ਅਜੇ ਬੰਗਾ ਤੇ ਟੋਨੀ ਬਲੇਅਰ ਸਣੇ ਟਰੰਪ ਦੇ ਗਾਜ਼ਾ ਲਈ 'ਬੋਰਡ ਆਫ ਪੀਸ' ਵਿੱਚ ਕੌਣ-ਕੌਣ ਮੈਂਬਰ ਹਨ, ਇਹ ਕੀ ਕਰਨਗੇ

ਅਜੇ ਬੰਗਾ, ਜੈਰਡ ਕੁਸ਼ਨਰ ਅਤੇ ਸਟੀਵ ਵਿਟਕੌਫ

ਤਸਵੀਰ ਸਰੋਤ, Reuters / Getty Images / EPA

ਤਸਵੀਰ ਕੈਪਸ਼ਨ, ਅਜੇ ਬੰਗਾ, ਜੈਰਡ ਕੁਸ਼ਨਰ ਅਤੇ ਸਟੀਵ ਵਿਟਕੌਫ ਕਮੇਟੀ ਵਿੱਚ ਸ਼ਾਮਲ ਹਨ
    • ਲੇਖਕ, ਕਲੇਅਰ ਕੀਨਨ
    • ਰੋਲ, ਬੀਬੀਸੀ ਪੱਤਰਕਾਰ

ਵ੍ਹਾਈਟ ਹਾਊਸ ਨੇ ਗਾਜ਼ਾ ਲਈ ਟਰੰਪ ਸਰਕਾਰ ਦੇ ਨਵੇਂ 'ਬੋਰਡ ਆਫ ਪੀਸ' ਦੇ ਮੈਂਬਰਾਂ ਦੇ ਨਾਮ ਜਾਰੀ ਕਰ ਦਿੱਤੇ ਹਨ।

ਅਮਰੀਕੀ ਰਾਸ਼ਟਰਪਤੀ ਦੀ ਪ੍ਰਧਾਨਗੀ ਹੇਠ ਬਣਿਆ ਇਹ ਸਥਾਪਕ ਐਗਜ਼ਿਕਿਊਟਿਵ ਬੋਰਡ ਗਾਜ਼ਾ ਦੀ ਅਸਥਾਈ ਹਕੂਮਤ ਅਤੇ ਉਸ ਦੀ ਮੁੜ ਸ਼ਾਸਨ ਲਈ ਬਣਾਈ ਗਈ ਤਕਨੀਕੀ ਮਾਹਰਾਂ ਦੀ ਕਮੇਟੀ ਦੇ ਕੰਮ ਦੀ ਨਿਗਰਾਨੀ ਕਰੇਗਾ।

ਵ੍ਹਾਈਟ ਹਾਊਸ ਨੇ ਕਿਹਾ ਕਿ ਐਗਜ਼ਿਕਿਊਟਿਵ ਬੋਰਡ ਦਾ ਹਰੇਕ ਮੈਂਬਰ ਇੱਕ ਅਜਿਹੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੇਗਾ ਜੋ 'ਗਾਜ਼ਾ ਦੀ ਸਥਿਰਤਾ ਲਈ ਅਹਿਮ' ਹੋਵੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕਿਹੜਾ ਮੈਂਬਰ ਕਿਹੜੀ ਤਰਜੀਹ ਸੰਭਾਲੇਗਾ।

ਇਸ ਉੱਚ ਪੱਧਰ 'ਤੇ ਹੁਣ ਤੱਕ ਨਾ ਤਾਂ ਕਿਸੇ ਔਰਤ ਅਤੇ ਨਾ ਹੀ ਕਿਸੇ ਫ਼ਲੀਸਤੀਨੀ ਨੂੰ ਸ਼ਾਮਲ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਮੈਂਬਰਾਂ ਦੇ ਨਾਮ ਐਲਾਨੇ ਜਾਣਗੇ।

ਤਾਂ ਫਿਰ ਸਥਾਪਕ ਐਗਜ਼ਿਕਿਊਟਿਵ ਬੋਰਡ ਵਿੱਚ ਕੌਣ-ਕੌਣ ਸ਼ਾਮਲ ਹਨ?

