ਪਾਣੀ ਵਿੱਚ ਡੁੱਬੇ ਰਹਿਣ 'ਤੇ ਪਈਆਂ ਉਂਗਲਾਂ ਦੀਆਂ ਝੁਰੜੀਆਂ ਸਿਹਤ ਬਾਰੇ ਕੀ ਕੁਝ ਦੱਸਦੀਆਂ ਹਨ

 ਹੱਥਾਂ ਦੀਆਂ ਝੁਰੜੀਆਂ

ਤਸਵੀਰ ਸਰੋਤ, Neil Juggins/Alamy

    • ਲੇਖਕ, ਰਿਚਰਡ ਗ੍ਰੇਅ
    • ਰੋਲ, ਬੀਬੀਸੀ ਪੱਤਰਕਾਰ

ਸਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਦੀ ਚਮੜੀ ਕੁਝ ਮਿੰਟਾਂ ਲਈ ਪਾਣੀ ਵਿੱਚ ਭਿੱਜਣ 'ਤੇ ਸੁੰਗੜ ਜਿਹੀ ਜਾਂਦੀ ਹੈ। ਪਰ ਕੀ ਇਹ ਇੱਕ ਅਜਿਹੀ ਪ੍ਰੀਕਿਰਿਆ ਹੈ ਜੋ ਸਾਡੇ ਵਿਕਾਸ ਦੇ ਪਿਛੋਕੜ ਵਿੱਚ ਸਹਾਈ ਹੋਈ ਸੀ? ਅਤੇ ਕੀ ਇਹ ਸਾਡੀ ਸਿਹਤ ਬਾਰੇ ਵੀ ਕੁਝ ਇਸ਼ਾਰੇ ਕਰਦੀ ਹੈ?

ਪਾਣੀ ਦੇ ਭਰੇ ਟੱਬ ਵਿੱਚ ਕੁਝ ਮਿੰਟ ਤੋਂ ਵੱਧ ਸਮਾਂ ਬਿਤਾਉਣਾ ਜਾਂ ਸਵਿਮਿੰਗ ਪੂਲ ਵਿੱਚ ਤੈਰਨਾ, ਤੁਹਾਡੀਆਂ ਉਂਗਲਾਂ ਵਿੱਚ ਇੱਕ ਵੱਡਾ ਬਦਲਾਅ ਲਿਆਉਂਦਾ ਹੈ। ਜਿੱਥੇ ਪਹਿਲਾਂ ਨਰਮ ਚਮੜੀ ਦੇ ਸੁੰਦਰ ਨਕਸ਼ ਹੁੰਦੇ ਸਨ, ਹੁਣ ਉੱਥੇ ਝੁਰੜੀਦਾਰ ਤੇ ਸੁੰਗੜੀ ਹੋਈ ਚਮੜੀ ਦੀ ਪਰਤ ਨਜ਼ਰ ਆਉਂਦੀ ਹੈ।

ਅਤੇ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਮੁਤਾਬਕ, ਇਹ ਹੈਰਾਨੀਜਨਕ ਤਬਦੀਲੀ ਧਿਆਨ ਨਾਲ ਦੇਖਣ ਦੇ ਯੋਗ ਹੈ - ਹਰ ਵਾਰੀ ਜਦੋਂ ਤੁਹਾਡੀਆਂ ਉਂਗਲਾਂ ਦੀ ਚਮੜੀ ਇਸ ਤਰ੍ਹਾਂ ਸੁੰਗੜਦੀ ਹੈ, ਤਾਂ ਇਹ ਝੁਰੜੀਆਂ ਇੱਕੋ ਜਿਹੀ ਬਣਤਰ ਬਣਾਉਂਦੀਆਂ ਹਨ।

ਇਹ ਇੱਕ ਅਜਿਹੇ ਵਰਤਾਰੇ ਬਾਰੇ ਨਵੀਨਤਮ ਖੋਜ ਹੈ ਜਿਸਨੇ ਦਹਾਕਿਆਂ ਤੋਂ ਵਿਗਿਆਨੀਆਂ ਦੇ ਵਿਚਾਰਾਂ ਅਤੇ ਕੰਮ 'ਤੇ ਅਸਰ ਪਾਇਆ ਹੈ ।

ਹੈਰਾਨੀ ਦੀ ਗੱਲ ਇਹ ਹੈ ਕਿ ਪਾਣੀ ਵਿੱਚ ਡੁੱਬਣ 'ਤੇ ਸਿਰਫ਼ ਸਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਦੀ ਚਮੜੀ 'ਤੇ ਹੀ ਝੁਰੜੀਆਂ ਪੈਂਦੀਆਂ ਹਨ। ਸਰੀਰ ਦੇ ਹੋਰ ਅੰਗ ਜਿਵੇਂ ਕਿ ਸਾਡੀਆਂ ਬਾਹਾਂ, ਧੜ, ਲੱਤਾਂ ਅਤੇ ਚਿਹਰਾ ਪਾਣੀ ਵਿੱਚ ਭਿੱਜੇ ਰਹਿਣ ਤੋਂ ਬਾਅਦ ਵੀ ਪਹਿਲਾਂ ਵਰਗੇ ਹੀ ਸਮਤਲ ਰਹਿੰਦੇ ਹਨ।

ਇਸ ਵਿਸ਼ੇ ਉੱਤੇ ਖੋਜ ਕਰਨ ਵਾਲੇ ਬਹੁਤੇ ਮਾਹਰ ਇਸ ਗੱਲ ਨੂੰ ਲੈ ਕੇ ਹੈਰਾਨ ਰਹੇ ਹਨ ਕਿ ਇਹ ਝੁਰੜੀਆਂ ਕਿਉਂ ਬਣਦੀਆਂ ਹਨ, ਪਰ ਹਾਲ ਵਿੱਚ ਹੀ ਇਹ ਸਵਾਲ ਖੋਜਕਾਰਾਂ ਦੇ ਧਿਆਨ ਦਾ ਕੇਂਦਰ ਬਣ ਗਿਆ ਹੈ ਕਿ ਇਹ ਕਿਉਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਮਕਸਦ ਕੀ ਹੋ ਸਕਦਾ ਹੈ।"

ਪਰ ਸ਼ਾਇਦ ਹੋਰ ਵੀ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਸਾਡੀਆਂ ਝੁਰੜੀਦਾਰ ਉਂਗਲਾਂ ਸਾਡੀ ਆਪਣੀ ਸਿਹਤ ਬਾਰੇ ਕੀ ਦੱਸ ਸਕਦੀਆਂ ਹਨ।

ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਉਂਗਲਾਂ ਵਿੱਚ ਝੁਰੜੀਆਂ ਪੈਣ ਦੇ ਤਰੀਕੇ ਵਿੱਚ ਆਉਣ ਵਾਲੇ ਬਦਲਾਅ, ਟਾਈਪ 2 ਡਾਇਬਟੀਜ਼, ਸਿਸਟਿਕ ਫਾਇਬ੍ਰੋਸਿਸ, ਨਸਾਂ ਦੀਆਂ ਸੱਟਾਂ ਅਤੇ ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਵੱਲ ਵੀ ਇਸ਼ਾਰਾ ਕਰ ਸਕਦੇ ਹਨ।

ਸਾਡੀਆਂ ਉਂਗਲਾਂ 'ਤੇ ਝੁਰੜੀਆਂ ਕਿਉਂ ਪੈਂਦੀਆਂ ਹਨ?

