'ਜਦੋਂ ਕ੍ਰਿਕਟ ਵੇਖੋ ਤਾਂ ਯਾਦ ਰੱਖੋ ਕਿ ਇੱਥੇ ਵੋਟ ਤੇ ਨੋਟ ਖੇਡ ਰਹੇ ਹਨ, ਕ੍ਰਿਕਟ ਦਾ ਬਹਾਨਾ ਚੰਗਾ ਹੈ, ਕਿਉਂਕਿ ਪੁਰਾਣੇ ਨਸ਼ੇ ਛੇਤੀ ਨਹੀਂ ਛੁੱਟਦੇ' - ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਸਾਡਾ ਖਿੱਤਾ ਜਿਸ ਨੂੰ ਬਰ - ਏ- ਸਗੀਰ ਪਾਕ-ਓ-ਹਿੰਦ ਅਤੇ ਸਬਕੋਨਟੀਨੈਂਟ ਕਹਿੰਦੇ ਹਨ, ਇਸ ਦੇ ਵਿੱਚ ਧਰਮ ਬਹੁਤ ਹਨ।
ਹਿੰਦੂ ਧਰਮ 'ਚ ਤੁਹਾਨੂੰ ਹਰ ਤਰ੍ਹਾਂ ਦਾ ਹਿੰਦੂ ਮਿਲ ਜਾਵੇਗਾ, ਮਸੀਹੀਆਂ ਦੀਆਂ ਪਤਾ ਨਹੀਂ ਕਿੰਨ੍ਹੀ ਕੁ ਗੋਤਾਂ ਹਨ, ਸਿੱਖ ਬਰਾਦਰੀ 'ਚ ਵੀ ਹਰ ਤਰ੍ਹਾਂ ਦਾ ਸਿੱਖ ਭਰਾ ਮਿਲ ਜਾਵੇਗਾ।
ਜੇਕਰ ਚਾਰ ਮੁਸਲਮਾਨ ਕਿਤੇ ਬੈਠ ਜਾਣ ਤਾਂ ਗੱਲ ਬਹਿਸ ਤੋਂ ਸ਼ੁਰੂ ਹੋ ਕੇ ਮਰਨ-ਮਰਾਨ ਤੱਕ ਆ ਜਾਵੇਗੀ ਕਿ ਸਹੀ ਮੁਸਲਮਾਨ ਕਿਹੜਾ ਹੈ।
ਅੰਗਰੇਜ਼ ਇੱਥੇ ਆਏ ਅਤੇ ਬਹੁਤ ਸਾਰੀਆਂ ਇੱਲਤਾਂ ਛੱਡ ਕੇ ਗਏ, ਲੇਕਿਨ ਸਾਨੂੰ ਇੱਕ ਨਵਾਂ ਮਜ਼ਹਬ ਵੀ ਦੇ ਗਏ, ਜਿਸ ਦਾ ਨਾਮ ਹੈ- ਕ੍ਰਿਕਟ।
‘ਕ੍ਰਿਕਟ ਦੀ ਆਪੋ-ਆਪਣੀ ਜੰਨਤ-ਦੋਜ਼ਖ’
ਇਹ ਹਿੰਦੁਸਤਾਨ ਤੇ ਪਾਕਿਸਤਾਨ ਤੇ ਫਿਰ ਪਾਕਿਸਤਾਨ ਬੰਗਲਾਦੇਸ਼ ਬਣ ਗਏ। ਬਾਰਡਰ ਬਦਲ ਗਏ ਪਰ ਕ੍ਰਿਕਟ ਦੇ ਧਰਮ ਦੀ ਪੂਜਾ ਕਰਨ ਵਾਲਿਆਂ ਦੇ ਆਪਣੇ ਹੀ ਬਾਰਡਰ ਹਨ, ਉਨ੍ਹਾਂ ਦੇ ਆਪਣੇ ਕੌਮੀ ਤਰਾਨੇ, ਆਪਣੀਆਂ ਰੀਤ-ਰਿਵਾਇਤਾਂ ਬਲਕਿ ਉਨ੍ਹਾਂ ਦੀ ਤਾਰੀਖ ਵੀ ਆਪਣੀ ਹੈ।
