"ਮੇਰਾ ਜਨਮ ਉਸੇ ਦਿਨ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ", ਪੀਐੱਮ ਮੋਦੀ ਨੇ ਇਜ਼ਰਾਈਲੀ ਸੰਸਦ ਵਿੱਚ ਹਮਾਸ ਹਮਲੇ ਤੇ ਹੋਲੋਕਾਸਟ ਬਾਰੇ ਕੀ ਕਿਹਾ

ਤਸਵੀਰ ਸਰੋਤ, @narendramodi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ 'ਤੇ ਇਜ਼ਰਾਈਲ ਪਹੁੰਚੇ। ਪਹਿਲੇ ਦਿਨ, ਪ੍ਰਧਾਨ ਮੰਤਰੀ ਮੋਦੀ ਨੇ ਯੇਰੂਸ਼ਲਮ ਵਿੱਚ ਇਜ਼ਰਾਈਲੀ ਸੰਸਦ, ਕਨੇਸੇਟ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ 'ਤੇ 7 ਅਕਤੂਬਰ, 2023 ਨੂੰ ਹੋਏ ਹਮਾਸ ਹਮਲੇ ਦੀ ਸਪਸ਼ਟ ਨਿੰਦਾ ਕਰਦੇ ਹੋਏ ਕਿਹਾ ਕਿ "ਭਾਰਤ ਇਸ ਵਹਿਸ਼ੀ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਾਰੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸਾਂਝਾ ਕਰਦਾ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਤੇ ਦੋਵੇਂ ਦੇਸ਼ ਕਈ ਮੁੱਦਿਆਂ 'ਤੇ ਸਹਿਯੋਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪਹਿਲ, ਗਾਜ਼ਾ ਪੀਸ ਇਨੀਸ਼ੀਏਟਿਵ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ, "ਸਾਡਾ ਮੰਨਣਾ ਹੈ ਕਿ ਇਸ ਨਾਲ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਮਦਦ ਮਿਲੇਗੀ ਅਤੇ ਫਲਸਤੀਨ ਦੇ ਮੁੱਦੇ ਨੂੰ ਵੀ ਹੱਲ ਹੋਵੇਗਾ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਨਾਗਰਿਕਾਂ ਦੀ ਹੱਤਿਆ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।"

ਤਸਵੀਰ ਸਰੋਤ, Press Information Bureau (PIB)/Anadolu via Getty Images
ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਨੂੰ ਸਮਝਦਾ ਹੈ ਕਿ "ਮੁੰਬਈ ਹਮਲਿਆਂ ਵਿੱਚ ਸਾਡੇ ਨਿਰਦੋਸ਼ ਨਾਗਰਿਕਾਂ ਦੀ ਜਾਨ ਗਈ ਹੈ, ਜਿਸ ਵਿੱਚ ਇਜ਼ਰਾਈਲੀ ਨਾਗਰਿਕ ਵੀ ਸ਼ਾਮਲ ਸਨ।''
ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ "ਦੋਸਤ ਤੋਂ ਵੱਧ, ਇੱਕ ਭਰਾ" ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਗਏ ਹਨ। ਰਾਜਧਾਨੀ ਤੇਲ ਅਵੀਵ ਪਹੁੰਚਣ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੀ ਪਤਨੀ ਸਾਰਾ ਨਾਲ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
"ਮੇਰਾ ਜਨਮ ਉਸ ਦਿਨ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ"

ਤਸਵੀਰ ਸਰੋਤ, Narendra Modi/YT
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੋਕਾਸਟ (ਕਤਲੇਆਮ) ਨੂੰ ਵਿਸ਼ਵ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਇ ਦੱਸਿਆ।
ਭਾਰਤ ਅਤੇ ਇਜ਼ਰਾਈਲ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਸੱਭਿਅਤਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਇਜ਼ਰਾਈਲ ਦੀਆਂ ਪ੍ਰਾਪਤੀਆਂ ਲਈ ਉਸ ਦਾ ਸਨਮਾਨ ਕਰਦੇ ਹਨ।
ਇਜ਼ਰਾਈਲ ਨਾਲ ਆਪਣੇ ਵਿਸ਼ੇਸ਼ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਉਸੇ ਦਿਨ 17 ਸਤੰਬਰ, 1950 ਨੂੰ ਹੋਇਆ ਸੀ, ਜਿਸ ਦਿਨ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੀ ਸੰਸਦ, ਕਨੇਸੇਟ ਨੂੰ ਅੰਗਰੇਜ਼ੀ ਵਿੱਚ ਸੰਬੋਧਨ ਕਰਦਿਆਂ ਆਪਣਾ ਭਾਸ਼ਣ "ਸ਼ਲੋਮ ਨਮਸਤੇ" ਨਾਲ ਸ਼ੁਰੂ ਕੀਤਾ।
ਪ੍ਰਧਾਨ ਮੰਤਰੀ ਨੇ ਇਜ਼ਰਾਈਲੀ ਸੰਸਦ ਦੇ ਸਪੀਕਰ ਨੂੰ ਕਨੇਸੇਟ ਦੀ ਇਮਾਰਤ ਨੂੰ ਭਾਰਤੀ ਝੰਡੇ ਦੇ ਰੰਗਾਂ ਵਿੱਚ ਰੰਗਣ ਲਈ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਜ਼ਰਾਈਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਪਤਨੀ ਸਾਰਾ ਨੇਤਨਯਾਹੂ ਨੇ ਬੇਨ ਗੁਰਿਅਨ ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ, ਇਜ਼ਰਾਈਲ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਇਜ਼ਰਾਈਲ ਵਿੱਚ ਲੈਂਡ ਕਰ ਗਿਆ ਹਾਂ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸ਼੍ਰੀਮਤੀ ਨੇਤਨਯਾਹੂ ਦੁਆਰਾ ਹਵਾਈ ਅੱਡੇ 'ਤੇ ਮੇਰਾ ਸਵਾਗਤ ਕੀਤੇ ਜਾਣ ਨਾਲ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਦੁਵੱਲੀ ਗੱਲਬਾਤ ਨਾਲ ਸਕਾਰਾਤਮਕ ਨਤੀਜੇ ਨਿਕਲਣਗੇ ਅਤੇ ਭਾਰਤ-ਇਜ਼ਰਾਈਲ ਦੋਸਤੀ ਹੋਰ ਮਜ਼ਬੂਤ ਹੋਵੇਗੀ।"
"ਸਿਰਫ਼ ਦੋਸਤ ਹੀ ਨਹੀਂ, ਸਗੋਂ ਭਰਾ ਹਾਂ"