ਪੈਰਾ ਦੀਆਂ ਝੁਰੜੀਆਂ

ਤਸਵੀਰ ਸਰੋਤ, Andrii Biletskyi/Alamy

ਗਰਮ ਪਾਣੀ ਵਿੱਚ ਤੁਹਾਡੀਆਂ ਉਂਗਲਾਂ 'ਤੇ ਝੁਰੜੀਆਂ ਪੈਣ ਵਿੱਚ ਤਕਰੀਬਨ 3.5 ਮਿੰਟ ਲੱਗਦੇ ਹਨ – 40 ਡਿਗਰੀ ਸੈਲਸੀਅਸ ਨੂੰ ਸਭ ਤੋਂ ਲੋੜੀਂਦਾ ਤਾਪਮਾਨ ਮੰਨਿਆ ਜਾਂਦਾ ਹੈ, ਜਦੋਂ ਕਿ ਤਕਰੀਬਨ 20 ਡਿਗਰੀ ਸੈਲਸੀਅਸ ਦੇ ਠੰਢੇ ਤਾਪਮਾਨ ਵਿੱਚ ਇਸਨੂੰ 10 ਮਿੰਟ ਤੱਕ ਲੱਗ ਸਕਦੇ ਹਨ।

ਜ਼ਿਆਦਾਤਰ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਉਂਗਲੀਆਂ 'ਤੇ ਝੁਰੜੀਆਂ ਪੈਣ ਨੂੰ ਵੱਧ ਤੋਂ ਵੱਧ 30 ਮਿੰਟ ਲੱਗਦੇ ਹਨ। (ਦਿਲਚਸਪ ਗੱਲ ਇਹ ਹੈ ਕਿ ਹਾਲੀਆ ਖੋਜ ਵਿੱਚ ਦਿਖਾਇਆ ਗਿਆ ਹੈ ਕਿ ਜੇ ਤੁਸੀਂ ਆਪਣੇ ਹੱਥ ਸਿਰਕੇ ਵਾਲੇ ਗਰਮ ਪਾਣੀ ਵਿੱਚ ਡੁਬੋਵੋ ਤਾਂ ਚਮੜੀ ਸਿਰਫ਼ ਚਾਰ ਮਿੰਟਾਂ ਵਿੱਚ ਕਾਫੀ ਤੇਜ਼ੀ ਨਾਲ ਝੁਰੜੀਦਾਰ ਹੋ ਜਾਂਦੀ ਹੈ।)

ਉਂਗਲਾਂ 'ਤੇ ਝੁਰੜੀਆਂ ਪੈਣ ਨੂੰ ਆਮ ਤੌਰ 'ਤੇ ਇੱਕ ਪੈਸਿਵ ਪ੍ਰਤੀਕਿਰਿਆ ਮੰਨਿਆ ਜਾਂਦਾ ਸੀ, ਜਿਸ ਵਿੱਚ ਚਮੜੀ ਦੀ ਉੱਪਰਲੀ ਪਰਤ ਪਾਣੀ ਨਾਲ ਫੁੱਲ ਜਾਂਦੀ ਹੈ ਕਿਉਂਕਿ ਪਾਣੀ ਦੇ ਅਣੂ ਦੋਵਾਂ ਪਾਸਿਆਂ ਦੀ ਚਮੜੀ ਨੂੰ ਸੰਤੁਲਿਤ ਕਰਨ ਲਈ ਇੱਕ ਝਿੱਲੀ ਰਾਹੀਂ ਓਸਮੋਸਿਸ ਨਾਂ ਦੀ ਪ੍ਰਕਿਰਿਆ ਦੁਆਰਾ ਸੈੱਲਾਂ ਵਿੱਚ ਚਲੇ ਜਾਂਦੇ ਹਨ। ਪਰ 1935 ਤੋਂ ਹੀ ਵਿਗਿਆਨੀਆਂ ਨੂੰ ਸ਼ੱਕ ਸੀ ਕਿ ਇਹ ਸਾਰੀ ਪ੍ਰਕਿਰਿਆ ਇਸ ਤੋਂ ਕਿਤੇ ਵੱਧ ਤੱਥਾਂ ਨੂੰ ਦਰਸਾਉਂਦੀ ਹੈ।

ਡਾਕਟਰਾਂ ਨੇ ਜਦੋਂ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜਿਨ੍ਹਾਂ ਦੀ ਬਾਂਹ ਤੋਂ ਹੱਥ ਵੱਲ ਜਾਂਦੀ ਇੱਕ ਮੁੱਖ ਨਸ ਜਿਸ ਨੂੰ ਮੀਡੀਅਨ ਨਰਵ ਕਿਹਾ ਜਾਂਦਾ ਹੈ ਕੱਟੀ ਗਈ ਸੀ, ਤਾਂ ਪਾਇਆ ਕਿ ਉਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਝੁਰੜੀਦਾਰ ਨਹੀਂ ਹੁੰਦੀਆਂ।

ਆਪਣੇ ਕਈ ਕੰਮਾਂ ਵਿੱਚੋਂ ਮੀਡੀਅਨ ਨਰਵ ਦਾ ਇੱਕ ਕੰਮ ਅਜਿਹੀਆਂ ਸੰਵੇਦਨਾਤਮਕ ਗਤੀਵਿਧੀਆਂ ਨੂੰ ਨਿਯੰਤਰਿਤ ਕਰਨਾ ਹੈ ਜਿਵੇਂ ਕਿ ਪਸੀਨਾ ਆਉਣਾ ਅਤੇ ਖੂਨ ਦੀਆਂ ਨਲੀਆਂ ਦਾ ਸੰਕੁਚਨ ਕਰਨਾ।

ਇਹ ਖੋਜ ਸੰਕੇਤ ਦਿੰਦੀ ਹੈ ਕਿ ਪਾਣੀ ਨਾਲ ਹੋਣ ਵਾਲੀਆਂ ਝੁਰੜੀਦਾਰ ਉਂਗਲਾਂ ਦਰਅਸਲ ਦਿਮਾਗੀ ਪ੍ਰਣਾਲੀ ਵੱਲੋਂ ਨਿਯੰਤਰਿਤ ਹੁੰਦੀਆਂ ਹਨ।

ਪਾਣੀ

1970 ਦੇ ਦਹਾਕੇ ਵਿੱਚ ਡਾਕਟਰਾਂ ਵੱਲੋਂ ਕੀਤੇ ਗਏ ਅਧਿਐਨਾਂ ਨੇ ਇਸ ਗੱਲ ਦੇ ਹੋਰ ਮਜ਼ਬੂਤ ਸਬੂਤ ਦਿੱਤੇ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਹੱਥਾਂ ਨੂੰ ਪਾਣੀ ਵਿੱਚ ਡੁਬੋਣ ਵਾਲੀ ਪ੍ਰਕਿਰਿਆ ਨੂੰ ਨਸਾਂ ਦੇ ਨੁਕਸਾਨ ਦੀ ਜਾਂਚ ਲਈ ਇੱਕ ਸਧਾਰਣ ਬੈਡਸਾਈਡ ਟੈਸਟ ਵਜੋਂ ਵਰਤਿਆ ਜਾ ਸਕਦਾ ਹੈ, ਜੋ ਕਿ ਖੂਨ ਦੇ ਵਹਾਅ ਵਰਗੀਆਂ ਸੁਭਾਵਿਕ ਵਾਪਰਦੀਆਂ ਪ੍ਰਕਿਰਿਆਵਾਂ ਦੇ ਨਿਯੰਤਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਫਿਰ 2003 ਵਿੱਚ ਸਿੰਗਾਪੁਰ ਦੇ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਵਿੱਚ ਕੰਮ ਕਰ ਰਹੇ ਨਿਊਰੋਲੋਜਿਸਟ ਇਨਾਰ ਵਿਲਡਰ-ਸਮਿਥ ਅਤੇ ਐਡਲਿਨ ਚਾਓ ਨੇ ਵਲੰਟੀਅਰਸ ਦੇ ਹੱਥ ਪਾਣੀ ਵਿੱਚ ਡੁਬੋਣ ਦੌਰਾਨ ਉਨ੍ਹਾਂ ਦੀ ਰਗਾਂ ਵਿੱਚ ਖੂਨ ਦੇ ਵਹਾਅ ਦੇ ਮਾਪ ਲਏ।