ਸਰ ਟੋਨੀ ਬਲੇਅਰ

ਟੋਨੀ ਬਲੇਅਰ

ਤਸਵੀਰ ਸਰੋਤ, BBC/Monika Ghosh

ਤਸਵੀਰ ਕੈਪਸ਼ਨ, ਟੋਨੀ ਬਲੇਅਰ 1997 ਤੋਂ 2007 ਤੱਕ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਹਨ

ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਦਾ ਨਾਮ ਕਾਫ਼ੀ ਸਮੇਂ ਤੋਂ ਟਰੰਪ ਦੇ 'ਬੋਰਡ ਆਫ ਪੀਸ' ਲਈ ਚਰਚਾ ਵਿੱਚ ਸੀ। ਸਤੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਪੁਸ਼ਟੀ ਕੀਤੀ ਸੀ ਕਿ ਬਲੇਅਰ ਨੇ ਇਸ ਬੋਰਡ ਨਾਲ ਜੁੜਨ ਵਿੱਚ ਦਿਲਚਸਪੀ ਦਿਖਾਈ ਹੈ।

ਲੇਬਰ ਪਾਰਟੀ ਦੇ ਸਾਬਕਾ ਨੇਤਾ ਟੋਨੀ ਬਲੇਅਰ 1997 ਤੋਂ 2007 ਤੱਕ ਯੂਕੇ ਦੇ ਪ੍ਰਧਾਨ ਮੰਤਰੀ ਰਹੇ। 2003 ਵਿੱਚ ਇਰਾਕ ਜੰਗ ਵਿੱਚ ਯੂਕੇ ਨੂੰ ਸ਼ਾਮਲ ਕਰਨ ਦੇ ਫ਼ੈਸਲੇ ਕਾਰਨ ਬੋਰਡ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਕੁਝ ਲੋਕ ਵਿਵਾਦਿਤ ਮੰਨ ਸਕਦੇ ਹਨ।

ਅਹੁਦਾ ਛੱਡਣ ਤੋਂ ਬਾਅਦ ਉਹ 2007 ਤੋਂ 2015 ਤੱਕ ਸੰਯੁਕਤ ਰਾਸ਼ਟਰ, ਯੂਰਪੀ ਸੰਘ, ਅਮਰੀਕਾ ਅਤੇ ਰੂਸ ਵਾਲੇ ਗਰੁੱਪ 'ਕਵਾਰਟੇਟ' ਲਈ ਮੱਧ ਪੂਰਬ ਦੂਤ ਰਹੇ।

ਸਰ ਟੋਨੀ ਬਲੇਅਰ ਐਗਜ਼ਿਕਿਊਟਿਵ ਬੋਰਡ ਦੇ ਅਜਿਹੇ ਇਕਲੌਤੇ ਸਥਾਪਕ ਮੈਂਬਰ ਹਨ ਜੋ ਅਮਰੀਕੀ ਨਾਗਰਿਕ ਨਹੀਂ ਹਨ।

ਉਨ੍ਹਾਂ ਨੇ ਪਹਿਲਾਂ ਹੀ ਟਰੰਪ ਦੀ ਗਾਜ਼ਾ ਸਬੰਧੀ ਯੋਜਨਾ ਨੂੰ 'ਦੋ ਸਾਲਾਂ ਦੀ ਜੰਗ, ਦੁੱਖ ਅਤੇ ਤਕਲੀਫ਼ ਖ਼ਤਮ ਕਰਨ ਦਾ ਸਭ ਤੋਂ ਵਧੀਆ ਮੌਕਾ' ਦੱਸਿਆ ਸੀ।