ਤਸਵੀਰ ਸਰੋਤ, ANI
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਨੇਸੇਟ ਵਿੱਚ ਸਵਾਗਤ ਕਰਦੇ ਹੋਏ ਕਿਹਾ, ''ਮੈਂ ਤੁਹਾਨੂੰ ਦੱਸਣਾ ਹੈ, ਨਰਿੰਦਰ, ਮੇਰੇ ਪਿਆਰੇ ਦੋਸਤ, ਅੱਜ ਤੁਹਾਡੇ ਇੱਥੇ ਆਉਣ ਨਾਲ ਮੈਂ ਬੇਹੱਦ, ਬੇਹੱਦ ਭਾਵੁਕ ਹਾਂ।"
"ਮੈਂ ਇਸ ਦੌਰੇ ਨਾਲ ਜਿੰਨਾ ਭਾਵੁਕ ਅੱਜ ਹਾਂ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਇਜ਼ਰਾਈਲ ਦੇ ਬਹੁਤ ਅਨਿੱਖੜਵੇਂ ਮਿੱਤਰ ਹੋਂ, ਭਾਰਤ-ਇਜ਼ਰਾਈਲ ਸਾਂਝੇਦਾਰੀ ਦੇ ਇੱਕ ਵੱਡੇ ਸਮਰਥਕ ਹੋਂ, ਅਤੇ ਵਿਸ਼ਵ ਮੱਚ 'ਤੇ ਇੱਕ ਮਹਾਨ ਆਗੂ ਹੋਂ। ਯੇਰੂਸ਼ਲਮ ਵਿੱਚ ਤੁਹਾਡਾ ਸਵਾਗਤ ਹੈ, ਮੇਰੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੁਹਾਡੇ ਵਿਸ਼ੇਸ਼ ਪ੍ਰਤੀਨਿਧੀ ਮੰਡਲ ਦਾ ਵੀ ਸਵਾਗਤ ਹੈ।"
"ਮੈਂ ਇਹ ਕਹਿਣ ਦੀ ਵੀ ਹਿੰਮਤ ਕਰ ਸਕਦਾ ਹਾਂ ਕਿ ਤੁਸੀਂ ਸਿਰਫ਼ ਇੱਕ ਦੋਸਤ ਨਹੀਂ ਹੋ, ਸਗੋਂ ਇੱਕ ਭਰਾ ਹੋ। ਪਿਛਲੀ ਵਾਰ ਜਦੋਂ ਤੁਸੀਂ ਇੱਥੇ ਸੀ, ਅਸੀਂ ਦੋਵੇਂ ਭੂਮੱਧ ਸਾਗਰ ਦੇ ਕੰਢੇ 'ਤੇ ਸੀ, ਅਤੇ ਮੈਂ ਕਿਹਾ, 'ਕਿਉਂ ਨਾ ਜੁੱਤੇ ਉਤਾਰ ਕੇ ਪਾਣੀ 'ਚ ਚੱਲੀਏ?'... ਅਸੀਂ ਪਾਣੀ 'ਤੇ ਤਾਂ ਨਹੀਂ ਤੁਰੇ, ਪਰ ਉਦੋਂ ਤੋਂ ਅਸੀਂ ਚਮਤਕਾਰ ਜ਼ਰੂਰ ਦਿਖਾਏ ਹਨ। ਕਿਉਂਕਿ ਆਪਣੇ ਵਪਾਰ ਨੂੰ ਦੁੱਗਣਾ ਕੀਤਾ ਹੈ, ਆਪਣੇ ਸਹਿਯੋਗ ਨੂੰ ਤਿੰਨ ਗੁਣਾ ਵਧਾਇਆ ਹੈ ਅਤੇ ਆਪਣੀ ਆਪਸੀ ਸਮਝ ਨੂੰ ਚੌਗੁਣਾ ਗਹਿਰਾ ਕੀਤਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