ਉਨ੍ਹਾਂ ਨੇ ਜਾਣਿਆਂ ਕਿ ਜਿਵੇਂ ਹੀ ਵਲੰਟੀਅਰਸ ਦੀਆਂ ਉਂਗਲਾਂ ਝੁਰੜੀਦਾਰ ਬਣਨ ਲੱਗੀਆਂ, ਉਂਗਲਾਂ ਵਿੱਚ ਖੂਨ ਦੇ ਵਹਾਅ ਵਿੱਚ ਕਾਫ਼ੀ ਗਿਰਾਵਟ ਆਈ ।

ਜਦੋਂ ਡਾਕਟਰਾਂ ਨੇ ਸਿਹਤਮੰਦ ਲੋਕਾਂ ਦੀਆਂ ਉਂਗਲਾਂ 'ਤੇ ਇੱਕ ਐਨੇਸਥੈਟਿਕ (ਸੁੰਨ ਕਰਨ ਵਾਲੀ) ਕਰੀਮ ਲਾਈ, ਜਿਸ ਕਾਰਨ ਉਂਗਲਾਂ ਵਿੱਚ ਖੂਨ ਦੀਆਂ ਨਲੀਆਂ ਥੋੜ੍ਹੇ ਸਮੇਂ ਲਈ ਸੁੰਗੜ ਗਈਆਂ (ਜਿਵੇਂ ਕਿ ਪਾਣੀ ਵਿੱਚ ਹੋ ਜਾਂਦੀਆਂ ਹਨ), ਤਾਂ ਉਨ੍ਹਾਂ ਦੀਆਂ ਉਂਗਲਾਂ 'ਤੇ ਵੀ ਝੁਰੜੀਆਂ ਪੈ ਗਈਆਂ, ਬਿਲਕੁਲ ਉਹੋ ਜਿਹੀਆਂ ਜੋ ਪਾਣੀ ਵਿੱਚ ਡੁੱਬਣ ਨਾਲ ਆਉਂਦੀਆਂ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Alamy

ਝੁਰੜੀਦਾਰ ਉਂਗਲਾਂ 'ਤੇ ਅਧਿਐਨ ਕਰਨ ਵਾਲੇ ਮੈਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟ ਅਤੇ ਮਨੋਵਿਗਿਆਨੀ ਨਿਕ ਡੇਵਿਸ ਕਹਿੰਦੇ ਹਨ, "ਜਦੋਂ ਤੁਹਾਡੀਆਂ ਉਂਗਲਾਂ ਝੁਰੜੀਦਾਰ ਹੋ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਦੇਖ ਕੇ ਇਹ ਗੱਲ ਸਮਝ ਆਉਂਦੀ ਹੈ, ਉਂਗਲਾਂ ਦੀ ਚਮੜੀ ਫਿੱਕੀ ਪੈ ਜਾਂਦੀ ਹੈ, ਕਿਉਂਕਿ ਚਮੜੀ ਦੀ ਉਪਰਲੀ ਪਰਤ ਵੱਲ ਖੂਨ ਦੀ ਆਵਾਜਾਈ ਘੱਟ ਜਾਂਦੀ ਹੈ।"

ਵਿਲਡਰ-ਸਮਿਥ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੁਝਾਅ ਦਿੱਤਾ ਕਿ ਜਦੋਂ ਸਾਡੇ ਹੱਥ ਪਾਣੀ ਵਿੱਚ ਡੁੱਬੇ ਹੁੰਦੇ ਹਨ, ਤਾਂ ਉਂਗਲਾਂ ਵਿੱਚ ਮੌਜੂਦ ਪਸੀਨੇ ਵਾਲੀਆਂ ਨਲੀਆਂ ਖੁੱਲ੍ਹ ਜਾਂਦੀਆਂ ਹਨ ਤਾਂ ਜੋ ਪਾਣੀ ਅੰਦਰ ਜਾ ਸਕੇ। ਇਸ ਨਾਲ ਚਮੜੀ ਵਿੱਚ ਲੂਣਾਂ ਦੇ ਸੰਤੁਲਨ ਵਿੱਚ ਗੜਬੜ ਹੋ ਜਾਂਦੀ ਹੈ।

ਲੂਣਾਂ ਦੇ ਸੰਤੁਲਨ ਵਿੱਚ ਤਬਦੀਲੀ ਕਾਰਨ ਉਂਗਲਾਂ ਵਿੱਚ ਨਸਾਂ ਦੀ ਗਤੀਵਿਧੀ ਚਾਲੂ ਹੋ ਜਾਂਦੀ ਹੈ, ਜਿਸ ਨਾਲ ਪਸੀਨੇ ਦੀਆਂ ਨਲੀਆਂ ਦੇ ਆਲੇ-ਦੁਆਲੇ ਦੀਆਂ ਖੂਨ ਦੀਆਂ ਨਲੀਆਂ ਸੁੰਗੜ ਜਾਂਦੀਆਂ ਹਨ। ਇਸਦੇ ਕਾਰਨ ਉਂਗਲਾਂ ਦੇ ਨਰਮ ਹਿੱਸੇ ਦੇ ਆਕਾਰ ਵਿੱਚ ਕਮੀ ਆ ਜਾਂਦੀ ਹੈ, ਜੋ ਉੱਤੇ ਵਾਲੀ ਚਮੜੀ ਨੂੰ ਅੰਦਰ ਵੱਲ ਖਿੱਚਦਾ ਹੈ, ਜਿਸ ਨਾਲ ਉਹ ਝੁਰੜੀਆਂ ਦੀ ਸ਼ਕਲ ਧਾਰਨ ਕਰ ਲੈਂਦੀ ਹੈ।

ਇਹ ਝੁਰੜੀਆਂ ਕਿਸ ਤਰ੍ਹਾਂ ਦੀ ਬਣਤਰ ਰੱਖਦੀਆਂ ਹਨ, ਇਹ ਗੱਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਚਮੜੀ ਦੀ ਸਭ ਤੋਂ ਉਪਰਲੀ ਪਰਤ ਹੇਠਾਂ ਵਾਲੀਆਂ ਪਰਤਾਂ (ਐਪੀਡਰਮਿਸ) ਨਾਲ ਕਿਵੇਂ ਜੁੜੀ ਹੋਈ ਹੈ।

ਪਾਣੀ ਦਾ ਮਨੁੱਖੀ ਚਮੜੀ ’ਤੇ ਅਸਰ

ਕੰਪਿਊਟਰ ਮਾਡਲਿੰਗ ਦੀ ਮਦਦ ਨਾਲ ਇਹ ਮਕਾਨਿਜ਼ਮ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਕੈਟਾਲੋਨੀਆ ਦੀ ਟੈਕਨੀਕਲ ਯੂਨੀਵਰਸਿਟੀ ਦੇ ਬਾਇਓਮਕੈਨੀਕਲ ਇੰਜੀਨੀਅਰ ਪਾਬਲੋ ਸੇਜ਼ ਵਿਨਸ ਕਹਿੰਦੇ ਹਨ, "ਇਹ ਵੀ ਸੁਝਾਅ ਦਿੱਤੇ ਗਏ ਹਨ ਕਿ ਝੁਰੜੀਆਂ ਨੂੰ ਹੋਰ ਵਧਾਉਣ ਲਈ ਚਮੜੀ ਦੀ ਬਾਹਰੀ ਪਰਤ ਵੀ ਥੋੜ੍ਹੀ ਜਿਹੀ ਸੁੱਜ ਸਕਦੀ ਹੈ।"

