ਕੀ ਤੁਸੀਂ ਆਪਣੇ ਦਿਲ ਦੀ ਸਿਹਤ ਦਾ ਖ਼ਿਆਲ ਰੱਖਦੇ ਹੋ, ਜੇਕਰ ਨਹੀਂ ਤਾਂ ਹੁਣ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਤਸਵੀਰ ਸਰੋਤ, Getty Images
- ਲੇਖਕ, ਆਮਿਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਸਿਹਤਮੰਦ ਦਿਲ ਤੁਹਾਡੇ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਚਲਾਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਲਈ ਖ਼ੂਨ ਪੰਪ ਕਰਦਾ ਹੈ ਅਤੇ ਅਤੇ ਜ਼ਰੂਰੀ ਪੋਸ਼ਕ ਤੱਤ ਹਰ ਹਿੱਸੇ ਤੱਕ ਪਹੁੰਚਾਉਂਦਾ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ, ਦਿਲ ਦੀਆਂ ਬਿਮਾਰੀਆਂ (ਸੀਵੀਡੀਸ) ਦੁਨੀਆ ਭਰ ਵਿੱਚ ਮੌਤ ਦਾ ਸਭ ਤੋਂ ਵੱਧ ਕਾਰਨ ਹਨ। ਹਰ ਸਾਲ ਲਗਭਗ 1.8 ਕਰੋੜ ਲੋਕ ਇਨ੍ਹਾਂ ਕਾਰਨਾਂ ਕਰਕੇ ਜਾਨ ਗਵਾ ਦਿੰਦੇ ਹਨ।
ਦਿਲ ਅਤੇ ਖੂਨ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਹਰ 5 'ਚੋਂ 4 ਮੌਤਾਂ ਦਿਲ ਦੇ ਦੌਰੇ ਜਾਂ ਸਟ੍ਰੋਕ ਕਾਰਨ ਹੁੰਦੀਆਂ ਹਨ।
ਦਿਲ ਦੇ ਰੋਗਾਂ ਦੇ ਮਾਹਰਾਂ ਦੇ ਮੁਤਾਬਕ, ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਇੱਕ ਅਜਿਹਾ ਕੰਮ ਹੈ ਜਿਸ ਉੱਤੇ ਤੁਸੀਂ ਹਰ ਰੋਜ਼ ਧਿਆਨ ਦੇ ਸਕਦੇ ਹੋ, ਜਿਸਦਾ ਮਤਲਬ ਵੱਡਿਆਂ ਲਈ ਇਹ ਹੈ ਕਿ ਦਿਲ ਦੀ ਧੜਕਣ 60 ਤੋਂ 100 ਵਾਰ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਅਮਰੀਕਾ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾ. ਈਵਾਨ ਲੇਵਿਨ ਕਹਿੰਦੇ ਹਨ, "ਅਸੀਂ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਹਿੱਸੇ 'ਚ ਹੀ ਚੰਗੀ ਡਾਈਟ, ਵਰਜ਼ਿਸ਼ ਤੇ ਤੰਬਾਕੂ ਉਤਪਾਦਾਂ ਤੋਂ ਬਚ ਕੇ ਦਿਲ ਦੇ ਨੁਕਸਾਨ ਨੂੰ ਘਟਾ ਸਕਦੇ ਹਾਂ।"
ਪਰ ਕੀ ਇਹ ਗੱਲ ਇੰਨੀ ਸੌਖੀ ਹੈ ਕਿ ਸਿਰਫ਼ ਸਿਹਤਮੰਦ ਦਿਲ ਰੱਖਣ ਨਾਲ ਹੀ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਵੇਗਾ?

ਤਸਵੀਰ ਸਰੋਤ, Getty Images
ਦਿਲ ਦਾ ਦੌਰਾ ਹੁੰਦਾ ਕੀ ਹੈ?
ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਵੱਲ ਜਾ ਰਹੀ ਖ਼ੂਨ ਦੀ ਸਪਲਾਈ ਅਚਾਨਕ ਰੁਕ ਜਾਂਦੀ ਹੈ।
ਜਦੋਂ ਦਿਲ ਤੱਕ ਆਕਸੀਜਨ ਲੈ ਕੇ ਜਾਣ ਵਾਲੇ ਖ਼ੂਨ ਦੇ ਵਹਾਅ ਵਿੱਚ ਰੁਕਾਵਟ ਪੈਂਦੀ ਹੈ ਤਾਂ ਦਿਲ ਦੀ ਮਾਸਪੇਸ਼ੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੇ ਤੁਰੰਤ ਇਲਾਜ ਨਾ ਮਿਲੇ, ਤਾਂ ਦਿਲ ਦੀ ਮਾਸਪੇਸ਼ੀ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ, ਜਿਸ ਨੂੰ ਕਦੇ ਠੀਕ ਨਹੀਂ ਕੀਤਾ ਜਾ ਸਕਦਾ।
ਜੇ ਦਿਲ ਦਾ ਵੱਡਾ ਹਿੱਸਾ ਇਸ ਤਰ੍ਹਾਂ ਨੁਕਸਾਨਗ੍ਰਸਤ ਹੋ ਜਾਵੇ, ਤਾਂ ਦਿਲ ਦੀ ਧੜਕਨ ਬੰਦ ਹੋ ਜਾਂਦੀ ਹੈ (ਜਿਸ ਨੂੰ ਕਾਰਡਿਅਕ ਅਰੈਸਟ ਆਖਿਆ ਜਾਂਦਾ ਹੈ), ਜੋ ਮੌਤ ਦਾ ਕਾਰਨ ਬਣ ਸਕਦੀ ਹੈ।
ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਅੱਧੀਆਂ ਮੌਤਾਂ ਲੱਛਣ ਆਉਣ ਤੋਂ ਪਹਿਲੇ 3 ਜਾਂ 4 ਘੰਟਿਆਂ ਵਿੱਚ ਹੋ ਜਾਂਦੀਆਂ ਹਨ। ਇਸ ਲਈ ਦਿਲ ਦੇ ਦੌਰੇ ਦੇ ਕਿਸੇ ਵੀ ਲੱਛਣ ਨੂੰ ਗੰਭੀਰ ਮੈਡੀਕਲ ਐਮਰਜੈਂਸੀ ਵਜੋਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ।
ਦਿਲ ਦੇ ਦੌਰੇ ਦਾ ਸਭ ਤੋਂ ਵੱਡਾ ਕਾਰਨ ਕੋਰੋਨਰੀ ਹਾਰਟ ਡਿਸੀਜ਼ ਹੁੰਦੀ ਹੈ। ਇਸ ਵਿੱਚ ਧਮਨੀਆਂ ਵਿੱਚ ਪਲੇਕ ਨਾਮ ਦਾ ਚਰਬੀ ਵਾਲਾ ਪਦਾਰਥ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਧਮਨੀਆਂ ਬਹੁਤ ਤੰਗ ਹੋ ਜਾਂਦੀਆਂ ਹਨ ਤੇ ਖੂਨ ਦੇ ਵਹਾਅ ਵਿੱਚ ਰੁਕਾਵਟ ਆ ਜਾਂਦੀ ਹੈ।
ਹਰ ਸਾਲ ਅਮਰੀਕਾ ਵਿੱਚ ਲਗਭਗ 8 ਲੱਖ 5 ਹਜ਼ਾਰ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ। ਇਨ੍ਹਾਂ ਵਿੱਚੋਂ 6 ਲੱਖ 5 ਹਜ਼ਾਰ ਲੋਕ ਪਹਿਲੀ ਵਾਰੀ ਦਿਲ ਦੇ ਦੌਰੇ ਦਾ ਸਾਹਮਣਾ ਕਰਦੇ ਹਨ ਤੇ ਲਗਭਗ 2 ਲੱਖ ਲੋਕਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਿਆ ਹੁੰਦਾ ਹੈ।
ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ ਤਕਰੀਬਨ ਹਰ 40 ਸਕਿੰਟਾਂ 'ਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਦਿਲ ਦਾ ਦੌਰਾ ਪੈ ਰਿਹਾ ਹੈ?
