ਜਦੋਂ ਅਫ਼ਗਾਨਿਸਤਾਨ ਤੋਂ ਪਾਕਿਸਤਾਨ 'ਤੇ ਸੱਕਡ ਮਿਜ਼ਾਈਲਾਂ ਦਾ ਮੀਂਹ ਵਰ੍ਹਿਆ

ਜਲਾਲਾਬਾਦ ਉੱਤੇ ਬਾਗ਼ੀ ਹਮਲੇ ਦੇ ਦੌਰਾਨ ਇੱਕ ਮੁਜਾਹਿਦੀਨ, ਤੋਪ ਦੇ ਗੋਲ਼ੇ ਚੁੱਕਦਾ ਹੋਇਆ, ਪਿਛੇ ਹੋਰ ਗੋਲ਼ੇ ਅਤੇ ਲੋਕ ਵੀ ਨਜ਼ਰ ਆ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ੌਜ ਦੇ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਹਕੂਮਤ ਅਤੇ ਮੁਜਾਹਿਦੀਨਾਂ ਵਿਚਾਲੇ ਸੰਘਰਸ਼ ਵਧ ਗਿਆ ਸੀ
    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਪੱਤਰਕਾਰ ਅਤੇ ਲੇਖਕ, ਇਸਲਾਮਾਬਾਦ
  • ਪੜ੍ਹਨ ਦਾ ਸਮਾਂ: 7 ਮਿੰਟ

ਸੱਤ ਅਪ੍ਰੈਲ 1989 ਦੀ ਸਵੇਰ ਜਿਸ ਸੋਵੀਅਤ ਸੱਕਡ ਮਿਜ਼ਾਈਲ ਨੇ ਪਾਕਿਸਤਾਨੀ ਸਰਹੱਦੀ ਇਲਾਕੇ ਤੋਰਖ਼ਮ ਵਿੱਚ ਡਾਕਖਾਨਾ ਤਬਾਹ ਕੀਤਾ, ਉਹ ਕਾਬੁਲ ਤੋਂ ਦਾਗੀ ਗਈ ਸੀ।

ਪਾਕਿਸਤਾਨ ਨੇ ਇਸ ਹਮਲੇ ਨੂੰ ਅਫ਼ਗਾਨਿਸਤਾਨ ਸਰਕਾਰ ਦੀ ਇੱਕ ਸਪੱਸ਼ਟ ਭੜਕਾਊ ਕਾਰਵਾਈ ਦੱਸਿਆ। ਪਰ ਅਫ਼ਗਾਨਿਸਤਾਨ ਨੇ ਇਸ ਨੂੰ "ਹਾਦਸਾ" ਕਰਾਰ ਦਿੱਤਾ ਅਤੇ ਮਾਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ।

ਉਸ ਵੇਲੇ ਤੱਕ, ਸਾਲ 1979 ਵਿੱਚ 'ਮੁਜਾਹਿਦੀਨ' ਕਹਾਉਣ ਵਾਲੇ ਲੜਾਕਿਆਂ ਵਿਰੁੱਧ ਅਫ਼ਗਾਨ ਹਕੂਮਤ ਦੀ ਮਦਦ ਲਈ ਆਈ ਸੋਵੀਅਤ ਫ਼ੌਜ ਦਾ ਆਖ਼ਰੀ ਦਸਤਾ ਆਪਣੇ ਦੇਸ ਪਰਤ ਚੁੱਕਿਆ ਸੀ।

ਲੇਕਿਨ ਸੋਵੀਅਤ ਸੰਘ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਅਮਰੀਕਾ ਦੇ ਅਪ੍ਰੈਲ 1988 ਦੇ ਜਿਨੇਵਾ ਸਮਝੌਤੇ (ਜਿਸ ਤਹਿਤ ਸੈਨਿਕਾਂ ਦੀ ਵਾਪਸੀ ਸ਼ੁਰੂ ਹੋਈ ਸੀ) ਦੀ ਉਲੰਘਣਾ ਜਾਰੀ ਰਹੀ।

ਯੂਨਾਈਟਿਡ ਪ੍ਰੈਸ ਇੰਟਰਨੈਸ਼ਨਲ (ਯੂਪੀਆਈ) ਦੇ ਜੇਰਾਲਡ ਨੈਡਲਰ ਦੀ 2 ਨਵੰਬਰ, 1988 ਦੀ ਰਿਪੋਰਟ ਅਨੁਸਾਰ, ਸੋਵੀਅਤ ਸੰਘ ਨੇ ਐਲਾਨ ਕੀਤਾ ਕਿ ਉਹ ਅਫ਼ਗਾਨਿਸਤਾਨ ਨੂੰ ਆਪਣੇ ਸਭ ਤੋਂ ਆਧੁਨਿਕ ਹਥਿਆਰ ਦੇ ਰਿਹਾ ਹੈ, ਜਿਨ੍ਹਾਂ ਵਿੱਚ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਵੀ ਸ਼ਾਮਲ ਹਨ।