"ਪਰ ਸਿਰਫ਼ ਓਸਮੋਸਿਸ ਦੀ ਪ੍ਰਕਿਰਿਆ ਰਾਹੀਂ, ਸਾਡੀ ਚਮੜੀ ਨੂੰ ਝੁਰੜੀਆਂ ਬਣਾਉਣ ਲਈ ਤਕਰੀਬਨ 20 ਫ਼ੀਸਦ ਤੱਕ ਸੁੱਜਣਾ ਪੈਂਦਾ ਹੈ, ਜੋ ਕਿ ਉਂਗਲਾਂ ਨੂੰ ਬਹੁਤ ਹੀ ਭਿਆਨਕ ਢੰਗ ਨਾਲ ਸੁਜਾ ਸਕਦਾ ਹੈ। ਪਰ ਜਦੋਂ ਚਮੜੀ ਦੀ ਉਪਰਲੀ ਪਰਤ ਥੋੜ੍ਹਾ ਜਿਹਾ ਸੁੱਜਦੀ ਹੈ ਅਤੇ ਹੇਠਲੀ ਪਰਤ ਉਸੇ ਵੇਲੇ ਸੁੰਗੜ ਜਾਂਦੀ ਹੈ, ਤਾਂ ਝੁਰੜੀਆਂ ਕਾਫੀ ਤੇਜ਼ੀ ਨਾਲ ਅਤੇ ਵਧੇਰੇ ਜ਼ਾਹਰ ਹੋਣ ਲੱਗ ਪੈਂਦੀਆਂ ਹਨ।"

ਉਹ ਕਹਿੰਦੇ ਹਨ, "ਤੁਹਾਨੂੰ ਆਮ ਪੱਧਰ ਦੀਆਂ ਝੁਰੜੀਆਂ ਬਣਾਉਣ ਲਈ ਦੋਵੇਂ ਚੀਜ਼ਾਂ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੇ ਕੋਲ ਨਰਵਸ ਪ੍ਰਤੀਕਿਰਿਆ ਨਹੀਂ ਹੈ, ਜੋ ਕੁਝ ਲੋਕਾਂ ਵਿੱਚ ਨਹੀਂ ਹੁੰਦੀ, ਤਾਂ ਝੁਰੜੀਆਂ ਪੈਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ।"

ਡੇਵਿਸ ਕਹਿੰਦੇ ਹਨ, "ਪਰ ਜੇਕਰ ਝੁਰੜੀਆਂ ਪੈਣਾ ਸਾਡੀਆਂ ਨਸਾਂ ਵੱਲੋਂ ਨਿਯੰਤਰਿਤ ਹੁੰਦਾ ਹੈ, ਤਾਂ ਇਸਦਾ ਅਰਥ ਹੈ ਕਿ ਸਾਡਾ ਸਰੀਰ ਪਾਣੀ ਵਿੱਚ ਹੋਣ 'ਤੇ ਸਰਗਰਮ ਤਰੀਕੇ ਨਾਲ ਪ੍ਰਤੀਕਿਰਿਆ ਕਰ ਰਿਹਾ ਹੈ। ਇਹਦਾ ਮਤਲਬ ਹੈ ਕਿ ਇਹ ਕਿਸੇ ਹੋਰ ਕਾਰਨ ਕਰਕੇ ਹੋ ਰਿਹਾ ਹੈ ਅਤੇ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਇਹ ਸਾਨੂੰ ਕੋਈ ਫਾਇਦਾ ਦੇ ਰਿਹਾ ਹੋਵੇ।"

ਸਾਡੀਆਂ ਉਂਗਲਾਂ ਪਾਣੀ ਵਿੱਚ ਝੁਰੜੀਦਾਰ ਹੋਣ ਲਈ ਕਿਉਂ ਵਿਕਸਿਤ ਹੋਈਆਂ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਡੇਵਿਸ ਦੇ ਬੱਚਿਆਂ ਵਿੱਚੋਂ ਇੱਕ ਨੇ ਨ੍ਹਾਉਂਦੇ ਸਮੇਂ ਪੁੱਛਿਆ ਸੀ ਕਿ ਉਂਗਲੀਆਂ 'ਤੇ ਝੁਰੜੀਆਂ ਕਿਉਂ ਪੈ ਜਾਂਦੀਆਂ ਹਨ, ਜਿਸ ਨੇ ਉਨ੍ਹਾਂ ਨੂੰ ਇਸ ਗੱਲ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਕਿ ਆਖ਼ਿਰ ਝੁਰੜੀਦਾਰ ਉਂਗਲਾਂ ਹੋਣ ਦਾ ਫਾਇਦਾ ਕੀ ਹੋ ਸਕਦਾ ਹੈ।

2020 ਦੌਰਾਨ ਲੰਡਨ ਦੇ ਸਾਇੰਸ ਮਿਊਜ਼ੀਅਮ ਦਾ ਦੌਰਾ ਕਰਨ ਵਾਲੇ 500 ਵਲੰਟੀਅਰਸ ਦੀ ਮਦਦ ਨਾਲ, ਡੇਵਿਸ ਨੇ ਮਾਪਿਆ ਕਿ ਪਲਾਸਟਿਕ ਦੀ ਵਸਤੂ ਨੂੰ ਫੜਨ ਲਈ ਉਨ੍ਹਾਂ ਨੂੰ ਕਿੰਨੀ ਤਾਕਤ ਦੀ ਲੋੜ ਹੈ।

ਸ਼ਾਇਦ ਇਹ ਤੱਥ ਹੈਰਾਨੀਜਨਕ ਨਹੀਂ, ਜਿਨ੍ਹਾਂ ਦੇ ਹੱਥ ਸੁੱਕੇ ਤੇ ਗੈਰ-ਝੁਰੜੀਦਾਰ ਸਨ, ਉਨ੍ਹਾਂ ਨੂੰ ਹੋਰਾਂ ਨਾਲੋਂ ਘੱਟ ਜ਼ੋਰ ਲਗਾਉਣਾ ਪਿਆ, ਇਸਦਾ ਮਤਲਬ ਉਹ ਚੀਜ਼ ਨੂੰ ਹੋਰ ਵਧੀਆ ਢੰਗ ਨਾਲ ਫੜ ਰਹੇ ਸਨ। ਪਰ ਜਦੋਂ ਉਨ੍ਹਾਂ ਨੇ ਆਪਣੇ ਹੱਥ ਪਾਣੀ ਵਾਲੇ ਟਬ ਵਿੱਚ ਕੁਝ ਮਿੰਟਾਂ ਲਈ ਰੱਖੇ ਤਾਂ ਕਿ ਉਹ ਝੁਰੜੀਦਾਰ ਹੋ ਜਾਣ, ਤਾਂ ਉਨ੍ਹਾਂ ਦੀ ਪਕੜ ਦੋਹਾਂ ਹਾਲਤਾਂ ਦੇ ਵਿਚਕਾਰ ਰਹੀ, ਭਾਵੇਂ ਹੱਥ ਅਜੇ ਵੀ ਗਿੱਲੇ ਸਨ।