ਮਾਰਕੋ ਰੂਬਿਓ

ਮਾਰਕੋ ਰੂਬਿਓ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਕੋ ਰੂਬਿਓ ਟਰੰਪ ਸਰਕਾਰ ਦੀ ਵਿਦੇਸ਼ ਨੀਤੀ ਵਿੱਚ ਕੇਂਦਰੀ ਭੂਮਿਕਾ ਨਿਭਾ ਰਹੇ ਹਨ

ਅਮਰੀਕਾ ਦੇ ਵਿਦੇਸ਼ ਮੰਤਰੀ ਹੋਣ ਦੇ ਨਾਤੇ ਮਾਰਕੋ ਰੂਬਿਓ ਟਰੰਪ ਸਰਕਾਰ ਦੀ ਵਿਦੇਸ਼ ਨੀਤੀ ਵਿੱਚ ਕੇਂਦਰੀ ਭੂਮਿਕਾ ਨਿਭਾ ਰਹੇ ਹਨ।

ਟਰੰਪ ਦੀ ਦੁਬਾਰਾ ਵਾਪਸੀ ਤੋਂ ਪਹਿਲਾਂ ਰੂਬੀਓ ਗਾਜ਼ਾ ਵਿੱਚ ਸੀਜ਼ਫ਼ਾਇਰ ਦੇ ਖ਼ਿਲਾਫ਼ ਬੋਲਦੇ ਰਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਇਜ਼ਰਾਇਲ 'ਹਮਾਸ ਦੇ ਹਰ ਤੱਤ ਨੂੰ ਤਬਾਹ ਕਰੇ ਜਿਹੜਾ ਉਸ ਦੇ ਹੱਥ ਲੱਗ ਸਕੇ'।

ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਕਤੂਬਰ ਵਿੱਚ ਦਸਤਖ਼ਤ ਹੋਏ ਇਜ਼ਰਾਇਲ-ਹਮਾਸ ਸੀਜ਼ਫ਼ਾਇਰ ਸਮਝੌਤੇ ਦੇ ਪਹਿਲੇ ਚਰਨ ਦੀ ਸ਼ਲਾਘਾ ਕਰਦੇ ਹੋਏ ਇਸਨੂੰ 'ਸਭ ਤੋਂ ਵਧੀਆ' ਅਤੇ 'ਇਕਲੌਤੀ' ਯੋਜਨਾ ਕਿਹਾ।

ਅਕਤੂਬਰ ਵਿੱਚ ਹੀ ਰੂਬੀਓ ਨੇ ਇਜ਼ਰਾਇਲੀ ਸੰਸਦ ਵੱਲੋਂ ਕਬਜ਼ੇ ਵਾਲੇ ਵੈਸਟ ਬੈਂਕ ਨੂੰ ਆਪਣੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਦੀ ਵੀ ਆਲੋਚਨਾ ਵੀ ਕੀਤੀ ਸੀ।

ਸਟੂਵ ਵਿਟਕੌਫ

ਵਿਟਕੌਫ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਿਟਕੌਫ ਰੂਸ ਅਤੇ ਯੂਕਰੇਨ ਵਿਚਾਲੇ ਅਮਰੀਕਾ ਦੀ ਅਗਵਾਈ ਹੇਠ ਸ਼ਾਂਤੀ ਗੱਲਬਾਤ ਵਿੱਚ ਵੀ ਕੇਂਦਰੀ ਭੂਮਿਕਾ ਨਿਭਾ ਰਹੇ ਹਨ