ਜੇ ਸੱਚ ਪੁੱਛੋ ਤਾਂ ਕ੍ਰਿਕਟ ਵਾਲਿਆਂ ਨੇ ਜ਼ਨਤ-ਦੋਜ਼ਖ ਵੀ ਆਪਣੀ ਹੀ ਬਣਾਈ ਹੋਈ ਹੈ।
ਕੋਈ ਪਾਕਿਸਤਾਨ ਦੇ ਸ਼ਹਿਰ ਵਿਆੜੀ 'ਚ ਪੈਦਾ ਹੁੰਦਾ ਹੈ, ਇੰਡੀਆ ਉਸ ਨੇ ਸਿਰਫ਼ ਫਿਲਮਾਂ 'ਚ ਵੇਖਿਆ ਹੈ। ਇੰਡੀਆ ਨੂੰ ਦੁਸ਼ਮਣ ਵੀ ਮੰਨਦਾ ਹੈ, ਪਰ ਨਾਲ ਹੀ ਉਸ ਨੇ ਆਪਣੇ ਕਮਰੇ 'ਚ ਪੋਸਟਰ ਵਿਰਾਟ ਕੋਹਲੀ ਦਾ ਲਾਇਆ ਹੈ।
ਉਧਰ ਜਿਹੜਾ ਬੰਦਾ ਕਲਕੱਤੇ ਜੰਮਿਆ ਹੈ ਤੇ ਸਾਰੀ ਉਮਰ ਉੱਥੇ ਹੀ ਗੁਜ਼ਾਰੀ ਹੈ, ਉਹ ਵੀ ਯੂਟਿਊਬ 'ਤੇ ਜਾ ਕੇ ਵਸੀਮ ਅਕਰਮ ਦੀਆਂ ਬਾਲਾਂ ਦੀਆਂ ਪੁਰਾਣੀਆਂ ਵੀਡੀਓ ਸਲੋਅਮੋਸ਼ਨ 'ਤੇ ਵੇਖ-ਵੇਖ ਕੇ ਮਜ਼ੇ ਲੈਂਦਾ ਹੈ।
ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਕ੍ਰਿਕਟ ਦਾ ਮੇਲਾ

ਤਸਵੀਰ ਸਰੋਤ, Getty Images
ਇੰਡੀਆ 'ਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਕ੍ਰਿਕਟ ਦਾ ਮੇਲਾ ਲੱਗਦਾ ਹੈ- ਆਈਪੀਐੱਲ।
ਸਾਰੀਆਂ ਦੁਨੀਆ 'ਚੋਂ ਖਿਡਾਰੀਆਂ ਦੀਆਂ ਬੋਲੀਆਂ ਲੱਗਦੀਆਂ ਹਨ। ਹਰ ਪਾਸੇ ਇਸ਼ਤਿਹਾਰਾਂ ਦੀ ਲਸ਼-ਪਸ਼ ਹੋ ਜਾਂਦੀ ਹੈ। ਹਜ਼ਾਰਾਂ –ਕਰੋੜਾਂ ਦਾ ਸੀਜ਼ਨ ਲੱਗਦਾ ਹੈ ਅਤੇ ਪੂਰੀ ਦੁਨੀਆ ਘਰ ਬੈਠ ਕੇ ਮੌਜਾਂ ਲੈਂਦੀ ਹੈ।
ਪਹਿਲਾਂ ਇਸ 'ਚ ਪਾਕਿਸਤਾਨ ਦੇ ਖਿਡਾਰੀ ਹੁੰਦੇ ਸਨ, ਉਹ ਫਾਰਿਗ ਕੀਤੇ ਗਏ। ਫਿਰ ਵਸੀਮ ਅਕਰਮ ਕਿਸੇ ਟੀਮ ਦਾ ਕੋਚ ਸੀ, ਉਸ ਨੂੰ ਵੀ ਕੱਢਿਆ ਗਿਆ।