ਐਲਾਨ ਮੁਤਾਬਕ ਇਹ "ਉਨ੍ਹਾਂ ਬਾਗ਼ੀ ਹਮਲਿਆਂ ਦਾ ਮੁਕਾਬਲਾ ਕਰਨ ਲਈ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਨਜੀਬੁੱਲਾ ਦੀ ਕਾਬੁਲ ਸਰਕਾਰ ਨੇ 'ਪਾਕਿਸਤਾਨੀ ਸ਼ਹਿ ਪ੍ਰਸਤ' ਦੱਸਿਆ ਹੈ।"

ਨੈਡਲਰ ਨੇ ਲਿਖਿਆ, "ਅਮਰੀਕਾ ਨੇ ਇਨ੍ਹਾਂ ਹਥਿਆਰਾਂ ਦੀ ਪਛਾਣ ਤਰਲ ਬਾਲਣ ਨਾਲ ਚੱਲਣ ਵਾਲੀਆਂ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਸੱਕਡ ਮਿਜ਼ਾਈਲਾਂ ਵਜੋਂ ਕੀਤੀ, ਜੋ ਪਾਕਿਸਤਾਨ ਤੱਕ ਪਹੁੰਚ ਸਕਦੀਆਂ ਸਨ। ਨਾਲ ਹੀ ਅਮਰੀਕਾ ਨੇ ਪਾਕਿਸਤਾਨ ਲਈ ਆਪਣੀ ਲਗਾਤਾਰ 'ਪੂਰਨ ਹਿਮਾਇਤ' ਦਾ ਸਪੱਸ਼ਟ ਐਲਾਨ ਵੀ ਕੀਤਾ।"

ਜਨਵਰੀ 1989 ਵਿੱਚ ਅਫ਼ਗਾਨ ਮੁਜਾਹਿਦੀਨ ਸਰਕਾਰੀ ਫ਼ੌਜਾਂ ਉੱਤੇ ਰਾਕੇਟ ਹਮਲੇ ਦੀ ਤਿਆਰੀ ਕਰਦੇ ਹੋਏ

ਤਸਵੀਰ ਸਰੋਤ, ZUBAIR MIR / AFP) (Photo by ZUBAIR MIR/AFP via Getty Images

ਤਸਵੀਰ ਕੈਪਸ਼ਨ, ਜਨਵਰੀ 1989 ਨੂੰ ਪੂਰਬੀ ਨੰਗਰਹਾਰ ਵਿੱਚ ਅਫ਼ਗਾਨ ਮੁਜਾਹਿਦੀਨ ਸਰਕਾਰੀ ਸੈਨਿਕਾਂ 'ਤੇ ਰਾਕੇਟ ਹਮਲੇ ਦੀ ਤਿਆਰੀ ਕਰਦੇ ਹੋਏ (ਫ਼ਾਈਲ ਫ਼ੋੋ)

ਜਦੋਂ ਪਹਿਲੀ ਵਾਰ ਸੱਕਡ ਮਿਜ਼ਾਈਲ ਦਾਗੀ ਗਈ

ਅਫ਼ਗਾਨਿਸਤਾਨ ਨਾਲ ਜੁੜੀਆਂ ਸੰਧੀਆਂ ਨੂੰ ਲਾਗੂ ਕਰਨ ਅਤੇ ਉਲੰਘਣਾਵਾਂ ਦੀ ਜਾਂਚ ਕਰਨ ਲਈ ਮਈ 1988 ਵਿੱਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਲਈ ਇੱਕ ਸੰਯੁਕਤ ਰਾਸ਼ਟਰ ਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ।

ਇਹ ਮਿਸ਼ਨ ਮਾਰਚ 1990 ਤੱਕ ਸਰਗਰਮ ਰਿਹਾ। 'ਦਿ ਆਕਸਫੋਰਡ ਹੈਂਡਬੁੱਕ ਆਫ਼ ਯੂਨਾਈਟਿਡ ਨੇਸ਼ਨਜ਼ ਪੀਸਕੀਪਿੰਗ ਆਪਰੇਸ਼ਨਜ਼' ਅਨੁਸਾਰ, ਮਿਸ਼ਨ ਦੀ ਸ਼ੁਰੂਆਤ ਤੋਂ ਹੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਇੱਕ-ਦੂਜੇ ਦੇ ਦਖ਼ਲ ਦੀ ਸ਼ਿਕਾਇਤ ਕਰਦੇ ਰਹੇ।