ਡੇਵਿਸ ਕਹਿੰਦੇ ਹਨ, "ਨਤੀਜੇ ਬਿਲਕੁਲ ਸਾਫ਼ ਸਨ। ਝੁਰੜੀਆਂ ਨੇ ਉਂਗਲਾਂ ਅਤੇ ਵਸਤੂ ਦੇ ਵਿਚਕਾਰ ਰਗੜ ਵਧਾ ਦਿੱਤੀ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਡੀਆਂ ਉਂਗਲਾਂ ਇਸ ਸਤ੍ਹਾ ਰਗੜ ਵਿੱਚ ਆ ਰਹੇ ਬਦਲਾਅ ਨੂੰ ਮਹਿਸੂਸ ਕਰ ਸਕਦੀਆਂ ਹਨ ਅਤੇ ਅਸੀਂ ਇਸ ਜਾਣਕਾਰੀ ਦੀ ਵਰਤੋਂ ਕਰਕੇ ਕਿਸੇ ਚੀਜ਼ ਨੂੰ ਪੱਕੀ ਪਕੜ ਨਾਲ ਫੜਨ ਲਈ ਘੱਟ ਜ਼ੋਰ ਲਗਾਉਂਦੇ ਹਾਂ।"

ਜੋ ਚੀਜ਼ ਡੇਵਿਸ ਦੇ ਵਲੰਟੀਅਰ ਫੜ ਰਹੇ ਸਨ, ਉਹ ਕੁਝ ਸਿੱਕਿਆਂ ਤੋਂ ਵੀ ਹਲਕੀ ਸੀ, ਇਸ ਕਰਕੇ ਪਕੜ ਦੀ ਲੋੜ ਬਹੁਤ ਘੱਟ ਸੀ। ਪਰ ਜਦੋਂ ਕੋਈ ਬੰਦਾ ਗਿੱਲੇ ਵਾਤਾਵਰਣ ਵਿੱਚ ਹੋਰ ਔਖੇ ਕੰਮ ਕਰਦਾ ਹੈ ਤਾਂ ਇਹ ਰਗੜ ਵਿੱਚ ਆਉਣ ਵਾਲਾ ਫਰਕ ਕਾਫੀ ਮਹੱਤਵਪੂਰਨ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਜੇ ਤੁਹਾਨੂੰ ਕਿਸੇ ਚੀਜ਼ ਨੂੰ ਫੜਨ ਲਈ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਪੈਂਦਾ, ਤਾਂ ਤੁਹਾਡੇ ਹੱਥਾਂ ਦੀਆਂ ਮਾਸਪੇਸ਼ੀਆਂ ਘੱਟ ਥੱਕਦੀਆਂ ਹਨ ਅਤੇ ਇਸ ਕਰਕੇ ਤੁਸੀਂ ਇਹ ਕੰਮ ਲੰਮੇ ਸਮੇਂ ਤੱਕ ਕਰ ਸਕਦੇ ਹੋ।"

ਉਨ੍ਹਾਂ ਦੀ ਖੋਜ ਹੋਰ ਖੋਜਕਾਰਾਂ ਦੀਆਂ ਖੋਜਾਂ ਨਾਲ ਮੇਲ ਖਾਂਦੀ ਹੈ, ਜਿਨ੍ਹਾਂ ਨੇ ਪਾਇਆ ਹੈ ਕਿ ਸਾਡੀਆਂ ਉਂਗਲਾਂ ਦੀਆਂ ਝੁਰੜੀਆਂ ਸਾਡੇ ਲਈ ਗਿੱਲੀਆਂ ਵਸਤੂਆਂ ਨੂੰ ਸੰਭਾਲਣਾ ਸੌਖਾ ਬਣਾਉਂਦੀਆਂ ਹਨ।

ਪਾਣੀ ਵਿੱਚ ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਸਾਡੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ 'ਤੇ ਝੁਰੜੀਆਂ, ਟਾਇਰਾਂ ਜਾਂ ਜੁੱਤੀਆਂ ਦੇ ਤਲ਼ਿਆਂ 'ਤੇ ਮੀਂਹ ਦੇ ਛਿੱਟਿਆਂ ਵਾਂਗ ਕੰਮ ਕਰ ਸਕਦੀਆਂ ਹਨ

2013 ਵਿੱਚ, ਯੂਕੇ ਦੀ ਨਿਊਕੈਸਲ ਯੂਨੀਵਰਸਿਟੀ ਦੇ ਤੰਤੂ ਵਿਗਿਆਨੀਆਂ ਦੀ ਇੱਕ ਟੀਮ ਨੇ ਵਲੰਟੀਅਰਾਂ ਨੂੰ ਵੱਖ-ਵੱਖ ਆਕਾਰਾਂ ਦੇ ਕੱਚ ਦੇ ਗੋਲੇ ਅਤੇ ਮੱਛੀਆਂ ਫੜਨ ਵਾਲੇ ਵਜ਼ਨ ਇੱਕ ਡੱਬੇ ਤੋਂ ਦੂਜੇ ਵਿੱਚ ਰੱਖਣ ਲਈ ਕਿਹਾ।

ਇੱਕ ਮਾਮਲੇ ਵਿੱਚ ਇਹ ਚੀਜ਼ਾਂ ਸੁੱਕੀਆਂ ਸਨ ਅਤੇ ਦੂਜੇ ਮਾਮਲੇ ਵਿੱਚ ਇਹ ਪਾਣੀ ਭਰੇ ਡੱਬੇ ਦੇ ਤਲ ਵਿੱਚ ਸਨ।

ਹਿੱਸਾ ਲੈਣ ਵਾਲਿਆਂ ਨੂੰ ਬਿਨ੍ਹਾਂ ਝੁਰੜੀਆਂ ਵਾਲੀਆਂ ਉਂਗਲਾਂ ਨਾਲ ਪਾਣੀ ਵਿੱਚ ਡੁੱਬੀਆਂ ਵਸਤੂਆਂ ਨੂੰ ਸੁੱਕੀਆਂ ਵਸਤੂਆਂ ਨਾਲ ਬਦਲਣ ਵਿੱਚ 17 ਫ਼ੀਸਦ ਜ਼ਿਆਦਾ ਸਮਾਂ ਲੱਗਿਆ। ਪਰ ਜਦੋਂ ਉਂਗਲਾਂ ਝੁਰੜੀਆਂ ਵਾਲੀਆਂ ਸਨ, ਤਾਂ ਉਨ੍ਹਾਂ ਨੇ ਇਹ ਭਿੱਜੀਆਂ ਗੋਲੀਆਂ ਅਤੇ ਵਜ਼ਨ 12 ਫ਼ੀਸਦ ਤੇਜ਼ੀ ਨਾਲ ਬਦਲ ਲਏ।

ਦਿਲਚਸਪ ਗੱਲ ਇਹ ਹੈ ਕਿ ਜਦੋਂ ਚੀਜ਼ਾਂ ਸੁੱਕੀਆਂ ਸਨ, ਤਾਂ ਝੁਰੜੀਦਾਰ ਜਾਂ ਗੈਰ-ਝੁਰੜੀਦਾਰ ਉਂਗਲਾਂ ਨਾਲ ਤਬਦੀਲ ਕਰਨ ਵਿੱਚ ਕੋਈ ਅੰਤਰ ਨਹੀਂ ਸੀ।

ਹੋਰ ਵੀ ਹੈਰਾਨ ਕਰਨ ਵਾਲੇ ਰਹੱਸ ਹਨ ਔਰਤਾਂ ਦੀਆਂ ਉਂਗਲਾਂ 'ਤੇ ਮਰਦਾਂ ਨਾਲੋਂ ਝੁਰੜੀਆਂ ਪੈਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।

