ੂਆਂ ਵਿੱਚ ਵੀ ਮਿਲਦੀ ਹੈ। ਜੇ ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਜੂਆਂ ਬਿਸਤਰੇ ਦੀ ਚਾਦਰ, ਸਿਰਹਾਣੇ, ਰਜਾਈ ਜਾਂ ਕੱਪੜਿਆਂ ਵਿੱਚ ਵੀ ਪਾਈਆਂ ਜਾ ਸਕਦੀਆਂ ਹਨ।''
''ਫਿਰ ਇੱਕ ਕਾਰਨ ਇਹ ਵੀ ਹੈ ਕਿ ਇਹ ਬਿਮਾਰੀ ਅਚਾਨਕ ਵੀ ਹੋ ਸਕਦੀ ਹੈ। ਜਦੋਂ ਕੋਈ ਵਿਅਕਤੀ ਜੰਗਲ ਵਰਗੀਆਂ ਥਾਵਾਂ ਤੇ ਜਾਂਦਾ ਹੈ ਜਾਂ ਪਸ਼ੂਆਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਜੂੰਆਂ ਸਰੀਰ ਨਾਲ ਚਿੰਬੜ ਕੇ ਸਿਰ ਤੋਂ ਪਲਕਾਂ ਤੱਕ ਪਹੁੰਚ ਸਕਦੀਆਂ ਹਨ।

ਅੱਖਾਂ ਦੇ ਰੋਗਾਂ ਦੇ ਮਾਹਰ ਡਾ. ਅਲਾਪ ਬਾਵਿਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਮਾਮਲਾ ਨਾ ਸਿਰਫ਼ ਬਹੁਤ ਦੁਰਲੱਭ ਹੈ ਸਗੋਂ ਗੁਜਰਾਤ ਵਿੱਚ ਪਹਿਲੀ ਵਾਰ ਇਸਦੀ ਜਾਣਕਾਰੀ ਮਿਲੀ ਹੈ। ਜਦਕਿ ਇਹ ਜੂੰਆਂ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀਆਂ ਹਨ ਅਤੇ ਉੱਥੇ ਮਾਰਚ-ਅਪ੍ਰੈਲ ਦੇ ਮਹੀਨਿਆਂ ਵਿੱਚ ਦੇਖੀਆਂ ਜਾਂਦੀਆਂ ਹਨ।
ਉਹ ਕਹਿੰਦੇ ਹਨ ਕਿ ਇਹ ਮਾਮਲਾ ਜ਼ਿਆਦਾ ਔਖਾ ਨਹੀਂ ਹੈ ਪਰ ਅੱਖ ਵਿੱਚੋਂ ਜੂੰਆਂ ਕੱਢਣ ਦੀ ਪ੍ਰਕਿਰਿਆ ਬਹੁਤ ਸੁਖ਼ਮ ਅਤੇ ਔਖੀ ਹੁੰਦੀ ਹੈ, ਕਿਉਂਕਿ ਕੋਈ ਵੀ ਦਵਾਈ ਇਨ੍ਹਾਂ ਦੇ ਲਾਰਵਾ ਨੂੰ ਨਹੀਂ ਮਾਰ ਸਕਦੀ। ਇਸ ਲਈ ਜੂੰਆਂ ਨੂੰ ਇੱਕ-ਇੱਕ ਕਰਕੇ ਫੜ ਕੇ ਅੱਖ ਵਿੱਚੋਂ ਕੱਢਣਾ ਪੈਂਦਾ ਹੈ, ਕਿਉਂਕਿ ਅਜਿਹੀ ਕੋਈ ਦਵਾਈ ਨਹੀਂ ਜੋ ਇਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕੇ। ਇਸ ਤੋਂ ਇਲਾਵਾ ਇਹ ਜੂੰਆਂ ਰੌਸ਼ਨੀ ਤੋਂ ਦੂਰ ਭੱਜਦੀਆਂ ਹਨ, ਇਸ ਕਰਕੇ ਟਾਰਚ ਦੀ ਰੌਸ਼ਨੀ ਬਿਨਾਂ ਇਨਾਂ ਨੂੰ ਕੱਢਣਾ ਬਹੁਤ ਔਖਾ ਕੰਮ ਹੁੰਦਾ ਹੈ।
ਸਿਰ ਦੀਆਂ ਜੂੰਆਂ ਤੇ ਪਲਕਾਂ ਦੀਆਂ ਜੂੰਆਂ ਵਿੱਚ ਕੀ ਫ਼ਰਕ ਹੈ?

