ਅਮਰੀਕਾ ਨੇ ਈਰਾਨ 'ਤੇ ਹਮਲਾ ਕਿਉਂ ਕੀਤਾ? ਕੀ ਯੂਐਸ ਜੰਗ 'ਤੇ ਹੈ? ਦੋਵੇਂ ਦੇਸਾਂ 'ਚ ਵਿਵਾਦ ਨੂੰ ਸਮਝੋ

ਤਸਵੀਰ ਸਰੋਤ, Getty Images
ਈਰਾਨੀਆਂ ਨੂੰ ਆਪਣੇ ਧਾਰਮਿਕ ਸ਼ਾਸਕਾਂ ਦਾ ਤਖ਼ਤਾ ਪਲਟਨ ਦੀ ਤਾਕੀਦ ਕਰਦਿਆਂ ਯੂਐਸ ਨੇ ਇਜ਼ਰਾਈਲ ਨਾਲ ਮਿਲ ਕੇ ਸ਼ਨੀਵਾਰ ਸਵੇਰੇ ਈਰਾਨ ਖ਼ਿਲਾਫ਼ 'ਵੱਡੇ ਜੰਗੀ ਅਭਿਆਨ' ਦੀ ਸ਼ੁਰੂਆਤ ਕਰ ਦਿੱਤੀ।
ਯੂਐਸ ਇਸ ਆਪ੍ਰੇਸ਼ਨ ਨੂੰ 'ਐਪਿਕ ਫਿਓਰੀ' ਕਹਿ ਰਿਹਾ ਹੈ, ਜਦਕਿ ਇਜ਼ਰਾਈਲੀ ਇਸ ਨੂੰ 'ਸ਼ੇਰ ਦੀ ਦਹਾੜ' ਦੱਸ ਰਹੇ ਹਨ।
ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਦੇ ਸਭ ਤੋਂ ਵੱਡੇ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਮਾਰੇ ਜਾ ਚੁੱਕੇ ਹਨ।
ਇਹ ਸਭ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੂਐਸ-ਈਰਾਨ ਵਿਚਕਾਰ ਬਿਨਾਂ ਕਿਸੇ ਸਮਝੌਤੇ ਤੋਂ ਖਤਮ ਹੋਈ ਗੱਲਬਾਤ ਦੇ ਦੋ ਦਿਨ ਬਾਅਦ ਹੋਇਆ ਹੈ।
ਈਰਾਨ ਦੇ ਵਿਦੇਸ਼ ਮੰਤਰੀ ਨੇ ਯੂਐਸ ਅਤੇ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਨੂੰ "ਬਿਨਾਂ ਭੜਕਾਹਟ ਦੇ, ਗੈਰ-ਕਾਨੂੰਨੀ ਹਮਲੇ" ਕਰਾਰ ਦਿੱਤਾ ਹੈ ਅਤੇ ਈਰਾਨ ਨੇ ਪੂਰੇ ਮੱਧ-ਪੂਰਬ ਵਿੱਚ ਜਵਾਬੀ ਹਮਲੇ ਸ਼ੁਰੂ ਕੀਤੇ ਹਨ।
ਹੁਣ ਤੱਕ ਅਸੀਂ ਇਸ ਮਾਮਲੇ ਬਾਰੇ ਕੀ ਕੁਝ ਜਾਣਦੇ ਹਾਂ
ਯੂਐਸ ਨੇ ਈਰਾਨ 'ਤੇ ਹਮਲਾ ਕਿਉਂ ਕੀਤਾ?