ਦਿਲ ਦੇ ਦੌਰੇ ਦੇ ਕਈ ਤਰ੍ਹਾਂ ਦੇ ਲੱਛਣ ਹੋ ਸਕਦੇ ਹਨ। ਇਸ ਵਿੱਚ ਸਭ ਤੋਂ ਆਮ ਲੱਛਣ ਹੈ ਛਾਤੀ ਵਿੱਚ ਦਰਦ ਪਰ ਇਹ ਸਿਰਫ਼ ਤਿੱਖਾ ਦਰਦ ਨਹੀਂ, ਸਗੋਂ ਛਾਤੀ ਉੱਤੇ ਭਾਰੀ ਦਬਾਅ ਜਾਂ ਜਕੜਨ ਵਾਲਾ ਵੀ ਹੋ ਸਕਦਾ ਹੈ।
ਕਈ ਔਰਤਾਂ ਨੂੰ ਛਾਤੀ ਦੇ ਦਰਦ ਦੇ ਨਾਲ ਨਾਲ ਗਲੇ ਅਤੇ ਦੋਵਾਂ ਬਾਹਾਂ ਵਿੱਚ ਵੀ ਦਰਦ ਮਹਿਸੂਸ ਹੋ ਸਕਦਾ ਹੈ।
ਕੈਲੀਫੋਰਨੀਆ ਤੋਂ ਦਿਲ ਦੇ ਰੋਗਾਂ ਦੇ ਮਾਹਰ ਡਾ. ਐਲਿਨ ਬਾਰਸੇਘੀਅਨ ਕਹਿੰਦੇ ਹਨ ਕਿ ਦਿਲ ਦੇ ਦੌਰੇ ਦੀ ਸ਼ੁਰੂਆਤ ਵਿੱਚ ਕਈ ਵਾਰੀ ਅਜਿਹਾ ਲੱਗ ਸਕਦਾ ਹੈ ਜਿਵੇਂ ਬਦਹਜ਼ਮੀ ਹੋ ਰਹੀ ਹੋਵੇ।
ਦਿਲ ਦੇ ਦੌਰੇ ਦੌਰਾਨ ਅਕਸਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਦਰਦ ਹੁੰਦਾ ਹੈ, ਜਿਵੇਂ ਕਿ ਖੱਬੀ ਬਾਂਹ, ਜਬੜਾ, ਪਿੱਠ ਜਾਂ ਪੇਟ ਵਿੱਚ, ਜੋ ਕਿ ਬਦਹਜ਼ਮੀ ਤੋਂ ਵੱਖਰਾ ਹੁੰਦਾ ਹੈ।
ਦਿਲ ਦੇ ਦੌਰੇ ਦੇ ਹੋਰ ਵੀ ਲੱਛਣ ਹੋ ਸਕਦੇ ਹਨ, ਜਿਸ ਵਿੱਚ ਸਿਰ ਚਕਰਾਉਣਾ ਜਾਂ ਹਲਕਾ ਸਿਰ ਦਰਦ ਹੋਣਾ, ਵੱਧ ਪਸੀਨਾ ਆਉਣਾ, ਸਾਹ ਚੜ੍ਹਨਾ ਤੇ ਔਖੇ ਸਾਹ ਲੈਣ ਦੇ ਨਾਲ-ਨਾਲ ਛਾਤੀ ਵਿੱਚੋਂ ਆਵਾਜ਼ ਆਉਣਾ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ ਕਈ ਵਾਰੀ ਦਿਲ ਦਾ ਦੌਰਾ ਅਚਾਨਕ ਪੈਂਦਾ ਹੈ, ਪਰ ਕਈ ਵਾਰੀ ਘੰਟਿਆਂ ਜਾਂ ਕਈ ਦਿਨਾਂ ਪਹਿਲਾਂ ਕੁਝ ਚੇਤਾਵਨੀ ਦੇ ਚਿੰਨ੍ਹ ਮਿਲ ਸਕਦੇ ਹਨ। ਜੇ ਛਾਤੀ ਦਾ ਦਰਦ ਆਰਾਮ ਕਰਨ ਦੇ ਬਾਵਜੂਦ ਨਾ ਘਟੇ, ਤਾਂ ਇਹ ਇੱਕ ਚੇਤਾਵਨੀ ਦਾ ਇਸ਼ਾਰਾ ਹੋ ਸਕਦਾ ਹੈ।
ਡਾ. ਐਲਿਨ ਬਾਰਸੇਘੀਅਨ ਕਹਿੰਦੇ ਹਨ, "ਤਿੰਨ ਘੰਟਿਆਂ ਤੋਂ ਬਾਅਦ ਵੀ ਜੇ ਦਿਲ ਵੱਲ ਖ਼ੂਨ ਦੀ ਆਵਾਜ਼ਾਈ ਮੁੜ ਸ਼ੁਰੂ ਨਾ ਹੋਵੇ, ਤਾਂ ਪ੍ਰਭਾਵਿਤ ਦਿਲ ਦੀਆਂ ਮਾਸਪੇਸ਼ੀਆਂ ਮਰਨੀਆਂ ਸ਼ੁਰੂ ਹੋ ਸਕਦੀਆਂ ਹਨ। ਮੈ ਸਲਾਹ ਦਿੰਦੀ ਹਾਂ ਕਿ ਐਮਰਜੈਂਸੀ ਮਦਦ ਆਉਣ ਤੱਕ ਇੱਕ ਐਸਪਿਰਿਨ ਚੱਬ ਲੈਣੀ ਚਾਹੀਦੀ ਹੈ।"