ਹੈਂਡਬੁੱਕ ਵਿੱਚ ਲਿਖਿਆ ਹੈ, "ਅਫ਼ਗਾਨਿਸਤਾਨ ਨੇ 1989 ਦੀ ਸ਼ੁਰੂਆਤ ਤੋਂ ਸਰਹੱਦ ਪਾਰ ਮੁਜਾਹਿਦੀਨਾਂ ਦੀ ਆਵਾਜਾਈ ਅਤੇ ਉਨ੍ਹਾਂ ਦੀਆਂ ਫ਼ੌਜੀ ਕਾਰਵਾਈਆਂ ਦੀ ਸ਼ਿਕਾਇਤ ਕੀਤੀ। ਪਾਕਿਸਤਾਨ ਨੇ ਹਵਾਈ ਖੇਤਰ ਦੀ ਉਲੰਘਣਾ, ਅਫ਼ਗਾਨ ਖ਼ੁਫ਼ੀਆ ਏਜੰਸੀ ਦੇ ਹਮਲਿਆਂ ਅਤੇ ਪਾਕਿਸਤਾਨੀ ਇਲਾਕੇ 'ਤੇ ਮਿਜ਼ਾਈਲ ਹਮਲਿਆਂ ਬਾਰੇ ਸ਼ਿਕਾਇਤ ਕੀਤੀ।"

ਪੱਤਰਕਾਰ ਜੇਰਾਲਡ ਨੈਡਲਰ

ਲੇਕਿਨ ਮਿਸ਼ਨ ਦੇ ਅਨੁਸਾਰ, ਉਸ ਕੋਲ ਨਾ ਤਾਂ ਰਾਜਨੀਤਿਕ ਹਮਾਇਤ ਸੀ ਅਤੇ ਨਾ ਹੀ ਸਾਧਨ। ਇਸ ਲਈ, ਉਹ ਸਿਰਫ਼ "ਸੰਘਰਸ਼ ਵਿੱਚ ਸ਼ਾਮਲ ਧਿਰਾਂ ਦੀਆਂ ਸ਼ਿਕਾਇਤਾਂ ਨੂੰ ਬਿਨਾਂ ਜਾਂਚ ਕੀਤੇ ਲਿਖ ਸਕਦਾ ਸੀ ਅਤੇ ਉਨ੍ਹਾਂ ਨੂੰ ਸੰਧੀਆਂ ਦੀ ਪਾਲਣਾ ਹਿੱਤ ਮਜਬੂਰ ਨਹੀਂ ਕਰ ਸਕਦਾ ਸੀ।"

ਜੰਗ ਤੋਂ ਬਾਅਦ ਲੱਖਾਂ ਅਫ਼ਗਾਨ ਨਾਗਰਿਕ ਪਾਕਿਸਤਾਨ ਅਤੇ ਇਰਾਨ ਵਿੱਚ ਸ਼ਰਨਾਰਥੀ ਬਣ ਗਏ। ਸੋਵੀਅਤ ਸੰਘ ਦੀ ਵਾਪਸੀ ਤੋਂ ਬਾਅਦ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਰਾਸ਼ਟਰਪਤੀ ਨਜੀਬੁੱਲਾ ਦੀ ਸਰਕਾਰ ਡਿੱਗ ਜਾਵੇਗੀ। ਲੇਕਿਨ ਅਜਿਹਾ ਨਹੀਂ ਹੋਇਆ।

ਮਾਈਕਲ ਕਲਾਉਡਫੈਲਟਰ ਨੇ ਆਪਣੀ ਕਿਤਾਬ 'ਵਾਰਫੇਅਰ ਐਂਡ ਆਰਮਡ ਕਾਨਫਲਿਕਟਸ' ਵਿੱਚ ਲਿਖਿਆ ਹੈ ਕਿ ਸੋਵੀਅਤ ਸੰਘ ਦੀ ਵਾਪਸੀ ਤੋਂ ਤੁਰੰਤ ਬਾਅਦ ਨਜੀਬੁੱਲਾ ਦੀ ਸਰਕਾਰ ਦੇ ਡਿੱਗਣ ਦੀ ਉਮੀਦ ਕੀਤੀ ਜਾ ਰਹੀ ਸੀ।