ਤਸਵੀਰ ਸਰੋਤ, Getty Images
ਸ਼ਨੀਵਾਰ ਨੂੰ ਈਰਾਨ ਦੀ ਰਾਜਧਾਨੀ ਵਿੱਚ ਧਮਾਕਿਆਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਟਰੰਪ ਨੇ ਸ਼ੋਸ਼ਲ ਮੀਡੀਆ 'ਤੇ 'ਯੂਐਸ ਨੂੰ ਨਿਸ਼ਾਨਾ ਬਣਾ ਕੇ ਖ਼ੂਨ-ਖ਼ਰਾਬਾ ਅਤੇ ਸਮੂਹਿਕ ਕਤਲੇਆਮ ਦੀ ਨਾ-ਮੁੱਕਣ ਵਾਲੀ ਮੁਹਿੰਮ' ਵਿੱਢਣ ਦੀ ਇਲਜ਼ਾਮ ਤਰਾਸ਼ੀ ਤਹਿਰਾਨ ਖ਼ਿਲਾਫ਼ ਕੀਤੀ।
ਟਰੰਪ ਨੇ ਦਲੀਲ ਦਿੱਤੀ ਕਿ ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਤਿਆਗਣ ਦਾ ਹਰ ਮੌਕਾ ਰੱਦ ਕਰ ਦਿੱਤਾ ਹੈ।
ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਲੰਬੀ ਪਹੁੰਚ ਵਾਲੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਸੀ ਜੋ ਕਿ ਯੂਰਪ ਅਤੇ ਵਿਦੇਸ਼ਾਂ ਵਿੱਚ ਅਮਰੀਕੀ ਫ਼ੌਜੀਆਂ ਲਈ ਖ਼ਤਰਾ ਬਣ ਸਕਦੀਆਂ ਹਨ, ਇੱਥੋਂ ਤੱਕ ਕਿ ਅਮਰੀਕੀ ਸਰਜ਼ਮੀਨ ਤੱਕ ਵੀ ਪਹੁੰਚ ਸਕਦੀਆਂ ਹਨ।
ਉਨ੍ਹਾਂ ਨੇ ਤਹਿਰਾਨ ਵਿੱਚ ਯੂਐਸ ਦੇ ਦੂਤਾਵਾਸ 'ਤੇ 1979 'ਚ ਹੋਏ ਹਿੰਸਕ ਕਬਜ਼ੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਦੌਰਾਨ ਦਰਜਨਾਂ ਅਮਰੀਕੀਆਂ ਨੂੰ 444 ਦਿਨਾਂ ਲਈ ਬੰਧਕ ਬਣਾਇਆ ਗਿਆ ਸੀ।
ਟਰੰਪ ਨੇ 1983 ਵਿੱਚ ਈਰਾਨ ਦੇ ਪ੍ਰੋਕਸੀਆਂ ਵੱਲੋਂ ਬੇਰੂਤ ਵਿੱਚ ਯੂਐਸ ਮਰੀਨ ਬੈਰਕਾਂ 'ਤੇ ਕੀਤੀ ਬੰਬਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੌਰਾਨ 241 ਲੋਕ ਮਾਰੇ ਗਏ ਸਨ।
ਅਮਰੀਕਾ ਦੇ ਰਾਸ਼ਟਰਪਤੀ ਨੇ ਜਨਵਰੀ ਵਿੱਚ ਵੀ ਦਖਲ ਦੇਣ ਦਾ ਅਹਿਦ ਲਿਆ ਸੀ ਜਦੋਂ ਈਰਾਨ ਦੇ ਸੁਰੱਖਿਆ ਬਲਾਂ ਨੇ ਆਰਥਿਕ ਸੰਕਟ ਦੌਰਾਨ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲ ਦਿੱਤਾ ਸੀ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਯੂਐਸ ਨੇ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ 'ਤੇ ਬੰਬ ਸੁੱਟੇ ਸੀ। ਟਰੰਪ ਨੇ ਕਿਹਾ ਕਿ ਯੂਐਸ ਦੇ ਆਪ੍ਰੇਸ਼ਨ 'ਮਿਡ-ਨਾਈਟ ਹੈਮਰ' ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬਰਬਾਦ ਕਰ ਦਿੱਤਾ ਸੀ।