ਦਿਲ ਦੇ ਰੋਗਾਂ ਦੇ ਮਾਹਿਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਤਾਂ ਤੁਰੰਤ ਇਲਾਜ ਲਈ ਜਾਓ।
ਅਮਰੀਕੀ ਦਿਲ ਦੇ ਰੋਗਾਂ ਦੇ ਮਾਹਰ ਡਾ. ਈਵਾਨ ਲੇਵਿਨ ਕਹਿੰਦੇ ਹਨ, "ਤੁਹਾਨੂੰ ਆਪਣੇ ਆਪ ਨੂੰ ਤੇ ਆਪਣੇ ਖ਼ਤਰਿਆਂ ਨੂੰ ਵੀ ਸਮਝਣਾ ਚਾਹੀਦਾ ਹੈ। ਉਮਰ, ਵਜ਼ਨ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀਆਂ ਆਦਤਾਂ, ਇੱਥੋਂ ਤੱਕ ਕਿ ਪਰਿਵਾਰਕ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਹੈ।"
"ਜੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਖ਼ਿਲਾਫ਼ ਜਾ ਰਹੀਆਂ ਹਨ ਤੇ ਤੁਹਾਨੂੰ ਛਾਤੀ ਵਿੱਚ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਐਮਰਜੈਂਸੀ ਮੈਡੀਕਲ ਮਦਦ ਲਈ ਫੋਨ ਕਰੋ।"

ਤਸਵੀਰ ਸਰੋਤ, Getty Images
ਦਿਲ ਦੇ ਦੌਰੇ ਤੋਂ ਕਿਵੇਂ ਬਚਿਆ ਜਾਵੇ
ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘਟਾਉਣ ਦੇ ਕਈ ਤਰੀਕੇ ਹਨ, ਜਿਵੇਂ ਕਿ ਚੰਗੀ ਖ਼ੁਰਾਕ ਤੇ ਵਰਜ਼ਿਸ਼ (ਕਸਰਤ) ਰਾਹੀਂ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਦੇ ਲੈਵਲ ਨੂੰ ਘਟਾਉਣਾ।
ਕੋਲੇਸਟਰੋਲ ਇੱਕ ਅਜਿਹਾ ਤੱਤ ਹੈ ਜੋ ਸਾਡੇ ਖੂਨ ਵਿੱਚ ਪਾਇਆ ਜਾਂਦਾ ਹੈ ਅਤੇ ਸਰੀਰ ਵਿੱਚ ਸਿਹਤਮੰਦ ਸੈੱਲ ਬਣਾਉਣ ਲਈ ਲਾਜ਼ਮੀ ਹੈ, ਪਰ ਜੇਕਰ ਇਸ ਦੀ ਮਾਤਰਾ ਵੱਧ ਜਾਵੇ ਤਾਂ ਇਹ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ।
ਦਿਲ ਦੇ ਰੋਗਾਂ ਦੇ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਿਹਤਮੰਦ ਆਦਤਾਂ ਰਾਹੀਂ ਆਪਣੇ ਦਿਲ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਘੱਟ ਫੈਟ ਅਤੇ ਵੱਧ ਫਾਇਬਰ ਵਾਲੀ ਡਾਇਟ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਨਾਲ ਹੀ ਲੂਣ ਦੀ ਮਾਤਰਾ ਪ੍ਰਤੀ ਦਿਨ 6 ਗ੍ਰਾਮ ਤੋਂ ਵੱਧ ਨਾ ਹੋਵੇ, ਕਿਉਂਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
