‘ਜਿਹੜੇ ਝਗੜੇ ਜਰਨੈਲਾਂ ਤੇ ਸਿਆਸਤਦਾਨਾਂ ਨੇ ਸ਼ੁਰੂ ਕੀਤੇ, ਉਹ ਹੁਣ ਕ੍ਰਿਕਟ ਵਾਲੇ ਵੀ ਨਿਭਾਉਣ ਲੱਗ ਪਏ ਨੇ’-ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Mohammed Hanif
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਤੁਹਾਨੂੰ ਪਤਾ ਸੀ ਕਿ ਨਹੀਂ ਪਰ ਮੈਨੂੰ ਕੋਈ ਖ਼ਬਰ ਨਹੀਂ ਸੀ। ਹੁਣ ਕ੍ਰਿਕਟ ਦੇ ਰਿਟਾਇਰਡ ਖਿਡਾਰੀਆਂ ਦਾ ਵੀ ਟੂਰਨਾਮੈਂਟ ਹੁੰਦਾ। ਇਸ ਦਫ਼ਾ ਇੰਗਲੈਂਡ ਵਿੱਚ ਹੋਣਾ ਸੀ। ਪਤਾ ਮੈਨੂੰ ਉਦੋਂ ਲੱਗਾ ਜਦੋਂ ਇੰਡੀਆ ਨੇ ਕਿਹਾ, ਵੀ ਅਸੀਂ ਤਾਂ ਪਾਕਿਸਤਾਨ ਦੇ ਕ੍ਰਿਕਟਰਾਂ ਨਾਲ ਨਹੀਂ ਖੇਡਣਾ ਕਿਉਂਕਿ ਇਹ ਸਾਡੇ ਪੁਰਾਣੇ ਵੈਰੀ ਨੇ।
ਮੈਂ ਕ੍ਰਿਕਟ ਦੇ ਉਨ੍ਹਾਂ ਮੌਸਮੀ ਸ਼ੌਂਕੀਨਾਂ ਵਿੱਚੋਂ ਹਾਂ, ਜਿਹੜੇ-ਜਿਹੜੇ ਕਦੀਂ-ਕਦੀਂ ਕਿਸੇ ਵੱਡੇ ਮੈਚ ਦੇ ਦੋ-ਚਾਰ ਓਵਰ ਦੇਖ ਲੈਂਦੇ ਹਨ।
ਕ੍ਰਿਕਟ ਦੀ ਹਾਰ-ਜਿੱਤ ਨੂੰ ਮੈਂ ਕਦੇ ਜ਼ਿੰਦਗੀ ਰੋਗ ਨਹੀਂ ਬਣਾਇਆ ਪਰ ਇੰਨੀ ਕੁ ਦੇਖੀ ਹੈ ਕਿ ਇੰਡੀਆ ਦੀ ਟੀਮ ਵਿੱਚ ਯੁਵਰਾਜ ਸਿੰਘ ਹੈ ਤੇ ਪਾਕਿਸਤਾਨ ਦੀ ਟੀਮ ਵਿੱਚ ਸ਼ਾਹਿਦ ਅਫਰੀਦੀ।
ਇੰਝ ਲੱਗਾ ਕਿ ਜਿਵੇਂ ਕੋਈ ਪੁਰਾਣੀ ਮਸ਼ਹੂਰ ਫਿਲਮ ਦੁਬਾਰਾ ਲੱਗਣ ਲੱਗੀ ਹੈ ਤੇ ਲੋਕ ਇੰਡੀਆ-ਪਾਕਿਸਤਾਨ ਦੀਆਂ ਬੱੜਕਾਂ ਭੁੱਲ ਕੇ ਚਾਰ ਦਿਨ ਲਈ ਸਵਾਦ ਲੈ ਲੈਣਗੇ ਪਰ ਇਹ ਨਹੀਂ ਹੋਇਆ।