ਪਿਛਲੀਆਂ ਗਰਮੀਆਂ ਵਿੱਚ ਯੂਐਸ ਦੇ ਹਮਲਿਆਂ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨ ਤੱਕ ਚੱਲੇ ਟਕਰਾਅ ਦੌਰਾਨ ਜੰਗਬੰਦੀ ਦਾ ਰਾਹ ਪੱਧਰਾ ਕੀਤਾ ਸੀ।
ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ, ਫ਼ੌਜੀ ਅਤੇ ਬੁਨਿਆਦੀ ਢਾਂਚੇ ਵਾਲੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਸਨ। ਤਹਿਰਾਨ ਨੇ ਸੈਂਕੜੇ ਰਾਕੇਟ ਅਤੇ ਡਰੋਨ ਦਾਗ਼ ਕੇ ਇਜ਼ਰਾਈਲ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਸੀ।
ਈਰਾਨ ਦੇ ਸੁਪਰੀਮ ਲੀਡਰ ਦੀ ਮੌਤ

ਤਸਵੀਰ ਸਰੋਤ, Truth Social @realDonaldTrump
ਡੋਨਲਡ ਟਰੰਪ ਨੇ ਸ਼ੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਮਰ ਚੁੱਕੇ ਹਨ। ਟਰੰਪ ਨੇ ਖਾਮੇਨੇਈ ਨੂੰ 'ਇਤਿਹਾਸ ਵਿੱਚ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ' ਕਰਾਰ ਦਿੱਤਾ।
ਬਾਅਦ ਵਿੱਚ ਈਰਾਨ ਦੇ ਸਟੇਟ ਟੀਵੀ ਨੇ 86 ਸਾਲਾ ਖਾਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ ਜੋ ਕਿ 1989 ਤੋਂ ਸੱਤਾ ਵਿੱਚ ਸਨ। ਖਾਮੇਨੇਈ ਦੀ ਮੌਤ ਬਾਅਦ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ।
ਇੱਕ ਇੰਟੈਲੀਜੈਂਸ ਸੂਤਰ ਅਤੇ ਇੱਕ ਮਿਲਟਰੀ ਸੂਤਰ ਨੇ ਬੀਬੀਸੀ ਦੇ ਯੂਐਸ ਵਿੱਚ ਸਾਥੀ ਸੀਬੀਐਸ ਨੂੰ ਦੱਸਿਆ ਕਿ ਹਮਲਿਆਂ ਵਿੱਚ ਤਕਰੀਬਨ 40 ਈਰਾਨੀ ਅਫਸਰ ਵੀ ਮਾਰੇ ਗਏ ਸਨ।
ਬੀਬੀਸੀ ਵੈਰੀਫਾਈ ਦੀ ਟੀਮ ਨੇ ਸੈਟੇਲਾਈਟ ਤੋਂ ਲਈਆਂ ਗਈਆਂ ਤਹਿਰਾਨ ਦੀਆਂ ਤਸਵੀਰਾਂ ਹਾਸਿਲ ਕੀਤੀਆਂ ਜੋ ਕਿ ਈਰਾਨ ਦੀ ਰਾਜਧਾਨੀ ਸਥਿਤ ਖਾਮੇਨੇਈ ਦੇ ਦਫ਼ਤਰ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀਆਂ ਹਨ।