ਅਮਰੀਕਾ ਦੇ ਮੱਧ ਪੂਰਬ ਲਈ ਵਿਸ਼ੇਸ਼ ਦੂਤ ਸਟੀਵ ਵਿਟਕੌਫ਼ ਵੀ ਇਸ ਬੋਰਡ ਦਾ ਹਿੱਸਾ ਹੋਣਗੇ। ਉਹ ਰੀਅਲ ਅਸਟੇਟ ਕਾਰੋਬਾਰੀ ਹਨ ਅਤੇ ਟਰੰਪ ਦੇ ਗੋਲਫ਼ ਸਾਥੀ ਵੀ ਰਹੇ ਹਨ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਿਟਕੌਫ ਨੇ ਗਾਜ਼ਾ ਜੰਗ ਖ਼ਤਮ ਕਰਨ ਲਈ ਟਰੰਪ ਦੀ ਯੋਜਨਾ ਦੇ ਦੂਜੇ ਚਰਨ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਗਾਜ਼ਾ ਦਾ ਪੁਨਰ ਨਿਰਮਾਣ ਅਤੇ ਪੂਰੀ ਤਰ੍ਹਾਂ ਫੌਜ ਦੀ ਮੌਜੂਦਗੀ ਨਾ ਹੋਵੇ ਜਿਸ ਵਿੱਚ ਹਮਾਸ ਦਾ ਨਿਸ਼ਸਤਰੀਕਰਨ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਮਾਸ ਸਮਝੌਤੇ ਅਧੀਨ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੇਗਾ, ਨਹੀਂ ਤਾਂ 'ਗੰਭੀਰ ਨਤੀਜੇ' ਭੁਗਤਣੇ ਪੈ ਸਕਦੇ ਹਨ।

ਵਿਟਕੌਫ ਰੂਸ ਅਤੇ ਯੂਕਰੇਨ ਵਿਚਾਲੇ ਅਮਰੀਕਾ ਦੀ ਅਗਵਾਈ ਹੇਠ ਸ਼ਾਂਤੀ ਗੱਲਬਾਤਾਂ ਵਿੱਚ ਵੀ ਕੇਂਦਰੀ ਭੂਮਿਕਾ ਨਿਭਾ ਰਹੇ ਹਨ। ਦਸੰਬਰ ਵਿੱਚ ਉਹ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪੰਜ ਘੰਟੇ ਦੀ ਮੀਟਿੰਗ ਕਰ ਚੁੱਕੇ ਹਨ।

ਜੈਰਡ ਕੁਸ਼ਨਰ

ਜੈਰਡ ਕੁਸ਼ਨਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜੈਰਡ ਕੁਸ਼ਨਰ ਅਮਰੀਕੀ ਰਾਸ਼ਟਰਪਤੀ ਦੇ ਜਵਾਈ ਹਨ

ਅਮਰੀਕੀ ਰਾਸ਼ਟਰਪਤੀ ਦੇ ਜਵਾਈ ਜੈਰਡ ਕੁਸ਼ਨਰ ਨੇ ਵੀ ਟਰੰਪ ਸਰਕਾਰ ਦੀ ਵਿਦੇਸ਼ ਨੀਤੀ ਦੀ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਵਿਟਕੌਫ ਦੇ ਨਾਲ ਮਿਲ ਕੇ ਕੁਸ਼ਨਰ ਅਕਸਰ ਰੂਸ-ਯੂਕਰੇਨ ਅਤੇ ਇਜ਼ਰਾਇਲ-ਗਾਜ਼ਾ ਜੰਗਾਂ ਵਿੱਚ ਅਮਰੀਕੀ ਵਿਚੋਲੇ ਵਜੋਂ ਕੰਮ ਕਰਦੇ ਰਹੇ ਹਨ।

ਨਵੰਬਰ ਵਿੱਚ ਉਨ੍ਹਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਨਜਾਮਿਨ ਨੈਤਨਯਾਹੂ ਨਾਲ ਮੁਲਾਕਾਤ ਕਰਕੇ ਸ਼ਾਂਤੀ ਸਮਝੌਤੇ ਨਾਲ ਜੁੜੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਸੀ।