ਬੰਗਲਾਦੇਸ਼ ਦੇ ਖਿਡਾਰੀ ਖੇਡਦੇ ਸਨ। ਇਸ ਦਫ਼ਾ ਇੱਕੋ ਪਲੇਅਰ ਸੀ-ਮੁਸਤਫ਼ਿਜ਼ੁਰ ਰਹਿਮਾਨ।
ਬੰਗਲਾਦੇਸ਼ 'ਚ ਹੰਗਾਮੇ ਹੋਏ। ਕੋਈ ਗਰੀਬ ਹਿੰਦੂ ਮਾਰਿਆ ਗਿਆ। ਬੀਸੀਸੀਆਈ ਨੇ ਕਿਹਾ ਕਿ ਬੰਗਲਾਦੇਸ਼ ਦੇ ਖਿਡਾਰੀ ਨੂੰ ਆਈਪੀਐਲ 'ਚੋਂ ਬਾਹਰ ਕੱਢੋ। ਸ਼ਾਹਰੁਖ ਖ਼ਾਨ ਦੀ ਟੀਮ ਸੀ- ਕਲਕੱਤਾ ਨਾਈਟ ਰਾਈਡਰਜ਼। ਉਨ੍ਹਾਂ ਨੇ ਫ਼ੌਰਨ ਕੱਢ ਛੱਡਿਆ।
ਆਪੇ ਖੇਡੋ ਅਤੇ ਆਪੇ ਵੇਖੋ

ਤਸਵੀਰ ਸਰੋਤ, Getty Images
ਅੱਗੋਂ ਬੰਗਲਾਦੇਸ਼ ਨੇ ਕਿਹਾ ਹੈ ਕਿ ਹੁਣ ਜਿਹੜਾ ਟੀ-20 ਦਾ ਵਰਲਡ ਕੱਪ ਆਉਣ ਵਾਲਾ ਹੈ, ਉਸ ਦੇ ਮੈਚ ਅਸੀਂ ਇੰਡੀਆ 'ਚ ਨਹੀਂ ਖੇਡਾਂਗੇ। ਸਾਡੇ ਮੈਚ ਹੁਣ ਸ਼੍ਰੀਲੰਕਾ 'ਚ ਕਰਾਓ। ਇੱਥੋਂ ਤੱਕ ਵੀ ਠੀਕ ਸੀ।
ਪਾਕਿਸਤਾਨ ਅਤੇ ਭਾਰਤ ਦੇ ਮੈਚ ਬਹੁਤ ਅਰਸੇ ਤੋਂ ਜੇਕਰ ਕਦੇ ਹੋਣ ਤਾਂ ਕਦੇ ਦੁਬਈ ਜਾਂ ਫਿਰ ਬਾਹਰਲੇ ਮੁਲਕ 'ਚ ਹੀ ਹੁੰਦੇ ਹਨ।
ਕਈ ਵਾਰ ਤਾਂ ਇਹ ਵੀ ਹੁੰਦਾ ਹੈ ਕਿ ਖੇਡਣਾ ਹੀ ਨਹੀਂ ਜੇ ਖੇਡ ਲਿਆ ਹੈ ਤਾਂ ਹੱਥ ਨਹੀਂ ਮਿਲਾਉਣਾ।
ਲੇਕਿਨ ਹੁਣ ਬੰਗਲਾਦੇਸ਼ ਨੇ ਕਿਹਾ ਹੈ ਕਿ ਅਸੀਂ ਆਈਪੀਐਲ ਦੇ ਮੈਚ ਆਪਣੇ ਮੁਲਕ 'ਚ ਵਿਖਾਉਣ ਵੀ ਨਹੀਂ ਦੇਣੇ। ਆਪੇ ਖੇਡੋ ਅਤੇ ਆਪੇ ਵੇਖੋ।
‘ਅਸੀਂ ਬਾਰਡਰ ਬਣਾਏ ਪਰ ਮਹੱਲਾ ਨਾ ਬਦਲਿਆ ਗਿਆ’

ਬਾਰਡਰ ਅਸੀਂ ਧਰਮ ਦੇ ਨਾਮ 'ਤੇ ਬਣਾਏ ਸਨ, ਪਰ ਮਹੱਲਾ ਤਾਂ ਸਾਡੇ ਕੋਲੋਂ ਨਹੀਂ ਬਦਲਿਆ ਗਿਆ।