ਉਨ੍ਹਾਂ ਨੇ ਲਿਖਿਆ, "1986 ਵਿੱਚ, ਸੋਵੀਅਤ ਖ਼ੁਫ਼ੀਆ ਵਿਭਾਗ ਨੇ ਅੰਦਾਜ਼ਾ ਲਾਇਆ ਸੀ ਕਿ ਨਜੀਬ ਸਰਕਾਰ ਸਿਰਫ਼ 6 ਤੋਂ 18 ਮਹੀਨਿਆਂ ਤੱਕ ਹੀ ਟਿਕੇਗੀ, ਪਰ ਅਜਿਹਾ ਨਹੀਂ ਹੋਇਆ।"

ਮਾਈਕਲ ਕਲਾਉਡਫੈਲਟਰ ਅਨੁਸਾਰ, "ਮਾਰਚ 1989 ਵਿੱਚ ਜਲਾਲਾਬਾਦ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਖ਼ੂਨੀ ਲੜਾਈ ਸ਼ੁਰੂ ਹੋਈ, ਪਰ ਛੇ ਹਫ਼ਤਿਆਂ ਦੀ ਲੜਾਈ ਤੋਂ ਬਾਅਦ, ਮੁਜਾਹਿਦੀਨ ਅਫ਼ਗਾਨ ਫ਼ੌਜ ਤੋਂ ਹਾਰ ਗਏ।"

ਯੂਪੀਆਈ ਦੇ ਮੁਹੰਮਦ ਜ਼ਿਆਉਦੀਨ ਦੀ ਇੱਕ ਰਿਪੋਰਟ ਅਨੁਸਾਰ, ਅਫ਼ਗਾਨ 'ਮੁਜਾਹਿਦੀਨ' ਆਗੂ ਗੁਲਬੁੱਦੀਨ ਹਿਕਮਤਯਾਰ ਢਾਕਾ ਵਿੱਚ ਸਨ ਅਤੇ ਬੰਗਲਾਦੇਸ਼ ਤੋਂ ਆਪਣੀ ਅੰਤਰਿਮ ਸਰਕਾਰ ਨੂੰ ਮਾਨਤਾ ਦਿਵਾਉਣ ਦੀ ਉਮੀਦ ਕਰ ਰਹੇ ਸਨ।

ਉਦੋਂ ਹੀ ਅਪ੍ਰੈਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ 'ਤੇ ਸੱਕਡ ਮਿਜ਼ਾਈਲ ਨਾਲ ਹਮਲਾ ਹੋਇਆ।

ਸੰਭਾਵਿਤ ਤੌਰ ਉੱਤੇ ਕਾਬੁਲ ਦੇ ਬਾਹਰ ਸੋਵੀਅਤ ਦੀ ਇੱਕ ਸਕੱਡ ਮਿਜ਼ਾਈਲ ਦੇ ਨਾਲ ਫ਼ੋਟੋ ਖਿਚਵਾਉਂਦਾ ਹੋਇਆ ਇੱਕ ਮੁਜਾਹਿਦੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਜੀਬੁੱਲਾ ਦੀ ਸਰਕਾਰ ਡਿੱਗਣ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਮੁਜਾਹਿਦੀਨ ਅਤੇ ਉਜ਼ਬੇਕ ਮਿਲੀਸ਼ੀਆ ਵਿਚਾਲੇ ਜੰਗ ਛਿੜ ਗਈ। ਉਸ ਦੌਰਾਨ ਕਾਬੁਲ ਦੇ ਬਾਹਰ, ਸ਼ਾਇਦ ਸੋਵੀਅਤ ਨਿਰਮਿਤ ਸੱਕਡ ਮਿਜ਼ਾਈਲ ਨਾਲ ਪੋਜ਼ ਦਿੰਦਾ ਹੋਇਆ ਇੱਕ ਮੁਜਾਹਿਦੀਨ। (ਫ਼ਾਈਲ ਫ਼ੋਟੋ)

ਇਸ ਤੋਂ ਪਹਿਲਾਂ, 16 ਨਵੰਬਰ, 1988 ਦੀ ਯੂਪੀਆਈ ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਪਾਕਿਸਤਾਨ ਦੇ ਸਰਹੱਦੀ ਪਿੰਡ ਵਿੱਚ ਡਿੱਗੀ, ਜਿਸ ਵਿੱਚ ਘੱਟੋ-ਘੱਟ 10 ਜਣੇ ਮਾਰੇ ਗਏ ਅਤੇ 15 ਜ਼ਖ਼ਮੀ ਹੋ ਗਏ।

ਲੇਕਿਨ ਉਸ ਸਮੇਂ ਇਹ ਸਪੱਸ਼ਟ ਨਹੀਂ ਸੀ ਕਿ ਇਹ ਮਿਜ਼ਾਈਲ ਸੋਵੀਅਤ ਸੰਘ ਨੇ ਅਫ਼ਗਾਨ ਫ਼ੌਜ ਨੂੰ ਦਿੱਤੀ ਸੀ।