2024 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਹੋਏ ਇੱਕ ਸੰਬੋਧਨ ਦੌਰਾਨ ਕੁਸ਼ਨਰ ਨੇ ਕਿਹਾ ਸੀ ਕਿ "ਗਾਜ਼ਾ ਦੀ ਸਮੁੰਦਰੀ ਜਾਇਦਾਦ ਬਹੁਤ ਕੀਮਤੀ ਹੋ ਸਕਦੀ ਹੈ, ਜੇ ਲੋਕ ਰੋਜ਼ਗਾਰ ਬਣਾਉਣ 'ਤੇ ਧਿਆਨ ਦੇਣ।"

ਮਾਰਕ ਰੋਵਨ

ਰੋਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਵਨ ਨੂੰ ਟਰੰਪ ਦੇ ਦੂਜੇ ਕਾਰਜਕਾਲ ਲਈ ਅਮਰੀਕਾ ਦਾ ਖ਼ਜ਼ਾਨਾ ਮੰਤਰੀ ਬਣਾਏ ਜਾਣ ਦੇ ਦਾਅਵੇਦਾਰਾਂ ਵਿੱਚ ਵੀ ਗਿਣਿਆ ਜਾ ਰਿਹਾ ਸੀ

ਅਰਬਪਤੀ ਮਾਰਕ ਰੋਵਨ ਨਿਊਯਾਰਕ ਸਥਿਤ ਵੱਡੀ ਪ੍ਰਾਈਵੇਟ ਇਕਵਿਟੀ ਕੰਪਨੀ ਅਪੋਲੋ ਗਲੋਬਲ ਮੈਨੇਜਮੈਂਟ ਦੇ ਸੀਈਓ ਹਨ।

ਰੋਵਨ ਨੂੰ ਟਰੰਪ ਦੇ ਦੂਜੇ ਕਾਰਜਕਾਲ ਲਈ ਅਮਰੀਕਾ ਦਾ ਖ਼ਜ਼ਾਨਾ ਮੰਤਰੀ ਬਣਾਏ ਜਾਣ ਦੇ ਦਾਅਵੇਦਾਰਾਂ ਵਿੱਚ ਵੀ ਗਿਣਿਆ ਜਾ ਰਿਹਾ ਸੀ।

ਅਜੇ ਬੰਗਾ

ਅਜੇ ਬੰਗਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1959 ਵਿੱਚ ਭਾਰਤ ਵਿੱਚ ਜਨਮੇ ਬੰਗਾ 2007 ਵਿੱਚ ਅਮਰੀਕੀ ਨਾਗਰਿਕ ਬਣੇ

ਵਰਲਡ ਬੈਂਕ ਦੇ ਪ੍ਰਧਾਨ ਅਜੇ ਬੰਗਾ ਆਪਣੇ ਲੰਬੇ ਕਰੀਅਰ ਦੌਰਾਨ ਅਮਰੀਕਾ ਦੇ ਕਈ ਵੱਡੇ ਆਗੂਆਂ ਨੂੰ ਸਲਾਹ ਦੇ ਚੁੱਕੇ ਹਨ, ਜਿਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।

1959 ਵਿੱਚ ਭਾਰਤ ਵਿੱਚ ਜਨਮੇ ਬੰਗਾ 2007 ਵਿੱਚ ਅਮਰੀਕੀ ਨਾਗਰਿਕ ਬਣੇ। ਇਸ ਤੋਂ ਬਾਅਦ ਉਹ ਦਹਾਕੇ ਤੋਂ ਵੱਧ ਸਮੇਂ ਤੱਕ ਮਾਸਟਰਕਾਰਡ ਦੇ ਸੀਈਓ ਰਹੇ।

ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਉਨ੍ਹਾਂ ਨੂੰ 2023 ਵਿੱਚ ਵਰਲਡ ਬੈਂਕ ਦੀ ਅਗਵਾਈ ਲਈ ਨਾਮਜ਼ਦ ਕੀਤਾ ਸੀ।