ਹੁਣ ਜਿਹੜੇ ਝਗੜੇ ਜਰਨੈਲਾਂ ਤੇ ਸਿਆਸਤਦਾਨਾਂ ਨੇ ਸ਼ੁਰੂ ਕੀਤੇ ਸਨ, ਉਹ ਹੁਣ ਕ੍ਰਿਕਟ ਵਾਲੇ ਵੀ ਨਿਭਾਉਣ ਲੱਗ ਪਏ ਨੇ।
ਪਾਕਿਸਤਾਨ ਤੇ ਇੰਡੀਆ ਵੈਸੇ ਤਾਂ ਗੁਆਂਢੀ ਨੇ ਲੇਕਿਨ ਜਿਸ ਤਰ੍ਹਾਂ ਕਦੀਂ-ਕਦੀਂ ਮੁਹੱਲਿਆਂ ਵਿੱਚ ਮਨਾਂ ਕਰ ਦਿੱਤਾ ਜਾਂਦਾ ਬੱਚਿਆਂ ਨੂੰ ਵੀ ਤੁਸੀਂ ਫਲਾਣੇ-ਫਲਾਣੇ ਦੇ ਪੁੱਤਰ ਨਾਲ ਨਹੀਂ ਖੇਡਣਾ, ਅਸੀਂ ਵੀ ਬੱਚਿਆਂ ਨੂੰ ਹਮੇਸ਼ਾਂ ਤੋਂ ਮਨਾਂ ਕੀਤਾ ਲੇਕਿਨ ਹੁਣ ਸਾਡੇ ਰਿਟਾਇਰਡ ਬਜ਼ੁਰਗ ਕ੍ਰਿਕਟਰ ਵੀ ਇੱਕ ਦੂਜੇ ਨਾਲ ਖੇਡਣ ਲਈ ਤਿਆਰ ਨਹੀਂ।
ਯੁਵਰਾਜ ਸਿੰਘ ਇਸ ਲਈ ਯਾਦ ਹੈ ਕਿ ਕਿਉਂਕਿ ਜਿਹੜਾ ਬੱਚਾ ਕ੍ਰਿਕਟਰ ਖੇਡਣ ਦਾ ਖੁਆਬ ਦੇਖਦਾ, ਉਹ ਪਹਿਲਾਂ ਇੱਕ ਖੁਆਬ ਜ਼ਰੂਰ ਦੇਖਦਾ ਕਿ ਹਰ ਓਵਰ ਵਿੱਚ ਛੇ ਬਾਲ ਹੁੰਦੀਆਂ ਨੇ ਤੇ ਹਰ ਬਾਲ 'ਤੇ ਛਿੱਕਾ ਕਿਉਂ ਨਹੀਂ ਮਾਰ ਸਕਦੇ।
ਯੁਵਰਾਜ ਸਿੰਘ ਨੇ ਮਾਰੇ ਨੇ ਤੇ ਬੜਾ ਪਿਆਰ ਤੇ ਨਾਮ ਕਮਾਇਆ। ਕਈ ਵਰ੍ਹੇ ਪਹਿਲਾਂ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਸੀ।
ਮੈਚ ਤੋਂ ਇੱਕ ਦਿਨ ਪਹਿਲਾਂ ਮੈਂ ਸ਼ੌਕੀਨਾਂ ਦੀ ਬਹਿਸ ਸੁਣ ਰਿਹਾ ਸਾਂ, ਅੱਧੇ ਯੁਵਰਾਜ ਸਿੰਘ ਨੂੰ ਚੁੰਮੀਆਂ ਦੇ ਰਹੇ ਸੀ ਤੇ ਅੱਧੇ ਪਲਾਨ ਬਣਾ ਰਹੇ ਸੀ ਕਿ ਜੇਕਰ ਪਾਕਿਸਤਾਨ ਨੇ ਜਿੱਤਣਾ ਤਾਂ ਪਹਿਲਾਂ ਇਸ ਦੀ ਗਿੱਚੀ ਕੁੱਟਣੀ ਪੈਣੀ।
ਅਫਰੀਦੀ ਸਾਬ ਵੀ ਬੱਲਾ ਘੁਮਾਉਣ ਲਈ ਮਸ਼ਹੂਰ ਨੇ, ਕਦੀਂ ਛਿੱਕਾ ਲੱਗ ਜਾਵੇ ਤਾਂ ਬੂੰਮ-ਬੂੰਮ ਤੇ ਜੇ ਨਾ ਲੱਗੇ ਤਾਂ ਵੀ ਬੂੰਮ-ਬੂੰਮ।