ਡਾ. ਅਲਾਪ ਬਾਵਿਸ਼ੀ ਨੇ ਬੀਬੀਸੀ ਨੂੰ ਦੱਸਿਆ, ''ਸਿਰ ਦੀਆਂ ਜੂੰਆਂ ਤੇ ਅੱਖਾਂ ਦੀਆਂ ਜੂੰਆਂ ਵੱਖ-ਵੱਖ ਹੁੰਦੀਆਂ ਹਨ। ਅੱਖਾਂ ਦੀਆਂ ਜੂੰਆਂ ਅੱਖ ਦੇ ਸਫ਼ੈਦ ਹਿੱਸੇ ਵਿੱਚ ਘੁੰਮਦੀਆਂ ਹਨ ਅਤੇ ਰੌਸ਼ਨੀ ਤੋਂ ਦੂਰ ਭੱਜਦੀਆਂ ਹਨ। ਇਹ ਪਲਕਾਂ ਦੇ ਅੰਦਰ ਰਹਿੰਦੀਆਂ ਹਨ ਜਿੱਥੇ ਪੂਰਾ ਹਨੇਰਾ ਹੁੰਦਾ ਹੈ।''
''ਇਸ ਤਰ੍ਹਾਂ ਦੀਆਂ ਜੂੰਆਂ ਕਈ ਵਾਰ ਫਸਲ ਕਟਾਈ ਦੇ ਮੌਸਮ ਵਿੱਚ ਸਫਾਈ ਦੀ ਕਮੀ ਕਾਰਨ ਉੱਡਦੀਆਂ ਹੋਈਆਂ ਅੱਖਾਂ ਵਿੱਚ ਆ ਜਾਂਦੀਆਂ ਹਨ। ਕਿਉਂਕਿ ਇਹ ਦਰਦ ਨਹੀਂ ਦਿੰਦੀਆਂ ਇਸ ਲਈ ਸ਼ੁਰੂਆਤ ਵਿੱਚ ਇਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ।''
ਡਾ. ਮ੍ਰਿਗਾਂਕ ਦੇ ਅਨੁਸਾਰ ਕੁਝ ਖਾਸ ਕਿਸਮ ਦੀਆਂ ਜੂੰਆਂ ਹੁੰਦੀਆਂ ਹਨ। ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ, ਸਿਰਫ਼ ਮਾਈਕ੍ਰੋਸਕੋਪ ਨਾਲ ਹੀ ਦੇਖਿਆ ਜਾ ਸਕਦਾ ਹੈ।
''ਇਹ ਜੂੰਆਂ ਦਿਖਣ ਵਿੱਚ ਪਾਰਦਰਸ਼ੀ ਹੁੰਦੀਆਂ ਹਨ ਅਤੇ ਜਦੋਂ ਇਹ ਚਮੜੀ ਨਾਲ ਚਿਪਕ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਦੇਖਣਾ ਔਖਾ ਹੁੰਦਾ ਹੈ। ਜੂੰਆਂ ਦੇ ਅੰਦਰ ਘੁੰਮ ਰਹੇ ਖੂਨ ਨੂੰ ਮਾਈਕ੍ਰੋਸਕੋਪ ਨਾਲ ਦੇਖਿਆ ਜਾ ਸਕਦਾ ਹੈ। ਇਸ ਤੋਂ ਜੂੰਆਂ ਦੇ ਸਰੀਰ ਦੇ ਅੰਗਾਂ ਦਾ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ।''
ਸ਼ੁਰੂਆਤੀ ਲੱਛਣ

ਤਸਵੀਰ ਸਰੋਤ, Getty Images
ਡਾ. ਮ੍ਰਿਗਾਂਕ ਦੱਸਦੇ ਹਨ ਕਿ ਮਰੀਜ਼ ਸੂਰਤ ਵਿੱਚ ਰਹਿੰਦਾ ਸੀ ਅਤੇ ਉਸਦਾ ਸਾਵਰਕੁੰਡਲਾ ਵਿੱਚ ਵੀ ਘਰ ਸੀ ਜੋ ਜ਼ਿਆਦਾਤਰ ਬੰਦ ਰਹਿੰਦਾ ਸੀ, ਇਸ ਲਈ ਸੰਭਵ ਹੈ ਕਿ ਜੂੰਆਂ ਦਾ ਕਾਰਨ ਉਹ ਬੰਦ ਘਰ ਅਤੇ ਨੇੜੇ ਪਸ਼ੂਆਂ ਦੀ ਆਵਾਜਾਈ ਹੋ ਸਕਦੀ ਹੈ।
ਡਾ. ਮ੍ਰਿਗਾਂਕ ਮੁਤਾਬਕ ਇਸ ਬਿਮਾਰੀ ਦੇ ਲੱਛਣਾਂ ਵਿੱਚ ਅੱਖਾਂ 'ਚ ਦਰਦ, ਲਗਾਤਾਰ ਖੁਰਕ ਤੇ ਨੀਂਦ ਨਾ ਆਉਣਾ ਸ਼ਾਮਲ ਹਨ।
ਪਲਕਾਂ ਤੋਂ ਪਾਣੀ ਨਿਕਲਣਾ ਅਤੇ ਪਲਕਾਂ ਵਿੱਚ ਸੋਜ ਰਹਿਣਾ ਵੀ ਮੁੱਖ ਲੱਛਣ ਹਨ, ਜੋ ਚਮੜੀ ਵਿੱਚ ਹੋਏ ਇਨਫੈਕਸ਼ਨ ਕਾਰਨ ਹੁੰਦੇ ਹਨ।
ਇਸ ਬਿਮਾਰੀ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ?
ਡਾ. ਹਰਸ਼ਦ ਆਗਜਾ ਦੱਸਦੇ ਹਨ, ''ਮਰੀਜ਼ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਹੱਥ ਅਤੇ ਖ਼ਾਸ ਕਰਕੇ ਮੂੰਹ ਧੋਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਜਦਕਿ ਨੌਜਵਾਨਾਂ ਵਿੱਚ ਇਹ ਸਮੱਸਿਆ ਘੱਟ ਹੁੰਦੀ ਹੈ।''
ਡਾ. ਪ੍ਰਕਾਸ਼ ਕਟਾਰੀਆ ਕਹਿੰਦੇ ਹਨ, ''ਜੇ ਕਿਸੇ ਨੂੰ ਅੱਖਾਂ ਨਾਲ ਸੰਬੰਧਿਤ ਕੋਈ ਸ਼ੱਕ ਹੋਵੇ ਤਾਂ ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਜੇ ਆਰਾਮ ਨਾ ਮਿਲੇ ਤਾਂ ਕਿਸੇ ਮਾਹਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਕਿਉਂਕਿ ਅੱਖਾਂ ਦੀਆਂ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਨਾ ਲੈਣ ਕਰਕੇ ਭਵਿੱਖ ਵਿੱਚ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਸਫਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