ਰਾਬਰਟ ਗੇਬਰੀਅਲ

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਗੇਬਰੀਅਲ 'ਸਥਾਪਕ ਐਗਜ਼ਿਕਿਊਟਿਵ ਬੋਰਡ' ਦੇ ਫਾਈਨਲ ਮੈਂਬਰ ਹੋਣਗੇ।

ਗੇਬਰੀਅਲ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਤੋਂ ਬਾਅਦ ਤੋਂ ਹੀ ਟਰੰਪ ਨਾਲ ਕੰਮ ਕਰ ਰਹੇ ਹਨ। ਪੀਬੀਐੱਸ ਮੁਤਾਬਕ, ਇਸ ਤੋਂ ਕੁਝ ਸਮੇਂ ਬਾਅਦ ਉਹ ਟਰੰਪ ਦੇ ਇੱਕ ਹੋਰ ਅਹਿਮ ਸਲਾਹਕਾਰ ਸਟੀਫਨ ਮਿਲਰ ਦੇ ਖ਼ਾਸ ਸਹਾਇਕ ਬਣ ਗਏ ਸਨ।

ਨਿਕੋਲੇ ਮਲਾਦੇਨੋਵ

ਬੁਲਗਾਰੀਆਈ ਸਿਆਸਤਦਾਨ ਨਿਕੋਲੇ ਮਲਾਦੇਨੋਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੁਲਗੇਰੀਆ ਦੇ ਨੇਤਾ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਮੱਧ ਪੂਰਬ ਦੂਤ ਨਿਕੋਲੇ ਮਲਾਦੇਨੋਵ ਗਾਜ਼ਾ ਵਿੱਚ ਬੋਰਡ ਦੇ ਮੈਦਾਨੀ ਨੁਮਾਇੰਦੇ ਹੋਣਗੇ

ਵ੍ਹਾਈਟ ਹਾਊਸ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੁਲਗੇਰੀਆ ਦੇ ਨੇਤਾ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਮੱਧ ਪੂਰਬ ਦੂਤ ਨਿਕੋਲੇ ਮਲਾਦੇਨੋਵ ਗਾਜ਼ਾ ਵਿੱਚ ਬੋਰਡ ਦੇ ਮੈਦਾਨੀ ਨੁਮਾਇੰਦੇ ਹੋਣਗੇ।

ਉਹ ਗਾਜ਼ਾ ਦੀ ਜੰਗ ਤੋਂ ਬਾਅਦ ਦੇ ਦਿਨ-ਪ੍ਰਤੀਦਿਨ ਪ੍ਰਸ਼ਾਸਨ ਲਈ ਬਣਾਈ ਗਈ 15 ਮੈਂਬਰੀ ਫਲੀਸਤੀਨੀ ਤਕਨੀਕੀ ਕਮੇਟੀ 'ਨੈਸ਼ਨਲ ਕਮੇਟੀ ਫਾਰ ਦਿ ਐਡਮਿਨਿਸਟ੍ਰੇਸ਼ਨ ਆਫ ਗਾਜ਼ਾ (ਐੱਨਸੀਏਜੀ)' ਦੀ ਨਿਗਰਾਨੀ ਕਰਨਗੇ।

ਇਸ ਕਮੇਟੀ ਦੀ ਅਗਵਾਈ ਅਲੀ ਸ਼ਾਥ ਕਰਨਗੇ, ਜੋ ਫਲੀਸਤੀਨੀ ਅਥਾਰਟੀ ਦੇ ਸਾਬਕਾ ਡਿਪਟੀ ਮੰਤਰੀ ਰਹੇ ਹਨ। ਫਲੀਸਤੀਨੀ ਅਥਾਰਟੀ ਵੈਸਟ ਬੈਂਕ ਦੇ ਉਹ ਹਿੱਸੇ ਚਲਾਉਂਦੀ ਹੈ ਜੋ ਇਜ਼ਰਾਇਲੀ ਕਬਜ਼ੇ ਹੇਠ ਨਹੀਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)