ਅਜੇ ਬੰਗਾ ਕੌਣ ਹਨ, ਜੋ ਵਿਸ਼ਵ ਬੈਂਕ ਦੀ ਕਮਾਨ ਸਾਂਭਣ ਜਾ ਰਹੇ ਹਨ

ਤਸਵੀਰ ਸਰੋਤ, Getty Images
ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣ ਲਿਆ ਹੈ। ਉਹ 2 ਜੂਨ, 2023 ਨੂੰ, ਅਗਲੇ ਪੰਜ ਸਾਲਾਂ ਲਈ ਇਹ ਅਹੁਦਾ ਸੰਭਾਲਣਗੇ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਕਾਰੋਬਾਰੀ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਦੇ ਅਹੁਦੇ ਲਈ ਅਮਰੀਕਾ ਵਲੋਂ ਨਾਮਜ਼ਦ ਕੀਤਾ ਸੀ।
ਅਜੇ ਬੰਗਾ ਡੇਵਿਡ ਮਾਲਪਾਸ ਦੀ ਜਗ੍ਹਾ ਅਹੁਦਾ ਸੰਭਾਲਣਗੇ। ਉਨ੍ਹਾਂ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਮਜ਼ਦ ਕੀਤਾ ਸੀ।
ਮਾਲਪਾਸ ਜੂਨ ਤੱਕ ਇਸ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਹ ਪੰਜ ਸਾਲ ਦੇ ਆਪਣੇ ਨਿਸ਼ਚਿਤ ਕਾਰਜਕਾਲ ਤੋਂ ਇੱਕ ਸਾਲ ਪਹਿਲਾਂ ਅਸਤੀਫਾ ਦੇ ਦੇਣਗੇ।
ਕੌਣ ਹਨ ਅਜੇ ਬੰਗਾ
ਹੁਣ ਅਮਰੀਕਾ ਵਾਸੀ ਅਜੇ ਬੰਗਾ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਭਾਰਤ ਤੋਂ ਹੀ ਕੀਤੀ ਸੀ।
ਉਨ੍ਹਾਂ ਦੇ ਪਿਤਾ ਇੱਕ ਫ਼ੌਜੀ ਅਧਿਕਾਰੀ ਸਨ।
ਮਾਸਟਰ ਕਾਰਡ ਦੀ ਵੈਬਸਾਈਟ ਅਨੁਸਾਰ ਅਜੇ ਬੰਗਾ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਤੋਂ ਵੀ ਪੜ੍ਹਾਈ ਕੀਤੀ ਹੈ।
ਫੋਰਬਜ਼ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਮਿੱਤਰ ਵਿਨਾਇਕ ਚੈਟਰਜੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਅਕਸਰ ਅਜੇ ਅਤੇ ਉਨ੍ਹਾਂ ਦੇ ਭਰਾ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖਦੇ ਸਨ।
ਵੈੱਬਸਾਈਟ ਅਨੁਸਾਰ, ਅਜੇ ਨੇ ਆਪਣੇ ਕਾਲਜ ਦੀ ਹੀ ਕਰੀਬੀ ਦੋਸਤ ਨਾਲ ਵਿਆਹ ਕਰਵਾਇਆ ਸੀ।
ਉਨ੍ਹਾਂ ਨੂੰ ਲੇਡੀ ਗਾਗਾ ਦੇ ਗੀਤ ਪਸੰਦ ਹਨ ਅਤੇ ਉਹ ਸ਼ਬਦ ਕੀਰਤਨ ਸੁਣਨਾ ਵੀ ਬਹੁਤ ਪਸੰਦ ਕਰਦੇ ਹਨ।
ਫੋਰਬਜ਼ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਬੰਗਾ ਦੇ ਵੱਡੇ ਭਰਾ ਮਨਵਿੰਦਰ (ਵਿੰਦੀ) ਲੰਡਨ ਵਿੱਚ ਰਹਿੰਦੇ ਹਨ ਅਤੇ ਵੱਡੀਆਂ ਕੰਪਨੀਆਂ ਨਾਲ ਜੁੜੇ ਰਹੇ ਹਨ।
