ਪੰਜਾਬ ਪੁਲਿਸ ਵੱਲੋਂ ਆਪਣੇ ਹੀ ਮੁਲਾਜ਼ਮਾਂ ਦਾ 'ਝੂਠਾ ਪੁਲਿਸ ਮੁਕਾਬਲਾ' ਬਣਾਉਣ ਦਾ ਕੀ ਹੈ ਮਾਮਲਾ, 32 ਸਾਲ ਪੁਰਾਣੇ ਕੇਸ 'ਚ ਕੀ ਆਇਆ ਫੈਸਲਾ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ
- ਰੋਲ, ਰਵਿੰਦਰ ਸਿੰਘ ਰੌਬਿਨ, ਬੀਬੀਸੀ ਸਹਿਯੋਗੀ
"ਮੈਂ ਆਪਣੇ ਪਿਤਾ ਨੂੰ ਦੇਖਿਆ ਵੀ ਨਹੀਂ ਸੀ ਕਿਉਂਕਿ ਮੇਰਾ ਜਨਮ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਇਆ, ਪਰ ਇੰਨਾ ਜ਼ਰੂਰ ਪਤਾ ਸੀ ਕਿ ਉਹ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸਨ ਅਤੇ ਉਸੇ ਪੁਲਿਸ ਨੇ ਉਨ੍ਹਾਂ ਨੂੰ ਇੱਕ ਦਿਨ "ਖਾੜਕੂ" ਆਖ ਕੇ ਮਾਰ ਦਿੱਤਾ, 32 ਸਾਲ ਬਾਅਦ ਪਿਤਾ ਜੀ ਨੂੰ ਅਦਾਲਤ ਨੇ ਹੁਣ ਬੇਕਸੂਰ ਦੱਸਿਆ ਹੈ।"
ਇਹ ਸ਼ਬਦ ਹਨ ਅੰਮ੍ਰਿਤਸਰ ਦੇ ਨੌਜਵਾਨ ਚਰਨਜੀਤ ਸਿੰਘ ਦੇ।
ਚਰਨਜੀਤ ਸਿੰਘ ਦੇ ਪਿਤਾ ਕਾਂਸਟੇਬਲ ਸਰਮੁਖ ਸਿੰਘ ਅਤੇ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਖਾੜਕੂ ਦਸ ਕੇ ਮਾਰਨ ਦਾ ਦਾਅਵਾ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਸੀ।
ਬੁੱਧਵਾਰ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ 'ਫਰਜ਼ੀ ਪੁਲਿਸ ਮੁਕਾਬਲੇ' ਦੇ ਕੇਸ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਐੱਸਪੀ ਪਰਮਜੀਤ ਸਿੰਘ ਨੂੰ ਅਗਵਾ ਕਰਨ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ੀ ਮੰਨਦਿਆਂ ਦਸ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਤਸਵੀਰ ਸਰੋਤ, Ravinder Singh Robin/BBC
ਪੂਰਾ ਮਾਮਲਾ 1993 ਦਾ ਹੈ ਅਤੇ ਇਸ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਵੀ ਕੀਤਾ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਰਮੁਖ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ, "ਪਹਿਲਾਂ ਬਚਪਨ ਰੁਲਿਆ ਅਤੇ ਹੁਣ ਜਵਾਨੀ ਵਿੱਚ ਧੱਕੇ ਖਾ ਰਿਹਾ ਹਾਂ ਅਤੇ ਡਰਾਈਵਰ ਵਜੋਂ ਕੰਮ ਕਰ ਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹਾਂ।"
"ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ। ਕਤਲ ਦਾ ਕੇਸ ਸੀ ਇਨ੍ਹਾਂ ਨੇ ਕਿਡਨੈਪਿੰਗ ਵਿੱਚ ਪਾ ਦਿੱਤਾ। ਇੱਕ ਨੂੰ ਸਜ਼ਾ ਮਿਲੀ ਅਤੇ ਤਿੰਨਾਂ ਨੂੰ ਰਿਹਾਅ ਕਰ ਦਿੱਤਾ।"

ʻਸਮਾਂ ਬਹੁਤ ਔਖਾ ਲੰਘਿਆʼ
ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਾਲਨ ਪੋਸ਼ਣ ਉਨ੍ਹਾਂ ਦੇ ਨਾਨਕਿਆਂ ਨੇ ਕੀਤਾ ਹੈ।
"ਪਹਿਲਾਂ ਪਿਤਾ ਜੀ ਨੂੰ ਬੇਕਸੂਰ ਸਾਬਤ ਕਰਨ ਦੇ ਲਈ ਦਾਦਾ ਜੀ ਨੇ ਲੜਾਈ ਲੜੀ ਅਤੇ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਅਤੇ ਫਿਰ ਮੈਂ ਅਦਾਲਤਾਂ ਦੇ ਗੇੜੇ ਮਾਰੇ। ਕੇਸ ਵਾਪਸ ਲੈਣ ਲਈ ਪੈਸਿਆਂ ਅਤੇ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਮੈਂ ਕਿਸੇ ਦੀ ਵੀ ਨਹੀਂ ਮੰਨੀ।"
ਅਦਾਲਤ ਦੇ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਚਰਨਜੀਤ ਸਿੰਘ ਨੇ ਆਖਿਆ, "ਸਾਡੀਆਂ ਦੋ ਪੀੜੀਆਂ ਇਸ ਇਨਸਾਫ਼ ਨੂੰ ਲੈਣ ਲਈ ਖ਼ਤਮ ਹੋ ਗਈਆਂ, ਪਹਿਲਾਂ ਬੇਕਸੂਰ ਪਿਤਾ ਨੂੰ ਮਾਰ ਦਿੱਤਾ ਗਿਆ, ਅਤੇ ਫਿਰ ਇਸ ਦਾ ਇਨਸਾਫ਼ ਲੈਣ ਲਈ ਦਾਦਾ ਜੀ ਤੁਰ ਗਏ ਅਤੇ ਉਸ ਤੋਂ ਬਾਅਦ ਮੈਂ ਇਨਸਾਫ਼ ਦੀ ਲੜਾਈ ਲੜਨ ਲੱਗਾ।"
"ਬੇਸ਼ੱਕ ਅਦਾਲਤ ਨੇ ਪਿਤਾ ਜੀ ਨੂੰ 32 ਸਾਲ ਬਾਅਦ ਨਿਰਦੋਸ਼ ਸਾਬਤ ਕਰ ਦਿੱਤਾ ਹੈ ਪਰ ਜਿੰਨਾ ਪੁਲਿਸ ਮੁਲਾਜ਼ਮਾਂ ਨੇ ਪਿਤਾ ਜੀ ਨੂੰ ਮਾਰਿਆ, ਮੇਰੀ ਜ਼ਿੰਦਗੀ ਬਰਬਾਦ ਕੀਤੀ, ਉਸ ਦੇ ਮੁਕਾਬਲੇ ਸਜ਼ਾ ਬਹੁਤ ਘੱਟ ਮਿਲੀ ਹੈ।"
ਸਰਮੁਖ ਸਿੰਘ ਦੇ ਪਤਨੀ ਸ਼ਰਨਜੀਤ ਕੌਰ ਘਟਨਾ ਬਾਰੇ ਦੱਸਦੇ ਹਨ, "ਰਾਤ ਅਸੀਂ ਸੁੱਤੇ ਸੀ ਅਤੇ ਸਵੇਰੇ ਤੜਕੇ ਪੁਲਿਸ ਵਾਲਿਆਂ ਦੀਆਂ 2 ਗੱਡੀਆਂ ਆਈਆਂ। ਮੇਰੇ ਪਤੀ ਦੀ ਉਸ ਵੇਲੇ ਤਬੀਅਤ ਠੀਕ ਨਹੀਂ ਸੀ ਤੇ ਉਨ੍ਹਾਂ ਨੇ ਰੈਸਟ ਲਈ ਸੀ।"
"ਪੁਲਿਸ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਸਰ ਨੇ ਸੱਦਿਆ ਅਤੇ ਉਨ੍ਹਾਂ ਨੂੰ ਇਹ ਕਹਿ ਲੈ ਗਏ। ਬਾਅਦ ਵਿੱਚ ਕੁਝ ਪਤਾ ਹੀ ਨਹੀਂ ਲੱਗਾ ਉਨ੍ਹਾਂ ਬਾਰੇ, ਕਿਉਂਕਿ ਘਰ ਦੇ ਵੱਡੇ ਹੀ ਪਤਾ ਕਰਨ ਜਾਂਦੇ ਹੁੰਦੇ ਸਨ। ਵਿਆਹ ਨੂੰ ਅਜੇ ਥੋੜ੍ਹਾ ਚਿਰ ਹੋਇਆ ਸੀ ਤਾਂ ਕਰ ਕੇ ਮੈਨੂੰ ਕੁਝ ਨਹੀਂ ਦੱਸਦੇ ਸੀ।"
ਉਨ੍ਹਾਂ ਨੇ ਦੱਸਿਆ ਕਿ 18 ਅਪ੍ਰੈਲ 1993 ਨੂੰ ਲੈ ਕੇ ਗਏ ਹਨ ਅਤੇ 22 ਅਪ੍ਰੈਲ ਨੂੰ ਉਨ੍ਹਾਂ ਨੂੰ ਮਾਰ ਦਿੱਤਾ। "ਸਾਨੂੰ ਅਜੇ ਤੱਕ ਲਾਸ਼ ਨਹੀਂ ਮਿਲੀ, ਜਿਸ ਕਾਰਨ ਯਕੀਨ ਹੀ ਨਹੀਂ ਆਉਂਦਾ, ਸਮਾਂ ਬਹੁਤ ਔਖਾ ਲੰਘਿਆ।"
"ਸਾਨੂੰ ਲੱਗਦਾ ਸਜ਼ਾ ਘੱਟ ਹੈ। ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕੀਤੀ ਤਾਂ ਸਾਰਿਆਂ ਨੇ, ਸਜ਼ਾ ਇੱਕ ਨੂੰ ਮਿਲੀ ਹੈ। ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਵੇ, ਸਾਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਹੈ।"