ਇਸ ਦੇ ਨਾਲ ਹੀ, ਬਹੁਤ ਜ਼ਿਆਦਾ ਅਲਟਰਾ-ਪ੍ਰੋਸੈਸਡ ਖਾਣੇ ਜਾਂ ਅਜਿਹੇ ਖਾਣੇ ਜੋ ਸੈਚੂਰੇਟਡ ਫੈਟਸ ਵਾਲੇ ਹੁੰਦੇ ਹਨ, ਉਨ੍ਹਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਖੂਨ ਵਿੱਚ ਕੋਲੇਸਟਰੋਲ ਵਧਾਉਂਦੇ ਹਨ।
ਇਨ੍ਹਾਂ ਵਿੱਚ ਮੀਟ, ਕੇਕ, ਬਿਸਕੁਟ, ਸਾਸੇਜ਼, ਮੱਖਣ ਅਤੇ ਪਾਮ ਆਇਲ ਵਾਲੇ ਆਹਾਰ ਆਉਂਦੇ ਹਨ।
ਇੱਕ ਸੰਤੁਲਿਤ ਡਾਇਟ ਵਿੱਚ ਅਨਸੈਚੂਰੇਟਡ ਫੈਟਸ ਹੋਣੇ ਚਾਹੀਦੇ ਹਨ, ਕਿਉਂਕਿ ਇਹ ਚੰਗਾ ਕੋਲੇਸਟਰੋਲ ਵਧਾਉਂਦੇ ਹਨ ਅਤੇ ਧਮਨੀਆਂ ਨੂੰ ਖੋਲ੍ਹਣ ਵਿੱਚ ਮਦਦ ਕਰਦੇ ਹਨ।
ਇਨ੍ਹਾਂ ਆਹਾਰਾਂ ਵਿੱਚ ਤੇਲ ਵਾਲੀ ਮੱਛੀ, ਐਵੋਕਾਡੋ, ਨਟਸ (ਸੁੱਕੇ ਮੇਵੇ) ਅਤੇ ਸਬਜ਼ੀਆਂ ਵਾਲੇ ਤੇਲ ਸ਼ਾਮਲ ਹੁੰਦੇ ਹਨ।
ਡਾ. ਐਲਿਨ ਬਾਰਸੇਘੀਅਨ ਦੱਸਦੇ ਹਨ, "ਮੈਡੀਟਰੈਨੀਅਨ ਡਾਇਟ ਬਹੁਤ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਹ ਵਿਗਿਆਨਕ ਤੌਰ 'ਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਲਈ ਸਾਬਤ ਹੋ ਚੁੱਕੀ ਹੈ।"

ਤਸਵੀਰ ਸਰੋਤ, Getty Images
ਸਿਹਤਮੰਦ ਖਾਣਾ ਤੇ ਨਿਯਮਤ ਵਰਜ਼ਿਸ਼, ਦਿਲ ਨੂੰ ਸਿਹਤਮੰਦ ਰੱਖਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ। ਸਿਹਤਮੰਦ ਵਜ਼ਨ ਰੱਖਣ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਦਿਲ ਦੇ ਰੋਗਾਂ ਦੇ ਮਾਹਰ ਡਾ. ਈਵਾਨ ਲੇਵਿਨ ਸਲਾਹ ਦਿੰਦੇ ਹਨ ਕਿ ਹਫ਼ਤੇ ਵਿੱਚ ਘੱਟੋ-ਘੱਟ ਪੰਜ ਦਿਨ, ਹਰ ਰੋਜ਼ 30 ਮਿੰਟ ਤੱਕ ਵਰਜ਼ਿਸ਼ ਜ਼ਰੂਰ ਕਰੋ। ਪਰ ਉਹ ਸਭ ਤੋਂ ਵੱਡੀ ਸਲਾਹ ਇਹ ਦਿੰਦੇ ਹਨ ਕਿ "ਕਦੇ ਵੀ" ਸਿਗਰਟ ਨਾ ਪੀਓ ਅਤੇ ਨਾ ਹੀ ਵੇਪ (ਈ ਸਿਗਰਟ) ਕਰੋ।