ਉਨ੍ਹਾਂ ਨੇ ਯੂਨੀਲੀਵਰ ਨਾਲ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਨੌਕਰੀ ਕੀਤੀ। ਉਹ ਯੂਨੀਲੀਵਰ ਦੇ ਫੂਡ, ਹੋਮ ਅਤੇ ਪਰਸਨਲ ਕੇਅਰ ਡਿਵੀਜ਼ਨ ਦੇ ਗਲੋਬਲ ਪ੍ਰਧਾਨ ਸਨ।
ਫਿਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ 55 ਸਾਲ ਦੀ ਉਮਰ ਵਿੱਚ ਉਹ ਆਪਣੇ ਭਰਾ ਅਜੇ ਨਾਲ ਹੀ ਇੱਕ ਓਪਰੇਟਿੰਗ ਪਾਰਟਨਰ ਵਜੋਂ ਪ੍ਰਾਈਵੇਟ ਇਕੁਇਟੀ ਫਰਮ ਵਿੱਚ ਸ਼ਾਮਲ ਹੋ ਗਏ।
ਬੰਗਾ ਕੋਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜਰਬਾ

ਤਸਵੀਰ ਸਰੋਤ, Getty Images
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਬਾਇਡਨ ਨੇ ਕਿਹਾ ਸੀ ਕਿ ਅਜੇ ਬੰਗਾ ਕੋਲ ਗਲੋਬਲ ਕੰਪਨੀਆਂ ਬਣਾਉਣ ਅਤੇ ਚਲਾਉਣ ਦਾ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਬੰਗਾ ਕੋਲ ਜੋ ਤਜਰਬਾ ਹੈ, ਉਹ ਵਾਤਾਵਰਨ ਤਬਦੀਲੀ ਨਾਲ ਜੁੜੇ ਮਾਮਲਿਆਂ 'ਤੇ ਨਿੱਜੀ ਖੇਤਰ ਨਾਲ ਕੰਮ ਕਰਨ ਲਈ ਬੈਂਕ ਦੀ ਮਦਦ ਕਰ ਸਕਦਾ ਹੈ।
ਅਮਰੀਕਾ ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਰਵਾਇਤੀ ਤੌਰ 'ਤੇ, ਉਹ ਵਿਸ਼ਵ ਬੈਂਕ ਦਾ ਮੁਖੀ ਚੁਣਦਾ ਰਿਹਾ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਬੰਗਾ ਕੋਲ ਨਿੱਜੀ ਖੇਤਰ ਦੀ ਮਦਦ ਨਾਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜਰਬਾ ਹੈ।
ਦਿੱਗਜ ਕੰਪਨੀਆਂ ਨਾਲ ਕੀਤਾ ਕੰਮ

ਤਸਵੀਰ ਸਰੋਤ, Getty Images
ਬੰਗਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕ੍ਰੈਡਿਟ ਕਾਰਡ ਦੀ ਵੱਡੀ ਕੰਪਨੀ ਮਾਸਟਰਕਾਰਡ ਦੀ ਅਗਵਾਈ ਕੀਤੀ ਅਤੇ ਹੁਣ ਉਹ ਪ੍ਰਾਈਵੇਟ ਇਕੁਇਟੀ ਵਿੱਚ ਕੰਮ ਕਰਦੇ ਹਨ।
ਅਜੇ ਬੰਗਾ ਸਾਲ 2009 ਵਿੱਚ ਪ੍ਰੈਸੀਡੈਂਟ ਵਜੋਂ ਲਗਭਗ 24,000 ਕਰਮਚਾਰੀਆਂ ਵਾਲੀ ਇਸ ਗਲੋਬਲ ਸੰਸਥਾ ਮਾਸਟਰ ਕਾਰਡ ਨਾਲ ਜੁੜੇ ਸਨ। ਸਾਲ 2010 ਵਿੱਚ ਉਹ ਮਾਸਟਰ ਕਾਰਡ ਦੇ ਸੀਈਓ ਬਣੇ ਸਨ।
ਇਸ ਤੋਂ ਪਹਿਲਾਂ ਬੰਗਾ ਸਿਟੀਗਰੁੱਪ ਦੇ ਏਸ਼ੀਆ ਪੈਸੀਫਿਕ ਖੇਤਰ ਦੇ ਸੀਈਓ ਰਹੇ ਸਨ। ਬੰਗਾ ਨੇ ਸਾਲ 1996 ਵਿੱਚ ਸਿਟੀ ਗਰੁੱਪ ਨੂੰ ਜੁਆਈਨ ਕੀਤਾ ਸੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ 13 ਸਾਲ ਨੈਸਲੇ ਕੰਪਨੀ ਵਿੱਚ ਕੰਮ ਕੀਤਾ ਸੀ।