ਕੁਝ ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਸਾਡੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ 'ਤੇ ਝੁਰੜੀਆਂ, ਟਾਇਰਾਂ ਜਾਂ ਜੁੱਤੀਆਂ ਦੇ ਤਲ਼ਿਆਂ 'ਤੇ ਮੀਂਹ ਦੇ ਛਿੱਟਿਆਂ ਵਾਂਗ ਕੰਮ ਕਰ ਸਕਦੀਆਂ ਹਨ।

ਝੁਰੜੀਆਂ ਦੁਆਰਾ ਪੈਦਾ ਹੋਣ ਵਾਲੇ ਚੈਨਲ ਉਂਗਲਾਂ ਅਤੇ ਕਿਸੇ ਵਸਤੂ ਦੇ ਸੰਪਰਕ ਬਿੰਦੂ ਤੋਂ ਪਾਣੀ ਨੂੰ ਨਿਚੋੜਨ ਵਿੱਚ ਮਦਦ ਕਰਦੇ ਹਨ ।

ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਮਨੁੱਖ ਸ਼ਾਇਦ ਆਪਣੇ ਵਿਕਾਸੀ ਪਿਛੋਕੜ ਵਿੱਚ ਕਿਸੇ ਸਮੇਂ ਉਂਗਲਾਂ ਅਤੇ ਪੈਰਾਂ ਦੀ ਝੁਰੜੀਦਾਰ ਚਮੜੀ ਵਿਕਸਿਤ ਕਰ ਗਏ ਹੋਣ ਤਾਂ ਜੋ ਉਹ ਭਿੱਜੀਆਂ ਚੀਜ਼ਾਂ ਅਤੇ ਸਤ੍ਹਾਵਾਂ ਨੂੰ ਵਧੀਆ ਤਰੀਕੇ ਨਾਲ ਪਕੜ ਬਣਾ ਸਕਣ।

2013 ਦੇ ਅਧਿਐਨ ਦੀ ਅਗਵਾਈ ਕਰਨ ਵਾਲੇ ਨਿਊਕੈਸਲ ਯੂਨੀਵਰਸਿਟੀ ਦੇ ਇੱਕ ਵਿਕਾਸਵਾਦੀ ਤੰਤੂ ਵਿਗਿਆਨੀ ਟੌਮ ਸਮਲਡਰਸ ਕਹਿੰਦੇ ਹਨ, "ਕਿਉਂਕਿ ਝੁਰੜੀਦਾਰ ਉਂਗਲਾਂ ਪਾਣੀ ਹੇਠਾਂ ਵਧੀਆ ਪਕੜ ਦਿੰਦੀਆਂ ਹਨ, ਇਸ ਕਰਕੇ ਮੈਂ ਮੰਨਦਾ ਹਾਂ ਕਿ ਇਹ ਪ੍ਰਕਿਰਿਆ ਜਾਂ ਤਾਂ ਬਹੁਤ ਪਾਣੀ ਵਾਲੇ ਹਾਲਾਤ ਵਿੱਚ ਤੁਰਨ-ਫਿਰਨ ਵਿੱਚ ਮਦਦ ਲਈ ਹੈ, ਜਾਂ ਫਿਰ ਪਾਣੀ ਹੇਠਾਂ ਚੀਜ਼ਾਂ ਨੂੰ ਫੜਨ ਜਾਂ ਚਲਾਉਣ ਵਿੱਚ।"

"ਉਦਾਹਰਣ ਵਜੋਂ ਇਹ ਸਾਡੇ ਪੁਰਖਾਂ ਨੂੰ ਭਿੱਜੇ ਪੱਥਰਾਂ 'ਤੇ ਤੁਰਨ ਜਾਂ ਟਾਹਣੀਆਂ ਨੂੰ ਫੜਨ ਵੇਲੇ ਮਦਦਗਾਰ ਹੁੰਦੀ ਹੋਵੇਗੀ। ਜਾਂ ਫਿਰ ਇਹ ਉਨ੍ਹਾਂ ਦੀ ਮਦਦ ਕਰਦੀ ਹੋਵੇਗੀ ਜਦੋਂ ਉਹ ਖਾਣ-ਪੀਣ ਲਈ, ਜਿਵੇਂ ਕਿ ਮੱਛੀਆਂ ਫੜਣ ਜਾਂ ਕੁਝ ਹੋਰ ਖੋਜਣ ਲਈ ਪਾਣੀ ਵਿੱਚ ਜਾਂਦੇ ਹੋਣਗੇ।"

ਸਮਲਡਰਜ਼ ਕਹਿੰਦੇ ਹਨ, "ਜੇ ਇਹ ਦੂਜਾ ਕਾਰਨ ਹੋਵੇ (ਭਾਵ ਕਿ ਪਾਣੀ ਹੇਠ ਚੀਜ਼ਾਂ ਨੂੰ ਫੜਨ ਲਈ), ਤਾਂ ਇਹ ਦਰਸਾਉਂਦਾ ਹੈ ਕਿ ਇਹ ਮਨੁੱਖਾਂ ਲਈ ਵਿਲੱਖਣ ਹੋ ਸਕਦੀ ਹੈ, ਪਰ ਜੇ ਇਹ ਪਹਿਲਾ ਕਾਰਨ ਹੋਵੇ (ਭਿੱਜੇ ਹਾਲਾਤਾਂ ਵਿੱਚ ਤੁਰਨ-ਫਿਰਨ), ਤਾਂ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਇਹ ਹੋਰ ਪ੍ਰਾਈਮੇਟਸ ਵਿੱਚ ਵੀ ਹੋਵੇਗੀ।"

"ਹੁਣ ਤੱਕ ਸਾਡੇ ਸਭ ਤੋਂ ਨੇੜਲੇ ਰਿਸ਼ਤੇਦਾਰਾਂ ਜਿਵੇਂ ਕਿ ਚਿੰਪੈਂਜ਼ੀਆਂ ਵਿੱਚ ਇਹ ਉਂਗਲਾਂ ਝੁਰੜੀਦਾਰ ਹੋਣ ਦੀ ਪ੍ਰਕਿਰਿਆ ਨਹੀਂ ਵੇਖੀ ਗਈ। ਪਰ ਗਰਮ ਪਾਣੀ ਵਿੱਚ ਲੰਬੇ ਸਮੇਂ ਲਈ ਨ੍ਹਾਉਣ ਵਾਲੇ ਜਾਪਾਨੀ ਮਕਾਕ ਬਾਂਦਰਾਂ ਦੀਆਂ ਉਂਗਲਾਂ 'ਤੇ ਵੀ ਪਾਣੀ ਵਿੱਚ ਡੁੱਬਣ ਤੋਂ ਬਾਅਦ ਝੁਰੜੀਆਂ ਆ ਜਾਂਦੀਆਂ ਹਨ।"

"ਪਰ ਹੋਰ ਪ੍ਰਾਈਮੇਟਸ ਵਿੱਚ ਸਬੂਤ ਨਾ ਮਿਲਣਾ ਇਹ ਨਹੀਂ ਦੱਸਦਾ ਕਿ ਇਹ ਘਟਨਾ ਨਹੀਂ ਹੁੰਦੀ, ਹੋ ਸਕਦਾ ਹੈ ਕਿ ਅਜੇ ਤੱਕ ਕਿਸੇ ਨੇ ਧਿਆਨ ਨਾਲ ਵੇਖਿਆ ਹੀ ਨਾ ਹੋਵੇ। ਅਸੀਂ ਅਜੇ ਵੀ ਇਹਦਾ ਸਹੀ ਜਵਾਬ ਨਹੀਂ ਜਾਣਦੇ।"