ਤਸਵੀਰ ਸਰੋਤ, Getty Images
ਕ੍ਰਿਕਟ ਤੋਂ ਬਾਅਦ ਸਾਡੀ ਵੱਡੀ ਦੁਸ਼ਮਣੀ ਨੈਸ਼ਨਲ ਸਕਿਓਰਿਟੀ ਵਿੱਚ ਹੈ। ਇੱਥੇ ਸਾਡੇ ਜੋ ਨੈਸ਼ਨਲ ਸਕਿਓਰਿਟੀ ਵਾਲੇ ਬਾਬੇ ਸਨ, ਉਹ ਤਾਂ ਰਲ ਕੇ ਖੇਡ ਲੈਂਦੇ ਸਨ।
ਜਨਰਲ ਅਸਦ ਦੂਰਾਨੀ ਪਾਕਿਸਤਾਨ ਦੇ ਆਈਐੱਸਆਈ ਚੀਫ ਸਨ, ਏਐੱਸ ਦੁਲਤ ਰਾਅ ਦੇ ਚੀਫ। ਜਦੋਂ ਨੌਕਰੀ ਵਿੱਚ ਸਨ ਤਾਂ ਇੱਕ-ਦੂਜੇ ਦੇ ਦੁਸ਼ਮਣ, ਇੱਕ-ਦੂਜੇ ਦੀ ਜਾਸੂਸੀ ਤੇ ਇੱਕ-ਦੂਜੇ ਨੂੰ ਗੁੱਝੀਆਂ ਸੱਟਾਂ।
ਫਿਰ ਰਿਟਾਇਰਡ ਹੋ ਕੇ ਭਰਾਬੰਦੀ ਕਰ ਲਈ ਤੇ ਨਾਲ ਰਲ ਕੇ ਇੱਕ ਕਿਤਾਬ ਵੀ ਲਿਖ ਛੱਡੀ।
ਅਸਦ ਦੂਰਾਨੀ ਨੂੰ ਕਾਫੀ ਝਾੜ ਵੀ ਪਈ ਤੇ ਸੁਣਿਆ ਪੈਨਸ਼ਨ ਵੀ ਰੁਕ ਗਈ ਐ। ਲੇਕਿਨ ਦੁਲਤ ਸਾਬ ਅਜੇ ਵੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਫਿਰਦੇ ਨੇ।
ਯੁਵਰਾਜ ਸਿੰਘ ਤੇ ਸ਼ਾਹਿਦ ਅਫਰੀਦੀ ਨੇ ਜੇ ਨਹੀਂ ਖੇਡਣਾ ਤਾਂ ਨਾ ਖੇਡਣ ਇਹ ਉਨ੍ਹਾਂ ਦੀ ਮਰਜ਼ੀ ਲੇਕਿਨ ਰਿਟਾਇਰਡ ਕ੍ਰਿਕਟਰਾਂ ਨੂੰ ਸਿਆਸਤ ਦੀਆਂ ਗੱਲਾਂ ਕਰਨ ਤੋਂ ਪਹਿਲਾਂ, ਸਿਆਸਤ-ਸਿਆਸਤ ਖੇਡਣ ਤੋਂ ਪਹਿਲਾਂ ਇੱਕ ਮਿੰਟ ਲਈ ਇਮਰਾਨ ਖ਼ਾਨ ਬਾਰੇ ਸੋਚਣਾ ਚਾਹੀਦਾ ਹੈ।
ਉਨ੍ਹਾਂ ਫਿਰ ਸਿਆਸਤ ਵੀ ਫੱਬ ਕੇ ਕੀਤੀ ਤੇ ਹੁਣ ਉਸ ਨੂੰ ਨਾ ਕੋਈ ਸਿਆਸਤ ਕਰਨ ਦਿੰਦਾ ਤੇ ਨਾ ਕੋਈ ਕ੍ਰਿਕਟ ਖੇਡਣ ਦਿੰਦਾ।
ਰੱਬ ਰਾਖਾ !
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