ਕੀ ਯੂਐਸ ਜੰਗ 'ਤੇ ਹੈ ?
ਆਪਣੇ ਵੀਡੀਓ ਸੰਦੇਸ਼ ਵਿੱਚ ਟਰੰਪ ਨੇ ਈਰਾਨ 'ਤੇ ਕੀਤੇ ਗਏ ਅਮਰੀਕੀ-ਇਜ਼ਰਾਈਲੀ ਹਮਲਿਆਂ ਨੂੰ 'ਵੱਡੀ ਜੰਗੀ ਕਾਰਵਾਈ' ਕਿਹਾ ਹੈ।
ਅਮਰੀਕੀ ਸੰਵਿਧਾਨ ਦੇ ਆਰਟੀਕਲ 1 ਮੁਤਾਬਕ, ਰਸਮੀ ਤੌਰ 'ਤੇ ਜੰਗ ਦਾ ਐਲਾਨ ਕਰਨ ਦੀ ਤਾਕਤ ਕਾਂਗਰਸ ਕੋਲ ਹੈ, ਪਰ ਹਾਲੇ ਤੱਕ ਕਾਂਗਰਸ ਨੇ ਅਜਿਹਾ ਰਸਮੀ ਐਲਾਨ ਨਹੀਂ ਕੀਤਾ ਹੈ।
ਹਾਲਾਂਕਿ ਸੰਵਿਧਾਨ, ਰਾਸ਼ਟਰਪਤੀ ਨੂੰ ਮਿਲਟਰੀ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਦਿੰਦਾ ਹੈ।
ਇਹੀ ਵਿਸ਼ਾ ਵਾਸ਼ਿੰਗਟਨ ਵਿੱਚ ਹਾਲ ਹੀ ਵਿੱਚ ਕਾਫ਼ੀ ਬਹਿਸ ਦਾ ਕਾਰਨ ਰਿਹਾ ਹੈ। ਈਰਾਨ 'ਤੇ ਯੂਐਸ-ਇਜ਼ਰਾਈਲ ਹਮਲੇ ਬਾਰੇ ਕੈਪੀਟਲ ਹਿੱਲ 'ਤੇ ਪ੍ਰਤੀਕਿਰਿਆਵਾਂ ਪਾਰਟੀ ਲਾਈਨਾਂ ਮੁਤਾਬਕ ਨਜ਼ਰ ਆਈਆਂ ਹਨ। ਕਾਂਗਰਸ ਦੇ ਦੋਹਾਂ ਚੈਂਬਰਾਂ 'ਤੇ ਕਾਬਜ਼ ਰਿਪਬਲੀਕਨ ਜ਼ਿਆਦਾਤਾਰ ਇਸ ਹਮਲੇ ਦੇ ਹੱਕ ਵਿੱਚ ਸਨ।
ਲੰਬੇ ਸਮੇਂ ਤੋਂ ਈਰਾਨ 'ਤੇ ਅਮਰੀਕੀ ਹਮਲੇ ਦੀ ਮੰਗ ਕਰ ਰਹੇ ਦੱਖਣੀ ਕੈਰੋਲੀਨਾ ਸੈਨੇਟਰ ਲਿੰਡਸੇ ਗ੍ਰਾਹਮ ਨੇ ਐਕਸ 'ਤੇ ਲਿਖਿਆ, "ਇਹ ਕਾਰਵਾਈ ਜ਼ਰੂਰੀ ਹੈ ਅਤੇ ਜਾਇਜ਼ ਹੈ।"
ਰਿਪਬਲਿਕਨ ਲੀਡਰ ਅਤੇ ਹਾਊਸ ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਹਮਲਿਆਂ ਤੋਂ ਪਹਿਲਾਂ 'ਗੈਂਗ ਆਫ ਏਟ (8)'ਕਾਂਗਰਸ ਲੀਡਰਾਂ ਦੇ ਦੋ-ਪੱਖੀ ਸਮੂਹ ਨੂੰ ਸੂਚਿਤ ਕੀਤਾ ਸੀ।
ਡੈਮੋਕਰੇਟਿਕ ਲੀਡਰਾਂ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਟਰੰਪ 'ਤੇ ਕਾਂਗਰਸ ਦੀ ਸਹਿਮਤੀ ਲਏ ਬਿਨਾਂ ਜੰਗ ਸ਼ੁਰੂ ਕਰਨ ਦਾ ਇਲਜ਼ਾਮ ਲਗਾਇਆ ਹੈ।
ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਸੰਕਟ ਨੂੰ 'ਟਰੰਪ ਦੀ ਗੈਰ-ਕਾਨੂੰਨੀ ਜੰਗ' ਕਿਹਾ।