ਬੰਗਾ 2021 ਵਿੱਚ ਫ਼ਰਮ ਤੋਂ ਸੇਵਾਮੁਕਤ ਹੋਏ ਅਤੇ ਹੁਣ ਜਨਰਲ ਐਟਲਾਂਟਿਕ ਵਿੱਚ ਇੱਕ ਪ੍ਰਾਈਵੇਟ ਇਕੁਇਟੀ ਫ਼ਰਮ ਵਿੱਚ ਉਪ ਚੇਅਰਮੈਨ ਵਜੋਂ ਕੰਮ ਕਰ ਕਰ ਰਹੇ ਹਨ।
ਇਕੁਇਟੀ ਫ਼ਰਮ ਵਿੱਚ ਕੰਮ ਕਰਦਿਆਂ ਉਹ ਇਸ ਦੇ ਜਲਵਾਯੂ ਬਦਲਾਅ ਲਈ ਰੱਖੇ ਗਏ 350 ਕਰੋੜ ਡਾਲਰ ਦੇ ਫੰਡ ਦੇ ਸਲਹਾਕਾਰ ਵੀ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ-ਚੇਅਰਮੈਨ ਵਜੋਂ ਵ੍ਹਾਈਟ ਹਾਊਸ ਨਾਲ ਵੀ ਕੰਮ ਕੀਤਾ ਹੈ।
ਇੱਕ ਪਹਿਲਕਦਮੀ, ਜਿਸ ਦਾ ਉਦੇਸ਼ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਅਮਰੀਕਾ ਵਿੱਚ ਪਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।
ਵਿਸ਼ਵ ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਉਹ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਆਨਰੇਰੀ ਚੇਅਰਮੈਨ ਰਹੇ ਹਨ, ਉਨ੍ਹਾਂ ਨੇ 2020-2022 ਤੱਕ ਚੇਅਰਮੈਨ ਵਜੋਂ ਸੇਵਾ ਨਿਭਾਈ।
ਉਹ 2021 ਵਿੱਚ ਜਨਰਲ ਅਟਲਾਂਟਿਕ ਦੇ ਜਲਵਾਯੂ-ਕੇਂਦ੍ਰਿਤ ਫੰਡ, BeyondNetZero ਦੇ ਸਲਾਹਕਾਰ ਬਣੇ ਸਨ।
ਅਜੇ ਬੰਗਾ ਸਾਈਬਰ ਰੈਡੀਨੇਸ ਇੰਸਟੀਚਿਊਟ ਦੇ ਸਹਿ-ਸੰਸਥਾਪਕ ਹਨ ਅਤੇ ਨਿਊਯਾਰਕ ਦੇ ਇਕੋਨਾਮਿਕ ਕਲੱਬ ਦੇ ਵਾਈਸ ਚੇਅਰਮੈਨ ਵੀ ਰਹੇ ਹਨ।
ਐਵਾਰਡ ਅਤੇ ਸਨਮਾਨ

ਤਸਵੀਰ ਸਰੋਤ, Getty Images
ਵਿਸ਼ਵ ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਨੂੰ ਸਾਲ 2012 ਵਿੱਚ ਫੌਰਨ ਪੌਲਿਸੀ ਐਸੋਸੀਏਸ਼ਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
2016 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਇਸ ਤੋਂ ਇਲਾਵਾ, ਉਨ੍ਹਾਂ ਨੂੰ ਐਲਿਸ ਆਈਲੈਂਡ ਮੈਡਲ ਆਫ਼ ਆਨਰ, 2019 ਵਿੱਚ ਬਿਜ਼ਨਸ ਕੌਂਸਲ ਫਾਰ ਇੰਟਰਨੈਸ਼ਨਲ ਅੰਡਰਸਟੈਂਡਿੰਗ ਦੇ ਗਲੋਬਲ ਲੀਡਰਸ਼ਿਪ ਐਵਾਰਡ ਅਤੇ 2021 ਵਿੱਚ ਫ੍ਰੈਂਡਜ਼ ਆਫ਼ ਸਿੰਗਾਪੁਰ ਪਬਲਿਕ ਸਰਵਿਸ ਸਟਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਬੰਗਾ ਸਾਹਮਣੇ ਚੁਣੌਤੀਆਂ