ਉਸ ਸਮੇਂ ਅਮਰੀਕੀ ਅਖ਼ਬਾਰ 'ਦਿ ਨਿਊਯਾਰਕ ਟਾਈਮਜ਼' ਦੇ ਵਿਸ਼ੇਸ਼ ਪੱਤਰਕਾਰ ਜੌਨ ਐਫ. ਬਰਨਜ਼ ਨੇ ਲਿਖਿਆ ਸੀ, "ਪਾਕਿਸਤਾਨ ਨੇ ਪੁਸ਼ਟੀ ਕੀਤੀ ਹੈ ਕਿ ਸੱਤ ਅਪ੍ਰੈਲ, 1989 ਨੂੰ ਜਲਾਲਾਬਾਦ ਅਤੇ ਪੇਸ਼ਾਵਰ ਵਿਚਕਾਰ ਸੜਕ ਦੇ ਕੋਲ ਇੱਕ ਦਰਮਿਆਨੀ ਦੂਰੀ ਦੀ ਸੱਕਡ ਮਿਜ਼ਾਈਲ ਪਾਕਿਸਤਾਨੀ ਇਲਾਕੇ ਵਿੱਚ ਡਿੱਗੀ ਸੀ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਸੀ।"

ਅਫ਼ਗਾਨ ਸਰਕਾਰ ਨੇ ਕਿਹਾ ਕਿ 'ਮਿਜ਼ਾਈਲ ਗ਼ਲਤੀ ਨਾਲ ਸਰਹੱਦ ਪਾਰ ਪਾਕਿਸਤਾਨ ਵਿੱਚ ਦਾਗੀ ਗਈ ਸੀ।'

ਸੋਵੀਅਤ ਅਧਿਕਾਰੀਆਂ ਨੇ ਜਲਾਲਾਬਾਦ ਦੀ ਸੁਰੱਖਿਆ ਵਿੱਚ ਸਰਕਾਰੀ ਬਲਾਂ ਦੀ ਸਫਲਤਾ ਦਾ ਸਿਹਰਾ ਸੱਕਡ ਮਿਜ਼ਾਈਲਾਂ ਨੂੰ ਦਿੱਤਾ।

ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਦੀ ਮਦਦ ਨਾਲ ਜਲਾਲਾਬਾਦ ਹਵਾਈ ਅੱਡੇ ਦੇ ਬਾਹਰੀ ਘੇਰੇ ਦੇ ਬਿਲਕੁਲ ਅੰਦਰ ਮੋਰਚਾ ਸਾਂਭੀ ਬੈਠੇ ਛਾਪਾਮਾਰ ਲੜਾਕਿਆਂ ਨੂੰ ਪਿੱਛੇ ਧੱਕਣ ਵਿੱਚ ਸਫ਼ਲਤਾ ਮਿਲੀ। ਉਨ੍ਹਾਂ ਇਹ ਵੀ ਦੱਸਿਆ ਕਿ ਮਿਜ਼ਾਈਲਾਂ ਦੀ ਵਰਤੋਂ ਸ਼ਹਿਰ ਤੋਂ 15 ਮੀਲ ਦੱਖਣ-ਪੂਰਬ ਵਿੱਚ ਸਥਿਤ ਸਮਰ ਖੇਲ ਦੀ ਸਰਕਾਰੀ ਫ਼ੌਜੀ ਛਾਉਣੀ ਤੋਂ ਵੀ ਗੁਰੀਲਿਆਂ ਨੂੰ ਭਜਾਉਣ ਲਈ ਕੀਤੀ ਗਈ ਸੀ।

ਅਫਗਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਦਾ ਦ੍ਰਿਸ਼, ਸੋਵੀਅਤ ਟੈਂਕਾਂ ਦਾ ਕਾਫ਼ਲਾ ਲੰਘ ਰਿਹਾ ਹੈ ਪਿਛੋਕੜ ਵਿੱਚ ਪਹਾੜ ਦਿਖਾਈ ਦੇ ਰਹੇ ਹਨ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਅਫ਼ਗਾਨਿਸਤਾਨ ਤੋਂ ਸੋਵੀਅਤ ਫ਼ੌਜ ਦੀ ਵਾਪਸੀ ਮਈ, 1988 ਨੂੰ ਸ਼ੁਰੂ ਹੋਈ ਅਤੇ ਫ਼ਰਵਰੀ, 1989 ਨੂੰ ਖ਼ਤਮ ਹੋਈ (ਫ਼ਾਈਲ ਫੋਟੋ)