ਅਮਰੀਕਨ ਹਾਰਟ ਅਸੋਸੀਏਸ਼ਨ ਦੇ ਮੁਤਾਬਕ, 24,927 ਲੋਕਾਂ 'ਤੇ ਹੋਏ ਇੱਕ ਅਧਿਐਨ ਵਿੱਚ ਪਤਾ ਲੱਗਾ ਕਿ ਜੋ ਲੋਕ ਈ-ਸਿਗਰਟ ਅਤੇ ਰਵਾਇਤੀ ਸਿਗਰਟ ਦੋਵੇਂ ਹੀ ਵਰਤਦੇ ਹਨ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਬਿਲਕੁਲ ਓਨਾਂ ਹੀ ਹੁੰਦਾ ਹੈ, ਜਿੰਨਾ ਕਿ ਸਿਰਫ਼ ਰਵਾਇਤੀ ਸਿਗਰਟ ਪੀਣ ਵਾਲਿਆਂ ਦਾ ਹੁੰਦਾ ਹੈ।"
"ਹਾਲਾਂਕਿ ਜੋ ਸਿਰਫ਼ ਈ-ਸਿਗਰਟ ਵਰਤਦੇ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਵਾਲੇ ਮਾਮਲੇ 30-60 ਫੀਸਦ ਘੱਟ ਪਾਏ ਗਏ।"
ਅਮਰੀਕਨ ਹਾਰਟ ਅਸੋਸੀਏਸ਼ਨ ਦੇ ਮੁਤਾਬਕ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਇੱਕ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਉਨ੍ਹਾਂ ਵਿੱਚੋਂ ਲਗਭਗ ਪੰਜਵੇਂ ਹਿੱਸੇ (20 ਫੀਸਦ ਲੋਕਾਂ) ਨੂੰ ਪੰਜ ਸਾਲਾਂ ਦੇ ਅੰਦਰ-ਅੰਦਰ ਦੁਬਾਰਾ ਦਿਲ ਦਾ ਦੌਰਾ ਪੈਣ 'ਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਹੁੰਦੀ ਹੈ।
ਹਾਲਾਂਕਿ, ਇੰਪੀਰੀਅਲ ਕਾਲਜ ਲੰਡਨ ਅਤੇ ਸਵੀਡਨ ਦੀ ਲੰਡ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਅਨੁਸਾਰ, ਪਹਿਲੇ ਦਿਲ ਦੇ ਦੌਰੇ ਤੋਂ ਬਾਅਦ ਰੋਗੀਆਂ ਨੂੰ ਸਟੈਟਿਨ ਅਤੇ ਇਜ਼ੈਟਿਮਾਈਬ ਵਰਗੀਆਂ ਦਵਾਈਆਂ ਦੇਣ ਨਾਲ ਦੂਜੇ ਦਿਲ ਦੇ ਦੌਰੇ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਇਹ ਦੋਵੇਂ ਦਵਾਈਆਂ ਖੂਨ ਵਿੱਚੋਂ ਕੋਲੇਸਟਰੋਲ ਘਟਾਉਣ ਵਾਲੀਆਂ ਹੁੰਦੀਆਂ ਹਨ।
ਡਾ. ਐਲਿਨ ਬਰਸੇਘੀਅਨ ਕਹਿੰਦੇ ਹਨ, "ਸਾਡੇ ਕੋਲ ਦਹਾਕਿਆਂ ਦੀ ਖੋਜ ਹੈ ਜੋ ਦੱਸਦੀ ਹੈ ਕਿ ਜਿੰਨਾ ਘੱਟ ਐੱਲਡੀਐੱਲ (LDL) ਕੋਲੇਸਟਰੋਲ ਹੋਵੇਗਾ, ਉਨ੍ਹਾਂ ਹੀ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਘੱਟ ਹੋ ਜਾਵੇਗਾ।"

ਤਸਵੀਰ ਸਰੋਤ, Getty Images
ਨੌਜਵਾਨਾਂ ਵਿੱਚ ਦਿਲ ਦੇ ਦੌਰਿਆਂ ਦੇ ਵਧਦੇ ਮਾਮਲੇ
ਆਮ ਤੌਰ 'ਤੇ ਦਿਲ ਦੇ ਦੌਰੇ ਦਾ ਖ਼ਤਰਾ ਉਮਰ ਵਧਣ ਨਾਲ ਵਧਦਾ ਹੈ, ਪਰ ਅਮਰੀਕਾ ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਡੇਟਾ ਮੁਤਾਬਕ ਹੁਣ ਨੌਜਵਾਨਾਂ ਵਿੱਚ ਵੀ ਇਹ ਮਾਮਲੇ ਵਧ ਰਹੇ ਹਨ।