ਡੈਮੋਕਰੇਟਿਕ ਲੀਡਰਾਂ ਨੇ ਕਾਂਗਰਸ ਨੂੰ ਜੰਗੀ ਸ਼ਕਤੀਆਂ ਬਾਰੇ ਮਤੇ 'ਤੇ ਬਿੱਲ ਦੀ ਤਰ੍ਹਾਂ ਵਿਚਾਰ ਕਰਨ ਦੀ ਮੁੜ ਮੰਗ ਕੀਤੀ ਜੋ ਕਿ ਪਿਛਲੇ ਸਾਲ ਰਿਪਬਲਿਕਨ ਲੀਡਰਾਂ ਦਾ ਸਮਰਥਨ ਨਾ ਮਿਲ ਸਕਣ ਕਾਰਨ ਫੇਲ੍ਹ ਹੋ ਗਿਆ ਸੀ।
ਜੇ ਜੰਗੀ ਸ਼ਕਤੀਆਂ ਬਾਰੇ ਇੱਕ ਹੋਰ ਮਤਾ ਲਿਆਂਦਾ ਜਾਂਦਾ ਹੈ ਅਤੇ ਪਾਸ ਕੀਤਾ ਜਾਂਦਾ ਹੈ ਤਾਂ ਇਸ ਨਾਲ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਰਾਸ਼ਟਰਪਤੀ ਵੱਲੋਂ ਫ਼ੌਜੀ ਸ਼ਕਤੀਆਂ ਦੇ ਇਸਤੇਮਾਲ 'ਤੇ ਰੋਕ ਲੱਗ ਸਕਦੀ ਹੈ।
ਪਰ ਇਹ ਬਿੱਲ ਪਾਸ ਹੋਣ ਦੀਆਂ ਸੰਭਾਵਨਾਵਾਂ ਫ਼ਿਲਹਾਲ ਬਹੁਤ ਘੱਟ ਹਨ।
ਕਾਂਗਰਸ ਮੈਨ ਥੋਮਸ ਮੈਸੀ ਅਤੇ ਸੈਨੇਟਰ ਰੈਂਡ ਪੌਲ ਤੋਂ ਇਲਾਵਾ ਕੁਝ ਰਿਪਬਲਿਕਨ ਆਗੂਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਅਜਿਹੇ ਤਰੀਕੇ ਦਾ ਸਮਰਥਨ ਕਰਨਗੇ।
ਕੀ ਅਮਰੀਕੀ ਫੌਜਾਂ ਜ਼ਮੀਨ 'ਤੇ ਪੈਰ ਧਰਨਗੀਆਂ?

ਤਸਵੀਰ ਸਰੋਤ, Getty Images
ਪੂਰੇ ਮੱਧ ਪੂਰਬ ਵਿੱਚ ਯੂਐਸ ਦੇ ਤਕਰੀਬਨ 13 ਫ਼ੌਜੀ ਟਿਕਾਣੇ ਹਨ ਜਿੱਥੇ ਆਮ ਤੌਰ 'ਤੇ 30-40 ਹਜ਼ਾਰ ਫ਼ੌਜੀ ਤੈਨਾਤ ਹੁੰਦੇ ਹਨ।
ਪਰ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਅਮਰੀਕੀ ਲੜਾਕੂ ਫ਼ੌਜੀ, ਈਰਾਨ ਵਿੱਚ ਜ਼ਮੀਨ 'ਤੇ ਤੈਨਾਤ ਕੀਤੇ ਜਾਣਗੇ।
ਅਮਰੀਕੀ ਫੌਜ, ਕਈ ਹਫ਼ਤਿਆਂ ਤੋਂ ਮੱਧ ਪੂਰਬ ਵਿੱਚ ਆਪਣੀ ਮੌਜੂਦਗੀ ਕਾਇਮ ਕਰਨ ਵਿੱਚ ਜੁਟੀ ਹੋਈ ਹੈ ਅਤੇ ਇਸ ਖੇਤਰ ਵਿੱਚ ਇਨ੍ਹਾਂ ਕੋਲ ਯੂਐਸਐਸ ਗੈਰਾਲਡ ਆਰ ਫੋਰਡ ਅਤੇ ਯੂਐਸਐਸ ਅਬ੍ਰਾਹਮ ਲਿੰਕਨ ਨਾਮੀ ਦੋ ਏਅਰਕ੍ਰਾਫਟ ਕੈਰੀਅਰ ਹਨ।
ਬੀਬੀਸੀ ਵੈਰੀਫਾਈ ਨੇ ਮੱਧ ਪੂਰਬ ਵਿੱਚ 12 ਅਮਰੀਕੀ ਬੇੜਿਆਂ ਅਤੇ ਵੱਡੀ ਗਿਣਤੀ ਵਿੱਚ ਯੂਐਸ ਏਅਰਕਰਾਫਟ ਟ੍ਰੈਕ ਕੀਤੇ ਜਿਨ੍ਹਾਂ ਵਿੱਚ ਐਫ-35, ਐਫ-22 ਲੜਾਕੂ ਜੈੱਟ, ਰਿਫਿਊਲਿੰਗ ਟੈਂਕਰ ਅਤੇ ਨਿਗਰਾਨੀ ਰੱਖਣ ਵਾਲੇ ਜਹਾਜ਼ ਸ਼ਾਮਲ ਸਨ। ਪਰ ਫ਼ਿਲਹਾਲ ਅਮਰੀਕੀ ਫ਼ੌਜੀ ਕਾਰਵਾਈ ਹਵਾਈ ਹਮਲਿਆਂ ਤੱਕ ਹੀ ਹੈ।
ਕੀ ਈਰਾਨ ਕੋਲ ਯੂਐਸ 'ਤੇ ਹਮਲੇ ਦੀ ਸਮਰੱਥਾ ਹੈ?