ਪਰ ਦੇਖਣਾ ਇਹ ਹੈ ਕਿ ਉਹ ਕਿਹੋ-ਜਿਹੇ ਪ੍ਰਧਾਨ ਸਾਬਤ ਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਸਰਕਾਰ ਅਤੇ ਵਿਕਾਸ ਕਾਰਜਾਂ ਲਈ ਕੰਮ ਕਰਨ ਦਾ ਤਜਰਬਾ ਘੱਟ ਹੈ।
ਵਿਸ਼ਵ ਬੈਂਕ ਦਾ ਮੁੱਖ ਕੰਮ ਵਿਕਾਸ ਪ੍ਰੋਜੈਕਟ ਅਤੇ ਇਸ ਨਾਲ ਸਬੰਧਤ ਕੰਮਾਂ ਨੂੰ ਉਤਸ਼ਾਹਿਤ ਕਰਨਾ ਹੈ।
ਨਵੇਂ ਮੁਖੀ ਦੇ ਸਾਹਮਣੇ ਵਾਧੂ ਵਿੱਤੀ ਸਰੋਤਾਂ ਤੋਂ ਬਿਨਾਂ ਜਲਵਾਯੂ ਤਬਦੀਲੀ, ਅੰਤਰਰਾਸ਼ਟਰੀ ਸੰਘਰਸ਼ ਅਤੇ ਮਹਾਂਮਾਰੀ ਦੇ ਜੋਖਮਾਂ ਨਾਲ ਨਜਿੱਠਣ ਦੀ ਚੁਣੌਤੀ ਹੋਵੇਗੀ।
ਪਿਛਲੇ ਸਾਲ, ਵ੍ਹਾਈਟ ਹਾਊਸ ਨੇ ਉਸ ਵੇਲੇ ਜਨਤਕ ਤੌਰ 'ਤੇ ਉਨ੍ਹਾਂ ਨੂੰ ਝਾੜ ਪਾਈ ਸੀ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜੈਵਿਕ ਇੰਧਨ ਨਾਲ ਜਲਵਾਯੂ ਤਬਦੀਲੀ ਤੇਜ਼ੀ ਨਾਲ ਹੁੰਦੀ ਹੈ। ਹਾਲਾਂਕਿ, ਬਾਅਦ 'ਚ ਉਨ੍ਹਾਂ ਨੇ ਇਸ ਲਈ ਮੁਆਫੀ ਮੰਗ ਲਈ ਸੀ।

ਤਸਵੀਰ ਸਰੋਤ, Getty Images
ਚੁਣੌਤੀ ਭਰਿਆ ਅਹੁਦਾ
ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਦੇ ਕਾਰਜਕਾਰੀ ਉਪ ਪ੍ਰਧਾਨ, ਅਮਾਂਡਾ ਗਲਾਸਮੈਨ ਦਾ ਕਹਿਣਾ ਹੈ ਕਿ ਬੰਗਾ ਬੈਂਕ ਵਿੱਚ ਅਮਰੀਕੀ ਕਾਂਗਰਸ ਸਮੇਤ ਰਿਪਬਲਿਕਨ ਮੈਂਬਰਾਂ ਵਿੱਚ ਵਿਸ਼ਵਾਸ ਬਣਵਾਉਣ ਦਾ ਕੰਮ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਤੇ ਰਿਪਬਲਿਕਨ ਮੈਂਬਰ ਕੌਮਾਂਤਰੀ ਸੰਸਥਾਵਾਂ ਦੀ ਅਲੋਚਨਾ ਕਰਦੇ ਆਏ ਹਨ।
ਪਰ ਉਨ੍ਹਾਂ ਨੇ ਕਿਹਾ ਕਿ ਇਹ ਵੇਖਣਾ ਬਾਕੀ ਹੈ ਕਿ, ਕੀ ਉਹ ਸਹੀ ਚੋਣ ਸਾਬਿਤ ਹੋਵੇਗੀ ਕਿਉਂਕਿ ਬੰਗਾ ਨੂੰ ਸਰਕਾਰ ਅਤੇ ਵਿਕਾਸ ਕਾਰਜਾਂ ਦਾ ਤਜਰਬਾ ਘੱਟ ਹੈ। ਉਨ੍ਹਾਂ ਦੇ ਜ਼ਿੰਦਗੀ ਦਾ ਬਹੁਤਾ ਸਮਾਂ ਨੌਕਰੀ ਦੇ ਲੇਖੇ ਹੀ ਲਗਾਇਆ ਹੈ।
ਅਮਾਂਡਾ ਗਲਾਸਮੈਨ ਕਹਿੰਦੇ ਹਨ,"ਅਸੀਂ ਬੈਂਕ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸੁਣਨ ਦੀ ਉਡੀਕ ਕਰ ਰਹੇ ਹਾਂ।"
ਬੈਂਕ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਘੱਟ ਆਮਦਨੀ ਵਾਲੇ ਦੇਸ਼ਾਂ ਦੀਆਂ ਫ਼ੌਰੀ ਵਿੱਤੀ ਲੋੜਾਂ ਦੀ ਸੰਤੁਲਿਤ ਤਰੀਕੇ ਨਾਲ ਮਦਦ ਕਰਨਾ ਹੈ।
ਇਨ੍ਹਾਂ ਦੇਸ਼ਾਂ ਵਿੱਚੋਂ ਬਹੁਤੇ ਮੁਲਕ ਕਰਜ਼ੇ ਦੇ ਚਲਦਿਆਂ ਸੰਕਟ ਵਿੱਚ ਹਨ।