ਕਦੋਂ-ਕਦੋਂ ਪਾਕਿਸਤਾਨ 'ਤੇ ਹੋਏ ਸੱਕਡ ਮਿਜ਼ਾਈਲ ਹਮਲੇ

4 ਮਈ, 1989 ਨੂੰ ਸਵੇਰੇ 8:20 ਵਜੇ, ਬੰਨੂ ਜ਼ਿਲ੍ਹੇ ਵਿੱਚ ਇੱਕ ਅਫ਼ਗਾਨ ਸ਼ਰਨਾਰਥੀ ਕੈਂਪ ਦੇ ਕੋਲ ਇੱਕ ਸੱਕਡ ਮਿਜ਼ਾਈਲ ਡਿੱਗੀ, ਜਿਸ ਵਿੱਚ ਤਿੰਨ ਅਫ਼ਗਾਨ ਨਾਗਰਿਕ ਮਾਰੇ ਗਏ ਅਤੇ 17 ਜ਼ਖ਼ਮੀ ਹੋ ਗਏ।

22 ਮਈ, 1989 ਨੂੰ ਪਾਕਿਸਤਾਨੀ ਪੰਜਾਬ ਦੇ ਭੱਕਰ ਜ਼ਿਲ੍ਹੇ ਦੇ ਕੋਲ ਇੱਕ ਸੱਕਡ ਮਿਜ਼ਾਈਲ ਡਿੱਗੀ। ਬ੍ਰਿਟਿਸ਼ ਅਖ਼ਬਾਰ 'ਦਿ ਇੰਡੀਪੈਂਡੈਂਟ' ਅਨੁਸਾਰ, ਇਹ ਤੀਜਾ ਹਮਲਾ ਸੀ ਜਿਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਗੰਭੀਰ ਤਣਾਅ ਪੈਦਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਦੇਸਾਂ ਨੇ ਇੱਕ-ਦੂਜੇ 'ਤੇ ਸ਼ਾਂਤੀ ਯਤਨਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਾਏ।

23, 24 ਅਤੇ 26 ਜੂਨ ਨੂੰ, ਦਿਨ ਦੇ ਵੱਖ-ਵੱਖ ਸਮਿਆਂ 'ਤੇ, ਅਫ਼ਗਾਨਿਸਤਾਨ ਤੋਂ ਦਾਗੇ ਗਏ ਬੰਬ ਪਾਕਿਸਤਾਨ ਵਿੱਚ ਡਿੱਗੇ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ।

15 ਅਗਸਤ ਨੂੰ ਸਵੇਰੇ 8:45 ਵਜੇ ਕੁਰੱਮ ਏਜੰਸੀ ਵਿੱਚ ਇੱਕ ਸੱਕਡ ਮਿਜ਼ਾਈਲ ਡਿੱਗੀ, 1 ਅਕਤੂਬਰ, 1989 ਨੂੰ ਰਾਤ 8:15 ਵਜੇ ਉੱਤਰੀ ਵਜ਼ੀਰਿਸਤਾਨ ਏਜੰਸੀ ਦੇ ਆਦਮਖੇਲ ਨੇੜੇ ਅਤੇ 27 ਅਕਤੂਬਰ ਨੂੰ ਕੁਰੱਮ ਏਜੰਸੀ ਦੇ ਟੇਡੀ ਮੰਗਲ ਖੇਤਰ ਵਿੱਚ ਵੀ ਮਿਜ਼ਾਈਲਾਂ ਡਿੱਗੀਆਂ।

ਕਲਾਉਡਫੈਲਟਰ ਅਨੁਸਾਰ, ਮੁਜਾਹਿਦੀਨਾਂ ਦੀ ਕਾਬੁਲ 'ਤੇ ਕਬਜ਼ਾ ਕਰਨ ਦੀ ਆਖ਼ਰੀ ਯੋਜਨਾ ਦਸੰਬਰ 1989 ਵਿੱਚ ਸ਼ੁਰੂ ਹੋਈ ਸੀ, ਪਰ ਇਹ ਵੀ ਨਾਕਾਮ ਰਹੀ, ਕਿਉਂਕਿ ਸਰਕਾਰੀ ਬਲਾਂ ਨੇ ਹਮਲੇ ਨੂੰ ਅਸਫ਼ਲ ਕਰ ਦਿੱਤਾ ਸੀ।

ਇਸ ਤੋਂ ਬਾਅਦ ਮੁਜਾਹਿਦੀਨ ਖਿੰਡ ਗਏ। ਵੱਖ-ਵੱਖ ਗੁੱਟ ਆਪੋ-ਆਪਣੇ ਇਲਾਕਿਆਂ ਵਿੱਚ ਪਰਤ ਗਏ। ਕਾਬੁਲ ਵਿੱਚ ਰਾਸ਼ਨ ਦੀ ਕਮੀ ਅਤੇ ਗ਼ਰੀਬੀ ਵਧ ਗਈ।