ਬੀਬੀਸੀ ਦੇ ਕੌਮਾਂਤਰੀ ਸੰਪਾਦਕ ਜੈਰੇਮੀ ਬੋਵੇਨ ਕਹਿੰਦੇ ਹਨ ਕਿ ਈਰਾਨੀ ਸ਼ਾਸਨ ਨੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪ੍ਰਮਾਣੂ ਹਥਿਆਰ ਚਾਹੁੰਦੇ ਹਨ। ਪਰ ਯੂਰੇਨੀਅਮ ਦੇ ਭੰਡਾਰਨ 'ਚ ਇਸ ਕਦਰ ਵਾਧਾ ਕੀਤਾ ਹੈ ਜਿਸਦੀ ਪ੍ਰਮਾਣੂ ਸ਼ਕਤੀ ਪ੍ਰੋਗਰਾਮ 'ਚ ਨਾਗਰਿਕ ਇਸਤੇਮਾਲ ਲਈ ਕੋਈ ਲੋੜ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਇਜ਼ਰਾਈਲ ਅਤੇ ਅਮਰੀਕਾ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਕਿ ਈਰਾਨ ਬੰਬ ਬਣਾਉਣ ਵਾਲਾ ਸੀ।
ਅਮਰੀਕੀ ਸਰਜ਼ਮੀਨ 'ਤੇ ਕਿਸੇ ਵੀ ਹਮਲੇ ਦੀ ਜਨਤਕ ਰਿਪੋਰਟ ਨਹੀਂ ਹੈ, ਪਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਈ ਅਲਰਟ 'ਤੇ ਹਨ।
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਐਮਰਜੈਂਸੀ ਪ੍ਰਬੰਧਨ ਅਫਸਰ ਸੰਵੇਦਨਸ਼ੀਲ ਥਾਂਵਾਂ 'ਤੇ ਸਾਵਧਾਨੀ ਵਜੋਂ ਕਦਮ ਚੁੱਕ ਰਹੇ ਸਨ।
ਪੱਛਮੀ ਤੱਟ 'ਤੇ, ਲਾਸ ਏਂਜਲਸ ਦੇ ਮੇਅਰ ਕੈਰਨ ਬੈਸ ਨੇ ਕਿਹਾ ਕਿ ਪੁਲਿਸ ਨੇ ਗਸ਼ਤ ਵਧਾਈ ਹੈ, 'ਹਾਲਾਂਕਿ ਇਸ ਵੇਲੇ ਕੋਈ ਵੱਡਾ ਪੁਖਤਾ ਖਤਰਾ ਨਹੀਂ ਹੈ।'
ਕਿੰਨੇ ਲੋਕਾਂ ਦੀ ਜਾਨ ਗਈ ਹੈ?