ਸਾਡੀਆਂ ਪ੍ਰਜਾਤੀਆਂ ਵਿੱਚ ਇਹ ਅਨੁਕੂਲਤਾ ਕਦੋਂ ਪ੍ਰਗਟ ਹੋਈ ਹੋਵੇਗੀ, ਇਸ ਬਾਰੇ ਕੁਝ ਹੋਰ ਦਿਲਚਸਪ ਸੁਰਾਗ ਹਨ।

ਖਾਰੇ ਪਾਣੀ ਵਿੱਚ ਉਂਗਲਾਂ 'ਤੇ ਝੁਰੜੀਆਂ ਹੋਣ ਦੀ ਪ੍ਰਕਿਰਿਆ ਜ਼ਿਆਦਾ ਸਪੱਸ਼ਟ ਨਹੀਂ ਹੁੰਦੀ ਅਤੇ ਇਹ ਤਾਜ਼ੇ ਪਾਣੀ ਨਾਲੋਂ ਜ਼ਿਆਦਾ ਸਮਾਂ ਲੈਂਦੀ ਹੈ। ਇਹ ਸ਼ਾਇਦ ਇਸ ਕਰਕੇ ਹੈ ਕਿਉਂਕਿ ਖਾਰੇ ਪਾਣੀ ਵਿੱਚ ਚਮੜੀ ਅਤੇ ਵਾਤਾਵਰਨ ਦੇ ਦਰਮਿਆਨ ਲੂਣ ਦੀ ਸੰਘਣਤਾ ਘੱਟ ਹੁੰਦੀ ਹੈ, ਜਿਸ ਕਰਕੇ ਉਹ ਲੂਣਾਂ ਦਾ ਅਸੰਤੁਲਨ ਜੋ ਨਰਵ ਫਾਇਬਰ ਨੂੰ ਐਕਟੀਵੇਟ ਕਰਦਾ ਹੈ, ਘੱਟ ਤੇਜ਼ ਹੁੰਦਾ ਹੈ।

ਪਰ ਇਸ ਬਾਰੇ ਕੋਈ ਪੱਕਾ ਜਵਾਬ ਨਹੀਂ ਹੈ, ਅਤੇ ਕੁਝ ਵਿਗਿਆਨੀ ਮੰਨਦੇ ਹਨ ਕਿ ਇਹ ਸਿਰਫ਼ ਇੱਕ ਸਾਂਯੋਗਿਕ ਪ੍ਰਤੀਕਿਰਿਆ ਹੋ ਸਕਦੀ ਹੈ ਜਿਸਦਾ ਕੋਈ ਵੀ ਵਿਕਾਸ ਨਾਲ ਕੋਈ ਸੰਬੰਧ ਨਹੀਂ ਹੈ।

ਅਸੀਂ ਝੁਰੜੀਆਂ ਤੋਂ ਕੀ ਸਿੱਖ ਸਕਦੇ ਹਾਂ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਣੀ ਵਿੱਚ ਪਈਆਂ ਝੁਰੜੀਆਂ ਪਾਣੀ ਵਿੱਚ ਮਨੁੱਖੀ ਪਕੜ ਨੂੰ ਮਜ਼ਬੂਤ ਬਣਾਉਂਦੀਆਂ ਹਨ

ਅਜੀਬ ਗੱਲ ਹੈ ਕਿ ਹੋਰ ਵੀ ਹੈਰਾਨ ਕਰਨ ਵਾਲੇ ਰਹੱਸ ਹਨ - ਉਦਾਹਰਣ ਵਜੋਂ, ਔਰਤਾਂ ਨੂੰ ਮਰਦਾਂ ਨਾਲੋਂ ਝੁਰੜੀਆਂ ਪੈਦਾ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।

ਜੇਕਰ ਸੁੱਕੀਆਂ ਚੀਜ਼ਾਂ 'ਤੇ ਸਾਡੀ ਪਕੜ ਵਿੱਚ ਝੁਰੜੀਆਂ ਵਾਲੀਆਂ ਉਂਗਲਾਂ ਹੋਣ ਦਾ ਕੋਈ ਸਪੱਸ਼ਟ ਨੁਕਸਾਨ ਨਹੀਂ ਹੈ ਤਾਂ ਸਾਡੀ ਚਮੜੀ ਆਮ ਤੌਰ 'ਤੇ 10-20 ਮਿੰਟਾਂ ਬਾਅਦ ਆਪਣੀ ਆਮ ਸਥਿਤੀ ਵਿੱਚ ਕਿਉਂ ਵਾਪਸ ਆ ਜਾਂਦੀ ਹੈ?

ਯਕੀਨਨ ਜੇਕਰ ਝੁਰੜੀਆਂ ਵਾਲੀਆਂ ਉਂਗਲਾਂ ਗਿੱਲੀਆਂ ਥਾਵਾਂ ਵਿੱਚ ਸਾਡੀ ਪਕੜ ਨੂੰ ਬਿਹਤਰ ਬਣਾ ਸਕਦੀਆਂ ਹਨ, ਪਰ ਸੁੱਕਣ 'ਤੇ ਇਸਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ, ਤਾਂ ਸਾਡੀਆਂ ਉਂਗਲਾਂ ਸਥਾਈ ਤੌਰ 'ਤੇ ਝੁਰੜੀਦਾਰ ਕਿਉਂ ਨਹੀਂ ਹੋ ਸਕਦੀਆਂ?

ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਝੁਰੜੀਆਂ ਆਉਣ ਨਾਲ ਛੋਹ ਦਾ ਮਹਿਸੂਸ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ।

ਸਾਡੀਆਂ ਉਂਗਲਾਂ ਨਾੜੀਆਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਜਦੋਂ ਚਮੜੀ 'ਤੇ ਝੁਰੜੀਆਂ ਪੈਂਦੀਆਂ ਹਨ, ਤਾਂ ਇਹ ਉਸ ਤਰੀਕੇ ਨੂੰ ਬਦਲ ਦਿੰਦੀਆਂ ਹਨ ਜਿਸ ਨਾਲ ਅਸੀਂ ਚੀਜ਼ਾਂ ਨੂੰ ਛੁਹ ਕੇ ਮਹਿਸੂਸ ਕਰਦੇ ਹਾਂ।

ਹਾਲਾਂਕਿ, ਇੱਕ ਅਧਿਐਨ ਨੇ ਇਹ ਵੀ ਵਿਖਾਇਆ ਹੈ ਕਿ ਇਹ ਤਬਦੀਲੀ ਸਾਡੀ ਵਸਤੂਆਂ ਵਿੱਚ ਫਰਕ ਕਰਨ ਦੀ ਯੋਗਤਾ ਨੂੰ ਪ੍ਰਭਾਵਤ ਨਹੀਂ ਕਰਦੀ ਹੈ।

ਡੇਵਿਸ ਕਹਿੰਦੇ ਹਨ,"ਕੁਝ ਲੋਕਾਂ ਨੂੰ ਇਸ ਨਾਲ ਚਿੜ ਹੋ ਜਾਂਦੀ ਹੈ ਕਿਉਂਕਿ ਝੁਰੜੀਦਾਰ ਉਂਗਲਾਂ ਨਾਲ ਕੋਈ ਚੀਜ਼ ਚੁੱਕਣ ਦਾ ਅਹਿਸਾਸ ਥੋੜ੍ਹਾ ਅਜੀਬ ਲੱਗਦਾ ਹੈ।"

"ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਵਿੱਚ ਮੌਜੂਦ ਰਿਸੈਪਟਰਸ ਦੀ ਸਥਿਤੀ ਬਦਲ ਜਾਂਦੀ ਹੋਵੇ, ਪਰ ਇਸਦਾ ਇੱਕ ਮਨੋਵਿਗਿਆਨਕ ਪੱਖ ਵੀ ਹੋ ਸਕਦਾ ਹੈ। ਇਸਦਾ ਕਾਰਨ ਪਤਾ ਲਗਾਉਣਾ ਦਿਲਚਸਪ ਹੋਵੇਗਾ। ਹੋ ਸਕਦਾ ਹੈ ਝੁਰੜੀਦਾਰ ਉਂਗਲਾਂ ਨਾਲ ਅਸੀਂ ਹੋਰ ਕੁਝ ਕੰਮ ਠੀਕ ਢੰਗ ਨਾਲ ਨਾ ਕਰ ਸਕੀਏ।"

ਪਰ ਪਾਣੀ ਵਿੱਚ ਸਾਡੀਆਂ ਉਂਗਲਾਂ ਅਤੇ ਪੈਰਾਂ ਦੀ ਝੁਰੜੀਦਾਰ ਹੋਣ ਦੀ ਪ੍ਰਕਿਰਿਆ, ਹੈਰਾਨ ਕਰ ਦੇਣ ਵਾਲੇ ਤਰੀਕਿਆਂ ਨਾਲ ਸਾਡੇ ਸਿਹਤ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦੇ ਸਕਦੀ ਹੈ। ਉਦਾਹਰਣ ਵਜੋਂ, ਜਿਨ੍ਹਾਂ ਲੋਕਾਂ ਨੂੰ ਸੋਰਾਇਸਿਸ ਜਾਂ ਵਿਟੀਲਿਗੋ ਵਰਗੀਆਂ ਚਮੜੀ ਦੀਆਂ ਬਿਮਾਰੀਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਝੁਰੜੀਆਂ ਪੈਣ ਵਿੱਚ ਵਧੇਰੇ ਸਮਾਂ ਲੱਗਦਾ ਹੈ।

ਸਿਸਟਿਕ ਫਾਈਬਰੋਸਿਸ ਵਾਲੇ ਮਰੀਜ਼ਾਂ ਨੂੰ ਆਪਣੀਆਂ ਹਥੇਲੀਆਂ ਦੇ ਨਾਲ-ਨਾਲ ਆਪਣੀਆਂ ਉਂਗਲਾਂ ਵਿੱਚ ਵੀ ਬਹੁਤ ਜ਼ਿਆਦਾ ਝੁਰੜੀਆਂ ਦਾ ਅਨੁਭਵ ਹੁੰਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਵਿੱਚ ਵੀ ਦੇਖਿਆ ਗਿਆ ਹੈ ਜੋ ਇਸ ਬਿਮਾਰੀ ਦੇ ਜੈਨੇਟਿਕ ਵਾਹਕ ਹਨ।

ਜਿਨ੍ਹਾਂ ਲੋਕਾਂ ਨੂੰ ਟਾਈਪ 2 ਡਾਇਬਟੀਜ਼ ਹੈ, ਉਨ੍ਹਾਂ ਵਿੱਚ ਵੀ ਕਈ ਵਾਰੀ ਚਮੜੀ 'ਚ ਝੁਰੜੀਆਂ ਆਉਣ ਦੀ ਪ੍ਰਕਿਰਿਆ ਘੱਟ ਵਿਖਾਈ ਦਿੰਦੀ ਹੈ।

ਇਸੇ ਤਰ੍ਹਾਂ ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ, ਸ਼ਾਇਦ ਉਨ੍ਹਾਂ ਦੀ ਕਾਰਡੀਓਵੈਸਕੁਲਰ ਪ੍ਰਣਾਲੀ ਦੇ ਨਿਯੰਤਰਣ ਵਿੱਚ ਕੁਝ ਵਿਘਨ ਦੇ ਕਾਰਨ ਉਨ੍ਹਾਂ ਲੋਕਾਂ ਵਿੱਚ ਝੁਰੜੀਆਂ ਘੱਟ ਵੇਖੀਆਂ ਗਈਆਂ ਹਨ।

ਉਂਗਲਾਂ ਵਿੱਚ ਅਸਮਤਲ ਝੁਰੜੀਆਂ ਹੋਣ ਦੀ ਪ੍ਰਕਿਰਿਆ ਨੂੰ ਪਾਰਕਿੰਸਨਸ ਬਿਮਾਰੀ ਦੇ ਸ਼ੁਰੂਆਤੀ ਸੰਕੇਤ ਵਜੋਂ ਵੀ ਸੁਝਾਇਆ ਗਿਆ ਹੈ ਜਿੱਥੇ ਇੱਕੋ ਜਿਹੇ ਡੁੱਬਣ ਦੇ ਸਮੇਂ ਦੇ ਬਾਵਜੂਦ ਇੱਕ ਹੱਥ ਦੂਜੇ ਨਾਲੋਂ ਘੱਟ ਝੁਰੜੀਆਂ ਪਾਉਂਦਾ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਰੀਰ ਦੇ ਇੱਕ ਪਾਸੇ ਸਿਮਪੈਥੈਟਿਕ ਦਿਮਾਗੀ ਪ੍ਰਣਾਲੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ।

ਇਸ ਲਈ, ਭਾਵੇਂ ਇਹ ਸਵਾਲ ਅਜੇ ਵੀ ਖੁੱਲ੍ਹਾ ਹੈ ਕਿ ਆਖ਼ਰ ਸਾਡੀਆਂ ਉਂਗਲਾਂ ਅਤੇ ਪੈਰ ਪਹਿਲੀ ਵਾਰੀ ਪਾਣੀ ਵਿੱਚ ਝੁਰੜੀਦਾਰ ਹੋਣੇ ਕਿਉਂ ਸ਼ੁਰੂ ਹੋਏ, ਪਰ ਇਹ ਝੁਰੜੀਦਾਰ ਉਂਗਲਾਂ ਡਾਕਟਰਾਂ ਲਈ ਕੁਝ ਹੋਰ ਹੈਰਾਨੀਜਨਕ ਤਰੀਕਿਆਂ ਨਾਲ ਫਾਇਦੇਮੰਦ ਸਾਬਤ ਹੋ ਰਹੀਆਂ ਹਨ।

ਇਹ ਲੇਖ ਮੂਲ ਰੂਪ ਵਿੱਚ 21 ਜੂਨ 2022 ਨੂੰ ਪ੍ਰਕਾਸ਼ਿਤ ਹੋਇਆ ਸੀ। ਇਸ ਲੇਖ ਨੂੰ 19 ਜੂਨ 2025 ਨੂੰ ਇਸ ਲਈ ਅਪਡੇਟ ਕੀਤਾ ਗਿਆ ਸੀ ਤਾਂ ਜੋ ਪਾਣੀ ਵਿੱਚ ਝੁਰੜੀਦਾਰ ਹੋਈਆਂ ਉਂਗਲਾਂ ਉੱਤੇ ਬਣਨ ਵਾਲੇ ਝੁਰੜੀਆਂ ਦੇ ਪੈਟਰਨ ਹਮੇਸ਼ਾਂ ਇੱਕੋ ਜਿਹੇ ਰਹਿੰਦੇ ਹਨ ਜਾਂ ਨਹੀਂ ਇਸ ਸੰਬੰਧੀ ਨਵੇਂ ਅਧਿਐਨ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)