1990 ਤੱਕ ਆਉਂਦੇ-ਆਉਂਦੇ ਅਫ਼ਗਾਨਿਸਤਾਨ ਇੱਕ ਬਰਬਾਦ ਦੇਸ ਬਣ ਚੁੱਕਾ ਸੀ।

10 ਜਨਵਰੀ ਨੂੰ ਦੁਪਹਿਰ 1:40 ਵਜੇ, ਅਫ਼ਗਾਨਿਸਤਾਨ ਤੋਂ ਦਾਗੀ ਗਈ ਇੱਕ ਸੱਕਡ ਮਿਜ਼ਾਈਲ ਅਟਕ ਜ਼ਿਲ੍ਹੇ ਦੇ ਹਿਸਾਰ ਪਿੰਡ ਵਿੱਚ ਡਿੱਗੀ।

14 ਜੂਨ ਨੂੰ ਸਵੇਰੇ 2:00 ਵਜੇ ਕੁਰੱਮ ਏਜੰਸੀ ਦੇ ਟੇਡੀ ਮੰਗਲ ਵਿੱਚ ਇੱਕ ਸੱਕਡ ਮਿਜ਼ਾਈਲ ਡਿੱਗੀ, ਜਿਸ ਵਿੱਚ ਇੱਕ ਅਫ਼ਗਾਨ ਸ਼ਰਨਾਰਥੀ ਜ਼ਖ਼ਮੀ ਹੋ ਗਿਆ।

ਬਖ਼ਤਰਬੰਦ ਗੱਡੀਆਂ ਗੁਜ਼ਰਦੀਆਂ ਹੋਈਆਂ, ਉਨ੍ਹਾਂ ਦੇ ਉੱਪਰ ਸੈਨਿਕ ਵੀ ਸਵਾਰ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਵੀਅਤ ਸੰਘ ਦੇ ਅਫ਼ਗਾਨਿਸਤਾਨ ਛੱਡਣ ਤੋਂ ਬਾਅਦ ਮੁਜਾਹਿਦੀਨ ਅਤੇ ਸਰਕਾਰ ਵਿਚਾਲੇ ਜੰਗ ਤੇਜ਼ ਹੋ ਗਈ (ਫ਼ਾਈਲ ਫ਼ੋਟੋ)

26 ਜੂਨ ਨੂੰ ਸ਼ਾਮ 4:15 ਵਜੇ ਕੁਰੱਮ ਏਜੰਸੀ ਦੇ ਪੇਵਾਰ ਕੋਟਲ ਵਿੱਚ ਇੱਕ ਸੱਕਡ ਮਿਜ਼ਾਈਲ ਡਿੱਗੀ, ਜਿਸ ਵਿੱਚ ਚਾਰ ਅਫ਼ਗਾਨ ਨਾਗਰਿਕ ਜ਼ਖ਼ਮੀ ਹੋ ਗਏ। 13 ਸਤੰਬਰ ਨੂੰ ਕੁਰੱਮ ਏਜੰਸੀ ਦੇ ਸ਼ਾਹਦਲ ਕੋਲ ਅਤੇ 20 ਨਵੰਬਰ ਨੂੰ ਸਵੇਰੇ 10:35 ਵਜੇ ਖ਼ੈਬਰ ਏਜੰਸੀ ਦੇ ਅਵਲ ਖਾਨ ਦੇ ਕੋਲ ਇੱਕ ਸੱਕਡ ਮਿਜ਼ਾਈਲ ਡਿੱਗੀ। ਇਸ ਹਮਲੇ ਵਿੱਚ ਵੀ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

28 ਨਵੰਬਰ ਨੂੰ ਬਾਅਦ ਦੁਪਹਿਰ 3:40 ਵਜੇ, ਅਫ਼ਗਾਨਿਸਤਾਨ ਤੋਂ ਦਾਗੀਆਂ ਗਈਆਂ ਦੋ ਸੱਕਡ ਮਿਜ਼ਾਈਲਾਂ ਕੁਰੱਮ ਏਜੰਸੀ ਦੇ ਟੇਡੀ ਮੰਗਲ ਵਿੱਚ ਡਿੱਗੀਆਂ। ਇਹ ਪਾਕਿਸਤਾਨੀ ਧਰਤੀ 'ਤੇ ਅਫ਼ਗਾਨਿਸਤਾਨ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਘਾਤਕ ਹਮਲਾ ਸੀ। ਇਸ ਵਿੱਚ ਤਿੰਨ ਅਫ਼ਗਾਨ ਨਾਗਰਿਕਾਂ ਸਮੇਤ 28 ਜਣਿਆਂ ਦੀ ਜਾਨ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ।