ਕਿਸੇ ਦੁਸ਼ਮਣਦਾਰੀ ਵਾਲੇ ਮਹੱਲੇ 'ਚ ਵੱਡੇ ਕਹਿ ਛੱਡਦੇ ਹਨ ਕਿ ਤੁਸੀਂ ਫਲਾਨੇ ਦੇ ਮੁੰਡਿਆਂ ਨਾਲ ਨਹੀਂ ਖੇਡਣਾ, ਉਹ ਸਾਡੇ ਵੈਰੀ ਹਨ। ਪਰ ਲੋਕੀਂ ਛੱਤਾਂ 'ਤੇ ਚੜ੍ਹ ਕੇ ਮੈਚ ਫਿਰ ਵੀ ਵੇਖ ਲੈਂਦੇ ਸਨ।
ਗੱਲ ਸ਼ੁਰੂ ਇੱਥੋਂ ਹੋਈ ਸੀ ਕਿ ਅਸੀਂ ਫਲਾਨੇ ਮੁਲਕ ਦੇ ਖਿਡਾਰੀ ਨੂੰ ਖੇਡਣ ਨਹੀਂ ਦੇਣਾ। ਫਿਰ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਖੇਡਣਾ ਤਾਂ ਪਵੇਗਾ, ਪਰ ਤੁਹਾਡੇ ਮੁਲਕ 'ਚ ਨਹੀਂ ਖੇਡਣਾ ਕਿਤੇ ਹੋਰ ਖੇਡਾਂਗੇ। ਹੁਣ ਇੱਥੇ ਗੱਲ ਆ ਗਈ ਹੈ ਕਿ ਬਈ ਨਾ ਖੇਡਣ ਦਿਆਂਗੇ ਨਾ ਖੇਡਾਂਗੇ ਅਤੇ ਨਾ ਹੀ ਕਿਸੇ ਨੂੰ ਵੇਖਣ ਦਿਆਂਗੇ।

ਤਸਵੀਰ ਸਰੋਤ, Getty Images
ਧਰਮਾਂ ਦੀ ਖੇਡ ਖੇਡਣ ਵਾਲਿਆਂ ਨੂੰ ਪਤਾ ਹੈ ਕਿ ਇਸ 'ਚ ਵੋਟ ਵੀ ਨੇ ਹਨ ਅਤੇ ਨੋਟ ਵੀ।
ਅਸੀਂ ਕ੍ਰਿਕਟ ਦੇ ਧਰਮ ਨੂੰ ਉਹੀ ਲੱਤ ਕਿਉਂ ਨਾ ਕਰੀਏ ਜਿਵੇਂ ਅਸੀਂ ਹਿੰਦੁਸਤਾਨ , ਮੁਸਲਮਾਨ , ਸਿੱਖ, ਇਸਾਈਆਂ ਵਾਲੀ ਵੰਡ ਪਾ ਕੇ ਹਮੇਸ਼ਾਂ ਤੋਂ ਜਿੱਤ ਦੇ ਆਏ ਹਾਂ।
ਹੁਣ ਜਦੋਂ ਕ੍ਰਿਕਟ ਦਾ ਮੈਚ ਵੇਖੋ ਤਾਂ ਯਾਦ ਰੱਖੋ ਕਿ ਇੱਥੇ ਵੋਟ ਖੇਡ ਰਹੇ ਹਨ, ਇੱਥੇ ਨੋਟ ਖੇਡ ਰਹੇ ਹਨ। ਕ੍ਰਿਕਟ ਦਾ ਬਹਾਨਾ ਚੰਗਾ ਹੈ, ਕਿਉਂਕਿ ਪੁਰਾਣੇ ਨਸ਼ੇ ਛੇਤੀ ਨਹੀਂ ਛੁੱਟਦੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