ਚਰਨਜੀਤ ਸਿੰਘ ਕਹਿੰਦੇ ਹਨ ਉਹ ਅੱਗੇ ਹਾਈਕੋਰਟ ਵਿੱਚ ਜਾਣਗੇ ਅਤੇ ਜਿਹੜੇ ਤਿੰਨ ਪੁਲਿਸ ਵਾਲੇ ਰਿਹਾਅ ਹੋਏ ਉਨ੍ਹਾਂ ਨੂੰ ਵੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਗੇ।
ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵਿੱਚ ਨੌਕਰੀ ਮਿਲਣ ਵਾਲੀ ਸੀ ਪਰ ਪਿਤਾ ʼਤੇ ਲੱਗੇ ਇਲਜ਼ਾਮ ਕਾਰਨ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਸਕੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਲਜ਼ਾਮ ਹਟ ਗਏ ਤਾਂ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ।
ਕੀ ਸੀ ਪੂਰਾ ਮਾਮਲਾ
ਚਰਨਜੀਤ ਸਿੰਘ ਦੇ ਵਕੀਲ ਜਗਜੀਤ ਸਿੰਘ ਬਾਜਵਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮੁੱਛਲ ਦੇ ਸਰਮੁਖ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰਦੇ ਸਨ।
"ਉਨ੍ਹਾਂ ਨੂੰ 18 ਅਪ੍ਰੈਲ 1993 ਨੂੰ ਬਿਆਸ ਥਾਣੇ ਦੇ ਤਤਕਾਲੀ ਐੱਸਐੱਚਓ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਘਰੋਂ ਤੋਂ ਅਗਵਾ ਕਰ ਲਿਆ ਸੀ।"
ਬਾਜਵਾ ਮੁਤਾਬਕ, "ਉਸੇ ਦਿਨ ਇੱਕ ਹੋਰ ਮਾਮਲੇ 'ਚ ਬਿਆਸ ਥਾਣੇ ਦੇ ਤਤਕਾਲੀ ਸਬ ਇੰਸਪੈਕਟਰ ਰਾਮ ਲੁਭਾਇਆ ਦੀ ਅਗਵਾਈ ਵਾਲੀ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਖ਼ਿਆਲਾ ਪਿੰਡ ਦੇ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਵੀ ਘਰੋਂ ਚੁੱਕਿਆ।"

ਤਸਵੀਰ ਸਰੋਤ, Ravinder Singh Robin/BBC
ਸ਼ਿਕਾਇਤਕਰਤਾਵਾਂ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਇਸ ਤੋਂ ਬਾਅਦ 22 ਅਪ੍ਰੈਲ, 1993 ਨੂੰ ਮਜੀਠਾ ਜ਼ਿਲ੍ਹਾ ਪੁਲਿਸ ਨੇ ਥਾਣਾ ਲੋਪੋਕੇ ਦੇ ਤਤਕਾਲੀ ਐਸ.ਐਚ.ਓ ਧਰਮ ਸਿੰਘ ਦੀ ਅਗਵਾਈ ਵਿੱਚ ਦੋ "ਅਣਪਛਾਤੇ ਖਾੜਕੂਆਂ" ਨੂੰ ਮਾਰਨ ਦਾ ਦਾਅਵਾ ਕੀਤਾ ਅਤੇ ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਨੂੰ "ਲਾਵਾਰਸ" ਦੱਸ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ 23 ਅਪ੍ਰੈਲ,1993 ਨੂੰ ਥਾਣਾ ਲੋਪੋਕੇ ਵਿੱਚ ਮਾਮਲਾ ਦਰਜ ਕੀਤਾ ਗਿਆ। ਵਕੀਲ ਜਗਜੀਤ ਸਿੰਘ ਬਾਜਵਾ ਅਨੁਸਾਰ "ਹੈਰਾਨੀ ਦੀ ਗੱਲ ਹੈ ਇੱਕ ਹਫ਼ਤੇ ਦੇ ਅੰਦਰ ਹੀ ਇੰਸਪੈਕਟਰ ਧਰਮ ਸਿੰਘ, ਤਤਕਾਲੀ ਐਸ.ਐਚ.ਓ ਲੋਪੋਕੇ, ਨੇ ਇਸ ਕਥਿਤ ਮੁਕਾਬਲੇ ਨੂੰ ਅਣਪਛਾਤਾ ਦਿਖਾ ਕੇ ਕੇਸ ਹੀ ਬੰਦ ਕਰ ਦਿੱਤਾ"।
ਸੀਬੀਆਈ ਜਾਂਚ ਵਿੱਚ ਹੋਇਆ ਖ਼ੁਲਾਸਾ
ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਸਾਲ 1995 ਵਿੱਚ ਇਸ ਮਾਮਲੇ ਦੀ ਜਾਂਚ ਕੀਤੀ, ਜਿਸ ਵਿੱਚ ਪਤਾ ਲੱਗਾ ਕਿ ਦੋਵਾਂ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਉਨ੍ਹਾਂ ਦੇ ਘਰੋਂ ਅਗਵਾ ਕੀਤਾ ਗਿਆ ਅਤੇ ਫਿਰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ।
ਇਸ ਤੋਂ ਬਾਅਦ ਦੋਵਾਂ ਨੂੰ ਖਾੜਕੂ ਦਿਖਾ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਖ਼ਤਮ ਕਰ ਦਿੱਤਾ ਅਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ "ਲਾਵਾਰਸ" ਆਖ ਕੇ ਸਾੜ ਦਿੱਤਾ ਗਿਆ। ਸੀਬੀਆਈ ਨੇ ਜਾਂਚ ਵਿੱਚ ਪਾਇਆ ਕਿ ਮੁਕਾਬਲੇ ਨੂੰ ਅਸਲੀ ਸਾਬਤ ਕਰਨ ਲਈ ਪੁਲਿਸ ਨੇ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕੀਤੀ ਸੀ।
28 ਫਰਵਰੀ, 1997 ਨੂੰ ਸੀਬੀਆਈ ਨੇ ਰਾਮ ਲੁਭਾਇਆ (ਬਟਾਲਾ ਪੁਲਿਸ ਚੌਕੀ ਦੇ ਇੰਚਾਰਜ), ਧਰਮ ਸਿੰਘ (ਲੋਪੋਕੇ ਐੱਸਐੱਚਓ), ਪਰਮਜੀਤ ਸਿੰਘ (ਬਿਆਸ ਐੱਸਐੱਚਓ), ਅਤੇ ਏਐੱਸਆਈ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ।
1 ਫਰਵਰੀ, 1999 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ, ਜਿਸ ਵਿੱਚ ਇਨ੍ਹਾਂ 'ਤੇ ਅਗਵਾ, ਸਾਜ਼ਿਸ਼, ਅਤੇ ਸਬੂਤ ਮਿਟਾਉਣ ਦੇ ਇਲਜ਼ਾਮ ਲਗਾਏ ਗਏ।

ਅਦਾਲਤੀ ਕਾਰਵਾਈ ਅਤੇ ਸਜ਼ਾ
ਬੁੱਧਵਾਰ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਕੇਸ ਦਾ ਨਿਪਟਾਰਾ ਕਰਦਿਆਂ ਪਰਮਜੀਤ ਸਿੰਘ ਨੂੰ ਹੀ ਦਸ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਸੁਣਾਈ ਜਦੋਂ ਕਿ ਧਰਮ ਸਿੰਘ (ਤਤਕਾਲੀ ਲੋਪੋਕੇ ਐੱਸਐੱਚਓ), ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਸਬ-ਇੰਸਪੈਕਟਰ ਰਾਮ ਲੁਭਾਇਆ ਦੀ ਮੁਕੱਦਮੇ ਦੌਰਾਨ ਪਹਿਲਾਂ ਹੀ ਮੌਤ ਹੋ ਗਈ ਸੀ।
ਇਸ ਕੇਸ ਦੀ ਸੁਣਵਾਈ 32 ਸਾਲ ਤੱਕ ਚੱਲੀ ਅਤੇ ਇਸ ਵਿੱਚ 27 ਗਵਾਹਾਂ ਦੇ ਬਿਆਨ ਦਰਜ ਹੋਏ ਜਿੰਨਾ ਵਿੱਚ ਕਈਆਂ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੀ ਹੋ ਗਈ ਸੀ।
ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਅਤੇ ਜਗਜੀਤ ਸਿੰਘ ਬਾਜਵਾ ਨੇ ਕਿਹਾ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਨਸਾਫ਼ ਮਿਲਿਆ, ਪਰ ਬਰੀ ਹੋਏ ਮੁਲਜ਼ਮਾਂ ਦੇ ਖ਼ਿਲਾਫ਼ ਉਹ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ















