ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਹੋਈ ਮੌਤ, ਦੇਸ਼ ਵਿੱਚ 40 ਦਿਨ ਤੱਕ ਰਹੇਗਾ ਸੋਗ

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ (ਫਾਈਲ ਫੋਟੋ)
ਪੜ੍ਹਨ ਦਾ ਸਮਾਂ: 4 ਮਿੰਟ

ਈਰਾਨ ਦੇ ਸਰਕਾਰੀ ਟੀਵੀ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਖਾਮਨੇਈ ਦੀ ਮੌਤ ਦਾ ਐਲਾਨ ਕਰਦੇ ਹੋਏ ਸਰਕਾਰੀ ਟੀਵੀ ਪ੍ਰੀਜ਼ੈਂਟਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੇਸ਼ ਵਿੱਚ 40 ਦਿਨਾਂ ਦਾ ਸੋਗ ਰਹੇਗਾ।

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।

ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਈ ਸ਼ਹਿਰਾਂ 'ਤੇ ਹਮਲੇ ਕੀਤੇ ਸਨ ਅਤੇ ਐਤਵਾਰ ਤੜਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੁੱਥ ਸੋਸ਼ਲ 'ਤੇ ਖਾਮੇਨਈ ਦੀ ਮੌਤ ਨੂੰ ਲੈ ਕੇ ਦਾਅਵਾ ਕੀਤਾ ਸੀ।

ਟਰੰਪ ਨੇ ਟਰੁੱਥ ਸੋਸ਼ਲ 'ਤੇ ਲਿਖਿਆ ਹੈ, "ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਖਾਮੇਨਈ ਹੁਣ ਮਰ ਚੁੱਕੇ ਹਨ।"

ਹਾਲਾਂਕਿ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਪਹਿਲਾਂ ਕਿਹਾ ਸੀ ਕਿ ਜਾਣਕਾਰ ਸਰੋਤਾਂ ਨੇ ਦੱਸਿਆ ਹੈ ਕਿ ਅਲੀ ਖਾਮੇਨਈ ਦੀ ਮੌਤ ਦੀ ਖ਼ਬਰ ਝੂਠੀ ਹੈ ਅਤੇ ਇਹ ਅਮਰੀਕੀ ਮਨੋਵਿਗਿਆਨਿਕ ਜੰਗ ਦਾ ਨਤੀਜਾ ਹੈ। ਪਰ ਹੁਣ ਈਰਾਨ ਦੇ ਸਰਕਾਰੀ ਟੀਵੀ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਰੇਵੋਲਿਊਸ਼ਨਰੀ ਗਾਰਡਜ਼ ਦੀ ਕਰੀਬੀ ਮੰਨੀ ਜਾਣ ਵਾਲੀ ਫਾਰਸ ਨਿਊਜ਼ ਏਜੰਸੀ ਨੇ ਪਹਿਲਾਂ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਲਿਖਿਆ ਸੀ, "ਟਰੰਪ ਦਾ ਝੂਠੀਆਂ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਤਰ੍ਹਾਂ ਦੇ ਵਿਵਹਾਰ ਦੇ ਪਿਛਲੇ ਉਦਾਹਰਣਾਂ ਵਿੱਚੋਂ ਇੱਕ ਮਸ਼ਹਦ ਸ਼ਹਿਰ ਦੇ ਪਤਨ ਬਾਰੇ ਉਹਨਾਂ ਦਾ ਦਾਅਵਾ ਹੈ, ਜੋ ਕੁਝ ਸਮੇਂ ਬਾਅਦ ਬੇਬੁਨਿਆਦ ਸਾਬਤ ਹੋਇਆ ਅਤੇ ਸਿਰਫ਼ ਮੀਡੀਆ ਦਾ ਸਨਸਨੀਖੇਜ਼ ਪ੍ਰਚਾਰ ਸੀ।"

ਟਰੰਪ ਨੇ ਹੋਰ ਕੀ ਕਿਹਾ?

ਡੌਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਕਿਹਾ ਕਿ 'ਉਹ ਸਾਡੀਆਂ ਖੁਫ਼ੀਆ ਅਤੇ ਅਤਿਆਧੁਨਿਕ ਟ੍ਰੈਕਿੰਗ ਪ੍ਰਣਾਲੀਆਂ ਤੋਂ ਬਚ ਨਹੀਂ ਸਕੇ'

ਡੌਨਲਡ ਟਰੰਪ ਨੇ ਟਰੁੱਥ ਸੋਸ਼ਲ ਪਲੇਟਫ਼ਾਰਮ 'ਤੇ ਲਿਖਿਆ, "ਖਾਮੇਨਈ, ਜੋ ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਸਨ, ਹੁਣ ਮਰ ਚੁੱਕੇ ਹਨ। ਇਹ ਸਿਰਫ਼ ਈਰਾਨ ਦੇ ਲੋਕਾਂ ਲਈ ਹੀ ਨਿਆਂ ਨਹੀਂ ਹੈ, ਸਗੋਂ ਉਨ੍ਹਾਂ ਮਹਾਨ ਅਮਰੀਕੀਆਂ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਉਨ੍ਹਾਂ ਲੋਕਾਂ ਲਈ ਵੀ ਨਿਆਂ ਹੈ, ਜਿਨ੍ਹਾਂ ਨੂੰ ਖਾਮੇਨਈ ਅਤੇ ਉਨ੍ਹਾਂ ਦੇ ਖੂਨੀ ਗਿਰੋਹ ਨੇ ਮਾਰ ਦਿੱਤਾ ਜਾਂ ਜ਼ਖ਼ਮੀ ਕਰ ਦਿੱਤਾ।"

"ਉਹ ਸਾਡੀਆਂ ਖੁਫ਼ੀਆ ਅਤੇ ਅਤਿਆਧੁਨਿਕ ਟ੍ਰੈਕਿੰਗ ਪ੍ਰਣਾਲੀਆਂ ਤੋਂ ਬਚ ਨਹੀਂ ਸਕੇ, ਅਤੇ ਇਜ਼ਰਾਈਲ ਦੇ ਨਾਲ ਮਿਲ ਕੇ ਕੀਤੇ ਗਏ ਅਭਿਆਨ ਵਿੱਚ, ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਨਾਲ ਮਾਰੇ ਗਏ ਹੋਰ ਆਗੂ ਕੁਝ ਕਰ ਸਕੇ।"

"ਇਹ ਇਰਾਨ ਦੇ ਲੋਕਾਂ ਲਈ ਆਪਣੇ ਦੇਸ਼ ਨੂੰ ਵਾਪਸ ਲੈਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੌਕਾ ਹੈ। ਸਾਨੂੰ ਸੁਣਨ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਦੇ ਕਈ ਆਈਆਰਜੀਸੀ, ਫੌਜੀ ਅਧਿਕਾਰੀ ਅਤੇ ਹੋਰ ਸੁਰੱਖਿਆ ਅਤੇ ਪੁਲਿਸ ਬਲ ਹੁਣ ਲੜਨਾ ਨਹੀਂ ਚਾਹੁੰਦੇ ਅਤੇ ਸਾਡੇ ਕੋਲੋਂ ਸੁਰੱਖਿਆ (ਇਮਿਊਨਿਟੀ) ਮੰਗ ਰਹੇ ਹਨ। ਜਿਵੇਂ ਕਿ ਮੈਂ ਕੱਲ੍ਹ ਰਾਤ ਕਿਹਾ ਸੀ - 'ਅਜੇ ਉਹ ਸੁਰੱਖਿਆ ਪ੍ਰਾਪਤ ਕਰ ਸਕਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਿਰਫ਼ ਮੌਤ ਮਿਲੇਗੀ'।"

"ਉਮੀਦ ਹੈ ਕਿ ਆਈਆਰਜੀਸੀ ਤੇ ਪੁਲਿਸ ਸ਼ਾਂਤੀਪੂਰਨ ਈਰਾਨ ਦੇ ਦੇਸ਼ ਭਗਤਾਂ ਨਾਲ ਮਿਲ ਜਾਣਗੇ ਅਤੇ ਇੱਕ ਇਕਾਈ ਵਾਂਗ ਦੇਸ਼ ਨੂੰ ਉਸ ਮਹਾਨਤਾ ਤੱਕ ਵਾਪਿਸ ਲੈ ਜਾਣਗੇ, ਜਿਸਦੇ ਉਹ ਲਾਇਕ ਹਨ। ਇਹ ਪ੍ਰਤੀਕਿਰਿਆ ਛੇਤੀ ਹੀ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਸਿਰਫ਼ ਖਾਮਨੇਈ ਦੀ ਮੌਤ ਹੀ ਨਹੀਂ, ਸਗੋਂ ਦੇਸ਼ ਇੱਕ ਹੀ ਦਿਨ ਵਿੱਚ ਬਹੁਤ ਹੱਦ ਤੱਕ ਬਰਬਾਦ ਇੱਥੋਂ ਤੱਕ ਕਿ ਲਗਭਗ ਮਿਟ ਚੁੱਕਿਆ ਹੈ।"

"ਹਾਲਾਂਕਿ, ਭਾਰੀ ਅਤੇ ਸਟੀਕ ਬੰਬਾਰੀ ਪੂਰੇ ਹਫ਼ਤੇ ਜਾਂ ਜਿੰਨਾ ਸਮਾਂ ਜ਼ਰੂਰੀ ਹੋਵੇ, ਬਿਨਾਂ ਰੁਕੇ ਜਾਰੀ ਰਹੇਗੀ, ਤਾਂ ਜੋ ਅਸੀਂ ਪੂਰੇ ਮੱਧ ਪੂਰਬ ਵਿੱਚ ਅਤੇ ਅਸਲ ਵਿੱਚ ਦੁਨੀਆ ਵਿੱਚ ਸ਼ਾਂਤੀ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕੀਏ।"

ਦੂਜੇ ਪਾਸੇ, ਖਾਮੇਨਈ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਈਰਾਨ ਦੇ ਕਰਾਜ ਸ਼ਹਿਰ ਵਿੱਚ ਕਥਿਤ ਤੌਰ 'ਤੇ ਜਸ਼ਨ ਮਨਾਏ ਜਾਂਦੇ ਦੇਖਿਆ ਗਿਆ।

ਇੱਕ ਸੋਸ਼ਲ ਮੀਡੀਆ ਵੀਡੀਓ, ਜਿਸ ਨੂੰ ਐਕਸ 'ਤੇ ਸਾਂਝਾ ਕੀਤਾ ਗਿਆ ਅਤੇ ਉਸ ਨੂੰ ਬੀਬੀਸੀ ਫ਼ਾਰਸੀ ਨੇ ਵੈਰੀਫਾਈ ਵੀ ਕੀਤਾ ਹੈ, ਉਸ ਵਿੱਚ ਕੁਝ ਈਰਾਨੀਆਂ ਨੂੰ ਕਰਾਜ ਵਿੱਚ ਖਾਮੇਨਈ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਸ਼ਨ ਮਨਾਉਂਦੇ ਦੇਖਿਆ ਗਿਆ ਹੈ। ਹਾਲਾਂਕਿ ਇਹ ਸਭ ਟਰੰਪ ਦੇ ਐਕਸ 'ਤੇ ਪੋਸਟ ਕਰਨ ਤੋਂ ਪਹਿਲਾਂ ਹੋਇਆ ਸੀ।

ਖਮੇਨਈ ਦੀ ਧੀ, ਜਵਾਈ ਅਤੇ ਪੋਤੇ ਦੇ ਮਾਰੇ ਜਾਣ ਦੀ ਰਿਪੋਰਟ

ਈਰਾਨ ਦੇ ਕਈ ਸ਼ਹਿਰਾਂ 'ਤੇ ਹਮਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਈ ਸ਼ਹਿਰਾਂ 'ਤੇ ਹਮਲੇ ਕੀਤੇ

ਬੀਬੀਸੀ ਫਾਰਸੀ ਸੇਵਾ ਦੇ ਪੱਤਰਕਾਰ ਘੋਂਚੇਹ ਹਬੀਬੀਯਾਜ਼ਾਦ ਦੀ ਰਿਪੋਰਟ ਮੁਤਾਬਕ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨਈ ਦੀ ਧੀ, ਜਵਾਈ ਅਤੇ ਦੋਹਤੇ ਹਮਲਿਆਂ ਵਿੱਚ ਮਾਰੇ ਗਏ ਹਨ।

ਏਜੰਸੀ ਨੇ ਇਹ ਵੀ ਰਿਪੋਰਟ ਦਿੱਤੀ ਕਿ "ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਖਾਮੇਨਈ ਦੀ ਇੱਕ ਨੂੰਹ ਦੀ ਵੀ ਮੌਤ ਹੋ ਗਈ ਹੈ।"

ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਨ੍ਹਾਂ ਦੀ ਨੂੰਹ ਅਤੇ ਜਵਾਈ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)