ਪਾਕਿਸਤਾਨ ਵਿੱਚ ਕੁੱਲ 17 ਮਿਜ਼ਾਈਲਾਂ ਡਿੱਗੀਆਂ, ਜਿਨ੍ਹਾਂ ਵਿੱਚ 35 ਤੋਂ ਵੱਧ ਜਾਨਾਂ ਗਈਆਂ ਅਤੇ ਕਈ ਜ਼ਖ਼ਮੀ ਹੋਏ। ਅਫ਼ਗਾਨ ਸਰਕਾਰ ਦੇ ਹਮਲੇ ਅਫ਼ਗਾਨਿਸਤਾਨ ਦੇ ਅੰਦਰ ਵੀ ਨਹੀਂ ਰੁਕੇ।

ਮੁਜਾਹਿਦੀਨਾਂ ਅਨੁਸਾਰ, 21 ਅਪ੍ਰੈਲ, 1991 ਨੂੰ ਉੱਤਰ-ਪੂਰਬੀ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦੇ ਕੰਟਰੋਲ ਵਾਲੇ ਕੁਨਾਰ ਸੂਬੇ ਦੀ ਰਾਜਧਾਨੀ ਅਸਦਾਬਾਦ ਵਿੱਚ ਤਿੰਨ ਸੱਕਡ ਹਮਲਿਆਂ ਵਿੱਚ 300 ਤੋਂ ਵੱਧ ਮੌਤਾਂ ਹੋਈਆਂ ਅਤੇ 400 ਤੋਂ 500 ਜਣੇ ਜ਼ਖ਼ਮੀ ਹੋਏ।

ਮੁਸ਼ਾਹਿਦਾਕਾਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਲਈ ਜ਼ਿਆਦਾ ਸੀ ਕਿਉਂਕਿ ਬਸੰਤ ਰੁੱਤ (ਸਾਉਣੀ) ਵਿੱਚ ਬਿਜਾਈ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਸ਼ਰਨਾਰਥੀ ਅਫ਼ਗਾਨਿਸਤਾਨ ਵਿੱਚ ਸਨ। ਹਰ ਸਾਲ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਫ਼ਸਲ ਬੀਜਣ ਲਈ ਸਰਹੱਦ ਪਾਰ ਕਰਦੇ ਹਨ, ਫਿਰ ਗਰਮੀਆਂ ਲਈ ਪਾਕਿਸਤਾਨ ਦੇ ਕੈਂਪਾਂ ਵਿੱਚ ਪਰਤ ਆਉਂਦੇ ਹਨ ਅਤੇ ਪਤਝੜ ਦੀ ਫ਼ਸਲ (ਹਾੜੀ) ਲਈ ਘਰ ਪਰਤਦੇ ਹਨ।

ਸੋਵੀਅਤ ਸੰਘ ਦੀ ਵਾਪਸੀ ਤੋਂ ਬਾਅਦ ਨਜੀਬੁੱਲਾ ਦੀ ਸਰਕਾਰ ਤਿੰਨ ਸਾਲ ਚੱਲੀ। ਇਸ ਦੌਰਾਨ ਛਿੜੀ ਜੰਗ ਨੇ ਪੂਰੇ ਦੇਸ ਨੂੰ ਤਬਾਹ ਕਰ ਦਿੱਤਾ ਸੀ।

ਅਖੀਰੀ 16 ਅਪ੍ਰੈਲ 1992 ਨੂੰ ਨਜੀਬੁੱਲਾ ਨੇ ਆਪਣਾ ਅਹੁਦਾ ਛੱਡ ਦਿੱਤਾ। ਅਫ਼ਗਾਨ ਵਿਰੋਧ ਸਿਵਲ ਵਾਰ ਵਿੱਚ ਉਲਝ ਗਿਆ। ਮੁਜਾਹਿਦੀਨ ਦੇ ਵੱਖ-ਵੱਖ ਗੁੱਟ ਆਪਸ ਵਿੱਚ ਲੜਨ ਲੱਗੇ। ਜਨਵਰੀ 1994 ਤੋਂ ਫ਼ਰਵਰੀ 1995 ਤੱਕ 13 ਮਹੀਨਿਆਂ ਤੱਕ ਕਾਬੁਲ 'ਤੇ ਤੋਪਖਾਨੇ ਅਤੇ ਰਾਕੇਟਾਂ ਨਾਲ ਬੰਬਾਰੀ ਕੀਤੀ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)