ਤਸਵੀਰ ਸਰੋਤ, Getty Images
ਟਰੰਪ ਨੇ ਕਿਹਾ ਕਿ 'ਅਮਰੀਕਾ ਦੇ ਕਈ ਜਾਂਬਾਜ਼ਾਂ ਦੀਆਂ ਜਾਨਾਂ ਗਈਆਂ ਹੋ ਸਕਦੀਆਂ ਹਨ', ਹਾਲਾਂਕਿ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਫ਼ਿਲਹਾਲ ਇਸ ਲੜਾਈ ਵਿੱਚ ਜਾਨਾਂ ਜਾਨ ਦੀਆਂ ਰਿਪੋਰਟਾਂ ਨਹੀਂ ਮਿਲੀਆਂ ਹਨ।
ਰੈੱਡ ਕ੍ਰੈਸੈਂਟ ਮੁਤਾਬਕ, ਪੂਰੇ ਈਰਾਨ ਵਿੱਚ ਸ਼ਨੀਵਾਰ ਨੂੰ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 700 ਤੋਂ ਵੱਧ ਜ਼ਖਮੀ ਹੋਏ ਹਨ।
ਮੁੱਢਲੀ-ਸਹਾਇਤਾ ਸੰਸਥਾ ਨੇ ਕਿਹਾ ਕਿ ਈਰਾਨ ਦੇ 31 ਵਿੱਚੋਂ 24 ਸੂਬੇ ਪ੍ਰਭਾਵਿਤ ਹੋਏ ਹਨ। ਇੱਕ ਸਥਾਨਕ ਵਕੀਲ ਮੁਤਾਬਕ, ਦੱਖਣੀ ਈਰਾਨ ਵਿੱਚ ਸਕੂਲ ਵਿੱਚ ਹੋਏ ਧਮਾਕੇ ਵਿੱਚ ਘੱਟ ਤੋਂ ਘੱਟ 108 ਲੋਕਾਂ ਦੀ ਜਾਨ ਗਈ ਹੈ।
ਇਜ਼ਰਾਈਲ ਦੇ ਅਖਬਾਰ ਹਾਰੇਟਜ਼ ਨੇ ਰਿਪੋਰਟ ਕੀਤਾ ਹੈ ਕਿ ਕੇਂਦਰੀ ਤੇਲਅਵੀਵ ਵਿੱਚ ਕਈ ਇਮਾਰਤਾਂ 'ਤੇ ਈਰਾਨੀ ਮਿਜ਼ਾਈਲਾਂ ਦੇ ਹਮਲੇ ਵਿੱਚ ਘੱਟੋ-ਘੱਟ ਇੱਕ ਸ਼ਖਸ ਦੀ ਮੌਤ ਅਤੇ 20 ਜ਼ਖਮੀ ਹੋਏ।
ਜਵਾਬੀ ਹਮਲਿਆਂ ਵਿੱਚ ਈਰਾਨ ਨੇ ਵੀ ਯੂਏਈ ਦੇ ਬਹਿਰੀਨ, ਕੁਵੈਤ, ਕਤਰ 'ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਇਹ ਸਾਰੀਆਂ ਥਾਵਾਂ ਯੂਐਸ ਮਿਲਟਰੀ ਦੀ ਮੌਜੂਦਗੀ ਵਾਲੀਆਂ ਹਨ।
ਯੂਏਈ ਦੇ ਸਰਕਾਰੀ ਮੀਡੀਆ ਮੁਤਾਬਕ ਆਬੂ ਧਾਬੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਬੰਬਾਰੀ ਹਫਤੇ ਭਰ ਤੱਕ ਜਾਰੀ ਰਹੇਗੀ, ਇਸ ਲਈ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।
ਇਜ਼ਰਾਈਲ ਅਤੇ ਈਰਾਨ ਵਿਚਕਾਰ ਵਿਵਾਦ ਹੈ ਕੀ ?

ਤਸਵੀਰ ਸਰੋਤ, Getty Images
ਦਰਅਸਲ, ਇਜ਼ਰਾਈਲ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਈਰਾਨ ਨੇ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੀ ਆਪਣੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ।
ਇਜ਼ਰਾਈਲ, ਆਪਣੀ ਹੋਂਦ ਲਈ ਵੀ ਈਰਾਨ ਨੂੰ ਖ਼ਤਰੇ ਵਜੋਂ ਦੇਖਦਾ ਹੈ। ਇਸ ਪਿੱਛੇ ਇਜ਼ਰਾਈਲ ਦਾ ਤਰਕ ਇਹ ਹੈ ਕਿ ਜੇਕਰ ਈਰਾਨ ਪ੍ਰਮਾਣੂ ਹਥਿਆਰ ਵਿਕਸਿਤ ਕਰਦਾ ਹੈ, ਤਾਂ ਉਹ ਉਨ੍ਹਾਂ ਦੀ ਵਰਤੋਂ ਕਰੇਗਾ ਕਿਉਂਕਿ ਉਸ ਨੇ ਪਹਿਲਾਂ ਵੀ ਇਜ਼ਰਾਈਲ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਸੀ।
ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਕੋਈ ਹੱਲ ਨਾ ਹੋਣ ਕਾਰਨ ਇਜ਼ਰਾਈਲ ਕੋਲ ਈਰਾਨ 'ਤੇ ਹਮਲਾ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
