2019 ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲਗਭਗ 0.3 ਫੀਸਦ ਲੋਕਾਂ ਨੂੰ ਦਿਲ ਦਾ ਦੌਰਾ ਪਿਆ ਸੀ, ਪਰ 2023 ਤੱਕ ਇਹ ਗਿਣਤੀ 0.5 ਫੀਸਦ ਹੋ ਗਈ।
ਡਾ. ਈਵਾਨ ਲੇਵਿਨ ਦਾ ਕਹਿਣਾ ਹੈ ਕਿ ਇਹ ਵਾਧਾ ਨੌਜਵਾਨਾਂ ਦੀ ਜੀਵਨ ਸ਼ੈਲੀ ਦੀਆਂ ਬਦਲਦੀਆਂ ਆਦਤਾਂ ਕਾਰਨ ਹੋ ਰਿਹਾ ਹੈ, ਜਿਵੇਂ ਕਿ ਜ਼ਿਆਦਾ ਤਲੀ-ਭੁੰਨੀ ਤੇ ਪ੍ਰੋਸੈਸਡ ਖੁਰਾਕ ਖਾਣਾ ਤੇ ਕਸਰਤ ਨਾ ਕਰਨੀ।
ਉਹ ਕਹਿੰਦੇ ਹਨ, "ਸਾਨੂੰ ਸਭ ਨੂੰ ਵਰਜ਼ਿਸ਼ ਕਰਨੀ ਚਾਹੀਦੀ ਹੈ, ਲਾਜ਼ਮੀ ਨਹੀਂ ਕਿ ਜਿਮ ਜਾਈਏ ਪਰ ਕੁਝ ਨਾ ਕੁਝ ਕਸਰਤ ਜ਼ਰੂਰ ਕਰੀਏ। ਕੋਵਿਡ ਤੋਂ ਬਾਅਦ ਘਰੋਂ ਕੰਮ ਕਰ ਰਹੇ ਲੋਕ ਇੱਕ ਖ਼ਤਰਨਾਕ, ਆਲਸੀ ਤਰੀਕੇ ਵਾਲੀ ਜ਼ਿੰਦਗੀ ਜੀ ਰਹੇ ਹਨ, ਜੋ ਚਿੰਤਾ ਵਾਲੀ ਗੱਲ ਹੈ।"
ਸਿਗਰਟ ਪੀਣ ਨਾਲ ਧਮਨੀਆਂ ਵਿੱਚ ਚਰਬੀ ਦੀ ਪਰਤ ਬਣ ਜਾਂਦੀ ਹੈ, ਇਹ ਗੱਲ ਤਾਂ ਪਤਾ ਹੀ ਹੈ।
ਪਰ ਡਾ. ਈਵਾਨ ਲੇਵਿਨ ਵਰਗੇ ਹਾਰਟ ਦੇ ਡਾਕਟਰ ਕਹਿੰਦੇ ਹਨ ਕਿ ਨੌਜਵਾਨਾਂ ਵਿੱਚ ਵੇਪਿੰਗ ਦੇ ਅਸਲ ਅਸਰ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗੇ, ਜਿਸ ਕਰਕੇ ਇਸ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ।
ਡਾ. ਐਲਿਨ ਬਾਰਸੇਘੀਅਨ ਆਖਦੇ ਹਨ, "ਜੈਨੇਟਿਕ ਕਾਰਨ, ਜਿਵੇਂ ਕਿ ਪਰਿਵਾਰਕ ਰੂਪ ਵਿੱਚ ਕੋਲੇਸਟਰੋਲ ਵਧਣ ਵਾਲੀ ਬਿਮਾਰੀ (ਫੈਮਿਲੀਅਲ ਹਾਈਪਰਲਿਪੀਡੀਮੀਆ) ਵੀ ਜਵਾਨ ਉਮਰ ਵਿੱਚ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵਧਾ ਸਕਦੇ ਹਨ।"
"ਇਸ ਦੇ ਨਾਲ-ਨਾਲ, ਵਾਤਾਵਰਨਕ ਕਾਰਕ ਜਿਵੇਂ ਕਿ ਤਣਾਅ ਅਤੇ ਖ਼ਰਾਬ ਨੀਂਦ ਵੀ ਹੁਣ ਵੱਧ ਰਹੇ ਦਿਲ ਦੇ ਰੋਗਾਂ ਵਿੱਚ ਯੋਗਦਾਨ ਦਿੰਦੇ ਮੰਨੇ ਜਾ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












